ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 18
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਦੁਨੀਆਂ ਦਾ ਕਈ ਵਾਰ ਪਸਾਰਾ ਤੇ ਕਈ ਵਾਰ ਖ਼ਾਤਮਾ ਹੋਇਆ ਹੈ। ਹਿਮਾਲੀਆ ਪਰਬਤ
ਦੀ ਥਾਂ `ਤੇ ਲੱਗ-ਲੱਗ ਦੋ ਅਰਬ-ਸਾਲ ਪਹਿਲਾਂ ਸਮੁੰਦਰ ਹੁੰਦਾ ਸੀ ਕੁਦਰਤ ਦੀ ਨਿਯਮਾਵਲੀ ਆਨੁਸਾਰ
ਹੁਣ ਵੱਡਾ ਪਹਾੜ ਦਿੱਸਦਾ ਹੈ। ਪਰਮਾਤਮਾ ਦੀ ਇਹ ਨਿਯਮਾਵਲੀ ਸਦੀਵ ਕਾਲ ਲਈ ਚੱਲਦੀ ਰਹਿੰਦੀ ਹੈ, ਜੋ
ਕਦੇ ਵੀ ਖ਼ਤਮ ਹੋਣ ਵਿੱਚ ਨਹੀਂ ਆਉਂਦੀ ਤੇ ਇਸ ਨੂੰ ਸਦੀਵ ਕਾਲ ਸੱਚ ਕਿਹਾ ਹੈ। ਪਿਆਰਾ ਵਾਕ ਹੈ:--
ਆਦਿ ਸਚੁ ਜੁਗਾਦਿ ਸਚੁ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ॥
ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਇਸ ਗੱਲ ਨੂੰ ਵਿਸਥਾਰ ਨਾਲ ਸਮਝਾ ਦਿੱਤਾ
ਹੈ ਕਿ ਸਰੀਰਕ ਤਲ਼ `ਤੇ ਸਿੱਖ ਨੂੰ ਦੇਹ ਧਾਰੀ ਗੁਰੂ ਦੀ ਜ਼ਰੂਰਤ ਨਹੀਂ ਹੈ। ਜੇ ਦੇਹ ਧਾਰੀ ਗੁਰੂ ਦੀ
ਜ਼ਰੂਰਤ ਨਹੀਂ ਹੈ ਤਾਂ ਫਿਰ ਦੇਹ ਧਾਰੀ ਚੇਲੇ ਦੇ ਵੀ ਕੋਈ ਜ਼ਰੂਰਤ ਨਹੀਂ ਹੈ। ਸਿੱਖੀ ਵਿਧਾਨ ਵਿੱਚ
ਗੁਰੂ ਸ਼ਬਦ ਤੇ ਚੇਲਾ ਸੁਰਤ ਹੈ।
ਸਬਦੁ ਸਤਿ ਸਤਿ ਪ੍ਰਭ ਬਕਤਾ॥ ਸੁਰਤਿ ਸਤਿ ਸਤਿ ਜਸੁ ਸੁਨਤਾ॥
ਪਰਮਾਤਮਾ ਦੇ ਹੁਕਮ ਨੂੰ ਜਿਸ ਨੇ ਮਨ ਕਰਕੇ ਮੰਨ ਲਿਆ ਹੈ ਉਸ ਨੇ ‘ਕਰਨ
ਕਰਾਵਨ’ ਜੁਗਤੀ ਨੂੰ ਪਛਾਣ ਲਿਆ ਹੈ:--
ਸਤਿ ਸਰੂਪੁ ਰਿਦੈ ਜਿਨਿ ਮਾਨਿਆ॥ ਕਰਨ ਕਰਵਾਨ ਤਿਨਿ ਮੂਲੁ ਪਛਾਨਿਆ॥
ਜਿਸ ਵੀ ਮਨੁੱਖ ਦੇ ਮਨ ਵਿੱਚ ਅਕਾਲ-ਪੁਰਖ ਦੀ ਨਿਯਮਾਵਲੀ ਜਾਂ ਉਸ ਦਾ ਹੁਕਮ
ਮੰਨਣ ਦੀ ਜੁਗਤੀ ਆ ਗਈ, ਜਿਸ ਨੂੰ ਵਿਸਵਾਸ਼ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਓਸੇ ਦੇ ਮਨ ਵਿੱਚ
ਹੀ ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈ।
ਜਾ ਕੈ ਰਿਦੈ ਬਿਸਵਾਸੁ ਪ੍ਰਭ ਆਇਆ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥
ਇਸ ਦੀ ਪ੍ਰਾਪਤੀ ਬਿਬੇਕ ਬਿਰਤੀ ਨਾਲ ਹੀ ਆ ਸਕਦੀ ਹੈ, ਬਿਬੇਕ ਬਿਰਤੀ ਉਸ
ਨੂੰ ਕਿਹਾ ਗਿਆ ਹੈ ਜੋ ਸਤਿ ਤੇ ਅਸਤਿ ਦੀ ਵੀਚਾਰ ਕਰ ਸਕੇ।
ਬੂਝੈ ਬੂਝਨਹਾਰ ਬਿਬੇਕ॥ ਨਾਰਾਇਨ ਮਿਲੇ ਨਾਨਕ ਏਕ॥
ਵਿਸਵਾਸ਼, ਤੱਤ ਗਿਆਨ ਤੇ ਬਿਬੇਕ ਬਿਰਤੀ ਤਕ ਦਾ ਸਫਰ ਤਹਿ ਕਰਦਿਆਂ ਸੇਵਾ
ਭਾਵਨਾ ਜਨਮ ਲੈ ਲੈਂਦੀ ਹੈ। ਏੱਥੇ ਫਿਰ ਸਾਧ ਲਾਣੇ ਨੇ ਇੱਕ ਬਹੁਤ ਵੱਡਾ ਫਰਾਡ ਕੀਤਾ ਹੈ। ਸੇਵਾ ਦੀ
ਅਸਲੀਅਤ ਨੂੰ ਖਤਮ ਕਰਦਿਆਂ ਸੇਵਾ ਸਿਰਫ ਆਪਣੇ ਡੇਰੇ ਤਕ ਹੀ ਸੀਮਤ ਕਰ ਲਈ ਹੈ। ਜਦ ਕਿ ਗੁਰੂ ਨਾਨਕ
ਸਾਹਿਬ ਜੀ ਦੀ ਸੇਵਾ ਦਾ ਅਧਾਰ ‘ਵਿਚ ਦੁਨੀਆ ਸੇਵ ਕਮਾਉਣ’ ਦਾ ਹੈ। ਅਸਲ ਸੇਵਾਦਾਰ ਉਹ ਹੈ ਜਿਸ ਦੇ
ਮਨ ਵਿੱਚ ਭੈ-ਭਾਵਨੀ ਕੰਮ ਕਰਦੀ ਹੋਵੇ, ਅਜੇਹਾ ਸੇਵਕ ਹਰੇਕ ਸਵਾਸ ਨਾਲ ਪ੍ਰਭੂ ਨੂੰ ਯਾਦ ਰੱਖਦਾ ਹੈ।
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ॥ ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ॥
ਰੱਬੀ ਹੁਕਮ ਵਿੱਚ ਬੱਝ ਜਾਂਦਾ ਹੈ,
“ਜੋ ਹੋਆ ਹੋਵਤ ਸੋ ਜਾਨੈ॥ ਪ੍ਰਭ ਅਪਨੇ
ਕਾ ਹੁਕਮੁ ਪਛਾਨੈ”॥
ਜਿਸ ਮਨੁੱਖ ਨੇ ਪ੍ਰਭੂ ਨਾਲ ਪੂਰੀ ਪਛਾਣ ਬਣਾ ਲਈ ਹੈ ਉਹ ਦੈਵੀ ਗੁਣਾਂ ਦਾ
ਮਾਲਕ ਬਣ ਗਿਆ ਹੈ ਜਿਹ ਕਿ:--
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ॥ ਸੋ ਜਨੁ ਸਰਬ ਥੋਕ ਕਾ ਦਾਤਾ॥
ਨਦੀ `ਤੇ ਬਣਿਆ ਹੋਇਆ ਪੁਲ ਦੋ ਕਿਨਾਰਿਆਂ ਨੂੰ ਆਪਸ ਵਿੱਚ ਜੋੜ ਕੇ ਆਵਾਜਾਈ
ਦੇ ਰਾਹ ਨੂੰ ਖੋਹਲਦਾ ਹੈ; ਇੰਜ ਹੀ ਗੁਰੂ ਦੇ ਦੋ ਕਿਨਾਰੇ ਹਨ ਜਿਸ ਦਾ ਇੱਕ ਸਿਰਾ ਸੰਸਾਰ ਨਾਲ ਹੈ
ਤੇ ਦੂਜਾ ਸਿਰਾ ਨਿੰਰਕਾਰ ਨਾਲ ਹੈ; ਜੋ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਨਿੰਰਕਾਰ ਨਾਲ
ਜੋੜਦਾ ਹੈ।
ਸਤਿ ਪੁਰਖੁ ਜਿਨਿ ਜਾਨਿਆ ਸਤਿ ਗੁਰ ਤਿਸ ਕਾ ਨਾਉ॥
ਤਿਸ ਕੈ ਸੰਗਿ ਸਿੱਖੁ ਉਧਰੈ ਨਾਨਕ ਹਰਿ ਗੁਨ ਗਾਉ॥
ਭਾਈ ਕਾਨ੍ਹ ਸਿੰਘ ਜੀ ਨਾਭਾ ਸਤਿਗੁਰ ਦੀ ਵਿਆਖਿਆ ਕਰਦਿਆਂ ਲਿਖਦੇ ਹਨ ਕਿ
“ਗਿਆਨ ਪ੍ਰਕਾਸ਼ਕ, ਆਗਿਆਨ ਵਿਨਾਸ਼ਕ ਤੇ ਸਤਿ ਹਿੱਤ ਉਪਦੇਸ਼ਟਾ ਦਾ ਨਾਉਂ ਸਤਿਗੁਰੂ ਹੈ ਇਹ ਸ਼ਬਦ ਸਿੱਖੀ
ਵਿੱਚ ਕੇਵਲ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਤੇ ਸਾਹਿਬ ਸ੍ਰਿੀ
ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਵਰਤਿਆ ਜਾ ਸਕਦਾ ਹੈ”। ਪਰ ਸਾਧਾਂ ਨੇ ਸੋਚਿਆ ਜੇ ਅਸੀਂ ਸਿੱਧਾ
ਗੁਰੂ ਸਬਦ ਦੀ ਵਰਤੋਂ ਕਰ ਲਈ ਤਾਂ ਸਾਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ ਤੇ ਨਾ ਹੀ ਸਾਡੀ
ਦੁਕਾਨ ਚੱਲਣੀ ਹੈ ਇਸ ਲਈ ਫ਼ਰੇਬੀ ਬਿਰਤੀਆਂ ਨੇ ਸੰਤ, ਸਾਧ ਤੇ ਬ੍ਰਹਮ ਗਿਆਨੀ ਸ਼ਬਦਾਂ ਦਾ ਇਸਤੇ-ਮਾਲ
ਕਰਕੇ ਅੰਦਰ ਖ਼ਾਤੇ ਗੁਰੂ ਬਣ ਬੈਠੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰ-ਉਪਦੇਸ਼ ਰੂਪ ਵਿੱਚ
ਹੈ ਭਾਵ ਸਾਰੀ ਮਨੁੱਖਤਾ ਨੂੰ ਗਿਆਨ ਵੰਡਦੀ ਹੈ, ਅੰਦਰਲ਼ੀ ਮੈਲ਼ ਨੂੰ ਧੋ ਦੇਂਦੀ ਹੈ:----
ਸਿੱਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰ ਬਚਨੀ ਹਰਿ ਨਾਮੁ ਉਚਰੈ॥
ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿੱਖੁ ਬਿਕਾਰ ਤੇ ਹਾਟੈ॥
ਅਸਲ ‘ਸਿੱਖ’ ਉਸ ਨੂੰ ਹੀ ਗਿਣਿਆ ਗਿਆ ਹੈ ਜੋ ਗੁਰੂ ਦੇ ਹੁਕਮ ਨੂੰ ਮਨ ਕਰਕੇ
ਮੰਨਦਾ ਹੈ ਤੇ ਇਸ ਨੂੰ ਕਿਹਾ ਗਿਆ ਹੈ ਗੁਰੂ ਜੀ ਦੇ ਘਰ ਵਿੱਚ ਰਹਿਣਾ:---
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੇ॥ ਗੁਰ ਕੀ ਆਗਿਆ ਮਨ ਮਹਿ ਸਹੈ॥
ਗੁਰੂ ਜੀ ਦਾ ਉਪਦੇਸ਼ ਤਾਂ ਹੀ ਮਿਲ ਸਕਦਾ ਹੈ ਜਦੋਂ ਆਪਣਾ ਮਨ ਗੁਰੂ ਜੀ ਦੇ
ਚਰਨਾ ਵਿੱਚ ਰੱਖ ਦਈਏ ਭਾਵ ਆਪਣੇ ਫੁਰਨੇ ਬੰਦ ਕਰਕੇ ਸਮਰਪਤ ਹੋ ਜਾਈਏ ਤਾਂ ਹੀ ਸ਼ੁਭ ਗੁਣਾਂ ਦਾ ਕਾਰਜ
ਰਾਸ ਹੋ ਸਕਦਾ ਹੈ।
ਮਨੁ ਬੇਚੇ ਸਤਿਗੁਰ ਕੈ ਪਾਸਿ ਤਿਸੁ ਸੇਵਕ ਕੇ ਕਾਰਜ ਰਾਸਿ॥ ਸੇਵਾ ਕਰਤ ਹੋਇ
ਨਿਹਕਾਮੀ॥
ਸਰੀਰ ਕਰਕੇ ਅਸੀਂ ਜ਼ਰੂਰ ਗੁਰੂ ਜੀ ਪਾਸ ਬੈਠਦੇ ਹਾਂ ਪਰ ਸਰੀਰ ਦੇ ਗਿਆਨ
ਇੰਦਰੇ ਅਤੇ ਸਾਡਾ ਮਨ ਹੋਰ ਪਾਸੇ ਤੁਰਿਆ ਫਿਰਦਾ ਹੈ। ਪ੍ਰਿਥੀ ਚੰਦ ਦੀ ਮਿਸਾਲ ਸਾਡੇ ਸਾਹਮਣੇ ਹੈ
ਜਿਸ ਦਾ ਸਰੀਰ ਗੁਰੂ ਰਾਮਦਾਸ ਜੀ ਦੇ ਸਾਹਮਣੇ ਹੈ ਪਰ ਮਨ ਹਰ ਵੇਲੇ ਗੁਰਗੱਦੀ ਲਈ ਲਲਚਾਂਦਾ ਹੈ।
ਸੁਖਮਨੀ ਸਾਹਿਬ ਦੀ ਬਾਣੀ ਸਰੀਰ ਦੀ ਸਫਲਤਾ ਦਾ ਇੱਕ ਰਾਜ਼ ਸਮਝਾਉਂਦੀ ਹੈ:--
ਸਫਲ ਦਰਸਨੁ ਪੇਖਤ ਪੁਨੀਤ॥ ਪਰਸਤ ਚਰਨ ਗਤਿ ਨਿਰਮਲ ਰੀਤਿ
-----------------------------------------------------
ਸੁਨਿ ਕਰਿ ਬਚਨ ਕਰਨ ਅਘਾਨੇ॥ ਮਨਿ ਸੰਤੋਖੁ ਆਤਮ ਪਤੀਆਨੇ॥
ਦੀਵਾ ਜਗਿਆਂ ਚਾਨਣ ਹੁੰਦਾ ਹੈ, ਨਹੀਂ ਤਾਂ ਰਾਤ ਦੇ ਹਨ੍ਹੇਰੇ ਵਿੱਚ ਪਈ ਹੋਈ
ਰੱਸੀ ਵੀ ਮਨੁੱਖ ਨੂੰ ਸੱਪ ਹੀ ਨਜ਼ਰ ਆਉਂਦੀ ਹੈ ਏਸੇ ਤਰ੍ਹਾਂ ਗੁਰਬਾਣੀ ਗਿਆਨ ਦਾ ਜਦੋਂ ਦੀਵਾ ਜੱਗਦਾ
ਹੇ ਤਾਂ ਸਾਡੇ ਮਨ ਵਿਚੋਂ ਭਰਮਾਂ ਦਾ ਹਨ੍ਹੇਰਾ ਹੁੰਦਾ ਹੈ:---
ਅੰਧਕਾਰ ਦੀਪਕ ਪਰਗਾਸੇ॥ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ॥
ਨਾਮ ਦੇ ਸਬੰਧੀ ਵਿਚਾਰ ਕਰ ਚੁੱਕੇ ਹਾਂ ਕਿ ਜੋ ਦਿਸਦਾ ਸੰਸਾਰ ਹੈ ਇਸ ਦੇ
ਨਾਂ ਤਾਂ ਅਸੀਂ ਰੱਖੇ ਹੋਏ ਹਨ ਪਰ ਹੈ ਇਹ ਸਾਰਾ ਪਰਮਾਤਮਾ ਦਾ ਸਰੂਪ ਏ। ਪਰਮਾਤਮਾ ਦੇ ਸਾਕਾਰ ਰੂਪ
ਵਿੱਚ ਦਰਸ਼ਨ ਕਰਨੇ ਹੋਣ ਤਾਂ ਕੁਦਰਤ ਦੀ ਰਚਨਾ ਵਿਚੋਂ ਕੀਤੇ ਜਾ ਸਕਦੇ ਹਨ, ਪਰ ਕੁਦਰਤ ਦੇ ਅੰਦਰ ਜੋ
ਸਦੀਵ-ਕਾਲ ਨਿਯਮਾਵਲੀ ਚੱਲ ਰਹੀ ਹੇ ਉਹ ਨਿਰਗੁਣ ਸਰੂਪ ਦੀ ਰਚਨਾ ਹੈ। ਅੱਜ ਬਰੀਕ ਬੁੱਧੀ ਵਾਲਿਆਂ ਨੇ
ਕੁਦਰਤ ਦੀ ਅੰਦਰਲੀ ਨਿਯਮਾਵਲੀ ਸਰਗੁਣ ਸਰੂਪ ਵਿੱਚ ਵੀ ਲਿਆਉਣ ਦੀ ਯਤਨ ਕੀਤਾ ਹੈ। ਇਸ ਦਾ ਅਰਥ ਇਹ
ਨਹੀਂ ਕਿ ਅਸੀਂ ਕੁਦਰਤ ਦਾ ਅੰਤ ਪਾ ਲਿਆ ਹੈ। ਅੱਜ ਜਿੰਨੀਆਂ ਵੀ ਖੋਜਾਂ ਹੋ ਰਹੀਆਂ ਹਨ ਇਹ ਸਾਰੀਆਂ
ਕੁਦਰਤ ਵਿਚੋਂ ਹੀ ਹੋ ਰਹੀਆਂ ਹਨ ਤੇ ਕੁਦਰਤ ਦੇ ਬੇ-ਅੰਤ ਭੰਡਾਰ ਵਿਚੋਂ ਥੋੜ੍ਹਾ ਬਹੁਤ ਸਾਡੇ ਪਾਸ
ਆਇਆ ਹੈ ਅਜੇ ਹੋਰ ਬਹੁਤ ਕੁੱਝ ਕੁਦਰਤ ਵਿੱਚ ਛੁਪਿਆ ਪਿਆ ਹੈ।
ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾਧਾਰਿ ਜਿਨਿ ਸਗਲੀ ਮੋਹੀ॥
ਅਪਨੇ ਚਰਿਤ ਪ੍ਰਭਿ ਆਪਿ ਬਨਾਏ॥ ਆਪਨੀ ਕੀਮਤਿ ਆਪੇ ਪਾਏ॥
ਹਰਿ ਬਿਨੁ ਦੂਜਾ ਨਾਹੀ ਕੋਇ॥ ਸਰਬ ਨਿਰੰਤਰਿ ਏਕੋ ਸੋਇ॥
ਓਤਿ ਪਤਿ ਰਵਿਆ ਰੂਪ ਰੰਗ॥ ਭਏ ਪ੍ਰਗਾਸ ਸਾਧ ਕੈ ਸੰਗ॥
ਰਚਿ ਰਚਨਾ ਆਪਨੀ ਕਲ ਧਾਰੀ॥ ਅਨਿਕ ਬਾਰ ਨਾਨਕ ਬਲਿਹਾਰੀ॥