ਲਾਲ ਬਹਾਦਰ ਸ਼ਾਸ਼ਤਰੀ
ਤੇ ਮਹਾਰਾਜਾ ਯਾਦਵਿੰਦਰ ਸਿੰਘ ਜੀ ਪਟਿਆਲਾ ਇੱਕ ਸਮਾਗਮ ਤੇ ਇੱਕਠੇ ਹੋ ਗਏ। ਮਹਾਰਾਜਾ ਜੀ ਉਸ ਸਮਾਗਮ
ਵਿੱਚ ਸਭ ਤੋਂ ਲੰਮੇ ਤੇ ਸਾਸ਼ਤਰੀ ਜੀ ਸਭ ਤੋਂ ਛੋਟੇ ਕੱਦ ਦੇ ਵਿਅਕਤੀ ਸਨ। ਸ਼ਾਸ਼ਤਰੀ ਜੀ ਆਖਣ ਲੱਗੇ,
“ਜਬ ਮੈ ਮਹਾਰਾਜਾ ਜੀ ਸੇ ਬਾਤ ਕਰਨੀ ਹੋਤੀ ਹੈ ਤੋ ਮੈ ਸਰ ਉਠਾ ਕਰ ਬਾਤ ਕਰਤਾ ਹੂੰ ਔਰ ਜਬ ਮਹਾਰਾਜਾ
ਜੀ ਨੇ ਮੁਝ ਸੇ ਬਾਤ ਕਰਨੀ ਹੋਤੀ ਹੈ ਤੋ ਉਨ੍ਹੇ ਸਰ ਝੁਕਾਨਾ ਪੜਤਾ ਹੈ। ਅਬ ਆਪ ਹੀ ਸਮਝ ਲੀਜੀਏ ਕਿ
ਸਰ ਝੁਕਾਨਾ ਅੱਛਾ ਹੋਤਾ ਹੈ ਜਾਂ ਉਠਾਨਾ!”
੨. ਇਕ ਵਾਰੀਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਚੰਡੀਗੜ੍ਹ ਆਏ ਤਾਂ
ਉਸ ਸਮੇ ਦੇ ਮੁਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ, ਨੇ ਉਹਨਾਂ ਦੀ ਸਵਾਗਤੀ ਸਪੀਚ ਵਿੱਚ ਆਖ ਦਿਤਾ
ਕਿ ਚੰਡੀਗੜ੍ਹ ਪੰਜਾਬ ਦਾ ਦਿਲ ਹੈ। ਉਤਰ ਵਿੱਚ ਨਹਿਰੂ ਜੀ ਨੇ ਆਖਿਆ, “ਵਾਕਿਆ ਹੀ ਚੰਗੀਗੜ੍ਹ ਪੰਜਾਬ
ਕਾ ਦਿਲ ਹੈ ਕਿਉਂਕਿ ਦਿਮਾਗ਼ ਤੋ ਪੰਜਾਬੀਉਂ ਕਾ ਹੋਤਾ ਹੀ ਨਹੀ।”
੩. ਭਾਰਤ ਦੇ ਤਤਕਾਲੀ ਗ੍ਰਿਹ ਮੰਤਰੀ ਸਰਦਾਰ ਵਲਭ ਭਾਈ ਪਟੇਲ ਨੇ ਪਟਿਆਲੇ
ਵਿੱਚ ਇੱਕ ਸਮਾਗਮ ਤੇ ਬੋਲਿਦਆਂ ਆਖਿਆ, “ਪੰਜਾਬੀਉਂ ਸੇ ਕਾਮ ਲੇਨਾ ਹੋ ਤੋ ਯਾਂ ਤੋ ਇਨ੍ਹੇ ਹੰਸਾ ਦੋ
ਯਾਂ ਇਨ੍ਹੇ ਗੁੱਸਾ ਦਿਲਾ ਦੋ।”
੪. ਪੰਜਾਬੀਆਂ ਦੀ ਸੌੜੀ ਸੋਚ ਦਾ ਮੌਜੂ ਉਡਾਉਂਦਿਆਂ ਇੱਕ ਵਾਰੀ ਪੰਡਿਤ
ਨਹਿਰੂ ਨੇ ਆਖਿਆ, “ਪੰਜਾਬ ਕੇ ਲੋਗ ਬੋਲਤੇ ਪੰਜਾਬੀ ਹੈਂ, ਬੱਚੋਂ ਕੋ ਅੰਗ੍ਰੇਜ਼ੀ ਪੜ੍ਹਾਤੇ ਹੈਂ;
ਮਗ਼ਰ ਲੜਤੇ ਹੈਂ ਹਿੰਦੀ ਪੰਜਾਬੀ ਕੇ ਲੀਏ; ਔਰ ਵੋਹ ਲੜਾਈ ਬ੍ਹੀ ਉਰਦੂ ਮੇ ਕਰਤੇ ਹੈਂ।”
੫. ਪੰਜਾਬੀ ਸੂਬੇ ਦਾ ਐਲਾਨ ਹੋ ਜਾਣ ਪਿਛੋਂ ਹਰਿਆਣਾ ਦੇ ਆਗੂ, ਚੌਧਰੀ ਦੇਵੀ
ਲਾਲ ਜੀ, ਅਕਾਲੀ ਆਗੂ ਸੰਤ ਫ਼ਤਿਹ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲਣ ਵਾਸਤੇ ਆਏ
ਤਾਂ ਗੱਲਬਾਤ ਵਿੱਚ ਅਪਣੀ ਪੇਂਡੂ ਬੋਲੀ ਵਿੱਚ ਆਖਣ ਲੱਗੇ, “ਹਰਿਆਣਾ ਤਾਂ ਪੰਜਾਬੀ ਸੂਬੇ ਨਾਲ਼ ਇਸ
ਤਰ੍ਹਾਂ ਬਣ ਗਿਆ ਹੈ ਜਿਵੇਂ ਕੋਈ ਆਦਮੀ ਟੱਟੀ ਫਿਰਨ ਜਾਵੇ ਤਾਂ ਪਿਸ਼ਾਬ ਆਪਣੇ ਆਪ ਹੀ ਆ ਜਾਂਦਾ ਹੈ।”
੬. ੧੯੬੬ ਦੇ ਅੰਤ ਵਿਚ, ਪੰਜਾਬ ਦੇ ਜਨਸੰਘੀਆਂ ਦੇ ਆਗੂ ਵੀਰ ਯੱਗ ਦੱਤ ਸ਼ਰਮਾ
ਨੂੰ ਸੰਤ ਫ਼ਤਿਹ ਸਿੰਘ ਜੀ ਨੇ ਮਿਲ਼ਣ ਵਾਸਤੇ ਸੱਦਿਆ ਤੇ ਆਖਿਆ, “ਪਿਛਲੇ ਸਾਲਾਂ ਵਿੱਚ ਕਾਂਗਰਸ ਨੇ
ਆਪਣੀ ਸਵਾਰਥ ਸਿਧੀ ਲਈ, ਪੰਜਾਬੀ ਹਿੰਦੂ ਤੇ ਸਿੱਖਾਂ ਵਿੱਚ ਦੁਫੇੜ ਪਾਈ ਰੱਖਿਆ ਹੈ। ਤੁਹਾਡੀ
ਵਿਰੋਧਤਾ ਦੇ ਬਾਵਜੂਦ ਪੰਜਾਬੀ ਸੂਬਾ ਤਾਂ ਬਣ ਹੀ ਗਿਆ ਹੈ। ਆਓ ਹੁਣ ਆਪਾਂ ਰਲ਼ ਕੇ ਸਾਂਝੇ ਤੌਰ ਤੇ
ਸਰਕਾਰ ਬਣਾਈਏ ਤੇ ਕਾਂਰਗਰਸ ਦੀਆਂ ਕੁਨੀਤੀਆਂ ਨੂੰ ਭਾਂਜ ਦੇ ਦਈਏ। “ਵੀਰ ਜੀ ਬੋਲੇ, “ਠੀਕ ਹੈ;
ਤੁਸੀਂ ਆਖਦੇ ਸੀ, ‘ਜੇ ਪੰਜਾਬੀ ਸੂਬਾ ਨਾ ਬਣਿਆ ਤਾਂ ਸਿੱਖ ਨਹੀ ਬਚਦੇ। ‘ਦੇ ਜਵਾਬ ਵਿੱਚ ਅਸੀਂ
ਆਖਦੇ ਸੀ,’ ਜੇ ਇਹ ਬਣ ਗਿਆ ਤਾਂ ਹਿੰਦੂ ਨਹੀ ਬਚਦੇ। ‘ਇਸ ਤਰ੍ਹਾਂ ਅਸੀਂ ਇਹਨਾਂ ਦੋਹਾਂ ਨੂੰ ਇੱਕ
ਦੂਜੇ ਤੋਂ ਏਨਾ ਦੂਰ ਲੈ ਗਏ ਹਾਂ ਕਿ ਹੁਣ ਹੌਲ਼ੀ ਹੌਲ਼ੀ ਹੀ ਇਹਨਾਂ ਨੂੰ ਨੇੜੇ ਲਿਆਵਾਂਗੇ।” (ਵੈਸੇ
ਇਹ ਨੇੜਤਾ, ਸਰਕਾਰੀ ਸ਼ਕਤੀ ਵਿੱਚ ਭਾਈਵਾਲ ਬਣਨ ਦੇ ਲਾਲਚ ਵਿਚ, ੧੯੬੭ ਦੇ ਮਾਰਚ ਮਹੀਨੇ ਦੀ ਨੌ ਤਰੀਕ
ਨੂੰ ਹੀ ਪਰਗਟ ਹੋ ਗਈ ਸੀ)
੭. ਤਰਨ ਤਾਰਨ ਦੀ ਜ਼ਿਮਨੀ ਚੋਣ ਸਮੇ, ੧੯੬੭ ਵਿੱਚ ਕਾਂਗਰਸੀ ਜਲਸੇ `ਚ
ਬੋਲਦਿਆਂ ਕਾਂਗਰਸੀ ਆਗੂ, ਬੀਬੀ ਸਰਲਾ ਦੇਵੀ ਜੀ, ਆਪਣੇ ਭਾਸ਼ਨ ਵਿੱਚ ਆਖ ਗਏ, “ਸੰਤ ਵਾਜਾ ਵਜਾਉਂਦਾ
ਵਜਾਉਂਦਾ ਉਠ ਕੇ ਲੀਡਰ ਬਣ ਗਿਆ।” ਅਗਲੇ ਦਿਨ ਓਸੇ ਥਾਂ ਤੇ ਅਕਾਲੀਆਂ ਦੇ ਜਲਸੇ ਵਿੱਚ ਬੋਲਦਿਆਂ ਸੰਤ
ਜੀ ਨੇ ਆਖਿਆ, “ਕਲ੍ਹ ਇੱਕ ਬੀਬੀ ਏਥੇ ਮੇਰੇ ਬਾਰੇ ਕੁੱਝ ਆਖ ਗਈ ਏ। ਉਸਦਾ ਨਾਂ ਕੋਈ ਸ਼ਰਲਾ ਸ਼ਰਲਾ
ਕਰਕੇ ਦੱਸਦੇ ਨੇ। ਅਕਸਰ ਅਸਾਡੀ ਧੀ ਭੈਣ ਲਗਦੀ ਏ; ਅਸੀਂ ਉਸ ਬਾਰੇ ਕੁੱਝ ਆਖਦੇ ਚੰਗੇ ਨਹੀ ਲਗਦੇ।
ਵੈਸੇ ਨਿਹੰਗ ਸਿੰਘ ਤਾਂ ਸ਼ਰਲਾ ਕਿਸੇ ਹੋਰ ਵਸਤੂ ਨੂੰ ਹੀ ਆਖਦੇ ਨੇ। ਮੈ ਬੀਬੀ ਜੀ ਨੂੰ ਪੁੱਛਣਾ
ਚਾਹੁੰਦਾ ਹਾਂ ਕਿ ਕੀ ਬੀਬੀ ਜੀ ਤੁਹਾਨੂੰ ਡਾਕੂ, ਲੁੱਚਾ, ਲੁਟੇਰਾ, ਕਾਤਲ, ਜ਼ਨਾਹਕਾਰ ਲੀਡਰ ਚਾਹੀਦਾ
ਸੀ; ਵਾਜਾ ਵਜਾਉਣ ਵਾਲ਼ਾ ਸੰਤ ਲੀਡਰ ਨਹੀ ਚੰਗਾ ਲੱਗਦਾ! !”
੮. ਪੰਜਾਬ ਦੀਆਂ ਮੰਗਾਂ ਬਾਰੇ ਸੰਤ ਜੀ ਵੱਲੋਂ ਕੀਤੀ ਜਾ ਰਹੀ ਜਦੋ ਜਹਿਦ
ਦੌਰਾਨ ਪ੍ਰਧਾਨ ਮੰਤਰੀ ਵਲੋਂ ਬਿਆਨ ਆਇਆ, “ਸਰਕਾਰ ਕਿਸੇ ਦਬਾ ਅੱਗੇ ਨਾ ਲਿਫੇਗੀ ਨਾ ਝੁਕੇਗੀ।”
ਇਸਦੇ ਜਵਾਬ ਵਜੋਂ ਆਪਣੇ ਹਾਸ ਰਸੀ ਸੁਭਾ ਅਨੁਸਾਰ ਸੰਤ ਜੀ ਨੇ ਆਖਿਆ, “ਅਸੀ ਸਰਕਾਰ ਨੂੰ ਝੁਕਣ,
ਲਿਫਣ ਲਈ ਨਹੀ ਆਖਦੇ। ਉਹ ਖੜ੍ਹੀ ਖੜ੍ਹੀ ਹੀ ਸਾਡਾ ਕੰਮ ਕਰ ਦਏ।” ਕੁਦਰਤੀਂ ਸਰਕਾਰ ਦੀ ਮੁਖੀ ਉਸ
ਸਮੇ ਇੱਕ ਇਸਤਰੀ ਹੋਣ ਕਰਕੇ ਇਸਦਾ ਬੜਾ ਰੌਲ਼ਾ ਪਿਆ। ਪ੍ਰਧਾਨ ਮੰਤਰੀ ਸੰਤ ਜੀ ਨਾਲ਼ ਏਨਾ ਨਾਰਾਜ਼ ਹੋ
ਗਈ ਕਿ ਉਸਨੇ ਪੰਜਾਬ ਦੇ ਮਸਲਿਆਂ ਬਾਰੇ ਸੰਤ ਜੀ ਨਾਲ਼ ਕਿਸੇ ਕਿਸਮ ਦੀ ਗੱਲ ਬਾਤ ਕਰਨੋ ਨਾਹ ਕਰ ਦਿਤੀ
ਤੇ ਉਹਨਾਂ ਦੇ ਥਾਂ ਸੰਤ ਚੰਨਣ ਸਿੰਘ ਜੀ ਹੀ ਲੋੜ ਪੈਣ ਤੇ ਗੱਲ ਬਾਤ ਕਰਨ ਜਾਇਆ ਕਰਦੇ ਸਨ।
੯. ਮਈ ੧੯੬੪ ਦੌਰਾਨ ਕੈਰੋਂ ਦੀ ਪੂਰੀ ਚੁੱਕ ਤੇ ਮਾਸਟਰ ਅਕਾਲੀ ਦਲ ਵਲੋਂ
ਸੰਤ ਫ਼ਤਿਹ ਸਿੰਘ ਜੀ ਦੇ ਧੜੇ ਦੇ ਆਗੂ, ਸੰਤ ਚੰਨਣ ਸਿੰਘ ਜੀ, ਦੀ ਪ੍ਰਧਾਨਗੀ ਦੇ ਖ਼ਿਲਾਫ਼ ਬੇਪ੍ਰਤੀਤੀ
ਨੋਟਿਸ ਦਿਤਾ ਹੋਇਆ ਸੀ। ਦੋਹਾਂ ਧੜਿਆਂ ਵੱਲੋਂ ਜੋਰ ਸ਼ੋਰ ਨਾਲ਼ ਮੁਹਿਮ ਚਲਾਈ ਜਾ ਰਹੀ ਸੀ ਤੇ
ਬਿਆਨਬਾਜੀ ਵੀ ਜਾਰੀ ਸੀ। ਮਾਸਟਰ ਦਲ ਦੇ ਪ੍ਰਧਾਨ, ਗਿ. ਭੂਪਿੰਦਰ ਸਿੰਘ ਜੀ ਦਾ ਬਿਆਨ ਆਇਆ,
“ਬਹੂਮੱਤ ਸਾਡੇ ਨਾਲ਼ ਹੈ।”
ਗਿਆਨੀ ਜੀ ਕਸ਼ਮੀਰੀ ਹੋਣ ਕਰਕੇ ਸ਼ਬਦ ‘ਬਹੁ’ ਨੂੰ ‘ਬਹੂ’ ਉਚਾਰਦੇ ਸਨ। ਅਗਲੇ
ਦਿਨ ਸੰਤ ਜੀ ਦਾ ਬਿਆਨ ਆ ਗਿਆ, “ਹਾਂ, ਗਿਆਨੀ ਜੀ ਦੀ ਬਹੂ ਦਾ ਮੱਤ ਉਹਨਾਂ ਦੇ ਨਾਲ਼ ਹੀ ਹੈ। ਇਸ
ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀ।” ਆਪਣੇ ਤਿਆਗ ਦਾ ਜ਼ਿਕਰ ਕਰਦਿਆਂ ਇੱਕ ਦਿਨ ਗਿਆਨੀ ਭੂਪਿੰਦਰ ਸਿੰਘ
ਜੀ ਦਾ ਬਿਆਨ ਆਇਆ, “ਮੈ ਵੀਹ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦਾ ਚੋਰ (ਚੌਰ) ਪਕੜੀ
ਰੱਖਿਆ।” ਕਸ਼ਮੀਰੀ ਹੋਣ ਕਰਕੇ ਗਿਆਨੀ ਜੀ ੌ (ਕਨੌੜਾ) ਨਹੀ ਸਨ ਉਚਾਰ ਸਕਦੇ ਤੇ ਉਸਦੀ ਥਾਂ ੋ (ਹੋੜਾ)
ਹੀ ਬੋਲਦੇ ਸਨ। ਜਵਾਬ ਵਿੱਚ ਸੰਤ ਜੀ ਦਾ ਬਿਆਨ ਆਇਆ, “ਫਿਰ ਛੱਡ ਕਾਹਨੂੰ ਦਿਤਾ ਗਿਆਨੀ ਜੀ, ਪੁਲਸ
ਨੂੰ ਦੇਣਾ ਸੀ!”
੧੦. ਸੰਤ ਜੀ ਦੀ ਮੌਤ ਸਮੇ ਰੱਖੇ ਗਏ ਸ਼ੋਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ
ਗਿਆਨੀ ਬਖ਼ਸ਼ੀਸ਼ ਸਿੰਘ ਜੀ ਬਰਮਿੰਘਮ ਤੋਂ ਆਏ। ਸਰਕਾਰ ਨੇ ਉਹਨਾਂ ਨੂੰ ਫੜ ਕੇ ਅੰਮ੍ਰਿਤਸਰ ਜੇਹਲ ਵਿੱਚ
ਬੰਦ ਕਰ ਦਿਤਾ। ਦੋਸ਼ ਇਹ ਸੀ ਕਿ ਉਹ ਖ਼ਾਲਿਸਤਾਨੀ ਹਨ। ਹੋਇਆ ਇਉਂ ਕਿ ਹਿੰਦ ਪਾਕਿ ਜੰਗ ਸਮੇ, ਡਾ.
ਜਗਜੀਤ ਸਿੰਘ ਚੌਹਾਨ ਨੇ ਇੰਗਲੈਂਡ ਜਾ ਕੇ ਖ਼ਾਲਿਸਤਾਨ ਦਾ ਸ਼ੋਸ਼ਾ ਛੱਡ ਦਿਤਾ। ਡਾਕਟਰ ਜੀ ਨੇ ਤਾਂ
ਸਿਰਫ ਸ਼ੋਸ਼ਾ ਹੀ ਛੱਡਿਆ ਸੀ ਪਰ ਕੁੱਝ ਗਿਆਨੀ ਬਸ਼ੀਸ਼ ਸਿੰਘ, ਸ. ਅਵਤਾਰ ਸਿੰਘ ਖ਼ਾਲਸਾ, ਚਰਨ ਸਿੰਘ
ਪੰਛੀ ਵਰਗੇ ਸਿੰਘ ਸੁਹਿਰਦਤਾ ਨਾਲ਼ ਵੀ ਉਸ ਨਾਲ਼ ਸ਼ਾਮਲ ਹੋ ਗਏ। ਇਸ ਲਈ ਡਾਕਟਰ ਜੀ ਤੇ ਤਾਂ ਭਾਰਤ
ਸਰਕਾਰ ਨੇ ਕੋਈ ਪਾਬੰਦੀ ਨਾ ਲਾਈ ਪਰ ਇਹਨਾਂ ਵਿਚਾਰਿਆਂ ਦੀ ਸ਼ਾਮਤ ਆਈ ਰਹੀ। ਅਕਾਲੀ ਦਲ ਦੀ ਹਾਈ
ਕਮਾਂਡ ਨੇ ਆਪਣੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਪਾਰਟੀ ਦੇ ਸਾਰੇ ਐਮ. ਪੀ. ਸਾਰੇ ਐਮ. ਐਲ. ਏ. ਤੇ
ਸਾਰੇ ਹਾਈ ਕਮਾਂਡ ਦੇ ਮੈਬਰ ਪੰਜਾਬ ਅਸੈਂਬਲੀ ਮੂਹਰੇ ਪ੍ਰੋਟੈਸਟ ਵਜੋਂ ਧਰਨਾ ਮਾਰਨ। ਸ. ਗੁਰਚਰਨ
ਸਿੰਘ ਟੌਹੜਾ ਜੀ ਇਸ ਫੈਸਲੇ ਦੇ ਖ਼ਿਲਾਫ਼ ਸਨ। ਉਹ ਹਮੇਸ਼ਾਂ ਮੋਰਚਾ ਲਾਉਣ ਦੇ ਖ਼ਿਲਾਫ ਰਾਇ ਦਿਆ ਕਰਦੇ
ਸਨ ਤੇ ਜਦੋਂ ਬਹੁਸੰਮਤੀ ਨਾਲ਼ ਫੈਸਲਾ ਮੋਰਚਾ ਲਾਉਣ ਦੇ ਹੱਕ ਵਿੱਚ ਹੋ ਜਾਵੇ ਤਾਂ ਪਹਿਲਾਂ ਹੀ ਜਥਾ
ਲੈ ਕੇ ਜੇਹਲ ਵਿੱਚ ਜਾ ਬਿਰਾਜਦੇ ਸੀ ਤਾਂ ਕਿ ਪਿਛੋਂ ਮੋਰਚਾ ਲਾਉਣ ਵਾਲ਼ੇ ਜਾਨਣ ਜਾਂ ਸਰਕਾਰ ਜਾਣੇ।
ਇਸ ਵਾਰੀ ਵੀ ਇਸ ਧਰਨੇ ਦੇ ਖ਼ਿਲਾਫ਼ ਹੀ ਉਹਨਾਂ ਦੀ ਰਾਇ ਸੀ ਪਰ ਜਥੇਦਾਰ ਜੀਵਨ ਸਿੰਘ ਉਮਰਾਨੰਗਲ਼ ਦੇ
ਜੋਰ ਦੇਣ ਨਾਲ਼, ਜਥੇਦਾਰ ਮੋਹਨ ਸਿੰਘ ਤੁੜ, ਪ੍ਰਧਾਨ ਦੀ ਅਗਵਾਈ ਹੇਠ ਧਰਨਾ ਮਾਰਨ ਦਾ ਫੈਸਲਾ ਹੋ
ਗਿਆ। ਮੈ ਵੀ ਪ੍ਰਧਾਨ ਜੀ ਦਾ ਪੀ. ਏ. ਹੋਣ ਕਾਰਨ ਨਾਲ਼ ਹੀ ਸੀ। ਬੈਠੇ ਬੈਠੇ ਟੌਹੜਾ ਜੀ ਨੇ ਵਿਅੰਗ
ਕੱਸਦਿਆਂ ਹੋਇਆਂ ਇੱਕ ਚੁਟਕਲਾ ਸੁਣਾਇਆ। ਜਿਵੇਂ ਕਿ ਪੁਰਾਣੇ ਸਮੇ ਪਿੰਡਾਂ ਵਿੱਚ ਹੁੰਦਾ ਹੀ ਸੀ ਕਿ
ਸਵੇਰੇ ਸਵੇਰੇ ਲੋਕ ਜੰਗਲ਼ ਪਾਣੀ ਲਈ ਬਾਹਰ ਖੇਤਾਂ ਵਿੱਚ ਜਾਇਆ ਕਰਦੇ ਸਨ ਤੇ ਹੱਥ ਪਾਣੀ ਵੀ ਬਾਹਰ
ਛੱਪੜਾਂ ਤੋਂ ਹੀ ਕਰਿਆ ਕਰਦੇ ਸਨ। ਇੱਕ ਦਿਨ ਇੱਕ ਜੱਟ ਤੇ ਪਿੰਡ ਦਾ ਮੌਲਵੀ ਇਕੋ ਸਮੇ ਹੀ ਛੱਪੜ ਦੇ
ਵਿਰੋਧੀ ਕਿਨਾਰਿਆਂ ਉਪਰ ਆਹਮੋ ਸਾਹਮਣੇ ਆ ਬੈਠੇ। ਦੋਹਾਂ ਦੀ ਬਿਨ ਬੋਲਿਆਂ ਹੀ ਇਸ ਗੱਲ ਤੇ ਜਿਦ ਲੱਗ
ਗਈ ਕਿ ਕੌਣ ਪਹਿਲਾਂ ਉਠਦਾ ਹੈ। ਦੋਵੇਂ ਸੋਚਣ ਕਿ ਜੇ ਮੈ ਪਹਿਲਾਂ ਉਠ ਗਿਆ ਤਾਂ ਦੂਜਾ ਇਹ ਨਾ ਸਮਝੇ
ਕਿ ਭਈ ਇਹ ਲੋਕ ਸਾਡੇ ਨਾਲ਼ੋਂ ਘੱਟ ਸਫਾਈ ਪਸੰਦ ਹਨ। ਦੋਵੇਂ ਜਿਦੋ ਜਿਦੀ ਆਹਮੋ ਸਾਹਮਣੇ ਛੱਪੜ ਦੇ
ਕਿਨਾਰਿਆਂ ਤੇ ਬੈਠੇ ਰਹੇ। ਕੁੱਝ ਸਮੇ ਬਾਅਦ ਜੱਟ ਦਾ ਮੁੰਡਾ ਵੀ ਆ ਗਿਆ। ਜੱਟ ਨੇ ਮੌਲਵੀ ਨੂੰ ਸੁਣਾ
ਕੇ ਆਖਿਆ, “ਓਇ ਨਿਹਾਲਿਆ, ਏਥੋਂ ਜਾ ਕੇ ਨਿਆਈ ਵਾਲ਼ੇ ਖੇਤ ਨੂੰ ਪਾਣੀ ਲਾ ਦਈਂ; ਭਲ਼ਕੇ ਮੈਰੇ ਵਾਲ਼ਾ
ਖੇਤ ਵਾਹ ਆਵੀਂ। ਪਰਸੋਂ ਖਰਾਸ ਤੋਂ ਦਾਣੇ ਪੀਹ ਲਈਂ, ਚੌਥ ਨੂੰ ਤੇਰੀ ਭੂਆ ਦੇ ਮੁੰਡੇ ਦਾ ਵਿਆਹ ਹੈ
ਤੇ ਤੂੰ ਓਥੇ ਜੰਞੇ ਜਾ ਆਵੀਂ। ਮੇਰਾ ਏਥੇ ਮੌਲਵੀ ਨਾਲ਼ ‘ਗਾਂਡ ਵਲ਼’ ਜਿਹਾ ਪੈ ਗਿਆ; ਪਤਾ ਨਹੀ ਕਦੋਂ
ਵੇਹਲਾ ਹੋਵਾਂ! ਇਹ ਸੁਣ ਕੇ ਮੌਲ਼ਵੀ ਮੈਦਾਨ ਛੱਡ ਕੇ ਉਠ ਖਲੋਤਾ ਕਿ ਬਈ ਜੱਟ ਨੇ ਤਾਂ ਕਈ ਦਿਨ ਦਾ
ਦਾਈਆ ਬੰਨ੍ਹ ਲਿਆ ਹੈ। ਦੂਸਰੇ ਵਿਅਕਤੀ ਹੱਸੇ ਤਾਂ ਸਹੀ ਪਰ ਉਹਨਾਂ ਨੂੰ ਅਸਲੀਅਤ ਦੀ ਜਾਣਕਾਰੀ ਨਾ
ਹੋਣ ਕਰਕੇ ਅਸਲੀ ਭੇਦ ਨਹੀ ਸੀ ਪਤਾ ਕਿ ਟੌਹੜਾ ਸਾਹਿਬ ਉਮਰਾਨੰਗਲ਼ ਜੀ ਨੂੰ ਟਾਂਚ ਕਰ ਰਹੇ ਹਨ ਕਿ
ਵੇਖੀਏ ਹੁਣ ਕੌਣ ਪਹਿਲਾਂ ਧਰਨੇ ਤੋਂ ਉਠਦਾ ਹੈ। ਮੈਨੂੰ ਇਸ ਭੇਦ ਦਾ ਪਤਾ ਸੀ।
ਇਸ ਧਰਨੇ ਦੇ ਦੌਰਾਨ ਮੁਖ ਮੰਤਰੀ ਗਿਆਨੀ ਜ਼ੈਲ ਸਿੰਘ ਵੱਲੋਂ ਸੁਨੇਹਾ ਵੀ ਆ
ਗਿਆ ਕਿ ਜੋ ਮਰਜੀ ਕਰ ਲਵੋ ਗਿ. ਬਖ਼ਸ਼ੀਸ਼ ਸਿੰਘ ਨੂੰ ਸਰਕਾਰ ਨੇ ਨਹੀ ਛੱਡਣਾ। ਇੱਕ ਸਾਲ ਪੂਰਾ
ਮੁੱਕਦਮਾ ਚਲਾਏ ਤੋਂ ਬਿਨਾ ਜੇਹਲ ਵਿੱਚ ਰਖਣ ਉਪ੍ਰੰਤ, ਅੰਮ੍ਰਿਤਸਰੋਂ ਹੀ ਜਹਾਜੇ ਚੜ੍ਹਾ ਕੇ
ਬਰਮਿੰਘਮ ਪੁਚਾ ਦਿਤਾ ਪੰਜਾਬ ਸਰਕਾਰ ਨੇ, ਗਿਆਨੀ ਬਖ਼ਸ਼ੀਸ਼ ਸਿੰਘ ਜੀ ਨੂੰ।
੧੧. ਬਟਾਲੇ ਦੀ ਅਕਾਲੀ ਕਾਨਫ਼੍ਰੰਸ ਸਮੇ ਝੰਡਾ ਲਹਿਰਾਉਣ ਦੀ ਰਸਮ ਕਰਦਿਆਂ
ਸੰਤ ਚੰਨਣ ਸਿੰਘ ਜੀ ਨੇ ਕਿਹਾ ਕਿ ਜਦੋਂ ਜਹਾਜ ਡੁੱਬਣ ਲੱਗੇ ਤਾਂ ਉਸ ਵਿਚਲੇ ਚੂਹੇ ਬਾਹਰ ਨੂੰ
ਭੱਜਦੇ ਹਨ। ਏਸੇ ਤਰ੍ਹਾਂ ਕਾਂਗਰਸੀ ਕਾਂਗਰਸ ਵਿਚੋਂ ਭੱਜ ਰਹੇ ਹਨ ਕਿਉਂਕਿ ਇਸ ਜਹਾਜ ਦੇ ਡੁੱਬਣ ਦਾ
ਸਮਾ ਆ ਗਿਆ ਹੈ। ਕਾਂਗਰਸ ਦਾ ਜਹਾਜ ਡੁੱਬ ਰਿਹਾ ਹੈ। ਅਸੀਂ ਆਪਣਾ ਬੇੜਾ ਨੇੜੇ ਲੈ ਆਂਦਾ ਹੈ ਤੇ
ਜਨਸੰਘੀਆਂ ਨੂੰ ਮੈ ਆਖਦਾ ਹਾਂ ਕਿ ਉਹ ਵੀ ਆਪਣੇ ਬੇੜਾ ਨੇੜੇ ਲੈ ਆਉਣ। ਸਿੱਖਾਂ ਨੂੰ ਅਸੀਂ ਉਤਾਰ
ਲੈਂਦੇ ਹਾਂ ਤੇ ਹਿੰਦੂਆਂ ਨੂੰ ਉਹ ਉਤਾਰ ਲੈਣ।
੧੨. ਕਾਂਗਰਸ ਫਾਰ ਸੋਸ਼ਲਿਜ਼ਮ ਐਕਸ਼ਨ ਵੱਲੋਂ ਪਟਿਆਲੇ ਦੀ ਪਬਲਿਕ ਲਾਇਬ੍ਰੇਰੀ
ਵਿੱਚ ਗੋਸ਼ਟੀ ਕਰਵਾਈ ਜਾ ਰਹੀ ਸੀ। ਸਪੀਕਰ ਹਰਬੰਸ ਲਾਲ ਦੀ ਪ੍ਰਧਾਨਗੀ ਕਰ ਰਹੇ ਸਨ ਤੇ ਗਿ. ਜ਼ੈਲ
ਸਿੰਘ ਜੀ ਮੁਖ ਬੁਲਾਰੇ ਸਨ। ਗਿਅਨੀ ਜੀ ਨੇ ਬੋਲਦਿਆਂ ਆਖਿਆ ਕਿ ਸੋਸ਼ਲਿਜ਼ਮ ਦੇ ਰਸਤੇ ਵਿੱਚ ਸਭ ਤੋਂ
ਵੱਡੀ ਰੁਕਾਵਟ ਮਜ਼ਹਬ ਹੈ। ਆਪਣਾ ਤਜੱਰਬਾ ਦੱਸਦਿਆਂ ਉਹਨਾਂ ਨੇ ਇੱਕ ਆਪ ਬੀਤੀ ਇਉਂ ਸੁਣਾਈ:
੧੯੫੨ ਦੀ ਇਲੈਕਸ਼ਨ ਦੌਰਾਨ ਅਸੀਂ ਆਪਣੇ ਉਮੀਦਵਾਰ ਵਾਸਤੇ ਵੋਟਾਂ ਮੰਗਣ, ਉਸਦੇ
ਨਾਨਕ ਪਿੰਡ ਗਏ। ਉਸਦੇ ਨਾਨਕਿਆਂ ਦੇ ਘਰ ਦੇ ਬਾਹਰ ਬਾਹਰਲੇ ਥੜ੍ਹੇ ਉਪਰ ਉਸਦਾ ਮਾਮਾ ਬੈਠਾ ਸੀ। ਸਿਰ
ਮੁੰਨਿਆ ਹੋਇਆ ਤੇ ਦਾਹੜੀ ਕਤਰੀ ਹੋਈ ਤੇ ਹੁੱਕਾ ਪੀ ਰਿਹਾ ਸੀ। ਅਸੀਂ ਫ਼ਤਿਹ ਬੁਲਾ ਕੇ ਆਖਿਆ, “ਮਾਮਾ
ਜੀ, ਤੁਹਾਡਾ ਪੁੱਤਰ ਇਲੈਕਸ਼ਨ ਲੜ ਰਿਹਾ ਹੈ। ਤੁਸੀਂ ਵੋਟਾਂ ਵਿੱਚ ਇਸਦੀ ਮਦਦ ਕਰਨੀ।” ਉਹ ਅੱਗੋਂ
ਮਥੇ ਤੇ ਤਿਊੜੀਆਂ ਪਾ ਕੇ ਤੇ ਮੂੰਹ ਵਿਚੋ ਹੁੱਕੇ ਦੀ ਨਾੜੀ ਕਢ ਕੇ ਸਾਡੇ ਵੱਲ ਸਿਧਾ ਝਾਕ ਕੇ
ਬੋਲਿਆ, “ਓਇ, ਮੈ ਤੁਹਾਡੇ ਗ਼ਦਾਰਾਂ ਪਿੱਛੇ ਲੱਗ ਕੇ ਪੰਥ ਨੂੰ ਛੱਡ ਦਿਆਂ!” ਅਸੀਂ ਆਖਿਆ, “ਮਾਮਾ
ਜੀ, ਤੁਸੀਂ ਤਾਂ ਸਿਰ ਮੁੰਨਿਆਂ ਹੋਇਆ ਏ; ਤੁਸੀਂ ਕਿਵੇਂ ਪੰਥਕ ਬਣ ਗਏ!” ਉਤਰ ਵਿੱਚ ਉਸਨੇ ਜੋਸ਼
ਵਿੱਚ ਆਖਿਆ, “ਓਇ, ਗਾਂ ਦੀ ਪੂਛ ਮੁੰਨ ਦਈਏ ਤਾਂ ਕੀ ਉਹ ਗਧੀ ਬਣ ਜਾਂਦੀ ਏ!”
੧੩. ੧੯੭੨ ਦੀਆਂ ਪੰਜਾਬ ਅਸੈਂਬਲੀ ਵਾਸਤੇ ਅਕਾਲੀ ਟਿਕਟਾਂ ਦੀ ਵੰਡ ਬਾਰੇ ਭੱਜ-ਨੱਸ, ਖਿੱਚ-ਧੂਹ
ਆਦਿ ਚੱਲ ਰਹੀ ਸੀ। ਮੇਰੇ ਮਿੱਤਰ ਤੇ ਸਾਥੀ ਸ. ਦਰਸ਼ਨ ਸਿੰਘ ਮਜਬੂਰ, ਸ. ਅਜੀਤ ਸਿੰਘ ਮੌਲਵੀ ਆਦਿ
ਗਿ. ਕੇਹਰ ਸਿੰਘ ਵੈਰਾਗੀ ਮੇਰੇ ਵਾਸਤੇ ਹਲਕਾ ਬਿਆਸ, ਜਿਸ ਦੇ ਅੰਤਰਗਤ ਮੇਰਾ ਨਿੱਕਾ ਜਿਹਾ ਪਿੰਡ
ਸੂਰੋ ਪੱਡਾ ਪੈਂਦਾ ਹੈ, ਤੋਂ ਅਕਾਲੀ ਟਿਕਟ ਦੇਣ ਲਈ ਕਹਿਣ ਵਾਸਤੇ ਗਏ। ਮੈ ਤਾਂ ਇਸ ਸਾਰੀ ਕਹਾਣੀ
ਨੂੰ, “ਕਿਆ ਪਿੱਧੀ ਔਰ ਕਿਆ ਪਿੱਦੀ ਕਾ ਸ਼ੋਰਬਾ।” ਸਮਝ ਕੇ, ਹਾਸੇ ਵਿੱਚ ਹੀ ਲੈ ਰਿਹਾ ਸਾਂ। ਜਦੋਂ
ਮੌਲਵੀ ਜੀ ਨੇ ਆਖਿਆ, “ਹਲਕੇ ਤੇ ਜ਼ਿਲੇ ਦਾ ਨੌਜਵਾਨ ਤਬਕਾ ਸਾਰਾ ਸੰਤੋਖ ਸਿੰਘ ਦੀ ਮਦਦ ਕਰੇਗਾ।” ਇਹ
ਸ਼ਾਇਦ ਉਸ ਸਮੇ ਮੇਰੀ ਉਮਰ ਦੇ ਅੰਦਾਜ਼ੇ ਨਾਲ਼ ਮੌਲਵੀ ਜੀ ਨੇ ਕਹਿ ਦਿਤਾ ਹੋਵੇ! “ਹਾਂ ਉਹ ਸਾਰੇ
ਨੌਜਵਾਨ ਆਪਣੇ ਸੰਤੋਖ ਸਿੰਘ ਦੇ ਨਾਲ਼ ਹੀ ਨੇ ਜਿਨ੍ਹਾਂ ਦੀਆਂ ਅਜੇ ਵੋਟਾਂ ਨਹੀ ਬਣੀਆਂ।” ਤੁਰੰਤ
ਵਿਅੰਗਾਤਮਿਕ ਉਤਰ ਸੀ ਗਿ. ਕੇਹਰ ਸਿੰਘ ਵੈਰਾਗੀ ਜੀ ਦਾ।
੧੪. ੧੯੭੦ ਦੇ ਆਸ ਪਾਸ ਦੀਆਂ ਸਰਦੀਆਂ ਦਾ ਸਮਾ ਸੀ। ਇੱਕ ਅਕਾਲੀ ਆਗੂ ਦਾ
ਰੱਖਿਆ ਹੋਇਆ ਵਰਤ ਛੱਡਣਾ ਕਈ ਅਕਾਲੀ ਵਰਕਰਾਂ ਨੂੰ ਪਸੰਦ ਨਹੀ ਸੀ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ
ਦਾਲਾਨ ਵਿੱਚ ਆਗੂਆਂ ਤੇ ਵਰਕਰਾਂ ਦਾ ਬੜਾ ਭੀੜ ਭੜੱਕਾ ਸੀ। ਸਭ ਆਪੋ ਆਪਣੀਆਂ ਮਾਰੀ ਜਾ ਰਹੇ ਸਨ। ਕਈ
ਹੱਕ ਵਿੱਚ ਤੇ ਕਈ ਵਿਰੋਧ ਵਿੱਚ ਦਲੀਲਾਂ ਦਈ ਜਾਂਦੇ ਸਨ। ਓਥੇ ਦੋ ਵਰਕਰ ਜ. ਦਰਸ਼ਨ ਸਿੰਘ ਈਸਾਪੁਰ ਤੇ
ਜ. ਬਲਦੇਵ ਸਿੰਘ ਪੁਤਲੀਘਰ ਵੀ ਸਨ। ਉਹਨਾਂ ਦੀ ਆਪਸ ਵਿੱਚ ਕਿਸੇ ਗੱਲ ਤੇ ਗਰਮਾ ਗਰਮੀ ਹੋ ਗਈ। ਜ.
ਬਲਦੇਵ ਸਿੰਘ ਟਕਸਾਲੀ ਅਕਾਲੀ ਵਰਕਰ ਸਨ ਪਰ ਸਨ ਬਹੁਤ ਹੀ ਗਰਮ ਸੁਭਾ ਦੇ। ਉਹਨਾਂ ਨੇ ਜ. ਈਸਾਪੁਰ
ਨੂੰ ਤਾਹਨਾ ਮਾਰਿਆ, “ਓਇ ਤੂੰ ਕਲ੍ਹ ਪੰਥ ਵਿੱਚ ਆ ਕੇ ਸਾਡੇ ਨਾਲ਼ ਗੱਲਾਂ ਮਾਰਦਾਂ!” ਜ. ਈਸਾਪੁਰ
ਬਹੁਤ ਹੰਡੇ ਵਰਤੇ ਹੋਏ ਸਿਆਸੀ ਆਦਮੀ ਸਨ/ਹਨ। ਉਹਨਾ ਨੇ ਬੜੇ ਠਰ੍ਹੰਮੇ ਨਾਲ਼ ਉਤਰ ਮੋੜਿਆ, “ਤੂੰ
ਮੇਰੇ ਤੋਂ ਪਹਿਲਾਂ ਏਥੇ ਆ ਕੇ ਦਾਲ਼ ਦੀ ਇੱਕ ਬੋਰੀ ਹੀ ਵਧ ਪੀ ਲਈ ਹੋਊ; ਹੋਰ ਤੂੰ ਕੀ ਕੱਦੂ `ਚ ਤੀਰ
ਮਾਰ ਲਿਆ ਓਇ!”