ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 8
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਮਨੁੱਖ ਸਰੀਰਕ ਕਰਕੇ ਬਿਮਾਰ ਹੋ ਜਾਏ ਤਾਂ ਡਾਕਟਰ ਪਾਸੋਂ ਜਾ ਕੇ ਦੁਵਾਈ ਲੈ
ਆਉਂਦਾ ਹੈ ਤੇ ਪ੍ਰਹੇਜ਼ ਰੱਖ ਕੇ ਦੁਵਾਈ ਖਾਏ ਤਾਂ ਮਰੀਜ਼ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਏਸੇ
ਤਰ੍ਹਾਂ ਹੀ ਆਤਮਿਕ ਤੌਰ ਤੇ ਵਿਕਾਰਾਂ ਦੀਆਂ ਮਨੁੱਖ ਨੂੰ ਕਈ ਬਿਮਾਰੀਆਂ ਲੱਗੀਆਂ ਹੋਈਆਂ ਹਨ। ਇਹਨਾਂ
ਬਿਮਾਰੀਆਂ ਦਾ ਇਲਾਜ ਸੁਖਮਨੀ ਸਾਹਿਬ ਵਿੱਚ ਬਹੁਤ ਵਧੀਆ ਮਿਲਦਾ ਹੈ:--
ਕਾਮ ਕ੍ਰੋਧ ਅਰੁ ਲੋਭੁ ਮੋਹ ਬਿਨਸਿ ਜਾਇ ਅਹੰਮੇਵ॥
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ॥
ਕਾਮਕ ਵਾਸ਼ਨਾਵਾਂ ਜਦੋਂ ਪੂਰੀਆਂ ਨਾ ਹੋਣ ਤਾਂ ਮਨੁੱਖ ਦੇ ਅੰਦਰੋਂ ਕ੍ਰੋਧ
ਪਹਿਲਵਾਨ ਜਨਮ ਲੈਂਦਾ ਹੈ। ਨਿਜੀ ਸੁਆਰਥ (ਮੋਹ) ਦੀ ਪੂਰਤੀ ਲਈ ਮਨੁੱਖ ਲਾਲਚ ਨਾਲ ਸਦੀਵੀ ਸਾਂਝ
ਪਾਉਣ ਦੇ ਯਤਨ ਕਰਦਾ ਰਹਿੰਦਾ ਹੈ। ਇਹਨਾਂ ਦੀ ਪ੍ਰਾਪਤੀ ਹੋਣ ਤੇ ਮਨ ਹੰਕਾਰ ਦੇ ਟਿੱਲੇ ਉੱਤੇ ਚੜ੍ਹ
ਕੇ ਦਿਖਾਵੇ ਦੇ ਬੋਲ ਬੋਲਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਇਹਨਾਂ ਤੋਂ ਬਚਿਆ ਜਾ
ਸਕਦਾ ਹੈ ਸਿਰਫ ਪ੍ਰਭੂ ਦੀ ਸਰਣ ਵਿੱਚ ਆ ਕੇ ਤੇ ਗੁਰੂ ਜੀ ਦੇ ਗਿਆਨ ਦੁਆਰਾ। ‘ਪ੍ਰਸਾਦਿ ਗੁਰਦੇਵ’
ਗੁਰੂ ਦੀ ਕ੍ਰਿਪਾ ਭਾਵ ਗੁਰੂ ਦਾ ਗਿਆਨ ਜੋ ਸੁਭ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਜੋ ਪ੍ਰਭ
ਸਰਣਾਗਤੀ ਨੂੰ ਸੇਧਤਿਤ ਹੈ।
ਕੁੱਝ ਬੋਲ ਅਸੀਂ ਸੁੱਤੇ ਸਿੱਧ ਹੀ ਬੋਲੀ ਜਾਂਦੇ ਹਾਂ ਜੀ ਗੁਰੂ ਜੀ ਦੀ
ਕਿਰਪਾ ਹੋਏਗੀ ਤਾਂ ਇਹ ਕੰਮ ਕਰਾਂਗੇ, ਜਾਂ ਅਜੇ ਸਾਡੇ `ਤੇ ਗੁਰੂ ਦੀ ਕਿਰਪਾ ਨਹੀਂ ਹੋਈ। ਮੇਰਾ ਇੱਕ
ਮਿੱਤਰ ਤਾਸ਼ ਦੇ ਪੱਤਿਆਂ ਨੂੰ ਕੁੱਟ ਰਿਹਾ ਸੀ, ਮੈਂ ਲੰਘਦਿਆਂ ਅਚਾਨਕ ਕਿਹਾ, “ਕਿ ਭਲਿਆ ਕਦੇ
ਗੁਰਬਾਣੀ ਪੜ੍ਹ ਲਿਆ ਕਰ”, “ਕਹਿੰਦਾ ਜੀ ਰੱਬ ਜੀ ਜਦੋਂ ਕਿਰਪਾ ਕਰਨਗੇ, ਉਤਲੇ ਦੀ ਕਿਰਪਾ ਹੋਏਗੀ
ਫਿਰ ਗੁਰਬਾਣੀ ਵਲ ਵੀ ਆ ਜਾਵਾਂਗੇ”। ਮੈਂ ਉਸ ਨੂੰ ਪੁੱਛਿਆ, “ਕਿ ਕੀ ਤੇਰੇ `ਤੇ ਤਾਸ਼ ਖੇਡਣ ਦੀ
ਕਿਰਪਾ ਹੋਈ ਹੈ” ? ਉਸ ਪਾਸ ਕੋਈ ਜੁਆਬ ਨਹੀਂ ਸੀ, ਗੱਲ ਕੀ ਜਦੋਂ ਅਸੀਂ ਆਪਣੇ ਆਪ ਨੂੰ ਬਦਲਣ ਲਈ
ਤਿਆਰ ਨਹੀਂ ਹੁੰਦੇ ਓਦੋਂ ਕਹਿ ਦੇਂਦੇ ਹਾਂ ਕਿ ਜੀ ਗੁਰੂ ਜੀ ਕਿਰਪਾ ਕਰਨਗੇ ਫਿਰ ਅਸੀਂ ਗੁਰਦੁਆਰੇ
ਜਾਇਆ ਕਰਾਂਗੇ, ਫਿਰ ਅਸੀਂ ਗੁਰਬਾਣੀ ਪੜ੍ਹਿਆ ਕਰਾਂਗੇ। ਗੁਰੂ ਅਰਜਨ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ
ਦੀ ਬਾਣੀ ਵਿੱਚ ਕਹਿ ਰਹੇ ਹਨ, ਕਿ ਹੇ ਮਨੁੱਖ! ਤੈਨੂੰ ਪਰਮਾਮਾ ਨੇ ਮਕਾਨ, ਛੱਤੀ ਪ੍ਰਕਾਰ ਦੇ ਭੋਜਨ,
ਸੁੰਦਰ ਸਰੀਰ, ਕਪੜੇ--ਗਹਿਣੇ ਤੇ ਹਰੇਕ ਥਾਂਈ ਪੜਦੇ ਵੀ ਢੱਕੇ ਹਨ ਫਿਰ ਤੂੰ ਅੰਦਰੋਂ ਬਾਹਰੋਂ ਇੱਕ
ਕਿਉਂ ਨਹੀਂ ਹੁੰਦਾ। ਤੇਰੇ ਪਾਸ ਬਹਾਨਾ ਕੋਈ ਨਹੀਂ ਹੈ? ਇੱਕ ਹੋਣ ਦਾ ਬਹੁਤਾ ਔਖਾ ਕੰਮ ਨਹੀਂ ਸਿਰਫ
ਅਭਿਆਸ ਦੀ ਜ਼ਰੂਰਤ ਹੈ ਸਮਾਧੀਆਂ ਦੀ ਨਹੀਂ।
ਜਿਨਿ ਤੇਰੀ ਮਨ ਬਨਤ ਬਨਾਈ॥ ਊਠਤ ਬੈਠਤ ਸਦ ਤਿਸਹਿ ਧਿਆਈ॥
ਗੱਲ `ਤੇ ਆਣ ਕੇ ਰੱਬੀ ਗੁਣਾਂ `ਤੇ ਮੁੱਕਦੀ ਹੈ। ਤਿੰਨ ਗੱਲਾਂ ਦਾ ਪੂਰਾ
ਪੂਰਾ ਤਾਲ ਮੇਲ ਹੈ ਜਿੰਨ੍ਹਾਂ ਦੀ ਸਮਝ ਆੳਣੀ ਚਾਹੀਦੀ ਹੈ। ਗੁਰਬਾਣੀ--ਗਿਆਨ ਜਾਂ ਉਪਦੇਸ਼, ਜਿਸ
ਵਿਚੋਂ ਰੱਬ ਜੀ ਦੇ ਗੁਣਾਂ ਦਾ ਪਤਾ ਲੱਗਦਾ ਹੈ, ਜਿਹਨਾਂ ਨੂੰ ਧਾਰਨ ਕਰਨ ਨਾਲ ਅਸੀਂ ਰੱਬ ਜੀ ਦਾ
ਰੂਪ ਹੋ ਸਕਦੇ ਹਾਂ। ਇਸ ਅਭਿਆਸ ਨੂੰ ਛੱਡ ਕੇ ਸਾਡਾ ਹੋਰ ਕਈ ਟਿਕਾਣਾ ਨਹੀਂ ਹੈ।
ਐਸਾ ਪ੍ਰਭੁ ਤਿਆਗ ਅਵਰ ਕਤ ਲਾਗਹੁ॥ ਗੁਰਪ੍ਰਸਾਦਿ ਨਾਨਕ ਮਨਿ ਜਾਗਹੁ।।
ਇਸ ਵਾਸਤੇ ਅਸਾਂ ਆਪਣੇ ਆਪ ਦੀ ਅੰਦਰਲੀ ਹੰਕਾਰੀ ਹੋਂਦ ਨੂੰ ਖਤਮ ਕਰਨਾ ਹੈ।
ਆਪਿ ਗਾਵਾਏ ਸੁ ਹਰਿ ਗੁਨ ਗਾਉ॥
ਏਸੇ ਅਭਿਆਸ ਨਾਲ ਮੱਤ ਉਤਮ ਹੋਏਗੀ ਤੇ ਹਮੇਸ਼ਾਂ ਮਨ ਖੁਸ਼ ਚਿੱਤ ਰਹੇਗਾ।
ਪ੍ਰਭੂ ਸੁਪ੍ਰਸੰਨ ਬਸੈ ਮਨਿ ਸੋਇ॥ ਪ੍ਰਭ ਦਇਆ ਤੇ ਮਤਿ ਊਤਮ ਹੋਇ॥