.

ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿੱਚ ਦਰਜ ਰਚਨਾਂਵਾਂ ਦਾ ਵੇਰਵਾ

-ਸ. ਦਲਬੀਰ ਸਿੰਘ ਫ਼ਰੀਦਾਬਾਦ

ਸੰਨ ੧੯੬੭ (ਸੰਮਤ ੨੦੨੪ ਬਿਕ੍ਰਮੀ) ਵਿੱਚ ਛਪੀ ਗਯਾਨੀ ਮਹਿੰਦਰ ਸਿੰਘ ਰਤਨ ਦੀ ਸੋਧੀ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ: , ਅੰਮ੍ਰਿਤਸਰ ਛਾਪੀ ਦਸਮ ਗ੍ਰੰਥ ਦੀ ੧੪੨੮ ਪੰਨਿਆਂ ਦੀ ਬੀੜ ਵਿੱਚ ਰਚਨਾਂਵਾਂ ਦਾ ਵੇਰਵਾ ਹੇਠ ਲਿਖਤ ਹੈ:

(੧) ਜਾਪੁ: ਪੰਨਾ ੧ ਤੋਂ ੧੦ ਤਕ। ਕੋਈ ਸਮਾਪਤੀ ਸੰਕੇਤ ਨਹੀਂ। (ਨੋਟ: ਇਸ ਰਚਨਾ ਵਿੱਚ ਵਰਤੇ ਕੁੱਝ ਲਫ਼ਜ਼ ਹਿਕਾਯਤਾਂ ਵਿੱਚ ਵਰਤੇ ਗਏ ਹਨ। ਹਿਕਾਯਤਾਂ, ਜੋ ਕਿ ਫ਼ਾਰਸੀ ਜ਼ਬਾਨ ਵਿੱਚ ਲਿਖੇ ਤ੍ਰਿਯਾ ਚਰਿਤ੍ਰਾਂ ਦੀ ਨਕਲ ਹਨ, ਦਾ ਲਿਖਾਰੀ ਕੋਣ?)

(੨) ਪੰਨਾਂ ੧੧ ਤੋਂ ੩੮: ਉਪਰ ਲਿਖੀ ਬੀੜ ਵਿੱਚ ਇਸ ਰਚਨਾ ਦਾ ਕੋਈ ਸਿਰਲੇਖ ਨਹੀ ਪਰ ਬਾਦ ਵਿੱਚ ਛਪੀਆਂ ਬੀੜਾਂ ਵਿੱਚ ਕਿਸੇ ਨੇ ਸਿਰਲੇਖ ‘ਅਕਾਲ ਉਸਤਤਿ’ ਛਾਪ ਦਿੱਤਾ ਹੈ। ਇਸ ਰਚਨਾ ਦੇ ੨੦ ਛੰਦਾਂ (੨੧੧ ਤੋਂ ੨੩੦) ਦੀ ਆਖਰੀ ਪੰਕਤੀ “ਜੈ ਜੈ ਹੋਸੀ ਮਹਿਖਾਸੁਰ ਮਰਦਨ. .” ਦੇਵੀ ਦੁਰਗਾ ਦੀ ਜੈ ਕਰਣ ਵਾਲੀ ਰਚਨਾ ਅਕਾਲ ਉਸਤਤਿ ਕਿਵੇਂ?

(੩) ਪੰਨਾ ੩੯ ਤੋ ੭੩ ਤਕ: ਅਥ ਬਚਿਤ੍ਰ ਨਾਟਕ ਗ੍ਰੰਥ ਲਿਖਯਤੇ॥

(੪) ਪੰਨਾ ੭੪ ਤੋਂ ੯੯ ਤਕ: ਅਥ ਚੰਡੀ ਚਰਿਤ ਉਕਤਿ ਬਿਲਾਸ॥ ਸਮਾਪਤੀ ਸੰਕੇਤ ‘ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ…॥ ਤੋਂ ਸਪਸ਼ਟ ਹੈ ਕਿ ਇਸ ਰਚਨਾ ਦਾ ਆਧਾਰ-ਗ੍ਰੰਥ ਮਾਰਕੰਡੇਯ ਪੁਰਾਣ (ਦੇਵੀ ਦੁਰਗਾ ਦਾ) ਹੈ।

(੫) ਪੰਨਾ ੯੯ ਤੋਂ ੧੧੯ ਤਕ: ਇਹ ਰਚਨਾ ਦਾ ਸਮਾਪਤੀ ਸੰਕੇਤ “ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਉਸਤਤ…” ਸਪਸ਼ਟ ਕਰਦਾ ਹੈ ਕਿ ਦੇਵੀ ਚੰਡੀ (ਦੁਰਗਾ, ਭਵਾਨੀ, ਭਗਉਤੀ, ਕਾਲਕਾ. .) ਦੀ ਉਸਤਤ ਹੈ। ਪੰਨਾ ੭੪ ਤੋਂ ੯੯ ਤਕ ਦੇ ਪ੍ਰਸੰਗ ਨੂੰ ਦੁਹਰਾਇਆ ਗਿਆ ਹੈ। ਲਿਖਾਰੀ ਦੀ ਮੰਸ਼ਾ ਦੇਵੀ ਦੁਰਗਾ ਦੀ ਚੰਗੀ ਤਰਾਂ ਦ੍ਰਿੜ ਕਰਾਉਣ ਦੀ ਹੈ। ਦਸਮ ਗੁਰੂ ਨਾਨਕ ਜੀ ਦੀ ਰਚਨਾ ਕਿਵੇਂ ਕਹੀ ਜਾ ਸਕਦੀ ਹੈ? ਇਸ ਰਚਨਾ ਦਾ ਆਧਾਰ-ਗ੍ਰੰਥ ਬ੍ਰਾਹਮਣੀ-ਗ੍ਰੰਥ ਮਾਰਕੰਡੇਯ ਪੁਰਾਣ ਹੀ ਹੈ।

(੬) ਪੰਨਾ ੧੧੯ ਤੋਂ ੧੨੭ ਤਕ: ਸਿਰਲੇਖ ‘ਵਾਰ ਸ੍ਰੀ ਭਗਉਤੀ ਜੀ ਕੀ’॥ ਇਹ ਵਾਰ `ਚੰਡੀ ਦੀ ਵਾਰ’ ਕਰਕੇ ਪ੍ਰਸਿਧ ਹੈ। ਇਸਦਾ ਮਜ਼ਮੂਨ ਹੂ-ਬ-ਹੂ ਉਪਰ ਲਿਖੀਆਂ ਚੰਡੀ ਦੀਆਂ ਦੋਹਾਂ ਰਚਨਾਂਵਾਂ ਵਾਲਾ ਹੈ; ਤੀਜੀ ਦਫ਼ਾ ਕਿਉਂ ਲਿਖਿਆ ਗਿਆ? ਇਸ ਰਚਨਾ ਦਾ ਸਮਾਪਤੀ ਸੰਕੇਤ ‘ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰਸਤੁ ਸੁਭਮਸਤੁ॥ (ਇਸ ਵਾਰ ਦੀ ਪਹਿਲੀ ਪਉੜੀ “ਪ੍ਰਿਥਮ ਭਗਉਤੀ ਸਿਮਰ ਕੇ. .” ਮੋਜੂਦਾ ਅਰਦਾਸ ਦਾ ਮੁਖੜਾ ਹੈ” ਪਰ ਆਖਰੀ ਪਉੜੀ ਨੰ: ੫੫ ਦੀ ਪੰਕਤੀ “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥” ਤੋਂ ਸਾਫ਼ ਜ਼ਾਹਿਰ ਹੈ ਕਿ ‘ਸਭੇ ਪਉੜੀਆਂ’ ਦੁਰਗਾ ਦੇਵੀ ਦੀ ਉਸਤਤ ਦ੍ਰਿੜ ਕਰਾਉਦੀਆਂ ਹਨ।

(੭) ਪੰਨਾ ੧੨੭ ਤੋਂ ੧੫੫ ਤਕ: ਸਿਰਲੇਖ ‘ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ’॥ ਇਸ ਰਚਨਾ ਦੇ ਆਖਰੀ ਛੰਦ ‘ਰੂਆਲ ਛੰਦ’ ਦੇ ਸਵੈਯੇ ਨੰ: ੩੩੪, ੩੩੫ ਸਪਸ਼ਟ ਕਰਦੇ ਹਨ ਕਿ ਦੇਵੀ ਦੁਰਗਾ ਨੇ ਚਿਛੁਰ, ਬਿੜਾਰ, ਧੂਲਿਕਰਣ ਨਾਂ ਦੇ ਦੈਂਤਾਂ ਨੂੰ ਮਾਰ ਕੇ ਚੰਗੀ ਤਰ੍ਹਾਂ ਦੈਤ-ਮੇਧ ਯੱਗ ਕੀਤਾ। ਇਹ ਰਚਨਾ ਵੀ “ਦੇਵੀ ਗਿਆਨ ਅਤੇ ਦੈਂਤ-ਮੇਧ ਯੱਗ ਦੀ ਵਿਧੀ” ਸਮਝਾ ਰਹੀ ਹੈ।

(੮) ਪੰਨਾ ੧੫੫ ਤੋਂ ੨੫੪ ਤਕ: ਅਥ ਚੌਬੀਸ ਅਉਤਾਰ ਕਥਨੰ॥ ਪਾਤਸ਼ਾਹੀ ੧੦॥ . . ਚੋਪਈ॥ . . ਬਰਨਤ ਸਯਾਮ ਜਥਾ ਮਤਿ ਭਾਈ॥ ੧॥ (ਨੋਟ: ਇਹ ਮੁਢਲੀ ਚੋਪਈ ਸਪਸ਼ਟ ਕਰਦੀ ਹੈ ਕਿ ਸਯਾਮ ਕਵੀ ਨੂੰ ਹੀ ‘ਪਾਤਸ਼ਾਹੀ ੧੦’ ਲਿਖਿਆ ਗਿਆ ਹੈ; ਏਨਾ ਵੱਡਾ ਧੋਖਾ! ? ?) ਇਸ ਰਚਨਾ ਦਾ ਆਧਾਰ-ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਹੈ ਜਿਸ ਵਿੱਚ ਵਿਸ਼ਨੂੰ ਦੇ ੨੪ ਅਉਤਾਰਾਂ ਮਛ, ਕੱਛ, ਨਰ ਨਾਰਾਇਣ, ਮਹਾ ਮੋਹਨੀ ਅਵਤਾਰ, ਵਾਰਾਹ, ਨਰਸਿੰਘ, ਬਾਵਨ ਅਵਤਾਰ, ਪਰਸਰਾਮ ਅਵਤਾਰ, ਬ੍ਰਹਮਾ ੳਵਤਾਰ, ਰੁਦ੍ਰ ਅਵਤਾਰ, ਜਲੰਧਰ ਅਵਤਾਰ, ਬਿਸਨੁ ਅਵਤਾਰ, ਮਧੁ ਕੈਟਭ ਬਧ ੧੪ਵਾਂ ਅਵਤਾਰ ਬਿਸਨੁ, ਅਰਿਹੰਤ ਦੇਵ ਅਵਤਾਰ, ਮਨੁ ਰਾਜਾ ਅਵਤਾਰ, ਧਨੰਤਰ ਵੈਦ ਅਵਤਾਰ, ਸੂਰਜ ਅਵਤਾਰ, ਚੰਦ੍ਰ ਅਵਤਾਰ, ਅਤੇ ਬੀਸਵਾਂ ਰਾਮ ਅਵਤਾਰ (ਰਾਮਾਇਣ) ਦਾ ਜ਼ਿਕਰ ਹੈ। ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ……ਧਿਆਇ ਸਮਾਪਤਮ’ ਹਰ ਅਧਿਆਇ ਦੇ ਅੰਤ ਵਿੱਚ ਹੈ।

(੯) ਪੰਨਾ ੨੫੪ ਤੋਂ ੫੭੦ ਤਕ: ਅਥ ਕ੍ਰਿਸਨਾਵਤਾਰ ਇਕੀਸਮੋ ਕਥਨੰ। ਸਿਰਲੇਖ ਹੇਠ ੩੧੭ ਪੰਨੇ ਵਿਸ਼ਨੂੰ ਦੇ ੨੧ਵੇਂ ਅਵਤਾਰ ‘ਕ੍ਰਿਸ਼ਨ ਅਵਤਾਰ’ ਨੂੰ ਸਮਰਪਿਤ ਹਨ। ੧੧੦੯੨ ਛੰਦਾ ਦੀ (ਰਚਨਹਾਰੇ ਕਵਿ ਸਯਾਮ ਮੁਤਾਬਿਕ) ਇਸ ਰਚਨਾ ਦਾ ਆਧਾਰ-ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਦਾ ‘ਦਸਮ ਸਕੰਧ’ (ਦਸਵਾਂ ਅਧਿਆਇ) ਹੈ ਜੈਸਾ ਕਿ ਸਮਾਪਤੀ ਸੰਕੇਤਾਂ ‘ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ… ਤੋਂ ਸਪਸ਼ਟ ਹੁੰਦਾ ਹੈ। ਗੋਪੀ ਚੀਰ ਹਰਣ ਦੀ ਕਥਾ ਵਿੱਚ ਅਸ਼ਲੀਲ ਲਫ਼ਜ਼ਾਂ ਦੀ ਵਰਤੋਂ ਕੀਤੀ ਗਈ ਹੈ। ਲਿਖਾਰੀ ਦੀ ਕਵੀ-ਛਾਪ ‘ਕਬਿ ਸਯਾਮ ਭਨੈ. .’ ਸਭ ਤੋਂ ਵਧ ਇਸੇ ਰਚਨਾ ਵਿੱਚ ਹੈ। ਸ਼ੁਰੂ ਵਿੱਚ ਕਵੀ ਆਪਣੇ ਇਸ਼ਟ ਚੰਡੀ ਨੂੰ “ਅਥ ਦੇਵੀ ਜੂ ਕੀ ਉਸਤਤ ਕਥਨੰ” ਨਹੀ ਭੁਲਦਾ; ਸਾਰੇ ਪਾਤਰਾਂ ਨੁੰ ਦੇਵੀ-ਪੂਜਕ ਸਿਧ ਕਰਦਾ ਹੈ। ਸਵੈਯਾ “ਮੈ ਨ ਗਨੇਸ਼ਹ ਪ੍ਰਿਥਮ ਮਨਾਊ॥ . .” ਉਚਾਰਦਾ ਹੋਇਆ ‘ਮਹਾਕਾਲ ਰਖਵਾਰ ਹਮਾਰੋ॥’ ਮਹਾਕਾਲ ਦੇ ਲੜ ਹੀ ਲਾਉਂਦਾ ਹੈ। (ਨੋਟ: ਤ੍ਰਿਯਾ ਚਰਿਤ੍ਰ ਨੰ: ੨੬੬ ਦਾ ਅਖੀਰਲਾ ਦੋਹਰਾ “ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ॥” ਸਿਧ ਕਰਦਾ ਹੈ ਮਹਾਕਾਲ ਦਾ ਅਰਥ ਵਾਹਿਗੁਰੂ ਜਾਂ ਅਕਾਲਪੁਰਖੁ ਨਹੀ ਕਿਉਕਿ ਵਾਹਿਗੁਰੂ ਜਪਣ ਵਾਲਿਆਂ ਨੂੰ ਭੰਗ, ਸ਼ਰਾਬ ਆਦਿਕ ਨਸ਼ੇ ਵਰਤਣ ਦੀ ਸਖ਼ਤ ਮਨਾਹੀ ਹੈ। ਯਥਾ ਗੁਰਵਾਕ: ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦੁ ਛੂਛੈ ਭਾਉ ਧਰੇ॥)

(੧੦) ਪੰਨਾ ੫੭੦ ਤੋਂ ੬੧੧ ਤਕ: ਵਿਸ਼ਨੂੰ ਦੇ ੨੨ਵੇਂ ਨਰ ਅਵਤਾਰ, ੨੩ਵੇਂ ਬੁੱਧ ਅਵਤਾਰ, ੨੪ਵੇਂ ਨਿਹਕਲੰਕੀ ਅਵਤਾਰ ਅਤੇ ਮਹਿਦੀ ਅਵਤਾਰ (੨੫ਵਾਂ?) ਦਾ ਜ਼ਿਕਰ ਹੈ। ਆਧਾਰ- ਗ੍ਰੰਥ ਸ੍ਰੀਮਦ ਭਾਗਵਤ ਪੁਰਾਣ ਹੈ। ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ॥’ ਸਵੈਯਾ ਛੰਦ ਦੇ ਛੰਦ ਨੰ: ੧੪੧ ਤੋਂ ੧੫੬ ਤਕ ਦੀ ਆਖਰੀ ਪੰਕਤੀ ‘ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ॥’ ਅਰਥਾਤ, ਇਸ ਸੰਭਲ ਸ਼ਹਰ ਦੇ ਭਲੇ ਭਾਗ ਹਨ ਜਿਥੇ ਕਲਕੀ ਅਵਤਾਰ ਮੰਦਿਰ ਵਿੱਚ ਆਉਣਗੇ। ਸੰਭਲ ਦਾ ਰਾਜਾ ਸ਼ੂਦ੍ਰ ਸੀ ਅਤੇ ਕਲਕੀ ਅਵਤਾਰ (ਹਰਿ ਜੂ) ਸਾਰੇ ਸ਼ੁਦ੍ਰਾਂ ਦੇ ਵਿਨਾਸ਼ ਲਈ ਅਤੇ ਲੋਕਾਂ ਨੂੰ ਸੁਚੇਤ ਕਰਨ ਲਈ ਆਇਆ ਹੈ (ਛੰਦ ੧੬੯)।

(੧੧) ਪੰਨਾ ੬੧੧ ਤੋਂ ੬੩੫ ਤਕ: ਅਥ ਬ੍ਰਹਮਾ ਅਵਤਾਰ ਕਥਨੰ। ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਪਤਮੋ ਅਵਤਾਰ ਬ੍ਰਹਮਾ ਕਾਲਿਦਾਸ ਸਮਾਪਤਮ॥ ਇਸ ਰਚਨਾ ਵਿੱਚ ਕਾਲ ਨੇ ਬ੍ਰਹਮਾ ਨੂੰ ਸਤ ਅਵਤਾਰ ਧਾਰਨ ਦੀ ਆਗਿਆ ਦਿਤੀ। ਬਾਲਮੀਕ, ਕਸ਼ਪ, ਸ਼ੁਕ੍ਰ, ਬਚੇਸ, ਬਿਆਸ, ਖਸਟ ਰਿਖਿ ਅਤੇ ਸਤਵਾਂ ਕਾਲਿਦਾਸ ਅਵਤਾਰਾਂ ਦਾ ਜ਼ਿਕਰ ਹੈ।

(੧੨) ਪੰਨਾ ੬੩੫ ਤੋਂ ੭੦੯ ਤਕ: ਅਥ ਰੁਦ੍ਰ ਅਵਤਾਰ ਕਥਨੰ॥ ਰਿਸਿ ਅਤ੍ਰੀ ਦੀ ਇਸਤ੍ਰੀ ਨੇ ਅਪਣੇ ਸੱਜੇ ਹਥ ਨਾਲ ਖੱਬਾ ਹਥ ਰਗੜਿਆ ਤਾਂ ਦੱਤ ਪੁਤਰ ਪੈਦਾ ਹੋ ਗਿਆ (ਛੰਦ ੩੪)। ਸਮਾਪਤੀ ਸੰਕੇਤ ‘ਇਤਿ ਸ੍ਰੀ ਬਚਿਤ੍ਰ੍ਰ ਨਾਟਕ ਗ੍ਰੰਥੇ ਦਤ ਮਹਾਤਮੇ. .’

ਦੱਤ ਨੇ ੨੪ ਗੁਰੂ ਧਾਰਨ ਕੀਤੇ; ਮਨ, ਮਕੜੀ, ਬਗੁਲਾ, ਬਿੱਲਾ, ਰੁਈ ਧੁਨਖਤਾ, ਮਛਿਆਰਾ, ਚੇਰੀ, ਬਨਜਾਰਾ, ਕਾਛਨ, ਰਾਜਾ ਸੁਰਥ, ਲੜਕੀ ਗੁਡੀ ਖੇਲਤੀ, ਸੇਵਕ (ਭ੍ਰਿਤ), ਪਤੀ ਭਗਤ ਇਸਤ੍ਰੀ, ਬਾਨ ਗਰ, ਇੱਲ, ਦੁਧੀਰਾ, ਸ਼ਿਕਾਰੀ, ਨਲਨੀ ਸੁਕ, ਸ਼ਾਹ, ਤੋਤਾ ਪੜ੍ਹਾਉਣ ਵਾਲਾ, ਹਲ ਵਾਹੁਣ ਵਾਲਾ, ਜਛਣੀ ਨਾਰ ਰਾਗ ਗਾਵਤੀ, ਆਦਿਕ। ਰਚੈਤਾ ਕਵਿ ਸ਼ਯਾਮ (ਇਸ ਰਚਨਾ ਦਾ ਛੰਦ ੪੯੮)। ਅੱਗੇ ਹੈ ਪਾਰਸਨਾਥ ਰੁਦ੍ਰ ਅਵਤਾਰ: ਪਾਰਸਨਾਥ ਨੇ ਦੇਵੀ ਚੰਡੀ ਤੋਂ ਸਾਰੇ ਵੇਦਾਂ ਦਾ ਗਿਆਨ, ਸਭ ਸ਼ਸਤ੍ਰ ਚਲਾ ਸਕਣ ਦਾ ਵਰ ਮੰਗਿਆ। ਕੋਈ ਸਮਾਪਤੀ ਸੰਕੇਤ ਨਹੀ ਲਿਖਿਆ।

(੧੩) ਪੰਨਾ ੭੦੯ ਤੋਂ ੭੧੭ ਤਕ: ਦਸ ਸਬਦ ਰਾਗਾਂ ਵਿਚ, ੩੩ ਸਵੈਯੇ (ਜਿਨ੍ਹਾਂ ਦੀ ਸਮੁਚੇ ਤੌਰ ਤੇ ਘੋਖ ਕੀਤਿਆਂ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਨੂੰ ਕਾਲ-ਉਸਤਤ ਅਰਥਾਤ ਦੇਵੀ-ਉਸਤਤ ਨਾਲ ਜੋੜਿਆ ਜਾ ਰਿਹਾ ਹੈ) ੩ ਸਵੈਯੇ ਅਤੇ ੧ ਦੋਹਰਾ।

(੧੪) ਪੰਨਾ ੭੧੭ ਤੋਂ ੮੦੮ ਤਕ: ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ॥ ਸ਼ੁਰੂਆਤ ਭਗਉਤੀ ਉਸਤਤ ਨਾਲ।

(੧੫) ਪੰਨਾ ੮੦੯ ਤੋਂ ੧੩੮੮ ਤਕ: ਅਥ ਪਾਖਯਾਨ ਚਰਿਤ੍ਰ ਲਿਖਯਤੇ॥ ਸ਼ੁਰੂਆਤ ਦੇਵੀ ਉਸਤਤ ਚੰਡੀ ਚਰਿਤ੍ਰ ਨਾਲ ਕੀਤੀ।

ਰਚਨਹਾਰੇ ਕਬਿ ਸਯਾਮ, ਕਬਿ ਰਾਮ, ਕਬਿ ਕਾਲ ਨਾਮਕ ਕਵੀਆਂ ਦੀ ਕਵੀ ਛਾਪ (ਤਖੱਲਸ) ਅਨੇਕਾਂ ਥਾਂਈਂ ਮਿਲਦੀ ਹੈ।

ਚਰਿਤ੍ਰ ਨੰ: ੨੬੬ ਦਾ ਆਖਰੀ ਦੋਹਰਾ: ਮਹਾਕਾਲ ਦਾ ਸਿਖ ਭੰਗ ਤੇ ਸ਼ਰਾਬ ਪਿਲਾ ਕੇ ਹੀ ਬਣਾਇਆ ਜਾਂਦਾ ਹੈ। ਆਖਰੀ ਤ੍ਰਿਯਾ ਚਰਿਤ੍ਰ ਨੰ: ੪੦੫ ਦੇ ਅਖੀਰ ਵਿੱਚ ਚੋਪਈ “ਹਮਰੀ ਕਰੋ ਹਾਥ ਦੇ ਰਛਾ॥ …” ਮਹਾਕਾਲ ਦੇ ਅੱਗੇ ਕੀਤੀ ਅਰਜ਼ੋਈ ਹੈ।

ਅਨੇਕਾਂ ਚਰਿਤ੍ਰਾਂ ਵਿੱਚ ਅਸ਼ਲੀਲ ਭਾਸ਼ਾ, ਨਸ਼ੇ ਪ੍ਰੇਰਕ, ਨਾਜਾਇਜ਼ ਇਸਤ੍ਰੀ-ਪੁਰੁਸ਼ ਸੰਬੰਧ ਪ੍ਰੇਰਕ ਕਥਾਵਾਂ, ਕੇਸ ਨਾਸ਼ਕ ਵਿਧੀ ਦਸਣ ਵਾਲੀਆਂ ਕਥਾਂਵਾਂ ਉੱਕਾ ਹੀ ਗੁਰਮਤਿ ਵਿਰੁਧ ਹਨ।

(੧੬) ਪੰਨਾ ੧੩੮੯ ਤੋਂ ੧੩੯੪ ਤਕ: ਜ਼ਫ਼ਰਨਾਮਹ॥ ਇਸ ਰਚਨਾ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਤਾਰੀਫ਼ ਵੀ ਕੀਤੀ ਗਈ ਹੈ ਕਿ ਤੂੰ ਸੁੰਦਰ ਸਰੂਪ ਵਾਲਾ. ਜਲਾਲ ਵਾਲਾ, ਚੰਗੀ ਜ਼ਮੀਰ ਵਾਲਾ, ਦੇਗ ਤੇਗ ਦਾ ਮਾਲਕ, ਬਖ਼ਸ਼ਿਸ਼ ਕਰਨ ਵਾਲਾ ਹੇਂ; ਤੇਰੀਆਂ ਦੇਵਤਿਆਂ ਵਰਗੀਆਂ ਸਿਫ਼ਤਾਂ ਹਨ (ਸ਼ੇਅਰ ੮੯ ਤੋਂ ੯੩ ਤਕ)। ਪਰ ਸ਼ੇਅਰ ੪੬ ਅਤੇ ੯੪ ਵਿੱਚ ‘ਧਰਮ ਤੋਂ ਦੂਰ ਹੈਂ’ ਕਿਹਾ ਹੈ। ਆਪਾ-ਵਿਰੋਧੀ ਬਿਆਨ ਕਿਵੇਂ?

(੧੭) ਪੰਨਾ ੧੩੯੪ ਤੋਨ ੧੪੨੮ ਤਕ: ਹਿਕਾਯਤਾਂ, (ਕੁਲ ਗਿਣਤੀ ੧੧) ਮਜ਼ਮੂਨ ਤ੍ਰਿਯਾ ਚਰਿਤ੍ਰ ਹੀ ਹੈ। ਰਚਨਹਾਰਾ ਕਬਿ ਸਯਾਮ ਹੀ ਹੈ। ਕਵੀ ਸ਼ਯਾਮ ਫ਼ਾਰਸੀ ਜ਼ਬਾਨ ਜਾਣਦਾ ਹੈ (ਵੇਖੋ ਕ੍ਰਿਸਨਾਵਤਾਰ, ਪੰਨਾ ੪੯੭, ਪ੍ਰਸੰਗ ਕਾਲਜਮਨ ਦੈਤ ਬਧ)। ਹਿਕਾਯਤ ਨੰ: ੫ (ਪੰਨਾ ੧੪੦੬) ਦੀ ਕਹਾਣੀ ਅਤੇ ਚਰਿਤ੍ਰੋ ਪਾਖਯਾਨ ੨੬੭ (ਪੰਨਾ ੧੨੧੦) ਕਹਾਣੀ ਇਕੋ ਜਹੀ ਹੈ; ਠੀਕ ਇਸੇ ਤਰ੍ਹਾਂ ਹਿਕਾਯਤ ਨੰ: ੧੨ (ਪੰਨਾ ੧੪੨੭) ਦੀ ਕਹਾਣੀ ਚਰਿਤ੍ਰੋ ਪਾਖਯਾਨ ਨੰ: ੨੨੧ (ਪੰਨਾ ੧੧੩੧) ਦੀ ਕਹਾਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਚੂਂਕਿ ਚਰਿਤ੍ਰੋ ਪਾਖਯਾਨ ਦੇ ਲਿਖਾਰੀ ਨਿਰਸੰਦੇਹ ਕਵੀ ਸਯਾਮ, ਕਵੀ ਰਾਮ ਹਨ, ਇਹਨਾਂ ਹਿਕਾਯਤਾਂ ਦੇ ਲਿਖਾਰੀ ਵੀ ਇਹ ਕਵੀ ਹੀ ਹਨ ਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ।

ਇਸ ਗ੍ਰੰਥ ਬਾਰੇ ਖ਼ਾਸ ਤੌਰ ਤੇ ਨੋਟ ਕਰਣ ਯੋਗ ਨੁਕਤੇ:-

(ੳ) ਇਸ ਗ੍ਰੰਥ ਨੂੰ ਗੁਰੁ-ਪਦਵੀ ਪ੍ਰਦਾਨ ਨਹੀ ਕੀਤੀ ਗਈ।

(ਅ) ਇਸ ਗ੍ਰੰਥ ਦੀ ਸਮੁੱਚੇ ਤੋਰ ਤੇ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀ।

(ੲ) ਇਸ ਗ੍ਰੰਥ ਵਿੱਚ ਮਹਲਾ ਪਦ ਅਤੇ ਨਾਨਕ ਪਦ ਕਿਤੇ ਨਹੀ ਵਰਤੇ ਗਏ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ।

(ਸ) ਇਸ ਗ੍ਰੰਥ ਦੀ ਲਿਖਣ ਸ਼ੈਲੀ (ਛੰਦਾਂ ਦੀ ਚਾਲ), ਬੋਲੀ (ਬ੍ਰਜ, ਡਿੰਗਲ) ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਅਲਗ।

(ਹ) ਇਹ ਗ੍ਰੰਥ ਗੁਰਸਿਖਾਂ ਨੂੰ ਬ੍ਰਾਹਮਣ-ਵਾਦ ਵਿੱਚ ਉਲਝਾਉਣ ਵਾਲੇ ਬ੍ਰਾਹਮਣਵਾਦੀ ਗ੍ਰੰਥਾਂ ਤੇ ਆਧਾਰਿਤ ਹੈ।

(ਕ) ਇਸ ਗ੍ਰੰਥ ਵਿੱਚ ਇਸਤ੍ਰੀ ਦੀ ਘੋਰ ਨਿੰਦਾ ਕੀਤੀ ਗਈ ਹੈ (ਸਜ ਪਛਤਾਨਿੳ ਇਨ ਕਰਤਾਰਾ॥ . . ਵਰਗੀਆਂ ਕਈ ਪੰਕਤੀਆਂ)

(ਖ) ਇਸ ਗ੍ਰੰਥ ਦੇ ਲਿਖਾਰੀ ਭੁਲਣਹਾਰ; ਕਈ ਸਿਧਾਂਤਕ, ਇਤਿਹਾਸਕ, ਦਲੀਲ (scientific logic) ਵਿਰੁਧ ਗੱਲਾਂ।




.