ਨਾਨਕ ਪਾਤਸ਼ਾਹ
ਨੇ ਜਿਸ ਸਮੇਂ ਸਿੱਖੀ ਦੀ ਨੀਂਹ ਰੱਖੀ, ਉਸ ਵੇਲੇ ਭਾਰਤ ਵਿੱਚ ਹਿੰਦੂ ਧਰਮ ਪ੍ਰਚਲਿਤ ਸੀ। ਅੱਜ ਵੀ
ਭਾਰਤ ਵਿਖੇ ਬਹੁ ਗਿਣਤੀ ਹਿੰਦੂ ਧਰਮ ਨਾਲ ਸਬੰਧਿਤ ਹੈ। ਹਿੰਦੂ ਧਰਮ ਵਿੱਚ ਮੁਢਲੀ ਤੌਰ ਤੇ ਦੇਵੀ
ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਕਦੀ-ਕਦਾਈਂ ਭਾਰਤ ਦੇ ਹੀ ਹਿੰਦੂ ਧਰਮ ਨੂੰ ਮੰਨਣ ਵਾਲੇ
ਵਿਦਵਾਨ ਅਤੇ ਰਾਜ ਨੇਤਾ ਹੀ ਇਨ੍ਹਾਂ ਦੇਵੀ ਦੇਵਤਿਆਂ ਦੇ ਅਸਤਿਤਵ ਤੇ ਸਵਾਲ ਖੜ੍ਹਾ ਕਰਦੇ ਰਹਿੰਦੇ
ਹਨ। ਜਿਵੇਂ ਕੁੱਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਸੇਤੁ ਸਮੁੰਦਰ ਮਾਮਲੇ ਵਿੱਚ ਭਾਰਤ ਦੀ ਹੀ
ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਕੀਤਾ ਸੀ ਕਿ ਭਗਵਾਨ ਰਾਮ ਨਹੀਂ ਹੋਏ ਨੇ। ਉਹ ਤਾਂ ਮਨੋ ਕਲਪਿਤ
ਹਨ। ਜੋ ਕਿ ਇਹ ਦਰਸਉਂਦਾ ਹੈ ਕਿ ਹਿੰਦੂ ਧਰਮ ਦੇ ਵਿਦਵਾਨਾਂ ਵਿੱਚ ਹਾਲੇ ਖੁਦ ਹੀ ਦੇਵੀ-ਦੇਵਤਿਆਂ
ਦੇ ਅਸਤਿਤੱਵ ਨੂੰ ਲੈ ਕੇ ਇੱਕ ਮਤ ਨਹੀਂ ਹੈ। ਦੂਸਰੇ ਪਾਸੇ, ਸਿੱਖਾਂ ਦੇ ਵਿੱਚ ਵੀ ਹਾਲੇ ਇਹ ਮਸਲਾ
ਆਪਸੀ ਵਿਚਾਰਾਂ ਵਿੱਚ ਸਾਮ੍ਹਣੇ ਆ ਜਾਂਦਾ ਹੈ ਕਿ ਹਿੰਦੂ ਦੇਵੀ ਦੇਵਤੇ ਹੋਏ ਨੇ ਤਾਂ ਤੇ ਠੀਕ ਹੈ ਜੇ
ਨਹੀਂ ਹੋਏ ਤਾਂ ਗੁਰਬਾਣੀ ਵਿੱਚ ਇਨ੍ਹਾਂ ਦਾ ਜਿਕਰ ਕਿਉਂ ਆਉਂਦਾ ਹੈ? ਇਸ ਗਲ ਨੂੰ ਸਮਝਣ ਲਈ ਪਹਿਲਾਂ
ਭੋਤਿਕ ਵਿਗਿਆਨ ਅਤੇ ਫਿਰ ਭਾਸ਼ਾ ਵਿਗਿਆਨ ਦੇ ਇੱਕ ਅਤਿ ਸਾਧਾਰਣ ਜਿਹੇ ਸਿਧਾਂਤ ਨੂੰ ਸਮਝਣਾ ਪਵੇਗਾ:-
ਪਹਿਲਾਂ:- ਸੰਸਾਰ ਵਿੱਚ ਕੋਈ ਵੀ ਪਦਾਰਥ ਬਣਾਇਆ ਜਾਂਦਾ ਹੈ ਜਾਂ ਬਣਦਾ
ਹੈ, ਉਹ ਸੰਸਾਰ ਤੇ ਪਹਿਲਾਂ ਤੋਂ ਮੌਜੂਦ ਪਦਾਰਥਾਂ ਦੀ ਵਰਤੋਂ ਜਾਂ ਸੰਯੋਗ ਨਾਲ ਹੀ ਬਣਦਾ ਹੈ। ਕੋਈ
ਵੀ ਪਦਾਰਥ ਆਪਣੇ ਆਪ ਵਿੱਚ ਨਵਾਂ ਨਹੀਂ ਹੁੰਦਾ ਹੈ। ਉਹ ਤਾਂ ਕੇਵਲ ਬ੍ਰਹਿਮੰਡ ਵਿੱਚ ਮੌਜੂਦ ਇੱਕ
ਜਾਂ ਵੱਧ ਪਦਾਰਥਾਂ ਦਾ ਅਗਲਾ ਸਵਰੂਪ ਮਾਤਰ ਹੀ ਹੁੰਦਾ ਹੈ। ਨਵੇਂ ਪਦਾਰਥ ਦੀ ਉਤਪਤੀ ਨਾਲ ਹੀ ਪਦਾਰਥ
ਦੀ ਪੁਰਾਣੀ ਪਹਿਚਾਣ ਗੁਆਚ ਜਾਂਦੀ ਹੈ। ਕੇਵਲ ਨਵੇਂ ਪਦਾਰਥ ਦੀ ਪਹਿਚਾਣ ਹੁੰਦੀ ਹੈ ਤੇ ਉਸਦੀ
ਪੁਰਾਣੀ ਪਹਿਚਾਣ ਨੂੰ ਕੋਈ ਭੀ ਜਾਨਣ ਦੀ ਇੱਛਾ ਭੀ ਨਹੀਂ ਰੱਖਦਾ। ਉਸ ਵਿੱਚ ਲਗੇ ਪਦਾਰਥਾਂ ਦੀ ਆਪਣੀ
ਕੋਈ ਹੋਂਦ ਨਹੀਂ ਹੁੰਦੀ ਹੈ। ਇਕ ਰੇਲ ਦੇ ਇੰਜਨ ਨੂੰ ਲੋਕ ਰੇਲ ਦੇ ਇੰਜਨ ਕਰਕੇ ਤੇ ਜਾਣਦੇ ਹਨ, ਪਰ
ਕੋਈ ਭੀ ਉਸਨੂੰ ਉਸ ਵਿੱਚ ਲਗੇ ਪਦਾਰਥਾਂ ਕਰਕੇ ਕੋਈ ਨਹੀਂ ਜਾਣਦਾ। ਕੋਈ ਭੀ ਉਸਨੂੰ ਲੋਹਾ, ਤਾਂਬਾ
ਜਾਂ ਪਿਤਲ ਨਹੀਂ ਆਖਦਾ। ਸਾਰੇ ਉਸਨੂੰ ਰੇਲ ਦਾ ਇੰਜਨ ਹੀ ਆਖਦੇ ਹਨ। ਵਿਗਿਆਨ ਦੇ ਨਜ਼ਰੀਏ ਮੁਤਾਬਿਕ
ਮਨੁੱਖ ਦਾ ਸਰੀਰ ਵੀ ਕੇਵਲ ਧਰਤੀ ਤੇ ਮੌਜੂਦ ਪਦਾਰਥਾਂ ਦੇ ਸੰਯੋਗ ਨਾਲ ਹੀ ਬਣਿਆ ਹੈ। ਜੋ ਵੱਖ-ਵੱਖ
ਤਰੀਕੇ ਦੇ ਸੰਯੋਗ ਕਰਕੇ ਵੱਖ-ਵੱਖ ਕੱਦ ਕਾਠੀ, ਰੂਪ ਰੰਗ ਦੇ ਹੁੰਦੇ ਹਨ। ਇਸੇਂ ਤਰ੍ਹਾਂ ਨਾਲ ਸੰਸਾਰ
ਤੇ ਕਿਸੀ ਨਵੇਂ ਧਰਮ ਦਾ ਪ੍ਰਗਟ ਹੋਣਾ ਭੀ ਠੀਕ ਉਸ ਪ੍ਰਕਾਰ ਨਾਲ ਹੈ ਜਿਵੇਂ ਨਵੇਂ ਪਦਾਰਥਾਂ ਦਾ
ਬਣਨਾਂ ਹੈ। ਪਦਾਰਥਾਂ ਮੁਤਾਬਿਕ ਹੀ ਨਵਾਂ ਧਰਮ ਭੀ ਪੁਰਾਣੇ ਚਲੇ ਆ ਰਹੇ ਧਰਮਾਂ ਦੇ ਲੋਕਾਂ ਵਿੱਚ
ਪ੍ਰਫੁਲਤ ਹੁੰਦਾ ਹੈ। ਕਿਸੀ ਨਵੇਂ ਧਰਮ ਦੇ ਪ੍ਰਗਟ ਹੋਣ ਲਈ ਕੋਈ ਨਵੇਂ ਮਨੂਖ ਜਨਮ ਨਹੀਂ ਲੈਂਦੇ
ਬਲਕਿ ਪਹਿਲਾਂ ਤੋਂ ਮਜੂਦ ਪੁਰਾਣੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਵਿੱਚ ਹੀ ਨਵਾਂ ਧਰਮ ਜਨਮ ਲੈਂਦਾ
ਹੈ।
ਇਸੇ ਸਿਧਾਂਤ ਤੇ ਹੀ ਸਿੱਖ ਧਰਮ ਪ੍ਰਫੂਲਿਤ ਹੋਇਆ। ਸਿੱਖ ਧਰਮ ਦੇ ਸ਼ੁਰਵਾਤੀ
ਸਮੇਂ ਭਾਰਤ ਦੀ ਧਰਤੀ ਤੇ ਹਿੰਦੂ ਧਰਮ ਵਿਕਸਿਤ ਸੀ ਤੇ ਉਸ ਤੋਂ ਇਲਾਵਾ ਇਸਲਾਮ, ਬੁਧ ਤੇ ਜੈਨ ਧਰਮ
ਵੀ ਪ੍ਰਚਲਤ ਸੀ। ਇਸ ਕਰਕੇ ਸਿੱਖ ਧਰਮ ਹਿੰਦੂ, ਮੁਸਲਿਮ ਤੇ ਹੋਰ ਧਰਮਾਂ ਨੂੰ ਮੰਨਣ ਵਾਲਿਆਂ ਵਿੱਚ
ਪ੍ਰਫੂਲਤ ਹੋਇਆ। ਸਿੱਖ ਧਰਮ ਨਿਰਮਲ ਅਤੇ ਪਵਿਤਰ ਹੈ, ਜਿਸਦੇ ਸਦਕਾ ਸਾਰੇ ਹੀ ਧਰਮਾਂ ਦੇ ਲੋਕਾਂ
ਵਲੋਂ ਇਸ ਨੂੰ ਧਾਰਣ ਕੀਤਾ ਗਿਆ।
ਦੂਜਾ:- ਇਸਦੇ ਨਾਲ ਭਾਸ਼ਾ ਵਿਗਿਆਨ ਦਾ ਇੱਕ ਅਧਾਰ ਭੂਤ ਸਿਧਾਂਤ ਹੈ ਕਿ
ਜਦੋਂ ਦੋ ਜਾਂ ਦੋ ਤੋਂ ਵੱਧ ਮਨੁੱਖ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਹਨ ਤੇ ਇਹ ਗੱਲ ਜਰੂਰੀ ਹੈ
ਕਿ ਦੋਨਾਂ ਨੂੰ ਹੀ ਇੱਕ ਦੂਜੇ ਦੀ ਭਾਸ਼ਾ ਦਾ ਗਿਆਨ ਹੋਵੇ। ਜੇ ਦੋਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਦਾ
ਗਿਆਨ ਨਹੀਂ ਹੋਵੇਗਾ ਤਾਂ ਉਹ ਆਪਸ ਵਿੱਚ ਵਿਚਾਰ ਵਟਾਂਦਰਾ ਨਹੀਂ ਕਰ ਸਕਦੇ। ਦੋਨਾਂ ਵਿਚੋਂ ਪਹਿਲਾਂ
ਭਾਸ਼ਾ ਨੂੰ ਬੋਲਣਾ ਤੇ ਸਮਝਣਾ ਦੋਨੋਂ ਹੀ ਜਾਣਦਾ ਹੋਵੇ। ੇ ਦੂਜਾ ਮਨੁੱਖ ਕੇਵਲ ਸਮਝਣਾ ਹੀ ਜਾਣਦਾ
ਹੋਵੇ ਤਾਂ ਏਸੀ ਸਥਿਤੀ ਵਿੱਚ ਪਹਿਲਾਂ ਮਨੁੱਖ ਤਾਂ ਦੂਜੇ ਮਨੁੱਖ ਨੂੰ ਆਪਣੀ ਗੱਲ ਸਮਝ ਸਕਦਾ ਹੈ ਪਰ
ਦੂਜਾ ਮਨੁੱਖ ਪਹਿਲੇ ਨਾਲ ਆਪਣੇ ਵਿਚਾਰ ਸਾਂਝੇ ਨਹੀਂ ਕਰ ਸਕਦਾ। ਜੇਕਰ ਦੋਨੋਂ ਹੀ ਮਨੁੱਖ ਵੱਖ-ਵੱਖ
ਭਾਸ਼ਾ ਜਾਣਦੇ ਹੋਣ ਤਾਂ ਉਨ੍ਹਾਂ ਦੇ ਵਿੱਚ ਕਿਸੀ ਭੀ ਵਿਚਾਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ
ਹੈ। ਜੇ ਇਨ੍ਹਾਂ ਦੇ ਵਿੱਚ ਇੱਕ ਦੋਭਾਸ਼ੀਆਂ ਰੱਖ ਦਿੱਤਾ ਜਾਵੇਂ ਤਾਂ ਉਹ ਇਨ੍ਹਾਂ ਦੋਨੋ ਦੀ ਭਾਸ਼ਾ
ਨੂੰ ਜਾਣਦਾ ਹੋਵੇਗਾ, ਤੇ ਇੱਕ ਦੂਜੇ ਦੀ ਵਿਚਾਰ ਨੂੰ ਆਪਸ ਵਿੱਚ ਸਮਝਦਾ ਰਵੇਗਾ। ਸੋ ਇਸ ਵਿਚਾਰ ਨਾਲ
ਇਹ ਗੱਲ ਤਾਂ ਪੱਕੀ ਹੁੰਦੀ ਹੈ ਕਿ ਆਪਸ ਵਿੱਚ ਗੱਲਬਾਤ ਕਰਣ ਲਈ ਆਪਸ ਵਿੱਚ ਇੱਕ ਦੂਜੇ ਦੀ ਬੋਲੀ ਦਾ
ਗਿਆਨ ਹੋਣਾ ਜਰੂਰੀ ਹੁੰਦਾ ਹੈ।
ਭਾਰਤ ਵਿੱਚ ਜਦੋਂ ਕਦੀ ਵੀ ਕਿਸੀ ਵਿਦਵਾਨ ਜਾਂ ਰਾਜ ਨੇਤਾ ਵਲੋਂ ਦੇਵੀ
ਦੇਵਤਿਆਂ ਦੀ ਹੋਂਦ ਤੇ ਸਵਾਲ ਖੜ੍ਹਾ ਕੀਤਾ ਜਾਂਦਾ ਹੈ, ਤਾਂ ਇਸਦਾ ਪੂਰੇ ਭਾਰਤ ਵਿੱਚ ਵਿਰੋਧ ਵੀ
ਕੀਤਾ ਜਾਂਦਾ ਹੈ। ਇਥੇ ਇਹ ਸਭ ਪਹਿਲਾਂ ਤੋਂ ਹੀ ਯੋਜਨਾ ਬਣਾ ਕੇ ਕੀਤਾ ਜਾਂਦਾ ਹੈ। ਜਿਸ ਕਰਕੇ ਹਰ
ਇੱਕ ਰਾਜਨੀਤਿਕ ਦਲ ਵੱਧ ਤੋਂ ਵੱਧ ਲਾਹਾ ਖੱਟਣ ਲਈ ਆਪਣੀ ਸੋਚ ਮੁਤਾਬਿਕ ਰੋਲਾ ਰੱਪਾ ਪਉਂਦਾ ਹੈ। ਇਹ
ਸਾਰੇ ਪ੍ਰੋਗਰਾਮ ਵਿੱਚ ਆਰ. ਐਸ. ਐਸ. ਦੇ ਧੜਿਆਂ ਵਲੋਂ ਇੱਕ ਬਿਆਨ ਵੀ ਜਰੂਰ ਆਉਂਦਾ ਹੈ ਕਿ ਇਹ
ਦੇਵੀ ਦੇਵਤੇ ਭਾਰਤ ਦੇ ਜਨਮਾਨਸ ਦੀ ਆਸਥਾ ਦਾ ਕੇਂਦਰ ਹਨ। ਇਹ ਗਲ ਤਾਂ ਉਨ੍ਹਾਂ ਦੀ ੧੦੦ ਫੀਸਦੀ ਠੀਕ
ਹੁੰਦੀ ਹੈ। ਭਾਰਤ ਦਾ ਬੱਚਾ-ਬੱਚਾ ਇਨ੍ਹਾਂ ਨੂੰ ਆਪਣਾ ਰੱਬ ਮਨੇ ਭਾਵੇਂ ਨਾ ਮਨੇ ਪਰ ਉਹ ਦੇਵੀ
ਦੇਵਤਿਆ ਦੀਆ ਕੱਥਾ ਕਹਾਣੀਆਂ ਤੇ ਉਨ੍ਹਾਂ ਦੇ ਕਿਰਦਾਰਾਂ ਬਾਰੇ ਜਾਣਦਾ ਜਰੂਰ ਹੈ। ਇਸ ਤੋਂ ਹੱਟ ਕੇ
ਇਹ ਵੀ ਜ਼ਮੀਨੀ ਹਕੀਕਤ ਹੈ ਕਿ ਕਿਸੀ ਵੀ ਸੜਕ ਜਾਂ ਪਬਲਿਕ ਪਲੇਸ ਤੇ ਖਲੋ ਕੇ ਆਮ ਜਨਮਾਨਸ ਤੋਂ ਪੁਛਿਆ
ਜਾਵੇਂ ਕਿ ਉਨ੍ਹਾਂ ਨੂੰ ਇਨ੍ਹਾਂ ਕੱਥਾ ਕਹਾਣੀਆਂ ਤੋਂ ਕੀ ਸਿਖਿਆ ਮਿਲਦੀ ਹੈ ਤੇ ਉਹ ਸਜਣ ਮਿੱਤਰ
ਕਥਾ ਕਹਾਣੀਆਂ ਤਾਂ ਖੂਬ ਸੋਹਣੀ ਸੁਣਾਨ ਲਗਦੇ ਹਨ, ਪਰ ਕੋਈ ਵਿਰਲਾ ਹੀ ਇਨ੍ਹਾਂ ਕਹਾਣਿਆਂ ਦੀ ਸਿਖਿਆ
ਬਾਰੇ ਗੱਲ ਕਰਦਾ ਹੈ। ਜਿਥੇਂ ਇਹ ਕਥਾ ਕਹਾਣੀਆਂ ਜਨਮਾਨਸ ਦੀਆਂ ਭਾਵਨਵਾਂ ਤੇ ਹਨ, ਪਰ ਦੂਜੇ ਪਾਸੇ
ਜਨਮਾਨਸ ਇਹ ਭੀ ਨਹੀਂ ਜਾਣਦਾ ਕਿ ਇਨ੍ਹਾਂ ਧਾਰਮਕ ਕਥਾ ਕਹਾਣੀਆਂ ਤੋਂ ਇਨ੍ਹਾਂ ਨੂੰ ਕੀ ਸਿਖਿਆ
ਮਿਲਦੀ ਹੈ? ਉਹ ਇਨ੍ਹਾਂ ਕਥਾ ਕਹਾਣੀਆਂ ਦੀਆਂ ਸਿਖਿਆ ਤੋਂ ਸਖਣਾ ਹੀ ਹੈ। ਜਿਸਦੇ ਨਤੀਜੇ ਵਜੋਂ
ਜ਼ਰਾਇਮ ਅਤੇ ਭਰਿਸ਼ਟਾਚਾਰ ਆਪਣੇ ਚਰਮ ਤੇ ਹੈ। ਹਰ ਮਨੁੱਖ ਪਰ ਤਨ, ਪਰ ਧਨ ਅਤੇ ਪਰ ਕੀ ਨਿੰਦਾ ਮਗਰ ਹੀ
ਲਗਾ ਹੋਇਆ ਹੈ।
ਗੁਰੁ ਨਾਨਕ ਨੇ ਸਿਖੀ ਦਾ ਧੁਰਾ ਚਰਿਤਰ ਦੀ ੳਚਤਾ ਤੇ ਪਵਿਤਰਤਾ ਤੇ ਰਖਿਆ।
ਚਰਿਤਰਹੀਣਤਾ ਗੁਰੂ ਘਰ ਵਿੱਚ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਹੈ। ਉਚਾ ਆਚਰਣ, ਨਿਰਮਲ ਵੀਚਾਰ ਤੇ
ਪਰਮਾਤਮਾ ਦੀ ਯਾਦ ਹੀ ਸਿਖ ਦਾ ਜੀਵਨ ਹਨ। ਸਿਖੀ ਦੇ ਸ਼ੁਰਵਾਤੀ ਸਮੇਂ ਤੇ ਭਾਰਤ ਦੀ ਰਾਜਨੀਤਿਕ ਤੇ
ਸਮਾਜਕ ਸਥਿਤੀ ਬੜੀ ਹੀ ਮਾੜੀ ਸੀ। ਆਮ ਜਨਮਾਨਸ ਗਿਆਨ ਅਤੇ ਆਚਰਣ ਹੀਣ ਹੋ ਚੁਕਾ ਸੀ। ਆਮ ਜਨਮਾਨਸ ਦੀ
ਧਾਰਮਕ ਅਤੇ ਮਨੋ ਦਸ਼ਾ ਬਾਰੇ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਵਿੱਚ ਫਰਮਾਉਂਦੇ ਨੇ:-
ਮਃ ੧।। ਲਿਖਿ ਲਿਖਿ ਪੜਿਆ।। ਤੇਤਾ ਕੜਿਆ।। ਬਹੁ ਤੀਰਥ ਭਵਿਆ।।
ਤੇਤੋ ਲਵਿਆ।। ਬਹੁ ਭੇਖ ਕੀਆ ਦੇਹੀ ਦੁਖੁ ਦੀਆ।। ਸਹੁ ਵੇ ਜੀਆ ਅਪਣਾ ਕੀਆ।।
ਅੰਨੁ ਨ ਖਾਇਆ ਸਾਦੁ ਗਵਾਇਆ।। ਬਹੁ ਦੁਖੁ ਪਾਇਆ ਦੂਜਾ ਭਾਇਆ।। ਬਸਤ੍ਰ ਨ
ਪਹਿਰੈ।।
ਅਹਿਨਿਸਿ ਕਹਰੈ।। ਮੋਨਿ ਵਿਗੂਤਾ।। ਕਿਉ ਜਾਗੈ ਗੁਰ ਬਿਨੁ ਸੂਤਾ।। ਪਗ
ਉਪੇਤਾਣਾ।।
ਅਪਣਾ ਕੀਆ ਕਮਾਣਾ।। ਅਲੁ ਮਲੁ ਖਾਈ ਸਿਰਿ ਛਾਈ ਪਾਈ।। ਮੂਰਖਿ ਅੰਧੈ ਪਤਿ
ਗਵਾਈ।।
ਵਿਣੁ ਨਾਵੈ ਕਿਛੁ ਥਾਇ ਨ ਪਾਈ।। ਰਹੈ ਬੇਬਾਣੀ ਮੜੀ ਮਸਾਣੀ।। ਅੰਧੁ ਨ ਜਾਣੈ
ਫਿਰਿ ਪਛੁਤਾਣੀ।।
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ।।
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ।।
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।।
ਛੋਡੀਲੇ ਪਾਖੰਡਾ।। ਨਾਮਿ ਲਇਐ ਜਾਹਿ ਤਰੰਦਾ।। ੧।।
ਮਃ ੧।। ਮਾਣਸ ਖਾਣੇ ਕਰਹਿ ਨਿਵਾਜ।। ਛੁਰੀ ਵਗਾਇਨਿ ਤਿਨ ਗਲਿ ਤਾਗ।।
ਤਿਨ ਘਰਿ ਬ੍ਰਹਮਣ ਪੂਰਹਿ ਨਾਦ।। ਉਨ੍ਹ੍ਹਾ ਭਿ ਆਵਹਿ ਓਈ ਸਾਦ।।
ਕੂੜੀ ਰਾਸਿ ਕੂੜਾ ਵਾਪਾਰੁ।। ਕੂੜੁ ਬੋਲਿ ਕਰਹਿ ਆਹਾਰੁ।।
ਸਰਮ ਧਰਮ ਕਾ ਡੇਰਾ ਦੂਰਿ।। ਨਾਨਕ ਕੂੜੁ ਰਹਿਆ ਭਰਪੂਰਿ।।
ਮਥੈ ਟਿਕਾ ਤੇੜਿ ਧੋਤੀ ਕਖਾਈ।। ਹਥਿ ਛੁਰੀ ਜਗਤ ਕਾਸਾਈ।।
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।। ਮਲੇਛ ਧਾਨੁ ਲੇ ਪੂਜਹਿ ਪੁਰਾਣੁ।।
ਅਭਾਖਿਆ ਕਾ ਕੁਠਾ ਬਕਰਾ ਖਾਣਾ।। ਚਉਕੇ ਉਪਰਿ ਕਿਸੈ ਨ ਜਾਣਾ।।
ਦੇ ਕੈ ਚਉਕਾ ਕਢੀ ਕਾਰ।। ਉਪਰਿ ਆਇ ਬੈਠੇ ਕੂੜਿਆਰ।।
ਮਤੁ ਭਿਟੈ ਵੇ ਮਤੁ ਭਿਟੈ।। ਇਹੁ ਅੰਨੁ ਅਸਾਡਾ ਫਿਟੈ।।
ਤਨਿ ਫਿਟੈ ਫੇੜ ਕਰੇਨਿ।। ਮਨਿ ਜੂਠੈ ਚੁਲੀ ਭਰੇਨਿ।।
ਕਹੁ ਨਾਨਕ ਸਚੁ ਧਿਆਈਐ।। ਸੁਚਿ ਹੋਵੈ ਤਾ ਸਚੁ ਪਾਈਐ।। ੨।।
ਏਸੇ ਬਿਖੜੇ ਸਮੇਂ ਤੇ ਗੁਰੁ ਨਾਨਕ ਦੀ ਆਚਰਣ ਦੀ ਸ਼ੁਧਤਾ ਤੇ ਇੱਕ ਪਰਮੇਸ਼ਵਰ ਦੀ ਗੱਲ ਕਿਸੇ ਨੂੰ
ਕਿਵੇਂ ਸਮਝ ਆਉਣੀ ਸੀ। ਕੋਈ ਵੀ ਗੁਰੂ ਨਾਨਕ ਦੀ ਬੋਲੀ ਨੂੰ ਨਹੀਂ ਸੀ ਜਾਣਦਾ। ਉਤੇ ਵਿਚਾਰੇ ਗਏ
ਪਹਿਲੇ ਸਿਧਾਂਤ ਮੁਤਾਬਿਕ ਗੁਰੁ ਨਾਨਕ ਨੇ ਸਿਖੀ ਦਾ ਪ੍ਰਚਾਰ ਇਨ੍ਹਾਂ ਲੋਕਾਂ ਦੇ ਵਿੱਚ ਹੀ ਕਰਣਾ ਸੀ
ਤੇ ਬੋਲੀ ਵੀ ਇਨ੍ਹਾਂ ਦੀ ਹੀ ਵਰਤੀ ਜਾਣੀ ਸੀ। ਗੁਰੁ ਨਾਨਕ ਨੂੰ ਇਨ੍ਹਾਂ ਦੀ ਬੋਲੀ ਵਿੱਚ ਮਹਾਰਤ ਵੀ
ਹਾਸਿਲ ਸੀ। ਸੋ ਗੁਰੁ ਨਾਨਕ ਇਨ੍ਹਾਂ ਲੋਕਾਂ ਵਿੱਚ ਵਿਚਰਦੇ ਹੋਏ, ਇਨ੍ਹਾਂ ਦੀ ਹੀ ਬੋਲੀ ਵਿੱਚ ਗੱਲ
ਆਪਣੀ ਕੀਤੀ।
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ।।
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ।। ੧।।
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ।।
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ।। ੨।।
ਮਹਾਭਾਰਤ ਦੀ ਕਹਾਣੀ ਮੁਤਾਬਿਕ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਦ੍ਰੋਪਦੀ ਦਾ ਜਦੋਂ ਰਾਜ ਸਭਾ
ਵਿੱਚ ਚਿਰਹਰਣ ਹੋ ਰਿਹਾ ਸੀ ਤਾਂ ਉਸਦੀ ਪੱਤ ਦੀ ਰਾਖੀ ਸ਼੍ਰੀ ਕ੍ਰਿਸ਼ਨ ਨੇ ਕੀਤੀ। ਪਰ ਉਤੇ ਦਿਤੇ
ਗੁਰਬਾਣੀ ਪ੍ਰਮਾਣ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦ੍ਰੌਪਦੀ ਦੀ ਇਜਤ ਦਾ ਰਾਖਾ ਰਾਮ ਨੂੰ ਦੱਸ ਰਹੇ
ਨੇ। ਇਥੇ ਸਵਾਲ ਇਹ ਉਭਰਦਾ ਹੈ ਕਿ ਗੁਰੁ ਸਾਹਿਬ ਮਹਾਭਾਰਤ ਦੀ ਕਹਾਣੀ ਵਿੱਚ ਰਾਮਾਇਣ ਦਾ ਕਿਰਦਾਰ
ਕਿਉਂ ਵਰਤ ਰਹੇ ਹਨ। ਇਥੇ ਰਾਮ ਰਾਮਾਇਣ ਵਾਲਾ ਰਾਮ ਨਹੀਂ ਹੈ। ਇਹ ਰਾਮ ਤੇ ਅਕਾਲ ਪੂਰਖ ਲਈ ਵਰਤਿਆ
ਗਿਆ ਹੈ। ਇਕ ਹੋਰ ਥਾਂ ਤੇ ਗੁਰੁ ਨਾਨਕ ਸਾਹਿਬ ਮਹਾਭਾਰਤ ਦੀ ਕਥਾ ਦੇ ਮੁਖ ਵਿਲੇਨ ਦੁਰਜੋਧਨ ਲਈ ਆਖ
ਰਹੇ ਹਨ ਕਿ ਉਸ ਨੇ ਰਾਮ ਨਾਮ ਨਹੀਂ ਜਪਿਆ, ਜਿਸ ਕਰਕੇ ਉਸ ਨੂੰ ਆਪਣੀ ਪਤਿ ਗਵਾਣੀ ਪਈ:-
ਬੂਡਾ ਦੁਰਜੋਧਨ ਪਤਿ ਖੋਈ।। ਰਾਮੁ ਨ ਜਾਨਿਆ ਕਰਤਾ ਸੋਈ।।
ਜਨ ਕਉ ਦੂਖਿ ਪਚੈ ਦੁਖੁ ਹੋਈ।। ੯।।
ਇਥੇਂ ਗੁਰੁ ਸਾਹਿਬ ਆਮ ਲੋਕਾਈ ਵਿੱਚ ਫੈਲੇ ਅਧਿਆਤਮਕ ਗਿਆਨ ਦੀ ਵਰਤੋਂ ਸਿੱਖੀ ਸਿਧਾਂਤ ਨੂੰ
ਸਮਝਾਉਣ ਲਈ ਕਰ ਰਹੇ ਹਨ। ਇਸਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਗੁਰੁ ਸਾਹਿਬ ਕਿਸੇ ਦੇਵੀ ਦੇਵਤੇ
ਉਪਰ ਆਪਣੀ ਆਸਥਾ ਰੱਖ ਰਹੇ ਹਨ। ਉਹ ਤਾਂ ਕੇਵਲ ਆਮ ਜਨਮਾਨਸ ਵਿੱਚ ਪ੍ਰਚਲਤ ਬੋਲੀ, ਕਥਾ ਕਹਾਣੀਆਂ ਤੇ
ਅਧਿਆਤਮਕ ਗਿਆਨ ਦੀ ਵਰਤੋਂ ਕਰ ਰਹੇ ਹਨ। ਗੁਰੁ ਸਾਹਿਬਾਨਾਂ ਵਲੋਂ ਕੇਵਲ ਹਿੰਦੂ ਮਤ ਦੇ ਹੀ ਉਦਾਹਰਣ
ਨਹੀਂ ਦਿਤੇ। ਇਸਲਾਮ, ਜੈਨ ਆਦਿਕ ਹੋਰ ਮਤਾਂ ਤੇ ਭੀ ਗੱਲ ਕੀਤੀ:-
ਇਸਲਾਮ
ਮਾਰੂ ਮਹਲਾ ੫।। ਅਲਹ ਅਗਮ ਖੁਦਾਈ ਬੰਦੇ।। ਛੋਡਿ ਖਿਆਲ ਦੁਨੀਆ ਕੇ ਧੰਧੇ।।
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ।। ੧।। ਸਚੁ ਨਿਵਾਜ
ਯਕੀਨ ਮੁਸਲਾ।।
ਮਨਸਾ ਮਾਰਿ ਨਿਵਾਰਿਹੁ ਆਸਾ।। ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ
ਖਰਾ।। ੨।।
ਸਰਾ ਸਰੀਅਤਿ ਲੇ ਕੰਮਾਵਹੁ।। ਤਰੀਕਤਿ ਤਰਕ ਖੋਜਿ ਟੋਲਾਵਹੁ।।
ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ।। ੩।।
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ।। ਦਸ ਅਉਰਾਤ ਰਖਹੁ ਬਦ ਰਾਹੀ।।
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ।। ੪।। ਮਕਾ ਮਿਹਰ ਰੋਜਾ
ਪੈ ਖਾਕਾ ।।
ਭਿਸਤੁ ਪੀਰ ਲਫਜ ਕਮਾਇ ਅੰਦਾਜਾ।। ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ
ਹੁਜਰਾ।। ੫।।
ਸਚੁ ਕਮਾਵੈ ਸੋਈ ਕਾਜੀ।। ਜੋ ਦਿਲੁ ਸੋਧੈ ਸੋਈ ਹਾਜੀ।।
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ।। ੬।।
ਸਭੇ ਵਖਤ ਸਭੇ ਕਰਿ ਵੇਲਾ।। ਖਾਲਕੁ ਯਾਦਿ ਦਿਲੈ ਮਹਿ ਮਉਲਾ।।
ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ।। ੭।।
ਦਿਲ ਮਹਿ ਜਾਨਹੁ ਸਭ ਫਿਲਹਾਲਾ।। ਖਿਲਖਾਨਾ ਬਿਰਾਦਰ ਹਮੂ ਜੰਜਾਲਾ।।
ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ।। ੮।।
ਅਵਲਿ ਸਿਫਤਿ ਦੂਜੀ ਸਾਬੂਰੀ।। ਤੀਜੈ ਹਲੇਮੀ ਚਉਥੈ ਖੈਰੀ।।
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ।। ੯।।
ਸਗਲੀ ਜਾਨਿ ਕਰਹੁ ਮਉਦੀਫਾ।। ਬਦ ਅਮਲ ਛੋਡਿ ਕਰਹੁ ਹਥਿ ਕੂਜਾ।।
ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ।। ੧੦।।
ਹਕੁ ਹਲਾਲੁ ਬਖੋਰਹੁ ਖਾਣਾ।। ਦਿਲ ਦਰੀਆਉ ਧੋਵਹੁ ਮੈਲਾਣਾ।।
ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ।। ੧੧।।
ਕਾਇਆ ਕਿਰਦਾਰ ਅਉਰਤ ਯਕੀਨਾ।। ਰੰਗ ਤਮਾਸੇ ਮਾਣਿ ਹਕੀਨਾ।।
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ।। ੧੨।।
ਮੁਸਲਮਾਣੁ ਮੋਮ ਦਿਲ ਹੋਵੈ।। ਅੰਤਰ ਕੀ ਮਲੁ ਦਿਲ ਤੇ ਧੋਵੈ।।
ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ।। ੧੩।।
ਜਾ ਕਉ ਮਿਹਰ ਮਿਹਰ ਮਿਹਰਵਾਨਾ।। ਸੋਈ ਮਰਦੁ ਮਰਦੁ ਮਰਦਾਨਾ।।
ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ।। ੧੪।।
ਕੁਦਰਤਿ ਕਾਦਰ ਕਰਣ ਕਰੀਮਾ।। ਸਿਫਤਿ ਮੁਹਬਤਿ ਅਥਾਹ ਰਹੀਮਾ।।
ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ।। ੧੫।।
ਜੈਨ ਧਰਮ
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ।।
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰ
Øੀ
ਵਾਈਐ।।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। ੧।। ਗਲੀ ਜੋਗੁ ਨ ਹੋਈ
।।
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।। ੧।। ਰਹਾਉ।।
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ।।
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ।।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। ੨।।
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ।।
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ।।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। ੩।।
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ।।
ਵਾਜੇ ਬਾਝਹੁ ਸਿਙੀ ਵਾਜੈ ਤਉ ਨਿਰਭਉ ਪਦੁ ਪਾਈਐ ।।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ।। ੪।। ੧।। ੮।।
ਗੁਰੁ ਸਾਹਿਬ ਨੇ ਸਦਾ ਹੀ ਇੱਕ ਪਰਮਾਤਮਾ ਦੀ ਬੰਦਗੀ, ਆਚਰਣ ਦੀ ਉਚਤਾ ਤੇ ਸ਼ੁਧਤਾ ਦਾ ਉਪਦੇਸ਼
ਕਰਦੇ ਹੋਏ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੀ ਹੀ ਸਿਖਿਆ ਦਿਤੀ। ਉਨ੍ਹਾਂ ਕਦੀ ਭੀ ਹਿੰਦੂ ਦੇਵੀ
ਦੇਵਤਿਆ ਤੇ ਵਿਸ਼ਵਾਸ ਨਹੀਂ ਕੀਤਾ। ਜੇ ਗੁਰੁ ਸਾਹਿਬ ਵਿਸ਼ਵਾਸ ਕਰਦੇ ਤਾਂ ਗੁਰੁ ਸਾਹਿਬ ਇਹ ਸਾਰੇ ਸ਼ਬਦ
ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਕਿਉ ਦਰਜ ਕਰਦੇ:-
ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ।।
ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ।। ੨।।
ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ।।
ਤਿਨ੍ਹ੍ਹ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ।। ੩।।
ਕੋਟਿ ਸੂਰ ਜਾ ਕੈ ਪਰਗਾਸ।।
ਕੋਟਿ ਮਹਾਦੇਵ ਅਰੁ ਕਬਿਲਾਸ।।
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ।।
ਬ੍ਰਹਮਾ ਕੋਟਿ ਬੇਦ ਉਚਰੈ।। ੧।।
ਜਉ ਜਾਚਉ ਤਉ ਕੇਵਲ ਰਾਮ।।
ਆਨ ਦੇਵ ਸਿਉ ਨਾਹੀ ਕਾਮ।। ੧।। ਰਹਾਉ।।
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ।।
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ।। ੧।।
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ।।
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ।। ੨।।
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।।
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। ੩।।
ਭੈਰਉ ਭੂਤ ਸੀਤਲਾ ਧਾਵੈ।। ਖਰ ਬਾਹਨੁ ਉਹੁ ਛਾਰੁ ਉਡਾਵੈ।। ੧।।
ਹਉ ਤਉ ਏਕੁ ਰਮਈਆ ਲੈਹਉ।। ਆਨ ਦੇਵ ਬਦਲਾਵਨਿ ਦੈਹਉ।। ੧।। ਰਹਾਉ।।
ਸਿਵ ਸਿਵ ਕਰਤੇ ਜੋ ਨਰੁ ਧਿਆਵੈ।। ਬਰਦ ਚਢੇ ਡਉਰੂ ਢਮਕਾਵੈ।। ੨।।
ਮਹਾ ਮਾਈ ਕੀ ਪੂਜਾ ਕਰੈ।। ਨਰ ਸੈ ਨਾਰਿ ਹੋਇ ਅਉਤਰੈ।। ੩।।
ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। ੪।।
ਦੇਵੀ ਦੇਵਤੇ ਦੀ ਹੋਂਦ ਦਾ ਮਸਲਾ ਸਾਡਾ ਹੈ ਹੀ ਨਹੀਂ। ਇਸਦਾ ਨਿਰਣਾ ਤਾਂ ਹਿੰਦੂ ਵੀਰਾਂ ਨੇ
ਕਰਣਾ ਹੈ। ਸਾਡੇ ਲਈ ਅਸਲੀ ਵਿਸ਼ਾ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਦੇਵੀ ਦੇਵਤਿਆਂ ਦੇ ਜੀਵਨ ਰਾਹੀਂ
ਗੁਰੁ ਸਾਹਿਬ ਸਾਨੂੰ ਜੋ ਉਪਦੇਸ਼ ਕਰਦੇ ਹਨ, ਉਸ ਮੁਤਾਬਿਕ ਸਾਡਾ ਜੀਵਨ ਚਲ ਰਿਹਾ ਹੈ ਜਾਂ ਨਹੀਂ। ਜੇ
ਅਸੀਂ ਗੁਰਬਾਣੀ ਦੇ ਉਪਦੇਸ਼ ਤੋਂ ਸਖਣੇ ਰਹਿ ਗਏ ਤਾਂ ਨਿਸ਼ਚਿਤ ਹੀ ਅਸੀਂ ਵੀ ਇਸੇ ਸ਼੍ਰੇਣੀ ਵਿੱਚ ਹੀ
ਹੋਵਾਗੇ:-
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ।। ਦੁਹਾਂ ਤੇ ਗਿਆਨੀ ਸਿਆਣਾ ।।