ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 15
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਇਤਿਹਾਸ ਦੇ ਪੰਨਿਆਂ ਵਲ ਨਜ਼ਰ ਮਾਰਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ
ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਕੋਈ ਅਜੇਹਾ ਸਿੱਖ ਨਹੀਂ ਹੋਇਆ ਜਿਸ ਦੇ ਨਾਮ ਨਾਲ ਸੰਤ ਸ਼ਬਦ
ਲੱਗਿਆ ਹੋਵੇ। ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਲੈ ਕੇ ਮਹਾਂਰਾਜਾ
ਰਣਜੀਤ ਸਿੰਘ ਦੇ ਰਾਜ ਭਾਗ ਤਕ ਕੋਈ ਵੀ ਅਜੇਹਾ ਸਿੱਖ ਨਹੀਂ ਹੋਇਆ ਜਿਸ ਨੇ ਆਪਣੇ ਨਾਮ ਨਾਲ ਸੰਤ ਸ਼ਬਦ
ਲਾਇਆ ਹੋਵੇ। ਇੰਜ ਸੌਖਿਆਂ ਸਮਝ ਆ ਸਕਦੀ ਹੈ ਕਿ ੧੯੦੦ ਈਸਈ ਤਕ ਇਸ ਸ਼ਬਦ ਦੀ ਸਿੱਖ ਧਰਮ ਵਿੱਚ ਵਰਤੋਂ
ਨਹੀਂ ਹੋਈ। ਇਹ ਤੇ ਸਭ ਤੋਂ ਪਹਿਲਾਂ ਬਾਬਾ ਅਤਰ ਸਿੰਘ ਜੀ ਨੇ ਆਪਣੇ ਨਾਮ ਨਾਲ ਸੰਤ ਸ਼ਬਦ ਲਗਾਇਆ,
ਦੇਖਾ ਦੇਖੀ ਹੋਰਨਾਂ ਵੀ ਇਸ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਕੌਮ ਵਿੱਚ ਸਭ ਤੋਂ ਵੱਧ
ਨਿਘ੍ਹਾਰ ਓਦੋਂ ਆਉਣਾ ਸ਼ੁਰੂ ਹੋਇਆ ਜਦੋਂ ਸੰਤ ਸ਼ਬਦ ਵਾਲੇ ਸੰਤ ਫਤਹ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ
ਪ੍ਰਧਾਨ ਤੇ ਸੰਤ ਸ਼ਬਦ ਵਾਲੇ ਸੰਤ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਤ
ਪ੍ਰਧਾਨ ਬਣ ਗਏ। ਭੋਲ ਭੁਲੇਖੇ ਵਿੱਚ ਹੀ ਸੰਤ ਸ਼ਬਦ ਨੂੰ ਮਾਨਤਾ ਮਿਲਣ ਲੱਗ ਪਈ, ਫਿਰ ਕੀ ਜਿੱਧਰ
ਦੇਖੋ ਸੰਤਾਂ ਦੀਆਂ ਹੇੜਾਂ ਦੀਆਂ ਹੇੜਾਂ ਨਜ਼ਰ ਆਉਣ ਲੱਗ ਪਈਆਂ।
ਗਿਆਨੀ ਦਿੱਤ ਸਿੰਘ ਜੀ ਨੇ ਸੰਸਾਰ ਪ੍ਰਸਿੱਧ ਆਪਣੀ ਪੁਸਤਕ “ਮੇਰਾ ਪਿੰਡ”
ਵਿੱਚ ਲਿਖਦੇ ਹਨ ਕਿ “ਸੰਤਾਂ ਦੇ ਵੱਗਾਂ ਦੇ ਵੱਗ ਫਿਰਦੇ ਮੈਂ ਕਿਦ੍ਹੇ ਕਿਦ੍ਹੇ ਪੈਰੀਂ ਹੱਥ ਲਾਵਾਂ”
ਦੇਖਦਿਆਂ ਦੇਖਦਿਆਂ ਸਿੱਖੀ ਵਿੱਚ ਸੰਤਾਂ ਦੀਆਂ ਭੀੜਾਂ ਇਕੱਠੀਆਂ ਹੋ ਗਈਆਂ। ਸਭ ਤੋਂ ਹੈਰਾਨੀ ਦੀ
ਗੱਲ ਇਹ ਹੈ ਕਿ ਇਹਨਾਂ ਦੇ ਕਿਸੇ ਵੀ ਡੇਰੇ ਦੀ ਰਹਿਤ ਮਰਯਾਦਾ ਆਪਸ ਵਿੱਚ ਰਲ਼ਦੀ ਨਹੀਂ ਹੈ। ਅੰਦਰ
ਖਾਤੇ ਇੱਕ ਦੂਜੇ ਦੀ ਜੀ--ਭਰ ਕੇ ਵਿਰੋਧਤਾ ਕਰਦੇ ਹਨ, ਪਰ ਜਦ ਇਹਨਾਂ `ਤੇ ਕੋਈ ਸਮੱਸਿਆ ਖੜੀ ਹੁੰਦੀ
ਹੈ ਤਾਂ ਇਹ ‘ਪ੍ਰਾਈਵੇਟ ਲਿਮਟਿਡ ਕੰਪਨੀ’ ਵਾਂਗ “ਸੰਤ ਸਮਾਜ” ਬਣਾ ਲੈਂਦੇ ਹਨ। ਸਟੇਜਾਂ `ਤੇ
ਸ਼ਰੇ-ਆਮ ਕਹਿਣਗੇ ਸਾਧ ਸੰਗਤ ਜੀ ਸ਼੍ਰੋਮਣੀ ਕਮੇਟੀ ਗੁਰੂ ਦਾ ਸਤਿਕਾਰ ਨਹੀਂ ਕਰਦੀ, ਸ਼੍ਰੋਮਣੀ ਕਮੇਟੀ
ਨੇ ਮੂਲ਼ ਮੰਤ੍ਰ ਘੱਟ ਕਰ ਦਿੱਤਾ ਹੈ, ਸ਼੍ਰੋਮਣੀ ਕਮੇਟੀ ਨੇ ਬਾਣੀ ਘਟਾ ਦਿੱਤੀ ਹੈ। ਅਸੀਂ ਹੀ ਧਰਮ
ਬਚਾ ਕੇ ਰੱਖਿਆ ਹੈ, ਪਰ ਬਹੁਤ ਵੱਡਾ ਦੁਖਾਂਤ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਦੋਂ ਕੋਈ ਪੰਥਕ ਰਾਇ
ਕਾਇਮ ਕਰਨੀ ਹੁੰਦੀ ਹੈ ਤਾਂ ਸਲਾਹ ਇਹਨਾਂ ਸਾਧਾਂ ਦੀ ਲਈ ਜਾਂਦੀ ਹੈ, ਹਾਲ਼ਾਂ ਕਿ ਇਹਨਾਂ ਦੇ ਡੇਰਿਆਂ
ਵਿੱਚ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਇੱਕ ਮਦ ਵੀ ਲਾਗੂ ਨਹੀਂ ਹੈ। ਜਦ ਇਹ ਪੰਥ ਪ੍ਰਵਾਨਤ ਰਹਿਤ
ਮਰਯਾਦਾ ਨੂੰ ਹੀ ਨਹੀਂ ਮੰਨਦੇ ਤਾਂ ਫਿਰ ਇਹਨਾਂ ਦੀ ਪੰਥਕ ਮਸਲਿਆਂ ਲਈ ਰਾਇ ਵੀ ਨਹੀਂ ਲੈਣੀ
ਚਾਹੀਦੀ।
ਸੰਤ ਸ਼ਬਦ ਗੁਰਬਾਣੀ ਵਿੱਚ ਪ੍ਰਮਾਤਮਾ ਲਈ, ਗੁਰੂ ਲਈ ਜਾਂ ਕਿਰਤੀ ਸਿੱਖਾਂ ਦੇ
ਇਕੱਠ ਲਈ ਵਰਤਿਆ ਗਿਆ ਹੈ, ਇਸ ਦਾ ਵਿਸਥਾਰ ਦੇਖਣਾ ਹੋਵੇ ਤਾਂ ਦਾਸ ਦੀ ਪੁਸਤਕ “ਕੀ ਅਸੀਂ ਨਿਆਰੇ
ਖਾਲਸਾ ਹਾਂ” ? ਵਿਚੋਂ ਦੇਖਿਆ ਜਾ ਸਕਦਾ ਹੈ। ਇਹ ਸਾਧੜੇ ਕੁੱਝ ਅਜੇਹੀਆਂ ਤੁਕਾਂ ਪੜ੍ਹ ਕੇ ਸਣਾਉਂਦੇ
ਹਨ ਜਿੰਨਾ ਦਾ ਸਿੱਧਾ ਸਬੰਧ ਪਰਮਾਤਮਾ ਨਾਲ ਜਾਂ ਗੁਰੂ ਨਾਲ ਜੁੜਿਆ ਹੁੰਦਾ ਹੈ ਪਰ ਇਹ ਸੰਤ ਸ਼ਬਦ ਨੂੰ
ਆਪਣੇ ਲਈ ਵਰਤਦੇ ਹਨ। ਮਿਸਾਲ ਦੇ ਤੌਰ `ਤੇ--ਇਹ ਸਲੋਕ ਅਕਸਰ ਪੜ੍ਹ ਕੇ ਸਣਾਉਂਦੇ ਹਨ—
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨਿ ਮੰਤੁ॥
ਧੰਨ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥
ਸਲੋਕ ਮ: ੫ ਪੰਨਾ ੩੧੯--
ਆਮ ਕਰਕੇ ਇਸ ਸਲੋਕ ਦੇ ਅਰਥ ਤਾਂ ਏਹੀ ਕਰਦੇ ਹਨ ਕਿ ਦੇਖੋ ਜੀ ਜਿੰਨਾ ਮਹਾਂ
ਪੁਰਸ਼ਾਂ ਨੂੰ ਸਾਸ ਗਿਰਾਸ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਉਹ ਧੰਨ ਹਨ ਤੇ ਪੂਰੇ ਸੰਤ ਹਨ। ਪਰ ਜ਼ਰਾ
ਕੁ ਡੂੰਘਾਈ ਵਿੱਚ ਜਾਇਆਂ ਗੱਲ ਬੜੀ ਪਿਆਰੀ ਬਣਦੀ ਹੈ ਕਿ ਜਿੰਨ੍ਹਾ ਪਿਆਰਿਆਂ ਨੂੰ ਪਰਮਾਤਮਾ ਦਾ ਨਾਮ
ਨਹੀਂ ਵਿਸਰਦਾ ਉਹ ਧੰਨ ਹਨ ਪਰ ਪੂਰਨ ‘ਸੰਤੁ’ ਉਹ ਪਰਮਾਤਮਾ ਹੀ ਹੈ। ‘ਸੰਤੁ’ ਦੇ ਤੱਤੇ ਨੂੰ ਔਂਕੜ
ਹੈ ਤੇ ‘ਸੋਈ’ ਸ਼ਬਦ ਪਰਮਾਤਮਾ ਲਈ ਗੁਰਬਾਣੀ ਵਿੱਚ ਆਇਆ ਹੈ। ‘ਨਾਮ’ ਜਿੰਨ੍ਹਾਂ ਨੂੰ ਨਹੀਂ ਵਿਸਰਦਾ
ਉਹ ਧੰਨ ਹਨ ਪਰ ਪੂਰਾ ‘ਸੰਤ’ ਇੱਕ ਪਰਮਾਤਮਾ ਹੈ।
ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਜੋ ਤੇਰਵੀਂ ਅਸਟਪਦੀ ਆਈ ਹੈ ਇਸ ਵਿੱਚ
ਆਏ ਸੰਤ ਸ਼ਬਦ ਦੀ ਵਰਤੋਂ ਅੱਜ ਦੇ ਸੰਤਾਂ ਨੇ ਆਪਣੇ ਲਈ ਬਹੁਤ ਕੀਤੀ ਹੈ। ਪਰ ਇਹ ਸੰਤ ਸ਼ਬਦ ਗੁਰੂ ਜੀ
ਲਈ ਆਇਆ ਹੈ। ਸਭ ਤੋਂ ਵੱਧ ਭੜਥੂ ਇਹਨਾਂ ਦੇ ਡੇਰਿਆਂ `ਤੇ ਰਹਿਣ ਵਾਲੇ ਚਿਮਟਾ ਬਰਦਾਰਾਂ ਨੇ ਪਾਇਆ
ਹੈ, ਇਹਨਾਂ ਨੇ ਮਰ ਚੁੱਕੇ ਬੜੇ ਮਹਾਂਰਾਜ ਦੀਆਂ ਗਪੌੜਿਆਂ ਵਾਲੀਆਂ ਕਰਾਮਾਤਾਂ ਦੀਆਂ ਸਾਖੀਆਂ ਤੇ
ਹੁਣ ਵਾਲੇ ਮਹਾਂਰਾਜ ਜੀ ਦੀਆਂ ਗੈਰ-ਕੁਦਰਤੀ ਸਾਖੀਆਂ ਭੋਲੀਆਂ ਸੰਗਤਾਂ ਨੂੰ ਚਟਕਾਰੇ ਲਾ ਲਾ ਕੇ
ਸੁਣਾਈਆਂ ਹਨ। ਇਹ ਗਏ ਗ਼ੁਜ਼ਰੇ ਸਾਧ ਕੌਮ ਲਈ ਖੋਟੇ ਪੈਸੇ ਵਰਗੇ ਵੀ ਨਹੀਂ ਹਨ। ਪਰ ਇਹਨਾਂ ਟਕੇ ਦੇ
ਬੰਦਿਆਂ ਨੇ ਸੰਤਾਂ ਦੇ ਉਹ ਕੌਤਕ ਸੁਣਾਏ ਹਨ ਜੋ ਗੈਰ ਕੁਦਰਤੀ ਤੇ ਸਿਧਾਂਤੋਂ ਹੀਣੇ ਹਨ। ਗੁਰੂਆਂ ਦੇ
ਜੀਵਨ ਵਾਂਗ ਇਹਨਾਂ ਨੇ ਆਪਣੇ ਸਾਧਾਂ ਦਾ ਜੀਵਨ ਪੇਸ਼ ਕਰਨ ਦੀ ਮੁਹਾਰਤ ਹਾਸਲ ਕੀਤੀ ਹੋਈ ਹੈ। ਸੁਆਲ
ਪੈਦਾ ਹੁੰਦਾ ਹੈ ਕਿ ਕਿਹੜੇ ਸੰਤ ਦੀ ਸਰਣ ਵਿੱਚ ਜਾਣਾ ਹੈ, ਹਰ ਇਲਾਕੇ ਵਾਲਾ ਕਹਿੰਦਾ ਹੈ ਕਿ ਸਾਡਾ
ਸੰਤ ਹੀ ਪੂਰਾ ਹੈ ਬਾਕੀ ਦੇ ਸੰਤ ਤਾਂ ਐਵੇਂ ਹੀ ਹਨ।
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ॥
ਜੋ ਮਨੁੱਖ ਸੰਤਾਂ ਦੀ ਸਰਨ ਵਿੱਚ ਪੈਂਦਾ ਹੈ, ਉਹ ਮਾਇਆ ਦੇ ਹੱਲਿਆਂ ਤੇ
ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਹੇ ਨਾਨਕ! ਸੰਤਾਂ ਦੀ ਨਿੰਦਿਆ ਨਾਲ ਮੁੜ ਜੰਮੀਦਾ
ਮਰੀਦਾ ਹੈ, ਭਾਵ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਬੱਸ ਏਸੇ ਤੁਕ ਨੂੰ ਹੀ ਸਾਧ
ਲਾਣੇ ਨੇ ਆਪਣੇ ਲਈ ਵਰਤਿਆ ਹੈ,
“ਸੰਤ ਕੀ ਨਿੰਦਾ ਨਾਨਕਾ”
ਤਾਂ ਕਿ ਕੋਈ ਵੀ ਸੰਤਾਂ ਦੇ ਐਬਾਂ ਨੂੰ ਨਾ ਚਿਤਾਰੇ, ਬਲ ਕੇ ਜਿਹੜਾ ਵੀ ਸੰਤਾਂ ਦੇ ਐਬਾਂ ਦੀ ਗੱਲ
ਕਰੇਗਾ (ਜਿਸ ਨੂੰ ਇਹ ਨਿੰਦਿਆ ਸਮਝਦੇ ਹਨ) ਉਹ ਨਰਕਾਂ ਦਾ ਭਾਗੀ ਹੋਏਗਾ।
ਅਸਲ ਵਿੱਚ ਸੰਤ ਸ਼ਬਦ ਏੱਥੇ ਗੁਰੂ ਜੀ ਲਈ, ਗੁਰੂ ਜੀ ਦੇ ਸਿਧਾਂਤ ਲਈ ਤੇ
ਰੱਬੀ ਨਿਯਮਾਵਲੀ ਲਈ ਆਇਆ ਹੈ, ‘ਸੰਤ ਸਰਨਿ’ ਗੁਰੂ ਜੀ ਦੀ ਬਾਣੀ ਨੂੰ ਸਮਝਣਾ। ‘ਉਧਰਨਹਾਰ’ ਜਦੋਂ
ਬਾਣੀ ਦੇ ਵਿਚਾਰ ਦੀ ਸਮਝ ਆ ਗਈ ਮਨੁੱਖ ਵਿਕਾਰਾਂ ਵਲੋਂ ਬਚ ਜਾਏਗਾ। ‘ਸੰਤ ਕੀ ਨਿੰਦਾ’ ਗੁਰੂ ਗਿਆਨ
ਦੀ ਪ੍ਰਵਾਹ ਨਹੀਂ ਕਰੇਗਾ ਹਰ ਰੋਜ਼ ਦੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਗਾ। ‘ਸੰਤ ਕੀ ਨਿੰਦਾ’ ਦਾ
ਰੂਪ ਕੀ ਹੈ ਤੇ ‘ਬਹੁਰਿ ਬਹੁਰਿ ਅਵਤਾਰ’ ਕੀ ਹੈ? ਗੁਰੂ ਜੀ ਕਹਿੰਦੇ ਹਨ ਕਿ ਭਲਿਆ ਏਕਾ ਨਾਰੀ ਦੇ
ਅਸੂਲ ਨੂੰ ਧਾਰਨ ਕਰ ਜੇ ਇਸ ਅਸੂਲ ਨੂੰ ਨਹੀਂ ਸਮਝੇਂਗਾ ਤਾਂ ਏਡਜ਼ ਵਰਗੀਆਂ ਬਿਮਾਰੀਆਂ ਜਨਮ ਲੈਣਗੀਆਂ
ਹੀ ਲੈਣਗੀਆਂ ਤੇ ਇਹ ਬਿਮਾਰੀ ਹੀ ਜਨਮ ਮਰਨ ਦਾ ਗੇੜ ਹੈ। ਪਿੰਸੀਪਲ ਸਤਿਬੀਰ ਸਿੰਘ ਜੀ ਨੇ ਕਥਾ
ਕਰਦਿਆਂ ਬਹੁਤ ਪਿਆਰਾ ਇੱਕ ਖ਼ਿਆਲ ਦਿੱਤਾ ਹੈ ਕਿ ਸਾਰੀ ਦੁਨੀਆਂ ਨੂੰ ਗੁਰੂ ਨਾਨਕ ਸਹਿਬ ਜੀ ਦੇ ਚਰਨਾ
ਵਿੱਚ ਝੁੱਕ ਜਾਣਾ ਚਾਹੀਦਾ ਹੈ ਕਿਉਂਕਿ ਭਿਆਨਕ ਬਿਮਾਰੀਆਂ ਤੋਂ ਸਿੱਖ ਨੂੰ ਗੁਰੂ ਜੀ ਆਪਣਾ ਗਿਆਨ ਦੇ
ਕੇ ਪੰਜ ਸੌ ਸਾਲ ਪਹਿਲਾਂ ਹੀ ਬਚਾ ਗਏ ਹਨ। ਨਿੰਦਿਆ ਦਾ ਭਾਵ ਅਰਥ ਹੈ ਗੁਰੂ ਜੀ ਦੇ ਦੱਸੇ ਮਾਰਗ ਨੂੰ
ਨਾ ਸਮਝਣਾ ਤੇ ਸਰਨ ਦਾ ਭਾਵ ਅਰਥ ਗੁਰੂ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ।
ਕੀ ਸੰਤਾਂ ਨਾਲ ਦੁੱਖ ਕਰਨ ਕਰਕੇ ਉਮਰ ਘੱਟਦੀ ਹੈ? ਕੀ ਸੰਤ ਦੀ ਨਿੰਦਿਆ ਕਰਨ
ਨਾਲ ਸਾਨੂੰ ਜਮਾਂ ਦੀ ਮਾਰ ਪੈਂਦੀ ਹੈ? ਕੀ ਸੰਤਾਂ ਦੀ ਨਿੰਦਿਆ ਨਾਲ ਅਸੀਂ ਨਰਕ ਵਿੱਚ ਜਾਂਵਾਂਗੇ?
ਸੰਤ ਦੀ ਨਿੰਦਿਆ ਨਾਲ ਵਾਕਿਆ ਹੀ ਮਤ ਵਿੱਚ ਮਲੀਨਤਾ ਆ ਜਾਂਦੀ ਹੈ?
ਸੰਤ ਕੈ ਦੂਖਨਿ ਆਰਜਾ ਘਟੈ॥ ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ॥ ਸੰਤ ਕੈ ਦੂਖਨਿ ਨਰਕ ਮਹਿ ਪਾਇ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ॥ ਸੰਤ ਕੈ ਦੂਖਨਿ ਸੋਭਾ ਤੇ ਹੀਨ॥
ਸੰਤ ਕੇ ਹਤੇ ਕਉ ਰਖੈ ਨ ਕੋਇ॥ ਸੰਤ ਕੈ ਦੂਖੀਨ ਥਾਂਨ ਭਰਸਟੁ ਹੋਇ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ॥ ਨਾਨਕ ਸੰਤ ਸੰਗਿ ਨਿੰਦਕੁ ਭੀ ਤਰੈ॥
ਓਪਰੀ ਨਜ਼ਰ ਨਾਲ ਦੇਖਆਂ ਇੰਜ ਹੀ ਮਹਿਸੂਸ ਹੁੰਦਾ ਹੈ, ਕਿ ਜਿੰਨ੍ਹਾਂ ਦੇ
ਲੰਬੇ ਚੋਲ਼ੇ ਹਨ, ਛੋਟੀ ਜੇਹੀ ਦਸਤਾਰ ਬੰਨ੍ਹੀ ਹੋਈ ਹੈ, ਹੱਥ ਵਿੱਚ ਮਾਲ਼ਾ ਫੜੀ ਹੋਈ ਹੈ, ਚਾਰ ਪੰਜ
ਨਾਲ ਗੜਵਈ ਹੋਣ ਤੇ ਇਹਨਾਂ ਸੰਤਾਂ ਦੀ ਕੋਈ ਵਿਆਕਤੀ ਨਿੰਦਿਆ ਕਰੇ ਉਸ ਦੀ ਉਮਰ ਘੱਟ ਜਾਂਦੀ ਹੈ।
ਜਿਹੜਾ ਮਨੁੱਖ ਸਾਡੇ ਸੰਤ ਦੀ ਨਿੰਦਿਆ ਕਰੇਗਾ ਉਸ ਨੂੰ ਜਮ ਗਲ਼ ਵਿੱਚ ਰੱਸਾ ਪਾ ਕੇ ਖਿਚਣਗੇ ਭਾਵ ਉਹ
ਜਮਾਂ ਦੀ ਮਾਰ ਤੋਂ ਨਹੀਂ ਮੁਕਤ ਹੋ ਸਕਦਾ ਤੇ ਉਸ ਨੂੰ ਸਦਾ ਲਈ ਨਰਕਾਂ ਵਿੱਚ ਰਹਿਣਾ ਪੈਂਦਾ ਹੈ।
ਸੰਤਾਂ ਦੀ ਨਿੰਦਿਆ ਕਰਨ ਨਾਲ ਮਤ ਵਿੱਚ ਮਲੀਨਤਲਾ ਆ ਜਾਂਦੀ ਹੈ।
ਹੁਣ ਕੋਈ ਇਹ ਬਹੁਤਾ ਔਖਾ ਸੁਆਲ ਨਹੀਂ ਹੈ, ਸੰਤ ਸ਼ਬਦ ਗੁਰਬਾਣੀ ਵਿੱਚ ਗੁਰੂ
ਜੀ ਲਈ, ਪਰਮਾਤਮਾ ਲਈ ਜਾਂ ਸੰਗਤ ਲਈ ਆਇਆ ਹੈ। ਕੁੱਝ ਥਾਂਵਾਂ ਤੇ ਬਨਾਰਸ ਦੇ ਠੱਗਾਂ ਲਈ ਵੀ ਆਇਆ
ਹੈ। ਇਸ ਲਈ ਇਹਨਾਂ ਤੁਕਾਂ ਦਾ ਭਾਵ ਅਰਥ ਲਿਆ ਜਾਏਗਾ ਜੋ ਵਿਆਕਤੀ ਗੁਰਬਾਣੀ ਸਿਧਾਂਤ ਨੂੰ ਨਹੀਂ
ਸਮਝਦਾ, ਕੁਦਰਤੀ ਨਿਯਮਾਵਲੀ ਨੂੰ ਨਹੀਂ ਅਪਨਾਉਂਦਾ ਉਸ ਦੀ ਉਮਰ ਘੱਟਦੀ ਹੈ, ਕੁਦਰਤੀ ਨਿਯਮਾਵਲੀ ਕੀ
ਹੈ? ਗੁਰੂ ਸਿਧਾਂਤ ਕੀ ਹੈ? ਕੁਦਰਤੀ ਨਿਯਮ ਹੈ ਕਿ ਜੋ ਮਨੁੱਖ ਭੁੱਖ ਰੱਖ ਕੇ ਖਾਂਧਾ ਹੈ ਉਹ ਵਿਆਕਤੀ
ਜ਼ਿਅਦਾਤਰ ਤੰਦਰੁਸਤ ਰਹਿੰਦੇ ਹਨ। ਗੁਰੂ ਇਸ ਸਬੰਧੀ ਸੁਚੇਤ ਕਰਦਾ ਹੈ:---
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤ॥
ਸਕੋਲ ਮ: ੧ ਪੰਨਾ ੭੯੦—
ਬੱਚਿਆਂ ਨੂੰ ਸਕੂਲ ਵਿੱਚ ਭੇਜਿਆ ਜਾਂਦਾ ਹੈ ਤਾਂ ਕਿ ਇਹਨਾਂ ਨੂੰ ਅਕਲ ਆ
ਜਾਏ, ਜੇ ਬੱਚੇ ਸਕੂਲੇ ਨਾ ਜਾਣ ਤਾਂ ਕੀ ਉਹਨਾਂ ਨੂੰ ਅਕਲ ਆ ਸਕਦੀ ਹੈ ਸਗੋਂ ਮਤ ਵਿੱਚ ਮਲੀਨਤਾ ਹੀ
ਆਏਗੀ। ਏਸੇ ਤਰ੍ਹਾਂ ਜਿਹੜਾ ਵਿਆਕਤੀ ਗੁਰੂ—ਗਿਆਨ ਨੂੰ ਸਮਝਦਾ ਨਹੀਂ ਹੈ ਉਸ ਦੀ ਮਤ ਵਿੱਚ ਮਲੀਨਤਾ
ਰਹੇਗੀ। ਮਤ ਵਿੱਚ ਮਲੀਨਤਾ ਆਉਣ ਨਾਲ ਵਿਕਾਰੀ, ਝਗੜਾਲੂ ਬਿਰਤੀ, ਨਿੰਦਿਆ ਵਾਲੀ ਬਿਰਤੀ ਉਤਪੰਨ ਹੋ
ਜਾਏਗੀ। ਗੁਰੂ (ਸੰਤ) ਦੀ ਸੰਗਤ ਕਰਨ ਨਾਲ ਸੋਝੀ ਆਏਗੀ ਜਿਸ ਨਾਲ ਸੰਸਾਰ ਵਿਚੋਂ ਤਰਨ ਦੀ ਜੁਗਤੀ ਆ
ਸਕਦੀ ਹੈ।
ਸੰਤ-ਧਾਰੀ ਲੋਕਾਂ ਨੇ ਆਮ ਭੋਲ਼ੀ ਜੰਤਾ ਨੂੰ ਏਨਾ ਡਰਾ ਦਿੱਤਾ ਹੈ ਕਿ ਜੇ
ਸੰਤਾਂ ਦੀ ਸੇਵਾ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਪਤਾ ਨਹੀਂ ਕਿਹੜੀ ਕਿਹੜੀ ਜੂਨ ਵਿੱਚ ਪੈਣਾ
ਪਏਗਾ। ਅਸਲ ਵਿੱਚ ਤਾਂ ਗੁਰੂ ਜੀ ਦੇ ਉਪਦੇਸ਼ ਨੂੰ ਨਾ ਸਮਝਣ ਵਾਲਾ ਮਨੁੱਖ ਸੁਭਾਅ ਕਰਕੇ ਹੀ ਵੱਖ ਵੱਖ
ਜੂਨਾਂ ਵਿੱਚ ਫਿਰ ਰਿਹਾ ਹੈ।
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ॥ ਸੰਤ ਕੈ ਤ੍ਰਿਗਦ ਜੋਨਿ ਕਿਰਮਾਇ॥
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਸੱਪ ਦੀ ਜੂਨ ਸਬੰਧੀ ਬਹੁਤ ਸੁੰਦਰ
ਪ੍ਰਮਾਣ ਹੈ।
ਹਰਿ ਬਿਸਰਤ ਸਦਾ ਖੁਆਰੀ॥
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ॥ ਰਹਾਉ॥
ਬਿਨੁ ਸਿਮਰਨ ਜੀਵਨੁ ਜੋ ਬਲਨਾ ਸਰਪ ਜੈਸੇ ਅਰਜਾਰੀ॥
ਟੋਡੀ ਮਹਲਾ ੫ ਪੰਨਾ ੭੧੨—
ਪਰਮਾਤਮਾ ਦੇ ਨਾਮ ਨੂੰ ਛੱਡਿਆਂ ਭਾਵ ਰੱਬੀ ਹੁਕਮ ਵਿਚੋਂ ਬਾਹਰ ਆਇਆਂ ਜ਼ਹਿਰ
ਉਗਲ਼ਣ ਵਾਲੀ ਬਿਰਤੀ ਬਣ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿ ਰਹੇ ਹਨ ਇਹ ਸੁਭਾਅ ਤਬਦੀਲ ਹੋ ਸਕਦੇ ਹਨ
ਗੁਣ ਧਾਰਨ ਕੀਤਿਆਂ।
“ਨਾਨਕ
ਸੰਤ ਭਾਵੈ ਤਾ ਓਇ ਭੀ ਗਤਿ ਪਾਹਿ”
ਜੇਹੋ ਜੇਹਾ ਅਸੀਂ ਬੀਜਾਂਗੇ ਉਹੋ ਜੇਹਾ ਹੀ ਸਾਨੂੰ ਖਾਣ ਨੂੰ ਮਿਲੇਗਾ। ਜੇ
ਅਸੀਂ ਅਸੀਂ ਮਨ ਦੇ ਪਿੱਛੇ ਲੱਗ ਕੇ ਤੁਰਦੇ ਹਾਂ ਸਾਨੂੰ ਖ਼ੁਆਰੀ ਹੁੰਦੀ ਹੈ ਜੇ ਗੁਰੂ ਜੀ ਦੇ ਪਿੱਛੇ
ਚੱਲਦੇ ਹਾਂ ਤਾਂ ਸਾਨੂੰ ਅਨੰਦ ਦੀ ਪ੍ਰਾਪਤੀ ਹੁੰਦੀ ਹੈ।
“ਆਪਨ ਬੀਜਿ ਆਪੇ ਹੀ ਖਾਹਿ”॥
ਸੰਤ (ਗੁਰੂ) ਤੇ ਪਰਮਾਤਮਾ ਵਿੱਚ ਕੋਈ ਭੇਤ ਨਹੀਂ ਹੈ ਇਸ ਸਬੰਧੀ ਵਿਚਾਰ ਕਰ
ਹੀ ਚੁੱਕੇ ਹਾਂ। ਗੁਰ-ਸ਼ਬਦ ਦੀ ਵਿਚਾਰ ਕਰਨੀ ਪ੍ਰਭੂ ਦੀ ਉਸਤਤੀ ਹੈ, ਇਸ ਵੀਚਾਰ ਨੂੰ ਜੀਵਨ ਵਿੱਚ
ਢਾਲਣਾ, ਇਹ ਸਿਮਰਨ ਹੈ ਤੇ ਨਿਤਾ ਪ੍ਰਤੀ ਇਸਦਾ ਅਭਿਆਸ ਕਰਦੇ ਰਹਿਣ ਨੂੰ ਸਾਸ ਗਿਰਾਸ ਕਿਹਾ ਹੈ:---
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ॥ ਤਿਸਹਿ ਧਿਆਵਹੁ ਸਾਸਿ ਗਿਰਾਸਿ॥
ਇਹ ਗੱਲ ਤਾਂ ਦਿਨ ਦੇ ਚਿੱਟੇ ਚਾਨਣੇ ਵਾਂਗ ਹੈ, ਕਿ ਸੁਖਮਨੀ ਵਰਗੀ ਮਹਾਨ
ਬਾਣੀ ਵਿੱਚ ਪਰਮਾਤਮਾ ਤੇ ਗੁਰੂ ਦੀ ਮਹਿਮਾ ਬਾਰੇ ਵਿਚਾਰ ਕੀਤਾ ਗਿਆ ਹੈ ਜੋ ਮਨੁੱਖੀ ਜੀਵਨ ਨੂੰ
ਸਚਿਆਰ ਬਣਾਉਂਦਾ ਹੈ। ਗੁਰਬਾਣੀ ਸਿਧਾਂਤ ਦੇ ਪਰਚਾਰ ਦੀ ਘਾਟ ਕਰਕੇ ਇੱਕ ਖਲਾਅ ਪੈਦਾ ਹੋ ਗਿਆ ਜਿਸ
ਦਾ ਡੰਭੀਆਂ ਨੇ ਫਇਦਾ ਉਠਾਉਂਦਿਆਂ ਕੋਈ ਸੰਤ ਬਣ ਬੈਠਾ ਹੈ ਤੇ ਕੋਈ ੧੦੦੮ ਬ੍ਰਹਮ ਗਿਆਨੀ ਬਣ ਕੇ
ਕਿਰਤੀ ਦੀ ਕਿਰਤ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਿਹਾ ਹੈ।
ਚੌਧਵੀਂ ਅਸਟਪਦੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਜੇਹੇ ਭੇਖੀਆਂ ਤੋਂ
ਸਾਵਧਾਨ ਕਰਦਿਆਂ, ਇੱਕ ਪਰਮਾਤਮਾ ਦੀ ਸ਼ਰਨ ਵਿੱਚ ਆਉਣ ਲਈ ਕਿਹਾ ਹੈ। ਜਿਸ ਦੀ ਜਾਣਕਾਰੀ ਸਾਨੂੰ ਗੁਰੂ
ਪਾਸੋਂ ਮਿਲਦੀ ਹੈ। ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਇਸ ਵਿੱਚ ਵਿਚੋਲੇ ਦੀ ਜ਼ਰੂਰਤ ਨਹੀਂ ਹੈ।
ਜਿਹੜਾ ਮਨੁੱਖ ਸਾਰੀ ਜ਼ਿੰਦਗੀ ਰੋਟੀ ਤੋਂ ਉਪਰ ਨਹੀਂ ਉੱਠ ਸਕਿਆ ਉਹ ਕੌਮ ਦਾ ਕੀ ਸਵਾਰ ਸਕਦਾ ਹੈ?