.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 17

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਜੇ ਕਿਸੇ ਮਨੁੱਖ ਪਾਸ ਚਾਰ ਪੈਸੇ ਆ ਜਾਣ ਤਾਂ ਉਹ ਕਹੇ ਕਿ ਮੈਂ ਹੁਣਾ ਦਾਤਾ ਬਣ ਗਿਆ ਮਨੁੱਖ ਦੀ ਮੂਰਖਤਾ ਹੈ। “ਜੇ ਕੋ ਹੋਇ ਬਹੈ ਦਾਤਾਰੁ॥ ਤਿਸੁ ਦੇਨਹਾਰੁ ਜਾਨੈ ਗਾਵਾਰੁ”॥

ਸੁਖਮਨੀ ਦੀ ਬਾਣੀ ਵਿੱਚ ਸ਼ਬਦ ਦੀ ਮਹਾਨਤਾ ਸਬੰਧੀ ਵਿਚਾਰ-ਚਰਚਾ ਕਰਦਿਆਂ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਘਰ ਦੀ ਛੱਤ ਨੂੰ ਮਜ਼ਬੂਤ ਥੰਮਾਂ ਦੀ ਜ਼ਰੂਰਤ ਹੈ, ਭਾਰੇ ਪੱਥਰ ਨੂੰ ਦਰਿਆ ਪਾਰ ਕਰਾਉਣ ਲਈ ਬੇੜੀ ਦੀ ਲੋੜ ਹੈ ਅੰਧੇਰੇ ਨੂੰ ਦੂਰ ਕਰਨ ਲਈ ਦੀਵੇ ਦੀ ਲੋੜ ਹੈ ਏਸੇ ਤਰ੍ਹਾਂ ਹੀ ਮਨ-ਮੰਦਰ ਨੂੰ ਆਤਮਿਕ ਚਾਨਣੇ ਲਈ ਗੁਰ-ਸ਼ਬਦ ਦੇ ਦੀਪਕ ਦੀ ਜ਼ਰੂਰਤ ਹੈ।

ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥

ਜਿਉ ਪਾਖਾਣੁ ਨਾਵ ਚੜਿ ਤਰੈ॥ ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ॥

ਗੁਰਬਾਣੀ ਦੀ ਇਹ ਵਡਿਆਈ ਹੈ ਕਿ ਇੱਕ ਗੱਲ ਨੂੰ ਸਮਝਾਉਣ ਲਈ ਕਈ ਪ੍ਰਕਾਰ ਦੇ ਪ੍ਰਤੀਕ ਲਏ ਹਨ, ਪਰ ਅਸੀਂ ਪ੍ਰਤੀਕਾਂ ਨੂੰ ਹੀ ਜੱਫੀ ਪਾ ਲਈ ਹੈ। ਜੇ ਚਰਨ ਧੂੜ ਸ਼ਬਦ ਆਇਆ ਹੈ ਤਾਂ ਅਸੀਂ ਇਸ ਨੂੰ ਪ੍ਰਤੀਕ ਵਜੋਂ ਨਹੀਂ ਲਿਆ ਸਗੋਂ ਜੁੱਤੀ ਦੀ ਮਿੱਟੀ ਨੂੰ ਚਰਨ ਧੂੜ ਸਮਝ ਕੇ ਉਸ ਦੀਆਂ ਪੁੜੀਆਂ ਬੰਨ੍ਹ ਬੰਨ੍ਹ ਕੇ ਘਰਾਂ ਨੂੰ ਲਿਜਾ ਰਹੇ ਹਾਂ। ਇੰਜ ਹੀ ਸਾਧਾਂ ਦੇ ਪੈਰਾਂ ਨੂੰ ਲੋੜ ਨਾਲੋਂ ਜ਼ਿਆਦਾ ਮਹਾਨਤਾ ਦੇਂਦਿਆਂ ਹੋਇਆਂ ਉਹਨਾਂ ਦੇ ਸੱਚੀਂ ਮੁੱਚੀ ਪੈਰ ਧੋ ਕੇ ਰੱਬ ਦੀ ਦਰਗਾਹ ਵਿੱਚ ਸਰਖ਼ਰੂ ਹੋਣਾ ਚਾਹੁੰਦੇ ਹਾਂ। ਭਾਰਤੀ ਪੁਜਾਰੀ ਨੇ, ਭਾਰਤੀ ਲੋਕਾਂ ਪਾਸੋਂ ਕਈ ਦੇਵਤਿਆਂ ਦੇ ਨਗ਼ੇਜ਼ ਦੀ ਹੀ ਪੂਜਾ ਕਰਾ ਦਿੱਤੀ ਹੈ, ਲੋਕਾਂ ਨੇ ਧਰਮ ਦਾ ਅੰਗ ਸਮਝ ਕੇ ਇਹਨਾਂ ਦੇਵਤਿਆਂ ਦੀ ਪੂਜਾ ਨਹੀਂ ਕੀਤੀ ਸਗੋਂ ਮੰਦਰਾਂ ਵਿੱਚ ਬਿਠਾ ਦਿੱਤਾ ਹੈ। ਇੰਜ ਹੀ ਸਿੱਖੀ ਵਿੱਚ ਇਹਨਾਂ ਨਾਮ ਧਰੀਕ ਬਾਬਿਆਂ ਨੇ ਭੋਲੇ ਸਿੱਖਾਂ ਪਾਸੋਂ ਆਪਣੇ ਪੈਰ ਧੁਆ ਧੁਆ ਕੇ ਆਪਣੀ ਪੂਜਾ ਕਰਾਈ ਹੈ। ਕਈਆਂ ਗੁਰਦੁਆਰਿਆਂ ਵਿੱਚ ਮਰ ਚੁੱਕੇ ਸਾਧਾਂ ਦੀਆਂ ਜੁੱਤੀਆਂ ਵੀ ਆਮ ਦੇਖਣ ਨੂੰ ਮਿਲ ਜਾਂਦੀਆਂ ਹਨ। ਇਹ ਫਿਰ ਵਾਕ ਪੜ੍ਹ ਕੇ ਸਣਾਉਂਦੇ ਹਨ:--

ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥

ਸਾਧ ਕੀ ਧੂਰਿ ਕਰਹੁ ਇਸਨਾਨੁ॥ ਸਾਧ ਊਪਰਿ ਜਾਈਐ ਕੁਰਬਾਨੁ॥

ਚਰਨ ਧੋਣ ਦਾ ਭਾਵ ਅਰਥ ਹੈ ਕਿ ਜੋ ਰਸਤਾ ਗੁਰੂ ਸਾਹਿਬ ਜੀ ਨੇ ਦਰਸਾਇਆ ਹੈ ਉਸ ਉੱਤੇ ਚੱਲਣਾ ਹੈ ਤਾਂ ਕਿ ਸਾਨੂੰ ਆਤਮਿਕ ਅਨੰਦ ਆ ਸਕੇ। ਇਸ ਲਈ ਸਾਨੂੰ ਆਪਣਾ ਆਪ ਗੁਰੂ ਜੀ ਦੇ ਸਮਰਪਣ ਕਰਨਾ ਪੈਣਾ ਹੈ। ਹੁਣ ਇਸ਼ਨਾਨ ਤਾਂ ਪਾਣੀ ਵਿੱਚ ਹੀ ਹੋ ਸਕਦਾ ਹੈ ਪਰ ਸੁਖਮਨੀ ਸਾਹਿਬ ਵਿੱਚ ਸਾਧ ਦੀ ਧੂੜੀ ਵਿੱਚ ਇਸ਼ਨਾਨ ਕਰਨ ਦੀ ਗੱਲ ਆਈ ਹੈ। ਇਸ ਤੋਂ ਪਹਿਲੀਆਂ ਤੁਕਾਂ ਵਿੱਚ ਸ਼ਬਦ ਦੀ ਜ਼ਰੂਰਤ ਸਬੰਧੀ ਵਿਚਾਰ ਆਇਆ ਹੈ, ਇਸ ਲਈ ਧੂੜੀ ਇਸ਼ਨਾਨ ਦਾ ਭਾਵ ਅਰਥ ਹੈ ਸ਼ਬਦ ਉਪਦੇਸ਼ ਨੂੰ ਮਨ ਵਿੱਚ ਧਾਰਨ ਕਰਕੇ ਪੁਰਾਣੇ ਸੁਭਾਅ ਦਾ ਤਿਆਗ ਕਰਨਾ ਤੇ ਗੁਰੂ ਜੀ ਦੇ ਸੁਭਾਅ ਨੂੰ ਪ੍ਰਾਪਤ ਕਰਨਾ।

ਪ੍ਰਭੂ ਜੀ ਦੇ ਗੁਣਾਂ ਦੀ ਬਾਰ ਬਾਰ ਦੁਹਾਈ ਦਿੱਤੀ ਗਈ ਹੈ, ਜੇ ਫਿਰ ਵੀ ਅਸੀਂ ਨਾ ਸਮਝੀਏ ਤਾਂ ਇਸ ਵਿੱਚ ਸਾਡਾ ਹੀ ਕਸੂਰ ਹੈ। ਹੁਣ ਗੁਰੂ ਜੀ ਤਾਂ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਕਹਿ ਰਹੇ ਹਨ:---

ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ॥

ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਆਪਣੇ ਗੁਰੂ `ਤੇ ਭਰੋਸਾ ਲਿਆਉਣ ਦਾ ਸੁਨੇਹਾਂ ਸੱਜਰੀ ਸਵੇਰ ਵਰਗਾ ਹੈ। ਗੁਰੂ ਤੇ ਸ਼ਰਧਾ ਦਾ ਭਾਵ ਹੈ ਪ੍ਰਮਾਤਮਾ ਨੂੰ ਚਿੱਤ ਵਿੱਚ ਵਸਾਉਣਾ:--

ਜਾ ਕੈ ਮਨਿ ਗੁਰ ਕੀ ਪਰਤੀਤ॥ ਤਿਸੁ ਜਨ ਆਵੈ ਹਰਿ ਪ੍ਰਭ ਚੀਤਿ॥

ਦੋ ਚਿੱਤੀ ਵਾਲੇ ਜੀਵਨ ਨੂੰ ਗੁਰਬਾਣੀ ਖ਼ਤਮ ਕਰਦੀ ਹੈ ਤੇ ਅੰਦਰੋਂ ਬਾਹਰੋਂ ਇੱਕ ਹੋਣ ਦਾ ਸੱਦਾ ਦੇਂਦੀ ਹੈ:--

ਸਚੁ ਕਰਣੀ ਸਚੁ ਤਾ ਕੀ ਰਹਤ॥ ਸਚੁ ਹਿਰਦੈ ਸਤਿ ਮੁਖਿ ਕਹਤ॥

ਸਕੂਲੇ ਪੜ੍ਹਦਿਆਂ ਵਿਹਲੇ ਪੀਅਰਡ ਵਿੱਚ ਅਕਸਰ ਹੀ ਕਰਾਮਾਤੀ ਸ਼ਕਤੀਆਂ ਵਾਲੀਆਂ ਜਾਂ ਭੂਤ-ਪਰੇਤਾਂ ਵਾਲੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਸਨ। ਕਈ ਵਾਰੀ ਕਿਸੇ ਕਿਸੇ ਪਾਸੋਂ ਇਹ ਵੀ ਸੁਣਨ ਨੂੰ ਮਿਲ ਜਾਂਦਾ ਸੀ ਕਿ ਓਥੇ ਇੱਕ ਬਾਬਾ ਰਹਿੰਦਾ ਹੈ ਜੋ ਬਹੁਤ ਹੀ ਪੁੱਗਿਆ (ਪਹੁੰਚਿਆ) ਹੋਇਆ ਹੈ, ਉਸ ਨੂੰ ਰੋਜ਼ ਹੀ ਰੱਬ ਜੀ ਆਣ ਕੇ ਮਿਲਦੇ ਹਨ, ਤੇ ਰੱਬ ਜੀ, ਬਾਬਾ ਜੀ ਨਾਲ ਘੰਟਿਆ ਬੱਧੀ ਗੱਲਾਂ ਵੀ ਕਰਦਾ ਰਹਿੰਦਾ ਹੈ। ਕਈ ਦਫ਼ਾ ਮਨ ਵਿੱਚ ਸ਼ੰਕੇ ਨੇ ਜਨਮ ਲੈਣਾ ਪਰ ਬਾਬਾ ਜੀ ਦੇ ਸਰਾਪ ਤੋਂ ਡਰਦਿਆਂ ਕੋਈ ਉਭਾਸਰ ਕੇ ਗੱਲ ਨਾ ਕਰਨੀ। ਰੱਬ ਤੋਂ ਗੱਲ ਅਗਾਂਹ ਚੱਲਦਿਆਂ ਕਈ ਸਾਧਾਂ ਨੇ ਆਪਣੇ ਨਾਲ ਇਹ ਵੀ ਪ੍ਰਚੱਲਤ ਕਰ ਲਿਆ ਹੈ ਕਿ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਆਪ ਆ ਕੇ ਦਰਸ਼ਨ ਦੇਂਦੇ ਹੁੰਦੇ ਸਨ –ਲਓ! ਕਰ ਲਓ ਗੱਲ! ਇਹਨਾਂ ਭੂਕਨਿਆਂ ਬਾਰੇ-–ਇਕ ਰਾਗੀ ਸਿੰਘ ਤਾਂ ਏੱਥੋਂ ਤੱਕ ਵੀ ਕਹਿ ਰਿਹਾ ਸੀ ਇੱਕ ਦਿਨ ਬੜੇ ਮਹਾਂਰਾਜ ਜੀ ਜ਼ਿੱਦ ਵਿੱਚ ਆ ਗਏ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਪ੍ਰਸ਼ਾਦਾ ਛੱਕਣਗੇ ਮੈਂ ਫਿਰ ਹੀ ਪ੍ਰਸ਼ਾਦਾ ਛੱਕਾਂਗਾ। ਸਾਧ ਸੰਗਤ ਜੀ! ਬਾਬਾ ਜੀ ਨੇ ਪਹਿਲਾਂ ਗੁਰੂ ਨਾਨਕ ਸਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਫਿਰ ਬਾਬਾ ਜੀ ਨੇ ਛੱਕਿਆ ਸਾਰੀਆਂ ਸੰਗਤਾਂ ਧੰਨ ਬਾਬਾ ਜੀ ਦੀ ਕਮਾਈ ਕਹਿ ਰਹੀਆਂ ਸਨ। ਅੱਜ ਵਿਗਿਆਨ ਦਾ ਯੁੱਗ ਹੋਣ ਦੇ ਨਾਤੇ ਵੀ ਬਿਨਾਂ ਸਿਰ ਪੈਰ ਦੇ ਗੱਲਾਂ ਆਮ ਸੁਣਨ ਨੂੰ ਮਿਲ ਜਾਂਦੀਆਂ ਹਨ। ਹੁਣ ਸੁਖਮਨੀ ਸਾਹਿਬ ਜੀ ਵਿਚੋਂ ਇਹ ਦੇਖਣ ਦਾ ਯਤਨ ਕਰਨਾ ਹੈ ਕਿ ਕੀ ਪਰਮਾਤਮਾ ਦੀ ਕੋਈ ਮੂਰਤ ਹੈ? ਜਾਂ ਗੁਰੂ ਨਾਨਕ ਸਾਹਿਬ ਜੀ ਸਰੀਰਕ ਤਲ਼ ਤੇ ਕਿਸੇ ਮਨੁੱਖ ਨੂੰ ਮਿਲ ਸਕਦੇ ਹਨ? ਪਰਮਾਤਮਾ ਸਬੰਧੀ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸਪੱਸ਼ਟ ਐਲਾਨ ਹੈ ਕਿ ਪਰਮਾਤਮਾ ਦੀ ਕੋਈ ਰੂਪ ਰੇਖਾ ਨਹੀਂ ਹੈ, ਜਿਸ ਦਾ ਸਰੀਰ ਦੇ ਤਲ ਤੇ ਅਸੀਂ ਦਰਸ਼ਨ ਕਰ ਸਕੀਏ:---

ਰੁਪੁ ਨ ਰੇਖ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁ ਪ੍ਰਸੰਨ॥

ਪ੍ਰਭੂ ਜੀ ਦਾ ਨਾ ਕੋਈ ਰੂਪ ਹੈ, ਨਾ ਚਿਹਨ ਚੱਕਰ ਤੇ ਨਾ ਕੋਈ ਰੰਗ ਹੈ ਪ੍ਰਭੂ ਮਾਇਆ ਦੇ ਤਿੰਨਾਂ ਗੁਣਾਂ ਤੋਂ ਬੇਦਾਗ਼ ਹੈ; ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉੱਤੇ ਆਪ ਤਰੁਠਦਾ ਹੈ। ਜੇ ਰੱਬ ਜੀ ਦੀ ਕੋਈ ਮੂਰਤ ਨਹੀਂ ਹੈ ਤਾਂ ਫਿਰ ਅਸੀਂ ਦੀਦਾਰ ਕਿਸ ਦਾ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਰੀਰਕ ਦੀਦਾਰ ਦੀ ਗੱਲ ਨਹੀਂ ਹੈ ਏਥੇ ਤਾਂ ਉਹਨਾਂ ਦੀ ਬਾਣੀ ਰਾਂਹੀ ਉਹਨਾਂ ਦਾ ਦਰਸ਼ਨ ਕਰਨਾ ਹੈ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਭਾਈ ਨਾ ਨਾਸ਼ ਹੋਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਤੇ ਮਨੁੱਖਾਂ ਦੀ ਆਸ ਛੱਡ ਦੇ:---

ਅਬਿਨਾਸੀ ਪ੍ਰਭੁ ਮਨਿ ਮਹਿ ਰਾਖੁ॥ ਮਾਨੁਖ ਕੀ ਤੂੰ ਪ੍ਰੀਤਿ ਤਿਆਗ॥

ਭੁਲੇਖਿਆਂ ਵਿਚੋਂ ਸਭ ਤੋਂ ਵੱਡਾ ਭੁਲੇਖਾ ਹੈ ਨਾਮ ਦੀ ਪ੍ਰਾਪਤੀ—ਜਨ ਸਧਾਰਨ ਅਦਮੀ ਇਹ ਸਮਝ ਬੈਠਾ ਹੈ ਕਿ ਇਹਨਾਂ ਬਾਬਿਆਂ ਪਾਸੋਂ ਨਾਮ ਮਿਲਦਾ ਹੈ ਦਰ-ਅਸਲ ਅਸੀਂ ਇਹ ਸਾਰਾ ਕੁੱਝ ਬ੍ਰਹਾਮਣੀ ਮਤ ਦੇ ਅਧੀਨ ਹੀ ਕਰ ਰਹੇ ਹਾਂ। ਬ੍ਰਹਾਮਣ (ਪੁਜਾਰੀ) ਨੇ ਆਮ ਲੁਕਾਈ ਨੂੰ ਭੁਲੇਖੇ ਵਿੱਚ ਰੱਖਦਿਆਂ ਕਿਹਾ ਕਿ “ਰੱਬ ਜੀ ਤੱਕ ਪਹੁੰਚਣ ਲਈ ਬ੍ਰਹਾਮਣ ਪਾਸੋਂ ਮੰਤ੍ਰ ਲੈਣਾ ਪੈਂਦਾ ਹੈ, ਇਸ ਮੰਤ੍ਰ ਦਾ ਜਾਪ ਕੀਤਿਆਂ ਦੇਵਤਾ ਜੀ ਖੁਸ਼ ਹੋ ਜਾਂਦੇ ਹਨ; ਜਦੋਂ ਦੇਵਤਾ ਜੀ ਖੁਸ਼ ਹੋ ਜਾਣ ਤਾਂ ਉਹ ਰੱਬ ਜੀ ਨੂੰ ਕਹਿ ਕੇ ਸਾਡਾ ਹਰ ਸੰਭਵ ਤੇ ਆਸੰਭਵ ਕੰਮ ਕਰਵਾ ਦੇਂਦੇ ਹਨ”। ਇੰਜ ਹੀ ਸਿੱਖ ਧਰਮ ਵਿੱਚ ਵੀ ਇੱਕ ਵੱਡਾ ਭੁਲੇਖਾ ਪੈਦਾ ਹੋ ਗਿਆ ਹੈ ਰੱਬ ਜੀ ਸਾਧਾਂ ਦੇ ਕਹੇ ਵਿੱਚ ਚੱਲਦਾ ਹੈ ਤੇ ਸਾਧਾਂ ਪਾਸੋਂ ਨਾਮ ਮਿਲਦਾ ਹੈ ---ਨਾਮ ਲੈਣ ਦੀ ਖਾਤਰ ਹੀ ਕਈ ਵਿਚਾਰੇ ਭੁੱਲੇ ਇਹਨਾਂ ਦੇ ਡੇਰਿਆਂ ਤੇ ਨਮਸਕਾਰ ਕਰਦੇ ਤੁਰੇ ਫਿਰਦੇ ਹਨ। ਸਿੱਖੀ ਦਾ ਵਿਧਾਨ ਤਾਂ ਸਿੱਧਾ ਸਾਦਾ ਹੈ ਜਦੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਜਾਂਦੀ ਹੈ ਓਦੋਂ ਹੀ ਸਾਰਾ ਕੁੱਝ ਸਮਝਾ ਦਿੱਤਾ ਜਾਂਦਾ ਹੈ।

ਨਾਮ ਦਾ ਅਰਥ ਹੈ ਪਰਮਾਤਮਾ ਦੀ ਸਤਾ, ਉਸ ਦੀ ਹੋਂਦ ਜੋ ਸਾਨੂੰ ਸੰਸਾਰ ਦਿੱਸਦਾ ਹੈ ਇਸ ਵਿਚਲੀਆਂ ਵਸਤਾਂ ਦੇ ਨਾਮ ਅਸੀਂ ਰੱਖੇ ਹੋਏ ਹਨ ਅਸਲ ਵਿੱਚ ਇਹ ਸਾਰਾ ਕੁੱਝ ਪਰਮਾਤਮਾ ਦਾ ਹੀ ਪਸਾਰਾ ਹੈ ਹਰ ਦਿਸ ਰਹੀ ਵਸਤੂ ਵਿੱਚ ਪਰਮਾਤਮਾ ਦੀ ਸਤਾ ਭਾਵ ਉਸ ਦੀ ਹੋਂਦ ਹੈ ਜੋ ਸਾਨੂੰ ਦਿਸਦੀ ਨਹੀਂ ਹੈ। ਪ੍ਰਭੂ ਜੀ ਦੀ ਕੁਦਰਤੀ ਨਿਯਮਵਾਲੀ ਦਾ ਨਾਂ ‘ਨਾਮ’ ਹੈ।

ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥

----------------------------------------------

ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ ਧਾਰੇ ਸਗਲ ਆਕਾਰ॥

ਪਰਮਾਤਮਾ ਦੀ ਇਸ ਕੁਦਰਤੀ ਨਿਯਮਾਵਲੀ ਨੂੰ ਜਿਸ ਨੇ ਸਮਝ ਲਿਆ ਉਸ ਨੂੰ ਆਪਣੇ ਜੀਵਨ ਵਿਚੋਂ ਅਨੰਦ ਮਿਲਣਾ ਸ਼ੁਰੂ ਹੋ ਜਾਏਗਾ।

ਬਿਸਮਨ ਬਿਸਮ ਭਏ ਬਿਸਮਾਦ॥ ਜਿਨਿ ਬੂਝਿਆ ਤਿਸੁ ਆਇਆ ਸਵਾਦ॥

ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੀ ਤਾਗੀਦ ਕੀਤੀ ਗਈ ਹੈ ਪਰ ਸਾਰੇ ਲੋਕ ਗਾ ਨਹੀਂ ਸਕਦੇ, ਇਸ ਲਈ ਗਾਉਣ ਤੋਂ ਮੁਰਾਦ ਅਕਾਲ-ਪੁਰਖ ਦੇ ਹੁਕਮ ਨੂੰ ਮਨ ਵਿੱਚ ਲਿਆਉਣਾ ਹੈ। ਅਕਾਲ-ਪੁਰਖ ਦੇ ਹੁਕਮ ਦੀ ਸਮਝ ਗੁਰ-ਗਿਆਨ ਵਿਚੋਂ ਹੀ ਹੋ ਸਕਦੀ ਹੈ। ਜੇਹਾ ਕਿ:----

ਗੁਨ ਗੋਬਿੰਦ ਕੀਰਤਨੁ ਜਨੁ ਗਾਵੈ॥ ਗੁਰਪ੍ਰਸਾਦਿ ਨਾਨਕ ਫਲੁ ਪਾਵੈ॥




.