ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 16
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਰਾਗ ਗਉੜੀ ਵਿੱਚ ਕਬੀਰ ਜੀ ਖ਼ਿਆਲ ਦੇਂਦੇ ਹਨ ਕਿ ਆਪਣੀਆਂ ਚਤੁਰਾਈਆਂ ਨਾਲ
ਅਸੀਂ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦੇ, ਪਰ ਮਨੁੱਖ ਦਾ ਸਾਰਾ ਜੀਵਨ ਹੀ ਸੰਸਾਰ ਨਾਲ
ਚਤੁਰਾਈਆਂ ਕਰਦਿਆਂ ਲੰਘ ਜਾਂਦਾ ਹੈ। ਖ਼ੁਦਾ ਦੇ ਬੰਦੇ ਨੇ ਤੇ ਰੱਬ ਜੀ ਨਾਲ ਵੀ ਚਤੁਰਾਈ ਕਰਨੀ ਸ਼ੁਰੂ
ਕਰ ਦਿੱਤੀ ਹੈ ਜੋ ਸੰਤਾਂ, ਸਾਧਾਂ ਤਥਾ ਬ੍ਰਹਮ ਗਿਆਨੀਆਂ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ।
ਰੇ ਜਨ ਮਨੁ ਮਾਧਉ ਸਿਉ ਲਾਈਐ॥
ਚਤੁਰਾਈ ਨ ਚਤੁਰਭੁਜੁ ਪਾਈਐ॥
ਰਾਗ ਗਉੜੀ ਬਾਣੀ ਕਬੀਰ ਜੀ ਪੰਨਾ ੩੨੪—
ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਅਕਾਲ ਪੁਰਖ `ਤੇ ਭਰੋਸਾ ਰੱਖਣ ਲਈ ਕਿਹਾ
ਹੈ ਤੇ ਨਾਲ ਹੀ ਸਪੱਸ਼ਟ ਐਲਾਨ ਕਰਦੇ ਹਨ ਕਿ ਕੋਈ ਮਨੁੱਖ ਪਰਮਾਤਮਾ ਦਾ ਮੁਕਾਬਲਾ ਨਹੀਂ ਕਰ ਸਕਦਾ ਇਸ
ਲਈ ਜੋ ਦਾਤਾਂ ਪਰਮਾਤਮਾ ਪਾਸ ਹਨ, ਉਸ ਅਕਾਲ ਪੁਰਖ ਪਾਸੋਂ ਹੀ ਮਿਣਲਗੀਆਂ।
ਤਜਹੁ ਸਿਆਣਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ॥
ਜੇ ਅਸੀਂ ਆਪਣੀਆਂ ਸਿਆਣਪਾਂ ਛੱਡ ਦੇਈਏ ਤਾਂ ਸਾਡੇ ਭਰਮ ਭੁਲੇਖੇ ਵੀ ਦੂਰ ਹੋ
ਜਾਣਗੇ। ਪਹਿਲਾਂ ਮਨੁੱਖ ਦੇ ਮਨ ਵਿੱਚ ਭਰਮ ਪੈਦਾ ਹੁੰਦਾ ਹੈ ਜੋ ਡਰ ਦੇ ਰੂਪ ਵਿੱਚ ਪ੍ਰਗਟ ਹੋ ਕੇ
ਦੁਖ ਦਾ ਕਾਰਨ ਬਣਦਾ ਹੈ। ਇਸ ਲਈ ਇੱਕ ਪਰਮਾਤਮਾ `ਤੇ ਭਰੋਸਾ ਰੱਖ ਕੇ ਆਪਣੀਆਂ ਸਾਰੀਆਂ ਹੀ ਸਿਆਣਪਾਂ
ਨੂੰ ਛੱਡ ਦਈਏ ਤਾਂ ਇਹ ਰੋਗ ਖਤਮ ਹੋ ਸਕਦੇ ਹਨ।
ਭਾਰਤੀ ਪੁਜਾਰੀ ਭਾਵ ਬ੍ਰਹਾਮਣ ਨੇ ਆਮ ਲੋਕਾਈ ਦੁਆਲੇ ਅਜੇਹਾ ਮੱਕੜੀ ਜਾਲ
ਵਿਛਾਇਆ ਕਿ ਜਨਮ ਤੋਂ ਲੈ ਕੇ ਮਰਨ ਤੀਕ ਲੱਗ-ਪੱਗ ਪੰਜਤਾਲ਼ੀ ਕਿਸਮ ਦੇ ਕਰਮ-ਕਾਂਡ ਇਸ ਭੋਲ਼ੇ ਮਨੁੱਖ
ਦੇ ਗਲ਼ ਪਾ ਦਿੱਤੇ ਜਿਸ ਕਰਕੇ ਮਨੁੱਖ ਨੂੰ ਭਰਮੀ ਬਣ ਦਿੱਤਾ ਗਿਆ ਤੇ ਨਾਲ ਇੱਕ ਅਜੇਹਾ ਡਰ ਮਨ ਵਿੱਚ
ਬਿਠਾ ਦਿੱਤਾ ਕਿ ਇਹ ਕਰਮ-ਕਾਂਡ ਕਰਨ ਤੋਂ ਬਿਨਾਂ ਪ੍ਰਭੂ ਦਰਬਾਰ ਵਿੱਚ ਤੇਰੀ ਕੋਈ ਵੀ ਸੁਣਾਈ ਨਹੀਂ
ਹੋਏਗੀ। ਜਮ ਤੈਨੂੰ ਧੂਅ ਕੇ ਨਰਕਾਂ ਵਿੱਚ ਸੁੱਟ ਦੇਣਗੇ।
ਪੁਜਾਰੀ ਨੇ ਸਾਰੇ ਵਹਿਮਾਂ ਭਰਮਾਂ ਵਿਚੋਂ ਸਿਰ ਮੋਰ ਭਰਮ ਇਹ ਦਿੱਤਾ ਕਿ
ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਨੂੰ ਅਗਨੀ ਦੇਣ ਵਾਲਾ ਪੁੱਤਰ ਹੋਣਾ ਚਾਹੀਦਾ ਹੈ, ਜੇ ਕਰ
ਪੁੱਤਰ ਨਹੀਂ ਹੈ ਤਾਂ ਇਸ ਦਾ ਜਨਮ ਮਰਨ ਦਾ ਗੇੜ ਕਦੇ ਵੀ ਖਤਮ ਨਹੀਂ ਹੋ ਸਕਦਾ। ਇਸ ਦੀਆਂ ਧਾਰਮਿਕ
ਰਸਮਾਂ ਪੂਰੀਆਂ ਨਹੀਂ ਹੋ ਸਕਦੀਆਂ ਅਜੇਹੇ ਮਨੁੱਖ ਨੂੰ ਸਵਰਗ ਵਿੱਚ ਥਾਂ ਲੈਣ ਲਈ ਜ਼ਿਆਦਾ ਪਾਪੜ
ਵੇਲਣੇ ਪੈਂਦੇ ਹਨ, ਭਾਵ ਉਸ ਮਨੁੱਖ ਨੂੰ ਆਮ ਲੁਕਾਈ ਨਾਲੋਂ ਜ਼ਿਆਦਾ ਦਾਨ ਪੁੰਨ ਕਰਨਾ ਪੈਂਦਾ ਹੈ।
ਪੁੱਤਰ ਦੀ ਪ੍ਰਾਪਤੀ ਲਈ ਬ੍ਰਹਾਮਣ ਪਾਸੋਂ ਅਰਦਾਸ ਕਰਾਉਣੀ ਜ਼ਰੂਰੀ ਕਰਾਰ ਦਿੱਤਾ ਗਿਆ। ਇਸ ਪੁੱਤਰ ਦੀ
ਲਾਲਸਾ ਪਿੱਛੇ ਗ੍ਰਹਿਸਤੀਆਂ ਨੂੰ ਕਈ ਕਈ ਖੱਜਲ਼ ਖ਼ੁਆਰੀਆਂ ਨਾਲ ਜੂਝਣਾ ਪਿਆ। ਕਈਆਂ ਵਿਚਾਰਿਆਂ ਨੂੰ
ਇਹਨਾਂ ਦੀ ਅੰਨ੍ਹੀ ਹਵਸ਼ ਦਾ ਸ਼ਿਕਾਰ ਵੀ ਹੋਣਾ ਪਿਆ। ਪੁੱਤਰ ਦੀ ਲਾਲਸਾ ਦਾ ਚੱਸਕਾ ਪੰਜਾਬੀਆਂ ਨੂੰ
ਕੁੱਝ ਜ਼ਿਆਦਾ ਹੀ ਲੱਗ ਗਿਆ ਹੈ। ਪੁਜਾਰੀ ਨੇ ਬੜੀ ਡੂੰਘੀ ਚਾਲ ਚੱਲਦਿਆਂ ਗੁਰ-ਬਿਲਾਸ ਛੇਵੀਂ ਵਿੱਚ
ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਅਜੇਹੀ ਸਾਖੀ ਜੋੜੀ ਕਿ ਗੁਰੂ ਸਾਹਿਬ ਜੀ ਨੂੰ ਪੁੱਤਰ ਦੀ
ਬਹੁਤ ਲਾਲਸਾ ਹੈ। ਫਿਰ ਇਸ ਸਾਖੀ ਤੋਂ ਆਮ ਦੁਨੀਆਂ ਨੂੰ ਪ੍ਰਭਾਵ ਦੇਣ ਦਾ ਯਤਨ ਕੀਤਾ, ਕਿ ਤੁਹਾਡੀ
ਵੀ ਪੁੱਤਰ ਦੀ ਪ੍ਰਾਪਤੀ ਤੋਂ ਬਿਨਾਂ ਕਲਿਆਣ ਨਹੀਂ ਹੈ।
ਪੁੱਤਰ ਦੀ ਭੁੱਖ ਵਾਸਤੇ ਸੰਤਾਂ ਕੋਲੋਂ ਅਰਦਾਸਾਂ ਕਰਾਉਂਣ ਦਾ ਰੁਝਾਨ ਪੈਦਾ
ਹੋ ਗਿਆ, ਲੋਕਾਂ ਦੀ ਕਮਜ਼ੋਰੀ ਦਾ ਖੂਬ ਫਾਇਦਾ ਉਠਾਉਂਦਿਆਂ ਇਹਨਾਂ ਨੇ ਵੱਡੇ ਵੱਡੇ ਡੇਰੇ ਸਥਾਪਤ ਕਰ
ਲਏ। ਪਰ ਸੁਖਮਨੀ ਦੀ ਬਾਣੀ ਤਾਂ ਸਾਨੂੰ ਇਹ ਉਪਦੇਸ਼ ਦੇ ਰਹੀ ਹੈ ਕਿ ਭਾਈ ਮਨੁੱਖ ਦੇ ਹੱਥ ਵਿੱਚ ਤਾਂ
ਕੋਈ ਤਾਕਤ ਨਹੀਂ ਕਿ ਉਹ ਪਰਮਾਤਮਾ ਦੀ ਰਜ਼ਾ ਨੂੰ ਮੋੜ ਦੇਵੇ। ਉਂਜ ਵੀ ਗੁਰਬਾਣੀ ਸਾਨੂੰ ਰਜ਼ਾ, ਜਾਂ
ਹੁਕਮ ਵਿੱਚ ਚੱਲਣ ਦਾ ਰਾਹ ਦਿਖਾ ਰਹੀ ਹੈ। ਸੁਖਮਨੀ ਦੀਆਂ ਇਹ ਤੁਕਾਂ ਸਾਡਾ ਮਾਰਗ ਦਰਸ਼ਨ ਕਰਦੀਆਂ
ਹਨ।
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥
ਜਿਸ ਕੇ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥
ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥
ਆਤਮਿਕ ਸੁੱਖ ਦੀ ਪ੍ਰਾਪਤੀ ਤਾਂ ਸਾਨੂੰ ਰੱਬੀ ਹੁਕਮ ਵਿੱਚ ਤੁਰਿਆਂ ਹੀ ਹੋ
ਸਕਦੀ ਹੈ। ਇਸ ਹੁਕਮ ਰੂਪੀ ਨਾਮ ਨੂੰ ਹਰ ਵੇਲੇ ਯਾਦ ਰੱਖਣਾ ਹੈ ਜੇਹਾ ਕਿ ਵਾਕ ਹੈ:--
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸਕਾ ਨਾਮੁ ਰਖੁ ਕੰਠਿ ਪਰੋਇ॥
ਮਨ ਕਰਕੇ ਉਸਤਿਤ ਕਰਨੀ ਸੀ ਤਾਂ ਕਿ ਸਾਡਾ ਵਿਵਹਾਰ ਠੀਕ ਹੋ ਜਾਂਦਾ,
“ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ
ਮਨ ਮੇਰੇ ਸਤਿ ਬਿਉਹਾਰ”॥ ਪਰ ਗੁਰਬਾਣੀ ਦੇ
ਸਮੁੱਚੇ ਸਿਧਾਂਤ ਨੂੰ ਨਾ ਸਮਝਦਿਆਂ ਹੋਇਆਂ, ਕੁੱਝ ਵਪਾਰੀ ਪ੍ਰਬੰਧਕਾਂ ਤੇ ਰਾਗੀਆਂ ਨੇ ਸੁਖਮਨੀ
ਸਾਹਿਬ ਦੀ ਬਾਣੀ ਵਿੱਚ ਆਏ ‘ਗੋਬਿੰਦ’ ਸ਼ਬਦ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਕੇ ਹੇਮ ਕੁੰਟ
ਵਲ ਤੋਰ ਦਿੱਤਾ ਹੈ। ਆਮ ਸ਼ਰਧਾਲੂ ਏਹੀ ਸਮਝਦਾ ਹੈ ਕਿ ਮੇਰੀ ਯਾਤਰਾ ਸਫਲ ਹੋ ਜਾਏਗੀ ਕਿਉਂਕਿ ਮੈਂ
ਔਖਿਆਂ ਹੋ ਕੇ ਵੀ ਪਹਾੜੀ ਰਸਤੇ ਰਾਂਹੀ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ `ਤੇ ਜਾ ਰਿਹਾ ਹਾਂ ਜੋ ਕਿ
ਸਰਾ--ਸਰ ਕਿਸੇ ਦੀ ਮਨੋ ਕਲਪਤ ਕਾਢ ਹੈ। ਦੇਖਦੇ ਹਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿਚੋਂ ਕਿ
ਸਾਨੂੰ ਆਤਮਿਕ ਜੀਵਨ ਵਾਲਾ ਕਿਹੜਾ ਉਪਦੇਸ਼ ਮਿਲਦਾ ਹੈ।
ਚਰਨ ਚਲਉ ਮਾਰਗ ਗੋਬਿੰਦ॥ ਮਿਟਹਿ ਪਾਪ ਜਪੀਐ ਹਰਿ ਬਿੰਦ॥
ਨਾ ਤਾਂ ਪਰਮਾਤਮਾ ਦੇ ਪੈਰ ਹਨ, ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰ
ਹਨ ਤਾਂ ਫਿਰ ਗੁਰ-ਗਿਆਨ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣਾ ਹੈ, ਇਸ ਢਾਲਣ ਦੇ ਅਭਿਆਸ ਨੂੰ
ਸਿਮਰਨ ਕਿਹਾ ਹੈ। ਪਾਪ ਮਲੀਨ ਸੋਚ ਦਾ ਨਾਂ ਹੈ ਤੇ ਇਹ ਪਾਪ ਮਿਟਾਉਣਾ ਹੈ ਪਰਮਾਤਮਾ ਦੇ ਰਸਤੇ `ਤੇ
ਚੱਲਦਿਆਂ।
ਗੁਰਪ੍ਰਸਾਦਿ ਦੁਆਰਾ ਪਾਪ ਮਿਟਾਉਣ ਦਾ ਵਿਧਾਨ ਬੜਾ ਭਾਵ--ਪੂਰਤ ਹੈ,
ਗਰੁ-ਪ੍ਰਸਾਦਿ –ਗੁਰੂ –ਗਿਆਨ; ਇਸ ਦੀ ਸੂਝ ਆਉਂਦਿਆਂ ਹੀ ਤ੍ਰਿਸ਼ਨਾ ਦੀ ਅਗਨੀ ਵੀ ਖਤਮ ਹੋ ਜਾਂਦੀ
ਹੈ:--
ਗੁਰਪ੍ਰਸਾਦਿ ਆਪਨ ਆਪ ਸੁਝੈ॥ ਤਿਸਕੀ ਜਾਨਹੁ ਤ੍ਰਿਸਨਾ ਬੂਝੈ॥
ਸਿੱਖੀ ਵਿੱਚ ਸਾਧ-ਲਾਣੇ ਨੇ ਇੱਕ ਹੋਰ ਬਹੁਤ ਵੱਡਾ ਭਰਮ ਪਾਇਆ ਹੋਇਆ ਹੈ ਕਿ
ਇਸ ਬਾਬਾ ਜੀ ਨੇ ਗ੍ਰਹਿਸਤ ਨੂੰ ਛੱਡਿਆ ਹੋਇਆ ਹੈ ਭਾਵ ਕਿ ਗੁਰਮਤਿ ਦੀ ਇੱਕ ਵੱਖਰੀ ਹੋਂਦ ਬਣਾਉਣ
ਵਿੱਚ ਸਫਲ ਹੋ ਗਏ ਹਨ ਕਿ ਜਿਸ ਨੇ ਵਿਆਹ ਨਹੀਂ ਕਰਾਇਆ ਉਹ ਆਮ ਗ੍ਰਹਿਸਤੀ ਨਾਲੋਂ ਬਹੁਤ ਉਤੇ ਹੈ। ਇਹ
ਆਪੇ ਬਣੇ ਬਿਹੰਗਮ ਕੁਦਰਤੀ ਨੇਮਾਂ ਦੀ ਵਿਰੋਧਤਾ ਕਰ ਰਹੇ ਹਨ ਪਰ ਸੁਖਮਨੀ ਸਾਹਿਬ ਜੀ ਦੀ ਬਾਣੀ ਤਾਂ
ਨਿਆਰਾ ਉਪਦੇਸ਼ ਕਰ ਰਹੀ ਹੈ ਕਿ:--
ਅਨਦਿਨੁ ਕੀਰਤਨੁ ਕੇਵਲ ਬਖ੍ਹਾਨ॥ ਗ੍ਰਹਿਸਤ ਮਹਿ ਸੋਈ ਨਿਰਬਾਨ॥
ਸੁਖਮਨੀ ਸਾਹਿਬ ਦੀ ਬਾਣੀ ਦਾ ਅਗੰਮੀ ਉਪਦੇਸ਼ ਹੈ ਕਿ ਜੇ ਬੰਦੇ ਨੇ ਨਿਹਾਲ
ਹੋਣਾ ਹੈ ਤਾਂ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰ।
“ਗੁਰ ਕਾ ਸਬਦੁ ਜਪਿ ਭਏ ਨਿਹਾਲ”
ਸ਼ਬਦ ਦੇ ਗੁਣਾਂ ਨੂੰ ਧਾਰਨ ਕਰ ਲੈਣ ਨਾਲ ਰੱਬ ਤੇ ਮਨੁੱਖ ਵਿੱਚ ਦੂਰੀ ਘਟਦੀ ਹੈ।
ਨਾਨਕ ਪ੍ਰਭੁ ਜਨੁ ਏਕੋ ਜਾਨੁ॥