ਵਿਸਾਖੀ ਤੇ ਵਿਸ਼ੇਸ਼:
ਖਾਲਸਾ ਪੰਥ ਕਿਧਰ ਨੂੰ…?
-ਮਹਿੰਦਰ ਸਿੰਘ ਚਚਰਾੜੀ, ਮੋਬਾਈਲ ਨੰ: 91- 98148-90308
1699 ਈ. ਵੈਸਾਖੀ ਸਿੱਖ ਸਮਾਜ ਲਈ ਮਹੱਤਵਪੂਰਨ ਇਸ ਕਰਕੇ ਮੰਨੀ ਜਾਂਦੀ ਹੈ
ਕਿਉਂਕਿ ਇਸ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ `ਤੇ ਖਾਲਸਾ
ਪੰਥ (ਸ਼ਸਤਰਧਾਰੀ ਖਾਲਸਾ ਫੌਜ) ਦੀ ਸਾਜਨਾ ਕੀਤੀ ਸੀ। ਖਾਲਸਾ ਪੰਥ `ਚ ਸ਼ਾਮਿਲ ਹੋਏ ਲੋਕ ਗੁਰੂ ਨਾਨਕ
ਸਾਹਿਬ ਜੀ ਦੇ ਵੇਲੇ ਤੋਂ ਸਿੱਖ ਗੁਰੂ ਸਾਹਿਬਾਨ ਦੇ ਸ਼ਰਧਾਲੂ ਚੱਲੇ ਆ ਰਹੇ ਸਨ। ਖਾਲਸਾ ਪੰਥ ਦੀ
ਸਾਜਨਾ ਨਾਲ ਸਿੱਖੀ ਦੇ ਪੈਰੋਕਾਰਾਂ `ਚ ਜਥੇਬੰਦਕ ਇਕਰੂਪਤਾ ਆਈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ
ਨੂੰ ਵਿਸ਼ੇਸ਼ ਬਾਣਾ ਬਖਸ਼ਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿਕੇ ਪੰਥ ਦਾ ਵਾਧਾ ਕਰਨ ਦੀ
ਤਾਕੀਦ ਕੀਤੀ। 1699 ਈ. ਸੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿੱਚ ਹੋਏ ਇਕੱਠ `ਚੋਂ ਉੱਠੇ ਪੰਜ
ਪਿਆਰਿਆਂ ਤੋਂ ਖੰਡੇ-ਬਾਟੇ ਦੀ ਪਾਹੁਲ ਲੈ ਕੇ ਗੁਰੂ ਸਾਹਿਬ ਨੇ ‘ਗੁਰੂ ਚੇਲੇ’ ਦਾ ਫਰਕ ਮਿਟਾ ਦਿੱਤਾ
ਅਤੇ ‘ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮਹਿ ਹਉ ਕਰਉਂ ਨਿਵਾਸ॥’ ਕਹਿਕੇ ਖਾਲਸਾ ਪੰਥ ਨੂੰ ਗੁਰਿਆਈ
ਬਖਸ਼ੀ। ਇਸਦਾ ਜ਼ਿਕਰ ਗੁਰੂ ਸਾਹਿਬ ਦੇ ਨਿਕਟਵਰਤੀ ਸਿੱਖ ਭਾਈ ਪ੍ਰਹਿਲਾਦ ਸਿੰਘ ਨੇ ਆਪਣੇ ਰਹਿਤਨਾਮੇ
ਵਿੱਚ ਇੰਝ ਦਰਜ ਕੀਤਾ ਹੈ:
ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ॥
ਜੋ ਸਿੱਖ ਮੋ ਮਿਲਬੇ ਚਹਿਹ ਖੋਜ ਇਨਹੁ ਮਹਿ ਲੇਹ॥
ਭਾਵ: ਖਾਲਸਾ ਪੰਥ ਗੁਰੂ ਦੀ ਪ੍ਰਗਟ ਦੇਹ ਹੈ। ਜਿਹੜਾ ਸਿੱਖ ਮੈਨੂੰ ਮਿਲਣਾ
ਚਾਹੇ ਉਹ ਮੈਨੂੰ ਖਾਲਸੇ ਵਿਚੋਂ ਖੋਜ ਲਵੇ। ਇਸੇ ਕਰਕੇ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ
ਅਖਾਣ ਪ੍ਰਚਲਤ ਹੋਇਆ ਸੀ।
ਖਾਲਸਾ ਪੰਥ ਦੀ ਸਿਰਜਣਾ ਮਗਰੋਂ ਸਦੀਆਂ ਤੋਂ ਬ੍ਰਾਹਮਣਵਾਦ ਦੀ ਗ਼ੁਲਾਮ ਚੱਲੀ
ਆ ਰਹੀ ਲੋਕਾਈ ਸਰੂਪ ਤੇ ਸਿਧਾਂਤ ਪੱਖੋਂ ਆਜ਼ਾਦ ਹੋ ਗਈ। ਨਿਆਰਾ ਸਰੂਪ ਅਤੇ ਸਿਧਾਂਤ ਹਾਸਲ ਕਰ ਖਾਲਸਾ
ਪੰਥ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ 14 ਜੰਗਾਂ ਜ਼ਬਰ, ਜ਼ੁਲਮ ਅਤੇ ਬੇਇਨਸਾਫੀ ਵਿਰੁੱਧ
ਲੜੀਆਂ। ‘ਰਾਜ ਕਰੇਗਾ ਖਾਲਸਾ’ ਦੀ ਧਾਰਨਾ ਪੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ ਆਈ,
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਲੋਹਗੜ੍ਹ ਦੇ ਮੁਕਾਮ `ਤੇ ਖਾਲਸਾਈ ਕਦਰਾਂ-ਕੀਮਤਾਂ
ਲਾਗੂ ਕੀਤੀਆਂ। ਅਠਾਰ੍ਹਵੀਂ ਸਦੀ ਦੇ ਸੰਘਰਸ਼ਾਂ/ਘੱਲੂਘਾਰਿਆਂ ਨੇ ਖਾਲਸਾ ਪੰਥ ਨੂੰ ਸਿਧਾਂਤਕ ਵਿਕਾਸ
ਦਾ ਬੇਪਨਾਹ ਮੌਕਾ ਦਿੱਤਾ। ਅਠਾਰ੍ਹਵੀਂ ਸਦੀ ਦੇ ਸੰਘਰਸ਼ਾਂ ਅਤੇ ਘੱਲੂਘਾਰਿਆਂ ਮਗਰੋਂ ਕੁੰਦਨ ਹੋ ਕੇ
ਨਿੱਤਰਿਆ ਖਾਲਸਾ ਪੰਥ ਜ਼ਾਹਰਾ ਰੂਪ ਵਿੱਚ ‘ਰਾਜ ਕਰਨ’ ਦੇ ਯੋਗ ਹੋ ਗਿਆ ਸੀ। ਖਾਲਸਾ ਪੰਥ ਦੀ ਰਾਜ
ਕਰਨ ਦੀ ਰੀਝ ਪੂਰੀ ਹੋਈ, ਪਰ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾਈ ਰਾਜ ਨੂੰ ਇੱਕ ਪੁਰਖੀ ਰਾਜ ਬਣਾਉਣ
ਦੀ ਲਾਲਸਾ ਅਧੀਨ ਬ੍ਰ੍ਰਾਹਮਣਾਂ ਤੇ ਡੋਗਰਿਆਂ ਮਗਰ ਲੱਗ ਕੇ ਖਾਲਸਾਈ ਕਦਰਾਂ ਕੀਮਤਾਂ/ਰਵਾਇਤਾਂ ਦੇ
ਪ੍ਰਤੀਕ ‘ਸਰਬੱਤ ਖਾਲਸਾ’ ਸਮਾਗਮ ਬੰਦ ਕਰ ਦਿੱਤੇ। (ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ‘ਸਰਬੱਤ
ਖਾਲਸਾ ਸਮਾਗਮ’ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਮਿਸਲਾਂ ਵੇਲੇ ਹੀ ਬੰਦ ਹੋ ਗਏ ਸਨ।
ਇਸ ਸਬੰਧੀ ਹੋਰ ਖੋਜ ਦੀ ਲੋੜ ਹੈ)।
ਮਹਾਰਾਜਾ ਰਣਜੀਤ ਸਿੰਘ ਨੇ ਰਾਜਗੱਦੀ `ਤੇ ਬੈਠਦਿਆਂ ਹੀ ਖਾਲਸਈ
ਕਦਰਾਂ-ਕੀਮਤਾਂ ਦਾ ਗਲਾ ਘੁੱਟ ਦਿੱਤਾ। ਪਿਛਲੇ ਸੰਘਰਸ਼ਾਂ ਵਿੱਚ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਨੂੰ
ਵਿਸਾਰਨ ਦੀ ਨੀਤੀ ਅਪਨਾਕੇ ਆਪਣੀ ਹਕੂਮਤ ਵਿੱਚ ਹਿੰਦੂ ਵਜ਼ੀਰ ਭਰਤੀ ਕਰ ਲਏ। ਆਖਰ ਇਹ ਹਿੰਦੂ ਵਜ਼ੀਰ
ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਭੋਗ ਪਾਉਣ ਦਾ ਸਬੱਬ ਬਣੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ
ਖਤਮ ਹੋਣ ਮਗਰੋਂ ਖਾਲਸਾ ਪੰਥ ਦਾ ਜਥੇਬੰਦਕ ਢਾਂਚਾ ਖਿੰਡਰ ਪੁੰਡਰ ਗਿਆ। ਹਾਲਤ ਇਥੋਂ ਤਕ ਨਿੱਘਰ ਗਈ
ਕਿ ਹਰਿਮੰਦਰ ਸਾਹਿਬ ਦੀ ਫਿਜ਼ਾ ਵਿੱਚ ਬ੍ਰਾਹਮਣਵਾਦ ਦੀਆਂ ਟੱਲੀਆਂ ਸਵੇਰੇ ਸ਼ਾਮ ਖੜਕਣ ਲੱਗੀਆਂ। ਆਮ
ਸਿੱਖ ਸਮਾਜ ਵਿੱਚ ਵੀ ਹਿੰਦੂ ਦੇਵੀ ਦੇਵਤਿਆਂ ਦੀ ਆਰਾਧਨਾ ਸ਼ੁਰੂ ਹੋ ਗਈ ਅਤੇ ਸਿੱਖ, ਮੰਦਰਾਂ ਦੀਆਂ
ਮੂਰਤੀਆਂ ਅੱਗੇ ਖਲੋਕੇ ਅਰਦਾਸਾਂ ਕਰਨ ਲੱਗ ਪਏ। ਅਰਦਾਸ ਕਰਨ ਦੀ ਪ੍ਰਵਿਰਤੀ ਇਥੋਂ ਤਕ ਪ੍ਰਬਲ ਹੋ ਗਈ
ਕਿ ਅੰਗਰੇਜ਼ਾਂ ਦਾ ਸਿੱਧਾ ਮੁਕਾਬਲਾ ਕਰਨ ਨਾਲੋਂ ਸਿੱਖ, ਅਰਦਾਸਾਂ ਕਰਕੇ ਹੀ ਡੰਗ ਟਪਾਉਣ ਲੱਗੇ।
(ਯਾਦ ਰਹੇ ਕਾਰਜ ਦੀ ਆਰੰਭਤਾ ਸਮੇਂ ਕਾਰਜ ਦੀ ਸਫਲਤਾ ਲਈ ਅਰਦਾਸ ਕਰਨੀ ਤਾਂ ਗੁਰਮਤਿ ਅਨੁਕੂਲ ਹੈ,
ਪਰ ਸਿਰਫ ਅਰਦਾਸ ਕਰਕੇ ਬਹਿ ਜਾਣਾ ਖਾਲਸਾਈ ਸਿਧਾਂਤ ਨਹੀਂ!)
ਸਿੱਖਾਂ ਵਿੱਚ ਆਈ ਸਿਧਾਂਤਕ ਗਿਰਾਵਟ ਦੂਰ ਕਰਨ ਲਈ ਗਿਆਨੀ ਦਿੱਤ ਸਿੰਘ ਅਤੇ
ਪ੍ਰੋ. ਗੁਰਮੁਖ ਸਿੰਘ ਜਿਹੇ ਰਹਿਣੀ ਬਹਿਣੀ ਦੇ ਪਰਪੱਕ ਸਿੱਖਾਂ ਦੀ ਬਦੌਲਤ ‘ਸਿੰਘ ਸਭਾ ਲਹਿਰ’
ਚੱਲੀ। ‘ਸਿੰਘ ਸਭਾ ਲਹਿਰ’ ਦੇ ਸਿੱਟੇ ਵਜੋਂ ਪੰਥ ਵਿੱਚ ਸਿਧਾਂਤਕ ਜਾਗਰੂਕਤਾ ਆਈ, ਜਿਸ ਸਦਕਾ ਸੰਨ
1917 ਦੇ ਕਰੀਬ ‘ਗੁਰਦੁਆਰਾ ਸੁਧਾਰ ਲਹਿਰ’ ਚੱਲੀ। ‘ਗੁਰਦੁਆਰਾ ਸੁਧਾਰ ਲਹਿਰ’ ਦੌਰਾਨ ਪੰਥ ਨੇ
ਇਤਿਹਾਸਕ ਗੁਰਦੁਆਰੇ ਸੰਤਾਂ/ਮਹੰਤਾਂ ਕੋਲੋਂ ਆਜ਼ਾਦ ਕਰਵਾਏ ਅਤੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ’ ਬਣਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਪੰਥ ਦੀ ਜਥੇਬੰਦਕ ਤਾਕਤ ਮਜ਼ਬੂਤ
ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। 1947 ਵਿੱਚ ਭਾਰਤ ਆਜ਼ਾਦ ਹੋਣ ਤਕ ਤਾਂ ਇਹ ਦੋਨੋਂ
ਸੰਸਥਾਵਾਂ ਠੀਕ ਚੱਲੀਆਂ। ਦਿੱਲੀ ਦਰਬਾਰ ਨੇ ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਰਾਹੀਂ ‘ਸਾਕਾ ਨੀਲਾ
ਤਾਰਾ’ ਕਰਵਾ ਦਿੱਤਾ। ਇਸ ਮਗਰੋਂ ਖਾਲਸਾ ਪੰਥ ਅਜੋਕੀ ਸਥਿਤੀ ਤਕ ਆ ਪਹੁੰਚਾ ਹੈ। ਸ਼੍ਰੋਮਣੀ ਅਕਾਲੀ
ਦਲ, ‘ਪੰਜਾਬੀ ਦਲ’ ਬਣ ਚੁੱਕਾ ਹੈ ਅਤੇ ਸ਼੍ਰੋਮਣੀ ਕਮੇਟੀ, ‘ਬਾਦਲੀ ਕਮੇਟੀ’ ਬਣਕੇ ਰਹਿ ਗਈ ਹੈ।
ਪੰਥਕ ਰਵਾਇਤਾਂ ਗਾਇਬ ਹਨ। ਤਖਤਾਂ ਦੇ ਜਥੇਦਾਰਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹਨ। ਪਰ ਉਹ
ਢੀਠ ਸਿਆਸਤਦਾਨਾਂ ਵਾਂਗ ਜਥੇਦਾਰੀ ਨੂੰ ਜੱਫਾ ਮਾਰੀ ਬੈਠੇ ਹਨ।
ਅੱਜ ਖਾਲਸਾ ਪੰਥ ਉਪਰ ਬ੍ਰਾਹਮਣਵਾਦ ਨੇ ਆਪਣਾ ਚੰਗਾ ਸ਼ਿਕੰਜਾ ਕੱਸ ਲਿਆ ਹੈ।
ਸਰੂਪ ਤੇ ਸਿਧਾਂਤ ਪੱਖੋਂ ਪੰਥ `ਤੇ ਰਸਮੀਕਰਣ ਭਾਰੂ ਹੈ। ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਪੰਜ
ਕਕਾਰੀ ਵਰਦੀ ਬਖਸ਼ਿਸ਼ ਕੀਤੀ ਸੀ, ਤਾਂ ਜੋ ‘ਬਿਪਰਨ ਕੀਆ ਰੀਤਾਂ’ ਤੋਂ ਖਾਲਸਾ ਮਨ ਅਤੇ ਸਰੀਰ ਕਰਕੇ
ਮੁਕਤ ਰਹਿ ਸਕੇ। ਪਰ ਅੱਜ ‘ਬਿਪਰਨ ਦੀਆਂ ਰੀਤਾਂ’ ਕਾਰਨ ਪੰਜ ਕਕਾਰੀ ਰਹਿਤ ਖੰਡਿਤ ਹੋ ਰਹੀ ਹੈ। ਕਈ
‘ਭੱਦਰਪੁਰਸ਼’ ਕੇਸਾਂ ਨੂੰ ਕਕਾਰ ਹੀ ਨਹੀਂ ਮੰਨਦੇ, ਸਗੋਂ ‘ਕੇਸਕੀ’ ਨੂੰ ਕਕਾਰ ਦੱਸਦੇ ਹਨ। ਇਸੇ
ਤਰ੍ਹਾਂ ਕੰਘੇ ਸਬੰਧੀ ਕਈਆਂ ਦੀ ਧਾਰਨਾ ਹੈ ਕਿ ਇਹ ਕਾਠ ਦਾ ਹੀ ਹੋਵੇ, ਜਦਕਿ ਰਹਿਤ ਮਰਿਯਾਦਾ
ਮੁਤਾਬਕ ਕੋਈ ਵੀ ਕੰਘਾ ਹੋ ਸਕਦਾ ਹੈ। ਕੜੇ ਸਬੰਧੀ ਵੀ ਮਤਭੇਦ ਪੈਦਾ ਕੀਤੇ ਜਾ ਰਹੇ ਹਨ। ਕਛਹਿਰੇ
ਸਬੰਧੀ ਵੀ ਵੱਖ ਵੱਖ ਧਾਰਨਾਵਾਂ ਪ੍ਰਚੱਲਤ ਕੀਤੀਆਂ ਜਾ ਰਹੀਆਂ ਹਨ। ਨਿਹੰਗ ਜਥੇ, ਕਛਹਿਰੇ ਗੋਡੇ ਤੋਂ
ਹੇਠਾਂ ਤਕ ਰੱਖਣ ਦੀ ਗੱਲ ਕਹਿੰਦੇ ਹਨ, ਟਕਸਾਲ ਵਾਲੇ ਗੋਡਿਆਂ ਤੋਂ ਉਪਰ ਰੱਖਣ ਦੀ ਹਦਾਇਤ ਕਰਦੇ ਹਨ।
ਜਦਕਿ ਰਹਿਤ ਮਰਿਯਾਦਾ ਮੁਤਾਬਕ ਇਹ ਸਿਰਫ ਸੁਚੱਜਤਾ ਨਾਲ ਨੰਗ ਢੱਕਣ ਲਈ ਹੈ ਕਿਉਂਕਿ ਖਾਲਸਾ ਪੰਥ ਦੀ
ਸਾਜਨਾ ਤੋਂ ਪਹਿਲਾਂ ਵਧੇਰੇ ਲੋਕ ਕੱਛਾ ਘੱਟ ਪਹਿਨਦੇ ਸਨ, ਧੋਤੀ/ਲੰਗੋਟ ਅਤੇ ਚਾਦਰੇ ਵੱਧ ਬੰਨ੍ਹਦੇ
ਸਨ। ਖਾਲਸੇ ਨੂੰ ਕਿਉਂਕਿ ਫੌਜੀ ਸਰੂਪ ਦਿੱਤਾ ਗਿਆ ਸੀ, ਇਸ ਲਈ ਲੜਾਈ ਦੇ ਮੈਦਾਨ ਵਿੱਚ ਕਛਹਿਰਾ
ਪਹਿਨਣਾ ਧੋਤੀਆਂ, ਲੰਗੋਟਾਂ, ਤੰਬਿਆਂ, ਲੁੰਗੀਆਂ ਤੋਂ ਵਧੀਆ ਸੀ। ਕ੍ਰਿਪਾਨ ਸਬੰਧੀ ਇਕਰੂਪਤਾ ਨਜ਼ਰ
ਨਹੀਂ ਆਉਂਦੀ। ਜਿਥੇ ਇੱਕ ਵਰਗ ਕਿਰਪਾਨ ਸਾਢੇ ਤਿੰਨ ਫੁੱਟੀ ਰੱਖਣ ਦੀ ਵਕਾਲਤ ਕਰਦਾ ਹੈ, ਉਥੇ ਕਈ
ਮਹਾਂਪੁਰਸ਼ ‘ਡੋਰੀ ਵਾਲੀ ਕ੍ਰਿਪਾਨ’ ਦੇ ਹੀ ਧਾਰਨੀ ਹੋ ਤੁਰੇ ਹਨ, ਜੋ ਕ੍ਰਿਪਾਨ (ਸ਼ਸਤਰ) ਦੀ
ਸਾਰਥਿਕਤਾ ਖਤਮ ਕਰਕੇ ਜਨੇਊ (ਧਾਰਮਿਕ ਚਿੰਨ੍ਹ) ਦਾ ਰੂਪ ਧਾਰ ਰਿਹਾ ਹੈ। ਜਦਕਿ ਗੁਰੂ ਸਾਹਿਬ ਨੇ
‘ਕ੍ਰਿਪਾਨ’ ਜ਼ਬਰ ਜ਼ੁਲਮ ਦਾ ਮੁਕਾਬਲਾ ਕਰਨ ਲਈ ਮੁਢਲੇ ਸ਼ਸਤਰ ਵਜੋਂ ਪਹਿਨਾਈ ਸੀ। ਪੁਰਾਤਨ
ਰਹਿਤਨਾਮਿਆਂ `ਚ ਇਸ ਸਬੰਧੀ ਸਪੱਸ਼ਟ ਜ਼ਿਕਰ ਹੈ:
ਸ਼ਸਤ੍ਰਹੀਨ ਇਹ ਕਬਹੂ ਨ ਹੋਈ॥
ਰਹਿਤਵੰਤ ਖਾਲਸ ਹੈ ਸੋਈ (ਰਹਿਤਨਾਮਾ ਭਾਈ ਦੇਸਾ ਸਿੰਘ)
ਖਾਲਸਾ ਪੰਥ ਦਾ ਸਰੂਪ ਵਿਗੜਨ ਦੇ ਨਾਲ ਨਾਲ ਸਿਧਾਂਤਾਂ ਦਾ ਵੀ ਸਰਲੀਕਰਣ
ਹੋਣਾ ਸ਼ੁਰੂ ਹੋ ਗਿਆ ਹੈ। ਅਠਾਰਵੀਂ ਸਦੀ ਦੇ ਸੰਘਰਸ਼ਾਂ ਵੇਲੇ ਖਾਲਸਾ ਗੁਰਬਾਣੀ ਨਾਲ ਜੁੜੇ ਰਹਿਣ ਦੀ
ਭਾਵਨਾ ਤਹਿਤ ਲਗਾਤਾਰ ਪਾਠ (ਸ਼ਾਇਦ ਅਖੰਡ ਪਾਠ) ਕਰ ਲਿਆ ਕਰਦਾ ਸੀ। ਪਰ ਉਸ ਮਗਰੋਂ
ਸੰਤਾਂ/ਮਹੰਤਾਂ/ਬਾਬਿਆਂ/ਬ੍ਰਹਮਗਿਆਨੀਆਂ ਨੇ ਸਿੱਖ ਮਨਾਂ `ਤੇ ਅਖੰਡ ਪਾਠ ਦਾ ਐਸਾ ਮਹਾਤਮ ਬਿਠਾ
ਦਿੱਤਾ ਕਿ ਅੱਜ ਕਈ ਸੰਪਰਦਾਵਾਂ ਨੇ ਅਖੰਡ ਪਾਠਾਂ ਦੀਆਂ ਇਕੋਤਰੀਆਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ।
ਜਦਕਿ ਅਖੰਡ ਪਾਠਾਂ ਸਬੰਧੀ ਗੁਰਮਤਿ ਨਜ਼ਰੀਆ ਬੜਾ ਸਪੱਸ਼ਟ ਹੈ:
ਪੰਡਤ ਵਾਚਹਿ ਪੋਥੀਆ ਨਾ ਬੁਝੈ ਵੀਚਾਰੁ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਪਾਰੁ॥
ਅਖੰਡ ਪਾਠਾਂ ਦਾ ਵਪਾਰ ਚਲਾਉਣ ਵਾਲਿਆਂ ਨੇ ਅੱਗੋਂ ਕਮਾਈ ਵਧਾਉਣ ਲਈ ਸੰਪਟ
ਪਾਠ, ਸਪਤਾਹਿਕ ਪਾਠ, ਸਹਿਜ ਪਾਠ, ਡੀਲਕਸ ਪਾਠ, ਸੁਪਰ ਡੀਲਕਸ ਪਾਠ ਤੋਰ ਲਏ। ਜਦਕਿ ਗੁਰਮਤਿ ਦਾ
ਨਜ਼ਰੀਆ ਹੈ:
ਪੜ੍ਹਿਆ ਅਤੇ ਓਮੀਆ ਵੀਚਾਰੁ ਅਗੈ ਵੀਚਾਰੀਐ॥ (ਆਸਾ ਦੀ ਵਾਰ)
ਨਾਨਕ ਮਤੀਂ ਮਿਥਿਆ ਕਰਮ ਸਚਾ ਨੀਸਾਣੁ॥ (ਆਸਾ ਦੀ ਵਾਰ)
ਪ੍ਰਚਾਰਕਾਂ, ਪੁਜਾਰੀਆਂ ਦੀ ਇਸ ਸ਼੍ਰੇਣੀ ਨੇ ਖਾਲਸਾ ਪੰਥ ਦਾ ਸਿਧਾਂਤਕ ਮੂੰਹ
ਮੁਹਾਂਦਰਾ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਪ੍ਰਚਾਰਕਾਂ, ਪੁਜਾਰੀਆਂ ਦੀ ਇਸ ਸ਼੍ਰੇਣੀ ਨੇ ਅੱਗੋਂ
ਪਾਠੀਆਂ ਤੋਂ ਬਾਬੇ ਅਤੇ ਬਾਬਿਆਂ ਤੋਂ ਬ੍ਰਹਮਗਿਆਨੀ ਸਿਰਜਣੇ ਸ਼ੁਰੂ ਕੀਤੇ ਹੋਏ ਹਨ ਅਤੇ ਇਹ ਸਿਲਸਿਲਾ
ਦਿਨੋਂ ਦਿਨ ਵਧਦਾ ਤੁਰਿਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਪੰਥ ਵਿੱਚ ਵਿਹਲੜ ਬਨਾਰਸ ਦੇ ਠੱਗਾਂ
(ਸੰਤਾਂ, ਬਾਬਿਆਂ, ਬ੍ਰਹਮਗਿਆਨੀਆਂ) ਦਾ ਹੜ੍ਹ ਜਿਹਾ ਆਇਆ ਹੋਇਆ ਹੈ ਅਤੇ ਕੋਈ ਪੰਜ ਛੇ ਹਜ਼ਾਰ ਬਾਬੇ
ਪੰਥ ਨੂੰ ਗਧੀਗੇੜ ਪਾਈ ਫਿਰਦੇ ਹਨ। ਜਦ ਕਿ ਸਿੱਖੀ ਵਿੱਚ ਪੁਜਾਰੀ ਵਰਗ ਲਈ ਕੋਈ ਥਾਂ ਨਹੀਂ। ਕਿਰਤ
ਕਰੋ, ਨਾਮ ਜਪੋ, ਵੰਡ ਛਕੋ ਦਾ ਬ੍ਰਹਿਮੰਡੀ ਸਿਧਾਂਤ ਬਖਸ਼ਿਸ਼ ਕੀਤਾ ਹੈ ਅਤੇ ਖੁਦ ਇਸ ਸਿਧਾਂਤ ਦੀ
ਪਾਲਨਾ ਕਰ ਕੇ ਵਿਖਾਈ ਸੀ। ਗੁਰਮਤਿ ਵਿੱਚ ਕਿਰਤ ਤੋਂ ਕਿਤੇ ਵੀ ਛੋਟ ਨਹੀਂ ਦਿੱਤੀ ਗਈ, ਸਗੋਂ ਦਸਾਂ
ਨੌਹਾਂ ਦੀ ਸੁੱਚੀ ਕਿਰਤ ਕਰਕੇ ਗਰੀਬਾਂ, ਲੋੜਵੰਦਾਂ ਹਿਤ ਦਸਵੰਧ ਕੱਢਣ ਦੀ ਪਿਰਤ ਪਾਲੀ ਗਈ ਹੈ।
ਘਾਲਿ ਖਾਲਿ ਕਿਛ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ (ਗ. ਗ. ਸ.)
ਕਿਰਤਿ ਵਿਰਿਤ ਕਰਿ ਧਰਮ ਦੀ,
ਹਥਹੁ ਦੇ ਕੈ ਭਲਾ ਮਨਾਵੈ॥ (ਭਾਈ ਗੁਰਦਾਸ ਜੀ)
ਸਾਰੇ ਹੀ ਸਿੱਖ ਗੁਰੂ ਸਾਹਿਬਾਨ ਨੇ ਸਿੱਖ ਪ੍ਰਚਾਰਕ ਕਿਰਤੀ ਹੋਏ ਹਨ। ਕਿਰਤ
ਤੋਂ ਮੁਕਤ ਹੋ ਕੇ ਪਾਠ ਪੂਜਾ ਦਾ ਲੜ ਫੜਨਾ ਬ੍ਰਾਹਮਣਾਂ, ਪੰਡਤਾਂ, ਜੋਤਸ਼ੀਆਂ, ਯੋਗੀਆਂ ਆਦਿ ਦਾ ਕੰਮ
ਸੀ, ਜੋ ਹੁਣ ਸਾਡੇ ਗ੍ਰੰਥੀਆਂ, ਪਾਠੀਆਂ, ਕੀਰਤਨੀਆਂ, ਬਾਬਿਆਂ, ਬ੍ਰਹਮਗਿਆਨੀਆਂ ਨੇ ਸਾਂਭ ਲਿਆ ਹੈ।
ਸੰਤਾਂ, ਬਾਬਿਆਂ, ਬ੍ਰਹਮਗਿਆਨੀਆਂ ਆਦਿ ਨੇ ਗੁਰਮਤਿ ਤੋਂ ਉਲਟ ਇੱਕ ਪਖੰਡੀ ਸਮਾਜ ਸਿਰਜਣ ਲਈ ਯਤਨ
ਸ਼ੁਰੂ ਕੀਤੇ ਹੋਏ ਹਨ ਅਤੇ ਧੜਾਧੜ ਡੇਰੇ ਬਣਾਕੇ ਡੇਰਾਵਾਦੀ ਕਲਚਰ ਫੈਲਾ ਰਹੇ ਹਨ। ਸਿੱਖਾਂ ਦੀਆਂ
ਲੜਕੀਆਂ ਵਰਗਲਾਕੇ ਉਨ੍ਹਾਂ ਨਾਲ ਐਸ਼ ਕਰ ਰਹੇ ਹਨ ਅਤੇ ਬ੍ਰਾਹਮਣਾਂ ਦੀ ਦੇਵਦਾਸੀ ਪ੍ਰੰਪਰਾ ਸਿੱਖ
ਸਮਾਜ ਵਿੱਚ ਪ੍ਰਚਾਰਨ ਲਈ ਯਤਨਸ਼ੀਲ ਹਨ। ਗ਼ੈਰਾਂ ਦੀਆਂ ਧੀਆਂ ਭੈਣਾਂ ਦੁਸ਼ਮਣ ਦੇ ਸ਼ਿਕੰਜੇ `ਚੋਂ
ਛੁਡਾਕੇ ਘਰੋਂ ਘਰੀਂ ਪੁਚਾਉਣ ਵਾਲਾ ਖਾਲਸਾ ਪੰਥ ਅੱਜ ਆਪਣੀਆਂ ਧੀਆਂ ਭੈਣਾਂ ਨਾਲ ਮਾੜਾ ਵਿਹਾਰ
ਹੁੰਦਾ ਵੇਖ ਕੇ ਵੀ ਕੁੱਝ ਨਾ ਕਰ ਸਕਣ ਲਈ ਮਜ਼ਬੂਰ ਹੈ।
ਵਧੀਆ ਲੰਗਰ ਪਾਣੀ ਆਸਰੇ ਚੱਲਦੇ ਡੇਰਿਆਂ ਨੇ ਪੰਥ ਦੇ ਗੁਰਦੁਆਰਿਆਂ ਨੂੰ ਹੀ
ਢਾਹ ਲਾਈ ਹੈ। ਗੁਰਦੁਆਰਿਆਂ ਦੇ ਘਟੀਆ ਕਿਸਮ ਦੇ ਪ੍ਰਬੰਧ ਨੇ ਸਿੱਖ ਸੰਗਤਾਂ ਦਾ ਪ੍ਰਵਾਹ ਡੇਰਿਆਂ
ਵੱਲ ਨੂੰ ਕੀਤਾ ਹੋਇਆ ਹੈ। ਪ੍ਰਬੰਧਕਾਂ ਦੀਆਂ ਨਿਤ ਦੀਆਂ ਲੜਾਈਆਂ ਨੇ ਵੀ ਗੁਰਦੁਆਰਿਆਂ ਦੀ
ਪ੍ਰਸੰਗਕਤਾ ਘਟਾਈ ਹੋਈ ਹੈ। ਨੌਜਵਾਨ ਪੀੜ੍ਹੀ ਗੁਰਦੁਆਰਿਆਂ ਤੋਂ ਦੂਰ ਹੋ ਰਹੀ ਹੈ ਅਤੇ ਪਤਿਤਪੁਣੇ
ਤੇ ਨਸ਼ਿਆਂ ਵਿੱਚ ਗਰਕਦੀ ਜਾ ਰਹੀ ਹੈ। ਸਕੂਲਾਂ, ਕਾਲਜਾਂ ਦੇ ਅਖੌਤੀ ਆਧੁਨਿਕ ਮਾਹੌਲ ਕਾਰਨ ਪੱਛਮੀ
ਕਲਚਰ ਦਾ ਪ੍ਰਭਾਤ ਸਾਡੀ ਨਵੀਂ ਪਨੀਰੀ `ਤੇ ਪੈ ਰਿਹਾ ਹੈ ਜਦਕਿ ਗੁਰਮਤਿ ਦੇ ਪ੍ਰਚਾਰਕ ਇਸ ਸਬੰਧੀ
ਆਪਣਾ ਬਣਦਾ ਸਰਦਾ ਰੋਲ ਅਦਾ ਨਹੀਂ ਕਰ ਪਾ ਰਹੇ। ਪੱਛਮੀ ਕਲਚਰ ਦੇ ਪ੍ਰਭਾਵ ਹੇਠ ਨਵੀਂ ਪਨੀਰੀ `ਚ
ਸਿੱਖੀ ਅਪਨਾਉਣ ਦਾ ਰੁਝਾਨ ਨਾਂਹ ਦੇ ਬਰਾਬਰ ਹੈ, ਜੋ ਪੰਥ ਦੇ ਹਨੇਰੇ ਭਵਿੱਖ ਦੀ ਕਨਸੋਅ ਦਿੰਦਾ ਹੈ।
ਜੇਕਰ ਸਾਡੀ ਨਵੀਂ ਪਨੀਰੀ ਸਿੱਖੀ ਦੇ ਰਾਹ ਨਹੀਂ ਤੁਰੇਗੀ, ਤਾਂ ਭਵਿੱਖ ਵਿੱਚ ਪੰਥ ਦਾ ਹਸ਼ਰ ਕੀ
ਹੋਵੇਗਾ?
ਇਹ ਵੀ ਖਾਲਸਾ ਪੰਥ ਦੀ ਬਦਕਿਸਮਤੀ ਹੀ ਹੈ ਕਿ ਜਾਤਪਾਤ ਆਧਾਰਤ ਗੁਰਦੁਆਰੇ ਬਣ
ਰਹੇ ਹਨ। ਅਖੌਤੀ ਉੱਚ ਜਾਤੀਆਂ ਦੇ ਗੁਰਦੁਆਰਿਆਂ ਵਿੱਚ ਨੀਵੀਂ ਜਾਤ ਵਾਲਿਆਂ ਨੂੰ ਮੱਥਾ ਟੇਕਣ ਨਹੀਂ
ਦਿੱਤਾ ਜਾ ਰਿਹਾ ਹੈ। ਲੁਧਿਆਣੇ ਵਿੱਚ ਤਾਂ ਬ੍ਰਾਹਮਣ ਦੇ ਘੜੇ ਮਨਘੜਤ ਦੇਵਤੇ ਬਾਬਾ ਵਿਸ਼ਵਕਰਮਾ ਦੇ
ਨਾਂ `ਤੇ ਰਾਮਗੜੀਆ ਬਰਾਦਰੀ ਨੇ ਗੁਰਦੁਆਰਾ ਉਸਾਰ ਲਿਆ ਹੈ ਅਤੇ ਉਥੇ ‘ਵਿਸ਼ਵਕਰਮਾ ਰਮਾਇਣ’ ਦਾ ਪਾਠ
ਕਰਦੇ ਹਨ। ਬਟਾਲਾ ਵਿੱਚ ਇੱਕ ਭਗਤ ਨਾਮਦੇਵ ਦਾ ਗੁਰਦੁਆਰਾ ਹੈ, ਜਿਥੇ ਸਿਰਫ ‘ਨਾਮਦੇਵ ਬਾਣੀ’ ਦਾ ਹੀ
ਪਾਠ ਕੀਤਾ ਜਾਂਦਾ ਹੈ। ਸਰਹਿੰਦ ਨੇੜੇ ਇੱਕ ‘ਬੰਦਾ ਬੈਰਾਗੀ’ ਦਾ ਗੁਰਦੁਆਰਾ ਬਣਿਆ ਹੈ, ਜਿਥੇ
ਵੇਦਾਂ-ਸ਼ਾਸਤਰ ਦੇ ਸਲੋਕ ਹੀ ਪੜ੍ਹੇ ਸੁਣੇ ਜਾਂਦੇ ਹਨ। ਜਗਰਾਉਂ ਨੇੜੇ ਬਣੇ ਗੁਰਦੁਆਰਾ ਮਹਿੰਦੀਆਣਾ
ਸਾਹਿਬ ਵਿੱਚ ਸਿੱਖ ਸ਼ਹੀਦਾਂ ਦੇ ਬੁੱਤ ਬਣਾਏ ਜਾ ਰਹੇ ਹਨ। ਫਰੀਦਕੋਟ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਸਲਾਨਾ ਰਮਾਇਤ ਤੇ
ਮਹਾਭਾਰਤ ਦੇ ਪਾਠ ਕੀਤੇ ਜਾਂਦੇ ਹਨ। ਸੰਗਰਾਂਦਾਂ, ਮੱਸਿਆਵਾਂ, ਪੂਰਨਮਾਸ਼ੀਆਂ ਆਦਿ ਤਾਂ ਤਕਰੀਬਨ
ਸਾਰੇ ਪੰਥ `ਚ ਬੜੀ ਸ਼ਰਧਾ ਨਾਲ ਮਨਾਈਆਂ ਜਾਂਦੀਆਂ ਹਨ।
ਅਕਾਲ ਤਖਤ ਸਾਹਿਬ ਵੀ ਇਸ ਸਮੇਂ ਬ੍ਰਾਹਮਣਵਾਦੀਆਂ ਦੇ ਸ਼ਿਕੰਜੇ ਵਿੱਚ ਹੈ,
ਜਿਥੇ ਵੇਦਾਂ ਸ਼ਾਸਤਰਾਂ ਦੇ ਗਿਆਤਾ ‘ਵੇਦਾਂਤੀ ਜੀ’ ਬਿਰਾਜਮਾਨ ਹਨ। ਵੇਦਾਂਤੀ ਜੀ ਕਿਸੇ ਵੇਲੇ ਟਕਸਾਲ
ਦੇ ਵਿਦਿਆਰਥੀ ਹੁੰਦੇ ਸਨ ਅਤੇ ਵੇਦਾਂਤ ਵਿੱਦਿਆ ਕਾਫੀ ਮਨ ਲਗਾਕੇ ਪੜ੍ਹਿਆ ਕਰਦੇ ਸਨ, ਜਿਥੋਂ
ਉਨ੍ਹਾਂ ‘ਵੇਦਾਂਤੀ’ ਦਾ ਖਿਤਾਬ ਬਖਸ਼ਿਸ਼ ਹੋਇਆ। ਅੱਜ ਕਲ੍ਹ ਉਹ ਅਕਾਲ ਤਖ਼ਤ `ਤੇ ਬੈਠਕੇ ਪੰਥ ਨੂੰ
ਫੁਰਮਾਨ ਜਾਰੀ ਕਰਨ ਵਾਲੇ ਜਥੇਦਾਰ ਹਨ ਅਤੇ ਪੰਥ ਦੀ ਗੁਰਮਤਾ ਕਰਨ ਦੀ ਜੁਗਤ ਨੂੰ ਭੰਨ ਤੋੜਕੇ
ਵੇਦਾਂਤ ਵਿੱਚ ਢਾਲ ਰਹੇ ਹਨ। ਅਕਾਲ ਤਖ਼ਤ ਸਾਹਿਬ ਦੇ ਸਨਮੁਖ ਗੁਰਮਤਾ ਕਰਨ ਦੀ ਜੁਗਤ ਅਮਲੀ ਤੌਰ `ਤੇ
ਪੰਥ ਨੇ ਅਠਾਰਵੀਂ ਸਦੀ ਦੇ ਸੰਘਰਸ਼ਾਂ ਵੇਲੇ ਉਜਾਗਰ ਕੀਤੀ ਸੀ, ਜਦੋਂਅਕਾਲ ਤਖਤ `ਤੇ ‘ਸਰਬੱਤ ਖਾਲਸਾ’
ਸਮਾਗਮ ਹੋਇਆ ਕਰਦੇ ਸਨ। ਗੁਰਮਤੇ ਦੇ ਇਤਿਹਾਸ ਸਬੰਧੀ ਜ਼ਿਕਰ ਕਰਦਿਆਂ ਭਾਈ ਵੀਰ ਸਿੰਘ ਲਿਖਦੇ ਹਨ:
“ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਹਿਲਾਂ ਪੰਥਕ
ਗੁਰਮਤਾ ਬਾਬਾ ਸੰਤੋਖ ਸਿੰਘ ਜੀ ਦੀ ਜਥੇਦਾਰੀ ਵਿੱਚ ਹਜ਼ੂਰ ਸਿੰਘ ਹੋਇਆ ਤੇ ਆਖਰੀ ਗੁਰਮਤਾ ਨੁਸ਼ਹਿਰੇ
ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਥੇਦਾਰੀ ਤੇ ਬਾਬਾ ਫੂਲਾ ਸਿੰਘ ਅਕਾਲੀ ਦੇ ਪ੍ਰਬੰਧ
ਵਿੱਚ ਹੋਇਆ। ਇਸ ਤੋਂ ਮਗਰੋਂ ਫਿਰ ਗੁਰਮਤਾ ਨਹੀਂ ਹੋਇਆ। ਪੰਥ ਰਾਜ ਗੁਆਕੇ ਕੋਈ ਐਸੀ ਸੱਟ ਖਾ ਕੇ
ਮੂਰਛਿਤ ਹੋ ਗਿਆ ਕਿ ਪਾਸਾ ਹੀ ਨਹੀਂ ਪਰਤਿਆ। ਖੁਦਗਰਜ਼ੀ ਤੇ ਗਿਰਾਵਟ, ਜਿਸਤੋਂ ਸਤਿਗੁਰਾਂ ਨੇ ਉਪਰ
ਚੁੱਕਿਆ ਸੀ, ਫਿਰ ਆ ਗਏ।” (ਸਤਵੰਤ ਕੌਰ, ਪੰਨਾ 229-30)
ਹੁਣ ਤਾਂ ਸ਼੍ਰੋਮਣੀ ਕਮੇਟੀ ਹੀ ‘ਸਰਬੱਤ ਖਾਲਸਾ’ ਹੈ ਅਤੇ ਉਸਦੇ ਕੁਰੱਪਟ
ਮੈਂਬਰਾਂ ਵਲੋਂ ਪਾਸ ਹੁੰਦੇ ਮਤੇ ਹੀ ‘ਗੁਰਮਤਿਆਂ’ ਦਾ ਰੂਪ ਧਾਰਕੇ ਪੰਥ ਦਾ ਮੂੰਹ ਚਿੜਾ ਰਹੇ ਹਨ।
ਖਾਲਸਾ ਪੰਥ ਦੀ ਸਮੁੱਚੀ ਹਾਲਤ ਦੇਖਕੇ ਇਹ ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ
ਪੰਥ ਦਾ ਭਵਿੱਖ ਕੀ ਹੋਵੇਗਾ? ਕਥਨੀ ਕਰਨੀ ਦੇ ਪਾੜੇ ਅਤੇ ਵਿਖਾਵੇ ਨੇ ਸਾਡੀ ਹਾਲਤ ਕੱਖੋਂ ਹੌਲੀ ਕਰ
ਛੱਡੀ ਹੈ! ਅੱਜ ਹਰ ਪੰਥ ਦਰਦੀ ਇਸ ਗੱਲੋਂ ਚਿੰਤਤ ਹੈ ਕਿ ਪੰਥ ਨੂੰ ਅਜੋਕੀ ਤਰਸਯੋਗ ਸਥਿਤੀ `ਚੋਂ
ਚੜ੍ਹਦੀ ਕਲਾ ਵਿੱਚ ਕਿਵੇਂ ਲਿਜਾਇਆ ਜਾਵੇ? ਪੰਥ ਦੀ ਨਿਆਰੀ ਨਿਵੇਕਲੀ ਹਸਤੀ ਕਾਇਮ ਰੱਖਣ ਲਈ ਕੀ
ਉਪਰਾਲੇ ਕੀਤੇ ਜਾਣ? ਇਨ੍ਹਾਂ ਸਵਾਲਾਂ ਦੇ ਹਿਰਦਿਓਂ ਰੂ-ਬ-ਰੂ ਹੋ ਕੇ ਹਰ ਪੰਥ ਦਰਦੀ ਨੂੰ ਖਾਲਸਾਈ
ਕਦਰਾਂ-ਕੀਮਤਾਂ ਦੀ ਚੜ੍ਹਦੀ ਕਲਾ ਲਈ ਨਿੱਗਰ ਬਾਨਣੂੰ ਬੰਨ੍ਹਣ ਅਤੇ ਉਪਰਾਲੇ ਕਰਨ ਦੀ ਲੋੜ ਹੈ।