. |
|
ਖ਼ਾਲਸਾ ਜੀ! ਕੌਣ ਰੋਕੇਗਾ ਵੈਸਾਖੀ ਮੇਲੇ ਦੇ ਨਾਮ ਹੇਠ ਗੁਰਦੁਆਰਿਆਂ ਵਿੱਚ
ਡੀ. ਜੇ ਵਜਾ ਕੇ ਹੁੰਦੇ ਡਿਸਕੋ ਡਾਨਸ ਤੇ ਲੱਚਰ ਗਾਣਿਆਂ ਦੇ ਤਾਲਾਂ `ਤੇ ਨੱਚਦੇ ਸਿਰੋਂ ਨੰਗੀਆਂ
ਔਰਤਾਂ ਤੇ ਨਸ਼ਈ ਮਰਦਾਂ ਨੂੰ ਅਤੇ ਬਿੰਗੋ (ਜੂਆ) ਵਰਗੀਆਂ ਖੇਡਾਂ ਦੇ ਰੂਪ ਵਿੱਚ ਹੁੰਦੀ ਘੋਰ ਮਨਮੱਤ
ਤੇ ਗੁਰੂ ਦੇ ਨਿਰਾਦਰ ਨੂੰ?
ਵੈਸਾਖੀ, ਪੰਜਾਬੀਆਂ ਦਾ ਬਸੰਤ ਰੁੱਤ ਦੇ ਖੇੜਿਆਂ ਜੜਿਆ, ਉਤਸ਼ਾਹ ਭਰਿਆ ਅਤੇ
ਮੌਜ ਮਸਤੀ ਤੇ ਖੁਸ਼ੀਆਂ ਨਾਲ ਸ਼ਰਸ਼ਾਰ ਇੱਕ ਸਾਂਝਾ ਰੁੱਤੀ ਤਿਉਹਾਰ ਹੈ। ਕਿਉਂਕਿ, ਇਸ ਮੌਕੇ ਕਣਕ ਦੇ
ਰੂਪ ਵਿੱਚ ਹਾੜੀ ਦੀ ਫਸਲ ਸੁਨਹਿਰੀ ਭਾਅ ਮਾਰਦੀ ਪੱਕਣ ਦਾ ਸਨੇਹਾ ਦਿੰਦੀ ਹੋਈ, ਜਿਥੇ, ਕਿਸਾਨ ਅੰਦਰ
ਖੁਸ਼ੀ ਤੇ ਉਤਸ਼ਾਹ ਨੂੰ ਵਧਾਉਂਦੀ ਹੈ। ਉਥੇ, ਇਸ ਸੁਖਦਾਈ ਤੇ ਸੁਹਾਵਣੀ ਰੁੱਤੇ ਬਨਾਸਪਤੀ ਦੀਆਂ
ਨਵ-ਜਨਮੀਆਂ ਕਰੂੰਬਲਾਂ ਦੀ ਹਰਿਆਵਲ, ਫੁੱਲਾਂ ਦਾ ਖੇੜਾ, ਭੰਵਰਾਂ ਦੀ ਗੂੰਜਾਰ ਅਤੇ ਰੁੱਖਾਂ `ਤੇ
ਬਿੰਡਿਆਂ ਦਾ ਨਾਦ ਤੇ ਬੁਲਬਲਾਂ ਦਾ ਨਾਚ, ਕੁਦਰਤ ਦੇ ਹਰੇਕ ਜੀਅ ਜੰਤ ਅੰਦਰ ਇੱਕ ਰਸ ਭਰੇ ਹੁਲਾਰੇ
ਤੇ ਅਨੰਦਮਈ ਲਹਿਰ ਨੂੰ ਜਨਮ ਦਿੰਦਾ ਹੈ। ਖੁਸ਼ੀਆਂ ਅੰਦਰ ਝੂਮਦਾ ਹੋਇਆ ਕਿਸਾਨ, ਜਿਥੇ, ਢੋਲ ਦੇ ਡੱਗੇ
`ਤੇ ਨੱਚਣ ਤੇ ਗਾਉਣ ਲਗਦਾ ਹੈ। ਉਥੇ, ਖੇੜਿਆਂ ਭਰਪੂਰ ਰੱਤੀ ਪ੍ਰਭਾਵ ਨੂੰ ਕਬੂਲ ਕੇ ਪ੍ਰੇਮੀਆਂ
ਅੰਦਰ ਆਪਣੇ ਪਿਆਰਿਆਂ ਨੂੰ, ਸੁਹਾਗਣਾਂ ਅੰਦਰ ਆਪਣੇ ਕੰਤ ਪ੍ਰੀਤਮਾਂ ਨੂੰ ਅਤੇ ਭਗਤਾਂ ਅੰਦਰ ਆਪਣੇ
ਮਾਲਕ ਪ੍ਰਭੂ ਨੂੰ ਮਿਲਣ ਦਾ ਚਾਅ ਤੇ ਉਮਾਹ ਵੀ ਪੈਦਾ ਹੋ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿਖੇ ਇਸ ਕੁਦਰਤੀ ਖੇੜੇ ਤੇ ਰੁੱਤੀ ਪ੍ਰਭਾਵ ਕਾਰਨ ਰੱਬੀ ਪ੍ਰੇਮੀਆਂ ਅੰਦਰ ਫੁੱਟੇ ਰੂਹਾਨੀ
ਹੁਲਾਰਿਆਂ ਨੂੰ ਇਉਂ ਪ੍ਰਗਟ ਕੀਤਾ ਗਿਆ ਹੈ:
ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ।।
ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ।। (੯੨੭)
ਅਥਵਾ:
ਵੈਸਾਖੁ ਭਲਾ ਸਾਖਾ ਵੇਸ ਕਰੇ।। ਧਨ
ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ।। (੧੧੦੮)
ਜਿਵੇਂ ਪੰਜਾਬ ਦਾ ਕਿਸਾਨ ਵੈਸਾਖੀ ਦੇ ਮੇਲੇ `ਤੇ ਆਪਣੀ ਹਾਰਦਿਕ ਖੁਸ਼ੀ ਤੇ
ਮਨੋਭਾਵ ਪ੍ਰਗਟ ਕਰਕੇ ਪੱਕੀ ਹੋਈ ਖੇਤੀ ਨੂੰ ਸੰਭਾਲਣ ਲਈ ਦਾਤੀਆਂ ਨਾਲ ਵੱਢਣ, ਬੇੜਾਂ ਨਾਲ ਭਰੀਆਂ
ਬੰਨਣ ਅਤੇ ਫਲ਼ਿਆਂ ਨਾਲ ਗੌਹਣ ਤੇ ਅਨਾਜ ਦੇ ਬੋਹਲ ਨੂੰ ਚੁੱਕਣ ਲਈ ਕਮਰਕੱਸਾ ਕਰ ਲੈਂਦਾ ਹੈ। ਤਿਵੇਂ
ਹੀ ਵੈਸਾਖ ਦੇ ਮਹੀਨੇ ਸੰਸਾਰ ਵਿੱਚ ਪਰਗਟ ਹੋਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ਬੀਜੀ ਹੋਈ
ਸਿੱਖੀ ਦੀ ਖੇਤੀ ਨੂੰ, ਜਿਹੜੀ ਉਨ੍ਹਾਂ ਦੇ ਜੋਤਿ-ਸਰੂਪ ਗੁਰੂ ਸਾਹਿਬਾਨ ਦੀ ੨੩੦ ਸਾਲ ਦੀ ਸਖਤ
ਘਾਲਣਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੱਕਣ ਤੇ ਆਈ, ਉਹ ਵੀ ਕਿਸਾਨ ਦੀ ਦਾਤਰੀ ਤੇ
ਦੱਬ ਆਦਿਕ ਦੇ ਬੇੜਾਂ ਵਾਂਗ ਕ੍ਰਿਪਾਨ ਤੇ ਮਰਯਾਦਾ ਦੇ ਬੇੜ ਲੈ ਕੇ ਉਸ ਨੂੰ ਸੰਭਾਲਣ ਲਈ ਵੈਸਾਖੀ ਦੇ
ਦਿਹਾੜੇ ਤਿਆਰ ਹੋ ਗਏ। ਕਿਉਂਕਿ, ਇੱਕ ਤਾਂ ਬਸੰਤ ਰੁੱਤ ਦੇ ਕੁਦਰਤੀ ਖੇੜੇ ਕਾਰਨ ਲੋਕਾਂ ਦੇ ਮਨਾਂ
ਵਿੱਚ ਉਮਾਹ ਸੀ ਅਤੇ ਦੂਜੇ ਗੁਰੂ ਦਰਬਾਰ ਦੇ ਇਕੱਠ ਲਈ ਵੈਸਾਖੀ ਮੇਲੇ ਦੀ ਹੋਣ ਵਾਲੀ ਸੁਭਾਵਿਕ ਤੇ
ਸਾਂਝੀ ਇਕੱਤ੍ਰਤਾ ਅਤੇ ਕਿਸਾਨਾਂ ਦੀ ਵੇਹਲ ਦਾ ਲਾਭ ਵੀ ਮਿਲ ਰਿਹਾ ਸੀ। ਇਹੀ ਕਾਰਨ ਹੈ ਕਿ ਵੈਸਾਖੀ
ਦਾ ਦਿਹਾੜਾ ਸਾਡੇ ਗੁਰਸਿੱਖਾਂ ਲਈ ਕੇਵਲ ਕੋਈ ਇੱਕ ਰੁੱਤੀ ਤਿਉਹਾਰ ਜਾਂ ਸਮਾਜਿਕ ਮੇਲਾ-ਗੇਲਾ ਹੀ
ਨਹੀ। ਸਗੋਂ, ਮਹਾਨ ਖ਼ਾਲਸਈ ਪੁਰਬ ਬਣ ਗਿਆ ਹੈ, ਜਿਸ ਨੂੰ ਅਸੀਂ ਖ਼ਾਲਸਾ ਸਾਜਨਾ ਦਿਵਸ ਦੇ ਰੂਪ ਵਿੱਚ
ਸਤਿਸੰਗੀ ਮਹੌਲ ਵਿੱਚ ਮਨਾਉਂਦੇ ਹਾਂ। ਗੁਰਬਾਣੀ ਕੀਰਤਨ, ਗੁਰਬਾਣੀ ਵਿਚਾਰਾਂ, ਢਾਡੀ ਵਾਰਾਂ ਤੇ
ਵਿਦਵਾਨਾਂ ਦੇ ਵਖਿਆਨਾ ਦੁਆਰਾ ਸਿੱਖ ਸੰਗਤਾਂ ਅੰਦਰ ਖ਼ਾਲਸਈ ਸੋਚ ਤੇ ਸਿੰਘਾਊਪੁਣੇ ਨੂੰ ਉਭਾਰਦੇ ਹਾਂ
ਅਤੇ ਅੰਮ੍ਰਿਤ-ਸੰਚਾਰ ਕਰਕੇ ਪੰਥਕ ਸ਼ਕਤੀ ਵਿੱਚ ਵਾਧਾ ਕਰਦੇ ਹਾਂ।
ਸੋ ਉਪਰੋਕਤ ਦੋਹਾਂ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਕਿਹਾ ਜਾ ਸਕਦਾ ਹੈ ਕਿ
ਇੰਡੀਅਨ ਭਾਈਚਾਰੇ ਦੀਆਂ ਸਾਂਝੀਆਂ ਸੰਸਥਾਵਾਂ ਵਲੋਂ ਜੇ ਕਰ ਗੁਰਦੁਆਰੇ ਦੀ ਹਦੂਦ ਤੋਂ ਬਾਹਰ ਕਿਸੇ
ਕੁਮੈਨਟੀ ਹਾਲ, ਸਟੇਡੀਅਮ ਜਾਂ ਥੀਏਟਰ ਵਿੱਚ ਵੈਸਾਖੀ ਮੇਲੇ ਨੂੰ ਮੁੱਖ ਰਖ ਕੇ ਕੋਈ ਸਭਿਆਚਾਰਕ
ਪ੍ਰੋਗਰਾਮ ਕੀਤੇ ਜਾਂਦੇ ਹਨ ਤਾਂ ਕੋਈ ਗੁਨਾਹ ਨਹੀ। ਕਿਉਂਕਿ, ਮਨੋਰੰਜਨ ਨੂੰ ਮਾਨਵੀ ਜੀਵਨ ਵਿਚੋਂ
ਬਿਲਕੁਲ ਮਨਫੀ ਨਹੀ ਕੀਤਾ ਜਾ ਸਕਦਾ। ਸਮਾਜਿਕ ਜੀਵਨ ਵਿੱਚ ਵਿਆਹ ਸ਼ਾਦੀਆਂ ਦੇ ਸਮਾਗਮਾਂ ਸਮੇਂ ਗਿੱਧੇ
ਆਦਿਕ ਤੇ ਹੋਰ ਰਸਮਾਂ ਵੇਲੇ ਗਾਏ ਜਾਣ ਵਾਲੇ ਸਭਿਅਕ ਲੋਕ ਗੀਤ ਜੀਵਨ ਦੀ ਅਜਿਹੀ ਲੋੜ ਦੀ ਹੀ ਪੂਰਤੀ
ਹਨ। ਭਾਈਚਾਰਕ ਮੇਲ-ਜੋਲ ਵੀ ਵਧਦਾ ਹੈ।
ਪਰ, ਹੈਰਾਨੀ ਦੀ ਗੱਲ ਹੈ ਕਿ ਕੁੱਝ ਸਮੇਂ ਤੋਂ ਅਮਰੀਕਾ, ਕਨੇਡਾ ਤੇ ਯੂਰਪ
ਦੇ ਬਹੁਤ ਸਾਰੇ ਗੁਰਦੁਆਰਿਆਂ ਅੰਦਰ ਇਹ ਇਤਿਹਾਸਕ ਦਿਹਾੜਾ ਖ਼ਾਲਸਈ ਪੁਰਬ ਦੇ ਤੌਰ `ਤੇ ਘੱਟ ਅਤੇ
ਰੁੱਤੀ ਤਿਉਹਾਰ `ਤੇ ਮੇਲੇ ਦੇ ਰੂਪ ਵਿੱਚ ਵਧੇਰੇ ਉਤਸ਼ਾਹ ਨਾਲ ਮਨਾਇਆ ਜਾਣ ਲੱਗ ਪਿਆ ਹੈ। ਹਾਂ,
ਪੰਜਾਬੀ ਸਭਿਆਚਾਰ ਦੀ ਸੰਭਾਲ ਤੇ ਪੰਜਾਬੀ ਬੋਲੀ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਜੇ ਕੋਈ ਸਿੱਖ
ਸੰਸਥਾ ਗੁਰਦੁਆਰੇ ਦੀ ਥਾਂ ਨੂੰ ਅਜਿਹੇ ਮੇਲੇ ਲਈ ਗੁਰਮਤਿ ਵਿਚਾਰਧਾਰਾ ਅਥਵਾ ਸਿੱਖ ਰਹਿਤ ਮਰਯਾਦਾ
ਦੀ ਰੌਸ਼ਨੀ ਵਿੱਚ ਵਰਤਦੀ ਵੀ ਹੈ ਤਾਂ ਕੋਈ ਬਹੁਤੀ ਘਬਰਾਹਟ ਵਾਲੀ ਗੱਲ ਨਹੀ। ਕਿਉਂਕਿ, ਐਸੇ ਮੌਕੇ
ਬੱਚਿਆ, ਨੌਜਵਾਨਾਂ ਤੇ ਬਿਰਧਾਂ ਲਈ ਸਰੀਰਕ ਤੇ ਦਿਮਾਗੀ ਕਸਰਤ ਵਾਲੀਆਂ ਖੇਡਾਂ ਦੇ, ਭਾਰਤੀ ਸੰਗੀਤ,
ਗੁਰਬਾਣੀ ਕੀਰਤਨ, ਗੁਰਮਤਿ ਵਖਿਆਨ ਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾ ਸਕਦੇ ਹਨ। ਧਾਰਮਿਕ ਤੇ
ਇਤਿਹਾਸਕ ਫਿਲਮਾਂ ਦਿਖਾਈਆਂ ਜਾ ਸਕਦੀਆਂ ਹਨ। ਬੱਚਿਆਂ ਲਈ ਝੂਲੇ ਤੇ ਹੋਰ ਕਈ ਕਿਸਮ ਦੀ ਦੁਕਾਨਾਂ
ਅਤੇ ਖਾਣੇ ਤੇ ਮਠਿਆਈਆਂ ਆਦਿਕ ਦੇ ਸਟਾਲ ਲਗਵਾਏ ਜਾ ਸਕਦੇ ਹਨ। ਕਾਰੋਬਾਰੀ ਸਜਣਾਂ ਦੇ ਵਾਪਾਰ ਨੂੰ
ਪਰਮੋਟ ਕੀਤਾ ਜਾ ਸਕਦਾ ਹੈ।
ਪਰ, ਹੋਰ ਦੁੱਖ ਦੀ ਗੱਲ ਇਹ ਹੈ ਕਿ ਅਜਿਹੇ ਮੌਕਿਆਂ `ਤੇ ਸਭਿਆਚਾਰਕ
ਪ੍ਰੋਗਰਾਮਾਂ ਦੇ ਨਾਮ ਹੇਠ ਭੰਗੜੇ ਲਈ ਢੋਲ ਦੇ ਡੱਗੇ ਦੀ ਥਾਂ ਡੀ. ਜੇ. ਲ਼ਗਾ ਕੇ ਲੱਚਰ ਗਾਣਿਆਂ ਦਾ
ਸ਼ੋਰ ਮਚਾਇਆ ਜਾਂਦਾ ਹੈ। ਬੱਚਿਆਂ ਦੇ ਭੰਗੜੇ ਬਹਾਨੇ ਸਹਿਜੇ ਸਹਿਜੇ ਅਰਧ ਨਗਨ ਨੌਜੁਆਨ ਔਰਤਾਂ ਤੇ
ਮਰਦ ਵੀ ਨੱਚਣ ਲਗ ਪੈਂਦੇ ਹਨ। ਅਜਿਹੇ ਮਹੌਲ ਵਿੱਚ ਲੁਕੇ-ਛੁਪੇ ਸ਼ਰਾਬ ਦੀਆਂ ਬੋਤਲਾਂ ਵੀ ਆ ਜਾਂਦੀਆਂ
ਹਨ ਤੇ ਐਸੇ ਲੋਕਾਂ ਵਲੋਂ ਚੰਚਲਤਾ ਭਰੀਆਂ ਸੈਕਸੀ ਹਰਕਤਾਂ ਵੀ ਹੋਣ ਲਗਦੀਆਂ ਹਨ। ਜਦ ਕਿ ਸਾਡੇ ਗੁਰੂ
ਸਾਹਿਬ ਰੱਬ ਅੱਗੇ ਤਰਲੇ ਮਾਰਦੇ ਹਨ ਕਿ ਮਨ ਨੂੰ ਮੋਹਣ ਵਾਲੇ ਪ੍ਰਭੂ ਐਸੀ ਕਿਰਪਾ ਕਰੋ ਕਿ ਸਾਕਤ
ਗੀਤਾਂ ਦੀਆਂ ਧੁਨੀਆਂ ਤੇ ਇਸ ਤਰ੍ਹਾਂ ਦੇ ਲੱਚਰ ਬੋਲ ਸਾਡੇ ਕੰਨਾਂ ਵਿੱਚ ਨਾ ਪੈਣ੍ਹ:
ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ।। ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ।। (ਪੰਨਾ ੮੨੦)
ਇਥੇ ਹੀ ਬੱਸ ਨਹੀ, ਮੇਲੇ ਦੇ ਖਰਚਿਆਂ ਦੀ ਪੂਰਤੀ ਲਈ ਡਾਲਰ ਲਗਾ ਕੇ ਬਿੰਗੋ
ਖੇਡੀ ਜਾਂਦੀ ਹੈ, ਜਿਹੜੀ ਇੱਕ ਤਰਾਂ ਨਾਲ ਅਮਰੀਕਨ ਕਿਸਮ ਦਾ ਜੂਆ ਹੈ। ਐਸਾ ਚੰਚਲ ਤੇ ਗੰਦਾ ਮਹੌਲ
ਗੁਰਦੁਆਰੇ ਦੇ ਗੁਰਮੁਖੀ ਵਰਤਾਰੇ ਦੇ ਬਿਲਕੁਲ ਉੱਲਟ ਹੈ। ਘੋਰ ਮਨਮੱਤ ਹੈ। ਗੁਰੂ ਦਾ ਅਤੇ ਗੁਰਮਤਿ
ਵਿਚਾਰਧਾਰਾ ਦਾ ਸ਼ਰਮਨਾਕ ਨਿਰਾਦਰ ਹੈ। ਬਿਦੇਸ਼ੀਂ ਵਸਦੇ ਖ਼ਾਲਸਾ ਪੰਥ ਲਈ ਬਹੁਤ ਵੱਡਾ ਚੈਲੰਜ ਹੈ।
ਕਿਉਂਕਿ, ਜੇਕਰ ਇਸ ਮਨਮਤੀ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਸਹਜੇ ਸਹਜੇ ਗੁਰਦੁਆਰੇ ਕਲੱਬਾਂ ਦਾ
ਰੂਪ ਅਖਤਿਆਰ ਕਰ ਜਾਣਗੇ। ਅਮ੍ਰਿੰਤ ਸੰਚਾਰ ਸਮਾਗਮ ਨਹੀ ਹੋਣਗੇ ਅਤੇ ਪੰਥਕ ਵਿਕਾਸ ਰੁਕ ਜਾਏਗਾ। ਅਜੇ
ਤਾਂ ਡੁੱਲੇ ਬੇਰਾ ਦਾ ਕੁੱਝ ਨਹੀ ਵਿਗੜਿਆ।
ਭੁੱਲ-ਚੁੱਕ ਮੁਆਫ਼।
ਖ਼ਾਲਸਾ ਪੰਥ ਦਾ ਜਥੇਬੰਦਕ ਤੇ ਪ੍ਰਚਾਰਕ ਸੇਵਾਦਾਰ, ਜਗਤਾਰ ਸਿੰਘ ਜਾਚਕ ਨਿਊਯਾਰਕ ੫੧੬-੭੬੧-੧੮੫੩
|
. |