ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 12
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਪਰਮਾਤਮਾ ਦੇ ਅਨੇਕਾਂ ਗੁਣ ਹਨ ਜਿਹਨਾਂ ਦਾ ਅਸੀਂ ਪਾਰਾਵਾਰ ਨਹੀਂ ਪਾ ਸਕਦੇ,
ਕੁਦਰਤ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਜੀਵਾਂ ਦਾ ਜ਼ਿਕਰ ਕੀਤਾ ਹੈ।
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ॥
ਗੁਰੂ ਸਹਿਬ ਜੀ ਕਹਿ ਰਹੇ ਹਨ ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ
ਕਰਦੇ ਹਨ, ਪਰ ਉਹਨਾਂ ਨੂੰ ਹੱਦ ਬੰਨਾ ਨਹੀਂ ਲੱਭਦਾ। ਹੇ ਨਾਨਕ! ਇਹ ਸਾਰੀ ਸ੍ਰਿਸ਼ਟੀ ਪ੍ਰਭੂ ਨੇ ਕਈ
ਕਿਸਮਾਂ ਦੀ ਕਈ ਤਰੀਕਿਆਂ ਦੀ ਬਣਾਈ ਹੋਈ ਹੈ।
ਪਰਮਾਤਮਾ ਦੀ ਇਸ ਸ੍ਰਿਸ਼ਟੀ ਵਿੱਚ ਵੱਖ ਵੱਖ ਪ੍ਰਕਾਰ ਦੇ ਜੀਵ ਪੈਦਾ ਹੋਏ ਹਨ
ਤੇ ਹਰ ਮਨੁੱਖ ਆਪਣੇ ਢੰਗ ਨਾਲ ਜ਼ਿੰਦਗੀ ਜੀਉਣ ਦੇ ਆਹਰ ਵਿੱਚ ਲੱਗਾ ਹੋਇਆ ਹੈ।
ਕਈ ਕੋਟਿ ਹੋਏ ਪੁਜਾਰੀ॥ ਕਈ ਕੋਟਿ ਆਚਾਰ ਬਿਉਹਾਰੀ॥
ਕਈ ਕੋਟ ਭਏ ਤੀਰਥ ਵਾਸੀ॥ ਕਈ ਕੋਟਿ ਬਨ ਭ੍ਰਮਹਿ ਉਦਾਸੀ॥
ਕਈ ਕੋਟਿ ਬੇਦ ਕੇ ਸ੍ਰੋਤੇ॥ ਕਈ ਕੋਟਿ ਤਪੀਸੁਰ ਹੋਤੇ॥
ਕਈ ਕੋਟਿ ਆਤਮ ਧਿਆਨ ਧਾਰਹਿ॥ ਕਈ ਕੋਟਿ ਕਬਿ ਕਾਬਿ ਬਿਚਾਰਹਿ॥
ਕਈ ਕੋਟ ਨਵਤਨ ਨਾਮ ਧਿਆਵਹਿ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ॥
ਜਿਸ ਤਰ੍ਹਾਂ ਪਰਮਾਤਮਾ ਦੀ ਰਚਨਾ ਵਿੱਚ ਕ੍ਰੋੜਾਂ ਪੁਜਾਰੀ ਹਨ ਤੇ ਕ੍ਰੋੜਾਂ
ਹੀ ਧਾਰਮਿਕ ਰਸਮਾ ਨਿਬਾਹੁੰਣ ਵਾਲੇ ਹਨ। ਉਹਨਾਂ ਲੋਕਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਜੋ
ਤੀਰਥਾਂ `ਤੇ ਪੱਕੇ ਘਰ ਪਾ ਕੇ ਰਹਿ ਰਹੇ ਹਨ, ਤੇ ਕ੍ਰੋੜਾਂ ਹੀ ਜੰਗਲ਼ਾਂ ਵਿੱਚ ਭਾਉਂਦੇ ਫਿਰ ਰਹੇ
ਹਨ। ਕ੍ਰੋੜਾਂ ਹੀ ਵੇਦਾਂ ਦਾ ਪਾਠ ਸੁਣਨ ਵਾਲੇ ਤੇ ਕ੍ਰੋੜਾਂ ਹੀ ਵੱਡੇ ਵੱਡੇ ਤੱਪ ਸਾਧਣ ਵਾਲੇ ਲੋਕ
ਤੁਰੇ ਫਿਰ ਰਹੇ ਹਨ। ਕ੍ਰੋੜਾਂ ਹੀ ਆਪਣੇ ਅੰਦਰ ਸੁਰਤ ਜੋੜ ਰਹੇ ਹਨ ਤੇ ਕ੍ਰੋੜਾਂ ਹੀ ਕਵੀਆਂ ਦੀਆਂ
ਰਚਨਾਵਾਂ ਸੁਣਾ ਰਹੇ ਹਨ। ਕ੍ਰੋੜਾਂ ਹੀ ਅਜੇਹੇ ਬੰਦੇ ਹਨ ਜੋ ਪਰਮਾਤਮਾ ਦਾ ਨਿੱਤ ਨਵਾਂ ਨਾਮ ਸਿਮਰਦੇ
ਹਨ, ਪਰ ਪਰਮਾਤਮਾ ਦਾ ਤਾਂ ਕਿਸੇ ਨੇ ਵੀ ਅੰਤ ਨਹੀਂ ਪਾਇਆ।
ਤਸਵੀਰ ਦੇ ਦੂਸਰੇ ਪਾਸੇ ਸਿੱਖ ਧਰਮ ਵਿੱਚ ਪੈਦਾ ਹੋਏ ਆਪੇ ਬਣੇ ਬ੍ਰਹਮ
ਗਿਆਨੀ ਕਹਿੰਦੇ ਹਨ ਕਿ ਪਰਮਾਤਮਾ ਤਾਂ ਜੀ ਸਾਡੇ ਖੱਬੇ ਹੱਥ ਦੀ ਖੇਡ ਹੈ ਸਾਡੇ ਵੱਡੇ ਮਹਾਂਰਾਜ ਜੀ
ਨੂੰ ਕਈ ਵਾਰ ਮਿਲਿਆ ਹੈ। ਇੱਕ ਸਾਧ ਦੇ ਚੇਲਿਆਂ ਨੇ ਇਹ ਦਾਆਵਾ ਵੀ ਕੀਤਾ ਹੈ ਕਿ ਸਾਡੇ ਬੜੇ
ਮਹਾਂਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਕਈ ਵਾਰ ਦੀਦਾਰ ਹੋਇਆ ਹੈ। ਅਜੇਹੇ ਲੋਕਾਂ ਦੀ ਬਿਮਾਰ
ਮਾਨਸਿਕਤਾ ਬਾਰੇ ਸੁਖਮਨੀ ਦੀ ਬਾਣੀ ਵਿੱਚ ਖੁਲ੍ਹਾ ਵਿਚਾਰ ਹੈ:--
ਕਈ ਕੋਟ ਭਏ ਅਭਿਮਾਨੀ॥ ਕਈ ਕੋਟਿ ਅੰਧ ਅਗਿਆਨੀ॥
ਧਰਮ ਦੇ ਬਾਣੇ ਵਿੱਚ ਕਈ ਲੋਕਾਂ ਨੇ ਧਰਮ ਦੇ ਨਾਂ `ਤੇ ਠੱਗੀਆਂ ਮਾਰ ਕੇ
ਆਪਣੀਆਂ ਤਿਜੌਰੀਆਂ ਭਰ ਲਈਆਂ ਹਨ:--
ਕਈ ਕੋਟਿ ਪਰਦਰਬ ਕਉ ਹਿਰਹਿ॥
ਸੁਖਮਨੀ ਸਾਹਿਬ ਜੀ ਵਿੱਚ ਗੂਰੂ ਜੀ ਦੱਸ ਰਹੇ ਹਨ ਕਿ ਪਰਮਾਤਮਾ ਦੀ ਬਣਾਈ
ਹੋਈ ਇਸ ਸ੍ਰਿਸਟੀ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਰੱਬੀ ਸ੍ਰਿਸਟੀ ਵਿੱਚ ਕ੍ਰੋੜਾਂ ਦੇਸ,
ਤਾਰੇ-ਚੰਦ੍ਰਮਾ, ਇੰਦ੍ਰ ਵਰਗੇ ਦੇਵਤੇ ਤੁਰੇ ਫਿਰ ਰਹੇ ਹਨ। ਪਰ ਇਹ ਸਾਰੇ ਹੀ ਇੱਕ ਨਿਯਮਾਵਲੀ ਵਿੱਚ
ਚੱਲ ਰਹੇ ਹਨ।
ਕਈ ਕੋਟਿ ਪਵਣ ਪਾਣੀ ਬੈਸੰਤਰ॥ ਕਈ ਕੋਟਿ ਦੇਸ ਭੂ ਮੰਡਲ॥
ਕਈ ਕੋਟਿ ਸਸੀਅਰ ਸੂਰ ਨਖ੍ਹਤ੍ਰ॥ ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ॥
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ॥ ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ
ਨਿਸਤਾਰੈ॥
ਅਮਰੀਕਾ ਨੇ ਇੱਕ ਪ੍ਰੋਬ ਚੰਦ੍ਰਮਾ `ਤੇ ਭੇਜੀ ਸੀ, ਹੁਣ ਇਸ ਤੋਂ ਵੀ ਅਗਾਂਹ
ਦੀ ਗੱਲ ਹੈ ਕਈ ਉਹਨਾਂ ਤਾਰਿਆਂ ਦੀ ਖੋਜ ਕੀਤੀ ਹੈ ਜਿਹਨਾਂ ਦੀ ਰੋਸ਼ਨੀ ਨੂੰ ਧਰਤੀ `ਤੇ ਆਉਂਦਿਆਂ ਕਈ
ਕਈ ਰੋਸ਼ਨੀ ਸਾਲ ਲੱਗ ਜਾਂਦੇ ਹਨ। ਪਰਮਾਤਮਾ ਦੀ ਇਸ ਕੁਦਰਤੀ ਨਿਯਮਾਵਲੀ ਵਿੱਚ ਪਤਾ ਨਹੀਂ ਕਿੰਨੀ ਵਾਰ
ਧਰਤੀ ਦਾ ਪਾਸਾਰ ਹੋਇਆਂ ਤੇ ਕਿੰਨੀ ਵਾਰ ਇਸ ਦਾ ਖਾਤਮਾ ਹੋਇਆ।
ਕਈ ਜੁਗਤਿ ਕੀਨੋ ਬਿਸਥਾਰ॥ ਅਤੇ --- ਕਈ ਬਾਰ ਪਸਰਿਓ ਪਾਸਾਰ॥
ਜਿਹਨਾਂ ਮਨੁੱਖਾਂ ਨੇ ਪ੍ਰਭੂ ਜੀ ਦੇ ਗੁਣਾਂ ਨੂੰ ਸਮਝ ਲਿਆ ਹੈ, ਉਹਨਾਂ ਨੂੰ
ਜ਼ਿੰਦਗੀ ਜਿਉਣ ਦੀ ਸੂਝ ਆ ਗਈ ਤੇ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੇ ਹਨ ਭਾਵ ਬੁਰਾ ਉਹਨਾਂ ਦੇ ਮਨ
ਵਿਚੋਂ ਨਿਕਲ ਜਾਂਦਾ ਹੈ।
ਤਿਨ ਹੋਵਤ ਆਤਮ ਪਰਗਾਸ॥ ਅਤੇ – ਕਈ ਕੋਟਿ ਤਤ ਕੇ ਬੇਤੇ॥
ਗੁਰਬਾਣੀ—ਗਿਆਨ ਰੱਬੀ ਗੁਣਾਂ ਦਾ ਪਰਕਾਸ਼ ਕਰਦਾ ਹੈ ਤੇ ਰੱਬੀ ਗੁਣਾਂ ਜਾਂ
ਪਰਮਾਤਮਾ ਦੇ ਹੁਕਮ ਦੀ ਵਡਿਆਈ ਦਾ ਪਤਾ ਚੱਲਦਿਆਂ ਪਰਮਾਤਮਾ ਦੇ ਪਿਆਰੇ ਹੋ ਜਾਂਦੇ ਹਨ। ਸਪਸ਼ਟ ਹੈ ਕਿ
ਵਾਹਿਗੁਰੂ ਜੀ ਦੇ ਜੋ ਗੁਣ ਹਨ ਉਹਨਾਂ ਨੂੰ ਅਸੀਂ ਆਪਣੇ ਸੁਭਾਅ ਵਿੱਚ ਲੈ ਕੇ ਆਉਣ ਨੂੰ ਗੁਰਬਾਣੀ
ਗਾਉਣਾ ਆਖਦੀ ਹੈ। ਇਹਨਾਂ ਗੁਣਾਂ ਤੋਂ ਸਹਿਜ ਅਵਸਥਾ ਦੀ ਉਤਪਤੀ ਹੁੰਦੀ ਹੈ ਜੇਹਾ ਕਿ:--
ਕਈ ਕੋਟਿ ਨਾਮ ਗੁਨ ਗਾਵਹਿ॥ ਆਤਮ ਰਸਿ ਸੁਖਿ ਸਹਜਿ ਸਮਾਵਹਿ॥
ਆਪੁਨੇ ਜਨ ਕਉ ਸਾਸਿ ਸਾਸਿ ਸਮਾਰੇ॥ ਨਾਨਕ ਓਇ ਪਰਮੇਸੁਰ ਕੇ ਪਿਆਰੇ॥