ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 11)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਚੀਨਸ ਗੁਰ
ਬੀਚਾਰਾ
ਗੁਰੂ ਨੂੰ ਕੁੱਝ ਹੱਦ ਤੱਕ ਪੂਜਿਆ ਤਾਂ ਗਿਆ ਹੈ ਮੰਨਿਆਂ ਨਹੀ ਗਿਆ। ਪੂਜਾ,
ਪਾਠ ਪਠਨ, ਤੋਤਾ ਰਟਨ, ਗਿਣਤੀਆਂ ਮਿਣਤੀਆਂ ਮੰਤਰ ਜਾਪ ਤਰਜ ਤੇ ਹੋ ਰਹੇ ਹਨ। ਪਰ ਗੁਰੂ ਜੀ ਕਹਿੰਦੇ
ਹਨ ਜਿਨ੍ਹਾ ਸੁਣ ਕੇ ਮੰਨਿਆਂ ਕਮਾਇਆ ਹੈ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਗੁਰੂ ਦੇ ਬਚਨ
ਨੂੰ ਹਿਰਦੇ ਵਿੱਚ ਵਸਾ ਮੰਨ ਕਮਾ ਕੇ ਜੀਵਨ ਸਫਲ ਬਣਾਉਣਾ ਜਿੰਦਗੀ ਦਾ ਮਨੋਰਥ ਹੈ। ਦਿਖਾਵੇ ਦੀਆਂ
ਮਾਲਾ ਦਾ ਕੀ ਮਤਲਵ? ਕੇਵਲ ਪ੍ਰਦਰਸ਼ਨੀ। ਦੇਖਣ ਵਿੱਚ ਆਇਆ ਹੈ ਬਿਨਾ ਸੋਚੇ ਸਮਝੇ ਇੱਕ ਨਾਸਤਕ ਕਹਿ
ਰਿਹਾ, ਰੱਬ ਨਹੀਂ ਹੈ। ਬਿਨਾ ਸੋਚੇ ਸਮਝੇ ਇੱਕ ਆਸਤਕ ਕਹਿ ਰਿਹਾ ਰੱਬ ਹੈ। ਬਿਨਾ ਸਮਝੇ ਨਹੀਂ ਕਹਿਣਾ
ਵੀ ਅਗਿਆਨ, ਹਾਂ ਕਹਿਣਾ ਵੀ ਅਗਿਆਨ ਹੈ। ਬਿਨਾ ਵਿਚਾਰੇ ਸੋਚੇ ਸਮਝੇ ਤੋਂ ਆਸਤਕ ਅਤੇ ਨਾਸਤਕ ਦੀ
ਮਨੋਦਿਸ਼ਾਂ ਇੱਕ ਹੈ। ਦੋਵੇਂ ਮਨ ਦੇ ਤਲ ਦੇ ਰੋਗੀ ਹਨ। ਮਨ ਦੇ ਤਲ ਤੇ ਰੋਗੀ ਆਸਤਕ ਭਾਂਵੇ ਰੋਜ਼
ਗੁਰਦਵਾਰੇ ਵੀ ਆਉਦਾ ਹੈ ਰੋਗੀ ਹੈ। ਗੁਰੂ ਨੇ ਸਾਨੂੰ ਗਿਆਨ ਦੇ ਮੰਨਣ ਵਾਲੇ ਬਣਾਇਆ ਹੈ ਇਸ ਵਕਤ
ਰਾਜਨੀਤੀ ਵਿੱਚ ਵੀ ਇਤਨਾ ਅਗਿਆਨ ਨਹੀ ਹੈ, ਜਿੰਨਾ ਧਰਮ ਵਿਚ, ਧਾਰਮਿਕ ਦੁਨੀਆਂ ਵਿਚ। ਸਾਰਾ ਅਗਿਆਨ
ਅੰਧ ਵਿਸ਼ਵਾਸ਼ ਵਹਿਮ ਭਰਮ ਇਹਨਾਂ ਸੰਤਾਂ ਨੇ ਫੈਲਾਏ ਹੋਏ ਹਨ। ਰਾਜਨੀਤਕ ਦਾ ਸਭ ਕੁੱਝ ਬਾਹਰ ਹੈ, ਲੋਕ
ਬਾਹਰ, ਵੋਟ ਬਾਹਰ, ਨੋਟ ਬਾਹਰ ਬਹੁਤਿਆਂ ਨੇ ਸਮਝ ਲਿਆ ਹੈ ਰੱਬ ਵੀ ਬਾਹਰ ਹੈ ਤਾਹੀਉ ਅਗਿਆਨ ਦਾ
ਹੜ੍ਹ ਆਇਆ ਪਿਆ ਹੈ। ਤਨ ਦੇ ਅੰਦਰ ਹੱਡੀਆਂ ਮਾਸ, ਲਹੂ ਮਿੱਝ ਹੈ ਮਨ ਦੇ ਅੰਦਰ ਚਿੰਤਾ, ਸੋਗ,
ਭਟਕਣਾਂ, ਆਸਾ ਤ੍ਰਿਸ਼ਨਾ, ਦੁਵੈਤ ਆਦਿ ਹਨ। ਜਿਨ੍ਹਾ ਨੇ ਗੁਰਬਾਣੀ ਗੁਰੂ ਪਾਸੋ ਮਨ ਨੂੰ ਮਾਰਨ ਦੀ
ਸਿੱਖਿਆ ਲਈ ਹੈ ਉਹ ਖੁਸ਼ੀ ਹਨ ਸੁਖੀ ਹਨ।
“ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ”॥
ਅੰਦਰ ਹੀ ਪ੍ਰਮਾਤਮਾ ਹੈ ਬਾਣੀ ਰਾਹ” ਪਹਿਚਾਨ ਸਕਦੇ ਹਾਂ।
“ਬਾਹਰ ਢੂੰਡਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ”॥
ਸੱਚ ਅੰਦਰ ਵੱਸ ਜਾਣਾ ਹੀ ਪ੍ਰਮਾਤਮਾ ਅੰਦਰ ਵੱਸਣਾ ਹੈ। ਸੱਚ ਦੇ ਦਰਸ਼ਨ ਹੀ ਪ੍ਰਮਾਤਮਾ ਦੇ ਦਰਸ਼ਨ
ਹਨ। ਸਤਿ ਸਰੂਪ ਪ੍ਰਮਾਤਮਾ ਹੈ। ਇਥੇ ਇੱਕ ਘਟਨਾ ਦਾ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ।
ਕਹਿੰਦੇ ਇੱਕ ਵਾਰੀ ਇੱਕ ਥਾਂ ਤੇ ਇੱਕ ਪੰਡਤ ਲੋਕਾਂ ਦੀ ਭੀੜ ਇਕੱਠੀ ਕਰਕੇ
ਤਿੰਨਾ ਲੋਕਾਂ ਦੀ ਸੋਝੀ ਹੋਣ ਦਾ ਢੌਂਗ ਰਚੀ ਬੈਠਾ ਸੀ ਅਚਾਨਕ ਗੁਰੂ ਨਾਨਕ ਸਾਹਿਬ ਉਥੇ ਚਲੇ ਗਏ
ਜਦੋਂ ਪੰਡਤ ਨੇ ਅੱਖਾਂ ਮੀਟੀਆਂ ਤਾਂ ਮਹਾਰਾਜ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਇਸਦਾ ਮਾਇਆ ਵਾਲਾ
ਲੋਟਾਂ ਚੁੱਕ ਕੇ ਇਸਦੇ ਪਿਛੇ ਰੱਖਦੇ ਜਦੋਂ ਪੰਡਤ ਨੇ ਅੱਖਾਂ ਖੋਹਲੀਆਂ ਤਾਂ ਮਾਇਆ ਵਾਲਾ ਲੋਟਾ ਗੁੰਮ
ਦੇਖ ਕੇ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਹਿੰਦਾ ਮੇਰਾ ਲੋਟਾ ਕਿਥੇ ਗਿਆ? ਸਤਿਗੁਰ ਕਹਿੰਦੇ ਹੁਣੇ
ਤਿੰਨਾਂ ਲੋਕਾਂ ਦੀ ਸੋਝੀ ਦੀਆਂ ਗੱਲਾਂ ਕਰ ਰਿਹਾ ਸੀ, ਪਿਛੇ ਪਿਆ ਲੋਟਾ ਵੀ ਨਹੀਂ ਦਿੱਸਦਾ ਸੋ ਅਸਲੀ
ਨੇ ਨਕਲੀ ਦੀ ਪਹਿਚਾਨ ਕਰ ਲਈ ਸੀ। ਸੋ ਬਹੁਤ ਪਖੰਡ ਧਰਮ ਦੇ ਨਾਂ ਤੇ ਚੱਲ ਰਿਹਾ ਹੈ। ਧਰਮ ਦੇ ਨਾਂ
ਬਹੁਤ ਝੂਠ ਚੱਲ ਰਿਹਾ ਹੈ। ਗੁਰੂ ਦੇ ਸ਼ਬਦ ਨੂੰ ਚੀਨ ਕੇ ਵਿਚਾਰ ਸਮਝ ਮੰਨ ਕੇ ਅਸਲ ਨਕਲ ਦਾ ਪਤਾ
ਲਾਇਆ ਜਾ ਸਕਦਾ ਹੈ।
ਅੰਮ੍ਰਿਤ ਛਕੋ ਗੁਰੂ ਵਾਲੇ ਬਣੋ!
ਪ੍ਰਚਾਰਕਾਂ, ਕੀਰਤਨੀਆਂ, ਕਥਾਵਾਚਕਾਂ, ਸੰਤ ਬ੍ਰਹਮਗਿਆਨੀ ਸਭ ਸਟੇਜਾਂ ਤੇ
ਕਹਿ ਰਹੇ ਹਨ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਕੀ ਕੋਈ ਕੇਵਲ ਅੰਮ੍ਰਿਤ ਛਕਣ ਨਾਲ ਹੀ ਗੁਰੂ ਵਾਲਾ
ਬਣ ਜਾਂਦਾ ਹੈ, ਫਿਰ ਤਾਂ ਕੇਵਲ ਅੰਮ੍ਰਿਤ ਛਕਣ ਦੀ ਲੋੜ ਹੈ। ਕੀ ਕੋਈ ਅੰਮ੍ਰਿਤ ਛਕੇ ਵਾਲਾ ਗੁਰਬਾਣੀ
ਪੜ੍ਹਨ ਤੋਂ ਬਿਨਾਂ ਵੀ ਗੁਰੂ ਵਾਲਾ ਹੀ ਹੈ? ਕੀ ਅੰਮ੍ਰਿਤ ਛਕ ਕੇ ਸ਼ਰਾਬ ਪੀਣ ਵਾਲਾ ਵੀ ਗੁਰੂ ਵਾਲਾ
ਹੀ ਹੈ? ਕੀ ਅੰਮ੍ਰਿਤ ਛਕਣ ਤੋ ਬਾਅਦ ਕੋਈ ਵੀ ਰਹਿਤ ਨਾ ਰੱਖਣ ਵਾਲਾ ਵੀ ਗੁਰੂ ਵਾਲਾ ਹੀ ਹੈ? ਕੀ
ਅੰਮ੍ਰਿਤ ਛਕਕੇ ਝੂਠ ਬੋਲਣ ਵਾਲਾ, ਬੇਈਮਾਨੀ ਕਰਨ ਵਾਲਾ, ਅਫੀਮਾਂ, ਭੰਗ, ਗੋਲੀਆਂ ਖਾਣ ਵਾਲਾ ਵੀ
ਗੁਰੂ ਵਾਲਾ ਹੈ? ਕੀ ਅੰਮ੍ਰਿਤ ਛਕ ਕੇ ਧੋਖੇ, ਛਲ ਕਪਟ ਕੁਰਪਸ਼ਨ ਕਰਨ ਵਾਲਾ ਵੀ ਗੁਰੂ ਵਾਲਾ ਹੀ ਹੈ?
ਕੀ ਦੇਹਧਾਰੀ ਗੁਰੂਆਂ ਤੇ ਦੇਹਧਾਰੀ ਸੰਤ ਡੰਮੀਆਂ ਨੂੰ ਮੱਥੇ ਟੇਕਣ ਵਾਲਾ ਵੀ ਗੁਰੂ ਵਾਲਾ ਹੈ? ਕੀ
ਅੰਮ੍ਰਿਤ ਛਕ ਕੇ ਕਬਰਾਂ ਤੇ ਤੇਲ ਪਾਉਣ ਵਾਲਾ ਵੀ ਗੁਰੂ ਵਾਲਾ ਹੈ? ਕੀ ਅੰਮ੍ਰਿਤ ਛਕ ਕੇ ਜਾਤ ਪਾਤ,
ਵਹਿਮ ਭਰਮ, ਜਾਦੂ ਟੂਣੇ, ਭੂਤ ਪ੍ਰੇਤ ਵਿੱਚ ਵਿਸ਼ਵਾਸ਼ ਕਰਨ ਵਾਲਾ ਵੀ ਗੁਰੂ ਵਾਲਾ ਹੈ। ਇਹ ਸਾਧ ਸੰਤ
ਡੇਰੇਦਾਰ ਜੋ ਕਿ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਰਹੇ ਹਨ।
ਕੀ ਇਹ ਆਪ ਗੁਰੂ ਵਾਲੇ ਹਨ? ਨਹੀ! ਇਹ ਆਪ ਹੀ ਗੁਰੂ ਬਣੇ ਬੈਠੇ ਹਨ ਅਤੇ
ਕੁੱਝ ਇੱਕ ਗੁਰੂ ਬਣਨ ਦੀਆਂ ਤਿਆਰੀਆਂ ਵਿੱਚ ਹਨ ਕੰਮ ਇਹਨਾਂ ਦੇ ਸਾਰੇ ਦੇਹਧਾਰੀ ਗੁਰੂਆਂ ਵਾਲੇ ਹੀ
ਹਨ, ਇਹ ਵਾਸਤਾ ਗੁਰੂ ਦਾ ਪਾ ਕੇ ਆਪਣੇ ਗੁਰੂ ਡੰਮ, ਸੰਤ ਡੰਮ ਚਲਾ ਰਹੇ ਹਨ, ਸੰਗਤ ਭੁਲੇਖਾ ਖਾ ਗਈ
ਹੈ। ਕੇਵਲ ਦਾਖਲਾ ਲੈਣ ਨਾਲ ਹੀ ਕੋਈ
B. A.
ਪਾਸ ਨਹੀ ਕਰ ਜਾਂਦਾ ਉਹਨੂੰ ਕਠਨ ਪੜਾਈ ਕਰਨੀ ਪੈਂਦੀ ਹੈ। ਦੇਖੋ ਇਹ ਪੜਾਈ ਇਸ ਤਰ੍ਹਾਂ ਹੈ।
“ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵਿਚਾਰੁ॥”
ਅਰਥ-ਤੱਤ ਸੱਚ ਵਿਚਾਰ ਇਹ ਹੈ ਕਿ ਗੁਰੂ ਦੇ ਬਚਨ ਸਮਝਣੇ, ਮੰਨਣੇ ਕਮਾਉਣੇ। ਕੀ ਇਹਨਾਂ ਸੰਤਾਂ ਨੇ
ਗੁਰੂ ਦਾ ਕੋਈ ਬਚਨ ਮੰਨਿਆਂ? ਇਹ ਗੁਰੂ ਵਾਲੇ ਕਿਵੇਂ ਬਣ ਗਏ? ਇਹਨਾਂ ਨੇ ਗੁਰਮਤਿ ਦਾ ਆਸ਼ਾ ਪਾਸੇ
ਕਰਕੇ ਮਨਮੱਤ ਆਸ਼ੇ ਨੂੰ ਪ੍ਰਚਾਰ ਕੇ ਆਪਣੀ ਪ੍ਰਭਤਾ ਵਧਾਈ।
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤ ਸੰਸਾਰ॥
ਡਿਠੈ ਮੁਕਤਿ ਨਾ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥
ਅਰਥ-ਅੱਖਾਂ ਨਾਲ ਜਿਨ੍ਹੇ ਮਰਜੀ ਦਰਸ਼ਨ ਕਰੀ ਜਾਉ ਉਹ ਤਾਂ ਸਾਰੇ ਹੀ ਕਰੀ
ਜਾਂਦੇ ਹਨ, ਕੇਵਲ ਵੇਖਣ ਨਾਲ ਕੁੱਝ ਨਹੀ ਹੋਵੇਗਾ ਜਿੰਨਾ ਚਿਰ ਗੁਰੂ ਦੀ ਬਾਣੀ (ਸ਼ਬਦ) ਦੀ ਵੀਚਾਰ
ਨਹੀ ਕਰਦਾ, ਸਮਝਦਾ ਨਹੀ, ਮੰਨਦਾ ਨਹੀ। ਇਹਨਾਂ ਸਾਧਾਂ ਸੰਤਾਂ ਨੇ ਗੁਰੂ ਦੇ ਸਿਧਾਂਤਾਂ ਨੂੰ ਆਪਣੇ
ਸਵਾਰਥ ਵਾਸਤੇ ਭੰਨਿਆ ਤੋੜਿਆ ਹੈ। ਕੀ ਇਹ ਸਾਧ ਸੰਤ ਗੁਰੂ ਵਾਲੇ ਬਣ ਗਏ ਹਨ?
ਗੁਰੂ ਸਿਖੁ, ਸਿਖੁ ਗੁਰੂ ਹੈ ਏਕੋ, ਗੁਰ ਉਪਦੇਸ਼ ਚਲਾਏ॥
ਹਰਿ ਕਾ ਸੇਵਕੁ ਸੋ ਹਰਿ ਜੇਹਾ॥
ਇਹ ਪੰਗਤੀਆਂ ਇਹਨਾਂ ਸਾਧਾਂ ਨੇ ਸਟੇਜਾਂ ਤੇ ਕਦੇ ਨਹੀ ਸੁਣਾਈਆਂ ਇਹ ਗੁਰੂ ਦੇ ਸਿੱਖ ਕਿਉਂ ਨਹੀ
ਬਣੇ?
ਇਹ ਗੁਰੂ ਦੇ ਸੇਵਕ ਕਿਉਂ ਨਹੀ ਬਣੇ?
ਜਨ ਨਾਨਕ ਕੇ ਗੁਰ ਸਿਖ ਪੁਤਹਹੁ, ਹਰਿ ਜਪਿਅਹੁ ਹਰਿ ਨਿਸਤਾਰਿਆ॥
ਇਹ ਸੰਤ ਸਾਧ ਕਿਉਂ ਨਹੀ ਬਣੇ ਸਿੱਖ ਪੁਤ? ਇਹ ਕਿਉਂ ਨਹੀ ਬਣੇ ਗੁਰਸਿਖ ਪੁੱਤ ਇਹ ਸੰਤ ਪੁੱਤ
ਕਿਉਂ ਬਣੇ? ਇਹ ਬ੍ਰਹਮਗਿਆਨੀ ਪੁੱਤ ਕਿਉਂ ਬਣੇ? ਕੀ ਇਹ ਤੁਕਾਂ ਗੁਰਬਾਣੀ ਵਿਚੋਂ ਨਹੀ ਹਨ?
ਸਤਿਗੁਰ ਵੰਸੀ ਪਰਮ ਹੰਸੁ, ਗੁਰੁ ਸਿਖ ਹੰਸ ਵੰਸੁ ਨਿਬਹੰਦਾ।
ਪਿਆ ਦਾਦੇ ਦੇ ਗਹਿ ਚਲੰਦਾ
(ਭਾ: ਗੁਰਦਾਸ ਜੀ)
ਸਾਧ ਸੰਗਤਿ ਮਿਲਿ ਦਾਦੇ ਪੋਤੇ॥
(ਭਾ: ਗੁਰਦਾਸ ਜੀ)
ਗੁਰਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥
ਸਚਾ ਸਾਕ ਨ ਵਿਛੁੜੈ, ਸਾਧ ਸੰਗਤਿ ਗੁਰ ਭਾਈ ਭਤਾ॥
(ਭਾ: ਗੁਰਦਾਸ ਜੀ)
ਕੀ ਇਹ ਗੁਰਬਾਣੀ ਇਹਨਾਂ ਕਦੇ ਨਹੀ ਪੜ੍ਹੀ? ਇਹਨਾਂ ਨੇ ਗੱਦੀਆਂ ਕਿਵੇਂ ਲਾ ਲਈਆਂ? ਇਹਨਾਂ ਨੇ
ਗੁਰਸਿਖ ਭਾਈ ਬਣਨ ਦੀ ਕੋਸ਼ਿਸ਼ ਕਿਉਂ ਨਹੀ ਕੀਤੀ? ਇਹ ਸੰਗਤ ਤੋਂ ਉਪਰ ਪਲੰਘੇ ਡਾਹ ਕੇ ਕਿਵੇਂ ਬੈਠ
ਗਏ। ਇਹ ਅੰਮ੍ਰਿਤਧਾਰੀਆਂ ਸਿੱਖਾਂ ਤੋਂ ਆਪਣੇ ਪੈਰਾਂ ਦੇ ਮੱਥੇ ਟਿਕਾਉਂਦੇ ਹਨ। ਕੀ ਇਹ ਗੁਰੂ ਵਾਲੇ
ਬਣ ਗਏ ਹਨ?
ਗੁਰੂ ਨੇ ਤਾਂ ਰਾਜਿਆਂ ਦੇ ਮੂੰਹ ਤੇ ਖਰੀਆਂ ਸੁਣਾਈਆਂ। ਵੇਲੇ ਤੇ ਸੱਚ
ਬੋਲਿਆ “ਸਚ ਸੁਣਾਇਸੀ ਸਚਿ ਕੀ ਬੇਲਾ” ਯਾਦ ਰੱਖਿਉ ਕੁਵੇਲੇ ਬੋਲਿਆ ਹੋਇਆ ਸੱਚ ਵੀ ਝੂਠ ਨਾਲੋ ਭੈੜਾ
ਹੈ। ਪਰ ਇਹ ਰਾਜਿਆਂ ਦੇ ਅੱਗੇ ਗੋਡੇ ਟੇਕਦੇ ਫਿਰਦੇ ਹਨ ਸੱਚ ਕਹਿਣ ਦੀ ਰਤਾ ਵੀ ਜੁਰਅੱਤ ਇਹ ਸਾਧ
ਬਾਬੇ ਨਹੀ ਰੱਖਦੇ (ਇਸਦੇ ਲਿਖਤੀ ਸਬੂਤ ਅੱਗੇ ਚੱਲ ਕੇ ਦੇਵਾਂਗਾ)। ਕੀ ਇਹ ਗੁਰੂ ਵਾਲੇ ਬਣ ਗਏ ਹਨ?
ਸੰਗਤ ਵਿੱਚ ਇਹ ਨਹੀ ਬੈਠਦੇ, ਪੰਗਤ ਵਿੱਚ ਇਹ ਨਹੀ ਬੈਠਦੇ ਕੀ ਇਹ ਗੁਰੂ ਵਾਲੇ ਬਣ ਗਏ ਹਨ।
ਸਤਿਗੁਰ ਲ਼ਿਪਾ ਸਾਧ ਸੰਗਤਿ ਪੰਗਤਿ ਸੁਖ॥
(ਭਾ: ਗੁਰਦਾਸ ਜੀ)
ਗੁਰਸਿਖੀ ਦਾ ਮੰਨਣਾ ਗੁਰ ਬਚਨੀ ਗਲਿ ਹਾਰੁ ਪਰੋਣੇ॥
ਗੁਰੂ ਦੇ ਬਚਨ ਨੂੰ ਮੰਨਣਾ, ਕਮਾਉਣਾ ਸਿਮਰਨ ਹੈ। ਰਾਤ ਦਿਨ ਦਾ ਸਿਮਰਨ ਇਹੀ
ਹੈ ਕਿ ਗੁਰਮਤਿ ਅਨੁਸਾਰ ਜੀਵਣ ਜੀਊਣਾ। ਸੂਰਜ ਪ੍ਰਕਾਸ਼ ਦੇ ਕਰਤਾ ਗਿਆਨੀ ਸੰਤੋਖ ਸਿੰਘ ਮੁਤਾਬਕ ਨਹੀ
ਸੀਖ ਲੇ ਗੁਰਮਤਿ ਪਾਈ। ਸੋਝੀ ਕੁਛ ਨ ਆਪ ਕੋ ਆਈ॥ ਗੁਰੂ ਦੀ ਸਿੱਖਿਆ ਹਾਸਲ ਨਹੀ ਕੀਤੀ ਗੁਰਮਤਿ ਅੰਦਰ
ਧਾਰਨ ਨਹੀ ਕੀਤੀ ਸ਼ਬਦ ਸੱਚ ਦੀ ਸੋਝੀ ਨਹੀ ਆਈ ਤਾਂ ਗੁਰੂ ਵਾਲੇ ਕਿਵੇਂ ਬਣ ਗਏ। ਜਿਹੜੇ ਅੰਮ੍ਰਿਤ ਛਕ
ਕੇ ਜੋਤਸ਼ੀਆਂ ਨੂੰ ਹੱਥ ਦਿਖਾਉਂਦੇ ਫਿਰਦੇ ਹਨ ਕੀ ਉਹ ਗੁਰੂ ਵਾਲੇ ਬਣ ਗਏ ਹਨ?
ਸਿੱਖੀ ਸਚੁ ਪ੍ਰਾਪਤ ਕੀ ਕਰਤਾ॥
ਕਿਹੜਾ ਸੱਚ ਇਹਨਾਂ ਪ੍ਰਾਪਤ ਕੀਤਾ?
ਬਿਘਨ ਅਨੇਕ ਕਸ਼ਟ ਸਹਿ ਸਾਰੇ॥
ਕਿਹੜਾ ਕਸ਼ਟ ਇਹਨਾ ਸਹਾਰਿਆ?
ਪਲ ਮਹਿ ਸਿਰਦੇ, ਸਿਦਕ ਨਾ ਖੋਵੇ॥ ਸੋ ਸਿੱਖ ਮੇਰੋ ਪੂਰਨ ਹੋਵੈ॥
ਸਿੱਖੀ ਸਿਦਕ ਇਹਨਾਂ ਸਾਧਾਂ ਸੰਤਾਂ ਦੇ ਅੰਦਰੋਂ ਖੰਭ ਲਾ ਕੇ ਉਡ ਗਿਆ। ਕੀ ਇਹ ਗੁਰੂ ਵਾਲੇ ਬਣ
ਗਏ ਹਨ?
ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ॥
ਗੁਰੂ ਦੇ ਬਚਨ ਮੰਨਣ ਕਰਕੇ ਅਸੀਂ ਰੁਕੇ ਹੋਏ ਚੱਲ ਪਏ ਮਨਮੱਤ ਵਾਲੇ ਪਾਸਿਉਂ ਮੁੜ ਕੇ ਗੁਰਮਤਿ
ਵਾਲੇ ਪਾਸੇ ਤਰੁਕੇ ਪਰਮ ਗਤੀ (ਸੱਚ) ਨੂੰ ਪਾ ਲਿਆ।
ਗੁਰਿ ਪੂਰੈ ਮੇਰੀ ਪੈਜ ਰਖਾਈ॥॥
ਪੂਰੇ ਗੁਰੂ ਨੂੰ ਮੰਨ ਕੇ ਹਰ ਪਾਸੇ ਇੱਜਤ ਰਹੀ।
ਗੁਰ ਕੈ ਬਚਨਿ ਧਿਆਇਉ ਮੋਹਿ ਨਾਉ॥
ਗੁਰੂ ਦਾ ਬਚਨ ਮੰਨਣਾ ਹੀ ਸਿਮਰਨ ਹੈ।
ਗੁਰ ਪ੍ਰਸਾਦਿ ਮੋਹਿ ਮਿਲਿਆ ਥਾਉ॥ ਰਹਾਉ॥
ਗੁਰੂ ਕਿਰਪਾ ਸਦਕਾ ਸੱਚ ਟਿਕਾਣਾ ਮਿਲਿ ਗਿਆ।
ਗੁਰ ਕੈ ਬਚਨਿ ਸੁਣਿ ਰਸਨ ਵਖਾਣੀ॥
ਗੁਰੂ ਦਾ ਬਚਨ ਮੰਨ ਕੇ ਸੱਚ ਸੁਣਿਆ, ਸੱਚ ਬੋਲਿਆ (ਅੰਦਰ ਸੱਚ ਬਾਹਰ ਵੀ ਸੱਚ)।
ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ॥
ਗੁਰੂ ਕਿਰਪਾ ਸਦਕਾ ਮੇਰੇ ਬੋਲ ਮਿੱਠੇ ਹੋ ਗਏ ਮੇਰੇ ਬੋਲਾਂ ਅੰਦਰ ਝੂਠ ਰਸ ਦੀ ਥਾਂ ਸੱਚ ਰਸ ਆ
ਗਿਆ।
ਗੁਰ ਕੈ ਬਚਨਿ ਮਿਟਿਆ ਮੇਰਾ ਆਪੁ॥
ਗੁਰੂ ਦੇ ਬਚਨ ਰਾਂਹੀ ਮੈ ਆਪਾ ਭਾਵ ਮਿਟਾ ਕੇ ਸਦਾ ਗੁਰੂ ਦਾ ਹੀ ਹੋ ਗਿਆ। ਮੈਂ ਤੂੰ ਵਿੱਚ ਬਦਲ
ਗਈ।
ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ॥
ਗੁਰੂ ਕਿਰਪਾ ਸਦਕਾ ਮੈ ਗੁਰੂ ਦਾ ਸਿੱਖ ਕਰਕੇ ਜਾਣਿਆਂ ਜਾਣ ਲੱਗਾ। ਸਿੰਘਾਂ
ਦੀ ਬਹਾਦਰੀ ਸਾਰੀ ਦੁਨੀਆਂ ਜਾਣਦੀ ਹੈ ਪਰ ਇਹ ਸਾਧ ਸੰਤ ਨਿਮਰਤਾ ਦਾ ਬਹਾਨਾ ਬਣਾ ਕੇ ਬੁਜਦਿਲ
(ਕਾਇਰ) ਬਣੇ ਹੋਏ ਹਨ। ਗੁਰੂ ਦੇ ਸਿੱਖ ਤਾਂ ਬੀਰ ਰਸ ਕਰਕੇ ਮਹਾਨ ਜਾਣੇ ਜਾਂਦੇ ਹਨ।
ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ॥
ਗੁਰੂ ਦੀ ਇਸ ਬਾਣੀ ਬਚਨ ਨੂੰ ਮੰਨਣ ਕਰਕੇ ਮੇਰੇ ਅੰਦਰੋ ਸਾਰੇ ਵਹਿਮ ਭਰਮ
ਕਰਮ ਕਾਂਡ ਖਤਮ ਹੋ ਗਏ ਪਰ ਇਹ ਸਾਧ ਸੰਤ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਇਹਨਾਂ ਨੇ ਕਾਫੀ
ਸਿੱਖਾਂ ਨੂੰ ਵੀ ਵਹਿਮਾ ਭਰਮਾਂ ਕਰਮ ਕਾਂਡਾਂ ਵਿੱਚ ਫਸਾ ਦਿੱਤਾ ਹੈ ਕੀ ਇਹ ਗੁਰੂ ਵਾਲੇ ਬਣ ਗਏ ਹਨ?
ਗੁਰ ਕੈ ਬਚਨਿ ਪੇਖਿਉ ਸਭੁ ਬ੍ਰਹਮ॥
ਗੁਰੂ ਦੇ ਬਚਨ ਵਿਚੋਂ ਹੀ ਪ੍ਰਮਾਤਮਾ ਲੱਭਦਾ ਹੈ ਗੁਰੂ ਦੇ ਸਿੱਖ ਗੁਰੂ ਦੇ ਬਚਨ ਰਾਂਹੀ ਅੰਦਰ
ਵੱਸਦੇ ਪ੍ਰਮਾਤਮਾ ਨੂੰ ਹਰ ਥਾਂ ਵੇਖ ਲੈਂਦੇ ਹਨ।
ਗੁਰ ਕੈ ਬਚਨਿ ਕੀਨੋ ਰਾਜੁ ਜੋਗੁ॥
ਗੁਰੂ ਦੇ ਸਿੱਖ ਗੁਰੂ ਬਚਨਿ ਨੂੰ ਕਮਾ ਕੇ ਰਾਜ ਯੋਗੀ ਬਣ ਜਾਂਦੇ ਹਨ ਮਨ ਕਰਕੇ ਅਜਾਦ ਹੁੰਦੇ ਹਨ
ਗੁਲਾਮੀ ਨਹੀ ਕਬੂਲਦੇ।
ਗੁਰ ਕੈ ਸੰਗਿ ਤਰਿਆ ਸਭੁ ਲੋਗੁ॥
ਗੁਰਬਾਣੀ ਗੁਰੂ ਦਾ ਸੰਗ ਮਨ ਕਰਕੇ ਕਰਨ ਨਾਲ ਦੁਨੀਆਂ ਦੇ ਲੋਗਾਂ ਦੀ ਪ੍ਰਵਾਹ ਨਹੀ ਕਰਦੇ ਦੁਨੀਆਂ
ਦੀ ਚਤੁਰਾਈ ਉਪਮਾ ਨੂੰ ਪਰ੍ਹਾਂ ਕਰ ਦਿੰਦੇ ਹਨ ਗੁਰਸਿੱਖ।
ਪਰ ਇਹ ਸਾਧ ਸੰਤ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਾਰਾ ਜੋਰ ਲਾ ਰਹੇ ਹਨ ਕੀ ਇਹ ਗੁਰੂ ਵਾਲੇ ਬਣ
ਗਏ ਹਨ?
ਗੁਰ ਕੈ ਬਚਨਿ ਮੇਰੇ ਕਾਰਜ ਸਿਧਿ॥
ਗੁਰੂ ਦੇ ਬਚਨ ਨੂੰ ਸਮਝਦਿਆ ਮੰਨਦਿਆਂ ਕਮਾਉਂਦਿਆਂ ਸਾਰੇ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
ਗੁਰ ਕੈ ਬਚਨਿ ਪਾਇਆ ਨਾਉ ਨਿਧਿ॥
ਗੁਰੂ ਦਾ ਬਚਨ ਮੰਨਣ ਕਰਕੇ ਨਵਾਂ ਖਜਾਨਾ ਪਾ ਲਈਦਾ ਹੈ ਜਿਸ ਨੂੰ ਸੱਚ ਕਹਿੰਦੇ ਹਨ। ਸੱਚ
ਪ੍ਰਮਾਤਮਾ ਹੈ।
ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ॥
ਜਿਨ੍ਹਾ ਸਿੱਖਾਂ ਦਾ ਮਨ ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦ ਵੀਚਾਰੁ॥ ਨਾਲ ਮੰਨ ਗਿਆ।
ਤਿਸ ਕੀ ਕਟੀਐ ਜਮ ਕੀ ਫਾਸਾ॥
ਉਹਨਾਂ ਦੀ ਜਨਮ ਮਰਣ ਦੀ ਫਾਹੀ ਕੱਟੀ ਗਈ ਭਾਵ ਕਿ ਦੁੱਖ ਕੱਖ਼ਟੇ ਗਏ।
ਗੁਰ ਕੇ ਬਚਨਿ ਜਾਗਿਆ ਮੇਰਾ ਕਰਮੁ॥
ਗੁਰੂ ਦਾ ਬਚਨ ਮੰਨਣ ਕਰਕੇ ਹੀ ਸੁੱਤਾ ਮਨ ਜਾਗਿਆ ਝੂਠ ਵਿੱਚ ਬੇਈਮਾਨੀ ਵਿੱਚ ਲੱਗੀ ਸੁਰਤ ਉਪਰ
ਉਠੀ ਤਾਂ ਸੱਚ ਪ੍ਰਮਾਤਮਾ ਪਾ ਲਿਆ॥
ਨਾਨਕ ਗੁਰ ਭੇਟਿਆ ਪਾਰ ਬ੍ਰਹਮ॥
ਹੇ ਨਾਨਕ ਗੁਰੂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਹੈ।
ਗੁਰੂ ਨੂੰ ਪਾ ਲੈਣਾ ਹੀ ਪ੍ਰਮਾਤਮਾ ਨੂੰ ਪਾਉਣਾ ਹੈ।
ਭੇਦੁ ਨਾਹੀ ਗੁਰਦੇਵ ਮੁਰਾਰਿ॥
ਗੁਰ ਪ੍ਰਮੇਸਰ ਏਕੋ ਜਾਣ॥
ਸੋ ਗੁਰੂ ਦੇ ਬਚਨਾਂ ਤੋਂ ਮੁਨਕਰ ਹੋਣ ਵਾਲੇ ਇਹ ਸਾਧ ਸੰਤ ਗੁਰ ਮਰਯਾਦਾ ਤੋਂ
ਮੂੰਹ ਮੋੜਨ ਵਾਲੇ ਆਪਣੇ ਮਨੋ ਘੜੀਆਂ ਮਰਯਾਦਾਂ ਪ੍ਰਚਾਰਨ ਵਾਲੇ, ਗੁਰਬਾਣੀ ਦੇ ਸਵਾਰਥੀ ਅਰਥ ਕਰਨ
ਵਾਲੇ, ਸਿੱਖਾਂ ਨੂੰ ਅਨਮਤਾਂ, ਕਰਮ ਕਾਂਡਾਂ ਵਿੱਚ ਫਸਾਉਣ ਵਾਲੇ ਇਹ ਕਦੇ ਵੀ ਗੁਰੂ ਵਾਲੇ ਨਹੀਂ ਬਣੇ
ਅਤੇ ਇਹਨਾਂ ਤੋਂ ਅੰਮ੍ਰਿਤ ਛਕਣ ਵਾਲੇ ਸੰਤ ਵਾਲੇ ਤਾਂ ਬਣ ਗਏ ਹਨ ਪਰ ਗੁਰੂ ਵਾਲੇ ਨਹੀ।
ਸਦਾ ਯਾਦ ਰੱਖੋ-“ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ॥”
ਇਹ ਝੂਠੇ ਤਾਂ ਕਿਤੇ ਭਾਲਿਆਂ ਵੀ ਨਹੀ ਲੱਭਣਗੇ।
ਕਾਹੂੰ ਕੋ ਭਰੋਸੋ ਹੈ ਜ਼ਮੀਨ ਕੌ ਜ਼ਮਾਨੇ ਬੀਚ,
ਕਾਹੂੰ ਕੋ ਭਰੋਸੋ ਜ਼ੋਰ ਚਾਕਰੀ ਜਹਾਜ ਪੈ॥
ਕਾਹੂੰ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ,
ਕਾਹੂੰ ਕੋ ਭਰੋਸੋ ਹੈ ਕੁਟੰਬੀ ਕਰੈ ਕਾਜ ਪੈ॥
ਕਾਹੂੰ ਕੋ ਭਰੋਸੋ ਦੇਣ ਬਾਨੀ ਅਰ ਪਾਰਸੀ ਕੋ,
ਕਾਹੂੰ ਕੋ ਭਰੋਸੋ ਸੰਤ ਗੀਰੀ ਕੀ ਮਿਜਾਜ ਪੈ॥
ਕਾਹੂੰ ਕੋ ਭਰੋਸੋ ਚਾਰ ਚਾਤੁਰੀ ਚਲਾਕੀ ਚੋਖ,
ਮੋ ਕੋ ਤੋ ਭਰੋਸੋ ਏਕ “ਗ੍ਰੰਥ” ਮਹਾਰਾਜ ਪੈ॥
(ਕਵੀ ਨਿਹਾਲ ਸਿੰਘ ਜੀ)