ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਗੁਰਬਾਣੀ ਇਕੱਤਰ ਕਰਕੇ ਭਾਈ ਗੁਰਦਾਸ
ਜੀ ਪਾਸੋਂ ਲਿਖਵਾਈ ਅਤੇ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ੧੬੦੪ ਈ. ਵਿੱਚ ਕਰ ਦਿੱਤਾ। ਸਭ
ਤੋਂ ਪਹਿਲਾ ਵਾਕ ਬਾਬਾ ਬੁੱਢਾ ਜੀ ਨੇ ਲਿਆ ਅਤੇ ਉਹਨਾਂ ਨੂੰ ਪਹਿਲੇ ਗ੍ਰੰਥੀ ਥਾਪ ਦਿੱਤਾ। ਕਿਉਂਕਿ
ਗ੍ਰੰਥੀ ਦੀਆਂ ਜ਼ਿੰਮੇਵਾਰੀਆਂ ਬਹੁਤ ਹਨ। ਬੜੀ ਸੂਝਬੂਝ ਅਤੇ ਸਿਆਣਪ ਦੀ ਲੋੜ ਹੈ ਉਸ ਨੇ ਸਿਧਾਂਤਕ
ਵੀਚਾਰਧਾਰਾ ਨੂੰ ਸੰਗਤਾਂ ਤੱਕ ਪਹੁੰਚਾਉਣਾ ਹੁੰਦਾ ਹੈ। ਇਸ ਕਰਕੇ ਗ੍ਰੰਥੀ ਸਿੰਘ ਦਾ ਸਤਿਕਾਰ ਵੀ
ਤਾਂ ਹੀ ਹੈ ਕਿ ਉਸਨੇ ਸਾਨੂੰ ਗੁਰਬਾਣੀ ਪੜ੍ਹਕੇ ਸੁਣਾਉਣੀ ਅਤੇ ਉਸ ਦੀ ਸਹੀ ਵਿਆਖਿਆ ਕਰਕੇ ਦੱਸਣੀ
ਅਤੇ ਹੋਰਨਾਂ ਨੂੰ ਗੁਰਬਾਣੀ ਪੜ੍ਹਨ ਵੀਚਾਰਨ ਦੀ ਪ੍ਰੇਰਨਾ ਦੇਣੀ। ਪਰ ਸਭ ਕੁੱਝ ਉਲਟ ਹੋ ਗਿਆ ਹੈ ੯੯
ਫੀਸਦੀ ਗ੍ਰੰਥੀ ਸਿੰਘ ਗੁਰਮਤਿ ਤੋਂ ਅਨਜਾਣ ਹਨ ਅਤੇ ਮਾਇਆ ਦੀ ਖਾਤਰ ਪੜ੍ਹਦੇ ਹਨ। ਜੇਕਰ ਮਾਇਆ ਦੀ
ਖਾਤਰ ਪੜ੍ਹਕੇ ਵੀ ਗੁਰਮਤਿ ਸਿਧਾਂਤ ਨਾਲ ਸੰਗਤਾਂ ਨੂੰ ਜੋੜ ਦੇਣ ਤਾਂ ਵੀ ਮਾੜੀ ਗੱਲ ਨਹੀਂ ਪਰ ਐਸਾ
ਹੋ ਨਹੀਂ ਰਿਹਾ। ਕੁੱਝ ਤਾਂ ਐਸੇ ਹਨ ਜਿਹੜੇ ਗੁਰੂ ਦੇ ਨਾਂ ਤੇ ਖਾਂਦੇ ਹਨ ਪਰ ਗੁਰੂ ਦੇ ਉਲਟ ਕੰਮ
ਕਰਨ ਲੱਗਿਆਂ ਸੋਚਦੇ ਨਹੀਂ ਇੱਕ ਐਸੀ ਹੀ ਗ੍ਰੰਥੀ ਦੀ ਮਨਮਤਿ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਹੈ
ਬਾਬਾ ਸੁਖਜੀਤ ਸਿੰਘ ਗ੍ਰੰਥੀ (ਸਖੀਰਾ) ਇਹ ਕਾਫੀ ਸਮਾਂ ਪਿੰਡ ਬੁਰਜ ਨੱਥੂਕੇ (ਨੇੜੇ ਪੱਟੀ) ਵਿਖੇ
ਗੁਰਦੁਆਰੇ ਦਾ ਗ੍ਰੰਥੀ ਰਿਹਾ ਜਿਸ ਨੇ ਪਿੰਡ ਵਿੱਚ ਕਾਫੀ ਲੰਮਾ ਸਮਾਂ ਨਿਭਾਇਆ। ਇਹ ਆਪਣੇ ਆਪ ਨੂੰ
ਟਕਸਾਲ ਦਾ ਵਿਦਿਆਰਥੀ ਵੀ ਮੰਨਦਾ ਹੈ ਅਤੇ ਟਕਸਾਲੀ ਮਰਯਾਦਾ ਨੂੰ ਪਹਿਲ ਦੇਂਦਾ ਹੈ। ਪਰ ਸ਼੍ਰੋਮਣੀ
ਕਮੇਟੀ ਤੋਂ ਪੈਸੇ ਵੀ ਲੈਂਦਾ ਹੈ ਜਿਸ ਦੀ ਸ਼ਰਤ ਹੁੰਦੀ ਹੈ ਕਿ ਗ੍ਰੰਥੀ ਸਿੰਘ ਰਹਿਤ ਮਰਿਆਦਾ ਦਾ
ਪਾਬੰਧ ਹੋਵੇ ਪਰ ਇਹ ਜਿਸ ਸੰਸਥਾ ਤੋਂ ਮਾਇਆ ਲੈਂਦਾ ਹੈ ਉਸ ਦੇ ਹੀ ਉਲਟ ਚਲਦਾ ਹੈ।
ਕੁੱਝ ਸਮਾਂ ਪਹਿਲਾਂ ਇਸ ਪਿੰਡ ਬੁਰਜ ਨੱਥੂਕੇ ਵਿਖੇ ਇੱਕ ਬੀਬੀ ਦਾ ਆਉਣਾ
ਜਾਣਾ ਬਣ ਗਿਆ ਜਿਹੜੀ ਵਡਭਾਗ ਸਿੰਘ ਦੀ ਗੱਦੀ ਲਾਉਂਦੀ ਸੀ ਅਤੇ ਹਵਨ ਕਰਿਆ ਕਰਦੀ ਸੀ। ਜਿਸ ਦੇ ਘਰ
ਕੋਈ ਦੁੱਖ ਤਕਲੀਫ ਹੁੰਦੀ ਜਾਂ ਪੁੱਤਰ ਨਹੀਂ ਹੁੰਦਾ ਉਸ ਦੇ ਘਰ ਇਹ ਬੀਬੀ ਹਵਨ ਕਰਕੇ ਮਨਮੱਤੀ
ਕਾਰਵਾਈਆਂ ਕਰਦੀ ਸੀ। ਕਾਫੀ ਲੋਕ ਇਸਦੇ ਸ਼ਰਧਾਲੂ ਬਣ ਗਏ। ਜਿਸ ਵਿੱਚ ਬਹੁਤ ਅੰਮ੍ਰਿਤਧਾਰੀ ਵੀ ਸਨ।
ਕੁੱਝ ਹੀ ਦਿਨਾਂ ਵਿੱਚ ਇਸ ਬੀਬੀ ਨੇ ਕਾਫੀ ਘਰਾਂ ਵਿੱਚ ਹਵਨ ਕਰ ਦਿਤੇ। ਆਖਰ ਇਸ ਗ੍ਰੰਥੀ ਸਿੰਘ ਨੂੰ
ਪ੍ਰੇਰ ਲਿਆ ਕਿਉਂਕਿ ਇਸ ਘਰ ਕੁੜੀਆਂ ਹਨ ਮੁੰਡਾ ਨਹੀਂ ਹੈ ਮੁੰਡੇ ਦੀ ਲਾਲਸਾ ਨੇ ਗ੍ਰੰਥੀ ਸਿੰਘ ਨੂੰ
ਬੀਬੀ ਦਾ ਸ਼ਰਧਾਲੂ ਬਣਾ ਦਿਤਾ। ਇੱਕ ਦਿਨ ਸੁਖਜੀਤ ਸਿੰਘ ਗ੍ਰੰਥੀ ਦੇ ਘਰ ਪਿੰਡ ਸਖੀਰੇ ਵਿੱਚ ਵੀ ਹਵਨ
ਹੋ ਗਿਆ ਅਤੇ ਬੀਬੀ ਦਾ ਕੰਮ ਹੋਰ ਵੀ ਸੌਖਾ ਹੋ ਗਿਆ ਕਿਉਂਕਿ ਮੇਨ ਤਾਂ ਗ੍ਰੰਥੀ ਸਿੰਘ ਸੀ ਜਿਸ ਨੇ
ਸੁਚੇਤ ਕਰਨਾ ਸੀ ਜਦੋਂ ਉਹ ਹੀ ਬੀਬੀ ਦਾ ਚੇਲਾ ਬਣ ਗਿਆ ਤਾਂ ਟੋਕਣਾ ਕਿਸ ਨੇ ਸੀ। ਵਡਭਾਗੀਏ ਬੀਬੀ
ਨੇ ਐਸਾ ਜਾਲ ਪਾਇਆ ਕੇ ਗ੍ਰੰਥੀ ਗੁਰਦੁਆਰੇ ਬੀਬੀ ਦੀ ਸਿਫਤ ਕਰਨ ਲੱਗ ਪਿਆ ਸਪੀਕਰ ਰਾਹੀਂ ਵਡਭਾਗੂ
ਦੇ ਸ਼ਰਧਾਲੂ ਬਣਾਉਣੇ ਸ਼ੁਰੂ ਕਰ ਦਿਤੇ। ਆਪ ਟਰੱਕ ਲੈ ਕੇ ਡੇਰੇ ਜਾਣ ਲੱਗ ਪਿਆ ਕਿਉਂਕਿ ਬੀਬੀ ਨੇ
ਕਿਹਾ ਸੀ ਪੰਜ ਚੌਂਕੀਆ ਭਰਨੀਆਂ ਹਨ। ਜਿਸ ਗ੍ਰੰਥੀ ਨੇ ਗੁਰੂ ਦੀ ਸਿਖਿਆ ਦੇਣੀ ਸੀ ਅਤੇ ਦੱਸਣਾ ਸੀ
ਕਿ ਗੁਰੂ ਤੋਂ ਬਿਨਾ ਕੋਈ ਵੀ ਕਿਸੇ ਨੂੰ ਕੁੱਝ ਦੇ ਨਹੀਂ ਸਕਦਾ ਉਹ ਆਪ ਹੀ ਗੁਰੂ ਵੱਲ ਪਿੱਠ ਕਰਕੇ
ਹੋਰਨਾਂ ਨੂੰ ਗੁਰੂ ਵੱਲ ਪਿੱਠ ਕਰਨ ਲਈ ਕਹਿਣ ਲੱਗ ਪਿਆ। ਆਖਰ ਛੇਤੀ ਹੀ ਇਸ ਝੂਠ ਦੀ ਦੁਕਾਨ ਬੰਦ
ਕਰਨ ਲਈ ਕੁੱਝ ਗੁਰਸਿੱਖ ਅੱਗੇ ਆਏ ਜਿਹਨਾਂ ਨੇ ਪ੍ਰਣ ਕਰ ਲਿਆ ਕੇ ਇਸ ਬੀਬੀ ਨੂੰ ਪਿੰਡ ਵਿਚੋਂ ਕੱਢ
ਕੇ ਹੀ ਸਾਹ ਲਵਾਂਗੇ। ਇਸ ਦੇ ਨਾਲ ਗ੍ਰੰਥੀ ਸਿੰਘ ਤੇ ਵੀ ਸਖਤ ਕਾਰਵਾਈ ਕਰਾਂਗੇ। ਇਹ ਗੁਰਸਿੱਖ ਵੀਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਟੀ ਦੇ ਵੀਰਾਂ ਨੂੰ ਮਿਲੇ ਜਿਸ ਵਿੱਚ ਭਾਈ ਗੁਰਮੀਤ ਸਿੰਘ
ਪ੍ਰਚਾਰਕ ਬਲਵਿੰਦਰ ਸਿੰਘ ਜਗਜੀਤ ਸਿੰਘ ਆਦਿ ਨੂੰ ਮਿਲ ਕੇ ਸਾਰੀ ਪਿੰਡ ਦੀ ਕਹਾਣੀ ਦੱਸੀ। ਕਿਉਂਕਿ
ਸਟੱਡੀ ਸਰਕਲ ਨੇ ਇਲਾਕੇ ਵਿੱਚ ਕਾਫੀ ਗੁਰਮਤਿ ਦੀ ਲਹਿਰ ਚਲਾਈ ਹੈ ਅਤੇ ਮਨਮਤੀਆਂ ਕਾਰਵਾਈਆਂ ਕਰਨ
ਵਾਲਿਆ ਤੋਂ ਸੰਗਤਾਂ ਨੂੰ ਸੁਚੇਤ ਕੀਤਾ ਹੈ। ਸਟੱਡੀ ਸਰਕਲ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ
ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਿਸ ਰਾਹੀ ਇਹ ਸਾਰੀ ਕਾਰਵਾਈ ਹੋਈ।
ਪ੍ਰੋਗਰਾਮ ਬਣਾ ਕੇ ਕਾਫੀ ਗੁਰਸਿੱਖ ਪਿੰਡ ਬੁਰਜ ਨੱਥੂਕੇ ਪਹੁੰਚੇ ਅਤੇ ਪਿੰਡ
ਦੇ ਪਤਵੰਤੇ ਸੱਜਣਾਂ ਅਤੇ ਆਮ ਲੋਕਾਂ ਦੇ ਸਾਹਮਣੇ ਬੀਬੀ ਨੂੰ ਕੋਈ ਗੈਬੀ ਸ਼ਕਤੀ ਦਿਖਾਉਣ ਵਾਸਤੇ
ਕਿਹਾ। ਜਵਾਬ ਵਿੱਚ ਬੀਬੀ ਨੇ ਕਿਹਾ ਕਿ ਮੇਰੇ ਕੋਲ ਕੋਈ ਗੈਬੀ ਸ਼ਕਤੀ ਨਹੀਂ ਹੈ ਮੇਰਾ ਕੇਵਲ ਰੋਟੀ ਦਾ
ਬਹਾਨਾ ਹੈ। ਮੈਂ ਅੱਗੇ ਤੋਂ ਕੋਈ ਐਸੀ ਮਨਮਤੀ ਕਾਰਵਾਈ ਨਹੀਂ ਕਰਾਂਗੀ ਅਤੇ ਗ੍ਰੰਥੀ ਸਿੰਘ ਨੂੰ
ਗੁਰਦੁਆਰੇ ਭਾਰੀ ਇਕੱਠ ਵਿੱਚ ਸ਼੍ਰੋਮਣੀ ਕਮੇਟੀ ਦੇ ਆਏ ਹੋਏ ਆਗੂਆਂ ਨੇ ਝਾੜ ਪਾਈ ਕਿ ਤੇਰਾ ਫਰਜ ਕੀ
ਬਣਦਾ ਸੀ ਤੇ ਤੂੰ ਨਿਭਾ ਕੀ ਰਿਹਾ ਹੈਂ? ਗ੍ਰੰਥੀ ਸਿੰਘ ਨੂੰ ਕਿਹਾ ਕਿ ਤੂੰ ਤਾਂ ਐਸੇ ਪਾਖੰਡੀਆਂ
ਤੋਂ ਸੰਗਤਾਂ ਨੂੰ ਸੁਚੇਤ ਕਰਨਾ ਸੀ ਪਰ ਤੂੰ ਆਪ ਹੀ ਉਸਦਾ ਸ਼ਰਧਾਲੂ ਬਣ ਗਿਆ ਹੈ। ਬਾਕੀ ਤੈਨੂੰ ਗੁਰੂ
ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਨਹੀਂ ਜਿਸ ਦੀ ਤੂੰ ਦਿਨ ਰਾਤ ਸੇਵਾ ਕਰਦਾ ਹੈ ਜੇਕਰ ਤੈਨੂੰ ਗੁਰੂ
ਗ੍ਰੰਥ ਸਾਹਿਬ ਜੀ ਤੋਂ ਪੁਤਰ ਨਹੀ ਮਿਲਿਆ ਤਾਂ ਉਹ ਵਡਭਾਗੀਏ ਦੇ ਚੇਲੀ ਕਿਵੇਂ ਦੇਵੇਗੀ। ਜਦ ਕਿ
ਗੁਰਬਾਣੀ ਵਿੱਚ ਤੂੰ ਆਪ ਹੀ ਪੜ੍ਹਦਾ ਹੈਂ ਮਾਨੁਖ ਕੀ ਟੇਕ ਬਿਰਥੀ ਸਭ ਜਾਨ॥ ਦੇਵਨ ਕਉ ਏਕੈ ਭਗਵਾਨ॥
(ਸੁਖਮਨੀ ਸਾਹਿਬ) ਕੀ ਤੂੰ ਇਹ ਨਹੀ ਪੜ੍ਹਿਆਂ ਜੋ ਮਾਂਗੈ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ॥ (ਗੁਰੂ
ਗ੍ਰੰਥ ਸਾਹਿਬ) ਅਨੇਕਾਂ ਗੁਰਬਾਣੀ ਦੇ ਫੁਰਮਾਨ ਤੂੰ ਪੜਦਾ ਸੀ ਪਰ ਫਿਰ ਵੀ ਗੁਰੂ ਨੂੰ ਛੱਡ ਕੇ
ਗੁਰਮਤਿ ਦੇ ਉਲਟ ਹਵਨ ਕਰਵਾ ਲਿਆ ਜਿਸ ਦਾ ਗੁਰਮਤਿ ਵਿੱਚ ਕੋਈ ਥਾਂ ਨਹੀ। ਇਸ ਤਰਾਂ ਕਾਫੀ ਸਮਾਂ ਇਸ
ਗ੍ਰੰਥੀ ਸਿੰਘ ਤੇ ਲਾਇਆ ਅਤੇ ਕਿਹਾ ਕੇ ਅੱਗੇ ਤੋਂ ਐਸਾ ਨਹੀ ਕਰਨਾ ਜੇਕਰ ਅੱਗੇ ਤੋਂ ਕੋਈ ਮਨਮਤਿ
ਕੀਤੀ ਤਾਂ ਸਹਾਇਤਾਂ ਵਾਪਸ ਲਈ ਜਾਵੇਗੀ ਅਤੇ ਸਖਤ ਕਾਰਵਾਈ ਹੋਵੇਗੀ।
ਆਖਰ ਬੀਬੀ ਅਤੇ ਗ੍ਰੰਥੀ ਤੋਂ ਮੁਆਫੀ ਮੰਗਵਾਈ ਤੇ ਜਿਹਨਾਂ ਨੇ ਇਹ ਕਦਮ
ਚੁਕਿਆ ਸੀ ਉਹਨਾ ਦਾ ਧੰਨਵਾਦ ਕੀਤਾ ਗਿਆ। ਪਤਾ ਲੱਗਾ ਕਿ ਪਿੰਡ ਦੀ ਕਮੇਟੀ ਨੇ ਇਸ ਗ੍ਰੰਥੀ ਨੂੰ
ਦੁਬਾਰਾ ਨਹੀ ਰੱਖਿਆ ਇਸ ਨੂੰ ਉਥੋਂ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਇਸ ਨੂੰ ਮਨਮਤੀਆਂ ਦੀ ਕਮੇਟੀ
ਵਾਲਾ ਗੁਰਦੁਆਰਾ ਮਿਲ ਗਿਆ ਜਿਥੇ ਇਹ ਸੇਵਾ ਕਰ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਐਸੇ ਕਈ
ਗ੍ਰੰਥੀ ਸਿੰਘ ਹਨ ਜੋ ਗੁਰਦੁਆਰੇ ਵਿੱਚ ਰਹਿਕੇ ਵੀ ਗੁਰੂ ਤੇ ਵਿਸ਼ਵਾਸ ਨਹੀ ਰੱਖਦੇ ਉਂਜ ਸੰਗਤਾਂ ਨੂੰ
ਕਹਿਣਗੇ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਗੁਰਬਾਣੀ ਪੜੋ ਸਭ ਕੁੱਝ ਮਿਲ ਜਾਏਗਾ ਪਰ ਆਪ ਅਮਲ ਨਹੀ
ਕਰਦੇ ਐਸੇ ਗ੍ਰੰਥੀ ਵੀ ਡੇਰਾਵਾਦ ਵਧਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਕੀ ਇਸ ਤਰਾਂ ਦੇ
ਗ੍ਰੰਥੀ ਸਿੰਘ ਗੁਰਦੁਆਰੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਨੂੰ ਪਹਿਲ ਦੇਣਗੇ। ਐਸੇ ਗ੍ਰੰਥੀ
ਜਿਥੇ ਵੀ ਹਨ ਉਥੇ ਮਨਮਤਿ ਵਾਲਾ ਭਾਵੇ ਬੋਲ ਜਾਵੇ ਪਰ ਸਿਧਾਂਤਕ ਵਿਚਾਰਧਾਰਾ ਵਾਲਾ ਕੋਈ ਰਾਗੀ,
ਢਾਡੀ, ਪ੍ਰਚਾਰਕ ਨਹੀ ਬੋਲ ਸਕਦਾ। ਕਿਉਂ ਕਿ ਵਿਰੋਧ ਗ੍ਰੰਥੀ ਨੇ ਕਰਨਾ ਹੈ। ਜਿਸ ਦਾ ਤੋਰੀ ਫੁਲਕਾ
ਮਨਮਤਾਂ ਕਰਨ ਵਾਲਾ ਚਲਦਾ ਹੋਵੇ ਉਹ ਕਦੇ ਵੀ ਗੁਰਮਤਿ ਦੀ ਵਿਆਖਿਆਂ ਨਹੀ ਹੋਣ ਦੇਵੇਗਾ। ਸੋ ਅਸੀ
ਚਾਹੁੰਦੇ ਹਾਂ ਕਿ ਗ੍ਰੰਥੀ ਸਿੰਘ ਗੁਰੂ ਦੇ ਘਰ ਵਿੱਚ ਰਹਿ ਕੇ ਗੁਰੂ ਦੀ ਮੱਤ ਦਾ ਪ੍ਰਚਾਰ ਕਰਨ ਤਾਂ
ਜੋ ਕਿ ਸੰਗਤਾਂ ਨੂੰ ਸਹੀ ਸੇਧ ਮਿਲ ਸਕੇ। ਕਈ ਵਾਰ ਪਾਠਕ ਸੋਚ ਲੈਂਦੇ ਹਨ ਕਿ ਹਰੇਕ ਦੇ ਅਉਗਣ ਹੀ
ਦੱਸੇ ਜਾਂਦੇ ਹਨ ਗੁਣ ਨਹੀ। ਅਸੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀ ਅਉਗੁਣ ਨਹੀ ਵੇਖਦੇ ਸਗੋਂ
ਉਹਨਾਂ ਨੂੰ ਉਹਨਾਂ ਦੇ ਬਣਦੇ ਫਰਜ ਤੋਂ ਜਾਣੂ ਕਰਵਾ ਰਹੇ ਹਾਂ ਕਿ ਅਸਲ ਵਿੱਚ ਧਾਰਮਿਕ ਆਗੂ ਦੀ
ਜ਼ਿੰਮੇਵਾਰੀ ਕੀ ਹੈ। ਕਿਸੇ ਨੂੰ ਉਸ ਦੇ ਬਣਦੇ ਫਰਜਾਂ ਤੋਂ ਜਾਣੂ ਕਰਵਾਉਣਾ ਬੁਰਾ ਕੰਮ ਨਹੀ ਸਗੋ ਭਲਾ
ਹੈ। ਅਸੀ ਤਾਂ ਹਰੇਕ ਮਾਨਖ ਨੂੰ ਬਨੇਤੀ ਕਰਾਂਗੇ ਕਿ ਉਹ ਅਪਣੇ ਫਰਜ ਪਛਾਣੇ ਤਾਂ ਜੋ ਕਿ ਸਮਾਜ ਵਿੱਚ
ਤਬਦੀਲੀ ਆ ਸਕੇ।