ਸਾਡੇ ਪਿੰਡ ਦੇ ਗ੍ਰੰਥੀ ਜੀ, ਜਿਨ੍ਹਾਂ ਨੂੰ ਪਿੰਡ ਦੇ ਸਾਰੇ ਵਾਸੀ
‘ਭਾਈ ਜੀ’ ਕਰਕੇ ਹੀ ਬੁਲਾਉਂਦੇ ਤੇ ਜਾਣਦੇ ਸਨ, ਸਾਨੂੰ ਉਹਨਾਂ ਦੇ ਅਸਲੀ ਨਾਂ ਦਾ ਨਹੀ ਸੀ
ਪਤਾ। ਬਹੁਤ ਚਿਰ ਪਿਛੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਨਾਂ ਵੀਰ ਸਿੰਘ ਸੀ। ਸਾਰੇ
ਪਿੰਡ ਵਿਚੋਂ ਸਿਰਫ ਮੇਰੇ ਬਾਬਾ ਜੀ ਦੇ ਨੰਬਰ ਦੋ ਵਾਲ਼ੇ ਵੱਡੇ ਭਰਾ, ਹੌਲਦਾਰ ਹਰਨਾਮ ਸਿੰਘ
ਜੀ, ਤੇ ਉਹਨਾਂ ਦਾ ਪਰਵਾਰ ਹੀ ਭਾਈ ਜੀ ਨੂੰ ‘ਬਾਬਾ ਜੀ’ ਆਖਿਆ ਕਰਦਾ ਸੀ। ਸ਼ਾਇਦ ਉਹ ਫੌਜ
ਵਿੱਚ ਅਜਿਹਾ ਰਿਵਾਜ਼ ਹੋਣ ਕਰਕੇ ਸਾਰੇ ਪਿੰਡ ਤੋਂ ਉਲ਼ਟ ਉਹਨਾਂ ਨੂੰ ਭਾਈ ਦੇ ਥਾਂ ਬਾਬਾ ਆਖ
ਕੇ ਬੁਲਾਉਂਦੇ ਸਨ!
ਸਾਬਕ ਫੌਜੀ ਹੋਣ ਕਰਕੇ ਭਾਈ ਜੀ ਬੜੀ ਇਹਤਿਆਤ ਨਾਲ਼ ਸਿਰ ਤੇ ਖੱਟੇ
ਰੰਗ ਦੀ ਪੁਰਾਤਨ ਫੌਜੀ ਸਟਾਈਲ ਦੀ ਪੱਗ ਬੰਨ੍ਹਿਆ ਕਰਦੇ ਸਨ ਤੇ ਪੱਗ ਦੇ ਥੱਲੇ ਨੀਲੇ ਰੰਗ
ਦੀ ਕੇਸਕੀ ਜੋ ਕਿ ਉਹਨਾਂ ਦੇ ਮੱਥੇ ਉਪਰ ਫਿਫਟੀ ਵਜੋਂ ਦਿਸਿਆ ਕਰਦੀ ਸੀ, ਸਜਾਇਆ ਕਰਦੇ
ਸਨ। ਗਲ਼ ਵਿੱਚ ਗੋਡਿਆਂ ਤੱਕ ਲੰਮਾ ਨੀਲੇ ਰੰਗ ਦੇ ਖੱਦਰ ਦਾ ਚੋਲ਼ਾ ਪਾਉਂਦੇ ਸਨ ਸੀ। ਸੱਜੇ
ਮੋਢੇ ਤੋਂ ਖੱਬੀ ਵੱਖੀ ਤੱਕ ਛੋਟੀ ਕ੍ਰਿਪਾਨ ਦਾ ਗਾਤਰਾ ਤੇ ਖੱਬੇ ਮੋਢੇ ਤੋਂ ਸੱਜੀ ਵੱਖੀ
ਤੱਕ ਗੁਟਕਾ ਪਾਉਣ ਵਾਲ਼ੇ ਗੁਥਲੇ ਦਾ ਗਾਤਰਾ ਪਹਿਨਿਆ ਕਰਦੇ ਸਨ। ਇਹ ਦੋਵੇਂ ਗਾਤਰੇ ਖੱਟੇ
ਰੰਗ ਹੁੰਦੇ ਸਨ। ਲੱਕ ਤੇ ਕਮਰਕੱਸਾ ਵੀ ਖੱਟੇ ਰੰਗ ਦਾ ਸਜਾਇਆ ਕਰਦੇ ਸਨ। ਇਹ ਤਿੰਨੇ ਨੀਲ਼ੇ
ਰੰਗ ਦੇ ਚੋਲ਼ੇ ਉਪਰ ਚੰਗੇ ਸੱਜਦੇ ਸਨ। ਤੇੜ ਗੋਡਿਆਂ ਤੱਕ ਲੰਮਾ ਖੱਦਰ ਦਾ ਹੀ ਚਿੱਟੇ ਰੰਗ
ਦਾ ਕਛਹਿਰਾ ਪਾਉਂਦੇ ਸਨ। ਲੱਤਾਂ ਉਪਰ ਗਿੱਟਿਆਂ ਤੋਂ ਲੈ ਕੇ ਗੋਡਿਆਂ ਤੱਕ, ਖ਼ਾਕੀ ਰੰਗ
ਦੀਆਂ ਫੌਜੀ ਪੱਟੀਆਂ ਬੜੀਆਂ ਸਵਾਰ ਕੇ ਲਪੇਟਿਆ ਕਰਦੇ ਸਨ। ਪੈਰੀਂ ਕਾਲ਼ੇ ਰੰਗ ਦੀ ਗੁਰਗਾਬੀ
ਪਾਉਂਦੇ ਸਨ। ਉਹਨੀਂ ਦਿਨੀਂ ਸਾਰੇ ਪਿੰਡ ਵਿੱਚ ਦੋ ਹੀ ਸਾਈਕਲ ਹੁੰਦੇ ਸਨ: ਇੱਕ ਮੇਰੇ
ਛੋਟੇ ਚਾਚਾ ਜੀ ਕੋਲ਼ ਤੇ ਇੱਕ ਭਾਈ ਜੀ ਹੋਰਾਂ ਕੋਲ਼। ਜਦੋਂ ਪਿੰਡੋਂ ਬਾਹਰ ਕਿਤੇ ਜਾਣਾ ਤਾਂ
ਦੋਹਾਂ ਨੇ ਹੀ ਸਾਈਕਲ ਦੇ ਹੈਂਡਲ ਨਾਲ਼ ਵੱਡੀਆਂ ਕ੍ਰਿਪਾਨਾਂ ਬੰਨ੍ਹ ਲੈਣੀਆਂ।
ਭਾਈ ਜੀ ਨੰਬਰਦਾਰ ਪਰਵਾਰ ਵਿਚੋਂ, ਲੰਮੇ, ਉਚੇ, ਪਤਲੇ ਤੇ ਸਰੀਰੋਂ
ਬਹੁਤ ਹੀ ਤਕੜੇ ਬਜ਼ੁਰਗ ਸੱਜਣ ਹੁੰਦੇ ਸਨ। ਉਹਨਾਂ ਦੀ ਸ਼ਖ਼ਸੀਅਤ ਜਿਵੇਂ ਪੁਰਾਤਨ ਇਤਿਹਾਸ
ਵਿਚਲੇ ਸਿੰਘਾਂ ਦਾ ਇੱਕ ਨਮੂਨਾ ਹੋਵੇ। ਪਹਿਲਾਂ ਉਹ ਫੌਜ ਵਿੱਚ ਸਨ ਤੇ ਜਦੋਂ ਅਕਾਲੀ ਲਹਿਰ
ਦੇ ਮੋਰਚੇ ਚੱਲੇ ਤਾਂ ਉਹ ਗੁਰੂ ਕੇ ਬਾਗ ਦੇ ਮੋਰਚੇ ਸਮੇ ਫੌਜੀ ਨੌਕਰੀ ਤੇ ਹੁੰਦਿਆਂ ਹੀ
ਜੇਹਲ ਵਿੱਚ ਚਲੇ ਗਏ ਤੇ ਇਸ ਤਰ੍ਹਾਂ ਫੌਜ ਵਿਚੋਂ ਉਹ ਪੇਂਡੂ ਬੋਲੀ ਵਿੱਚ 'ਬਾਰਾਂ ਪੱਥਰ'
ਹੋ ਕੇ ਘਰ ਆ ਗਏ। ਉਹਨਾਂ ਨੇ ਪਿੰਡ ਵਿੱਚ ਆ ਕੇ ਅੱਗੇ ਲੱਗ ਕੇ ਗੁਰਦੁਆਰਾ ਬਣਾਇਆ।
ਗੁਰਦੁਆਰੇ ਦੇ ਨਾਲ਼ ਬੜਾ ਹੀ ਸੁੰਦਰ ਬਾਗ ਲਾਇਆ ਜਿਸ ਵਿੱਚ ਬਹੁਤ ਤਰ੍ਹਾਂ ਦੇ ਛਾਂਦਾਰ ਤੇ
ਫਲਦਾਰ ਦਰੱਖ਼ਤ ਲਾਏ। ਬਾਗ ਵਿੱਚ ਅੰਬ, ਜਾਮਨੂੰ, ਕਾਠੇ ਬੇਰ, ਸੇਊ ਬੇਰ, ਸੰਤਰੇ, ਮਿਠੇ,
ਕੇਲੇ, ਮਾਲ਼ਟੇ ਆਦਿ ਫਲਾਂ ਦੇ ਦਰੱਖ਼ਤ ਸਨ। ਭਾਈ ਜੀ ਸਵੇਰੇ ਸਵੇਰੇ ਗੁਰਦੁਆਰੇ ਦੀ ਖੂਹੀ
ਗੇੜ ਕੇ ਬਾਗ ਨੂੰ ਪਾਣੀ ਲਾਇਆ ਕਰਦੇ ਸਨ। ਬਾਗ ਦੇ ਦੁਆਲ਼ੇ ਵਾੜ ਕਰਕੇ ਉਸਦੀ ਰੱਖਿਆ ਦਾ
ਪੂਰਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਤੇ ਪੂਰੀ ਰਾਖੀ ਵੀ ਰੱਖਿਆ ਕਰਦੇ ਸਨ। ਗੁਰਦੁਆਰਾ
ਬਣਾਉਣ ਤੇ ਬਾਗ ਲਾਉਣ ਵਾਲ਼ੀਆਂ ਸਭ ਬਾਤਾਂ ਮੇਰੀ ਸੰਭਾਲ਼ ਤੋਂ ਪਹਿਲਾਂ ਦੀਆਂ ਹਨ। ਮੇਰੀ
ਸੰਭਾਲ਼ ਸਮੇ ਅਸੀਂ ਉਹਨਾਂ ਨੂੰ ਸਵੇਰੇ ਹਨੇਰੇ ਹੀ ਖੂਹੀ ਗੇੜ ਕੇ ਬਾਗ ਨੂੰ ਪਾਣੀ ਲਾਉਣ
ਸਮੇਤ, ਸਵੇਰੇ ਸ਼ਾਮ ਸੰਖ ਪੂਰਦਿਆਂ ਤੇ ਗੁਰਦੁਆਰੇ ਦੀਆਂ ਸਾਰੀਆਂ ਸੇਵਾਵਾਂ ਨਿਭਾਉਂਦਿਆਂ
ਵੇਖਿਆ ਕਰਦੇ ਸਾਂ। ਸਿਆਲ ਦੇ ਦਿਨੀਂ ਧੁੱਪ ਚੜ੍ਹੀ ਤੇ ਉਹਨਾਂ ਨੇ ਧੁੱਪੇ ਮੰਜੇ ਤੇ ਬਹਿ
ਕੇ ਗੁਟਕੇ ਤੋਂ ਨਿਤਨੇਮ ਕਰਿਆ ਕਰਨਾ। ਉਹਨਾਂ ਦੇ ਪਾਠ ਵਿਚੋਂ ਇੱਕ ਤੁਕ ਵਿਗੜੇ ਹੋਏ ਰੂਪ
ਵਿੱਚ ਮੈਨੂੰ ਹੁਣ ਤੱਕ ਵੀ ਯਾਦ ਹੈ। ਉਹ ਤੁਕ ਸੀ, "ਜੀਤੇ ਨਮਾਤਾਂ, ਭੀਤੇ ਨਮਾਤਾਂ" ਅਸੀਂ
ਮੁੰਢੀਰ ਵਾਧੇ ਨੇ ਛੇੜ ਵਜੋਂ ਇਸ ਤੁਕ ਨੂੰ ਦੁਹਰਾਉਂਦੇ ਰਹਿਣਾ। ਬੜੇ ਚਿਰ ਪਿਛੋਂ ਪਤਾ
ਲੱਗਾ ਕਿ ਇਸ ਤੁਕ ਦਾ 'ਜਾਪੁ ਸਾਹਿਬ' ਵਿੱਚ ਅਸਲੀ ਰੂਪ, "ਨਮਸਤੰ ਅਜੀਤੇ॥ ਨਮਸਤੰ ਅਭੀਤੇ॥
" ਹੈ ਜਿਸਨੂੰ ਗ਼ਲਤ ਸੁਣ ਕੇ ਅਸੀਂ ਮਖੌਲ ਵਜੋਂ ਦੁਹਰਾਇਆ ਕਰਦੇ ਸਾਂ।
ਮੌਸਮ ਅਨੁਸਾਰ ਜੇਹੜਾ ਫਲ ਜਦੋਂ ਪੱਕਣਾ ਉਸਨੂੰ ਭਾਈ ਜੀ ਨੇ ਸਾਰੇ
ਪਿੰਡ ਵਿੱਚ ਵੰਡ ਦੇਣਾ। ਅਸੀਂ ਹਰੇਕ ਪੀਹੜੀ ਦੀ ਮੁੰਢੀਰ ਨੇ ਜਦੋਂ ਵੀ ਦਾ ਲੱਗਣਾ, ਵਾੜ
ਵਿੱਚ ਕੋਈ ਨਾ ਕੋਈ ਮੋਰੀ ਬਣਾ ਕੇ ਬਾਗ ਦੇ ਅੰਦਰ ਘੁਸ ਕੇ ਫਲ ਤੋੜ ਲਿਆਉਣੇ। ਭਾਈ ਜੀ ਇਸ
ਗੱਲੋਂ ਬੜੇ ਚੌਕੰਨੇ ਸਨ ਤੇ ਉਹ ਬੜੀ ਰਾਖੀ ਕਰਿਆ ਕਰਦੇ ਸਨ। ਜਦੋਂ ਪਤਾ ਲੱਗਣਾ ਕਿ ਕੋਈ
ਛੋਕਰਾ ਬਾਗ ਵਿੱਚ ਘੁਸ ਆਇਆ ਹੈ ਤਾਂ ਉਹਨਾਂ ਨੇ ਸਾਡੇ ਮਗਰ 'ਦੁਰਬਚਨ' ਬੋਲਦਿਆਂ ਭੱਜਣਾ,
ਅਸੀਂ ਉਹਨਾਂ ਦੇ ਅੱਗੇ ਅੱਗੇ ਭੱਜ ਜਾਣਾ ਤੇ ਉਹਨਾਂ ਦੇ ਹੱਥ ਨਾ ਆਉਣਾ। ਇੱਕ ਵਾਰੀਂ ਏਸੇ
ਤਰ੍ਹਾਂ ਅਸੀਂ ਬਾਕੀ ਸਾਰੇ ਦੂਰ ਭੱਜ ਗਏ ਤੇ ਮੇਰੇ ਵੱਡੇ ਚਾਚਾ ਜੀ ਦਾ ਨੰਬਰ ਦੋ ਵਾਲਾ
ਲੜਕਾ ਜਗੀਰ, ਭਾਈ ਜੀ ਤੋਂ ਬਚਣ ਲਈ ਅਛੋਪਲੇ ਹੀ ਸਾਡੀ ਭੂਆ ਜੀ ਦੀ ਗੋਦ ਵਿੱਚ ਜਾ ਬੈਠਾ
ਜੋ ਕਿ ਵੇਹੜੇ ਵਿੱਚ ਬੈਠੀ ਚਰਖਾ ਕੱਤ ਰਹੀ ਸੀ। ਸਾਡੇ ਘਰ ਦਾ ਬੂਹਾ ਬਿਲਕੁਲ ਗੁਰਦੁਆਰੇ
ਦੇ ਬੂਹੇ ਦੇ ਸਾਹਮਣੇ ਹੀ ਹੁੰਦਾ ਸੀ। ਹੁਣ ਵੀ ਮੇਰੇ ਛੋਟੇ ਚਾਚਾ ਜੀ ਦਾ ਪਰਵਾਰ ਓਸੇ ਘਰ
ਵਿੱਚ ਰਹਿੰਦਾ ਹੈ ਤੇ ਘਰ ਦਾ ਬੂਹਾ ਵੀ ਤਕਰੀਬਨ ਓਥੇ ਹੀ ਹੈ। ਭਾਈ ਜੀ ਗੁੱਸੇ ਵਿੱਚ ਮਗਰੇ
ਹੀ ਗਏ ਤੇ ਭੂਆ ਜੀ ਦੀ ਗੋਦ ਵਿੱਚ ਬੈਠਿਆਂ ਹੀ ਉਹਨਾਂ ਨੇ ਜਗੀਰ ਦੇ ਚਪੇੜ ਮਾਰ ਦਿਤੀ ਜੋ
ਕਿ ਅਧੀ ਕੁ ਸਾਡੀ ਭੂਆ ਜੀ ਨੂੰ ਵੀ ਲੱਗ ਗਈ। ਮੇਰੇ ਵਡੇ ਚਾਚਾ ਜੀ ਨੂੰ ਜਦੋਂ ਪਤਾ ਲੱਗਾ
ਤਾਂ ਉਹਨਾਂ ਨੇ ਬਹੁਤ ਗੁੱਸੇ ਵਿੱਚ ਆ ਕੇ ਭਾਈ ਜੀ ਨੂੰ ਮੰਦਾ ਚੰਗਾ ਬੋਲਿਆ; ਗੁੱਸੇਖੋਰ
ਸੁਭਾ ਹੋਣ ਦੇ ਬਾਵਜੂਦ ਭਾਈ ਜੀ ਅੱਗੋਂ ਚੁੱਪ ਹੀ ਰਹੇ।
ਵੈਸੇ ਜ਼ਿੰਮੀਦਾਰ ਨੰਬਰਦਾਰ ਪਰਵਾਰ ਵਿਚੋਂ ਹੋਣ ਕਰਕੇ ਖ਼ਾਨਦਾਨੀ
ਜ਼ਮੀਨ ਵਿਚੋਂ ਭਾਈ ਜੀ ਦਾ ਹਿੱਸਾ ਬਣਦਾ ਸੀ ਪਰ ਮੈਨੂੰ ਇਸ ਗੱਲ ਦਾ ਪਤਾ ਨਹੀ ਕਿ ਉਹ ਆਪਣੇ
ਭਰਾਵਾਂ ਭਤੀਜਿਆਂ ਪਾਸੋਂ ਉਸਦਾ ਹਿੱਸਾ ਲੈਂਦੇ ਸਨ ਜਾਂ ਨਹੀ। ਗੁਰਦੁਆਰੇ ਦੇ ਨਾਂ ਪਿੰਡ
ਵਾਲ਼ਿਆਂ ਨੇ ਕੁੱਝ ਪੈਲ਼ੀ ਲਾਈ ਹੋਈ ਸੀ। ਉਸ ਪੈਲ਼ੀ ਦਾ ਠੇਕਾ ਹਰ ਛਿਮਾਹੀ ਭਾਈ ਜੀ ਨੂੰ
ਮਿਲ਼ਦਾ ਸੀ। ਫਿਰ ਗੁਰਦੁਆਰੇ ਦਾ ਚੜ੍ਹਾਵਾ ਵੀ ਉਹਨਾਂ ਕੋਲ਼ ਹੀ ਹੁੰਦਾ ਸੀ। ਉਹਨੀਂ ਦਿਨੀਂ
ਅੱਜ ਵਾਂਗ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਰਿਵਾਜ਼ ਨਹੀ ਸੀ ਹੁੰਦਾ। ਫਿਰ
ਆਜ਼ਾਦੀ ਤੋਂ ਬਾਅਦ ਜਦੋਂ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀਆਂ ਪੈਨਸ਼ਨਾਂ ਲਾਈਆਂ ਤਾਂ ਉਹਨਾਂ
ਨੂੰ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਕੈਦ ਹੋਣ ਅਤੇ ਫੌਜ ਵਿਚੋਂ ਡਿਸਮਿਸ ਹੋਣ ਕਰਕੇ
ਪੈਨਸ਼ਨ ਲੱਗ ਗਈ ਸੀ। ਪਿੰਡ ਦੇ ਬੱਚਿਆਂ ਨੂੰ ਉਹ ਗੁਰਮੁਖੀ ਵੀ ਪੜ੍ਹਾਇਆ ਕਰਦੇ ਸਨ। ਮੈ ਉਸ
ਸਮੇ ਹੀ ਗੁਰਦੁਆਰੇ ਦੇ ਵੇਹੜੇ ਵਿੱਚ ਵਿਸ਼ਾਲ ਬੋਹੜ ਦੇ ਥੱਲੇ, ਘੱਟੇ ਵਿੱਚ ਉਂਗਲ਼ ਨਾਲ,
ਊੜਾ ਐੜਾ ਲਿਖਣਾ ਸਿਖਿਆ ਸੀ।
ਮੇਰੇ ਭਾਈਆ (ਭਾਈ ਗਿਆਨ ਸਿੰਘ) ਜੀ ਤੇ ਛੋਟੇ ਚਾਚਾ ਸ. ਕੁੰਦਨ
ਸਿੰਘ) ਜੀ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਪਹਿਲਾਂ ਉਹਨਾਂ ਪਾਸੋਂ
ਹੀ ਸਿਖਿਆ ਸੀ ਤੇ ਬਾਅਦ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲ਼ਿਆਂ ਪਾਸੋਂ,
ਜਥੇ ਵਿੱਚ ਜਾ ਕੇ ਪਾਠ ਦੀ ਸੁਧਾਈ ਤੇ ਹੋਰ ਵਿੱਦਿਆ ਪ੍ਰਾਪਤ ਕੀਤੀ। ਸਾਡੇ ਪਿੰਡ ਦੀ
ਪੜ੍ਹਾਈ ਏਨੀ ਕੁ ਹੀ ਸੀ ਕਿ ਮੇਰੇ ਵੱਡੇ ਚਾਚਾ ਜੀ, ਸ. ਬਚਨ ਸਿੰਘ, ਮਹਿਤਾ ਨੰਗਲ਼ ਦੇ
ਸਕੂਲ਼ ਵਿਚੋਂ ਅੱਠਵੀਂ ਤੱਕ ਪੜ੍ਹੇ ਸਨ ਪਰ ਸ਼ਾਇਦ ਪਾਸ ਨਹੀ ਸੀ ਕੀਤੀ; ਪਹਿਲਾਂ ਹੀ ਹਟ ਗਏ
ਸਨ। ਸਾਰੇ ਪਿੰਡ ਦੇ ਲੋਕੀਂ ਆਪਣੇ ਖ਼ਤ, ਚਿੱਠੀਆਂ ਉਹਨਾਂ ਪਾਸੋਂ ਹੀ ਪੜ੍ਹਵਾਉਣ ਤੇ
ਲਿਖਵਾਉਣ ਆਇਆ ਕਰਦੇ ਸਨ। ਉਹ ਹਰੇਕ ਖ਼ਤ ਨੂੰ ਪਹਿਲਾਂ ਆਪਣੇ ਮੂੰਹ ਵਿੱਚ ਪੜ੍ਹਕੇ ਤੇ ਫਿਰ
ਅਗਲੇ ਨੂੰ ਆਪਣੀ ਬੋਲੀ ਵਿੱਚ ਉਸਦਾ ਮਤਲਬ ਸੁਣਾਇਆ ਕਰਦੇ ਸਨ। ਪੰਚਾਇਤ ਐਕਟ ਪਾਸ ਹੋ ਕੇ
ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਪਤਾ ਨਹੀ ਕੇਹੜਾ ਤਰੀਕਾ ਵਰਤਦੇ
ਹੋਣਗੇ ਕਿ ਮੇਰੇ ਪੜਦਾਦਾ ਜੀ ਦੇ ਚਚੇਰੇ ਭਰਾ, ਸ. ਸੁਰੈਣ ਸਿੰਘ ਜੀ, ਪਿੰਡ ਦੇ ਅਗੂ ਮੰਨੇ
ਜਾਂਦੇ ਸਨ ਤੇ ਹੈਰਾਨੀ ਇਹ ਕਿ ਪੰਚਾਇਤ ਦੇ ਨਾਂ ਤੇ ਆਉਣ ਵਾਲੀ ਪਿੰਡ ਵਿਚਲੀ ਉਰਦੂ ਦੀ
ਅਖ਼ਬਾਰ ਵੀ ਬਾਕੀ ਸਾਰਿਆਂ ਨੂੰ ਓਹੀ ਪੜ੍ਹ ਕੇ ਸੁਣਾਇਆ ਕਰਦੇ ਸਨ ਤੇ ਨੰਬਰਦਾਰ ਜੀ ਦਾ
ਮਾਮਲੇ ਆਦਿ ਦਾ ਹਿਸਾਬ ਕਿਤਾਬ ਵੀ ਓਹੀ ਲਿਖਿਆ ਕਰਦੇ ਸਨ। ਇਹ ਮੈ ਪਤਾ ਨਹੀ ਕਰ ਸਕਿਆ ਕਿ
ਉਹਨਾਂ ਨੇ ਇਹ ਵਿੱਦਿਆ ਕਿਥੋਂ ਪ੍ਰਾਪਤ ਕੀਤੀ!
ਪਹਿਲਾਂ ਭਾਈ ਜੀ ਦਾ ਵੱਡਾ ਭਰਾ, ਸ. ਗੁਰਦਿਆਲ ਸਿੰਘ, ਨੰਬਰਦਾਰ
ਹੁੰਦਾ ਸੀ ਤੇ ਉਸਦੀ ਮੌਤ ਪਿਛੋਂ ਛੋਟਾ ਭਰਾ, ਸ. ਹਰੀ ਸਿੰਘ, ਨੰਬਰਦਾਰ ਬਣਿਆ। ਇੱਕ ਭਰਾ
ਉਹਨਾਂ ਦਾ, ਸ. ਗੁਪਾਲ ਸਿੰਘ, ਫੌਜੀ ਪੈਨਸ਼ਨੀਆਂ ਸੀ ਤੇ ਸਾਡੇ ਪੜਦਾਦਾ ਜੀ ਦੇ ਛੋਟੇ ਭਰਾ,
ਸ. ਕੇਸਰ ਸਿੰਘ ਜੀ, ਵਾਂਗ ਹੀ ਅਫ਼ੀਮ ਵੀ ਖਾਇਆ ਕਰਦਾ ਸੀ। ਇਹ ਕੈਸਾ ਮੌਕਾ ਮੇਲ਼ ਸੀ ਕਿ
ਪਿੰਡ ਦੇ ਤਿੰਨੇ ਹੀ ਫੌਜੀ ਪੈਨਸ਼ਨੀਏ ਛੜੇ ਅਤੇ ਤਿੰਨੇ ਹੀ ਅਫੀਮ ਖਾਣ ਦੇ ਆਦੀ ਸਨ। ਤੀਜਾ
ਸ. ਹਾਕਮ ਸਿੰਘ ਜੀ ਆਧੀ ਸੀ। ਭਾਈ ਜੀ ਦੇ ਵੱਡੇ ਭਰਾ ਦੇ ਚਲਾਣੇ ਪਿਛੋਂ ਵਡੀ ਭਰਜਾਈ
ਵਿਧਵਾ ਸੀ। ਉਸ ਸਮੇ ਦੇ ਜੱਟ ਸਮਾਜ ਦੇ ਰਿਵਾਜ਼ ਅਨੁਸਾਰ ਉਹ ਭਰਜਾਈ ਉਪਰ ਚਾਦਰ ਪਾ ਕੇ ਉਸ
ਨਾਲ਼ ਪੁਨਰ ਵਿਆਹ ਕਰ ਸਕਦੇ ਸਨ ਪਰ ਉਹਨਾਂ ਨੇ ਅਜਿਹਾ ਨਹੀ ਸੀ ਕੀਤਾ। ਸਾਰੀ ਉਮਰ ਅਣਵਿਆਹੇ
ਹੀ ਰਹੇ। ਪਹਿਲਾਂ ਜਵਾਨੀ ਵੇਲ਼ੇ ਵੀ ਉਹਨਾਂ ਦਾ ਵਿਆਹ ਨਹੀ ਸੀ ਹੋਇਆ ਹੋਇਆ।
ਜਿਥੋਂ ਤਕ ਮੇਰੀ ਸਮਝ ਕੰਮ ਕਰਦੀ ਹੈ, ਉਹਨਾਂ ਦਾ ਸੁਭਾ ਬਹੁਤ ਹੀ
ਕੌੜਾ ਸੀ ਜੋ ਕਿ ਇਸ ਤਰ੍ਹਾਂ ਦੀ ਅਵੱਸਥਾ ਵਿੱਚ ਵਿਚਰਨ ਵਾਲ਼ੇ ਤਕਰੀਬਨ ਬਹੁਸੰਮਤੀ
ਵਿਅਕਤੀਆਂ ਦਾ ਹੋ ਹੀ ਜਾਂਦਾ ਹੈ। ਭਾਈ ਜੀ ਬਹੁਤ ਹੀ ਮੇਹਨਤੀ, ਸਾਫ, ਭਗਤੀ ਭਾਵ ਅਤੇ ਪਾਠ
ਪੂਜਾ ਕਰਨ ਵਾਲੇ, ਗੁਰਦੁਆਰੇ ਦੀ ਤਤਪਰਤਾ ਸਹਿਤ ਸੰਭਾਲ਼ ਕਰਨ ਵਾਲ਼ੇ ਸਨ ਤੇ ਸਾਰਾ ਜੀਵਨ
ਉਹਨਾਂ ਨੇ ਇਸ ਤਰ੍ਹਾਂ ਹੀ ਬਿਤਾਇਆ। ਪੰਜਾਹਵਿਆਂ ਦੇ ਅਖੀਰਲੇ ਸਾਲਾਂ ਵਿਚ, ਪਿਛਲੀ ਉਮਰੇ,
ਪਤਾ ਨਹੀ ਕਿਸ ਗੱਲੋਂ ਪਿੰਡ ਵਾਲ਼ਿਆਂ ਨਾਲ਼ ਨਾਰਾਜ਼ ਹੋ ਕੇ, ਆਪਣੇ ਭਤੀਜਿਆਂ ਨਾਲ਼ ਯੂ. ਪੀ.
ਵਿੱਚ ਚਲੇ ਗਏ। ਪਿਛੋਂ ਗੁਰਦੁਆਰੇ ਦੀ ਸੰਭਾਲ਼ ਕਰਨ ਵਾਲਾ ਕੋਈ ਨਾ ਰਿਹਾ। "ਖੇਤੀ ਖ਼ਸਮਾਂ
ਸੇਤੀ। " ਦੀ ਲੋਕੋਕਤੀ ਅਨੁਸਾਰ, ਉਹਨਾਂ ਨੇ ਜੇਹੜਾ ਗੁਰਦੁਆਰਾ ਉਸਾਰ ਕੇ ਨਾਲ਼ ਬਾਗ ਲਾਇਆ
ਤੇ ਪਾਲ਼ਿਆ ਸੀ, ਉਹ ਬੇਰੌਣਕਾ ਹੋ ਗਿਆ ਤੇ ਬਾਗ ਪਿੰਡ ਦੇ ਜਵਾਕਾਂ ਨੇ ਪੂਰਨ ਤੌਰ ਤੇ ਉਜਾੜ
ਪੁਜਾੜ ਘੱਤਿਆ। ਹੋਰ ਕਿਸੇ ਨੂੰ ਇਸ ਸਾਰੇ ਕੁੱਝ ਦੇ ਉਜਾੜੇ ਦਾ ਕੀ ਦਰਦ ਹੋ ਸਕਦਾ ਸੀ!
ਮੇਰੇ ਛੋਟੇ ਚਾਚਾ ਜੀ ਨੇ ਗੁਰਦੁਆਰੇ ਦੀ ਇੱਕ ਕਮੇਟੀ ਵੀ ਬਣਾਈ ਸੀ ਪਰ ਇਸ ਸਾਰੇ ਕੁੱਝ ਦੀ
ਸੰਭਾਲ਼ ਕੌਣ ਕਰੇ! ਚਾਚਾ ਜੀ ਨੇ ਸਵੇਰੇ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰ
ਲੈਣਾ ਤੇ ਸ਼ਾਮ ਨੂ ਰਹਰਾਸਿ ਪੜ੍ਹ ਕੇ ਸਮਾਪਤੀ ਵੀ ਕਰ ਲੈਣੀ; ਉਹ ਵੀ ਜਦੋਂ ਉਹਨਾਂ ਨੇ
ਪਿੰਡ ਵਿੱਚ ਹੋਣਾ। ਜੇਕਰ ਬਾਹਰ ਕਿਤੇ ਗਏ ਹੋਣਾ ਤਾਂ ਗੁਰੂ ਜਾਣੇ ਤੇ ਗੁਰੂ ਦਾ ਗੁਰਦੁਆਰਾ
ਜਾਣੇ।
ਜਦੋਂ ਮੈ ਅਗਲੀ ਵਾਰ ਪਿੰਡ ਗਿਆ ਤਾਂ ਉਹ ਪਰਲੋਕ ਸਿਧਾਰ ਚੁਕੇ ਸਨ
ਤੇ ਪਿੰਡ ਵਾਲ਼ਿਆਂ ਵੱਲੋਂ ਸਾਂਝੇ ਤੌਰ ਤੇ ਉਹਨਾਂ ਦੇ ਸਬੰਧ ਵਿੱਚ ਗੁਰਦੁਆਰੇ ਅੰਦਰ ਅਖੰਡ
ਪਾਠ ਰੱਖਿਆ ਹੋਇਆ ਸੀ। ਮੈ ਮੱਥਾ ਟੇਕਿਆ। ਹੈਸੀਅਤ ਮੁਤਾਬਿਕ ਇਸ ਸਮਾਗਮ ਲਈ ਕੀਤੇ ਜਾ ਰਹੇ
ਸਾਂਝੇ ਖ਼ਰਚ ਵਿੱਚ ਹਿੱਸਾ ਪਾਇਆ ਤੇ ਆਪਣੀ ਡਿਊਟੀ ਹੋਣ ਕਾਰਨ ਅੱਗੇ ਨੂੰ ਲੰਘ ਗਿਆ।
ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਜੀ ਹੋਰਾਂ ਦੀ ਪ੍ਰੇਰਨਾ ਨਾਲ਼
ਹੁਣ ਤਾਂ ਪਿੰਡ ਵਿੱਚ ਬਹੁਤ ਸੁੰਦਰ ਗੁਰਦੁਆਰਾ ਸੋਭਾ ਪਾ ਰਿਹਾ ਹੈ ਜੋ ਕਿ ਸੜਕ ਤੇ
ਜਾਂਦਿਆਂ ਹੀ ਦਰਸ਼ਨ ਦੇ ਰਿਹਾ ਹੈ। ਪਿੰਡ ਦਾ ਹੀ ਇੱਕ ਸਿੰਘ ਗ੍ਰੰਥੀ ਵਜੋਂ ਸੋਹਣੀ ਸੇਵਾ
ਨਿਭ ਰਿਹਾ ਹੈ।