ਜਿਹੜੇ ਸੱਜਣ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਬਾਰੇ ਰਤੀ ਜਿੰਨੀ
ਵੀ ਸਮਝ ਰਖਦੇ ਹਨ, ਭਲੀ ਪ੍ਰਕਾਰ ਜਾਣਦੇ ਹਨ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ’ ਦੀ ਵਿਚਾਰਧਾਰਾ ਦਾ ਮੂਲ ਧੁਰਾ ਹੀ ੴ ਭਾਵ ਇਕੋ ਇੱਕ ਅਕਾਲਪੁਰਖ ਹੀ ਹੈ, ਅਤੇ ਕਰਤਾਰ ਤੋਂ
ਛੁੱਟ ਹੋਰ ਕੋਈ ਨਹੀਂ। ਇਸ ਲਈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਛੇ ਗੁਰੂ
ਪਾਤਸ਼ਾਹੀਆਂ ਸਮੇਤ ਬੇਸ਼ਕ ਪੈਂਤੀ ਲਿਖਾਰੀ ਹਨ। ਇਸਦੇ ਨਾਲ ਨਾਲ ਇਥੇ ਇਹ ਵੀ ਸਚਾਈ ਹੈ ਕਿ ਗੁਰਬਾਣੀ
ਵਿਚਲੇ ਸਾਰੇ ਲਿਖਾਰੀ ਉਹੀ ਹਨ ਜੋ ਕੇਵਲ ਤੇ ਕੇਵਲ ਇੱਕ ਅਕਾਲਪੁਰਖ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ
ਚੁੱਕੇ ਸਨ ਅਤੇ ਉਪਾਸ਼ਕ ਵੀ ਉਸ ਅਸਾਡੇ ਸ਼ਹਿਨਸ਼ਾਹ ਗੁਰੂ ਰਾਮ ਦਾਸ ਜੀ ਭੀ ਹਾਮੀ ਭਰਦੇ ਹਨ ਕਿ “ਹਰਿ
ਜਪਤਿਆ ਉੱਤਮ ਪਦਵੀ ਪਾਇ”। ਕੌਣ ਕੌਣ? “ਰਵਿਦਾਸ ਚਮਾਰ ਉਸਤਤਿ ਕਰੈ, ਹਰਿ ਕੀਰਤਿ ਨਿਮਖ ਇੱਕ ਗਾਇ”
ਕਰਤੇ-ਕਾਦਿਰ ਦੇ ਹੀ ਹਨ, ਕਿਰਤਮ ਦੇ ਨਹੀਂ।
ਇਸ ਤਰ੍ਹਾਂ ਗੁਰਬਾਣੀ ਵਿਚਲੇ ਉਨ੍ਹਾਂ ਪੈਂਤੀ ਲਿਖਾਰੀਆਂ `ਚੋਂ ਹੀ ਨਾਮਦੇਵ
ਜੀ ਵੀ ਇੱਕ ਹਨ, ਉਨ੍ਹਾਂ ਤੋਂ ਵੱਖ ਨਹੀਂ। ਇਸੇ ਕਾਰਨ ਨਾਮਦੇਵ ਜੀ ਦਾ ਇਸ਼ਟ ਵੀ ਕੇਵਲ ਤੇ ਕੇਵਲ
ਇਕੋ-ਇਕ ਅਕਾਲਪੁਰਖ ਹੀ ਸੀ; ਪੱਥਰ, ਮੂਰਤੀ, ਅਵਤਾਰ ਪੂਜਾ ਨਹੀਂ। ਨਾਮਦੇਵ ਜੀ ਬ੍ਹਹਮਾ, ਵਿਸ਼ਨੂੰ,
ਮਹੇਸ਼ ਸਮੇਤ ਕਰੋੜਾਂ ਦਸੇ ਗਏ ਦੇਵੀ-ਦੇਵਤਿਆਂ `ਚੋਂ ਵੀ ਕਿਸੇ ਨੂੰ ਆਪਣਾ ਇਸ਼ਟ ਨਹੀਂ ਸਨ ਮੰਨਦੇ।
ਵੈਸੇ ਭਗਤ ਜੀ ਬਾਰੇ ਇਹ ਵਿਸ਼ੇ ਅਸੀਂ ਗੁਰਮਤਿ ਪਾਠ 59, 120 “ਨਾਮਦੇਵ ਜੀ ਅਤੇ ਪੱਥਰ ਪੂਜਾ”
ਅਤੇ “ਨਾਮਦੇਵ ਜੀ ਅਤੇ ਅਵਤਾਰ ਵਾਦ, ਦੇਵੀ-ਦੇਵਤਾ ਵਾਦ” `ਚ ਖੁਲ ਕੇ ਲੈ ਚੁਕੇ ਹਾਂ
ਅਤੇ ਦੌਹਰਾਨ ਦੀ ਲੋੜ ਨਹੀਂ। ਇਸ ਦੇ ਬਾਵਜੂਦ, ਪਾਠਕਾਂ ਦੀ ਤਸੱਲੀ ਲਈ ਅਸੀਂ, ਨਿਰੋਲ ਭਗਤ ਜੀ ਦੇ
ਸ਼ਬਦਾਂ ਚੋਂ ਹੀ ਇਨ੍ਹਾਂ ਤਿੰਨਾਂ ਪੱਖਾਂ `ਤੇ ਕੇਵਲ ਇੱਕ ਇਕ ਕਰਕੇ ਤਿੰਨ ਪ੍ਰਮਾਣ ਦੇਣੇ ਜ਼ਰੂਰੀ
ਸਮਝਦੇ ਹਾਂ ਪਹਿਲਾ- “ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ
ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ” (ਪੰ: 525) ਦੂਜਾ- “ਪਾਂਡੇ ਤੁਮਰਾ
ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ” (ਪੰ:
875) ਅਤੇ ਤੀਜਾ “ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ” (ਪੰ: 874)।
ਸਪਸ਼ਟ ਹੈ ਕਿ ਜਦੋਂ ਭਗਤ ਜੀ ਖੁਦ ਪੱਥਰ-ਮੂਰਤੀ ਪੂਜਾ, ਅਵਤਾਰ ਵਾਦ,
ਦੇਵੀਆਂ-ਦੇਵਤਿਆਂ ਦੀ ਪੂਜਾ ਨੂੰ ਨਕਾਰ ਰਹੇ ਹਨ ਤਾਂ ਅਜੇਹੇ ਸੁਆਲ ਕਿ ਭਗਤ ਨਾਮਦੇਵ ਜੀ ਦਾ ਇਸ਼ਟ
ਕੌਣ ਸੀ? ਕੁੱਝ ਅਰਥ ਨਹੀਂ ਰਖਦਾ। ਤਾਂ ਵੀ ਅਗਿਆਨੀ ਲੋਕਾਂ ਵਿਚੋਂ ਕਈ ਵਾਰੀ ਭਗਤ ਜੀ ਦੇ ਇਸ਼ਟ ਬਾਰੇ
ਮੁੜ ਮੁੜ ਇਹੀ ਸੁਆਲ, ਆਉਂਦੇ ਹਨ ਤਾਂ ਕਿਉਂ? ਸਪਸ਼ਟ ਹੈ ਕਿ ਭਗਤ ਜੀ ਦਾ ਇਸ਼ਟ ਵੀ ਸਿਵਾਏ
ੴ-ਇਕੋ ਇੱਕ ਅਕਾਲਪੁਰਖ ਦੇ, ਦੂਜਾ ਕੋਈ ਨਹੀਂ ਅਤੇ ਇਹ ਵਿਸ਼ਾ ਵੀ ਭਗਤ ਜੀ ਦੇ ਪ੍ਰਵਾਣਤ
61 ਸ਼ਬਦਾਂ `ਚੋਂ ਹੀ ਬਾਰ-ਬਾਰ ਉਘੜ ਕੇ ਸਾਹਮਣੇ ਆਉਂਦਾ ਹੈ। ਉਪ੍ਰੰਤ ਇਸੇ ਦਾ ਵਰਨਣ ਹੀ ਅਸਾਂ
ਹੱਥਲੇ ਗੁਰਮਤਿ ਪਾਠ `ਚ ਵੀ ਕਰਨਾ ਹੈ।
ਦਰ ਅਸਲ ਭਗਤ ਜੀ ਬਾਰੇ ਇਹ ਤੀਜਾ ਪੱਖ ਵੀ ਹੈ, ਜਿੱਥੇ ਕਿ ਗੁਰਮਤਿ ਤੋਂ
ਅਣਜਾਣ ਸੰਗਤਾਂ ਨੂੰ ਕੁੱਝ ਸ਼ਰਾਰਤੀ-ਵਿਰੋਧੀ ਬਦੋਬਦੀ ਟੱਪਲਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਸਦੇ
ਨਾਲ-ਨਾਲ ਇਹ ਵੀ ਸਚਾਈ ਹੈ, ਜੇਕਰ ਸੰਗਤਾਂ ਖੁਦ ਵੀ ਸੰਪੂਰਣ ਗੁਰਬਾਣੀ ਨਾ ਸਹੀ ਬਲਕਿ ‘ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰੋਂ ਕੇਵਲ ਨਾਮਦੇਵ ਜੀ ਦੀ ਬਾਣੀ ਲੈ ਕੇ ਹੀ ਇਸ ਪਖੋਂ ਆਪ
ਘੋਖ ਕਰਣ ਤਾਂ ਕਦੇ ਵੀ ਟੱਪਲਾ ਨਹੀਂ ਖਾਣਗੀਆਂ। ਠੀਕ ਇਹੀ ਢੰਗ ਅਸਾਂ ਭਗਤ ਜੀ ਬਾਰੇ ਉਪ੍ਰੋਕਤ ਦੋ
ਗੁਰਮਤਿ ਪਾਠਾਂ `ਚ ਵਰਤਿਆ ਹੈ। ਅਸਾਂ ਉਥੇ ਵੀ ਭਗਤ ਜੀ ਬਾਰੇ ਉਪ੍ਰੋਕਤ ਪੱਖਾਂ ਨੂੰ ਸਪਸ਼ਟ ਕਰਣ ਲਈ,
ਸੰਬੰਧਤ ਸਾਰੇ ਪ੍ਰਮਾਣ ਕੇਵਲ ਭਗਤ ਜੀ ਦੀ ਪ੍ਰਵਾਣਤ ਬਾਣੀ `ਚੋਂ ਹੀ ਲਏ ਹਨ ਅਤੇ ਇਥੇ ਵੀ ਅਸੀਂ ਇਹੀ
ਢੰਗ ਵਰਤਾਂਗੇ।
ਇਸ ਦੇ ਨਾਲ-ਨਾਲ ਇਸ ਵਿਸ਼ੇ `ਤੇ ਇੱਕ ਹੋਰ ਪੱਖੋਂ ਵੀ ਧਿਆਨ ਕਰਣ ਦੀ ਲੋੜ
ਹੈ। ਕੇਵਲ ਨਾਮਦੇਵ ਜੀ ਹੀ ਨਹੀਂ ਬਲਕਿ ਗੁਰਬਾਣੀ ਵਿਚਲੇ 15 ਦੇ 15 ਭਗਤ, 11
ਭੱਟ ਅਤੇ ਤਿੰਨ ਸਿੱਖਾਂ ਉਪਰ ਵੀ ਗੁਰਬਾਣੀ ਦੇ ਉਹੀ ਸਿਧਾਂਤ ਲਾਗੂ ਹੁੰਦੇ ਹਨ ਜਿਹੜੇ ਸੰਪੂਰਣ
ਗੁਰਬਾਣੀ ਰਚਨਾ ਬਾਰੇ, ਗੁਰਦੇਵ ਨੇ ਗੁਰਬਾਣੀ ਵਿੱਚ ਹੀ ਪ੍ਰਗਟ ਕਰ ਰਖੇ ਹਨ ਜਿਵੇਂ “ਇਕਾ ਬਾਣੀ,
ਇਕੁ ਗੁਰੁ, ਇਕੋ ਸਬਦੁ ਵੀਚਾਰਿ” (ਪੰ: 646) ਅਤੇ “ਪੰਚਾ ਕਾ ਗੁਰੁ ਏਕੁ ਧਿਆਨੁ”
(ਬਾਣੀ ਜਪੁ) ਉਪ੍ਰੰਤ ਗੁਰਬਾਣੀ ਦਾ ਮੂਲ ਆਧਾਰ ਹੀ ਬਖਸ਼ਿਆ ਹੈ ੴ। ਇਸਦੇ ਨਾਲ ਗੁਰਦੇਵ
ਨੇ ਗੁਰਬਾਣੀ `ਚ ਹੀ ਇਹ ਪੱਖ ਵੀ ਬਹੁਤ ਵੱਧ-ਚੜ੍ਹ ਕੇ ਸਪਸ਼ਟ ਕਰ ਰਖਿਆ ਹੈ, “ਨਿਰਗੁਨੁ ਆਪਿ,
ਸਰਗੁਨੁ ਭੀ ਓਹੀ” (ਪੰ: 287) ਭਾਵ ਮੂਲ ਰੂਪ `ਚ ਗੁਰਬਾਣੀ ਰਾਹੀਂ ਪ੍ਰਗਟ ਅਕਾਲਪੁਰਖ
ਨਿਰਗੁਣ ਹੈ। ਉਹ ਰੂਪ, ਰੰਗ, ਰੇਖ ਤੋਂ ਨਿਆਰਾ, ਅਜਨਮਾ ਅਤੇ ਸੈਭੰ ਵੀ ਹੈ। ਉਪ੍ਰੰਤ ਇਹ ਸਾਰੀ
ਰਚਨਾ, ਉਸੇ ਨਿਰਗੁਣ ਸਰੂਪ ਪ੍ਰਭੂ ਦਾ ਅਪਣਾ ਹੀ ਪਸਾਰਾ ਹੈ, ਉਸਤੋਂ ਭਿੰਨ ਨਹੀਂ। ਪ੍ਰਭੂ ਇਸਦੇ ਜ਼ਰੇ
ਜ਼ਰੇ `ਚ ਵਿਆਪਕ ਹੈ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਹੀ ਗੁਰਦੇਵ ਰਾਹੀਂ
ਬਖਸ਼ਿਆ ਮੰਗਲਾਚਰਣ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ” ਇਸ ਵਿਸ਼ੇ `ਤੇ ਬਹੁਮੁਲੀ ਅਤੇ ਸਪਸ਼ਟ ਸੇਧ ਹੈ। ਇਸ ਲਈ ਕੇਵਲ ਨਾਮਦੇਵ ਜੀ ਹੀ ਨਹੀਂ,
ਗੁਰਬਾਣੀ `ਚ ਗੁਰਦੇਵ ਰਾਹੀਂ ਪ੍ਰਵਾਣਤ ਕਿਸੇ ਵੀ ਲਿਖਾਰੀ ਅਥਵਾ ਭਗਤ ਬਾਰੇ ਕੋਈ ਕੁੱਝ ਵੀ ਕਹਿੰਦਾ
ਫ਼ਿਰੇ, ਅਸਾਂ ਉਸ ਕਹਿਣੇ ਨੂੰ, ਕਹਿਣ ਵਾਲੇ ਦੀ ਨਾਸਮਝੀ, ਮੂਰਖਤਾ ਜਾਂ ਸ਼ਰਾਰਤ ਕਰਕੇ ਹੀ ਸਮਝਣਾ ਹੈ।
ਕਹਿਣ ਵਾਲੇ ਕਹਿੰਦੇ ਰਹਿਣ ਕੇ ਰਵੀਦਾਸ ਪਿਛਲੇ ਜਨਮ ਦੇ ਬ੍ਰਾਹਮਣ ਸਨ ਅਤੇ
ਵੈਸ਼ਨੋ ਭਗਤ ਰਾਮਾਨੰਦ ਜੀ ਦੇ ਸਰਾਪ ਕਾਰਣ ਇਸ ਜਨਮ `ਚ ਉਨ੍ਹਾਂ ਨੇ ਚਮਾਰ ਦੇ ਘਰ ਜਨਮ ਲਿਆ, ਜਾਂ
ਰਾਮਾਨੰਦ ਜੀ ਸਚਮੁਚ ਹੀ ਕੱਟਰ ਵੈਸ਼ਨੋ ਸਨ ਅਤੇ ਮੂਰਤੀਆਂ ਪੂਜਦੇ ਉਨ੍ਹਾਂ ਮੂਰਤੀਆਂ ਨੂੰ ਇਸ਼ਨਾਨ
ਆਦਿ ਕਰਵਾਉਂਦੇ, ਮੱਥੇ `ਤੇ ਤਿਲਕ ਲਗਾਉਂਦੇ ਸਨ, ਇਸੇ ਤਰ੍ਹਾਂ ਧੰਨਾ ਜੀ ਨੇ ਕਿਸੇ ਬ੍ਰਾਹਮਣ ਵਲੋਂ
ਦਿੱਤੇ ਹੋਏ ਪੱਥਰ ਚੋਂ ਆਪਣੇ ਹੱਠ ਕਾਰਣ ਕੋਈ ਸਰੀਰਧਾਰੀ ਭਗਵਾਨ ਕੱਢ ਦਿਖਾਇਆ ਆਦਿ। ਅਸਾਂ
ਸ਼ਰਾਰਤੀ-ਵਿਰੋਧੀ ਲੋਕਾਂ ਵਲੋਂ ਗੁਰਬਾਣੀ `ਚ ਪ੍ਰਵਾਣਤ ਕਿਸੇ ਵੀ ਲਿਖਾਰੀ ਜਾਂ ਭਗਤ ਬਾਰੇ ਅਜੇਹੀਆਂ
ਗਲਾਂ ਵਲ ਉੱਕਾ ਧਿਆਨ ਨਹੀਂ ਦੇਣਾ ਬਲਕਿ ਅਜੇਹੀਆਂ ਸਾਰੇ ਪ੍ਰਚਲਣਾ ਨੂੰ ਮੂਲੋਂ ਹੀ ਨਕਾਰ ਦੇਣਾ ਹੈ।
ਅਸਾਂ ਜੋ ਕੁੱਝ ਵੀ ਲੈਣਾ ਹੈ ਨਿਰੋਲ ਗੁਰਬਾਣੀ ਵਿਚੋਂ ਹੀ ਲੈਣਾ ਹੈ ਅਤੇ ਜੇ ਕਰ ਕੋਈ ਆਪਣਾ ਅਜੇਹਾ
ਸ਼ੰਕਾ ਵੀ ਨਿਵਰਤ ਕਰਨਾ ਹੈ ਤਾਂ ਸੰਬੰਥਤ ਅਥਵਾ ਲਿਖਾਰੀ ਦੀ ਪ੍ਰਵਾਣਤ ਲਿਖਤ `ਚੋਂ ਦੂਰ ਕਰਨਾ ਹੈ
ਇਧਰੋਂ-ਓਧਰੋਂ ਜਾਂ ਵਿਰੋਧੀ ਕਹਾਣੀਆਂ `ਚ ਉਲਝ ਕੇ ਨਹੀਂ। ਇਸਤੋਂ ਬਾਅਦ ਆਉਂਦੇ ਹਾਂ ਆਪਣੇ ਅਸਲ
ਵਿਸ਼ੇ ਵਲ ਕਿ ਨਾਮਦੇਵ ਜੀ ਦਾ ਇਸ਼ਟ ਵੀ ੴ ਭਾਵ ਇਕੋ ਇੱਕ ਅਕਾਲਪੁਰਖ ਹੀ ਹੈ, ਅਤੇ ਕਰਤਾਰ ਤੋਂ ਛੁੱਟ
ਹੋਰ ਕੋਈ ਨਹੀਂ। ਪਰ ਨਾਲ-ਨਾਲ ਇਹ ਵੀ ਦੌਹਰਾ ਦੇਣਾ ਚਾਹੁੰਦੇ ਹਾਂ ਕਿ ਇਥੇ ਵੀ ਇਸ ਵਿਸ਼ੇ ਨੂੰ ਅਸੀਂ
ਲਵਾਂਗੇ ਭਗਤ ਜੀ ਦੇ ਪ੍ਰਵਾਣਤ ਸ਼ਬਦਾਂ ਵਿਚੋਂ ਹੀ।
ਸਭ ਤੋਂ ਪਹਿਲਾਂ ਅਸੀਂ ਆਸਾ ਰਾਗ ਵਿਚਲੇ ਨਾਮਦੇਵ ਜੀ ਦੇ ਸ਼ਬਦ “ਏਕ ਅਨੇਕ
ਬਿਆਪਕ ਪੂਰਕ, ਜਤ ਦੇਖਉ ਤਤ ਸੋਈ॥ ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ, ਬਿਰਲਾ ਬੂਝੈ ਕੋਈ॥ ੧॥ ਸਭੁ
ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀਂ ਕੋਈ॥ ਸੂਤੁ ਏਕੁ, ਮਣਿ ਸਤ ਸਹੰਸ ਜੈਸੇ, ਓਤਿ
ਪੋਤਿ ਪ੍ਰਭੁ ਸੋਈ॥ ੧॥ ਰਹਾਉ॥ ਜਲ ਤਰੰਗ ਅਰੁ ਫੇਨ ਬੁਦਬੁਦਾ, ਜਲ ਤੇ ਭਿੰਨ ਨ ਹੋਈ॥ ਇਹੁ ਪਰਪੰਚੁ
ਪਾਰਬ੍ਰਹਮ ਕੀ ਲੀਲਾ, ਬਿਚਰਤ ਆਨ ਨ ਹੋਈ॥ ੨॥ ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ॥
ਸੁਕਿ੍ਰਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨੁ ਮਾਨਿਆ॥ ੩॥ ਕਹਤ ਨਾਮਦੇਉ ਹਰਿ ਕੀ ਰਚਨਾ, ਦੇਖਹੁ
ਰਿਦੈ ਬੀਚਾਰੀ॥ ਘਟ ਘਟ ਅੰਤਰਿ ਸਰਬ ਨਿਰੰਤਰਿ, ਕੇਵਲ ਏਕ ਮੁਰਾਰੀ॥ ੪॥ ੧॥ (ਪੰ: 485)
ਸ਼ਬਦ ਦਾ ਅਰਥ ਭਾਵ ਹੈ ਕਿ ਪ੍ਰਭੂ ਆਪਣੀ ਰਚੀ ਸ੍ਰਿਸ਼ਟੀ `ਚ ਹਰ ਥਾਂ ਮੌਜੂਦ ਹੈ। ਉਸ ਪ੍ਰਭੂ ਨੂੰ ਉਸੇ
ਦੇ ਇਲਾਹੀ ਗਿਆਨ-ਗੁਰੂ ਦੀ ਬਖਸ਼ਿਸ਼ ਰਾਹੀਂ ਹੀ ਮਨੁੱਖ ਨੂੰ ਇਸ ਰੱਬੀ ਸੱਚਾਈ ਦੀ ਸੂਝ ਪੈਂਦੀ ਹੈ।
ਇਥੇ ਮਿਸਾਲਾਂ ਦੇ ਕੇ ਭਗਤ ਜੀ ਫ਼ੁਰਮਾਉਂਦੇ ਹਨ ਮੇਰਾ ਕਰਤਾਰ ਤਾਂ ਆਪਣੀ ਇਸ ਬੇਅੰਤ ਰਚਨਾ `ਚ
“ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ” ਅਨੁਸਾਰ ਦਿਲ-ਖਿਚਵੇਂ ਕੌਤਕ ਕਰ ਰਿਹਾ ਹੈ। ਪ੍ਰਭੂ ਰਚਨਾ `ਚ
ਇਸ ਤਰ੍ਹਾਂ ਵਿਆਪਕ ਹੈ ਜਿਵੇਂ ਪਾਣੀ ਦੀ ਲਹਿਰ, ਝੱਗ, ਬੁਲਬੁਲੇ ਪਾਣੀ ਦੀਆਂ ਆਪਣੀਆਂ ਹੀ ਬਨਾਵਟਾਂ
ਹੁੰਦੀਆਂ ਹਨ ਅਤੇ ਪਾਣੀ ਬਿਨਾ ਇਨ੍ਹਾਂ `ਚੋ ਕਿਸੇ ਦਾ ਵੀ ਆਪਣਾ ਕੋਈ ਵਜੂਦ ਨਹੀਂ। ਪ੍ਰਭੂ ਆਪਣੀ ਇਸ
ਬੇਅੰਤ ਰਚਨਾ `ਚ ਇਸ ਤਰ੍ਹਾਂ ਵਸ ਰਿਹਾ ਹੈ ਜਿਵੇਂ ਹਜ਼ਾਰਾਂ ਮੋਤੀ ਪਰੁਚੇ ਹੋਣ ਪਰ ਸਾਰੇ ਮੋਤੀਆਂ
ਵਿੱਚ ਕੇਵਲ ਇਕੋ ਹੀ ਧਾਗਾ ਦੌੜ ਰਿਹਾ ਹੋਵੇ।
ਇਸੇ ਤਰਜ਼ `ਤੇ ਭਗਤ ਜੀ ਆਪਣੇ ਹੋਰ ਸ਼ਬਦ “ਆਨੀਲੇ ਕੁੰਭ, ਭਰਾਈਲੇ ਊਦਕ…”
(ਪੰ: 485) ਰਾਹੀਂ ਪੱਥਰ ਦੇ ਪੂਜਾਰੀ ਨੂੰ ਭੁੱਲੜ ਦਸ ਕੇ ਕਹਿੰਦੇ ਹਨ “ਜਤ੍ਰ
ਜਾਉ, ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ” ਅਤੇ “ਈਭੈ ਬੀਠਲੁ, ਊਭੈ ਬੀਠਲੁ, ਬੀਠਲ
ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ” (ਪੰ: 485)
ਭਾਵ ਐ ਭਾਈ! ਜਿਸ ਪਾਣੀ, ਫੁਲਾਂ, ਦੁਧ ਨੂੰ ਸੁੱਚਾ ਮੰਨ ਕੇ ਆਪਣੇ ਠਾਕੁਰ ਨੂੰ ਇਸ਼ਨਾਨ ਕਰਵਾਉਂਦਾ
ਹੈਂ, ਫੁਲ ਚੜ੍ਹਾਉਂਦਾ, ਨੈਵੇਦ ਅਰਪਣ ਕਰਦਾ ਹੈ। ਪਾਣੀ ਤਾਂ ਆਪਣੇ ਅੰਦਰ ਵਸਦੇ ਮੱਛੀਆਂ ਆਦਿ ਜੀਵਾਂ
ਕਰਕੇ, ਫੁਲ- ਭੰਵਰੇ ਕਾਰਨ ਅਤੇ ਦੁਧ-ਬਛੁੜੇ ਕਾਰਨ ਪਹਿਲਾਂ ਤੋਂ ਹੀ ਰੱਬੀ ਨਿਯਮ ਜੂਠੇ ਹੀ ਸਨ।
ਉਪ੍ਰੰਤ ਇਸ ਰੱਬੀ ਭੇਦ ਨੂੰ ਨਾਲ-ਨਾਲ ਖੋਲਦੇ ਹੋਏ ਫ਼ੁਰਮਾਉਂਦੇ ਹਨ। ਐ ਅਗਿਆਨੀ ਮਨੁੱਖ! ਉਨ੍ਹਾਂ
ਪਾਣੀ ਦੇ ਜੀਵਾਂ, ਭਵਰੇ ਤੇ ਬਛੁੜੇ ਆਦਿ `ਚ ਤਾਂ ਮੇਰਾ ਬੀਠੁਲ-ਪ੍ਰਭੂ ਆਪ ਹੀ ਇਸ਼ਨਾਨ ਕਰ, ਭੰਵਰੇ
ਰਾਹੀਂ ਸੁੰਘ ਅਤੇ ਬਛੁੜੇ ਰਾਹੀਂ ਭੋਗ ਲਗਾ ਰਿਹਾ ਸੀ। ਫ਼ਿਰ ਵੀ ਤੂੰ ਇਸ ਲਈ ਕੁਰਾਹੇ ਪੈ ਗਿਓਂ
ਕਿਉਂਕਿ ਤੈਨੂੰ ਜ਼ਰੇ ਜ਼ਰੇ `ਚ ਵਿਆਪਕ ਪੂਰਣ-ਪਾਰਬ੍ਰਹਮ ਦੀ ਪਛਾਣ ਹੀ ਨਹੀਂ ਸੀ ਅਤੇ ਕਰਮਕਾਂਡਾਂ `ਚ
ਫਸਿਆ ਰਿਹਾ। ਹਿਸਾਬ ਲਗਾਉਂਦੇ ਦੇਰ ਨਹੀਂ ਲਗਦੀ ਕਿ ਇਸ ਸ਼ਬਦ ਰਾਹੀਂ ਭਗਤ ਜੀ ਕਿਸਨੂੰ ਆਪਣਾ ਬੀਠੁਲ
ਦਸ ਰਹੇ ਹਨ।
ਹੋਰ ਦਰਸ਼ਨ ਕਰੋ, ਨਾਮਦੇਵ ਜੀ ਤਾਂ ਡੰਕੇ ਦੀ ਚੋਟ ਨਾਲ ਬਲਕਿ ਕਹਿ ਹੀ ਨਹੀਂ
ਬਲਕਿ ਸਾਨੂੰ ਉਪਦੇਸ਼ ਦੇ ਰਹੇ ਹਨ “ਤੂੰ ਹਰਿ ਭਜੁ, ਮਨ ਮੇਰੇ ਪਦੁ ਨਿਰਬਾਨੁ॥ ਬਹੁਰਿ ਨ ਹੋਇ
ਤੇਰਾ ਆਵਨ ਜਾਨੁ” (ਪੰ: 525) ਜਾਂ “ਮਲੈ ਨ ਲਾਛੈ, ਪਾਰਮਲੋ, ਪਰਮਲੀਓ ਬੈਠੋ ਰੀ
ਆਈ॥ ਆਵਤ ਕਿਨੈ ਨ ਪੇਖਿਓ, ਕਵਨੈ ਜਾਣੈ, ਰੀ ਬਾਈ॥ ੧॥ ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ,
ਰੀ ਬਾਈ॥ ੧॥ ਰਹਾਉ॥ ਜਿਉ ਆਕਾਸੈ ਪੰਖੀਅਲੋ, ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੈ ਮਾਛਲੋ,
ਮਾਰਗੁ ਪੇਖਣੋ ਨ ਜਾਈ॥ ੨॥ ਜਿਉ ਆਕਾਸੈ ਘੜੂਅਲੋ, ਮ੍ਰਿਗ ਤ੍ਰਿਸਨਾ ਭਰਿਆ॥ ਨਾਮੇ ਚੇ ਸੁਆਮੀ ਬੀਠਲੋ,
ਜਿਨਿ ਤੀਨੈ ਜਰਿਆ” (ਪੰ: 525) ਇਥੇ ਵੀ ਦੇਖੋ! ਕਿੰਨੇ ਸਾਫ਼ ਲਫ਼ਜ਼ਾਂ `ਚ ਆਪਣੇ ਕਰਤਾਰ ਬਾਰੇ
ਨਾਮਦੇਵ ਜੀ ਦੱਸ ਰਹੇ ਹਨ “ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ, ਰੀ ਬਾਈ” ਭਾਵ ਮੇਰਾ
ਪ੍ਰਭੂ ਤਾਂ ਉਹ ਹੈ ਜਿਸਦਾ ਅੰਤ-ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਫ਼ਿਰ ਇਸਤੋਂ ਵੱਡੀ ਗਲ ਕਿ ਮੇਰਾ
ਸਰਵਵਿਆਪੀ ਰਮਈਆ ਰਾਮ ਆਕੁਲ ਹੈ, ਉਹ ਜਨਮ-ਮਰਨ `ਚ ਨਹੀਂ ਆਉਂਦਾ। ਉਸ ਉਪਰ ਕਿਸੇ ਪ੍ਰਕਾਰ ਦੀ
ਵਿਕਾਰਾਂ-ਮਾਇਆ ਆਦਿ ਦੀ ਮੈਲ ਨਹੀਂ ਚੜ੍ਹਦੀ, ਉਹ ਸਰਬ-ਵਿਆਪਕ ਹੈ, ਅਕੱਥ ਹੈ, ਉਸ ਦਾ ਖ਼ਾਸ ਟਿਕਾਣਾ
ਵੀ ਕੋਈ ਨਹੀਂ ਲੱਭ ਸਕਦਾ ਆਦਿ। ਇਥੇ ਵੀ ਨਾਮਦੇਵ ਜੀ ਨੇ ਆਪਣੇ ‘ਬੀਠਲ-ਰਮਈਆ’
ਭਾਵ ਇਸ਼ਟ ਦਾ ਜੋ ਸਰੂਪ ਬਿਆਨਿਆ ਹੈ, ਉਹ ਕਿਸੇ ਮੂਰਤੀ ਆਦਿ ਦਾ ਨਹੀਂ ਬਲਕਿ ਸਰਬ-ਵਿਆਪਕ
ਪ੍ਰਮਾਤਮਾ ਦਾ ਹੀ ਹੈ। ਸਮਝਣਾ ਚਾਹੀਦਾ ਹੈ ਕਿ ਭਗਤ ਜੀ ਬਾਰੇ ਲੋਕਾਂ ਦੀਆਂ ਘੜੀਆਂ ਕਹਾਣੀਆਂ-ਭਗਤ
ਜੀ ਦੀ ਆਪਣੀ ਬਾਣੀ ਨਾਲੋਂ ਵਧੀਕ ਇਤਬਾਰ-ਜੋਗ ਨਹੀਂ ਹੋ ਸਕਦੀਆਂ ਹਨ?
ਇਸ ਤੋਂ ਬਾਅਦ ਰਾਗ ਤਿਲੰਗ ਵਿਚਲੇ ਇੱਕ ਸ਼ਬਦ `ਚ ਨਾਮਦੇਵ ਜੀ ਆਪਣੇ ਇਸ਼ਟ
ਲਈ ਜੋ ਸ਼ਬਦਾਵਲੀ ਵਰਤ ਰਹੇ ਹਨ “ਕਰੀਮਾਂ ਰਹੀਮਾਂ ਅਲਾਹ ਤੂ ਗਨਂੀ” ਪੂਰਾ ਸ਼ਬਦ ਹੈ “ਮੈ
ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥ ੧॥ ਰਹਾਉ॥
ਕਰੀਮਾਂ ਰਹੀਮਾਂ ਅਲਾਹ ਤੂ ਗਨਂੀ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ॥ ੧॥ ਦਰੀਆਉ ਤੂ ਦਿਹੰਦ ਤੂ
ਬਿਸੀਆਰ ਤੂ ਧਨੀ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ॥ ੨॥ ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ
ਕਿਆ ਕਰੀ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ” (ਪੰ: 727)। ਸਮਝਣ ਦਾ ਵਿਸ਼ਾ ਹੈ ਕਿ ਕੀ ਕੋਈ
ਪੱਥਰ-ਮੂਰਤੀ ਪੂਜਕ, ਅਵਤਾਰ ਪੂਜਕ ਜਾਂ ਦੇਵੀ-ਦੇਵਤਿਆਂ ਦਾ ਪੁਜਾਰੀ ਆਪਣੇ ਇਸ਼ਟ ਲਈ “ਕਰੀਮਾਂ
ਰਹੀਮਾਂ, ਅਲਾਹ ਤੂ ਗਨਂੀ॥ ਹਾਜਰਾ ਹਜੂਰਿ, ਦਰਿ ਪੇਸਿ ਤੂੰ ਮਨਂੀ …. . ਦੇਹਿ ਲੇਹਿ ਏਕੁ ਤੂੰ,
ਦਿਗਰ ਕੋ ਨਹੀ” ਵਾਲੀ ਮੁਸਲਮਾਨੀ ਸ਼ਬਦਾਵਲੀ ਵਰਤ ਸਕਦਾ ਹੈ? ਫਿਰ ਇਥੇ ਤਾਂ ਨਾਮਦੇਵ ਜੀ ਖੁੱਲ
ਕੇ ਮੁਸਲਮਾਨੀ ਲਫ਼ਜ਼, ਅੱਲਾਹ, ਕਰੀਮ, ਰਹੀਮ, ਦੀਗਰ ਆਦਿ ਵਰਤ ਰਹੇ ਹਨ। ਬਲਕਿ ਆਪਣੇ ਇਸ਼ਟ ਦੀ ਪਛਾਣ
ਵੀ ਇਸ ਤਰ੍ਹਾਂ ਦੇ ਰਹੇ ਹਨ ਜਿਵੇਂ “ਹਾਜਰਾ ਹਜੂਰਿ, ਦਰਿ ਪੇਸਿ ਤੂੰ ਮਨਂੀ …. . ਦੇਹਿ ਲੇਹਿ
ਏਕੁ ਤੂੰ ਦਿਗਰ ਕੋ ਨਹੀ”।
ਇਸੇ ਤਰ੍ਹਾਂ ਭਗਤ ਜੀ ਦਾ ਹੀ ਇੱਕ ਹੋਰ ਸ਼ਬਦ “ਹਲੇ ਯਾਰਾਂ ਹਲੇ ਯਾਰਾਂ,
ਖੁਸਿ ਖਬਰੀ॥ ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ॥ ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ॥ ੧॥
ਰਹਾਉ॥ ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ॥ ੧॥ ਖੂਬੁ ਤੇਰੀ
ਪਗਰੀ, ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ॥ ੨॥ ਚੰਦਂੀ ਹਜਾਰ ਆਲਮ, ਏਕਲ ਖਾਨਾਂ॥
ਹਮ ਚਿਨੀ ਪਾਤਿਸਾਹ, ਸਾਂਵਲੇ ਬਰਨਾਂ॥ ੩॥ ਅਸਪਤਿ ਗਜਪਤਿ ਨਰਹ ਨਰਿੰਦ॥ ਨਾਮੇ ਕੇ ਸ੍ਵਾਮੀ ਮੀਰ
ਮੁਕੰਦ” (ਪੰ: ੭੨੭) ਵਾਲੇ ਸ਼ਬਦ `ਚ ਨਾਮਦੇਵ ਜੀ ਆਪਣੇ ਇਸ਼ਟ ਬਾਰੇ ਕਹਿੰਦੇ ਹਨ, “ਹੇ
ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ
ਠੰਡ ਪੈਂਦੀ ਹੈ। ਮੈਂ ਤੈਥੋਂ ਸਦਾ ਸਦਕੇ ਅਤੇ ਕੁਰਬਾਨ ਜਾਂਦਾਹਾਂ। ਹੇ ਪ੍ਰਭੂ! ਤੇਰਾ ਨਾਮ (ਮੈਨੂੰ)
ਸਭ ਤੋਂ ਵਧੀਕ ਪਿਆਰਾ ਲੱਗਦਾ ਹੈ, ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ ਤੇਰੀ ਦਿੱਤੀ
ਹੋਈ ਵਿਗਾਰ ਭੀ ਮੈਨੂੰ ਮਿੱਠੀ ਲੱਗਦੀ ਹੈ। ੧। ਰਹਾਉ। ਹੇ ਪਿਆਰੇ ਪ੍ਰਭੂ! ਨਾ ਤੂੰ ਕਿਤੋਂ ਆਇਆ, ਨਾ
ਕਿਤੇ ਗਿਆ ਅਤੇ ਨਾ ਤੂੰ ਕਿਦਰੇ ਜਾ ਰਿਹਾ ਹੈਂ ਭਾਵ, ਤੂੰ ਸਦਾ ਅਟੱਲ ਹੈਂ। ਦੁਆਰਕਾ ਨਗਰੀ `ਚ ਰਾਸ
ਭੀ ਤੂੰ ਹੀ ਪਾਂਦਾ ਹੈਂ ਭਾਵ ਮੇਰੀ ਜਾਚੇ ਕਿਸ਼ਨ ਭੀ ਤੂੰ ਆਪ ਹੀ ਹੈਂ। ੧। ਹੇ ਮਿਤੱਰ! ਤੇਰੀ ਬੇਅੰਤ
ਰਚਨਾ `ਚ ਤੇਰਾ ਹੁਕਮ ਵਾਲਾ ਨਿਯਮ ਬਹੁਤ ਪਿਆਰਾ ਹੈ ਅਤੇ ਤੇਰਾ ਨਾਮਨਾ-ਵਡਿਆਈਆਂ ਵੀ ਸੁੰਦਰ ਹਨ।
ਭਾਵ ਜਿਵੇਂ ਪਗੜੀ ਸਰੀਰ ਦਾ ਨਿਖਾਰ ਹੁੰਦੀ ਹੈ ਇਸੇ ਤਰ੍ਹਾਂ ਤੂੰ ਵੀ ਆਪਣੀ ਹੁਕਮ ਰੂਪੀ ਪੱਗੜੀ ਨਾਲ
ਇਸ ਰਚਨਾ ਦੀ ਸੰਭਾਲ ਕਰਦਾ ਹੈਂ ਨੂੰ ਸੁੰਦਰ ਘੜਿਆ ਦਾ ਹੈ ਅਤੇ ਇਸ `ਚ ਤੇਰੇ ਨਾਮਨੇ ਰੂਪੀ ਬਚਨ ਵੀ
ਬਹੁਤ ਪਿਆਰੇ ਹਨ। ਨਾ ਤੂੰ ਸਿਰਫ਼ ਦੁਆਰਕਾ `ਚ ਹੈਂ ਤੇ ਨਾ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ
ਮੱਕੇ `ਚ ਹੈਂ ਭਾਵ, ਤੂੰ ਹਰ ਥਾਂ ਮੌਜੂਦ ਹੈਂ। ੨। ਸ੍ਰਿਸ਼ਟੀ ਦੇ ਕਈ ਹਜ਼ਾਰਾਂ ਮੰਡਲਾਂ ਦਾ ਤੂੰ
ਇਕੱਲਾ ਆਪ ਹੀ ਮਾਲਕ ਹੈਂ। ਹੇ ਪਾਤਸ਼ਾਹ! ਇਹੋ ਜਿਹਾ ਸਾਂਵਲੇ-ਸੁੰਦਰ ਸਰੂਪ ਵਾਲਾ ਭੀ ਤੂੰ ਆਪ ਹੀ
ਹੈਂ ਭਾਵ ਸਾਰੀ ਰਚਨਾ ਵੀ ਸੁੰਦਰ ਸਰੂਪ ਦਾ ਹੀ ਨਿਖਾਰ ਹੈ। ੩। ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ
ਆਪ ਹੀ ਮੀਰ ਵੀ ਹੈਂ ਤੇ ਕਿ੍ਰਸ਼ਨ ਵੀ, ਤੂੰ ਆਪ ਹੀ ਸੂਰਜ ਦੇਵਤਾ, ਇੰਦ੍ਰ ਦੇਵਤਾ ਅਤੇ ਬ੍ਰਹਮਾ ਵੀ
ਤੂੰ ਆਪ ਹੀ ਹੈਂ।” ਭਾਵ ਹੇ ਪ੍ਰਭੂ ਸਭਕੁਛ ਤੂੰ ਆਪ ਹੀ ਹੈ ਅਤੇ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ
ਨਾਮਦੇਵ ਜੀ ਆਪਣੇ ਹੋਰ ਸ਼ਬਦ `ਚ ਆਪਣੇ ਇਸ਼ਟ ਦੀ ਪਹਿਚਾਣ ਦੇਂਦੇ ਹੋਏ ਕਹਿੰਦੇ
ਹਨ “ਜਹ ਜਹ ਦੇਖਉ, ਤਹ ਤਹ ਰਾਮਾ॥ ਹਰਿ ਕੇ ਚਰਨ, ਨਿਤ ਧਿਆਵੈ ਨਾਮਾ” (ਪੰ: 873) ਉਪ੍ਰੰਤ
ਇਸੇ ਪ੍ਰਥਾਏ ਲੈਂਦੇ ਹਾਂ ਨਾਮਦੇਵ ਜੀ ਰਾਗ ਗੋਂਡ ਪੰ: 874 ਉਪਰ ਦਰਜ ਇਸੇ ਲੜੀ `ਚ ਲਗਾਤਾਰ
ਤਿੰਨ ਸ਼ਬਦ। ਪਹਿਲਾ ਸ਼ਬਦ ਹੈ “ਹਰਿ ਹਰਿ ਕਰਤ ਮਿਟੇ ਸਭਿ ਭਰਮਾ॥ ਹਰਿ ਕੋ ਨਾਮੁ ਲੈ ਊਤਮ ਧਰਮਾ॥
ਹਰਿ ਹਰਿ ਕਰਤ ਜਾਤਿ ਕੁਲ ਹਰੀ॥ ਸੋ ਹਰਿ ਅੰਧੁਲੇ ਕੀ ਲਾਕਰੀ॥ ੧॥ ਹਰਏ ਨਮਸਤੇ ਹਰਏ ਨਮਹ॥ ਹਰਿ ਹਰਿ
ਕਰਤ ਨਹੀ ਦੁਖੁ ਜਮਹ॥ ੧॥ ਰਹਾਉ॥ ਹਰਿ ਹਰਨਾਖਸ ਹਰੇ ਪਰਾਨ॥ ਅਜੈਮਲ ਕੀਓ ਬੈਕੁੰਠਹਿ ਥਾਨ॥ ਸੂਆ
ਪੜਾਵਤ ਗਨਿਕਾ ਤਰੀ॥ ਸੋ ਹਰਿ ਨੈਨਹੁ ਕੀ ਪੂਤਰੀ॥ ੨॥ ਹਰਿ ਹਰਿ ਕਰਤ ਪੂਤਨਾ ਤਰੀ॥ ਬਾਲ ਘਾਤਨੀ
ਕਪਟਹਿ ਭਰੀ॥ ਸਿਮਰਨ ਦ੍ਰੋਪਦ ਸੁਤ ਉਧਰੀ॥ ਗਊਤਮ ਸਤੀ ਸਿਲਾ ਨਿਸਤਰੀ॥ ੩॥ ਕੇਸੀ ਕੰਸ ਮਥਨੁ ਜਿਨਿ
ਕੀਆ॥ ਜੀਅ ਦਾਨੁ ਕਾਲੀ ਕਉ ਦੀਆ॥ ਪ੍ਰਣਵੈ ਨਾਮਾ ਐਸੋ ਹਰੀ॥ ਜਾਸੁ ਜਪਤ ਭੈ ਅਪਦਾ ਟਰੀ”
ਉਪ੍ਰੋਕਤ ਸ਼ਬਦ `ਚੋਂ ਹੀ ਦਰਸ਼ਨ ਕਰ ਲਈਏ, ਭਗਤ ਜੀ ਨੇ ਅਜੇਹੀਆਂ ਮਿਸਾਲਾਂ ਦਿੱਤੀਆਂ ਹਨ ਜਿਨ੍ਹਾਂ ਦਾ
ਸੰਬੰਧ ਕਹੇ ਜਾਂਦੇ ਸਤਿਜੁਗ, ਦੁਆਪਰ, ਤ੍ਰੇਤਾ ਅਤੇ ਕਲਜੁਗ, ਭਾਵ ਸਾਰੇ ਜੁਗਾਂ ਨਾਲ ਹੈ। ਆਪ ਇਸ
ਸ਼ਬਦ ਰਾਹੀਂ ਸਾਬਤ ਕਰ ਰਹੇ ਹਨ ਕਿ ਦੁਨੀਆਵੀ ਪੱਧਰ `ਤੇ ਭਾਵੇਂ ਕਿਸੇ ਘਟਨਾ ਦਾ ਸੰਬੰਧ ਦੁਆਪਰ ਦੇ
ਕਿਸ਼ਨ ਜੀ ਨਾਲ ਹੋਵੇ ਜਿਵੇਂ ਦ੍ਰੋਪਦੀ ਦਾ ਚੀਰ ਹਰਣ, ਬਾਲ ਘਾਤਨੀ ਪੂਤਨਾ, ਕੇਸੀ ਨਾਮਕ ਦੈਂਤ, ਕੰਸ,
ਸ਼ੇਸ਼ਨਾਗ, ਉਪ੍ਰੰਤ ਘਟਨਾ ਚਾਹੇ ਕਹੇ ਜਾਂਦੇ ਤ੍ਰੇਤੇ ਜੁਗ ਦੇ ਰਾਮ ਚੰਦਰ ਨਾਲ ਸੰਬੰਧਤ ਹੋਵੇ ਜਿਵੇਂ
‘ਗਊਤਮ ਸਤੀ ਸਿਲਾ ਨਿਸਤਰੀ’ ; ਫ਼ਿਰ ਭਾਵੇਂ ਘਟਨਾ ਦਾ ਪ੍ਰਚਲਣ ਕਿਹਾ ਜਾਂਦਾ ਸਤਿਜੁਗ ਹੋਵੇ
ਜਿਵੇਂ ਹਰਨਾਖਸ਼, ਗਣਿਕਾ ਆਦਿ ਜਾਂ ਕਲਿਜੁਗ ਕਰਤਾ, ਪ੍ਰਭੂ ਆਪ ਹੀ ਹੁੰਦਾ ਹੈ ਕੋਈ ਰਾਮ ਜਾਂ ਕ੍ਰਿਸ਼ਨ
ਨਹੀਂ। ਕਰਤਾ ਕੇਵਲ ਉਹੀ ਹੈ ਜਿਸ ਲਈ ਭਗਤ ਜੀ ਕਹਿ ਰਹੇ ਹਨ “ਹਰਏ ਨਮਸਤੇ ਹਰਏ ਨਮਹ॥ ਹਰਿ ਹਰਿ
ਕਰਤ ਨਹੀ ਦੁਖੁ ਜਮਹ” ਕਿਉਂਕਿ “ਹਰਿ ਹਰਿ ਕਰਤ, ਮਿਟੇ ਸਭਿ ਭਰਮਾ॥ ਹਰਿ ਕੋ ਨਾਮੁ ਲੈ ਊਤਮ
ਧਰਮਾ॥ ਹਰਿ ਹਰਿ ਕਰਤ ਜਾਤਿ ਕੁਲ ਹਰੀ॥ ਸੋ ਹਰਿ ਅੰਧੁਲੇ ਕੀ ਲਾਕਰੀ” ਭਾਵ ਮੂਲ਼ ਇਹੀ ਹੈ
“ਹਰਿ ਕੋ ਨਾਮੁ ਲੈ ਊਤਮ ਧਰਮਾ” ਭਗਤ ਜੀ ਇਥੇ ਵੀ ਜਦੋਂ ਆਪਣੇ ਇਸ਼ਟ ਦੀ ਗਲ ਕਰਦੇ ਹਨ ਤਾਂ ਕਿਸੇ
ਅਵਤਾਰ, ਪੱਥਰ, ਦੇਵੀ-ਦੇਵਤੇ ਜਾਂ ਉਨ੍ਹਾਂ ਦੀਆਂ ਮੂਰਤੀਆਂ ਦੀ ਨਹੀਂ ਕਰ ਰਹੇ ਬਲਕਿ “ਹਰਏ
ਨਮਸਤੇ ਹਰਏ ਨਮਹ” ਭਾਵ “ਹਰਿ ਕੋ ਨਾਮੁ” ਦੀ ਗਲ ਹੀ ਕਰ ਰਹੇ ਹਨ।
ਜਿਵੇਂ ਜ਼ਿਕਰ ਆ ਚੁੱਕਾ ਹੈ ਅਤੇ ਇਸੇ ਰਾਗ ਤੇ ਇਸੇ ਲੜੀ `ਚ ਭਗਤ ਜੀ ਦਾ ਇੱਕ
ਹੋਰ ਸ਼ਬਦ ਵੀ ਦੇਖੋ! ਇਥੇ ਵੀ ਭਗਤ ਜੀ ਸਪਸ਼ਟ ਲਫ਼ਜ਼ਾਂ `ਚ ਕਹਿੰਦੇ ਹਨ “ਭੈਰਉ ਭੂਤ ਸੀਤਲਾ ਧਾਵੈ॥
ਖਰ ਬਾਹਨੁ ਉਹੁ ਛਾਰੁ ਉਡਾਵੈ॥ ੧॥ ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ॥ ੧॥ ਰਹਾਉ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ ੨॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ
ਨਾਰਿ ਹੋਇ ਅਉਤਰੈ॥ ੩॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ ੪॥ ਗੁਰਮਤਿ ਰਾਮ
ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥ ੫॥ ੨॥ ੬॥ (ਪ: 874) ਭਾਵ ਐ ਪੰਡਿਤ!
ਮੈਨੂੰ ਤਾਂ ਜ਼ਰੇ-ਜ਼ਰੇ `ਚ ਵਿਆਪਕ ਰਮਈਆ ਰਾਮ ਦੀ ਹੀ ਲੋੜ ਹੈ ਅਤੇ ਉਸਦੇ ਬਦਲੇ ਮੈਂ ਤੈਨੂੰ, ਤੇਰੇ
ਸਾਰੇ ਦੇਵੀਆਂ-ਦੇਵਤੇ ਵਾਪਿਸ ਕਰਦਾ ਹਾਂ ਭਾਵ ਮੈਨੂੰ ਉਨ੍ਹਾਂ ਦੀ ਲੋੜ ਨਹੀਂ। ਰਹਾਓ ਵਾਲੁ ਬੰਦ `ਚ
ਇਸ ਸ਼ਬਦ ਦਾ ਕੇਂਦਰੀ ਭਾਵ ਦੇਣ ਤੋਂ ਬਾਅਦ ਭਗਤ ਜੀ ਦੇਵੀਆਂ- ਦੇਵਤਿਆਂ ਵਿਚੋਂ ਸਿਰਮੌਰ ਮਨੇਂ ਜਾਂਦੇ
ਦੇਵੀਆਂ-ਦੇਵਤੇ ਜਿਵੇਂ ਭੈਰੋਂ, ਸੀਤਲਾ (ਚੇਚਕ ਦੀ ਦੇਵੀ), ਸ਼ਿਵਜੀ ਤੇ ਪਾਰਬਤੀ-ਦੁਰਗਾ ਦਾ ਵਿਸ਼ੇਸ਼
ਜ਼ਿਕਰ ਕਰਦੇ ਹਨ।
ਇਸੇ ਲੜੀ `ਚ ਦੱਸੇ ਗਏ ਭਗਤ ਜੀ ਦੇ ਤੀਜੇ ਸ਼ਬਦ ਦੇ ਵੀ ਦਰਸ਼ਨ ਕਰੋ “ਆਜੁ
ਨਾਮੇ ਬੀਠਲੁ ਦੇਖਿਆ, ਮੂਰਖ ਕੋ ਸਮਝਾਊ ਰੇ॥ ਰਹਾਉ॥ ਪਾਂਡੇ ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ
ਥੀ॥ ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ॥ ੧॥ ਪਾਂਡੇ ਤੁਮਰਾ ਮਹਾਦੇਉ, ਧਉਲੇ ਬਲਦ
ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ॥ ੨॥ ਪਾਂਡੇ ਤੁਮਰਾ
ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥ ੩॥ ਹਿੰਦੂ
ਅੰਨ੍ਹ੍ਹਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ”॥ ੪॥ ੩॥ ੭॥ (ਪੰ: 874) ਇਸ ਸ਼ਬਦ ਅੰਦਰ ਭਗਤ ਜੀ
ਕਹਿੰਦੇ ਹਨ ਐ ਪਾਂਡੇ ਭਾਵ ਐ ਪੰਡਿਤ ਜੀ! ਮੈਂ ਤਾਂ “ਜਹ ਦੇਹੁਰਾ ਨ ਮਸੀਤਿ” ਭਾਵ
ਮੰਦਿਰ-ਮਸਜਿਦ ਦੀਆਂ ਹੱਦਾ ਤੋਂ ਬਾਹਰ ਵਸਦੇ ਆਪਣੇ ਬੀਠਲੁ (ਮਾਇਆ ਤੋਂ ਨਿਰਲੇਪ) ਪ੍ਰਭੂ ਨੂੰ ਇਸੇ
ਹੀ ਜਨਮ `ਚ (ਆਜ) ਪ੍ਰਾਪਤ ਕਰ ਲਿਆ ਹੈ ਇਸ ਲਈ ਐ ਮੂਰਖ ਇਨਸਾਨ! ਆ ਤੈਨੁੰ ਮੈਂ ਸਮਝਾਉਂਦਾ ਹਾਂ ਕਿ
ਸਰਵਵਿਆਪਕ ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ।
ਉਪ੍ਰੰਤ ਭਗਤ ਜੀ ਸ਼ਬਦ `ਚ ਕਹਿੰਦੇ ਹਨ ਐ ਪੰਡਿਤ! ਤੂੰ ਆਪਣੇ ਸ਼ਰਧਾਲੂਆਂ ਨੂੰ
ਪ੍ਰਭੂ ਪ੍ਰਾਪਤੀ ਦੇ ਤਿੰਨ ਰਾਹ ਦਿੱਤੇ ਹਨ। ਪਹਿਲਾ ਮੰਤ੍ਰ ਜਾਪ, ਦੂਜਾ ਦੇਵੀ-ਦੇਵਤਾ ਪੁਜਾ, ਤੀਜਾ
ਅਵਤਾਰ ਪੂਜਾ। ਐ ਭਾਈ! ਇਸਦੇ ਨਾਲ ਹੀ ਤੂੰ ਆਪ ਇਹ ਵੀ ਕਹੀ ਜਾਂਦਾ ਹੈਂ ਕਿ ਇਹ ਤਿੰਨੇ ਰਸਤੇ ਅਧੂਰੇ
ਹਨ। ਗਾਇਤ੍ਰੀ ਮੰਤਰ ਦੀ ਗਲ ਕਰਕੇ ਨਾਲ ਹੀ ਤੂੰ ਕਹਿੰਦਾ ਹੈਂ ਕਿ ਇਹ ਲੰਗੜਾ ਅਤੇ ਤਿੰਨ ਟੰਗਾਂ
ਵਾਲਾ ਹੈ। ਸ਼ਿਵਜੀ ਤੇ ਮੋਦੀ ਵਾਲੀ ਘਟਨਾ ਦਾ ਜ਼ਿਕਰ ਕਰਕੇ ਤੂੰ ਦਸਦਾ ਹੈਂ ਕਿ ਇਹ ਦੇਵੀਆਂ-ਦੇਵਤੇ
ਬੜੇ ਗੁਸੈਲ ਅਤੇ ਕ੍ਰੋਧਿਤ ਹੋ ਜਾਣ ਤਾਂ ਸ਼ਾਪ ਵੀ ਦੇ ਦੇਂਦੇ ਹਨ। ਤੀਜਾ ਸ੍ਰੀ ਰਾਮਚੰਦ੍ਰ ਦੀ ਮਿਸਾਲ
ਦੇ ਕੇ ਤੂੰ ਆਪ ਦ੍ਰਿੜ ਕਰਵਾ ਰਿਹਾਂ ਹੈਂ ਰਾਮਚੰਦ੍ਰ ਰਾਵਨ ਨਾਲ ਅਣ-ਬਣ ਪੈਦਾ ਕਰਕੇ ਆਪਣੀ ਇਸਤ੍ਰੀ
(ਸੀਤਾ ਜੀ) ਨੂੰ ਹੀ ਗੁਆ ਬੈਠੇ। ਇਸ ਤੋਂ ਬਾਅਦ ਜਿਥੋਂ ਤੀਕ ਧਰਮ ਪ੍ਰਾਪਤੀ ਦੇ ਮਾਰਗ ਦੀ ਗਲ ਹੈ
ਉਥੇ ਤਾਂ ਤੂੰ ਆਪ ਹੀ ਉਸਦਾ ਠੇਕੇਦਾਰ ਬਣਿਆ ਬੈਠਾ ਹੈਂ। ਇਸ ਤਰ੍ਹਾਂ ਨਾਮਦੇਵ ਕਹਿੰਦੇ ਹਨ
“ਹਿੰਦੂ ਅੰਨ੍ਹ੍ਹਾ, ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ”॥ ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ
ਮਸੀਤਿ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ” ਹਿੰਦੂ ਨੂੰ ਇਸ ਲਈ ਅੰਨਾਂ ਕਿਹਾ ਹੈ
ਕਿਉਂਕਿ ਉਹ ਗਿਆਨ ਦੀਆਂ ਦੋਨਾਂ ਅੱਖਾਂ ਤੋਂ ਵਾਂਞਾਂ ਰਹਿ ਗਿਆ। ਨਾ ਉਸਨੂੰ ਪ੍ਰਭੂ ਬਾਰੇ
ਠੀਕ ਸੋਝੀ ਮਿਲੀ ਅਤੇ ਨਾ ਹੀ ਪ੍ਰਭੂ ਪ੍ਰਾਪਤੀ ਦਾ ਮਾਰਗ ਹੀ ਉਸ ਨੂੰ ਠੀਕ ਦਿੱਤਾ ਗਿਆ। ਦੂਜੇ ਪਾਸੇ
ਰੱਬੀ ਗਿਆਨ ਦੇ ਪੱਖ `ਤੇ ਮੁਸਲਮਾਨ ਨੂੰ ਕਾਣਾ ਕਿਹਾ ਹੈ। ਕਾਰਨ, ਉਹ ਰੱਬ ਨੂੰ ਰੂਪ-ਰੰਗ ਤੋਂ
ਨਿਆਰਾ ‘ਅਲ੍ਹਾ’ ਕਹਿਕੇ ਤਾਂ ਮੰਨਦਾ ਹੈ ਪਰ ਪ੍ਰਾਪਤੀ ਵੇਲੇ ਉਹ ਵੀ ਉਸ ਨੂੰ ਮੱਕੇ `ਚ ਹੀ ਬੰਦ
ਕਰਕੇ ਬੈਠ ਗਿਆ। ਤਾਂ ਤੇ ਗਿਆਨੀ ਉਹ ਹੈ ਜਿਸ ਕੋਲ ਪ੍ਰਭੂ ਪ੍ਰਾਪਤੀ ਲਈ ਗਿਆਨ ਦੀਆਂ ਦੋਵੇਂ ਅੱਖਾਂ
“ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ” (ਪੰ: 577) “ਦੁਇ ਦੁਇ ਲੋਚਨ ਪੇਖਾ॥ ਹਉ
ਹਰਿ ਬਿਨੁ ਅਉਰੁ ਨ ਦੇਖਾ” (ਪੰ: 655) ਮੌਜੂਦ ਹਨ। ਸਾਰੀ ਗਲ ਕਹਿਣ ਤੋਂ ਬਾਅਦ ਭਗਤ ਜੀ ਆਪਣੇ
ਇਸ਼ਟ ਬਾਰੇ ਵੀ ਗਲ ਕਰਦੇ ਹਨ ਕਿ ਨਾਮਦੇਵ ਕੇਵਲ ਉਸ ਪ੍ਰਭੂ ਦਾ ਉਪਾਸ਼ਕ ਹੈ “ਨਾਮੇ ਸੋਈ ਸੇਵਿਆ,
ਜਹ ਦੇਹੁਰਾ ਨ ਮਸੀਤਿ” ਅਨੁਸਾਰ ਜੋ ਮੰਦਿਰ-ਮਸਜਿਦ ਆਦਿ ਦੀਆਂ ਹੱਦਾਂ `ਚ ਨਹੀਂ ਬੱਝਾ ਹੋਇਆ,
ਸਰਵ-ਵਿਆਪਕ ਹੈ।
ਇਸ ਤਰ੍ਹਾਂ ਜਿੰਨਾ ਵੀ ਇਸ ਵਿਸ਼ੇ `ਤੇ ਕੇਵਲ ਨਾਮਦੇਵ ਜੀ ਸ਼ਬਦਾਂ `ਚੋਂ ਹੀ
ਪਛਾਨਣ ਦਾ ਯਤਨ ਕਰਾਂਗੇ, ਵਿਸ਼ਾ ਹੋਰ ਤੇ ਹੋਰ ਖੁਲਦਾ ਜਾਵੇਗਾ ਕਿ ਭਗਤ ਜੀ ਰੂਪ, ਰੰਗ, ਰੇਖ ਤੋਂ
ਨਿਆਰੇ ਸਦੀਵੀ ਤੇ ਅਜੂਨੀ ਅਕਾਲਪਰਖ ਬਿਨਾ ਹੋਰ ਕਿਸੇ ਵੀ ਦੇਵੀ-ਦੇਵਤਾ-ਭਗਵਾਨ-ਪੱਥਰ-ਮੂਰਤੀ ਆਦਿ `ਚ
ਵਿਸ਼ਵਾਸ ਨਹੀਂ ਸਨ ਰਖਦੇ। ਤਾਂ ਤੇ ਇਸੇ ਲੜੀ `ਚ ਅਸੀਂ ਭਗਤ ਜੀ ਦਾ ਹੀ ਇੱਕ ਹੋਰ ਸ਼ਬਦ ਲੈਂਦੇ ਅਤੇ
ਨਾਲ ਨਾਲ ਉਸਦੇ ਅਰਥ ਵੀ ਇੰਨ-ਬਿੰਨ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਵਾਲੇ ਹੀ ਦੇਵਾਂਗੇ। ਫ਼ੁਰਮਾਂਦੇ ਹਨ
“ਬੇਦ ਪੁਰਾਨ ਸਾਸਤ੍ਰ ਆਨੰਤਾ, ਗੀਤ ਕਬਿਤ ਨ ਗਾਵਉਗੋ॥ ਅਖੰਡ ਮੰਡਲ ਨਿਰੰਕਾਰ ਮਹਿ, ਅਨਹਦ ਬੇਨੁ
ਬਜਾਵਉਗੋ॥ ੧॥ ਬੈਰਾਗੀ ਰਾਮਹਿ ਗਾਵਉਗੋ॥ ਸਬਦਿ ਅਤੀਤ ਅਨਾਹਦਿ ਰਾਤਾ, ਆਕੁਲ ਕੈ ਘਰਿ ਜਾਉਗੋ॥ ੧॥
ਰਹਾਉ॥ ਇੜਾ ਪਿੰਗੁਲਾ ਅਉਰੁ ਸੁਖਮਨਾ, ਪਉਨੈ ਬੰਧਿ ਰਹਾਉਗੋ॥ ਚੰਦੁ ਸੂਰਜੁ ਦੁਇ ਸਮ ਕਰਿ ਰਾਖਉ,
ਬ੍ਰਹਮ ਜੋਤਿ ਮਿਲਿ ਜਾਉਗੋ॥ ੨॥ ਤੀਰਥ ਦੇਖਿ ਨ ਜਲ ਮਹਿ ਪੈਸਉ, ਜੀਅ ਜੰਤ ਨ ਸਤਾਵਉਗੋ॥ ਅਠਸਠਿ ਤੀਰਥ
ਗੁਰੂ ਦਿਖਾਏ, ਘਟ ਹੀ ਭੀਤਰਿ ਨ੍ਹ੍ਹਾਉਗੋ॥ ੩॥ ਪੰਚ ਸਹਾਈ ਜਨ ਕੀ ਸੋਭਾ, ਭਲੋ ਭਲੋ ਨ ਕਹਾਵਉਗੋ॥
ਨਾਮਾ ਕਹੈ ਚਿਤੁ ਹਰਿ ਸਿਉ ਰਾਤਾ, ਸੁੰਨ ਸਮਾਧਿ ਸਮਾਉਗੋ” (ਪੰ: 972) ਸ਼ਬਦ ਦਾ ਭਾਵੈ ਹੈ “ਜਿਸ
ਮਨੁੱਖ ਦਾ ਮਨ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸਦਾ ਪ੍ਰਮਾਤਮਾ `ਚ ਹੀ ਟਿਕਿਆ ਰਹੇ, ਉਸ ਨੂੰ
ਸ਼ਾਸਤ੍ਰਾਂ ਦੇ ਕਰਮ-ਕਾਂਡ, ਜੋਗੀਆਂ ਦੇ ਪ੍ਰਾਣਾਯਾਮ, ਤੀਰਥਾਂ ਦੇ ਇਸ਼ਨਾਨ ਤੇ ਲੋਕ-ਸੋਭਾ ਦੀ ਪ੍ਰਵਾਹ
ਨਹੀਂ ਰਹਿੰਦੀ”। ਉਪ੍ਰੰਤ ਸ਼ਬਦ ਦੇ ਅਰਥ ਹਨ:
“ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ
ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ, ਅਬਿਨਾਸੀ ਪ੍ਰਭੂ (ਦੇ ਪਿਆਰ) ਵਿੱਚ ਰੰਗਿਆ ਗਿਆ ਹਾਂ, ਤੇ
ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿੱਚ ਅੱਪੜ ਗਿਆ ਹਾਂ। ੧। ਰਹਾਉ। ਮੈਨੂੰ ਵੇਦ ਸ਼ਾਸਤਰ, ਪੁਰਾਨ
ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ, ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ `ਚ
ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ। ੧। (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ
ਬਰਕਤਿ ਨਾਲ) ਚੰਚਲ ਮਨ ਨੂੰ ਰੋਕ ਕੇ (ਮੈਂ ਪ੍ਰਭੂ-ਚਰਨਾਂ `ਚ) ਟਿਕਿਆ ਹੋਇਆ ਹਾਂ—ਇਹੀ ਮੇਰਾ ਇੜਾ,
ਪਿੰਗਲਾ, ਸੁਖਮਨਾ ਹੈ; ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ-ਉਤਾਰਨੇ
ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ), ਕਿਉਂਕਿ ਮੈਂ ਪ੍ਰਮਾਤਮਾ ਦੀ ਜੋਤ `ਚ ਟਿਕਿਆ
ਬੈਠਾ ਹਾਂ। ੨। ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ `ਚ ਚੁੱਭੀ ਲਾਉਂਦਾ
ਹਾਂ, ਤੇ ਨਾ ਹੀ ਮੈਂ ਉਸ ਪਾਣੀ `ਚ ਰਹਿਣ ਵਾਲੇ ਜੀਵਾਂ ਨੂੰ ਡਰਾਉਂਦਾ ਹਾਂ। ਮੈਨੂੰ ਤਾਂ ਮੇਰੇ
ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ
ਉੱਤੇ) ਇਸ਼ਨਾਨ ਕਰਦਾ ਹਾਂ। ੩। ਨਾਮਦੇਵ ਆਖਦਾ ਹੈ— (ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ
ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ
ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ; ਮੇਰਾ ਚਿੱਤ ਪ੍ਰਭੂ
(ਪਿਆਰ) `ਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ `ਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ
ਨਹੀਂ ਫੁਰਦਾ।
ਇਸੇ ਤਰ੍ਹਾਂ “ਪਾਰਬ੍ਰਹਮੁ ਜਿ ਚੀਨ੍ਹ੍ਹਸੀ, ਆਸਾ ਤੇ ਨ ਭਾਵਸੀ॥ ਰਾਮਾ
ਭਗਤਹ ਚੇਤੀਅਲੇ, ਅਚਿੰਤ ਮਨੁ ਰਾਖਸੀ॥ ੧॥ ਕੈਸੇ ਮਨ ਤਰਹਿਗਾ ਰੇ, ਸੰਸਾਰੁ ਸਾਗਰੁ ਬਿਖੈ ਕੋ ਬਨਾ॥
ਝੂਠੀ ਮਾਇਆ ਦੇਖਿ ਕੈ, ਭੂਲਾ ਰੇ ਮਨਾ॥ ੧॥ ਰਹਾਉ॥ ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ॥
ਸੰਤਹ ਕੈ ਪਰਸਾਦਿ, ਨਾਮਾ ਹਰਿ ਭੇਟੁਲਾ” (ਪੰ: 486) ਇਸ ਸ਼ਬਦ `ਚ ਵੀ ਨਾਮਦੇਵ ਜੀ ਆਪਣੇ ਇਸ਼ਟ
ਬਾਰੇ ਸਪਸ਼ਟ ਲਫ਼ਜ਼ਾਂ `ਚ ਕਹਿ ਰਹੇ ਹਨ ਕਿ ਸਾਧਸੰਗਤ ਦੇ ਮਿਲਾਪ ਚੋਂ ਗੁਰੂ-ਗਿਆਨ ਦੇ ਉਪਦੇਸ਼ ਰਾਹੀ
“ਨਾਮਾ ਹਰਿ ਭੇਟੁਲਾ”। ਫ਼ਿਰ ਵੀ ਇਹ ਸਭ ਕੇਵਲ ਵੰਣਗੀ ਹੀ ਹੈ। ਉਂਝ ਬੇਸ਼ਕ ਸੰਪੂਰਣ ਗੁਰਬਾਣੀ
ਰਚਨਾ ਚੋਂ ਨਿਖੇੜ ਕੇ ਵੀ ਕੇਵਲ ਨਾਮਦੇਵ ਜੀ ਦੇ ਪ੍ਰਵਾਣਤ 61 ਸ਼ਬਦਾਂ ਚੋਂ ਹੀ ਸਾਬਤ ਕਰਨਾ
ਹੋਵੇ ਤਾਂ ਇਸ ਲਈ ਹੋਰ ਵੀ ਕਈ ਪ੍ਰਮਾਣ ਦਿੱਤੇ ਜਾ ਸਕਦੇ ਹਨ।
ਇਥੋਂ ਤੀਕ ਕਿ ਨਾਮਦੇਵ ਜੀ ਦੇ ਇਸ਼ਟ ਦੀ ਗਵਾਹੀ ਤਾਂ ਪੰਜਵੇਂ ਪਾਤਸਾਹ ਵੀ ਇਸ
ਤਰ੍ਹਾਂ ਭਰਦੇ ਹਨ “ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ
ਹੋਇਓ ਲਾਖੀਣਾ” (ਪੰ: 487) ਅਤੇ “ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ, ਲੋਕੁ ਛੀਪਾ ਕਹੈ
ਬੁਲਾਇ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ, ਹਰਿ ਨਾਮਦੇਉ ਲੀਆ ਮੁਖਿ ਲਾਇ” (ਪੰ: ੭੩੩) ਅੰਤ,
ਅਸਾਂ ਇਸ ਵਿਸ਼ੇ `ਤੇ ਇੱਕ ਗੱਲ਼ ਪੱਕੇ ਤੌਰ `ਤੇ ਸਮਝਣੀ ਹੈ ਕਿ ਗੁਰਬਾਣੀ `ਚ ਜਿਹੜੀ ਪੰਦਰ੍ਹਾਂ
ਭਗਤਾਂ ਦੀ ਬਾਣੀ ਪ੍ਰਵਾਣ ਹੋਈ ਉਹ ਕੇਵਲ ਉਹੀ ਹੈ ਜਿਸ ਵੇਲੇ ਇਹ ਭਗਤ, ਜੀਵਨ ਦੀ ਸਫ਼ਲ “ਪੰਚਾ ਕਾ
ਗੁਰੁ ਏਕੁ ਧਿਆਨੁ” (ਬਾਣੀ ਜਪੁ) ਵਾਲੀ ਅਵਸਥਾ `ਚ ਪੁੱਜ ਚੁੱਕੇ ਸਨ ਅਤੇ ਗੁਰਬਾਣੀ ਦੀ ਕਸਵਟੀ
“ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ” (ਪੰ: 646)’ ਤੇ ਪੂਰੇ ਉਤਰਦੇ ਸਨ।
ਇਸ ਲਈ ਸ਼ਰਾਰਤੀ, ਵਿਰੋਧੀ, ਅਗਿਆਨੀ ਲੋਕ ਉਨ੍ਹਾਂ ਬਾਰੇ ਗੁਰਬਾਣੀ ਸਿਧਾਂਤ ਵਿਰੁਧ ਜਿਤਨੀਆਂ ਚਾਹੁਣ
ਕਹਾਣੀਆਂ ਘੜਦੇ ਰਹਿਣ, ਗਰੂ ਕੀਆਂ ਸੰਗਤਾਂ ਨੇ ਉਨ੍ਹਾਂ ਨੂੰ ਮੂਲੋਂ ਹੀ ਪ੍ਰਵਾਣ ਨਹੀਂ ਕਰਨਾ, ਨਕਾਰ
ਦੇਣਾ ਹੈ।