ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 13
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਬ੍ਰਹਮਣ ਦੇਵਤਾ ਜੀ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਆਮ ਲੁਕਾਈ ਨੂੰ ਗਿਆਨ ਦੀ
ਪਰਾਪਤੀ ਨਹੀਂ ਹੋਣੀ ਚਾਹੀਦੀ, ਉਸ ਦੇ ਅੰਦਰਲੀ ਤਹਿ ਵਿੱਚ ਪਿਆ ਹੋਇਆ ਹੈ ਕਿ ਆਮ ਜੰਤਾ ਨੂੰ ਲੁੱਟ
ਦਾ ਸ਼ਿਕਾਰ ਬਣਾਉਣ ਲਈ ਵਰ੍ਹ ਸਰਾਪ ਵਿੱਚ ਉਲ਼ਝਾਅ ਦਿਓ, ਇਹ ਆਪੇ ਸਾਡੀ ਪੂਜਾ ਕਰਦੇ ਰਹਿਣਗੇ। ਗੁਰੂ
ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲੋਂ ਦੁਨੀਆਂ ਦੇ ਪੁਜਾਰੀ ਨੂੰ ਸਮਝਾਉਣ ਦਾ ਉਪਰਾਲਾ ਕੀਤਾ ਕਿ ਐ
ਪੁਜਾਰੀਓ! ਦੁਨੀਆਂ ਨੂੰ ਝੂਠ ਮਾਰ ਕੇ ਕਿਉਂ ਲੁੱਟ ਰਹੇ ਹੋ, ਇਹਨਾਂ ਦਾ ਘਟੀਆ ਕਿਰਦਾਰ ਦੇਖ ਕੇ
ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਪ੍ਰਤੀ ਸਖਤ ਸਟੈਂਡ ਲਿਆ ਤੇ ਕਿਹਾ:---
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੈ ਓਜਾੜੇ ਕ ਬੰਧੁ॥
ਧਨਾਸਰੀ ਮਹਲਾ ੧ ਪੰਨਾ ੬੬੨—
ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਪਰਮਾਤਮਾ ਨੂੰ ਮਿਲਣ ਲਈ ਕਿਸੇ
ਵਿਚੋਲੇ ਦੀ ਲੋੜ ਨਹੀਂ ਹੈ ਤੇ ਪਰਮਾਤਮਾ ਦੀਆਂ ਕੁਦਰਤੀ ਦਾਤਾਂ ਵਿੱਚ ਇਹਨਾਂ ਪੁਜਾਰੀਆਂ ਦਾ ਕੋਈ ਵੀ
ਹੱਥ ਨਹੀਂ ਹੈ, ਇਹ ਤੇ ਵਿਚਾਰੇ ਆਪ ਮੰਗਤੇ ਹਨ ਕਿਸੇ ਨੂੰ ਕੀ ਲੈ ਕੇ ਦੇ ਸਕਦੇ ਹਨ। ਜਿਸ ਤਰ੍ਹਾਂ
ਅਰੰਭ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਦਾ ਅਰਥ ਬੋਧ ਸਮਝਣ ਲਈ ਦੋ ਗੱਲਾਂ ‘ਸਚਿਆਰ’ ਤੇ ‘ਇਕ
ਪਰਮਾਤਮਾ’ ਦਾ ਧਿਆਨ ਰੱਖਣਾ ਜ਼ਰੂਰੀ ਹੈ। ਮਨੁੱਖ ਨੇ ਸਚਿਆਰ ਦੀ ਟੀਸੀ `ਤੇ ਬੈਠਣਾ ਹੈ ਤੇ ਇੱਕ
ਪਰਮਾਤਮਾ ਦੇ ਸਿਧਾਂਤ ਨੂੰ ਸਮਝਣਾ ਹੈ। ਇੰਜ ਕਰਨ ਨਾਲ ਵਿਚੋਲੇ ਦੀ ਲੋੜ ਖਤਮ ਹੋ ਜਾਂਦੀ ਹੈ। ਸਾਰਾ
ਸੰਸਾਰ ਇੱਕ ਨਿਯਮਾਵਲੀ ਦੇ ਅਧੀਨ ਚੱਲ ਰਿਹਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਤਥਾ ਸਾਰੀ
ਗੁਰਬਾਣੀ ਰੱਬੀ ਹੁਕਮ ਦੱਸਦੀ ਹੈ।
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥
ਨਾਨਕ ਤਿਸੁ ਬਲਿਹਾਰਣੈ ਹਲਿ ਥਲਿ ਮਹੀਅਲਿ ਸੋਇ॥
ਹੇ ਭਾਈ! ਸੰਸਾਰ ਨੂੰ ਬਣਾਉਣ ਵਾਲਾ ਕੇਵਲ ਇੱਕ ਪ੍ਰਮਾਤਮਾ ਹੈ ਹੋਰ ਉਸ ਦੇ
ਮੁਕਾਬਲੇ ਵਿੱਚ ਕੋਈ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਉਸ ਪਰਮਾਤਮਾ ਤੋਂ ਸਦਾ
ਸਦਕੇ ਜਾਂਦਾ ਹਾਂ ਜੋ ਜਲ, ਥਲ ਤੇ ਅਕਾਸ਼ ਵਿੱਚ ਵੀ ਉਸ ਦੀ ਨਿਯਮਾਵਲੀ ਚੱਲਦੀ ਹੈ। ਗੁਰਬਾਣੀ ਨੇ ਏਸੇ
ਵਿਚਾਰ ਨੂੰ ਹੁਕਮ ਕਹਿ ਕੇ ਵਡਿਆਇਆ ਹੈ।
ਹੁਕਮੇ ਧਾਰਿ ਅਧਰ ਰਹਾਵੈ॥ ਹੁਕਮੇ ਉਪਜੈ ਹੁਕਮਿ ਸਮਾਵੈ॥
ਇਸ ਅਸਟਪਦੀ ਵਿੱਚ ਪਰਮਾਤਮਾ ਦੀ ਹੋਂਦ ਦਾ ਵਿਸ਼ਾ ਚੱਲ ਰਿਹਾ ਹੈ, ਰੱਬੀ ਹੁਕਮ
ਵਿੱਚ ਤੁਰਨ ਵਾਲਾ ਆਪਣੀ ਆਤਮਿਕ ਅਵਸਥਾ ਉੱਚੀ ਚੁੱਕ ਸਕਦਾ ਹੈ। ਪੱਥਰ ਚਿੱਤ ਵੀ ਤਰ ਸਕਦਾ ਹੈ:---
ਪ੍ਰਭ ਭਾਵੈ ਮਾਨੁਖ ਗਤਿ ਪਾਵੈ॥ ਪ੍ਰਭ ਭਾਵੈ ਤਾ ਪਾਥਰ ਤਰਾਵੈ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥ ਪ੍ਰਭ ਭਾਵੈ ਤਾ ਹਰਿ ਗੁਣ ਭਾਖੈ॥
ਪ੍ਰਭ ਭਾਵੈ ਤਾ ਪਤਿਤ ਉਧਾਰੈ॥ ਆਪਿ ਕਰੈ ਆਪਨ ਬੀਚਾਰੈ॥
ਜੇ ਪ੍ਰਭੂ ਨੂੰ ਚੰਗਾ ਲੱਗੇ, ਪਰ ਪ੍ਰਭੂ ਚੰਗਾ ਤਾਂ ਉਹ ਮਨੁੱਖ ਹੀ ਲੱਗਦਾ
ਹੈ ਜੋ ਪ੍ਰਭੂ ਦੀ ਰਜ਼ਾ ਵਿੱਚ ਤੁਰਦਾ ਹੈ, ਉਸ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਪੱਥਰ ਚਿੱਤ
ਭਾਵ ਹੰਕਾਰੀ ਮਨੁੱਖ ਵੀ ਤਰ ਸਕਦਾ ਹੈ ਭਾਵ ਹੰਕਾਰ ਦੂਰ ਹੋ ਜਾਂਦਾ ਹੈ, ਜਿਸ ਤਰ੍ਹਾਂ ਵਲੀ ਕੰਧਾਰੀ
ਦਾ ਹੰਕਾਰ ਦੂਰ ਕੀਤਾ।
“ਪ੍ਰਭ
ਭਾਵੈ ਬਿਨੁ ਸਾਸ ਤੇ ਰਾਖੈ” ਆਮ ਕਰਕੇ ਅਰਥ ਤਾਂ
ਏਹੀ ਕੀਤੇ ਜਾਂਦੇ ਹਨ ਕਿ ਸੁਆਸਾਂ ਤੋਂ ਬਿਨਾਂ ਵੀ ਜ਼ਿੰਦਗੀ ਚੱਲ ਸਕਦੀ ਹੈ ਪਰ ਕੁਦਰਤੀ ਨਿਯਮਾਂ
ਮੁਤਾਬਿਕ ਅਜੇਹਾ ਹੋਣਾ ਔਖਾ ਹੈ। ਅਖੌਤੀ ਬ੍ਰਹਮ ਗਿਆਨੀਆਂ ਤਾਂ ਕਈ ਪ੍ਰਕਾਰ ਦੀਆਂ ਸਾਖੀਆਂ ਵੀ
ਜੋੜੀਆਂ ਹੋਈਆਂ ਹਨ ਜੋ ਪਰਖ ਦੀ ਕਸਵੱਟੀ `ਤੇ ਪੂਰੀਆਂ ਨਹੀਂ ਉੱਤਰਦੀਆਂ। ਜਿਸ ਕਿਸੇ ਸ਼ਬਦ ਦਾ ਅਰਥ
ਸਮਝ ਵਿੱਚ ਨਾ ਆਏ ਉਹ ਗੁਰਬਾਣੀ ਦੇ ਦੂਸਰੇ ਸ਼ਬਦਾਂ ਵਿਚੋਂ ਦੇਖਿਆ ਜਾ ਸਕਦਾ ਹੈ। ਭਾਈ ਕਾਨ੍ਹ ਸਿੰਘ
ਜੀ ਨਾਭਾ ਨੇ ਮਹਾਨ ਕੋਸ਼ ਵਿੱਚ ‘ਸਾਸ’ ਸ਼ਬਦ ਦੇ ਅੱਠ ਅਰਥ ਦੱਸੇ ਹਨ ਜਿੰਨ੍ਹਾਂ ਵਿੱਚ ‘ਸਾਸ’ ਸ਼ਬਦ ਦੇ
ਅਰਥ ਸ਼ਾਸਤਰ ਵੀ ਕੀਤੇ ਹਨ, ਮਿਸਾਲ ਦੇ ਤੌਰ ਤੇ ਗੁਰਬਾਣੀ ਦੀ ਇੱਕ ਤੁਕ ਦਿੱਤੀ ਹੋਈ ਹੈ। “ਪੰਡਿਤ
ਸੰਗਿ ਬਸਹਿ ਜਨ ਮੂਰਖ ਆਗਮ ਸਾਸ ਸੁਨੈ”॥ ਵਿਦਵਾਨਾਂ ਦੀ ਸੰਗਤ ਵਿੱਚ ਮੂਰਖ ਬੰਦੇ ਵੱਸਦੇ ਹਨ, ਉਹਨਾਂ
ਪਾਸੋਂ ਉਹ ਵੇਦ ਸ਼ਾਸਤ੍ਰ ਵੀ ਸੁਣਦੇ ਹਨ ਪਰ ਰਹਿੰਦੇ ਮੂਰਖ ਹੀ ਹਨ, ਆਪਣਾ ਮੂਰਖ--ਪੁਣੇ ਵਾਲਾ ਸੁਭਾਅ
ਛੱਡਦੇ ਨਹੀਂ ਹਨ।
“ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ”
ਗੱਲ ਪੱਥਰ ਚਿੱਤ ਦੀ ਚਲ ਰਹੀ ਹੈ, ਗੁਣ ਗ੍ਰਹਿਣ ਕਰਨ ਦੀ ਚੱਲ ਹੈ ਫਿਰ ਬਿਨਾਂ ਸੁਆਸਾਂ ਦੇ ਜ਼ਿਉਂਦੇ
ਰਹਿਣਾ ਕੁਦਰਤੀ ਨੇਮਾਂ ਦੇ ਉਲਟ ਹੈ। ਸੌਖਿਆਂ ਸਮਝਣ ਲਈ ਜੇ ਕਰ ਪ੍ਰਭੂ ਜੀ ਦੇ ਹੁਕਮ ਜਾਂ ਉਸ ਦੀ
ਕੁਦਰਤੀ ਨਿਯਮਾਵਲੀ ਨੂੰ ਸਮਝ ਲਈਏ ਤਾਂ ਫਿਰ ਮਨੁੱਖ ਬੇ--ਲੋੜੇ ਧਾਰਮਿਕ ਕਰਮ-ਕਾਂਡਾਂ ਦੀ
ਘੁੰਮਣ-ਘੇਰੀ ਵਿੱਚ ਨਹੀਂ ਫਸਦਾ। ਪ੍ਰਭੂ ਨੂੰ ਪਾਇਆਂ, ਜੇ ਪ੍ਰਭੂ ਨੂੰ ਭਾ ਜਾਈਏ ਤਾਂ ਬ੍ਰਹਮਣ ਦੇ
ਕਰਮ-ਕਾਂਡ ਵਾਲੇ ਜਾਲ ਵਿੱਚ ਮਨੁੱਖ ਨਹੀਂ ਆਉਂਦਾ। ਗੁਰਬਾਣੀ ਅਟੱਲ ਵਾਕ ਹੈ
“ਹਮ ਆਦਮੀ ਹਾ ਇੱਕ ਦਮੀ”
ਅਸੀਂ ਇੱਕ ਸੁਆਸ ਦੇ ਆਦਮੀ ਹਾਂ। ਜੇ ਸੁਆਸ ਆਇਆ ਤਾਂ ਸਾਡਾ ਜੀਵਨ ਬਰਕਰਾਰ ਹੈ, ਜੇ ਸੁਆਸ ਹੀ ਨਾ
ਆਇਆ ਤਾਂ ਸਾਡੀ ਮੌਤ ਹੈ। ਗੁਰਬਾਣੀ ਕਹਿ ਰਹੀ ਕਿ ਜੋ ਪ੍ਰਭੂ ਨੂੰ ਭਾਅ ਜਾਂਦਾ ਹੈ ਉਹ ਪਰਮਾਤਮਾ ਦੇ
ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਵਿਕਾਰਾਂ ਵਿੱਚ ਡਿੱਗਿਆ ਹੋਇਆ ਮਨੁੱਖ ਤਰ ਜਾਂਦਾ ਹੈ। ਮਨੁੱਖ ਦੇ
ਹੱਥ ਵਿੱਚ ਕੋਈ ਤਾਕਤ ਨਹੀਂ ਹੈ ਕਿ ਉਹ ਰੱਬ ਜੀ ਦੇ ਹੁਕਮ ਨੂੰ ਉਲਟਾਅ ਸਕੇ।
ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਸੌਖੇ ਤੋਂ ਸੌਖੇ ਤਰੀਕੇ ਨਾਲ ਸਮਝਾਇਆ
ਗਿਆ ਹੈ ਕਿ ਹੇ ਬਾਬੇ ਆਦਮ ਦੀ ਸੰਤਾਨ! ਤੂੰ ਆਪਣੇ ਅੰਦਰੋਂ ਅਗਿਆਨਤਾ ਨੂੰ ਦੂਰ ਕਰਨ ਲਈ ਗਿਆਨ ਦਾ
ਦੀਵਾ ਜਗਾ ਤਾਂ ਕਿ ਤੈਨੂੰ ਹਨ੍ਹੇਰੇ ਵਿੱਚ ਚਾਨਣ ਆ ਸਕੇ। ਜਿਸ ਨੇ ਗਿਆਨ ਦਾ ਦੀਵਾ ਜਗਾ ਲਿਆ ਉਹ
ਦੀਵਾ ਬੁਝਦਾ ਨਈਂ ਹੈ।
ਅੰਤਰਿ ਹੋਇ ਗਿਆਨ ਪਰਗਾਸੁ॥ ਉਸ ਅਸਥਾਨ ਕਾ ਨਾਹੀ ਬਿਨਾਸੁ॥
ਮਨ ਤੇ ਤਨ ਨੂੰ ਇੱਕ ਪ੍ਰਭੂ ਦੇ ਪਿਆਰ ਵਿੱਚ ਰੰਗਣਾ ਹੈ,
“ਮਨ ਤਨ ਨਾਮਿ ਰਤੇ ਇੱਕ ਰੰਗਿ”
ਕਿ ਮਨ ਮੰਦਰ ਵਿਚੋਂ ਵਿਕਾਰਾਂ ਦੇ ਆਵਾ-ਗਵਨ ਦਾ ਚੱਕਰ ਮੁੱਕ ਜਾਏ।
ਮਿਟਿ ਗਏ ਗਵਨ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ॥
ਸੁਖਮਨੀ ਵਿਚੋਂ ਨਿੰਮ੍ਰਤਾ ਭਰਪੂਰ ਵਾਲਾ ਸੁਭਾਅ ਪ੍ਰਗਟ ਹੋ ਕੇ ਹੰਕਾਰ ਦੇ ਕੰਡਿਆਂ ਨੂੰ ਚੁੱਗਦਾ
ਪ੍ਰਤੱਖ ਨਜ਼ਰ ਆਉਂਦਾ ਹੈ ਜਿਸ ਦਾ ਵਿਸਥਾਰ ਅੱਗੇ ਆਇਆ ਹੈ।