ਸਿੱਖ ਮਾਰਗ ਦਾ ਮਨੋਰਥ
ਅੱਜ ਤੋਂ ਕੋਈ 10 ਕੁ ਸਾਲ ਪਹਿਲਾਂ ਜਦੋਂ ਅਸੀਂ ‘ਸਿੱਖ ਮਾਰਗ’ ਦੀ ਵੈੱਬ
ਸਾਈਟ ਸ਼ੁਰੂ ਕੀਤੀ ਸੀ ਤਾਂ ਉਦੋਂ ਹੀ ਅਸੀਂ ਲਿਖ ਦਿੱਤਾ ਸੀ ਕਿ ਸਾਡਾ ਮਨੋਰਥ ਕੀ ਹੈ। ਬਹੁਤੇ
ਪਾਠਕਾਂ ਅਤੇ ਲੇਖਕਾਂ ਨੇ ਉਸ ਨੂੰ ਪੜ੍ਹਿਆ ਹੋਵੇਗਾ ਜਾਂ ਉਹ ਹੁਣ ਵੀ ਅੱਖਰਮਾਲਾ ਵਾਲੇ ਪੰਨੇ ਤੇ ਜਾ
ਕੇ ਪੜ੍ਹ ਸਕਦੇ ਹਨ। ਉਹਨਾ ਲਫ਼ਜ਼ਾਂ ਨੂੰ ਅਸੀਂ ਹੂ-ਬ-ਹੂ ਦੁਹਰਾ ਰਹੇ ਹਾਂ, “ਸਾਡਾ ਮਨੋਰਥ:
ਪ੍ਰਿੰ: ਸਾਹਿਬ ਸਿੰਘ ਅਤੇ ਪ੍ਰਿੰ: ਤੇਜਾ ਸਿੰਘ ਜੀ ਦੇ ਕੀਤੇ ਗੁਰਬਾਣੀ ਦੇ ਅਰਥਾਂ ਅਨੁਸਾਰ ਗੁਰਮਤਿ
ਦੀ ਸਹੀ ਜਾਣਕਾਰੀ ਪ੍ਰਦਾਨ ਕਰਨਾਂ। ਸ਼ਬਦ ਗੁਰੂ ਦੀ ਮਹੱਤਤਾ, ਦੇਹਧਾਰੀ ਗੁਰੂ ਡੰਮ ਦਾ ਵਿਰੋਧ ਅਤੇ
ਡੇਰਿਆਂ ਵਾਲੇ ਕਰਮਕਾਂਡੀ, ਪਖੰਡੀ ਸਾਧਾਂ ਸੰਤਾਂ ਤੋਂ ਸੁਚੇਤ ਕਰਨਾਂ। ਬਿਨਾਂ ਕਿਸੇ ਡਰ, ਭੈ ਅਤੇ
ਲਾਲਚ ਦੇ, ਰਾਜਨੀਤਕ ਅਤੇ ਧਾਰਮਿਕ ਲੀਡਰਾਂ ਦੇ ਗੁਰਮਤਿ ਵਿਰੋਧੀ ਕੰਮਾਂ ਤੇ ਵੀਚਾਰ ਕਰਨਾਂ ਵੀ।
ਜਿਹੜੇ ਪੜ੍ਹੇ ਲਿਖੇ ਡਾਲਰਾਂ ਬਦਲੇ ਕਰਮਕਾਂਡੀਆਂ ਮਗਰ ਲੱਗ ਕੇ ਪੰਥਕ ਮਰਯਾਦਾ ਨੂੰ ਪਿੱਠ ਦੇ ਕੇ
ਸਾਧ ਮਰਯਾਦਾ ਦਾ ਪਰਚਾਰ ਕਰਦੇ ਹਨ, ਉਹਨਾਂ ਵਾਰੇ ਸੰਗਤਾਂ ਨੂੰ ਜਾਣੂ ਕਰਵਾਉਣਾਂ ਵੀ ਹੈ। ਜੇ ਕਰ ਆਪ
ਜੀ ਇਨ੍ਹਾਂ ਅਤੇ ਇਸ ਤਰ੍ਹਾਂ ਦੇ ਹੋਰ ਵਿਚਾਰਾਂ ਨਾਲ ਸਹਿਮਤ ਹੋ ਅਤੇ ਲਿਖ ਕੇ ਕੁੱਝ ਹਿੱਸਾ ਪਾਉਣਾਂ
ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਲਿਖੋ ਜੀ।” ਇਹਨਾ ਗੱਲਾਂ ਉਪਰ ਅਸੀਂ ਹੁਣ ਤੱਕ ਕਿਤਨਾ
ਕੁ ਪਹਿਰਾ ਦਿੱਤਾ ਹੈ, ਇਸ ਬਾਰੇ ਅੰਦਾਜਾ ਖੁਦ ਲੇਖਕ ਅਤੇ ਪਾਠਕ ਲਗਾ ਸਕਦੇ ਹਨ।
ਅਸੀਂ ‘ਸਿੱਖ ਮਾਰਗ’ ਤੇ ਹੁਣ ਤੱਕ ਜਿਤਨੀਆਂ ਵੀ ਲਿਖਤਾਂ ਪਾਈਆਂ ਹਨ ਉਹ
ਬਿਨਾ ਕਿਸੇ ਵਿਤਕਰੇ, ਭਿੰਨ-ਭਾਵ, ਪੱਖਪਾਤ ਅਤੇ ਨਿਰਪੱਖਤਾ ਨਾਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ
ਨੂੰ ਅਸੀਂ ਨਿਰੋਲ ਧਾਰਮਿਕ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਰ ਰਹੇ ਹਾਂ। ਇਸ ਲਈ ਅਸੀਂ ਕੋਈ ਵੀ
ਰਾਜਨੀਤਕ ਲਿਖਤ ਪਉਣ ਤੋਂ ਸੰਕੋਚ ਕਰਦੇ ਹਾਂ ਅਤੇ ਲਿਖਤ ਵਿਚਲੇ ਕਈ ਸ਼ਬਦ ਕੱਟ ਵੀ ਦਿੰਦੇ ਹਾਂ। ਅਸੀਂ
ਨਾ ਤਾਂ ਕਿਸੇ ਖਾਸ ਵਿਦਵਾਨ ਨਾਲ ਬੱਝੇ ਹੋਏ ਹਾਂ ਅਤੇ ਨਾ ਹੀ ਕਿਸੇ ਵਿਦਵਾਨ ਦੇ ਵਿਰੋਧੀ ਹਾਂ।
ਜਿਹੜੀ ਗੱਲ ਦਾ ਸਾਨੂੰ ਪਤਾ ਹੈ ਕਿ ਉਹ ਗਲਤ ਹੈ ਅਤੇ ਗੁਰਮਤਿ ਸਿਧਾਂਤਾਂ ਦੇ ਉਲਟ ਹੈ। ਉਸ ਬਾਰੇ
ਅਸੀਂ ਕੋਈ ਵੀ ਲਿਖਤ ਨਹੀਂ ਪਾਉਂਦੇ, ਖਾਸ ਕਰਕੇ ਦਸਮ ਗ੍ਰੰਥ ਦੇ ਹੱਕ ਵਿਚ। ਹਾਂ, ਇਸ ਬਾਰੇ ਜੇ ਕਰ
ਕੋਈ ਵਿਚਾਰ ਚਰਚਾ ਕਰਨਾ ਚਾਹੁੰਦਾ ਹੈ ਤਾਂ ਜੀ ਸਦਕੇ ਕਰੇ, ਇਸ ਬਾਰੇ ਸਭ ਨੂੰ ਖੁੱਲਾ ਸੱਦਾ ‘ਸਿੱਖ
ਮਾਰਗ’ ਦੇ ਲੇਖਕਾਂ ਵਲੋਂ ਕਈ ਵਾਰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।
ਹੁਣ ਅਸੀਂ ਗੱਲ ਕਰਦੇ ਹਾਂ ਡਾ: ਦਿਲਗੀਰ ਜੀ ਅਤੇ ਗੁਰਸ਼ਰਨ ਸਿੰਘ ਕਸੇਲ ਦੀਆਂ
ਚਿੱਠੀਆਂ ਦੀ। ਡਾ: ਦਿਲਗੀਰ ਜੀ ਨੇ ਆਪਣੀ ਚਿੱਠੀ ਵਿੱਚ ਸਿੱਧੇ ਦੋ ਸਵਾਲ ਸਾਨੂੰ ਕੀਤੇ ਹਨ ਅਤੇ
ਤੀਸਰਾ ਸਾਂਝਾ ਜਿਹਾ ਜਵਾਬ ਹੈ। ਪਹਿਲਾ ਸਵਾਲ ਹੈ ਕਿ,
“ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ
ਜੇ ਕਰ ਕਿਸੇ ਨੇ ਮੈਨੂੰ ਇਸ ਵੈੱਬ ਸਾਈਟ ਤੇ ਕੋਈ ਸਵਾਲ ਕੀਤਾ ਹੋਵੇ ਅਤੇ ਮੈਂ ਉਸ ਦਾ ਉੱਤਰ ਨਾ
ਦਿੱਤਾ ਹੋਵੇ? ਜੇ ਕਰ ਤੁਹਾਡਾ ਜਵਾਬ ਨਾਂਹ ਵਿੱਚ ਹੈ ਤਾਂ ਤੁਸੀਂ ਇਸ ਚਿੱਠੀ ਦਾ ਪਹਿਲਾ ਭਾਗ ਕਿਉਂ
ਨਹੀਂ ਕੱਟਿਆ?”
ਇਸ ਬਾਰੇ ਸਾਡਾ ਜਵਾਬ ਹਾਂ ਵਿੱਚ ਹੈ। ਡਾ: ਦਿਲਗੀਰ ਜੀ ਇਸੇ ਪਾਠਕਾਂ ਵਾਲੇ
ਪੰਨੇ ਤੇ ਮਾਰਚ 23, 2008 ਨੂੰ ਗੁਰਸ਼ਰਨ ਸਿੰਘ ਕਸੇਲ ਜੀ ਨੇ ਆਪ ਜੀ ਨੂੰ ਬੜੀ ਹੀ ਨਿਮਰਤਾ ਨਾਲ
‘ਸਿੱਖ ਹਿਸਟਰੀ’ ਵਾਲੀ ਕਿਤਾਬ ਬਾਰੇ ਪੁੱਛਿਆ ਸੀ। ਜਿਸ ਦਾ ਕਿ ਤੁਸੀਂ ਕੋਈ ਵੀ ਜਵਾਬ ਨਹੀਂ ਦਿੱਤਾ।
ਉਹਨਾ ਦੀ ਚਿੱਠੀ ਦੀ ਹੂ-ਬ-ਹੂ ਲਿਖਤ ਇਹ ਹੈ,
“ਡਾ. ਹਰਜਿੰਦਰ ਸਿੰਘ ਦਿਲਗੀਰ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਆਪ ਜੀ ਨੇ “ਸਿੱਖ ਹਿਸਟਰੀ” ਦੀ ਜਿਹੜੀ 1800
ਪੰਨੇ ਦੀ ਕਿਤਾਬ ਤਿਆਰ ਕੀਤੀ ਹੈ ਪਹਿਲਾਂ ਤਾਂ ਆਪ ਜੀ ਨੂੰ ਉਸਦੀ ਬਹੁਤ-ਬਹੁਤ ਵਧਾਈ ਹੋਵੇ। ਆਸ ਹੈ
ਕਿ ਉਹ ਕਿਤਾਬ ਸਿੱਖ ਕੌਮ ਦੀ ਜਾਣਕਾਰੀ ਵਾਸਤੇ ਵੱਡਮੁਲੀ ਹੋਵੇਗੀ। ਕੀ ਆਪ ਇਹ ਜਾਣਕਾਰੀ ਦੇਵੋਗੇ ਕਿ
ਇਸ ਕਿਤਾਬ ਦੀ ਕਿੰਨੀ ਕੀਮਤ ਹੋਵੇਗੀ ਅਤੇ ਅਸੀਂ ਕਨੇਡਾ ਵਿੱਚ ਬੈਠੇ ਕਿਵੇਂ ਪ੍ਰਾਪਤ ਕਰ ਸਕਾਂਗੇ?
ਇਸ ਬਾਰੇ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ। ਆਪ ਦਾ ਸ਼ੁਭਚਿੰਤਕ, ਗੁਰਸ਼ਰਨ ਸਿੰਘ ਕਸੇਲ।”
ਡਾ: ਦਿਲਗੀਰ ਜੀ ਦਾ ਦੂਜਾ ਸਵਾਲ ਹੈ ਕਿ,
“ਕੀ ਤੁਸੀਂ ਸੋਚਦੇ ਹੋ ਕਿ ਨਾਨਕਸ਼ਾਹੀ
ਕੈਲੰਡਰ ਵਾਲੇ ਮਸਲੇ ਬਾਰੇ ਮੈਂ ਇਕਬਾਲ ਸਿੰਘ ਪਟਨੇ ਵਾਲੇ ਨਾਲ ਰਲਿਆ ਹੋਇਆ ਹਾਂ?”
ਇਸ ਬਾਰੇ ਸਾਡਾ ਜਵਾਬ ਨਾਂਹ ਵਿੱਚ ਹੈ। ਤੁਸੀਂ ਕਦੀ ਵੀ ਕਿਸੇ ਪੁਜਾਰੀ ਨੂੰ
ਕੋਈ ਖਾਸ ਮਹਾਨਤਾ ਨਹੀਂ ਦਿੱਤੀ। ਇਹਨਾ ਪੁਜਾਰੀਆਂ ਦੀਆਂ ਕਰਤੂਤਾਂ ਬਾਰੇ ਤੁਹਾਡਾ ਇੱਕ ਲੇਖ,
“ਬੇਗੈਰਤ, ਬੁਜ਼ਦਿਲ,
ਬੇਦੀਨ, ਬੇਈਮਾਨ, ਬੇਹਯਾ” ਦਸੰਬਰ 03, 2006
ਨੂੰ ‘ਸਿੱਖ ਮਾਰਗ’ ਤੇ ਛਪ ਚੁੱਕਾ ਹੈ। ਕੈਲੰਡਰ ਬਾਰੇ ਤੁਸੀਂ ਪਹਿਲਾਂ ਤੋਂ ਹੀ ਵਿਰੋਧਤਾ ਕਰ ਰਹੇ
ਹੋ। ਅਸੀਂ ਵੀ ਇਸ ਬਾਰੇ ਇੱਕ ਲੇਖ ਮਈ 11, 2003 ਨੂੰ ਲਿਖਿਆ ਸੀ। ਪਾਠਕ ਸੱਜਣ ਉਹ ਸਾਡੇ ਲੇਖਾਂ
ਵਿੱਚ ਪੜ੍ਹ ਸਕਦੇ ਹਨ। ਗੁਰਮੀਤ ਸਿੰਘ ਆਸਟ੍ਰੇਲੀਆ ਅਤੇ ਹੋਰ ਵੀ ਬਹੁਤ ਸਾਰੇ ਇਸ ਕੈਲੰਡਰ ਦੀ
ਵਿਰੋਧਤਾ ਕਰਦੇ ਹਨ। ਇਹ ਵਿਰੋਧਤਾ ਕਿਸੇ ਹੋਰ ਪੱਖ ਤੋਂ ਹੈ ਅਤੇ ਸਾਧਾਂ ਦੀ ਵਿਰੋਧਤਾ ਕਿਸੇ ਹੋਰ
ਪੱਖ ਤੋਂ ਹੈ। ਜਿਹੜੇ ਇਸ ਨੂੰ ਠੀਕ ਕਹਿੰਦੇ ਹਨ ਉਹਨਾ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਹੱਕ ਹੈ।
ਆਮ ਜਾਣਕਾਰੀ ਵਾਲਾ ਪਾਠਕਾਂ ਦਾ ਪੰਨਾ ਇਸੇ ਲਈ ਹੈ ਕਿ ਜੇ ਕਰ ਕਿਸੇ ਪਾਠਕ
ਨੂੰ ਕਿਸੇ ਦੀ ਲਿਖਤ ਬਾਰੇ ਕੋਈ ਸ਼ੰਕਾ ਹੈ ਜਾਂ ਕੋਈ ਸਵਾਲ ਜਵਾਬ ਕਰਨਾ ਹੈ ਤਾਂ ਉਹ ਕਰ ਸਕਦਾ ਹੈ।
ਜਿਹੜਾ ਕੋਈ ਪਾਠਕ ਸਾਂਝਾ ਸਵਾਲ ਜਾਂ ਸ਼ੰਕਾ ਕਰਦਾ ਹੈ ਉਸ ਦਾ ਸੰਖੇਪ ਜਿਹਾ ਜਵਾਬ ਅਸੀਂ ਦੇਣ ਦੀ
ਕੋਸ਼ਿਸ਼ ਕਰਦੇ ਹਾਂ ਅਤੇ ਕਈ ਹੋਰ ਪਾਠਕ/ਲੇਖਕ ਵੀ ਦੇ ਦਿੰਦੇ ਹਨ। ਜੇ ਕਰ ਕੋਈ ਸਵਾਲ ਸਿੱਧਾ ਕਿਸੇ
ਲੇਖਕ ਦੀ ਲਿਖਤ ਨਾਲ ਹੈ ਤਾਂ ਜਵਾਬ ਉਸੇ ਨੂੰ ਹੀ ਦੇਣਾਂ ਬਣਦਾ ਹੈ ਅਤੇ ਦੇਣਾਂ ਚਾਹੀਦਾ ਵੀ ਹੈ ਤਾਂ
ਕਿ ਸ਼ੰਕਾ ਦੂਰ ਹੋ ਕਿ ਤਸੱਲੀ ਹੋ ਸਕੇ। ਜਿਹੜੇ ਲੇਖਕ ਇੰਟਟਨੈੱਟ ਨਹੀਂ ਵਰਤਦੇ ਅਸੀਂ ਉਹਨਾ ਦੀਆਂ
ਲਿਖਤਾਂ ਬਾਰੇ ਵੀ ਕਿਸੇ ਪਾਠਕ ਦੇ ਸ਼ੰਕੇ ਅਤੇ ਖਿਆਲ ਨੂੰ ਪਾ ਦਿੰਦੇ ਹਾਂ ਅਤੇ ਕੁੱਝ ਹਫਤੇ ਇੰਤਜ਼ਾਰ
ਕਰਦੇ ਹਾਂ ਕਿ ਕੋਈ ਉਹਨਾ ਦੇ ਜ਼ਿਆਦਾ ਨੇੜੇ ਰਹਿਣ ਵਾਲਾ ਜਵਾਬ ਦੇਵੇ। ਜੇ ਕਰ ਕੋਈ ਜਵਾਬ ਨਾ ਦੇਵੇ
ਤਾਂ ਉਸ ਨੂੰ ਫੂਨ ਕਰਕੇ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਇੰਦਰ ਸਿੰਘ ਘੱਗਾ ਇਸ ਦੀ ਪ੍ਰਤੱਖ ਮਿਸਾਲ
ਹੈ। ਸਾਨੂੰ ਪਤਾ ਹੈ ਕਿ ਉਹ ਇੰਟਰਨੈੱਟ ਨਹੀਂ ਵਰਤਦਾ ਅਤੇ ਨਾ ਹੀ ਉਸ ਨੇ ਸਾਨੂੰ ਆਪਣੀ ਕੋਈ ਲਿਖਤ
ਆਪ ਈ-ਮੇਲ ਰਾਹੀਂ ਭੇਜੀ ਹੈ। ਉਸ ਦੀਆਂ ਲਿਖਤਾਂ ਬਾਰੇ ਕਈ ਵਾਰੀ ਪਾਠਕਾਂ ਨੇ ਸਵਾਲ ਅਤੇ ਸ਼ੰਕੇ ਕੀਤੇ
ਹਨ/ਸਨ। ਹਾਲੇ ਕੁੱਝ ਹਫਤੇ ਪਹਿਲਾਂ ਆਸਟ੍ਰੇਲੀਆ ਤੋਂ ਭਾਈ ਜਸਵੀਰ ਸਿੰਘ ਨੇ ਲਿਖਿਆ ਸੀ ਕਿ, “ਹੁਣ
ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ।” ਉਸ ਦੇ ਕਹਿਣ ਤੋਂ ਭਾਵ ਸੀ ਕਿ ਉਸ ਨੇ ਜੋ ਬਿਆਨ ਤਰਕਸ਼ੀਲਾਂ
ਦੀਆਂ ਕਿਤਾਬਾਂ ਬਾਰੇ ਦਿੱਤਾ ਸੀ ਜੋ ਕਿ ਨਾਸਤਕ ਹਨ ਅਤੇ ਇਸ ਤੇ ਵੀ ਨਾਸਤਕ ਹੋਣ ਦੇ ਇਲਜ਼ਾਮ ਲਗਦੇ
ਸਨ। ਇਸ ਦਾ ਜਵਾਬ ਉਸ ਦੇ ਇੱਕ ਸਹਿਯੋਗੀ ਨੇ ਦੇ ਦਿੱਤਾ ਸੀ। ਜਿਸ ਨੂੰ ਪੜ੍ਹ ਕੇ ਸ਼ਾਇਦ ਜਸਵੀਰ ਸਿੰਘ
ਦੀ ਤਸੱਲੀ ਹੋ ਗਈ ਸੀ। ਅਤੇ ਉਸ ਨੇ ਦੁਬਾਰਾ ਇਸ ਬਾਰੇ ਸਵਾਲ ਨਹੀਂ ਕੀਤਾ।
ਡਾ: ਦਿਲਗੀਰ ਜੀ ਦਾ ਤੀਜਾ ਜੋ ਸਾਂਝਾ ਜਿਹਾ ਜਵਾਬ ਹੈ, ਉਹ ਹੈ ਕਰਮ ਸਿੰਘ
ਹਿਸਟੋਰੀਅਨ ਦੀ ਕਿਤਾਬ, ‘ਕੱਤਕ ਕਿ ਵਿਸਾਖ’ ਦੇ ਜਵਾਬ ਵਿੱਚ ਲਿਖੀ ਈਸ਼ਰ ਸਿੰਘ ਨਾਰਾ ਦੀ ਕਿਤਾਬ,
‘ਵਿਸਾਖ ਨਹੀਂ ਕੱਤਕ’ ਅਤੇ ਕਰਮ ਸਿੰਘ ਵਲੋਂ ਦੋ ਗੱਲਾਂ ‘ਖੰਡੇ ਦੀ ਪਹੁਲ ਅਤੇ ਤੱਤ ਖਾਲਸਾ’ ਬਾਰੇ
ਸੋਧ ਕਰਨੀ। ਈਸ਼ਰ ਸਿੰਘ ਨਾਰਾ ਦੀ ਇਹ ਕਿਤਾਬ ਮੈਂ ਨਹੀਂ ਪੜ੍ਹੀ। ਕਿਉਂ ਨਹੀਂ ਪੜ੍ਹੀ? ਕਿਉਂਕਿ
ਮੈਨੂੰ ਜਚਿਆ ਕਿ ਉਹ ਗੁਰਮਤਿ ਦਾ ਗਿਆਤਾ ਨਹੀਂ, ਕੋਈ ਬਿਪਰਵਾਦੀ ਸੋਚ ਦਾ ਧਾਰਨੀ ਹੈ। ਉਸ ਨੇ ਇੱਕ
ਕਿਤਾਬ ਇਹ ਵੀ ਲਿਖੀ ਹੈ, ‘ਕ੍ਰਿਸ਼ਨ ਭਗਵਾਨ ਤੇ ਕਲਗੀਧਰ’। ਕੀ ਕਲਗੀਧਰ ਪਿਤਾ ਜੀ ਪਹਿਲਾਂ ਕ੍ਰਿਸ਼ਨ
ਭਗਵਾਨ ਦੇ ਰੂਪ ਵਿੱਚ ਆਏ ਸਨ? ਜੋ ਕਾਮ ਲੀਲਾ ਦਸਮ ਗ੍ਰੰਥ ਵਿੱਚ ਕ੍ਰਿਸ਼ਨਾ ਅਵਤਾਰ ਵਿੱਚ ਦਰਸਾਈ ਗਈ
ਹੈ, ਕੀ ਉਹ ਦਸਮ ਪਿਤਾ ਜੀ ਆਪ ਪਹਿਲੇ ਜਨਮ ਵਿੱਚ ਕਰਦੇ ਰਹੇ ਹਨ? ਅਜਿਹਾ ਸੁਣ ਕੇ ਤਾਂ ਸਿੱਖਾਂ ਨੂੰ
ਸ਼ਰਮ ਨਾਲ ਹੀ ਮਰ ਜਾਣਾਂ ਚਾਹੀਦਾ ਹੈ, ਪਰ ਢੀਠ ਸਿੱਖਾਂ ਨੂੰ ਨਹੀਂ। ਇਸ ਦਾ ਵੰਨਗੀ ਮਾਤਰ ਇਸ਼ਾਰਾ ਇਸ
ਹਫਤੇ ਦੇ ਲੇਖਾਂ ਵਿੱਚ ਤੁਸੀਂ ਪੜ੍ਹ ਸਕਦੇ ਹੋ। ਕੀ ਨਾਰਾ ਜੀ ਨੇ ‘ਵਿਸਾਖ ਨਹੀਂ ਕੱਤਕ’ ਕਿਤਾਬ ਕਰਮ
ਸਿੰਘ ਜੀ ਦੇ ਜੀਂਦੇ ਜੀ ਲਿਖੀ ਸੀ ਜਾਂ ਕਿ ਉਸ ਦੇ ਅਕਾਲ ਚਲਾਣੇ ਤੋਂ ਬਾਅਦ? ਇਸ ਬਾਰੇ ਕੋਈ
ਜਾਣਕਾਰੀ ਦੇਵੇ ਤਾਂ ਚੰਗੀ ਗੱਲ ਹੈ।
ਅਸੀਂ ਨਾ ਤਾਂ ਇਹ ਸਮਝਦੇ ਹਾਂ ਕਿ ਗੁਰਸ਼ਰਨ ਸਿੰਘ ਕਸੇਲ ਕਿਸੇ ਏਜੰਸੀ ਦਾ
ਬੰਦਾ ਹੈ ਅਤੇ ਨਾ ਹੀ ਇਹ ਕਿ ਡਾ: ਦਿਲਗੀਰ ਕਿਸੇ ਸਾਧ ਜਾਂ ਪੁਜਾਰੀ ਦਾ ਪੱਖ ਪੂਰਦਾ ਹੈ। ਇਹ ਸਿਰਫ
ਨਿਹੋਰੇ ਵਾਲੀ ਨੋਕ ਝੋਕ ਹੀ ਹੈ ਜੋ ਕਿ ਸਾਡੇ ਸਿੱਖਾਂ ਵਿੱਚ ਆਮ ਹੀ ਹੈ। ਅਸੀਂ ਮਾੜੀ ਜਿਹੀ ਗੱਲ
ਬਦਲੇ ਹੀ ਆਪੇ ਤੋਂ ਬਾਹਰ ਹੋ ਕੇ ਡਾਂਗਾਂ ਲੈ ਕੇ ਮਗਰ ਪੈ ਜਾਂਦੇ ਹਾਂ। ਫੜ ਲਓ ਉਹ ਜਾਵੇ ਨਾ। ਇਸ
ਨੂੰ ਸਬਕ ਸਿਖਾਂ ਦਿਆਂਗੇ। ਅਸੀਂ ਫਲਾਨੇ ਨੂੰ ਤਾੜਨਾ ਕਰਦੇ ਹਾਂ ਅਤੇ ਝੱਟ ਪੱਟ ਹੀ ਗ਼ਦਾਰੀਆਂ ਦੇ
ਫ਼ਤਵੇ ਜ਼ਾਰੀ ਹੋਣ ਲੱਗ ਪੈਂਦੇ ਹਨ। ਘੱਟੋ ਘੱਟ ਗੁਰਮਤਿ ਦੇ ਜਾਣੂਆਂ ਨੂੰ ਤਾਂ ਪਤਾ ਹੋਣਾਂ ਚਾਹੀਦਾ
ਹੈ ਕਿ ਕੌਣ ਗੁਰਮਤਿ ਦੀ ਗੱਲ ਕਰਦਾ ਹੈ ਅਤੇ ਕੌਣ ਬਿਪਰਵਾਦ ਦੀ। ਅਸੀਂ ਬਸ ਆਪਣੇ ਆਪ ਨੂੰ ਠੀਕ
ਸਮਝਦੇ ਹਾਂ ਅਤੇ ਬਾਕੀ ਸਾਰਿਆਂ ਨੂੰ ਗਲਤ। ਸਾਨੂੰ ਸਭ ਨੂੰ ਇਹ ਪਤਾ ਵੀ ਹੈ ਕਿ ਅਭੁੱਲ ਗੁਰੂ ਅਤੇ
ਕਰਤਾਰ ਹੀ ਹੈ। ਆਪੇ ਤੋਂ ਬਾਹਰ ਹੋਣ ਦੀ ਲੋੜ ਨਹੀਂ। ਦਲੀਲ ਨਾਲ ਹੀ ਸਵਾਲ ਜਵਾਬ ਕਰੋ। ਦੇਖੋ, ਗੁਰੂ
ਨਾਨਕ ਨਾਲੋਂ ਤਾਂ ਕੋਈ ਵੱਡਾ ਸਾਡੇ ਸਭ ਸਿੱਖਾਂ ਲਈ ਨਹੀਂ ਹੈ। ਉਹਨਾ ਨਾਲ ਕੀ ਬੀਤੀ ਸੀ ਜਦੋਂ ਉਹ
ਮੱਕੇ ਗਏ ਸਨ। ਮੇਰੇ ਸੱਚੇ ਪਾਤਸ਼ਾਹ ਨੂੰ ਪਹਿਲਾਂ ਠੁੱਡਾਂ ਮਾਰੀਆਂ ਅਤੇ ਕਾਫਰ ਕਿਹਾ। ਫਿਰ ਲੱਤਾਂ
ਤੋਂ ਫੜ ਕੇ ਘਸੀਟਿਆ। ਇਤਨੀ ਬੇਇਜ਼ਤੀ ਕਰਵਾ ਕੇ ਸ਼ਾਤ ਰਹਿ ਕੇ ਦਲੀਲ ਨਾਲ ਜਵਾਬ ਦਿੱਤੇ ਸਨ। ਇਸ
ਵਾਰਤਾ ਨੂੰ ਭਾਈ ਗੁਰਦਾਸ ਜੀ ਇੰਝ ਬਿਆਨ ਕਰਦੇ ਹਨ:
ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥ (੧-੩੨-੧)
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥ (੧-੩੨-੨)
ਬੈਠਾ ਜਾਇ ਮਸੀਤ ਵਿੱਚ ਜਿਥੇ ਹਾਜੀ ਹੱਜ ਗੁਜਾਰੀ॥ (੧-੩੨-੩)
ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ॥ (੧-੩੨-੪)
ਜੀਵਨ ਮਾਰੀ ਲਤ ਦੀ ਕੇੜ੍ਹਾ ਸੁਤਾ ਕੁਫ਼ਰ ਕੁਫ਼ਾਰੀ॥ (੧-੩੨-੫)
ਲਤਾਂ ਵਲ ਖ਼ੁਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ॥ (੧-੩੨-੬)
ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ॥ (੧-੩੨-੭)
ਹੋਇ ਹੈਰਾਨ ਕਰੇਨ ਜੁਹਾਰੀ॥ ੩੨॥ (੧-੩੨-੮)
ਅਸੀਂ ਇੱਕ ਵਾਰੀ ਫਿਰ ਦੁਹਰਾਉਣਾਂ ਚਾਹੁੰਦੇ ਹਾਂ ਕਿ ‘ਸਿੱਖ ਮਾਰਗ’ ਸਾਈਟ
ਕਿਸੇ ਵੀ ਇੱਕ ਬੰਦੇ, ਵਿਦਵਾਨ, ਜਾਂ ਧੜੇ ਨਾਲ ਸੰਬੰਧਤ ਨਹੀਂ ਹੈ। ਇਹ ਸਿਰਫ ਗੁਰਮਤਿ ਸਿਧਾਂਤਾਂ
ਅਤੇ ਗੁਰਬਾਣੀ ਨਾਲ ਸੰਬੰਧਤ ਹੈ। ਅਸੀਂ ਆਪਣੇ ਕੋਲੋਂ ਪੈਸਾ ਅਤੇ ਬੇਅੰਤ ਸਮਾਂ ਲਾ ਕੇ ਇਸ ਨੂੰ ਚਲਾ
ਰਹੇ ਹਾਂ। ਇਸ ਵਿੱਚ ਨਾ ਤਾਂ ਸਾਡਾ ਕੋਈ ਨਿੱਜੀ ਲਾਭ ਹੈ ਅਤੇ ਨਾ ਹੀ ਸਾਡਾ ਇਹ ਕੋਈ ਬਿਜ਼ਨਸ ਹੈ। ਜੇ
ਕਰ ਪਾਠਕ ਅਤੇ ਲੇਖਕ ਇਹ ਸਮਝਦੇ ਹਨ ਕਿ ਅਸੀਂ ਕਿਸੇ ਖਾਸ ਲੇਖਕ ਵਿਆਕਤੀ ਦਾ ਪੱਖ ਪੂਰਦੇ ਹਾਂ ਤਾਂ
ਉਹ ਸਾਨੂੰ ਦੱਸ ਦੇਣ। ਜੇ ਕਰ ਕੋਈ ਇਹ ਚਾਹੁੰਦਾ ਹੈ ਕਿ ਮੇਰੀਆਂ ਲਿਖਤਾਂ ਇੱਥੋਂ ਹਟਾ ਦਿੱਤੀਆਂ ਜਾਣ
ਅਸੀਂ ਉਹ ਵੀ ਇੱਕ ਹਫਤੇ ਦੇ ਵਿੱਚ ਹਟਾ ਦੇਵਾਂਗੇ। ਜੇ ਕਰ ਬਹੁਤੇ ਲੇਖਕ ਇਹ ਸਮਝਦੇ ਹਨ ਕਿ ਅਸੀਂ
ਕਦੀ ਵੀ ਨਿਰਪੱਖ ਹੋ ਕੇ ਲਿਖਤਾਂ ਨਹੀਂ ਪਾਉਂਦੇ ਤਾਂ ਅਸੀਂ ਅਗਲੇ ਹਫਤੇ ਤੋਂ ਇਸ ‘ਸਿੱਖ ਮਾਰਗ’
ਸਾਈਟ ਨੂੰ ਅੱਪਡੇਟ ਕਰਨਾ ਬੰਦ ਕਰ ਦੇਵਾਂਗੇ। ਪਾਠਕਾਂ ਅਤੇ ਲੇਖਕਾਂ ਦੇ ਉਤਰ ਦੀ ਉਡੀਕ ਵਿਚ।
ਮੱਖਣ ਸਿੰਘ ਪੁਰੇਵਾਲ,
ਅਪਰੈਲ 27, 2008.