. |
|
‘ਬੰਦੇ ਖੋਜੁ ਦਿਲ ਹਰ ਰੋਜ’ ਕੀ ਤੁਸੀਂ ਮਨ ਕਰਕੇ ਸੱਚੇ ਹੋ? ਇੱਕ ਹਲੂਣਾ
ਤਿੰਨ ਸੌ ਸਾਲ ਗੁਰੂ ਦੇ ਨਾਲ?
‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ?
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
6 ਅਕਤੂਬਰ 2008 ਨੂੰ
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਆ ਰਿਹਾ ਹੈ।
ਇਸ ਤੋਂ ਬਾਅਦ ਚਾਰ ਸੌ ਸਾਲਾ-ਪੰਜ ਸੌ ਸਾਲਾ ਆਦਿ ਵੀ ਆਉਣਗੇ ਤੇ ਚਲੇ ਜਾਣਗੇ। ਇਹ ਤਾਂ ਸਮੇਂ ਦੀ
ਚਾਲ ਹੈ ਜਿਸਨੇ ਚਲਦੇ ਰਹਿਣਾ ਹੈ। ਇਹ ਤਾਂ ਹੈ ਹੀ ਸਾਡਾ ਕੈਲੰਡਰ ਜਿਹੜਾ ਕਦੇ ਈਸਵੀ, ਕਦੇ ਸਾਕਾ,
ਕਦੇ ਬਿਕ੍ਰਮੀ ਤੇ ਹੋ ਸਕਦਾ ਹੈ ਕਲ ਨੂੰ ਨਾਨਕਸ਼ਾਹੀ ਵੀ। ਬੰਦੇ ਨੇ ਤਾਂ ਬੈਠੇ ਨਹੀਂ ਰਹਿਣਾ ਪਰ
ਸਮੇਂ-ਕੈਲੰਡਰ ਨੇ ਤਾਂ ਆਪਣੇ ਹਿਸਾਬ ਚਲਦੇ ਰਹਿਣਾ ਹੈ। ਸੁਆਲ ਹੈ, ਜੇਕਰ ਸੱਚਮੁਚ ਹੀ ਅਸੀਂ ਸ਼ਤਾਬਦੀ
ਨੂੰ ਤਨੋ-ਮਨੋ ਮਹੱਤਵ ਦੇਣਾ ਹੈ ਤਾਂ ਘੱਟ ਤੋਂ ਘੱਟ ਹੇਠਾਂ ਬਿਆਨੇ ਕੁੱਝ ਪੱਖ ਸਾਡੀ ਸੋਚ `ਚ ਹੋਣੇ
ਜ਼ਰੂਰੀ ਸਨ।
ਨਹੀਂ ਤਾਂ, ਇਹ ਸ਼ਤਾਬਦੀ ਵੀ ਸਾਡੇ ਰਾਹੀਂ ਪਹਿਲਾਂ ਮਨਾਈਆਂ ਜਾ ਚੁੱਕੀਆਂ
ਸ਼ਤਾਬਦੀਆਂ ਜਾਂ ਕੀਤੇ ਜਾ ਰਹੇ ਵੱਡੇ ਵੱਡੇ ਕੀਰਤਨ ਦਰਬਾਰ, ਗੁਰਮਤਿ ਸਮਾਗਮ, ਚੇਤਨਾ ਮਾਰਚਾਂ ਵਾਂਙ
ਹੀ ਰੀਤ ਪੂਰੀ ਕਰਨਾ ਬਣ ਕੇ ਹੀ ਰਹਿ ਜਾਵੇਗੀ, ਇਸ ਤੋਂ ਵੱਧ ਕੁੱਝ ਨਹੀਂ। ਕਿਉਂਕਿ ਹੁਣ ਤੀਕ ਬਹੁਤਾ
ਇਹੀ ਹੋਇਆ ਹੈ ਅਤੇ ਇਸ ਸ਼ਤਾਬਦੀ ਬਾਰੇ ਵੀ ਲਗਭਗ ਇਹੀ ਨਜ਼ਰ ਆ ਰਿਹਾ ਹੈ। ਉਂਝ ਇਹ ਹੱਥਲਾ ਗੁਰਮਤਿ
ਪਾਠ ਹੀ ਸਾਬਤ ਕਰ ਦੇਵੇਗਾ ਕਿ ਅੱਜ ਅਸੀਂ ਕਿੱਥੇ ਖੜੇ ਹਾਂ ਅਤੇ ਕਿਥੇ ਹੋਣਾ ਚਾਹੀਦਾ ਹੈ? ਬਾਕੀ
ਰਹੀ ਗੱਲ ਜੇਕਰ ਅੱਜ ਦੇ ਹਿਸਾਬ, ਸਾਡਾ ਇਹ ਲੋਗੋ (ਨਾਰ੍ਹਾ) ਸੱਚ ਦੇ ਤਰਾਜ਼ੂ `ਤੇ ਨਾ ਵੀ ਪੂਰਾ
ਉਤਰਦਾ ਹੋਵੇ ਤਾਂ ਵੀ ਆਉਣ ਵਾਲੇ ਵੱਡੇ ਇਕੱਠਾ ਲਈ ਹੱਥਲਾ ਗੁਰਮਤਿ ਪਾਠ, ਸਾਡੀ ਸਚਮੁਚ ਦੀ
ਜਾਗ੍ਰਤੀ ਅਤੇ ਸੰਭਲਣ ਲਈ ਸਾਡੀ ਮਦਦ ਜ਼ਰੂਰ ਕਰੇਗਾ।
ਤਾਂਤੇ ਗੱਲ ਕਰਦੇ ਹਾਂ ਕਿ ਉਹ ਕਿਹੜੇ ਪੱਖ ਹਨ ਜਿਹੜੇ ਇਸ ਸਮਾਗਮ ਦਾ ਆਰੰਭ
ਕਰਣ ਤੋਂ ਪਹਿਲਾਂ ਵਿਚਾਰਣੇ ਜ਼ਰੂਰੀ ਸਨ। ਇਹ ਪੱਖ ਹਨ ਪਹਿਲਾ- ਗੁਰੂ ਦੇ ਸਿੱਖ ਹੋਣ ਦੇ
ਨਾਤੇ ਸਾਨੂੰ ਵਿਚਾਰਣਾ ਜ਼ਰੂਰੀ ਸੀ ਕਿ ਇਨ੍ਹਾਂ ਤਿੰਨ ਸੌ ਸਾਲਾਂ `ਚ ਗੁਰਬਾਣੀ ਦੇ ਆਦੇਸ਼ “ਬੰਦੇ
ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ” (ਪੰ: 727) ਅਨੁਸਾਰ ਅਸਾਂ ਅੱਜ ਤੀਕ
ਕੀ ਖੋਇਆ ਅਤੇ ਕੀ ਪਾਇਆ ਹੈ। ਜੇ ਪਾਇਆ ਹੈ ਤਾਂ ਹੋਰ ਅਗੋਂ ਉਸ `ਚ ਵਾਧਾ ਕਿਵੇਂ ਕਰਣਾ ਹੈ ਜਾਂ ਘੱਟ
ਤੋਂ ਘੱਟ ਉਸਨੂੰ ਕਾਇਮ ਕਿਵੇਂ ਰਖਣਾ ਹੈ। ਦੂਜਾ- ਜੇ ਗੁਆਇਆ ਹੈ ਤਾਂ ਉਸਦੇ ਕੀ ਕਾਰਨ ਸਨ
ਅਤੇ ਅਗੋਂ ਉਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਤਾਕਿ ਦੋਬਾਰਾ ਅਜੇਹੇ ਕਾਰਨ, ਜਿਨ੍ਹਾਂ ਕਰਕੇ
ਗੁਆਇਆ ਹੈ, ਸਾਡੇ `ਤੇ ਭਾਰੂ ਨਾ ਹੋ ਸਕਣ। ਇਨ੍ਹਾਂ ਤੋਂ ਇਲਾਵਾ ਇਸੇ ਲੜੀ `ਚ ਤੀਜਾ ਪੱਖ ਵੀ ਹੈ,
ਉਹ ਇਹ-ਜੇ ਕਰ ਇਨ੍ਹਾਂ ਦੋਨਾਂ ਪੱਖਾਂ ਤੋਂ ਅਸੀਂ ਅੱਜ ਤੀਕ ਅਵੇਸਲੇ ਰਹੇ, ਤਾਂ ਇੰਨੇ ਵੱਡੇ ਉੱਦਮ
ਨੂੰ ਗੁਰੂ-ਗੁਰਬਾਣੀ ਦੇ ਨਿਰਮਲ ਭਉ `ਚ ਰਹਿੰਦੇ ਹੋਏ, ਨਿਰੋਲ ਗੁਰਬਾਣੀ ਆਧਾਰ `ਤੇ, ਗੁਰਬਾਣੀ ਦੇ
ਪ੍ਰਚਾਰ-ਪ੍ਰਸਾਰ ਲਈ ਹੀ ਵਰਤ ਲਿਆ ਜਾਵੇ ਤਾਂ ਵੀ ਇਸਦਾ ਲਾਭ ਹੋ ਸਕਦਾ ਹੈ।
ਇਸ ਤਰ੍ਹਾਂ ਜਦੋਂ ਤੀਕ ਇਨ੍ਹਾਂ `ਚੋਂ ਇੱਕ ਵੀ ਪੱਖ ਸਾਡੀ “ਬੰਦੇ ਖੋਜੁ
ਦਿਲ ਹਰ ਰੋਜ” ਅਨੁਸਾਰ ਘੋਖ ਦਾ ਹਿੱਸਾ ਨਹੀਂ, ਤਾਂ ਯਕੀਨਣ ਅਸੀਂ ਕੌਮ ਦੀ ਤਾਕਤ, ਪੈਸੇ,
ਮੇਹਨਤ ਨਾਲ ਖਿਲਵਾੜ ਕਰਣ ਤੋਂ ਵੱਧ ਕੁੱਝ ਵੀ ਨਹੀਂ ਕਰ ਰਹੇ, ਰੀਤ ਹੀ ਪੂਰੀ ਕਰ ਰਹੇ ਹਾਂ। ਠੀਕ
ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਪੰਜ ਸੌ ਸਾਲਾ ਪੁਰਬ ਤੋਂ ਆਰੰਭ ਕੀਤਾ ਜਾ ਚੁੱਕਾ ਇਹ
ਸ਼ਤਾਬਦੀਆਂ ਦਾ ਸਿਲਸਲਾ, ਇਸੇ ਤਰ੍ਹਾਂ ਦਿਖਾਵੇ ਤੇ ਫੋਕੀ ਵਾਹ-ਵਾਹ ਲੈਣ ਲਈ ਰੋਜ਼ਾਨਾ ਕਰਵਾਏ ਜਾ ਰਹੇ
ਗੁਰਮਤਿ ਸਮਾਗਮ, ਕੀਰਤਨ ਦਰਬਾਰ, ਚੇਤਨਾ ਮਾਰਚ ਤੇ ਬੇਅੰਤ ਆਡੰਬਰ, ਫ਼ਿਰ ਵੀ ਕੌਮ ਪਿਛੇ ਹੀ ਪਿਛੇ ਜਾ
ਰਹੀ ਹੈ ਅਤੇ ਕੋਈ ਸੋਚਣ ਵਾਲਾ ਨਹੀਂ।
ਦੂਜੇ ਪਾਸੇ, ਮੂੰਗਫ਼ਲੀ ਦਾ ਛਾਬਾ ਲਾਉਣ ਵਾਲਾ ਵੀ ਰਾਤ ਨੂੰ ਹਿਸਾਬ ਲਾਉਂਦਾ
ਹੈ ਕਿ ਉਸਨੇ ਦਿਨ `ਚ ਕੁੱਝ ਕਮਾਇਆ ਹੈ ਜਾਂ ਗੁਆਇਆ। ਇਧਰ ਦੇਖੋ ਤਾਂ ਅੱਜ ਸਾਡੇ ਆਗੂ-ਪ੍ਰਬੰਧਕ,
ਪ੍ਰਚਾਰਕ, ਨੇਤਾ ਤਾਂ ਸ਼ਾਇਦ, ਉਸ ਮੂੰਗਫ਼ਲੀ ਦਾ ਛਾਬਾ ਲਗਾਉਣ ਵਾਲੇ ਤੋਂ ਵੀ ਹੇਠਾਂ ਜਾ ਚੁੱਕੇ ਹਨ।
ਉਨ੍ਹਾਂ ਨੂੰ ਇੰਨੀ ਵੀ ਸੁਰਤ ਨਹੀਂ, ਕਿ ਕੌਮ ਦੇ ਅਰਬਾਂ-ਖਰਬਾਂ ਲਗਾ ਕੇ, ਕੌਮ ਦੀ ਬੇਅੰਤ
ਤਾਕਤ-ਮੇਹਨਤ ਵਰਤਣ ਤੋਂ ਬਾਅਦ, ਕੌਮ ਕਿਹੜੇ ਪਾਸੇ ਜਾ ਰਹੀ ਹੈ; ਸੰਭਾਲ ਵਲ ਜਾਂ ਤਬਾਹੀ ਵਲ? ਇਹ
ਲੋਕ ਕਦੇ ਬੈਠ ਕੇ ਇਹ ਹਿਸਾਬ ਵੀ ਲਗਾਉਣ ਕਿ ਜੇਕਰ ਇੰਨੇ ਉੱਦਮ, ਮੇਹਨਤ-ਖਰਚੇ ਤੋਂ ਬਾਅਦ ਵੀ ਕੌਮ
ਦਿਨੋਦਿਨ ਹੇਠਾਂ ਜਾ ਰਹੀ ਹੈ, ਤਾਂ ਕਿਉਂ?
ਹੋਰ ਤਾਂ ਹੋਰ, ਜੇ ਕਰ ਆਪਣੀ ਮੌਜੂਦਾ ਰਹਿਣੀ ਵਲ ਹੀ ਝਾਤ ਮਾਰ ਲਈਏ ਤਾਂ ਵੀ
ਪਤਾ ਲਗਦੇ ਦੇਰ ਨਹੀਂ ਲਗਦੀ ਅੱਜ ਅਸੀਂ ਆਪਣੀ ਕਰਣੀ ਤੋਂ ਪਾਤਸ਼ਾਹ ਦਾ ਸਤਿਕਾਰ ਕਰ ਰਹੇ ਹਾਂ ਜਾਂ
ਨਿਰਾਦਰੀ। ਖੂਬੀ ਇਹ ਹੈ ਕਿ ਅੱਜ ਸਾਡੇ ਪ੍ਰਚਾਰਕਾਂ ਨੂੰ ਸੰਗਤਾਂ ਤੋਂ ਪੈਸੇ ਬਟੋਰਣ, ਜਾਇਦਾਦਾਂ
ਬਨਉਣ ਤੇ ਸਿੱਖ ਇਤਿਹਾਸ ਨਾਲ ਖਿਲਵਾੜ ਕਰਣ ਤੋਂ ਹੀ ਵੇਹਲ ਨਹੀਂ। ਦੂਜੇ ਪਾਸੇ ਪ੍ਰਬੰਧਕਾਂ-ਨੇਤਾਵਾਂ
ਨੂੰ ਪੰਥ ਵਿਰੋਧੀ ਆਪਣੀ ਗੰਦੀ ਰਾਜਨੀਤੀ ਤੋਂ ਫ਼ੁਰਸਤ ਨਹੀਂ। ਇਸਤੋਂ ਬਾਅਦ ਸਾਡੇ ਪ੍ਰਬੰਧਕਾਂ ਨੂੰ
ਇੱਕ ਹੋਰ ਮੁਸੀਬਤ ਵੀ ਪਈ ਹੋਈ ਹੈ ਅਤੇ ਉਹ ਹੈ, ਸੰਗਮਰਮਰ ਤੇ ਸੋਨੇ ਹੇਠਾਂ ਕੌਮ ਨੂੰ ਦਫ਼ਨਾਉਣਾ ਅਤੇ
ਪੰਥ ਦੀ ਧਰੋਹਰ ਖਤਮ ਕਰਨੀ। ਫ਼ਿਰ “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ” (ਪੰ: 662) ਅਨੁਸਾਰ ਸਿੱਖ ਧਰਮ `ਚ ਵੀ
ਉਸੇਤਰ੍ਹਾਂ ਪਨਪ ਰਹੀ ਪੂਜਾਰੀ ਸ਼੍ਰੇਣੀ ਜਿਹੜੀ ਕਿ ਅੱਜ ਨੋਚ-ਨੋਚ ਕੇ ਕੌਮ ਦਾ ਮਾਸ ਖਾ ਰਹੀ ਹੈ ਅਤੇ
ਕੌਮ ਦਾ ਲਹੂ ਪੀ ਰਹੀ ਹੈ। ਤਾਂ ਫ਼ਿਰ ਸੰਭਾਲੇ ਕੌਣ?
ਅਜੋਕੀ ਯਾਤਰਾ ਜਿਸਨੂੰ ਜਾਗ੍ਰਿਤੀ ਯਤਰਾ ਵਾਲਾ ਉੱਤਮ ਨਾਮ ਦਿੱਤਾ
ਗਿਆ ਹੈ, ਜੇ ਕਰ ਇਸ ਰਾਹੀਂ ਵੀ ਘੱਟੋ-ਘੱਟ ਕੌਮ ਦੀ ਗੁਰਬਾਣੀ ਜੀਵਨ ਪਖੋਂ ਜਾਗ੍ਰਿਤੀ ਦਾ
ਉੱਦਮ ਹੁੰਦਾ ਤਾਂ ਵੀ ਠੀਕ ਸੀ। ਬਲਕਿ ਉਥੇ ਵੀ ਜੋ ਲੋਗੋ ਵਰਤਿਆ ਜਾ ਰਿਹਾ ‘ਤਿੰਨ ਸੌ ਸਾਲ ਗੁਰੂ
ਦੇ ਨਾਲ’ ਇਥੋਂ ਤੀਕ ਕਿ ‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’। ਪਰ ਗਹਿਰਾਈ ਵਲ ਜਾਵੀਏ
ਤਾਂ ਗੱਲ ਉਲਟੀ ਹੀ ਸਾਬਤ ਹੋ ਰਹੀ ਹੈ। ਇਥੇ ਵੀ ਅੱਜ ਅਸੀਂ ਆਪਣੇ ਗੁਰੂ ਪਾਤਸ਼ਾਹ ਦੀ ਬੇਅਦਬੀ ਤੇ
ਨਿਰਾਦਰੀ ਕਰਦੇ ਹੀ ਨਜ਼ਰ ਆ ਰਹੇ ਹਾਂ। ਕਿਉਂਕਿ ਸਿੱਖ ਹੋਣ ਦੇ ਨਾਤੇ ਸਮੁਚੇ ਤੌਰ `ਤੇ ਅੱਜ ਸਾਡਾ ਜੋ
ਕਿਰਦਾਰ ਜਾਂ ਪ੍ਰਗਟਾਵਾ ਹੈ ਉਹ ‘ਗੁਰਬਾਣੀ-ਗੁਰੂ’ ਦੇ ਨਾਲ’ ਉੱਕਾ ਮੇਲ ਨਹੀਂ ਖਾਂਦਾ।
ਬਲਕਿ ਮੋਜੂਦਾ ਹਾਲਾਤ `ਚ ਸਾਡਾ ਇਹ ਨਾਹਰਾ ਹੈ ਹੀ ਆਪਣੇ ‘ਗੁਰੂ’ ਨਾਲ ਸਭ ਤੋਂ ਵੱਡਾ
ਧਰੋਹ।
‘ਜਾਗ੍ਰਤੀ ਯਾਤਰਾ’ ? - ਖੈਰ! ਦਖਣ ਸ੍ਰੀ ਹਜ਼ੂਰ ਸਾਹਿਬ, ਨਾਦੇੜ ਦੇ
ਜਿਸ ਸਥਾਨ `ਤੇ ਕਲਗੀਧਰ ਜੀ ਨੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸੰਪੂਰਣਤਾ
ਬਖਸ਼ੀ ਅਤੇ ਗੁਰਗੱਦੀ ਸੌਂਪੀ ਸੀ। ਉਥੋਂ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਇਨ੍ਹਾਂ ਤਿੰਨ ਸੌ ਸਾਲਾ
ਸਮਾਗਮਾਂ ਦੇ ਸੰਬੰਧ `ਚ, ਸਾਲ ਭਰ ਲਈ ਇੱਕ ਵਿਸ਼ਾਲ ਯਾਤਰਾ ਦਾ ਪ੍ਰਬੰਧ ਕੀਤਾ ਹੈ। ਇਹ ਯਾਤਰਾ ਜੋ
15 ਨਵੰਬਰ 2007 ਵਾਲੇ ਦਿਨ ਹਜ਼ੂਰ ਸਾਹਿਬ ਤੋਂ ਆਰੰਭ ਹੋਈ ਤੇ ਅੱਜਕਲ ਚਲ ਵੀ ਰਹੀ ਹੈ।
ਇਸ ਵਿਸ਼ਾਲ ਯਾਤ੍ਰਾ ਨੂੰ ਪ੍ਰਬੰਧੰਕਾਂ ਨੇ ‘ਗੁਰੂ ਮਾਨਿਯੋ ਗ੍ਰੰਥ’ - ‘ਜਾਗ੍ਰਤੀ
ਯਾਤਰਾ’ ਦਾ ਨਾਮ ਦਿੱਤਾ ਹੋਇਆ ਹੈ। ਬੇਸ਼ਕ ਆਪਣੇ ਆਪ `ਚ ਇਹ ਆਯੋਜਕਾਂ ਦੀ ਬਹੁਤ ਵੱਡੀ ਮੇਹਨਤ
ਤੇ ਅਰਬਾਂ ਦੇ ਖਰਚੇ ਵਾਲਾ ਉੱਦਮ ਹੈ। ਕਾਸ਼! ਇਹ ਯਾਤਰਾ ਵੀ ਦੂਜੇ ਕੱਢੇ ਜਾ ਚੁੱਕੇ ਵੱਡੇ-ਵੱਡੇ ਨਗਰ
ਕੀਰਤਨਾਂ, ਚੇਤਨਾ ਮਾਰਚਾਂ, ਸ਼ਤਾਬਦੀਆਂ ਵਾਂਙ, ਰੀਤ ਪੂਰੀ ਕਰਣਾ ਹੀ ਨਾ ਹੁੰਦੀ। ਬਲਕਿ ਦਿੱਤੇ ਜਾ
ਚੁੱਕੇ ਤਿੰਨਾਂ ਪੱਖਾਂ ਤੋਂ ਨਾ ਵੀ ਸਹੀ, ਪਰ ਗੁਰਮਤਿ ਪ੍ਰਚਾਰ ਪੱਖੋਂ ਇਸਦਾ ਕੋਈ ਨਾ ਕੋਈ ਆਧਾਰ
ਤਾਂ ਜ਼ਰੂਰ ਹੁੰਦਾ, ਜੋ ਕਿਧਰੇ ਨਜ਼ਰ ਨਹੀਂ ਆ ਰਿਹਾ। ਬਲਕਿ ਮਨਾਈਆਂ ਜਾ ਚੁਕੀਆਂ ਸ਼ਤਾਬਦੀਆਂ, ਕੀਤੇ
ਜਾ ਰਹੇ ਕੀਰਤਨ ਦਰਬਾਰਾਂ, ਗੁਰਮਤਿ ਸਮਾਗਮਾਂ ਨਾਲੋਂ ਵੀ ਕਈ ਗੁਣਾਂ ਵਧੇਰੇ ਨੁਕਸਾਨ ਦਾ ਡੱਰ-ਤੌਖਲਾ
ਹੀ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਲਈ ਕਾਰਨ ਵੀ ਮੌਜੂਦ ਹਨ। ਸਭ ਤੋਂ ਪਹਿਲਾਂ ਇਹ ਕਿ ਇਸਦਾ ਆਰੰਭ ਹੀ
ਗ਼ਲਤ ਢੰਗ ਨਾਲ ਕੀਤਾ ਗਿਆ। ਐਲਾਨ ਇਹ ਸੀ ਕਿ ਟੀ. ਵੀ. ਚੈਨਲਾਂ ਜ਼ਰੀਏ ਇਸ ‘ਜਾਗ੍ਰਿਤੀ ਯਾਤਰਾ’
ਦਾ ਆਰੰਭ ਮੂਲ਼ ਮੰਤ੍ਰ ਤੇ ਨਾਮ ਸਿਮਰਨ ਨਾਲ ਕੀਤਾ ਜਾਏਗਾ। ਇਹ ਇੱਕ ਚੰਗਾ ਐਲਾਨ ਸੀ, ਪਰ ਕਰਣ
ਵੇਲੇ 15 ਮਿਨਿਟਾਂ ਦਾ ਜੋ ਇਹ ਉਚਾਰਣ ਕੀਤਾ ਗਿਆ ਉਹ ਪੰਥ ਨੂੰ ਮਾਨੋ ਇੱਕ ਚੁਣੌਤੀ ਤੋਂ ਘਟ
ਨਹੀਂ ਸੀ। ਉਥੇ ਤਾਂ ਪੰਥਕ ‘ਰਹਿਤ ਮਰਿਆਦਾ’ ਦੇ ਵੀ ਉਲਟ ਮੰਗਲਾਚਰਣ (ਮੂਲ ਮੰਤ੍ਰ) ਦੇ ਰੂਪ ਨੂੰ
ਵਿਗਾੜ ਕੇ ਪੇਸ਼ ਕੀਤਾ ਗਿਆ। ਉਪ੍ਰੰਤ ਅਜੇਹਾ ਕਰਣ ਸਮੇਂ ਤਖਤਾਂ ਦੇ ਆਗੂ ਵੀ ਉਥੇ ਮੌਜੂਦ ਸਨ ਪਰ
ਕਿਸੇ ਨੂੰ ਕੋਈ ਇਤਰਾਜ਼ ਨਾ ਹੋਇਆ।
‘ਜਾਗ੍ਰਤੀ ਯਾਤਰਾ’ ਬਾਰੇ ਵਿਚਾਰ ਮੰਗਦੇ ਤੱਥ-ਯਾਤਰਾ ਦੇ
ਨਾਲ-ਨਾਲ ਕੁੱਝ ਹੋਰ ਵਿਸ਼ੇ ਵੀ ਧਿਆਨ ਮੰਗਦੇ ਹਨ-ਪਹਿਲਾ ਇਹ ਕਿ ਯਾਤਰਾ ਨੂੰ ਜੋ ਨਾਹਰਾ
( Logo)
ਦਿੱਤਾ ਗਿਆ ਹੈ, ਉਹ ਹੈ ‘ਤਿੰਨ ਸੌ ਸਾਲ ਗੁਰੂ ਦੇ ਨਾਲ’ ਇਥੋਂ ਤੀਕ ਕਿ ‘ਤਿੰਨ ਸੌ ਸਾਲ
ਗੁਰੂ ਦੇ ਨਾਲ-ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’। ਪ੍ਰਬੰਧੰਕਾਂ ਵਲੋਂ ਦਿੱਤਾ ਨਾਹਰਾ, ਪੰਥ
ਵਲੋਂ ਬੜੇ ਜੋਸ਼ ਨਾਲ ਲਗਾਇਆ ਵੀ ਜਾ ਰਿਹਾ ਹੈ। ਇਹ ਨਾਹਰਾ, ਵਾਜਿਬ ਵੀ ਹੈ ਜਾਂ ਨਹੀਂ? ਅੱਜ ਸਾਡੇ
ਅੰਦਰ ਇਸਨੂੰ ਸੋਚਣ ਲਈ ਵੀ ਸਮ੍ਰਥਾ ਨਹੀਂ। ਕਾਸ਼! ਚੰਗਾ ਹੁੰਦਾ ਜੇ ਇਸ ‘ਜਾਗ੍ਰਿਤੀ ਯਾਤਰਾ’
ਦਾ ਅਧਾਰ ਵੀ ‘ਗੁਰੂ ਮਾਨਿਯੋ ਗ੍ਰੰਥ’ ਹੀ ਹੁੰਦਾ ਪਰ ਇਥੇ ਤਾਂ ਗਲ ਹੀ ਕੁੱਝ ਹੋਰ ਨਜ਼ਰ ਆ
ਰਹੀ ਹੈ। ਦੂਜਾ ਅਜੋਕੇ ਸਮੇਂ ਜਦਕਿ ਗੁਰੂ ਕੀਆਂ ਸੰਗਤਾਂ ਗੁਰਬਾਣੀ ਗਿਆਨ ਤੋਂ ਬਹੁਤ ਦੂਰ
ਹਨ- ‘ਗੁਰੂ ਮਾਨਿਯੋ ਗ੍ਰੰਥ’ - ‘ਜਾਗ੍ਰਿਤੀ ਯਾਤਰਾ’ ਦੇ ਨਾਮ `ਤੇ ਸਿੱਖ ਸੰਗਤਾਂ
ਨੂੰ ਵੱਡੀ ਪੱਧਰ `ਤੇ ਪ੍ਰੇਰ ਕੇ ਹਜ਼ੂਰ ਸਾਹਿਬ ਲਿਜਾਇਆ ਜਾ ਰਿਹਾ ਹੈ। ਇਸ ਕੀਤੇ ਜਾ ਰਹੇ ਵੱਡੇ
ਉੱਦਮ ਤੋਂ ਬਾਅਦ ਵੀ ਪੰਥ ਦਰਦੀ ਤੇ ਜਾਗ੍ਰਤ ਸੰਗਤਾਂ ਵਿਚਕਾਰ ਤੌਖਲਾ ਹੈ ਕਿ ‘ਜਾਗ੍ਰਿਤੀ
ਯਾਤਰਾ’ ਪੰਥ ਲਈ ਵੱਡਾ ਮਾਰੂ ਤੇ ਘਾਤਕ ਅਸਰ ਰਖੇਗੀ, ਅਜੇਹਾ ਕਿਉਂ? ਆਖਿਰ ਇਸ ਥੌਖਲੇ ਦਾ ਕੁੱਝ
ਨਾ ਕੋਝ ਕਾਰਨ ਤਾਂ ਜ਼ਰੂਰ ਹੋਵੇਗਾ ਹੀ?
ਕੀ ਸਚਮੁਚ ਹੀ ਤਿੰਨ ਸੌ ਸਾਲਾਂ ਤੋਂ…? - ਪਹਿਲੀ ਗੱਲ ਕਿ ਅਜੇਹੇ
ਨਾਹਰੇ ਬੁਲੰਦ ਕਰਣ ਦੇ ਨਾਲ ਨਾਲ ਅੱਜ ਜੋ ਸਿੱਖ ਦੀ ਤਸਵੀਰ ਸੰਸਾਰ ਸਾਹਮਣੇ ਪ੍ਰਗਟ ਹੋ ਰਹੀ ਹੈ, ਉਹ
ਸਿੱਖੀ ਸੰਭਾਲ, ਪ੍ਰਚਾਰ, ਪ੍ਰਸਾਰ ਨਾਲੋਂ ਤਾਂ ਦੂਜਿਆਂ ਲਈ, ਇਸ ਨਾਹਰੇ ਦੇ ਉਲਟ ਹੀ ਪ੍ਰਭਾਵ ਦੇ
ਰਹੀ ਹੈ। ਇਹ ਸਿੱਖੀ ਦੇ ਹੀ ਨਹੀਂ ਗੁਰੂ ਸਾਹਿਬਾਨ ਦੇ ਸਤਿਕਾਰ ਦੇ ਵੀ ਵਿਰੁਧ ਹੈ। ਜੇ ਸਚਮੁਚ ਹੀ
ਪਿਛਲੇ ਤਿੰਨ ਸੌ ਸਾਲਾਂ ਤੋਂ ਅਸੀਂ “ਗੁਰੂ ਗ੍ਰੰਥ ਸਾਹਿਬ ਜੀ” ਦੀ ਆਗਿਆ `ਚ ਰਹਿ ਕੇ ਅਤੇ
ਗੁਰੂ ਦੇ ਨਾਲ ਹੋ ਕੇ ਚਲ ਰਹੇ ਹਾਂ ਤਾਂ ਅੱਜ ਸਾਡੀ ਅਜੇਹੀ ਤਸਵੀਰ ਕਿਉਂ? 100% ਨਾ ਸਹੀ,
ਜੇਕਰ 10% ਵੀ ਅੱਜ ਅਸੀਂ ਗੁਰੂ ਦੀ ਆਗਿਆ `ਚ ਜਾਂ ਗੁਰੂ ਦੇ ਨਾਲ ਹੋ ਕੇ ਚਲ ਰਹੇ
ਹੁੰਦੇ ਤਾਂ ਯਕੀਨਣ ਅੱਜ ਸਾਡੀ ਹਾਲਤ, ਹੋਰ ਹੀ ਹੁੰਦੀ। ਆਓ! ਥੋੜਾ ਹੇਠ ਦਿੱਤੇ ਵੇਰਵੇ ਦੇ ਆਧਾਰ
`ਤੇ ਸਿਦਕਦਿਲੀ ਨਾਲ ਆਪਣੇ ਅੰਦਰ ਝਾਤੀ ਮਾਰੀਏ। ਆਪਣੇ ਆਪ ਨੂੰ ਘੋਖੀਏ ਤੇ ਵਿਚਾਰੀਏ ਕਿ, ਕੀ ਆਪਣੀ
ਇਹ ਤਸਵੀਰ ਜਿਹੜੀ ਅੱਜ ਅਸੀਂ ਸੰਸਾਰ ਸਾਹਮਣੇ ਪੇਸ਼ ਕਰ ਰਹੇ ਹਾਂ- ਇਹ ਤਸਵੀਰ ਗੁਰੂ-ਗੁਰਬਾਣੀ ਤੋਂ
ਭਟਕਿਆਂ-ਕੁਰਾਹੇ ਪਿਆਂ ਦੀ ਤਸਵੀਰ ਹੈ ਜਾਂ ਗੁਰੂ- ‘ਗੁਰੂ ਗ੍ਰੰਥ ਸਾਹਿਬ ਜੀ’ ਜੀ ਨਾਲ ਹੋ
ਕੇ ਆਗਿਆਕਾਰੀ ਅਤੇ ਅਨੁਸਾਰੀ ਚਲਣ ਵਾਲਿਆਂ ਦੀ? ਦਾਅਵੇ ਕਰਕੇ ਸੰਸਾਰ `ਚ ਇਸ ਦਾ ਢੰਡੋਰਾ ਪਿੱਟ ਕੇ,
ਉਚੀ ਉਚੀ ਕਹਿ ਤਾਂ ਰਹੇ ਹਾਂ ‘ਹਰ ਵੇਲੇ, ਹਰ ਦੱਮ ਗੁਰੂ ਦੇ ਨਾਲ’। ਆਓ! ਵਿਚਾਰੀਏ ਤਾਂ
ਸਹੀ ਕਿ ਕਿੰਨਾ ਕੂ ਅੱਜ ਅਸੀਂ ਗੁਰੂ ਦੇ ਨਾਲ ਅਤੇ ਕਿੰਨਾ ਦੁਰੇਡੇ ਚਲ ਰਹੇ ਹਾਂ? ਕੇਵਲ
ਕੁੱਝ ਨੁਕਤਿਆਂ ਦੀ ਗਲ ਹੀ ਕਰਾਂਗੇ ਜਿਵੇਂ:-
੧. ਆਂਕੜਿਆਂ ਅਨੁਸਾਰ ਅੱਜ ਕੇਵਲ ਪੰਜਾਬ-ਪੰਜਾਬ ਦੇ ਹੀ ਲਗਭਗ 98%
ਸਿੱਖ-ਬੱਚੇ-ਬੱਚੀਆਂ ਪਤਿਤ ਹੋਈਆਂ ਪਈਆਂ ਹਨ ਤਾਂ ਕਿਉਂ?
੨. ਪੰਜਾਬ ਤੋਂ ਹੀ ਪ੍ਰਾਪਤ ਆਂਕੜਿਆਂ ਅਨੁਸਾਰ 1000 (ਇਕ ਹਜ਼ਾਰ)
ਸਿੱਖ ਬੱਚਿਆਂ ਪਿਛੇ ਬੱਚੀਆਂ ਦੀ ਪੈਦਾਇਸ਼ ਦੀ ਮਾਤ੍ਰਾ ਕੇਵਲ 623 ਰਹਿ ਚੁੱਕੀ ਹੈ ਤਾਂ
ਕਿਉਂ?
੩. ਮੜ੍ਹੀਆਂ, ਕੱਬਰਾਂ ਦੀ ਪੂਜਾ ਕਰਨ ਵਾਲੇ ਵੀ ਵੱਡੀ ਗਿਣਤੀ `ਚ ਸਿੱਖੀ
ਭੇਸ `ਚ ਹੀ ਨਜ਼ਰ ਆ ਰਹੇ ਹਨ, ਕੀ ਉਹ ਨਕਲੀ ਸਿੱਖ ਹਨ ਜਾਂ ‘ਗੁਰੂ ਦੇ ਨਾਲ’ ਛਲ ਰਹੇ ਸਿੱਖ?
੪. ਰਾਤੋ ਰਾਤ ਬਿਹਾਰ ਤੋਂ ਕੋਈ ਬਿਹਾਰੀ ਭਈਆ ਆ ਜਾਵੇ ਜਾਂ ਕੋਈ ਭਨਿਆਰਾ
ਜਾਂ ਕੋਈ ਝੂਠਾ ਸੌਦਾ ਪੈਦਾ ਹੋ ਜਾਵੇ, ਉਥੇ ਸੰਗਤਾਂ ਦੀਆਂ ਕਤਾਰਾਂ ਲਗ ਜਾਂਦੀਆਂ ਹਨ। ਇਹੀ ਹਾਲ
ਨਿਰੰਕਾਰੀਆਂ-ਰਾਧਾਸੁਆਮੀਆਂ ਦੇ ਡੇਰਿਆਂ `ਤੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਗੁਰਦੁਆਰੇ ਖਾਲੀ
ਪਏ ਹਨ ਤਾਂ ਕਿਉਂ, ਕੀ ਇਹੀ ਹੈ ਸਾਡਾ ਗੂਰੂ ਦੇ ਨਾਲ ਹੋਣਾ?
੫. ਜਿਹੜੇ ਸਿੱਖ ਘਰਾਣੇ ਸਾਬਤ ਸੂਰਤ ਨਜ਼ਰ ਆਉਂਦੇ ਹਨ ਉਨ੍ਹਾਂ ਪ੍ਰਵਾਰਾਂ
ਵਿਚੋਂ ਵੀ ਬਹੁਤਾ ਕਰਕੇ ਬੀਬੀਆਂ-ਬੱਚੀਆਂ ਦੇ ਭਰਵੱਟੇ ਕੱਟੇ ਮਿਲਦੇ ਹਨ। ਬਹੁਤੀਆਂ ਤਾਂ ਆਪ ਹੀ
‘ਬਿਊਟੀ ਪੈਰਲੋਰਾਂ’ `ਤੇ ਜਾ ਕੇ ਸਿਰ ਤੋਂ ਪੈਰਾਂ ਤੀਕ ( Head
to Toe) ਵੈਕਸਿੰਗ ਤੇ ਚੇਹਰਿਆਂ ਦੀ
ਬਲੀਚਿੰਗ ਕਰਵਾਉਂਦੀਆਂ ਹਨ। ਮਰਦਾਂ ਵਲ ਦੇਖੋ ਤਾਂ ਉਨ੍ਹਾਂ ਦੀਆਂ ਮੁੱਛਾਂ, ਦਾੜ੍ਹਆਂ ਦੀ ਕੱਟ-ਵੱਡ
ਹੋਈ ਹੁੰਦੀ ਹੈ, ਕੀ ਇਹੀ ਹੈ ਅੱਜ ਸਾਡਾ ਗੁਰੂ ਦੇ ਨਾਲ ਹੋਣਾ?
੬. ਸ਼ਰਾਬ ਆਦਿ ਨਸ਼ਿਆਂ ਤੋਂ ਗੁਰਬਾਣੀ ਨੇ ਸਖਤ ਤਾੜਣਾ ਕੀਤੀ ਹੈ। ਇਸਦੇ ਉਲਟ
ਹਾਲਾਤ ਇਹ ਹਨ ਕਿ ਪੰਜਾਬ `ਚੋਂ ਬਠਿੰਡਾ ਤੇ ਸੰਸਾਰ `ਚੋਂ ਪੰਜਾਬ ਇਸ ਪੱਖੋਂ ਪਹਿਲੇ ਨੰਬਰ `ਤੇ ਆ
ਚੁੱਕਾ ਹੈ, ਕੀ ਇਹੀ ਹੈ ਅੱਜ ਸਾਡਾ ਗੁਰੂ ਦੇ ਨਾਲ ਹੋਣਾ?
੭. ਇਨ੍ਹਾਂ ਤੋਂ ਇਲਾਵਾ ਜਿੰਨੀ ਕੱਚੀ ਕੱਢੀ ਜਾਂਦੀ ਹੈ; ਉਪ੍ਰੰਤ ਹੀਰੋਈਨ,
ਭੁੱਕੀ, ਸਮੈਕ, ਬਰਾਉਨ ਸ਼ੂਗਰ, ਭੰਗ, ਕੈਮੀਸਟਾਂ ਦੀਆਂ ਦੁਕਾਨਾਂ `ਤੇ ਵਿਕਣ ਵਾਲੀਆਂ ਨਸ਼ੀਲੀਆਂ
ਦਵਾਈਆਂ ਦੀ ਖਪਤ ਦਾ ਤਾਂ ਅੰਤ ਹੀ ਨਹੀਂ ਤੇ ਇਹ ਸਭਕੁਝ ਹੋ ਰਿਹਾ ਹੈ ਬਹੁਤਾ ਕਰਕੇ ਅਜੋਕੇ ਸਿੱਖ
ਘਰਾਂ `ਚ ਜਿਹੜੇ ਦਾਅਵਾ ਕਰ ਰਹੇ ਹਨ ‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’।
੮. ਗੁਰਦੇਵ ਨੇ ਸਾਡੇ ਅੰਦਰੋ ਜਾਤ-ਪਾਤ ਦੇ ਕੋਹੜ ਨੂੰ ਕੱਢਣ ਲਈ ਸਾਨੂੰ
“ਸਿੰਘ-ਕੌਰ” ਵਾਲੇ ਸਾਂਝੇ ਪ੍ਰਵਾਰ ਦਾ ਰੂਪ ਦਿੱਤਾ। ਇਸ ਦੇ ਉਲਟ ਅੱਜ ਅਸੀਂ ਇਤਨੇ ਵੱਧ ਸਿਆਣੇ
ਹੋ ਗਏ ਕਿ ਸਾਡੇ ਜਮਨੇ-ਮਰਨੇ, ਹਰੇਕ ਖੁਸ਼ੀ-ਗ਼ਮੀ ਦੇ ਕਾਰਡਾਂ ਤੋਂ ‘ਸਿੰਘ-ਕੌਰ’ ਤਾਂ ਗ਼ਾਇਬ ਹੀ ਹੋ
ਚੁੱਕਾ ਹੈ। ਕਾਰਡ ਹੀ ਨਹੀਂ, ਸਕੂਲਾਂ-ਕਾਲਿਜਾਂ `ਚ ਚਲੇ ਜਾਵੋ ਉਥੇ ਵੀ ਬਹੁਤੇ ਸਿੱਖ ਬਚਿਆਂ ਦੇ
ਨਾਵਾਂ ਨਾਲ “ਸਿੰਘ-ਕੌਰ” ਮੌਜੂਦ ਨਹੀਂ। ਇਸ “ਸਿੰਘ-ਕੌਰ” ਦੇ ਬਦਲੇ ਉਥੇ ਜਨਮ ਲੈ
ਲਿਆ ਹੈ ਸੋਢੀ, ਬੇਦੀ, ਸੇਠੀ, ਖਰਬੰਦੇ ਤੇ ਅਨੇਕਾਂ ਜਾਤਾਂ-ਪਾਤਾ ਨੇ। ਨਹੀਂ ਤਾਂ ਟਿੰਕੂ, ਸੀਟੂ
ਆਦਿ ਘਰੇਲੂ ਨਾਵਾਂ ਨੇ, ਜਿਨ੍ਹਾਂ ਦੀ ਕਿ ਸਿੱਖ ਧਰਮ `ਚ ਵੈਸੇ ਹੀ ਕੋਈ ਜਗ੍ਹਾ ਨਹੀਂ।
੯. ਗੁਰਦੇਵ ਨੇ ਸਾਡੇ ਅੰਦਰੋ ਪੁਰਾਤਨ ਵਰਣ ਵੰਡ ਵਾਲੇ ਭੇਦ ਮੁਕਾਉਣ ਲਈ
ਬ੍ਰਾਹਮਣ ਦੀ ਚਾਰ ਵਰਣਾਂ ਵਾਲੀ ਵੰਡ ਨੂੰ ਵੰਗਾਰਿਆ ਤੇ ਨਕਾਰਿਆ। ਪਰ ‘ਹਰ ਵੇਲੇ ਹਰ ਦੱਮ ਗੁਰੂ
ਦੇ ਨਾਲ’ ਅਨੁਸਾਰ ਅਸੀਂ ਇੰਨੇ ਜ਼ਿਆਦਾ ਆਪਣੇ ਗੁਰੂ ਦੇ ਨੇੜੇ ਹੋ ਕੇ ਚਲ ਰਹੇ ਹਾਂ ਕਿ ਅਸਾਂ
ਮਜ਼੍ਹਬੀ, ਰਵੀਦਾਸੀਏ, ਜੱਟ-ਭਾਪੇ, ਰਾਮਗੜ੍ਹੀਏ, ਲੁਭਾਣੇ, ਖਤ੍ਰੀ ਟਾਂਕ, ਬ੍ਰਾਹਮਣ ਸਿੱਖ ਆਦਿ ਨਵੇਂ
ਨਵੇਂ ਬੇਅੰਤ ਬਦਲਵੇਂ ਮਾਰਕੇ ਬਣਾ ਕੇ ਸਿੱਖ ਸਮਾਜ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਰਹਿੰਦੀ ਕਸਰ
ਅਸਾਂ ਆਪਣੇ ਆਪ ਨੂੰ ਸੰਤਾਂ, ਸਾਧਾਂ, ਮਹਾਪੁਰਸ਼ਾਂ ਨਾਲ ਜੁੜ ਕੇ ਪੂਰੀ ਕਰ ਲਈ।
੧੦. ਲੋਹੜੀ, ਜਿਸਦਾ ਸਿੱਖ ਵਿਚਾਰਧਾਰਾ ਨਾਲ ਉੱਕਾ ਮੇਲ ਨਹੀਂ-ਫ਼ਿਰ ਵੀ ਸਿੱਖ
ਗੱਬਰੂ ਪੱਗਾਂ ਖੋਲ ਕੇ ਅਤੇ ਗਲਾਂ `ਚ ਸੁੱਟ, ਖੁੱਲੇ ਕੇਸ, ਸ਼ਰਾਬ ਚੱੜ੍ਹੀ ਸੜਕਾਂ ਤੇ ਚਾਂਗੜਾਂ ਮਾਰ
ਰਹੇ ਹੁੰਦੇ ਹਨ। ਅਨੇਕਾਂ ਲੜਾਈਆਂ ਝਗੜੇ-ਖੂਨ ਖਰਾਬੇ ਤੇ ਫ਼ੇਰ ਜੇਹਲਾਂ-ਕਚਿਹਰੀਆਂ। ਇਹ ਹਨ ਖਾਸਕਰ
ਸਿੱਖ ਦੀ ਜਨਮ ਭੂਮੀ ਪੰਜਾਬ ਦੇ ਮੌਜੂਦਾ ਹਾਲਾਤ। ਫ਼ਿਰ ਵੀ ਸਾਡਾ ਨਾਹਰਾ ਹੈ ‘ਹਰ ਵੇਲੇ ਹਰ ਦੱਮ
ਗੁਰੂ ਦੇ ਨਾਲ’। ਇਸੇ ਤਰ੍ਹਾਂ ਬਾਕੀ ਅਨਮੱਤੀ ਤਿਉਹਾਰ ਜਿਵੇਂ ਰਖੜੀ, ਟਿੱਕਾ, ਹੋਲੀਆਂ, ਵਰਤ,
ਦਿਵਾਲੀ, ਸਰਾਧ, ਨਰਾਤੇ, ਸੰਗ੍ਰਾਂਦਾਂ-ਮਸਿਆਵਾਂ, ਸਵੇਰ ਸ਼ਾਮ, ਮੰਗਲ ਸਨੀਚਰ, ਤੀਰਥ ਇਸ਼ਨਾਨ ਕਿਸੇ
ਪਾਸੇ ਵੀ ਆਪਣੇ ਅੰਦਰੋਂ ਸਿੱਖੀ ਦਾ ਦਿਵਾਲਾ ਪਿਟਵਾਉਣ `ਚ ਸਾਡੇ ਅੰਦਰ ਕਸਰ ਨਹੀਂ ਰਹੀ; ਫ਼ਿਰ ਵੀ
ਸਾਡਾ ਦਾਅਵਾ ਹੈ ‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’।
੧੧. ਹਾਲਾਂਕਿ ਗੁਰੂ ਕੇ ਸਿੱਖ ਲਈ ਦੇਵੀਆਂ ਦੇ ਜਗ੍ਰਾਤਿਆਂ `ਚ ਸ਼ਾਮਿਲ ਹੋਣਾ
ਹੀ ਗ਼ਲਤ ਹੈ। ਇਸ ਤੋਂ ਬਾਅਦ ਤਾਂ ਇਹ ਖੇਡ ਵੀ ਉਭਰ ਚੁੱਕੀ ਹੈ ਜਦੋਂ ਕਈ ਲੋਕ ਸਿੱਖੀ ਸਰੂਪ `ਚ
ਹੁੰਦੇ ਹੋਏ, ਉਲਟਾ ਆਪ ਦੇਵੀਆਂ ਦੇ ਜਗ੍ਰਾਤੇ ਕਰਵਾ ਰਹੇ ਹਨ। ਵੈਸ਼ਨੋ ਯਾਤਰਾ ਨੂੰ ਜਾਣ ਵਾਲੇ
ਅਖੌਤੀ, ਗੁਮਰਾਹ ਸਿੱਖ ਵੀ ਬਹੁਤੇਰੇ ਦੇਖੇ ਜਾ ਸਕਦੇ ਹਨ ਕਿਉਂ?
੧੨. ਅਨੰਦਕਾਰਜ ਤੋਂ ਬਾਅਦ ਬਹੁਤੇ ਸਿੱਖਾਂ ਦੀਆਂ ਹੀ ਬੱਚੀਆਂ ਹਨ ਜੋ ਵਾਪਿਸ
ਪੇਕੇ ਘਰਾਂ `ਚ ਆ ਕੇ ਬੈਠੀਆਂ ਹਨ। ਇਨ੍ਹਾਂ ਲਈ ਕਸੂਰਵਾਰ ਕਿਧਰੇ ਪੇਕੇ ਹੋਣ ਜਾਂ ਸੋਹਰਾ ਪ੍ਰਵਾਰ;
ਬੱਚੀ ਆਪ ਜਾਂ ਉਸਦੇ ਪਤੀ ਦੇਵ। ਸੁਆਲ ਇਹ ਨਹੀਂ ਕਿ ਕਸੂਰਵਾਰ ਕੌਣ ਹੈ। ਸੁਆਲ ਹੈ ਕਿ ਜਿਸ
ਗੁਰੂ- ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਨਮੁੱਖ ਉਨ੍ਹਾਂ ਜੀਵਨ ਭਰ ਲਈ
ਸਾਥ ਦਾ ਪ੍ਰਣ ਲਿਆ ਹੁੰਦਾ ਹੈ, ਉਨ੍ਹਾਂ ਦੀਆਂ ਨਜ਼ਰਾਂ `ਚ ਉਸ ‘ਸਦੀਵੀ ਗੁਰੂ’ ਦੀ ਕੱਦਰ
ਕਿੰਨੀ ਹੈ?
੧੪. ਪ੍ਰਕਾਸ਼ ਕੀਤਾ ਹੁੰਦਾ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਦਾ। ਬਾਹਿਰ ਨਿਸ਼ਾਨ ਸਾਹਿਬ ਵੀ ਝੁਲਦੇ ਹਨ। ਅੰਦਰ ਵੰਡੇ ਜਾ ਰਹੇ ਹਨ ਧਾਗੇ, ਤਬੀਤ, ਪੁਛਾਂ,
ਕੱਢੇ ਜਾ ਰਹੇ ਜਿੰਨ-ਭੂਤ ਤੇ ਹੋਰ ਬਹੁਤ ਕੁਝ। ਕੁੱਝ ਡੇਰਿਆਂ `ਤੇ ਤਾਂ ਪ੍ਰਸ਼ਾਦਿ ਵੀ ਸ਼ਰਾਬ ਦਾ ਹੀ
ਵੰਡਿਆ ਤੇ ਭੇਟਾ ਵੀ ਸ਼ਰਾਬ ਦੀ ਹੀ ਲਈ ਜਾ ਰਹੀ ਹੁੰਦੀ ਹੈ। ਫ਼ਿਰ ਵੀ ਦਾਅਵਾ ਕਰ ਰਹੇ ਹਾਂ ‘ਤਿੰਨ
ਸੌ ਸਾਲ ਗੁਰੂ ਦੇ ਨਾਲ-ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’। ਪੰਜਾਬ `ਚ ਤਾਂ ਅਜੇਹਾ ਡੇਰਾ ਵੀ
ਪੈਦਾ ਹੋ ਚੁਕਾ ਹੈ ਜਿਸ ਦਾ ਬਾਬਾ, ਸਿੱਖੀ ਸਰੂਪ `ਚ ਹੈ ਪਰ ਆਪਣੇ ਆਪ ਨੂੰ ਕਹਿੰਦਾ ਹੈ ਗੁੱਗੇ ਦਾ
ਅਵਤਾਰ। “ਗੁਰੂ ਗ੍ਰੰਥ ਸਾਹਿਬ ਜੀ” ਦੇ ਆਸ ਪਾਸ ਸੱਪਾਂ ਵਾਲੇ ਫੁਂਕਾਰੇ ਮਾਰਦਾ,
ਪਲੇਸਟਣੀਆਂ ਲੈਂਦਾ, ਪੁੱਛਾਂ ਦੇਂਦਾ ਹੈ। ਉਸ ਦੀਆਂ ਸੰਗਤਾਂ ਵੀ ਬਹੁਤੀਆਂ ਦੇਖਣ ਨੂੰ ਸਿੱਖ ਹੀ ਹਨ।
੧੬. ਫ਼ਤਿਹਗੜ੍ਹ ਸਾਹਿਬ ਦੇ ਸਾਲਾਨਾ ਜੋੜ ਮੇਲ ਹੋਣ ਜਾਂ ਮੁਕਤਸਰ ਦੇ ਜਾਂ
ਸਿੱਖਾਂ ਦੇ ਦੂਜੇ ਵੱਡੇ ਇਕੱਠ। ਕਿਧਰੇ ਗੁਰੂ ਦੇ ਭਉ ਦੀ ਗੱਲ ਤਾਂ ਮਿਲਦੀ ਨਹੀਂ, ਸਿਵਾਏ ਰਾਜਨੀਤਿਕ
ਲਾਂਛਣਾਂ-ਗਾਲੀ-ਗਲੋਚ ਦੇ ਉਥੇ ਹੋਰ ਕੁੱਝ ਨਜ਼ਰ ਨਹੀਂ ਆਉਂਦਾ। ਇਹੀ ਖੁਰਾਕ ਹੈ ਜੋ ਆਪਣੇ
ਲੀਡਰਾਂ-ਪ੍ਰਚਾਰਕਾਂ ਪਾਸੋਂ ਲੰਮੇਂ ਸਮੇਂ ਤੋਂ ਸਿੱਖ ਸੰਗਤਾਂ ਨੂੰ ਮਿਲ ਰਹੀ ਹੈ ਉਪ੍ਰੰਤ ਸਿੱਖ
ਸੰਗਤਾਂ ਦਾ ਕੀ ਕਸੂਰ? ਫ਼ਿਰ ਵੀ ਸਾਡਾ ਦਾਅਵਾ ਹੈ ‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’।
੧੬. ਮੈਂਬਰ ਤਾਂ ਹਨ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਸ਼੍ਰੋਮਣੀ ਕਮੇਟੀ
ਦੇ, ਅਖਬਾਰੀ ਆਂਕੜਿਆਂ ਅਨੁਸਾਰ 70% ਮੈਬਰਾਂ ਦੀ ਆਪਣੀ ਔਲਾਦ ਹੀ ਪਤਿਤ ਹੈ ਤਾਂ ਇਹ
ਦੂਜਿਆਂ ਦੀ ਰਖਵਾਲੀ ਕਿਵੇਂ ਕਰਣਗੇ? ਇਸ ਤੋਂ ਇਲਾਵਾ ਅਨੇਕਾਂ ਮੈਂਬਰ ਅਤੇ ਉਨ੍ਹਾਂ ਦੇ ਪ੍ਰਵਾਰ
ਜਦੋਂ ਆਪ ਹੀ ਡੇਰਿਆਂ ਨਾਲ ਜੁੜੇ ਹੁੰਦੇ ਹਨ ਤਾਂ ਅਜੇਹੇ ਲੋਕਾਂ ਤੋਂ ਕਿਵੇਂ ਉਮੀਦ ਰਖੀ ਜਾ ਸਕਦੀ
ਕਿ ਉਹ ਸੰਗਤਾਂ ਨੂੰ ਗੁਰੂ ਨਾਲ ਜੋੜਣਗੇ?
੧੭. ਵਿਦੇਸ਼ ਜਾਣ ਵਾਲੇ ਬਹੁਤੇ ਸਿੱਖਾਂ ਦੀ ਹਾਲਤ ਇਹੀ ਹੈ ਕਿ ਵਿਦੇਸ਼ਾਂ `ਚ
ਪਹੁੰਚਣ ਤੋਂ ਜਾਂ ਉਨ੍ਹਾਂ ਮੁਲਕਾਂ `ਚ ਦਾਖਲ ਹੋਣ ਤੋਂ ਪਹਿਲਾਂ, ਹਵਾਈ ਅੱਡਿਆਂ `ਤੇ ਹੀ ਸਿਰ ਮੂੰਹ
ਮੁੰਡਵਾ ਕੇ ਘੋਨ-ਮੋਨ ਹੋਏ ਹੁੰਦੇ ਹਨ, ਜਦਕਿ ਵਿਦੇਸ਼ਾਂ `ਚ ਅਜੇਹੀ ਕੋਈ ਪਾਬੰਦੀ ਨਹੀਂ। ਉਪ੍ਰੰਤ
ਅਜੇਹੇ ਦੁਸ਼ਕਰਮ ਕਰਣ ਤੋਂ ਬਅਦ ਵੀ ਜੇ ਕਰ ਇਹੀ ਕਹੀਏ ‘ਤਿੰਨ ਸੌ ਸਾਲ ਗੁਰੂ ਦੇ ਨਾਲ’ ਅਤੇ
‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ਤਾਂ ਸਾਡੀ ਜ਼ਮੀਰ ਕਿੱਥੇ ਖੜੀ ਹੈ?
੧੮. ਸਾਰੇ ਸੰਸਾਰ `ਚ ਸਿੱਖ ਪ੍ਰਵਾਰਾਂ ਦੇ ਅੰਦਰ ਜੰਮਣੇ-ਮਰਣੇ, ਖੁਸ਼ੀ-ਗ਼ਮੀ
ਦੇ ਸਮਿਆਂ ਦਾ ਇਹ ਹਾਲ ਹੋਇਆ ਪਿਆ ਹੈ ਚਾਹੇ ਕੋਈ ਸਗਨ-ਅਪਸਗਨ ਹਨ ਜਾਂ ਰੀਤਾਂ, ਸਭ ਤੋਂ ਅਗੇ ਹਨ।
ਖੁਸ਼ੀ ਦੇ ਮੌਕੇ ਦੇ ਨਾਮ `ਤੇ ਕਾਕਟੇਲ ਪਾਰਟੀਆਂ ਦਾ ਜ਼ੋਰ ਵੀ ਸਿੱਖਾਂ `ਚ ਹੀ ਵਧੇਰੇ ਹੈ। ਪ੍ਰਕਾਸ਼
ਕਰਵਾਂਉਂਦੇ ਹਨ ‘ਗੁਰੂ ਗ੍ਰੰਥ ਸਾਹਿਬ ਜੀ’ ਦਾ, ਜਾਂ ਕਿਸੇ ਕਮਰੇ `ਚ ਅਖੰਡ ਪਾਠ ਰਖਵਾਇਆ
ਹੁੰਦਾ ਹੈ। ਬਾਕੀ ਹਰੇਕ ਕੰਮ ਬੜੀ ਬੇਸ਼ਰਮੀ ਨਾਲ ਗੁਰੂ ਦੀ ਆਗਿਆ-ਸਿਖਿਆ ਤੋਂ ਉਲਟ ਹੁੰਦਾ ਹੈ- ਫ਼ਿਰ
ਵੀ ਉਚੀ ਉਚੀ ਲਾਉਡ-ਸਪੀਕਰ ਲਾ ਕੇ ਨਾਹਰੇ ਲਗਾ ਰਹੇ ਹਨ ‘ਤਿੰਨ ਸੌ ਸਾਲ ਗੁਰੂ ਦੇ ਨਾਲ-ਹਰ ਵੇਲੇ
ਹਰ ਦੱਮ ਗੁਰੂ ਦੇ ਨਾਲ’ ਪਤਾ ਨਹੀਂ ਕਿਹੜੇ ਜੋਸ਼ `ਚ ਆ ਕੇ।
੧੯. ਹਾਲਤ ਇਥੋਂ ਤੀਕ ਖਰਾਬ ਹੋ ਚੁੱਕੀ ਹੈ ਕਿ ਸਾਰੇ ਸਗਨ-ਢਕਵੰਜ ਤਾਂ ਕਰਨੇ
ਹੀ ਹਨ, ਉਸ ਤੋਂ ਵੱਧ ਬਰਾਤੀਆਂ ਨੂੰ, ਅਜੇਹੇ ਸਮੇਂ `ਤੇ ਉਚੇਚੇ ਬਣਾਏ ਗਏ ਪੰਡਾਲਾਂ `ਚ, ਸਨੈਕਸ,
ਜੂਸ, ਠੰਡੇ ਪਾਣੀ ਆਦਿ ਦੇ ਨਾਲ ਉਚੇਚੇ ਸ਼ਰਾਬ ਦੀ ਸੇਵਾ ( Serve)
ਵੀ ਕਰਨੀ ਹੀ ਹੈ, ਅਤੇ ਉਹ ਲੋਕ ਇਸ `ਚ ਹੀ
ਆਪਣੀ ਵਡਿਆਈ ਸਮਝਦੇ ਹਨ। ਕੀ ਇਹੀ ਗੁਰੂ ਦਾ ਹੁਕਮ ਹੈ?
੨੦. ਭਾਵੇਂ ਕਿ ਅੱਜ ਸੰਸਾਰ ਭਰ `ਚ ਵਸਦੇ ਸਿੱਖਾਂ ਦੀ ਇਹੀ ਹਾਲਤ ਹੈ, ਫ਼ਿਰ
ਵੀ ਬਹੁਤਾ ਕਰਕੇ ਸਿੱਖਾਂ ਦੀ ਜਨਮਭੂਮੀ, ਪੰਜਾਬ `ਚ ਉਪ੍ਰੋਕਤ ਨਜ਼ਾਰੇ ਆਮ ਮਿਲਣਗੇ। ਉਪ੍ਰੰਤ ਹਜ਼ੂਰ
ਸਾਹਿਬ, ਜਿਥੋਂ ਦੇ ਪ੍ਰਬੰਧਕਾਂ ਨੇ ਇਸ ‘ਜਾਗ੍ਰਿਤੀ ਯਾਤਰਾ’ ਦਾ ਆਰੰਭ ਕੀਤਾ ਤੇ ਬੀੜਾ
ਚੁਕਿਆ; ਦੀਵੇ ਮਚਾ ਕੇ ਆਰਤੀਆਂ, ਤਿਲਕਾਂ ਸਮੇਤ ਉਹ ਕਿਹੜਾ ਗੁਰਮਤਿ ਵਿਰੋਧੀ ਕਰਮ ਹੈ ਜਿਹੜਾ ਉਥੇ
ਉਹ ਲੋਕ ਆਪ ਕਰ ਤੇ ਕਰਵਾ ਨਹੀਂ ਰਹੇ? ਫ਼ਿਰ ਉਨ੍ਹਾਂ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ
ਲੋਕ ਸੰਗਤਾਂ ਨੂੰ ਸਚਮੁਚ ਹੀ ਗੁਰੂ ਨਾਲ ਜੋੜਣ ਗੇ?
੨੧ ਹਜ਼ੂਰ ਸਾਹਿਬ, ਨਿੱਤ ਦੇ ਸਮਾਗਮਾਂ ਦੇ ਆਰੰਭ ਤੋਂ ਪਹਿਲਾਂ ਸਵੇਰੇ ਦੋ
ਵਜੇ, ਉਚੇਚੇ ਗੋਦਾਵਰੀ ਤੋਂ ਗਾਗਰਾਂ `ਚ ਪਾਣੀ ਲਿਆਕੇ ਤਖਤ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ।
ਜਦਕਿ “ਭੈ ਵਿਚਿ ਚਲਹਿ ਲਖ ਦਰੀਆਉ” (ਪੰ: 464) ਅਨੁਸਾਰ ਗੁਰਮਤਿ `ਚ ਕਿਸੇ ਨਦੀ, ਸਥਾਨ
ਸਮੇਂ ਦਾ ਉੱਕਾ ਮਹੱਤਵ ਨਹੀਂ, ਮਹੱਤਵ ਹੈ ਤਾਂ ਕਰਣੀ ਦਾ।
੨੨ ਸਭ ਤੋਂ ਵੱਡਾ ਗੁਨਾਹ ਹਜ਼ੂਰ ਸਾਹਿਬ ਹੋ ਰਿਹਾ ਹੈ ਕਿ ਉਹ ਲੋਕ ਕਹਿਣ ਨੂੰ
ਤਾਂ ਮਨਾ ਰਹੇ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਤਿੰਨ ਸੌ ਸਾਲਾ ਸੰਪੂਰਣਤਾ
ਦਿਵਸ। ਇਸ ਨੂੰ ਨਾਮ ਵੀ ਦੇ ਰਹੇ ਹਨ ‘ਗੁਰੂ ਮਾਨਿਯੋ ਗ੍ਰੰਥ-ਜਾਗ੍ਰਿਤੀ ਯਾਤਰਾ’।
ਸਾਰੇ ਭਾਰਤ `ਚ ਨਾਹਰੇ ਵੀ ਲਗਵਾ ਰਹੇ ਹਨ ‘ਤਿੰਨ ਸੌ ਸਾਲ, ਗੁਰੂ ਦੇ ਨਾਲ-ਹਰ ਵੇਲੇ ਹਰ ਦੱਮ
ਗੁਰੂ ਦੇ ਨਾਲ’। ਜਦਕਿ ਉਨ੍ਹਾਂ ਨੇ ਖੁਦ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ
ਬਰਾਬਰੀ ਉਥੇ ਅਖੌਤੀ “ਦਸਮ ਗ੍ਰੰਥ” ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਿਸਦੀ ਲਗਭਗ ਸਾਰੀ ਲਿਖਿਤ ਹੀ
ਗੁਰਬਾਣੀ ਵਿਰੁਧ ਤੇ ਸਿੱਖ ਨੂੰ ਗੁਰੂ ਦੀ ਨਿੱਘੀ ਗੋਦ ਚੋਂ ਕਢ ਕੇ; ਬ੍ਰਾਹਮਣ ਦੀ ਗੋਦੀ `ਚ ਸਿਟਣ
ਲਈ ਹੈ।
੨੩ “ਦਸਮ ਗ੍ਰੰਥ” ਜਿਸਨੂੰ ਕਿ ਦਸਮੇਸ਼ ਜੀ ਦੀ ਰਚਨਾ ਹੋਣ ਦਾ
ਭੁਲੇਖਾ ਦਿੱਤਾ `ਤੇ ਪ੍ਰਚਾਰਿਆ ਜਾ ਰਿਹਾ ਹੈ। ਇਤਿਹਾਸ ਮੁਤਾਬਕ ਇਸ ਗ੍ਰੰਥ ਦਾ ਜਨਮ ਹੀ ਲਗਭਗ ਸੰਨ
1860 ਦੇ ਆਸਪਾਸ ਹੋਇਆ। ਇਸ ਗ੍ਰੰਥ ਦਾ ਵੱਡਾ ਹਿੱਸਾ ਅਸ਼ਲੀਲਤਾ, ਕਾਮੁਕਤਾ, ਇਸਤ੍ਰੀ ਵਰਗ
ਦੀ ਅਵਹੇਲਣਾ, ਨਸ਼ੇ ਪ੍ਰੇਰਕ ਲ਼ਿਖਤਾਂ, ਰੋਮਾਂ-ਕੇਸਾਂ ਦੀ ਕੱਟ-ਵੱਹ ਲਈ ਪ੍ਰੇਰਣਾ ਵਾਲਾ ਹੈ। ਉਪ੍ਰੰਤ
ਇਸ ਗ੍ਰੰਥ `ਚ ਲਗਭਗ 500 ਵਾਰੀ ਲੇਖਕ ਖੁਦ ਆਪਣਾ ਨਾਮ ‘ਰਾਮ’ ਤੇ ‘ਸਯਾਮ’ ਦੇ ਰਿਹਾ ਹੈ।
ਫ਼ਿਰ ਉਹ ਕਿਹੜੀਆਂ ਸਿੱਖ ਵਿਰੋਧੀ ਤਾਕਤਾਂ ਹਨ ਜਿਹੜੀਆਂ ਇਸ ਗ੍ਰੰਥ ਨੂੰ ਬਦੋਬਦੀ ਜੋੜ ਰਹੀਆਂ ਹਨ
ਕਲ਼ਗੀਧਰ ਜੀ ਦੇ ਪਰਮ ਪਵਿਤ੍ਰ ਨਾਮ ਨਾਲ?
੨੪. ਉਹ ਲੋਕ ਇਸ ‘ਦਸਮ ਗ੍ਰੰਥ’ ਨੂੰ ਬਦੋਬਦੀ ‘ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ’ ਜੀ ਦੇ ਮੁਕਾਬਲੇ `ਚ ‘ਗੁਰੂ’ ਕਹਿਕੇ ਪ੍ਰਚਾਰ ਰਹੇ ਹਨ। ਨਾਹਰੇ ਦੇ ਰਹੇ ਹਨ
‘ਤਿੰਨ ਸੌ ਸਾਲ ਗੁਰੂ ਦੇ ਨਾਲ-ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ਆਖਿਰ ਕਿਸ ਗੁਰੂ ਦੇ ਨਾਲ
ਹਨ ਇਹ ਲੋਕ? ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਨਾਲ ਜਾਂ ਆਪ ਪੈਦਾ ਕੀਤੇ
‘ਦਸਮ ਗ੍ਰੰਥ’ ਨਾਲ? ਆਖਿਰ ਇਹ ਲੋਕ ਸੰਗਤਾਂ ਨੂੰ ਧੋਖੇ `ਚ ਰਖਣ ਲਈ ਬਹਾਨੇ ਕਿਉਂ ਢੂੰਡਦੇ ਹਨ?
ਜੇਕਰ ਇਨ੍ਹਾਂ ਦੇ ਮਨ ਸਾਫ਼ ਹਨ ਤਾਂ ਇਕੱਲੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ
ਮੱਥੇ ਕਿਉਂ ਨਹੀਂ ਟਿਕਵਾਉਂਦੇ ਕਿਉਂਕਿ ਗੁਰਗੱਦੀ ਦਿਵਸ ਤਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ’ ਦਾ ਹੈ, ਇਸ ਲਈ ਉਸ ਅਖੌਤੀ ‘ਦਸਮ ਗ੍ਰੰਥ’ ਨੂੰ ਪਹਿਲਾਂ ਉਥੋਂ ਹਟਾਉਂਦੇ ਕਿਉਂ
ਨਹੀਂ?
੨੫ ਇਸ ‘ਦਸਮ ਗ੍ਰੰਥ’ ਵਾਲੀ ਰਚਨਾ ਨੂੰ ਧਿਆਨ ਨਾਲ ਪੜ੍ਹੋ! ਬ੍ਰਾਹਮਣ ਦੇ
ਦੇਵੀ-ਦੇਵਤਿਆਂ ਦੀ ਗਿਣਤੀ `ਚ ਇੱਕ ਕਾਲ ਦੇਵਤਾ (ਸਮੇਂ ਦਾ ਦੇਵਤਾ) ਵੀ ਹੈ,
ਜਿਸਨੂੰ ਉਹ ਲੋਕ ਮਹਾਕਾਲ ਵੀ ਕਹਿੰਦੇ ਹਨ। ਉਹ ਲੋਕ ਉਸੇ ਮਹਾਕਾਲ ਨੂੰ ਕਦੇ ਨਾ ਮਰਣ ਵਾਲਾ
ਵੀ ਦਸਦੇ ਹਨ। ਜਦਕਿ ਗੁਰਮਤਿ ਇੱਕ ਅਕਾਲਪੁਰਖ ਤੋਂ ਛੁੱਟ ਕਿਸੇ ਦੇਵੀ-ਦੇਵਤੇ ਦੀ ਪੂਜਾ-ਅਰਚਾ ਤਾਂ
ਦੂਰ, ਊਨ੍ਹਾਂ ਦੀ ਹੋਂਦ ਨੂੰ ਵੀ ਨਹੀਂ ਮੰਨਦੀ। ਖੂਬੀ ਇਹ, ਇਹ ਮਹਾਕਾਲ ਦੇ ਉਪਾਸ਼ਕ, ਇਸ ਮਹਾਕਾਲ ਲਈ
ਵੀ ਲਗਭਗ ਪ੍ਰਮਾਤਮਾ ਵਾਲੇ ਸਾਰੇ ਹੀ ਵਿਸ਼ੇਸ਼ਣ ਵਰਤਦੇ ਹਨ। ਜਿਥੋਂ ਕਿ ਇਨ੍ਹਾਂ ਲਿਖਤਾਂ ਦੀ ਗਹਿਰਾਈ
`ਚ ਗਏ ਬਿਨਾ, ਬਹੁਤੀਆਂ ਸਿੱਖ ਸੰਗਤਾਂ ਵੀ ਭੁਲੇਖਾ ਖਾ ਜਾਂਦੀਆਂ ਹਨ।
੨੬ ਦਸਮ ਗ੍ਰੰਥ `ਚ ਤਾਂ ਉਸ ਮਹਾਕਾਲ ਦਾ ਸਰੂਪ ਵੀ ਬਿਆਨਿਆ ਹੋਇਆ
ਹੈ ਉਸਦਾ ਸਰੂਪ ਹੈ ਕਾਲਾ-ਕਲੂਟਾ, ਨੰਗਮ-ਨੰਗਾ, ਗਲ `ਚ ਮੁੰਡਕਾਂ ਦੀ ਮਾਲਾ, ਇੱਕ ਹੱਥ `ਚ ਖਪਰ
ਸ਼ਰਾਬ ਦਾ ਅਤੇ ਹੋਰ। ਜਿਸਨੇ ਦੇਖਣਾ ਹੋਵੇ ਉਜੈਨ `ਚ ਮਹਾਕਾਲ ਦਾ ਮੰਦਿਰ ਵੀ ਮੌਜੂਦ ਹੈ ਜਿੱਥੇ ਉਸਦੀ
ਮੂਰਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਦੂਜੇ ਪਾਸੇ ‘ਗੁਰੂ ਮਾਨਿਯੋ ਗ੍ਰੰਥ’ - ‘ਜਾਗ੍ਰਿਤੀ
ਯਾਤਰਾ’ ਵਾਲੇ, ਉਸ ਦਸਮ ਗ੍ਰੰਥ ਦੀ ਬਰਾਬਰੀ ਕਰਵਾ ਰਹੇ ਹਨ ੴ `ਤੇ ਆਧਾਰਤ ਜੁਗੋ-ਜੁਗ
ਅਟੱਲ, ਰੂਪ ਰੇਖ ਰੰਗ ਤੋਂ ਨਿਆਰਾ ਦਸਣ ਵਾਲੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਨਾਲ। ਫ਼ਿਰ, ਦਾਅਵੇ ਕਰ ਰਹੇ ਹਨ ‘ਤਿੰਨ ਸੌ ਸਾਲ ਗੁਰੂ ਦੇ ਨਾਲ-ਹਰ ਵੇਲੇ ਹਰ ਦੱਮ ਗੁਰੂ ਦੇ
ਨਾਲ’। ਕੀ ਇਹ ਗੁਰੂ ਕੀਆਂ ਸੰਗਤਾਂ ਨਾਲ ਚਿੱਟਾ ਨੰਗਾ ਧੋਖਾ ਨਹੀਂ ਤਾਂ ਹੋਰ ਕੀ ਹੈ? ਕੀ ਇਸ ‘ਜਾਗ੍ਰਿਤੀ
ਯਾਤਰਾ’ ਦੇ ਬਹਾਨੇ ਵੱਧ ਤੋਂ ਵੱਧ ਗੁਰੂ ਕੀਆਂ ਸੰਗਤਾਂ ਨੂੰ ਪ੍ਰੇਰ ਕੇ ਉਨ੍ਹਾਂ
ਕੋਲੋਂ ਉਸ ਅਖੌਤੀ ‘ਦਸਮ ਗ੍ਰੰਥ’ ਅੱਗੇ ਮੱਥੇ ਟਿਕਵਾਉਣ ਦੀ ਇੱਕ ਚਾਲ ਨਹੀਂ ਤਾਂ ਹੋਰ ਕੀ ਹੈ?
੨੭ ਜੇ ਨਹੀਂ ਤਾਂ ਕੀ ਗੁਰੂ ਕੀਆਂ ਸੰਗਤਾਂ ਨੂੰ ਉਥੇ ਲਿਜਾਣ ਤੋਂ ਪਹਿਲਾਂ,
ਪ੍ਰਬੰਧਕਾਂ ਨੇ ਉਥੋਂ ‘ਦਸਮ ਗ੍ਰੰਥ’ ਨੂੰ ਚੁੱਕ ਦਿੱਤਾ ਹੈ। ਕੀ ਇਹ ਸੱਜਣ ਇਹ ਨਹੀਂ ਜਾਣਦੇ ਕਿ
ਕਲਗੀਧਰ ਜੀ ਨੇ ਪੰਥ ਨੂੰ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਲੜ
ਲਾਇਆ ਹੈ? ਕੀ ਅੱਜ ਅਸੀਂ ਆਪਣੇ ਗੁਰਦੇਵ ਤੋਂ ਵੀ ਵੱਧ ਸਿਆਣੇ ਹੋ ਗਏ ਹਾਂ? ਦਸਣ ਤਾਂ ਸਹੀ ਕਿ
ਗੁਰਗੱਦੀ ਵੇਲੇ ਇਸ ਗ੍ਰੰਥ ਦਾ ਵਜੂਦ ਕਿੱਥੇ ਸੀ? ਜਿਸ ‘ਬਚਿਤ੍ਰ ਨਾਟਕ’ ਨੂੰ ਅੱਜ ਦਸਮ ਗ੍ਰੰਥ ਬਣਾ
ਕੇ ਪ੍ਰਚਾਰਿਆ ਜਾ ਰਿਹਾ ਹੈ, ਉਸ ਵੇਲੇ ਤਾਂ ਉਸਦਾ ਵੀ ਕੋਈ ਵਜੂਦ ਨਹੀਂ ਸੀ।
੨੮ ਸ੍ਰੀ ਹਜ਼ੂਰ ਸਾਹਿਬ ਵਿਖੇ ਅੱਜ ਜਿਸ “ਦਸਮ ਗ੍ਰੰਥ” ਨੂੰ ‘ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਰਾਬਰੀ `ਤੇ ਸੰਗਤਾਂ ਕੋਲੋਂ ਮੱਥੇ ਟਿਕਵਾਏ ਜਾ ਰਹੇ ਹਨ,
ਚੌਰਾਂ ਕੀਤੀਆਂ ਤੇ ਉਸਤੋਂ ਅਖੰਡ ਪਾਠ ਕਰਵਾਏ ਜਾ ਰਹੇ ਹਨ, (ਨਿਸ਼ਾਨੀਆਂ ਰੱਖ ਕੇ) ਹੁਕਮਨਾਮੇ ਲਏ ਜਾ
ਰਹੇ ਹਨ। ਉਥੇ ਉਸ ਦਸਮ ਗ੍ਰੰਥ ਨੂੰ ਵੀ ਉਹੀ ਸਤਿਕਾਰ ਦਿੱਤਾ ਜਾ ਰਿਹਾ ਹੈ, ਜਿਹੜਾ ਸਤਿਕਾਰ ‘ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਹੈ। ਉਲਟਾ, ਕਈ ਹਾਲਤਾਂ `ਚ ‘ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ’ ਤੋਂ ਵੀ ਵੱਧ। ਮਿਸਾਲ ਵਜੋਂ ਅਖੌਤੀ ‘ਦਸਮ ਗ੍ਰੰਥ’ ਦੇ ਅਖੰਡ ਪਾਠ ਦੀ ਭੇਟਾ
ਵੱਧ ਹੈ ਜਦਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅਖੰਡ ਪਾਠ ਦੀ ਭੇਟਾ ਘੱਟ ਹੈ।
ਹੁਣ ਕੁੱਝ ਹੋਰ- ਦੇਖਣ ਦੀ ਗੱਲ ਹੈ, ਜਿਸ ਕੌਮ ਦਾ ਇਤਿਹਾਸ ਹੀ ਕੇਵਲ
ਸਰੂਪ ਨੂੰ ਬਚਾਉਣ ਖਾਤਿਰ ਅਣਗਿਣਤ ਕੁਰਬਾਨੀਆਂ ਬਲਕਿ ਰੋਂਗਟੇ ਖੜੇ ਕਰ ਦੇਣ ਵਾਲੇ ਤਸੀਹੇ ਭਰਪੂਰ
ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਮਾਤਾਵਾਂ ਨੇ ਆਪਣੇ ਦੁੱਧ ਚੁੰਘਦੇ ਬਚਿਆਂ ਦੇ ਆਪਣੀਆਂ ਅੱਖਾਂ
ਸਾਹਮਣੇ ਟੁਕੜੇ ਟੁਕੜੇ ਕਰਵਾ ਲਏ ਪਰ ਸਿੱਖੀ ਸਿੱਦਕ ਕੇਸਾਂ ਸੁਆਸਾਂ ਨਾਲ ਨਿਭਾਇਆ। ਬਾਬਾ ਬੰਦਾ
ਸਿੰਘ ਬਹਾਦੁਰ ਅਤੇ ਉਸ ਨਾਲ ਆਏ 760 ਸਿੰਘਾਂ ਦੀਆਂ ਦਿੱਲ ਕੰਬਾਊ ਸ਼ਹੀਦੀਆਂ ਕੀ ਹਨ? ਅੱਜ
ਉਹੀ ਸਿੱਖ ਆਪਣੀ ਹੀ ਜਨਮ ਭੂਮੀ `ਚ ਬੈਠ ਕੇ ਲਗਭਗ 98% ਦੀ ਗਿਣਤੀ `ਚ ਪਤਿਤ ਤੇ ਘੋਨ-ਮੌਨ
ਹੋਇਆ ਪਿਆ ਹੈ। ਸਿੱਖੀ ਜੀਵਨ ਪਖੋਂ ਇਸਦੀ ਹਾਲਤ ਹੋ ਚੁੱਕੀ ਹੈ ਕਿ ਨਸ਼ਿਆਂ, ਭੂਤਾਂ-ਪ੍ਰੇਤਾਂ, ਧਾਗੇ
ਤਬੀਤਾਂ, ਮੜੀਆਂ-ਕੱਬਰਾਂ, ਗੁਰੂਡੰਮਾਂ, ਡੇਰਿਆਂ ਦੇ ਚੱਕਰ `ਚ ਫ਼ਸਿਆ ਹੋਇਆ। ਸਿੱਖੀ ਉਸ ਅੰਦਰ,
ਆਖਰੀ ਸਾਹ ਗਿਣ ਰਹੀ ਹੈ; ਵਿਦੇਸ਼ਾਂ `ਚ ਤਾਂ ਇਸਦਾ ਹੋਰ ਵੀ ਬੁਰਾ ਹਾਲ ਹੋਇਆ ਪਿਆ ਹੈ, ਸਰੂਪ ਪਖੋਂ
ਵੀ ਤੇ ਜੀਵਨ ਪੱਖੋਂ ਵੀ। ਕੀ ਇਹੀ ਹੈ ਇਸਦਾ ‘ਤਿੰਨ ਸੌ ਸਾਲ ਗੁਰੂ ਦੇ ਨਾਲ-ਹਰ ਵੇਲੇ ਹਰ ਦੱਮ
ਗੁਰੂ ਦੇ ਨਾਲ’ ਹੋਣਾ।
ਅਜੇਹੇ ਵੱਡੇ ਆਯੋਜਣ ਸੌਖੀ ਖੇਡ ਨਹੀਂ ਪਰ ਨਾਹਰੇ ਘੜ ਲੈਣੇ, ਨਾਹਰੇ ਲਗਵਾ
ਲੈਣੇ ਸੌਖੇ ਜ਼ਰੂਰ ਹਨ, ਕਾਸ਼! ਸਾਡੀ ਕਰਣੀ ਵੀ ਨਾਹਰਿਆਂ ਅਨੁਸਾਰ ਹੀ ਹੋਵੇ। ਆਓ! ਅਰਦਾਸ ਕਰੀਏ ਕਿ
ਇਹ ‘ਜਾਗ੍ਰਿਤੀ ਯਾਤਰਾ’ ਸਹੀ ਅਰਥਾਂ `ਚ ‘ਗੁਰੂ ਮਾਨਿਯੋ ਗ੍ਰੰਥ’ - ‘ਜਾਗ੍ਰਤੀ
ਯਾਤਰਾ’ ਬਣਕੇ ਉਭਰੇ ਤਾਂ ਯਕੀਨਣ ਜਿਨ੍ਹਾਂ ਆਯੋਜਕਾਂ ਨੇ ਇਸ ਦਾ ਆਯੋਜਣ ਕੀਤਾ, ਇਸਦੇ ਲਈ ਅਸੀਂ
ਉਨ੍ਹਾਂ ਦੇ ਅਤੀ ਧੰਨਵਾਦੀ ਹੋਵਾਂਗੇ। ਹਜ਼ਾਰਾਂ ਹੀ ਕਿਲੋ ਮੀਟਰਾਂ ਦਾ ਸਫ਼ਰ, ਕਦੇ ਧੁੱਪ, ਕਦੇ
ਬਾਰਿਸ਼, ਕਦੇ ਤੁਫ਼ਾਨ ਫ਼ਿਰ ਵੀ ਡਟੇ ਰਹਿਣਾ ਛੋਟੀ ਜਿੰਨੀ ਖੇਡ ਨਹੀਂ। ਇਸਨੂੰ ਕਿਸੇ ਤਰ੍ਹਾਂ ਵੀ ਛੋਟਾ
ਜਿਹਾ ਉਪਰਾਲਾ ਨਹੀੰ ਕਿਹਾ ਜਾ ਸਕਦਾ। ਅਰਦਾਸ ਹੈ ਕਿ ਕਰਤਾ ਸੁਮੱਤ ਬਖਸ਼ੇ।
#157s05.01s08#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ
ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਈਏ।
ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ
ਹੋਵੇਗਾ ਜੀ।
Including this Self Learning Gurmat Lesson No 157
ਕੀ
ਇਹ
ਸੱਚ
ਹੈ
ਤਿੰਨ ਸੌ ਸਾਲ ਗੁਰੂ ਦੇ
ਨਾਲ?
‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ?
For all the Gurmat Lessons written upon Self Learning base by
‘Principal Giani Surjit Singh’ Sikh Missionary, Delhi, all the rights are
reserved with the writer, but easily available for Distribution within ‘Guru Ki
Sangat’ with an intention of Gurmat Parsar, at quite a nominal printing cost
i.e. mostly Rs 200/- to 300/- (in rare cases these are 400/- or 500/-)
per hundred copies . (+P&P.Extra) From ‘Gurmat Education Centre, Delhi’,
Postal Address- A/16 Basement, Dayanand Colony, Lajpat Nagar IV, N. Delhi-24
Ph 91-11-26236119 & ® J-IV/46 Old D/S Lajpat Nagar-4 New Delhi-110024 Ph.
91-11-26236119 Cell 9811292808
web site-
www.gurbaniguru.org
|
. |