.

ਦਸਮ ਗ੍ਰੰਥ ਦਾ ਲਿਖਾਰੀ ਕੌਣ? (ਭਾਗ ਪਹਿਲਾ ਦਾ ਰੀਵਿਊ)

(ਤ੍ਰਿਆ ਚਰਿੱਤ੍ਰ: ਇੱਕ ਅਧਿਐਨ)

(Review and analysis by Amrik Singh Dhaul)

ਪੁਸਤਕ: ਦਸਮ ਗ੍ਰੰਥ ਦਾ ਲਿਖਾਰੀ ਕੌਣ? (ਭਾਗ ਪਹਿਲਾ)। ਲੇਖਕ: ਜਸਬਿੰਦਰ ਸਿੰਘ ‘ਖਾਲਸਾ`। ਛਾਪਕ: ਭਾਈ ਲਾਲੋ ਫਾਊਂਡੇਸ਼ਨ (ਡੁਬਈ)। ਐਡੀਸ਼ਨ: ਜੂਨ ੨੦੦੬ (ਪਹਿਲਾ)।

[ ਚੰਦਰਿਆ! ਜਿਹੜਾ ਕੋਈ ਮੰਤ੍ਰ ਦੇਂਦਾ ਹੈ ਉਹ ਆਪਣੇ ਸਿੱਖ ਨੂੰ ਮੁੱਲ਼ ਖ੍ਰੀਦ ਲੈਂਦਾ ਹੈ। ਜੇਕਰ ਉਹ ਭੈਣ ਜਾਂ ਮਾਂ ਨਾਲ ਸੰਭੋਗ (sex) ਕਰਦਾ ਭੀ ਦੇਖ ਲਿਆ ਜਾਏ ਤਾਂ ਭੀ ਉਸ ਅੱਗੇ ਸੀਸ ਝੁਕਾਣਾ ਚਾਹੀਦਾ । - (ਚਰਿੱਤ੍ਰ ੧੯੬, ਸਫਾ ੯੮-੯੯)

ਧੀਆਂ, ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਤਨ ਗੁਰੂ ਦੱਛਣਾਂ ਵਿੱਚ ਸਾਧਾਂ ਨੂੰ ਦਾਨ ਕਰ ਦਿੱਤਾ। ਤਿਨ੍ਹਾਂ ਧੀਆਂ ਦੀ ਇੱਛਾ ਨਾਂ ਮਾਪਿਆਂ ਜਾਣੀ ਤੇ ਨਾਂ ਹੀ ਧਾਰਮਿਕ ਅਖਵਾਉਂਦੀਆਂ ਜਥੇਬੰਦੀਆਂ ਨੇ। ਇਨ੍ਹਾਂ ਦੀ ਹਾਲਤ ਵੇਸਵਾਵਾਂ ਤੋਂ ਭੀ ੜੈੜੀ ਹੈ। ਉਹ ਪੁਕਾਰ ਕਰਦੀਆਂ ਹਨ ਪਰ ਕੌਮ ਦੇ ਮਰਜੀਵੜੇ ਗੂੜ੍ਹੀ ਨੀਂਦ ਝੂਟੇ ਲੈ ਰਹੇ ਹਨ”। - (ਸਫਾ ੯੯)।

ਅਫੀਮ, ਭੰਗ, ਚਰਸ, ਜ਼ਰਦਾ ਖਾ ਕੇ ਪਾਠ ਕਰਨ ਵਾਲੇ ਪਾਠੀਆਂ, ਭਾਈਆਂ, ਰਾਗੀਆਂ ਤੇ ਕਥਾਕਾਰਾਂ ਨੂੰ ਟੋਕੋ ਤਾਂ ਅਗਿਓਂ “ਦੰਦੀਆਂ ਕੱਢ ਕੇ ਆਖਦੇ ਹਨ ‘ਬਾਈ ਦਸਮ ਗ੍ਰੰਥ ਮੈਂ-ਤਾਂ-ਨੀ ਲਿਖਿਆ` ਗੁਰੂ ਗੋਬਿੰਦ ਸਿੰਘ ਜੀ ਲਿਖ ਗਏ ਹਨ। ਅਨੁਮਾਨ ਹੈ ਕਿ ਇੱਕ ਹਜ਼ਾਰ ਦੇ ਪਿਛੇ ਇੱਕ ਨੇ ਵੀ ਦਸਮ ਗ੍ਰੰਥ ਦੇ ਦੀਦਾਰ ਨਹੀਂ ਕੀਤੇ, ਕੇਵਲ ਨਾਂ ਸੁਣਿਆਂ ਹੈ। ਫਿਰ ਵੀ ੳੇਸ ਦੀ ਆੜ ਥੱਲੇ ਗਿਆਨ ਧਿਆਨ ਝਾੜਦੇ ਹਨ”। - (ਸਫਾ ੯੮) ]

ਤ੍ਰਿਆ ਚਰਿੱਤ੍ਰ੍ਰ` ਦੇ ਇਸ ਅਧਿਐਨ ਦੇ ਲਿਖਾਰੀ ਜਸਬਿੰਦਰ ਸਿੰਘ ‘ਖਾਲਸਾ` ਡੁਬਈ ਵਾਲੇ ਹਨ। ਆਪ ਨੇ ਇਹ ਦੀਰਘ ਅਧਿਐਨ ਆਪਣੇ ਗਰੁਮਤਿ ਦੇ ਗੂੜ੍ਹ ਗਿਆਨ ਦੇ ਬਲਬੋਤੇ ਕੀਤਾ ਹੈ (੧)। ਉਹ, ਕਿਸੇ ਅਖੌਤੀ ਮੌਜੂਦਾ ਪ੍ਰਚੱਲਿਤ ਟਕਸਾਲ਼ `ਚ ਹਰਗਿਜ਼ ਨਹੀਂ ਪੜ੍ਹਨ ਬੈਠੇ। ਭਾਵੇਂ ਉਹ ਕਿਸੇ ਯੂਨੀਵਰਸਿਟੀ ਦਾ ਸ਼ਿੰਗਾਰ ਨਹੀਂ ਪਰ ਉਨ੍ਹਾਂ ਦੀ ਇਹ ਖੋਜ ਇੱਕ ਬੜੀ ਲਾਸਾਨੀ ਸ਼ੈ ਹੈ (੨)। ਆਪ ਜੀ ੪੮ ਸਾਲ ਦਾ ਸਿੱਖੀ ਜੀਵਨ ਜੀਊਣ ਅਤੇ ਪਰਚਾਰਨ ਦਾ ਅਨੂਠਾ (unique) ਤਜਰਬਾ ਰਖਦੇ ਹਨ। ਕਈ ਪੜ੍ਹਾਕੂਆਂ ਕੋਲ ਪਰਖ ਪੜਚੋਲ ਕਰਨ ਲਈ ਬੁੱਧੀ ਲਾਲਚ ਦੀ ਸਾਣ ਤੇ ਤਿੱਖੀ ਹੋਈ ਹੁੰਦੀ ਹੈ। ਆਪ ਜੀ ਦੀ ਬੁੱਧੀ ਪੰਥ ਦਰਦ ਦੀ ਸਾਣ `ਤੇ ਪਰਚੰਡ ਅਤੇ ਤੇਜ ਤਰਾਰ ਹੋਈ ਲਗਦੀ ਹੈ। ਲਿਖਾਰੀ ਦੀਆਂ ਕਿਤਾਬਾਂ ਨੂੰ ਪੜ੍ਹਨਾ, ਵਿਚਾਰਨਾ ਅਤੇ ਉਨ੍ਹਾਂ ਵਿਚਲੇ ਸੁਘੜ ਸਿਆਣੇ ਉਪਦੇਸ਼ਾਂ ਉਤੇ ਅਮਲ ਕਰਨਾ ਤੇ ਕਮਾਉਣਾ, ਪੰਥ ਵਿਦਵਾਨ, ਜਥੇਦਾਰ, ਪਰੋਫੈਸਰ, ਲਿਖਾਰੀ, ਰਾਗੀ, ਫਿਲਾਸਫਰ, ਸਿਖ ਸੰਗਤਾਂ ਤੇ ਮਾਈ ਭਾਈ ਬੜੇ ਫਖ਼ਰ ਨਾਲ ਆਪਣਾ ਫਰਜ਼ ਸਮਝਦੇ ਹਨ। ਲਿਖਾਰੀ ਦੀ ਤੀਖਣ ਬੁਧੀ ਦੇ ਕ੍ਰਿਸ਼ਮੇ ਇਸ ਕਿਤਾਬ ਦੇ ਸਫਿਆਂ ਉਪਰ ਅੰਕਿਤ ਹੋਏ ਹਨ, ਜਿਨ੍ਹਾਂ ਨੂੰ ਵਿਚਾਰਾਧੀਨ ਕਰਕੇ ਉਨ੍ਹਾਂ ਦਾ ਰੀਵਿਊ ਤੇ ਵਿਸ਼ਲੇਸ਼ਣ ਕਰਨਾ ਇਸ ਲੇਖ ਦਾ ਮੁੱਖ ਵਿਸ਼ਾ ਹੈ।

ਪੁਸਤਕ ਦਾ ਪਹਿਲਾ ਸੰਸਕਰਣ ਜੂਨ ੨੦੦੬ ਅਤੇ ਦੂਜਾ ਸਤੰਬਰ ੨੦੦੭ `ਚ ਛਪਿਆ ਸੀ। ਲਿਖਾਰੀ ਵਲੋਂ ਐਲਾਨ ਨਾਮਾ ਮਈ ੨੦੦੬ ਨੂੰ ਘੋਸ਼ਤ ਕੀਤਾ ਗਿਆ ਸੀ, ਜੋ ਅਜੇ ਤੱਕ ਜਿਉਂ ਕਾ ਤਿਉਂ ਮੁਤਬਾਤਰ ਕਾਇਮ ਹੈ। ਉਹ ਲਿਖਦੇ ਹਨ, “ਮੈਂ ਉਸ ਵਿਦਵਾਨ, ਸੰਤ-ਸਾਧ ਜਾਂ ਪ੍ਰਚਾਰਕ ਦਾ ਧੰਨਵਾਦੀ ਹੋਵਾਂਗਾ ਜੋ ਇਸ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਰੋਸ਼ਨੀ ਵਿੱਚ ਸਿੱਧ ਕਰੇਗਾ। ਭਾਈ ਲਾਲੋ ਫਾਊਂਡੇਸ਼ਨ ਅਜਿਹੇ ਪ੍ਰਾਣੀ ਨੂੰ ਇੱਕ ਕਰੋੜ (ਦਸ ਮਿਲੀਅਨ) ਰੁਪਇਆ ਦੇਣ ਲਈ ਵਚਨਬੱਧ ਹੈ ਜੋ ਇਸ ਚੈਲਿੰਜ ਨੂੰ ਕਬੂਲ ਕਰਕੇ ਮੈਦਾਨ ਵਿੱਚ ਨਿਤਰੇਗਾ” (ਸਫਾ XVII; ੨੬੭-੮)। ‘ਖਾਲਸਾ` ਜੀ ਦਾ ਪਤਾ: ਪਲਾਟ ਨੰ. ੧੮੩, ਇੰਡਸਟਰੀਅਲ ਏਰੀਆ, ਫੇਜ਼-੯ ਮੋਹਾਲੀ, ਪੰਜਾਬ (ਭਾਰਤ)। ਫੋਨ: ੯੮ ੭੨੫ ੪੪੦ ੧੬ ਹੈ। ਇਸ ਐਲਾਨ ਦੇ ਪ੍ਰੋੜ੍ਹ ਅਮਲ ਵਿੱਚ ਦੋ ਸਿੱਖ ਦਾਰਸ਼ਨਿਕਾਂ ਦੀਆਂ ਰਮਜ਼ਾਂ ਦੀ ਝਲਕ ਪੈਂਦੀ ਹੈ। ਇੱਕ, ਸਵਰਗੀ ਸਰਦਾਰ ਦਲਜੀਤ ਸਿੰਘ ਜੀ ਦੇ ਪੁਖਤਾ ਵਿਚਾਰਾਂ ਦੀ ਗੂੰਜ ਜ਼ਾਹਰਾ ਸੁਣੀ ਜਾ ਸਕਦੀ ਹੈ ਕਿ ਜੇ ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਸੱਚ ਦੀ ਪਰਖ ਕਰਨੀ ਹੋਵੇ ਤਾਂ ਇਕੋ ਇੱਕ ਮਿਆਰ ਤੇ ਕਸਵੱਟੀ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ (੪)। ਦੂਜਾ, ‘ਦਸਮ ਗ੍ਰੰਥ ਦੇ ੯੯ ਫੀਸਦੀ ਸੰਕਲਪਾਂ ਦੇ ਪ੍ਰਤੀਕਮਈ ਅਰਥਾਂ ਦਾ ਸੁਮੇਲ ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਕ ਰਮਜ਼ ਨਾਲ ਨਹੀਂ ਹੋ ਸਕਦਾ ` (੫) ਵੀ ‘ਖ਼ਾਲਸਾ` ਜੀ ਦੇ ਅਨੁਭਵ ਤੇ ਦਿਲੋ-ਦਿਮਾਗ ਵਿੱਚ ਸਾਂਗੋ-ਪਾਂਗ ਪਿਆ ਪਰਗਟ ਹੁੰਦਾ ਹੈ (ਸਫਾ XI)ਉਹ ਲਿਖਦੇ ਹਨ: “ਜੇ ਕਰ ਕੋਈ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਤੁਸੀਂ ਮਹਿਸੂਸ ਕਰਦੇ ਹੋ ਤਾਂ ਅਰਥਾਂ ਅਤੇ ਸਬੂਤਾਂ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪਰਖ ਕੇ ਸਿੱਖ ਕੌਮ ਅੱਗੇ ਪੇਸ਼ ਕਰੋ। ਹਰ ਗੁਰਸਿੱਖ ਤੁਹਾਡਾ ਰਿਣੀ ਹੋਵੇਗਾ”। (ਸਫਾ ੧੦੨-੩)।

ਅਧਿਐਨ ਦੀ ਪਲੈਨ ਹੈ ਕਿ ਇਸ ਕਿਤਾਬ ਵਿੱਚ ਪਹਿਲਾਂ ‘ਤਤਕਰਾ` ਹੈ। ਤਤਕਰੇ ਵਿੱਚ ਸਾਰੇ ਹੀ ੪੦੪ ਚਰਿਤ੍ਰਾਂ ਦੇ ਸਿਰਲੇਖ ਤੇ ਸਫਾ ਰੌਚਕ ਢੰਗ ਨਾਲ਼ ਦਰਜ ਕੀਤੇ ਮਿਲ਼ਦੇ ਹਨ। ਚਰਿੱਤ੍ਰ ਦੇ ਵਿਚਲੀ ਸਿਖਿਆ, ਤਾਤਪਰਜ ਜਾਂ ਸਿੱਟੇ ਨੂੰ ਦੋ ਲਫਜ਼ਾਂ ਜਾਂ ਇੱਕ ਅੱਧ ਫਿਕਰੇ ਨਾਲ ਸੰਖੇਪ ਸਿਰਲੇਖ ਹੇਠ ਦਰਜ ਕਰਕੇ ਉਹਦੇ ਸਾਹਮਣੇ ਛਪੀ ਅਖੌਤੀ ਦਸਮ ਗ੍ਰੰਥ ਦੀ ਕਿਤਾਬ ਵਿਚਲਾ ਸਫਾ, ਤੇ ਨਾਲ ਨਾਲ ਹਥਲੀ ਕਿਤਾਬ ਦਾ ਸਫਾ ਵੀ ਦਿਤਾ ਗਿਆ ਹੈ। ਤਾਂ ਜੋ ਪਾਠਕ ਨੂੰ ਚੈੱਕ ਕਰਨ ਦੀ ਸਹੂਲਤ ਰਵ੍ਹੇ। ਜਿਵੇਂ ਸਤਾਰਵੇਂ ਚਰਿੱਤ੍ਰ ਦਾ ਸਿਰਲੇਖ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਚੱਲਣ ਚਾਲ ਅਵੱਲੀ ` ਹੈ। ਇਹਦੇ ਬਰਾਬਰ, ਛਪੇ ਅਖੌਤੀ ਦਸਮ ਗ੍ਰੰਥ ਦਾ ਸਫਾ ੮੩੩ ਅਤੇ ਇਸ ਕਿਤਾਬ ਦਾ ਪੰਨਾ ੧੧ ਹੈ। ਇਵੇਂ ਹੀ ੪੧ਵੇਂ ਚਰਿਤ੍ਰ ਦਾ ਸਿਰਲੇਖ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ` ਉਪਰੋਕਤ ਦੋਵੇਂ, ਅਖੌਤੀ ਕਿਤਾਬ (ਦਸਮ ਗ੍ਰੰਥ) ਅਤੇ ਹਥਲੀ ਪੁਸਤਕ ਦੇ ਕ੍ਰਮ ਵਾਰ ਪੰਨੇ ੮੬੬ ਅਤੇ ੨੨ ਹਨ। ਹੋਰ ਚਰਿਤ੍ਰਾਂ ਦੇ ਸਿਰਲੇਖ (ਬਰੈਕਟਾਂ ਵਿੱਚ ਨੰਬਰ) ਵੀ ਨਮੂਨੇ ਮਾਤ੍ਰ ਇਉਂ ਹਨ: ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਕਰਦੇ ਕੰਮ ਅਵੱਲੇ` (੩੬੫), ‘ਧਰਮ ਦੀ ਭੈਣ ਬਣਾ ਕੇ ਇਸ਼ਕ ਕਰਨਾ ਸਿਖੋ` (੪੧), ‘ਔਰਤ ਤੋਂ ਚੋਰੀ ਪ੍ਰੇਮਕਾ ਨੂੰ ਅੰਗੂਠੀ ਦੇਣੀ ਸਿਖੋ` (੬੪), ‘ਇਸ਼ਕ ਨ ਪੁਛੇ ਜਾਤਿ` (੬੯), ‘ਮੁੰਡਿਆਂ ਨਾਲ਼ ਇਸ਼ਕ ਕਰਨਾ ਸਿਖੋ` (੧੦੫), ‘ਪੁੱਤ ਮਾਰ ਕੇ ਯਾਰ ਦੇ ਵਸਣਾ, ਇਸ਼ਕੇ ਦੀ ਭੁੱਖ ਬੁਰੀ` (੧੧੮), ‘ਗੁੜ ਨਾਲੋਂ ਇਸ਼ਕ ਮਿੱਠਾ` (੧੪੪), ‘ਕੋਈ ਧੀ, ਭੈਣ, ਮਾਂ ਜਾਂ ਔਰਤ ਨਾਲ਼ ਸੰਭੋਗ ਕਰੇ ਤਾਂ ਉਸ ਦੇ ਚਰਨ ਛੂਹੋ ਤੇ ਚੁੱਪ ਰਹੋ` (੧੯੬), ‘ਇਸ਼ਕ ਦੀ ਨਵੀਓਂ ਨਵੀਂ ਬਹਾਰ` (੧੮੧), ‘ਦਸਮ ਗ੍ਰੰਥ ਦੀ ਸਿਖਿਆ – ਸਕੀ ਭੈਣ ਨਾਲ਼ ਭੋਗ` (੨੧੨), ‘ਜੇ ਸ਼ਿਵ ਮੰਦਰ ਵਿੱਚ ਭੋਗ ਕਰਦੇ ਹੋ ਤਾਂ ਇੱਕ ਹੱਥ ਨਾਲ਼ ਘੰਟੀ ਜ਼ਰੂਰ ਵਜਾਉਂਦੇ ਰਹਿਣਾ` (੨੧੩), ‘ਸਕੀ ਮਾਂ ਨਾਲ਼ ਸੰਭੋਗ ਅਤੇ ਸ਼ਾਦੀ ਕਰੋ` (੨੫੯)। ਨਸ਼ੇ ਵਾਲੀ ਵਰਾਇਟੀ (variety) ਦੇ ਚਰਿਤ੍ਰ ਵੀ ਉਪਲਭਦ ਹਨ, ਜਿਵੇਂ, ‘ਪੋਸਤ ਭਾਂਗ ਹਫੀਮ ਦੇ ਨਸ਼ੇ ਕਰਕੇ ਮਿਤ੍ਰ ਭੋਗੋ` (੩੮੦)। ‘ਸਾਧਣੀ ਬਣ ਕੇ ਮੌਜਾਂ ਲੁਟੋ; (੩੭੩); ਜੇਠ ਮੱਲ ਵਾਂਗ, ਦੂਏ ਦੀ ਔਰਤ ਕੱਢਣੀ, ਤੇ ਆਪਣੀ ਛੱਡਣੀ ਸਿਖੋ, (੩੬੨)। ਆਪਣੀਆਂ ਧੀਆਂ ਭੈਣਾਂ ਲਈ, ਇਨ੍ਹਾਂ ਸ਼ਾਕਿਤਮਤੀਏ ਚਰਿਤ੍ਰਾਂ ਚ ਸਿਖਿਆ ਹੈ: `ਚੋਰ ਨਾਲ ਇਸ਼ਕ ਕਰਨਾ ਸਿਖੋ` (੧੦੪)। ਆਦਮੀਆਂ ਦਾ ਚਰਿਤ੍ਰ: ਠਗੀ ਮਾਰਨ ਦਾ ਵੱਲ ਸਿਖੋ (੧੦੬)। ਕਪਲਿ ਮੁਨੀ ਦਾ ਬੀਰਜ (semen) ਦੁਬਾਰਾ ਧਰਤੀ ਤੇ ਡੁਲ੍ਹਾ (੧੦੯)। ‘ਆਪਣੀਆਂ ਝਾਂਟਾਂ (pubic hair) ਦਸਮ ਗ੍ਰੰਥ ਦੇ ਢੰਗ ਦੁਆਰਾ ਮੁੰਨੋ ਤੇ ਮੁੰਨਵਾਉਣੀਆਂ ਸਿਖੋ` (੧੯੦)। ‘ਟੂਣਾ ਕਰਕੇ ਸੂਰਜ ਚੜ੍ਹਨਾ ਬੰਦ ਕਰੋ` (੨੨੫)। ‘ਯਾਰ ਨੂੰ ਪੁੱਤ ਬਣਾ ਕੇ ਭੋਗ ਕਰੋ` (੨੨੪)। ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਕਰਦੇ ਪੁੱਠੇ ਕਾਰੇ` (੨੨੭)। ‘ਬਾਪੂ ਨੇ ਵਿਆਹੀ ਸੀ ਨਾਲ ਤੇਰੇ, ਰਾਹ `ਚ ਪਸੰਦ ਹੋਰ ਆ ਗਿਆ` (੨੪੭)। `ਤੇਰੇ ਇਸ਼ਕ ਚੜ੍ਹਾਇਆ ਪੀੜ੍ਹੀ, ਮਿਲ਼ ਕੇ ਕਲੋਲਾਂ ਕੀਤੀਆਂ ` (੨੯੨)। ‘ਭਾਵੇਂ ਪਿਆਰ ਕਿਸੇ ਹੋਰ ਨਾਲ਼ ਕੀਤਾ, ਪਰ ਕਾਕਿਆਂ ਤੇ ਤੇਰਾ ਨਾਂ ਖ਼ਸਮਾਂ! ` (੨੫੫)। ‘ਜਟਾਂ ਚੋਂ ਔਰਤ ਕੱਢੋ ਤੇ ਭੋਗ ਕਰੋ` (੩੨੨)। ‘ਜੂਆ ਖੇਡੋ` (੩੩੬)। ਮਥਰੇ ਬ੍ਰਾਹਮਣ ਨੇ ਆਪਣੀ ‘ਗੁਲਾਬੋ` ਦਾਨ ਕੀਤੀ (੩੪੦), ਪੁਜਾਰੀਆਂ ਦੀਆਂ ਹੋਈਆਂ ਪੌਂ ਬਾਰਾਂ। ‘ਬਾਪ ਮਾਰ ਕੇ ਯਾਰ ਦੇ ਵਸਣਾਂ, ਬੱਲੇ ਬੱਲੇ ਹੋ ਜੂ ਮਿਤ੍ਰਾ! ` (ਤਿਰਛੇ ਲਫਜ਼ ਮੇਰੇ ਹਨ) (੧੪੨, ਨੋਟ: ਇਹ ‘ਊਖਾ` ਨਾਂ ਦੀ ਕੁੜੀ ਦਾ ਚਰਿਤ੍ਰ ਹੈ। ਜਿਸ ਵਾਰੇ ਕਵੀ ਸਯਾਮ ‘ਕ੍ਰਿਸ਼ਨਾ ਅਵਤਾਰ` ਵਿੱਚ ਦੱਸ ਚੁੱਕਾ ਹੈ ਕਿ ਕ੍ਰਿਸ਼ਨ ਨੇ ਜ਼ੋਰ ਜਬਰ ਵਰਤ (ਸਫਾ ੬੯-੭੦) ਕੇ ‘ਊਖਾ` ਦਾ ਵਿਆਹ ਆਪਣੇ ਪੋਤਰੇ, ਅਨੁਰੁੱਧ ਨਾਲ ਕਰਵਾਇਆ ਸੀ (੬)। ‘ਰੋਮ ਕਤਲ ਕਰੋ, ਔਰਤ ਬਣੋ ਤੇ ਫਿਰ ਔਰਤ ਭੋਗੋ` (੩੪੯)। ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਮਾਰਨ ਛੱਪ ਛੜੱਪੇ ` (੧੪੩)। ‘ਵਿਚ ਜੰਗ ਦੇ ਪਾਵਾਂਗੀ ਨਿੱਤ ਖੌਰੂ, ਪਿਆਰ ਵਾਲੀ ਪੀਂਘ ਝੂਟ ਕੇ` (੧੫੩)। ‘ਸੌਂਕਣ ਸਮੇਤ ਖ਼ਸਮ ਰਾਣਾ (king) ਮਾਰ ਕੇ, ਬਠਾਵਾਂ ਰਾਜ ਪੁੱਤ ਲਾਡਲੇ` (੧੮੨)। ਇਉਂ, ਵਿਸਤ੍ਰਿਤ ‘ਤਤਕਰਾ` ਦਸਾਂ ਪੰਨਿਆਂ ਉਪਰ ਫੈਲਿਆ ਹੋਇਆ ਹੈ।

‘ਭੁਮਿਕਾ` ਵਿੱਚ ‘ਖ਼ਾਲਸਾ` ਜੀ ਲਿਖਦੇ ਹਨ ਕਿ ਉਨ੍ਹਾਂ ਨੇ ਜਿਥੇ ਵੱਖ ਵੱਖ ਧਰਮਾਂ ਦੇ ਤੁਲਨਾਤਮਿਕ ਅਧਿਐਨ ਕਰਨ ਤੋਂ ਮਹਿਸੂਸ ਕੀਤਾ ਕਿ ਸਾਰੇ ਧਰਮ ਆਪਣੀਆਂ ਧਰਮ ਪੁਸਤਕਾਂ ਚੋਂ ਪ੍ਰਮਾਣ ਦਿੰਦੇ ਹਨ, ਉਥੇ ਅਸੀਂ ਇੱਕ ਤਾਂ ਸਮਾਜ, ਫਲਸਫੇ, ਨੀਤੀ ਤੇ ਧਰਮ ਆਦਿ ਦੇ ਮਜ਼ਮੂਨਾਂ ਨੂੰ ਰਲ਼ਗੱਡ ਕਰਕੇ ਮਜ਼ਹਬੀ ਰੰਗਤ ਦੇ ਦਿਤੀ ਹੈ। ਦੂਜਾ, ਅਨਮਤੀ (other) ਧਰਮਾਂ ਦੀ ਨਕਲ ਕਰਕੇ ਗੁਰਮਤਿ ਵਿਰੋਧੀ ਕਥਾ, ਕਹਾਣੀਆਂ, ਖਾਸ ਤੌਰ ਤੇ ਹਿੰਦੂ ਧਰਮ ਦੇ ਕਰਮ ਕਾਂਡੀ ਵਿਚਾਰ, ਪੁਰਾਣ ਅਤੇ ਵੇਦਾਂਤ ਆਦਿਕ ਸਿਖ ਕਿਤਾਬਾਂ ਚ ਲਿਆ ਘਸੋੜੇ (ਤਿਰਛੇ ਲਫਜ਼ ਮੇਰੇ ਹਨ)। ਜਿਸ ਕਰਕੇ ਕੀ ਗੁਰਮਤਿ ਹੈ, ਤੇ ਕੀ ਗੁਰਮਤਿ ਨਹੀਂ ਹੈ, ਦਾ ਨਿਰਣਾਂ ਕਰਨਾ ਔਖੇਰਾ ਕੰਮ ਬਣ ਚੁੱਕਾ ਹੈ। ਉਪੋਰਕਤ ਦੋ ਦਾਰਸ਼ਨਿਕਾਂ ਵਾਂਗ, ਲਿਖਾਰੀ ਦਾ ਖਿਆਲ ਵੀ ਇਹੋ ਹੀ ਹੈ ਕਿ ਜੇ ਅਜਿਹੀਆਂ ਕਿਤਾਬਾਂ ਦੀ ਅਸਲੀਅਤ ਵਿਚੋਂ ਗੁਰਮਤਿ ਨੂੰ ਲੱਭਣਾ ਹੋਵੇ ਤਾਂ ਗੁਰਬਾਣੀ ਹੀ ਇਕੋ ਇੱਕ ਕਸਵੱਟੀ ਹੈ। ਆਪ ਜੀ ਲਿਖਦੇ ਹਨ ਕਿ ਕੱਚੀ ਬਾਣੀ ਅਤੇ ਸੱਚੀ ਬਾਣੀ ਦਾ ਫਰਕ ਸੂਝਵਾਨ ਸਿਖਾਂ ਨੂੰ ਤਾਂ ਝੱਟ ਸਮਝ ਆ ਜਾਂਦਾ ਹੈ ਜਿਵੇਂ ਭਾਈ ਗੁਰਦਾਸ ਜੀ ਆਪਣੇ ਕਬਿੱਤ ਵਿੱਚ ਕਹਿੰਦੇ ਹਨ:

ਜੈਸੇ ਅਨੁਚਰ ਨਰਪਤਿ ਕੀ ਪਛਾਨੈ ਭਾਖਾ, ਬੋਲਤ ਬਚਨ ਖਿਨ ਬੂਝੈ ਬਿਨ ਦੇਖ ਹੀ।।

ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ, ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ।।

ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ, ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ।।

ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ, ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ।। ੫੭੦।।

(ਅਰਥ: ਅਨੁਚਰ = ਨਾਲ ਰਹਿਣ ਵਾਲੇ। ਨਰਪਤਿ = ਰਾਜਾ। ਭਾਖਾ = ਬੋਲੀ। ਜੌਹਰੀ = ਪਾਰਖੂ। ਸਰੇਖ ਹੀ = ਸਿਆਣਕੇ = ਪਛਾਣ ਕੇ। ਆਨ = ਹੋਰ। ਬਾਨੀ = ਬਾਣੀ। ਕ੍ਰਿਤਮੀ = ਬਨਾਉਟੀ। ਨ ਗਨਤ = ਗਿਣਤੀ `ਚ ਨਹੀਂ ਲਿਆਉਂਦਾ (੭)।

ਆਪਣੀ ਗੱਲ ਨੂੰ ਨਿਖਾਰਨ ਲਈ ਕੁੱਝ ਮਿਸਾਲਾਂ ਸੱਚੀ ਬਾਣੀ ਅਤੇ ਕੁੱਝ ਕੱਚੀ ਬਾਣੀ ਵਿਚੋਂ ਦੇ ਕੇ ‘ਸੋਧਕ ਕਮੇਟੀ` ਦੇ ਪਖੰਡੀ ਢੋਲ ਦਾ ਪੋਲ ਖੋਲ੍ਹਦਿਆਂ ਲਿਖਾਰੀ ਨੇ ਲਿਖਿਆ ਹੈ ਕਿ ਕੱਚੀ ਬਾਣੀ ਮੋਹਰੇ ‘ਪਾਤਸ਼ਾਹੀ ੧੦` ‘ੴ ਸ੍ਰੀ ਵਾਹਿਗੁਰੁ ਜੀ ਕੀ ਫਤਹਿ` ਆਦਿ ਸੰਗਤ ਨੂੰ ਅਤੇ ਸਿਖਾਂ ਨੂੰ ਧੋਖਾ ਦੇਣ ਲਈ ਲਿਖ ਦਿੱਤਾ। ‘ਕਾਲ` ਜਾਂ ‘ਮਹਾਂਕਾਲ` ਦੇਵਤਾ (੮) (੯), ਕਾਲ਼ੀ ਜਾਂ ਭੱਦਰਾਕਾਲ਼ੀ ਦੇਵੀ, ਸ਼ਿਵਾ (ਪਾਰਬਤੀ), ਅਤੇ ਤਲਵਾਰ ਆਦਿ ਦੀ ਉਸਤਤਿ (ਸਫਾ ੨੪੮-੨੬੫) ਲਿਖ ਦਿੱਤੀ ਤਾਂ ਜੋ ਸੰਗਤਾਂ ਨੂੰ, ਸਿੱਖ ਵਿਦਵਾਨਾਂ, ਵਿਦਿਆਰਥੀਆਂ ਤੇ ਨਿਰਛੱਲ ਸਿਖਾਂ ਨੂੰ ਭੰਬਲਭੂਸੇ (get confused or muddled up) `ਚ ਪਾਇਆ ਜਾ ਸਕੇ (ਸਫਾ ੨੫੦)। ਫਲਸਰੂਪ, ਸਿਖਾਂ ਦੀ ਜਥੇਬੰਦਕ ਇਕਾਈ ਤੇ ਏਕਤਾ ਨੂੰ ਕਰਾਰੀ ਸੱਟ ਮਾਰੀ ਜਾਵੇ। ਇਲਾਵਾ, ਉਨ੍ਹਾਂ ਕਵੀਆਂ ਦੇ ਨਾਮ ਦਿਤੇ ਹਨ ਜਿਨ੍ਹਾਂ ਦੀਆਂ ਕਾਵਿ ਰਚਨਾਵਾਂ ‘ਦਸਮ ਗ੍ਰੰਥ` ਕਿਤਾਬ ਵਿੱਚ ਅੰਕਿਤ ਹਨ।

ਫੇਰ ਇਹ ਕ੍ਰਿਤ ‘ਭੂਮਿਕਾ` ਤੋਂ ਬਾਦ ੪੦੪ ਚਰਿਤ੍ਰਾਂ ਨੂੰ ਵਿਚਾਰਾਧੀਨ ਕਰਦੀ ਹੈ ਅਤੇ ਅਰਥ ਵੀ ਲੋੜ ਮੁਤਾਬਿਕ ਦਰਜ ਹਨ। ਪਾਠਕ ਨੂੰ ਪੜ੍ਹਨ `ਚ ਕੋਈ ਤਕਲੀਫ ਨਹੀਂ ਹੁੰਦੀ। ਇਨ੍ਹਾਂ ਚਰਿਤ੍ਰਾਂ ਦੀ ਸਾਡੇ ਤਕ ਉਪੜਨੇ ਦੀ ਕਹਾਣੀ ਐਉਂ ਹੈ ਕਿ ਨਾਭੇ ਦੇ ਰਾਜੇ ਭਰਪੂਰ ਸਿੰਘ (੧੮੪੦ ਈ: – ੧੮੬੩ ਈ: ) ਨੇ ਕਿਸੇ ‘ਤਾਰਾ ਸਿੰਘ` ਨਾਮ ਦੇ ਕਵੀ ਕੋਲੋਂ ਇਹ ਚੱਿਰਤ੍ਰ ਉਦੋਂ ਖ੍ਰੀਦ ਲਏ ਜਦ ਉਸ ਨੇ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ (੧੦) (੧੧)। ਦੂਜਾ, ਈਸਟ ਇੰਡੀਆ ਕੰਪਨੀ (ਕਲਕੱਤਾ) ਦੁਆਰਾ ੧੮ਵੀਂ ਸਦੀ ਦੇ ਸਿਖਾਂ ਦੀ ਅਜਿੱਤ ਜੰਗੀ ਤੇ ਰਾਜਨੀਤਕ ਤਾਕਤ ਨੂੰ ਜ਼ੇਰ ਕਰਨ (to demolish or scupper) ਅਤੇ ਸਿਖਾਂ `ਚ ਫੁੱਟ ਪਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੇ ਸਿਟੇ ਵਜੋਂ ਕਲਕੱਤੇ ਵਾਲੇ ਪਾਸਿਓਂ, ਸ੍ਰੀ ਪਟਨਾ ਸਾਹਿਬ (ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਅਸਥਾਨ) ਦੇ ਮਹੰਤਾਂ ਤੇ ਪੁਜਾਰੀਆਂ ਦੇ ਰਾਹੀਂ ਵੀ ਚਰਿਤ੍ਰ ਅਤੇ ਮੌਜੂਦਾ ਦਸਮ ਗ੍ਰੰਥ ਵਿਚਲੇ ਕੂੜ ਕੁਸੱਤ ਦੇ ਆਉਣ ਦਾ ਪਤਾ ਚਲਦਾ ਹੈ (੧੨)। ਫੇਰ ਜਦੋਂ ਸਿਖਾਂ ਤੇ ਅੰਗ਼ਰੇਜ਼ਾਂ ਦੀਆਂ ਲੜਾਈਆਂ ਹੋ ਹਟੀਆਂ ਤੇ ਅੰਗ਼ਰੇਜ਼ ਪੰਜਾਬ ਉਪਰ ਪੂਰੀ ਤਰ੍ਹਾਂ ਕਾਬਜ਼ ਹੋ ਗਏ ਤਾਂ ੧੮੯੫ ਈ: ਵਿੱਚ ਖ਼ੇਮ ਸਿੰਘ ‘ਬੇਦੀ` ਰਾਹੀਂ ਅੰਗ਼ਰੇਜ਼ਾਂ ਦੁਆਰਾ ਰਚੀ ਸਾਜਿਸ਼ੀ ‘ਗੁਰਮਤ ਗ੍ਰੰਥ ਪਰਚਾਰਕ ਸਭਾ` (੧੩) ਅਤੇ ਕਿਤਾਬਾਂ ਵਾਲ਼ਿਆਂ ਕੋਲ਼ ਜਾਂ ਬਿਪਰ ਸੰਸਕਾਰ ਦੀ ਕਿਸੇ ਹੋਰ ਵਡੇਰੀ ਸਾਜਿਸ਼ (੧੪) (੧੫) (੧੬) ਅਧੀਨ ਸਰਕਾਰੇ ਦਰਬਾਰੇ (੧੭) (ਦੇਖੋ, ਡਾ: ਰਾਧਾਕ੍ਰਿਸ਼ਨਨ ਦੇ ‘ਦਸਮ ਗ੍ਰੰਥ` ਪ੍ਰਤੀ ਵਿਚਾਰ) (੧੮), ੧੯੪੭ ਤੋਂ ਪਹਿਲਾਂ ਪੁਰਾਣੇ (ਅੰਗ਼ਰੇਜ਼) ਅਤੇ ੧੯੪੭ ਤੋਂ ਬਾਦ ਨਵੇਂ (ਹਿੰਦੂ) ਸਾਮਰਾਜਵਾਦੀਆਂ (੧੯) ਕੋਲ ਪੰਥ ਦੀਆਂ ਵਿਕੀਆਂ ਝੋਲੀ-ਚੁੱਕ ਤੇ ਗ਼ਦਾਰ ਸੋਧ ਕਮੇਟੀਆਂ (੨੦) ਦੀਆਂ ਮਿਹਰਬਾਨੀਆਂ ਸਦਕਾ, ਇਹ ਚਰਿੱਤ੍ਰ ਪਹਿਲਾਂ ‘ਦਸਮ ਗ੍ਰੰਥ` ਦੀ ਕਵਿਤਾ ਬਣੇ। ਫੇਰ ‘ਦਸਮ ਗ੍ਰੰਥ` ਜਦ ‘ਸੋਧ ਕਮੇਟੀ` ਦੀ ਛਤਰ ਛਾਇਆ ਹੇਠ ਵਾਰ ਵਾਰ ਤਰੱਕੀ ਦੀਆਂ ਪੌੜੀਆਂ ਚੜ੍ਹ ਕੇ ਅਖੌਤੀ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ` ਬਣਿਆਂ ਤਾਂ ਇਹੋ ਗੰਦੇ (ਪੋਰਨੋਗ੍ਰਾਫਿਕ) ਚਰਿੱਤਰ, ਪਖੰਡੀਆਂ ਪਾਮਰਾਂ ਦੀ ਕਚਹਿਰੀ `ਚ, ਅਖੌਤੀ ‘ਇਲਾਹੀ ਬਾਣੀ ` (੨੧) ਦਾ ਦਰਜਾ ਲੈ ਕੇ ਮਕਬੂਲ ਹੋਏ। (ਯਾਦ ਰਹੇ, ਇਸ ਜਾਅਲੀ ਗ੍ਰੰਥ ਦਾ ਨਾਮ ਸਿੱਖਾਂ ਵਿੱਚ ‘ਦਸਮ ਗ੍ਰੰਥ` ਪਰਚਲਿਤ ਕਰ ਦਿੱਤਾ ਗਿਆ (੨੨) ਪਰ ਇਸ ਦਾ ਅਸਲ ਨਾਉਂ ‘ਸ੍ਰੀ ਦਸਮ ਸਿਕੰਧ ਪੁਰਾਣ` ਹੈ (੨੩)। ਇਹ ਹਿੰਦੂਆਂ ਦੀ ਕਿਤਾਬ ਹੈ, ਜਿਸ ਨਾਲ ਸਿੱਖਾਂ ਦਾ ਕੋਈ ਵਾਸਤਾ ਨਹੀਂ ਹੈ। ‘ਖਾਲਸਾ` ਜੀ ਦੇ ਆਪਣੇ ਲਫਜ਼ ਪੜ੍ਹਨੇ ਕੁਥਾਂ ਨਹੀਂ ਹੋਣਗੇ ਜੋ ਇਉਂ ਹਨ: “ਸਿੱਖ ਧਰਮ ਦੇ ਮਹਾਂ ਨਿੰਦਕਾਂ ਨੇ ਸਿਖ ਪੰਥ ਨੂੰ ਕਮਜ਼ੋਰ ਕਰਨ ਲਈ ਅਤੇ ਧੋਖਾ ਦੇਣ ਲਈ ੴ ਸ੍ਰੀ ਵਾਹਿਗਰੂ ਜੀ ਕੀ ਫਤਹਿ, ੴ ਸਤਿਗੁਰ ਪ੍ਰਸਾਦਿ ਅਤੇ ਪਾਤਸ਼ਾਹੀ ੧੦ ਲਿਖ ਦਿਤਾ ਤਾਂ ਕਿ ਇਹ ਪ੍ਰਭਾਵ ਦਿਤਾ ਜਾ ਸਕੇ ਕਿ ਇਹ ਦਸਮ ਪਾਤਸ਼ਾਹ ਦੀ ਹੀ ਬਾਣੀ ਹੈ (ਸਫਾ XIV)” । ਵਿਚਾਰ ਦ੍ਰਿਸ਼ਟੀ ਨਾਲ਼ ਦੇਖਿਆਂ “ਦਸਮ ਗ੍ਰੰਥ ਨੂੰ ਇੱਕ ਸੰਪੂਰਣ ਗ੍ਰੰਥ ਮੰਨ ਲੈਣਾ” ਤੇ “ਲੇਖਕ ਗੁਰੂ ਗੋਬਿੰਦ ਸਿੰਘ ਜੀ ਨੂੰ ਮਿੱਥ ਲੈਣਾ ਭਾਰੀ ਭੁੱਲ ਹੀ ਨਹੀਂ ਸਗੋਂ ਮੂਰਖਤਾ ਹੈ “। ਇਹ ਅਖੌਤੀ ਜਾਂ ਨਾਮ ਨਿਹਾਦ ‘ਗ੍ਰੰਥ` ਅਨੇਕਾਂ ਕਵੀਆਂ ਦੇ ਆਪੋ ਆਪਣੇ ਰਚੇ ਗ੍ਰੰਥਾਂ ਦਾ ਸੁਮੇਲ ਹੈ (ਸਫਾ XIII)

ਤ੍ਰਿਆ ਚਰਿਤ੍ਰਾਂ ਦੇ ਰਚਣਹਾਰ ਪ੍ਰਮੁਖ ਕਵੀਆਂ ਦੇ ਨਾਮ, ‘ਖ਼ਾਲਸਾ` ਜੀ ਮੁਤਾਬਿਕ, ਰਾਮ, ਸਯਾਮ, ਕਾਲ, ਸੂਮ, ਹਰੀਫ, ਪੰਡਿਤ ਰਾਮ ਕਿਸ਼ਨ ਅਤੇ ਆਤਮਾ ਰਾਮ ਹਨ। ਇਨ੍ਹਾਂ ਸਾਰਿਆਂ ਵਲੋਂ ਤ੍ਰਿਆ ਚਰਿਤ੍ਰਾਂ `ਚ ਰਚੇ ਚਰਿੱਤਰ ਮਿਲ਼ਦੇ ਹਨ। ਭਾਵੇਂ ਤ੍ਰਿਆ ਚਰਿਤ੍ਰਾਂ ਦਾ ਮੁੱਢਲਾ ਰਚਣਹਾਰ ਕਵੀ ਰਾਮ ਹੈ। ਦਸਮ ਗ੍ਰੰਥ ਦੇ ਪੰਨਾ ੧੦੪੩ ਤੋਂ ਪੰਨਾ ੧੧੨੮ ਤੱਕ ਦੀ ਤ੍ਰਿਆ ਚਰਿਤ੍ਰਾਂ ਦੀ ਕਵਿਤਾ ਰਚਨਾ ਕਵੀ ਕਾਲ ਦੁਆਰਾ ਕੀਤੀ ਮਿਲਦੀ ਹੈ (ਸਫਾ ੧੧੬) ਜਦ ਕਿ ‘ਗਿਆਨ ਪ੍ਰਬੋਧ` ਤੇ `ਚਉਬੀਸ ਅਵਤਾਰ` ਦਾ ਰਚਨਹਾਰ ਕਵੀ ‘ਸਯਾਮ` ਹੈ। ਇਨ੍ਹਾਂ ਕਵੀਆਂ ਦੀ ਇਸ਼ਟ ਭਾਵਨਾ ਦੇਵੀ ਦੇਵਤਿਆਂ ਉਤੇ ਹੈ। ਬੇਸ਼ੱਕ ‘ਦਸਮ ਗ੍ਰੰਥ` ਕਿਤਾਬ ਦੇ ਅਨੇਕਾਂ ਲਿਖਾਰੀ ਹਨ ਪਰ ਉਨ੍ਹਾਂ ਸਭ ਲਿਖਾਰੀਆਂ ਨੇ ਇਕੋ ਲਗਨ ਤੇ ਇਕੋ ਇਸ਼ਟ ਭਾਵਨਾ ਅਧੀਨ ਗੁਰੂ ਗੋਬਿੰਦ ਸਿੰਘ ਦੀਆਂ ਬਾਣੀਆਂ `ਚ ਰਲ਼ਾ ਪਾਉਣ ਦਾ ਘਿਣਾਉਣਾ ਕੰਮ ਕੀਤਾ (੨੪)। ਇਥੇ ਦੇਵੀ ਨੂੰ ਉਪਰੋਕਤ ਲਿਖਾਰੀ ਭਾਂਤ ਭਾਂਤ ਦੇ ਨਾਵਾਂ ਨਾਲ਼ ਯਾਦ ਕਰਦੇ ਹਨ। ਅਨੇਕਾਂ ਨਾਵਾਂ ਚੋਂ ਕੇਵਲ ‘ਭਗਉਤੀ` (ਦੁਰਗਾ) ਨਾਮ ਦੁਆਰਾ ਮੰਗਲਾਚਰਨ ਕਰਕੇ ਕਵੀ ‘ਰਾਮ` ਤ੍ਰਿਆ ਚਰਿੱਤ੍ਰਾਂ ਦਾ ਅਰੰਭ ਕਰਦਾ ਹੈ। ਇਸ ਮੰਗਲਾਚਰਨ ਦੁਆਰਾ ਸਿਫਤਾਂ ਕਰਦਾ ਉਹ ਦੇਵੀ ਨੂੰ ‘ਸਰਬ ਵਿਆਪੀ ` ਜਾਣ ਕੇ ਉਸਦੇ ਕਈ ਨਾਮ ਲੈਂਦਾ ਹੈ: ਜਾਲਪਾ, ਕਾਲਕਾ, ਰਾਜਧਾਨੀ, ਉਗ੍ਰਾ, ਅਤਿਉਗ੍ਰਾ, ਜਯੰਤੀ, ਮੰਗਲਾ, ਕਪਾਲਿਨ, ਭੱਦ੍ਰਾਕਾਲੀ (ਅਤੀ ਡਰਾਉਣਾ ਰੂਪ), ਚੰਡ, ਚੰਡੀ, ਦੁਰਗਾ, ਭਗਵਤੀ, ਸ਼ਿਵਾ (੨੫) ਆਜਯਾ (ਘੀ), ਹਿੰਗਲਾ, ਪਿੰਗਲਾ, ਸ਼ਿਵ, ਸੀਤਲਾ, ਤੋਤਲਾ (ਜੋ ਸ਼ਰਾਬ ਪੀ ਕੇ ਬੋਲਣੋਂ ਬੰਦ (shut up) ਹੋ ਜਾਂਦੀ ਹੈ।), ਅੱਛਰਾ, ਪੱਛਰਾ, ਬੁੱਧ, ਬ੍ਰਿਧਿਆ ਆਦਿ। ਇਵੇਂ ਹੀ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜੇ ਜਾਂਦੇ ‘ਸਤੋਤ੍ਰ` ਵਿੱਚ ਵੀ ਦੇਵੀ ਨੂੰ ‘ਤਲਵਾਰ` ਕਹਿ ਕੇ ਹੋਰ ਨਾਵਾਂ ਸਮੇਤ ਜਿਵੇਂ ‘ਮਹਾਂ ਲੋਹ ਕੀ ਪੁਤ੍ਰਕਾ` ‘ਮਹਾਂ ਜੋਗ ਜਵਾਲਾਮੁਖੀ` ‘ਮਹਾਂ ਕਾਲ ਕੀ ਕਾਲਕਾ, ਕਾਲ ਕਰੁਧੰ `। ‘ਮਹਾਂ ਕਾਲ ਕੀ ਲਾਟ` ਆਦਿ ਵਿੱਚ ਵੀ ਦਰ ਅਸਲ (in fact) ਦੇਵੀ ਦੀ ਹੀ ਸਿਫਤ ਕੀਤੀ ਹੈ। ਭਾਈ ਰਣਧੀਰ ਸਿੰਘ ਜੀ ਨੇ ‘ਭਗਉਤੀ ਦੇ ਅਰਥ ਕਈ ਥਾਈਂ ਗ਼ਲਤ (ਸਫਾ ੫੦੭) ਕੀਤੇ ਹਨ ਪਰ ਸਫਾ ੫੦੮ ਉਪਰ ਠੀਕ ਅਰਥ (ਦੇਖੋ ਅਰਥ ਨੰ: ੨੧) ਪ੍ਰਸਤੁਤ ਹੋਏ ਹਨ: (ਭਗਉਤੀ =) ਭਾਗਾਂ ਵਾਲੀ ‘ਭਵਾਨੀ` ਦਾ ਪ੍ਰਤੱਖ ਸਰੂਪ ਤਲਵਾਰ (੨੬)। ਦੇਵੀ ਦੀ ‘ਤਲਵਾਰ` ਰੂਪ (goddess, in the form of sword) ਦੀ ਸਿਫਤ ਹੋਰ ਜ਼ਾਹਰਾ ਤੇ ਪ੍ਰਤੱਖ ਪਰਗਟ ਹੁੰਦੀ ਹੇ ਜਦ ਕਵੀ ਰਾਮ ਦੁਆਰਾ ਕੀਤਾ ਮੰਗਲ਼ ਪੜ੍ਹਦੇ ਹਾਂ: ਹੇ ਭਗਉਤੀ (ਦੁਰਗਾ) ! ਮੇਰੇ ਲਈ ਤੂੰ ਹੀ ਖੜਗਧਾਰੀ ਤੇ ਬਾਢਵਾਰੀ ਹੈਂ। ਮੈਂ ਤੈਨੂੰ ਹੀ ਤੀਰ, ਤਲਵਾਰ ਤੇ ਕਾਤੀ, ਕਟਾਰੀ ਮੰਨਦਾ ਹਾਂ। ਮੈਂ ਤੈਂਨੂੰ ਹੀ ਹਲੱਬੀ ਜੁਨੱਬੀ ਤੱਕਦਾ ਹਾਂ (ਸਫਾ XVII )ਤੂੰ ਸਰਬ ਵਿਆਪੀ ਹੈਂ। ਜੋਗ-ਮਾਇਆ ਤੇ ਬਾਕਬਾਨੀ (ਸ੍ਰੱਸਵਤੀ) ਰੂਪਾ ਤੇ ਸ੍ਰੀ ਭਵਾਨੀ ਤੂੰ ਹੀ ਹੈਂ। ਮੈਨੂੰ ਤਾਂ ਬ੍ਰਹਮਾ, ਬਿਸ਼ਨ ਤੇ ਰੁਦ੍ਰ (ਸ਼ਿਵ) ਰਾਜੇ ਵਿੱਚ ਵੀ ਤੂੰ ਹੀ ਨਜ਼ਰ ਆਉਂਦੀ ਹੈਂ। ਤੂੰ ਹੀ ਬਿਸਮਾਤਾ (ਜਗਤ ਮਾਤਾ) ਹੈਂ। ਦੇਵਤੇ ਦੈਂਤ ਤੇਰੇ ਹੀ ਪੈਦਾ ਕੀਤੇ ਹੋਏ ਹਨ। ਇੱਕ ਪਾਸੇ ਤੇਰਾ ਡਰਾਉਣਾ ਰੂਪ ਹੈ, ਦੂਜੇ ਪਾਸੇ ਤੂੰ ਅੰਤਾਂ ਦੀ ਸੋਹਣੀ ਹੈਂ। ਮੈਂ ਤਾਂ ਸਮਝਦਾ ਹਾਂ ਚਾਰੇ ਵੇਦ ਵੀ ਤੇਰੇ ਹੀ ਉਚਾਰੇ ਹੋਏ ਹਨ (ਭਾਵੇਂ ਹਿੰਦੂ ਧਰਮ ‘ਬ੍ਰਹਮਾ` ਨੂੰ ਵੇਦਾਂ ਦਾ ਕਰਤਾ ਮੰਨਦਾ ਹੈ) (ਸਫਾ ੧)। ਤੂੰ ਲਾਲ ਬਸਤ੍ਰ ਪਹਿਨਦੀ ਹੈਂ, ਤੇਰੇ ਗਲ਼ੇ `ਚ ਮੁਰਦਿਆਂ ਦੀਆਂ ਖੋਪਰੀਆਂ ਦਾ ਹਾਰ ਪਹਿਨਿਆ ਹੋਇਐ। ਦੁਰਗਾ ਤੇ ਸ਼ਿਵ ਦਾ ਰੂਪ ਵੀ ਤੇਰਾ ਹੀ ਹੈ। ਤੂੰ ਸ਼ੇਰ ਦੀ ਸਵਾਰੀ ਕਰਦੀ ਹੈਂ। ਤੂੰ ਚੌਦਾਂ ਲੋਕਾਂ ਦੀ ਰਾਣੀ ਹੈਂ। ਤੂੰ ਡੌਰੂ ਬਜਾਉਣ ਵਾਲ਼ੀ ਹੈਂ। ਤੂੰ ਹੀ ‘ਮੱਛ` ਦਾ ਰੂਪ ਧਾਰਿਆ ਤੇ ‘ਕੱਛ` ਹੋ ਕੇ ਸਮੁੰਦ੍ਰ ਨੂੰ ਰਿੜਕਿਆ; ਨਿਹਕਲੰਕੀ ਦੇ ਰੂਪ ਵਿੱਚ ਸਭ ਮਲੇਛਾਂ ਦਾ ਨਾਸ ਕੀਤਾ। ਕਵੀ ‘ਰਾਮ` ਅਖੀਰ `ਚ ਦੇਵੀ ਅੱਗੇ ਐਉਂ ਗਿੜਗੜਾਉਂਦਾ ਹੈ (prays) : ਹੇ ਮਾਂ (ਸ੍ਰੀ ਭਗਉਤੀ)! ਮੈਨੂੰ ਆਪਣਾ ਚੇਲਾ ਜਾਣ ਕੇ ਮੇਰੇ ਤੇ ਮੇਹਰ ਕਰਨੀ ਅਤੇ ਜੋ ਮੇਰੇ ਚਿਤ ਵਿੱਚ ਹੈ ਉਹ ਮੈਨੂੰ ਦੇਣਾ (੨੭)।

ਇਨ੍ਹਾਂ ਚਰਿਤ੍ਰਾਂ ਚੋਂ ਉਪਲਭਦ ਹੇਠਾਂ ਲਿਖਿਆ ਉਪਦੇਸ਼ ‘ਖ਼ਾਲਸਾ` ਜੀ ਨੇ ‘ਭੂਮਿਕਾ` ਵਿੱਚ (ਸਫ਼ਾ XVI -XVII) ਦਰਜ ਕੀਤਾ ਹੈ ਜਿਸ ਨੂੰ ਨਮੂਨੇ ਮਾਤ੍ਰ ਮੈਂ ਹੋਰ ਵਿਦਵਾਨਾਂ ਦੀ ਰਾਏ ਸਮੇਤ ਫੁਟਕਲ (miscellaneous) ਮਿਸਾਲਾਂ ਦੇ ਕੇ ਪਾਠਕਾਂ ਦੀ ਸਹੂਲਤ ਲਈ ਪੇਸ਼ ਕੀਤਾ ਹੈ:-

ੳ) ਸਿੱਖ ਧਰਮ ‘ਅਕਾਲ ਪੁਰਖ` ਨੂੰ ਮੰਨਦਾ ਹੈ, ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ। ‘ਕਾਲ ਪੁਰਖ` ਜਾਂ ਮਹਾਂਕਾਲ ਦੇਵਤੇ ਅਤੇ ਇਹਦੀ ਵਹੁਟੀ ਮਹਾਂਕਾਲੀ ਦੇਵੀ (੨੮) ਨੂੰ ਮੰਨਦਾ ਹੈ (੨੯)। ਤ੍ਰਿਆ ਚਰਿਤ੍ਰਾਂ ਦੇ ਅਖੀਰਲੇ ਚਰਿਤ੍ਰ (੪੦੪) ਵਿੱਚ ਬਹੁਤ ਖੋਲ੍ਹ ਕੇ ‘ਮਹਾਂਕਾਲ` ਦੇਵਤੇ ਦੀ ਹਸਤੀ ਨੂੰ ਬਿਆਨਿਆ ਗਿਆ ਹੈ (ਸਫਾ ੨੪੯-੨੬੫)। ਜਿਸ ਨੂੰ ‘ਬੇਨਤੀ ਚੌਪਈ` ਕਹਿੰਦੇ ਹਨ ਉਹ ਇਸ ਦਾ ਅਖੀਰਲਾ ਹਿੱਸਾ ਹੈ। ਜੇ ‘ਮਹਾਂਕਾਲ` ਵਾਰੇ ਵਧੇਰੀ ਵਾਕਫੀ ਚਾਹੋ ਤਾਂ ਪ੍ਰੋ: ਗੁਰਤੇਜ ਸਿੰਘ ਨੂੰ ਪੜ੍ਹੋ (੩੦)। ਦਸਮ ਗ੍ਰੰਥ ਦਾ ਰੱਬ ਜ਼ਾਲਮ, ਬਦਲਾ ਲਊ, ਕ੍ਰੋਧੀ, ਸੜੂ ਰੱਬ ਹੈ। ਸਿਖ ਰੱਬ ਦਿਆਲੂ, ਤਰਸਵਾਨ, ਜਿੰਨੀ ਵਾਰੀ ਗ਼ਲਤੀ ਕਰੇ ਕੋਈ, ਉਨੀ ਵਾਰੀ ਮੁਆਫ ਕਰਦਾ ਹੈ। ਇਨ੍ਹਾਂ ਸੰਕਲਪਾਂ ਦਾ ਵਧੇਰੇ ਟਾਕਰਾ ‘ਖ਼ਾਲਸਾ` ਜੀ ਦੁਆਰਾ ਹਥਲੀ ਪੁਸਤਕ ਦਾ ਸਫਾ ੨੪੯–੨੬੫ ਅਤੇ (੯) ਉਪਰ ਸਾਦੀ ਬੋਲੀ ਵਿੱਚ ਕੀਤਾ ਮਿਲਦਾ ਹੈ। ਤ੍ਰਿਆ ਚਰਿਤ੍ਰਾਂ ਦੇ ਮੁੱਢ `ਚ ਵੀ ਦੇਵੀ ਦੀ ਉਸਤਤੀ ਹੈ (੩੧), ਜਿਵੇਂ ਉਪਰ ਦਸਿਆ ਹੈ। ਫੇਰ ਦਸਮ ਗ੍ਰੰਥ ਗਾਈਆਂ ਅਤੇ ਬ੍ਰਾਹਮਣਾਂ ਨੂੰ ਪੂਜਣ ਦੀ ਸਿਫਾਰਸ਼ ਕਰਦਾ ਹੈ (੩੨)। ਪ੍ਰੋ: ਮਹਿਬੂਬ ਦਾ ਵਿਸ਼ਲੇਸ਼ਣ ਵੀ ਏਸੇ ਹੀ ਸਿਟੇ ਦੀ ਪ੍ਰੋੜਤਾ ਕਰਦਾ ਹੈ ਅਤੇ ਉਹ ਕਹਿੰਦੇ ਹਨ ਕਿ ਇਨ੍ਹਾਂ ਦੇਵੀ ਦੇਵਤਿਆਂ ਸਮੇਤ ਹੋਰ ਪੌਰਾਣਿਕ ਕਥਾਵਾਂ, ਪਾਤਰਾਂ ਅਤੇ ਸੰਕਲਪਾਂ ਦੇ ਨਾਮ ਜਿਹੜੇ ਕਵੀਆਂ ਨੇ ਵਰਤੇ ਹਨ ਉਹ ਉਨ੍ਹਾਂ ਵਲੋਂ ਇਨਕਾਰ ਕਰਨ ਦੇ ਬਾਵਜੂਦ ਦਸਮ ਗ੍ਰੰਥ ਵਿੱਚ ਧਰਮ ਇਸ਼ਟਾਂ ਦੇ ਰੂਪ ਵਿੱਚ ਉਭਰੇ ਹਨ (੩੩)।

ਅ) ਸਿੱਖ ਨੂੰ “ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ” ।। (੩੪) (ਭਾਈ ਗੁਰਦਾਸ) ਦਾ ਉਪਦੇਸ਼ ਹੈ (੩੫)। ਪਰ, ਕੌਣ ਕਿਹਦੇ ਨਾਲ ਸੈਕਸ ਕਰ ਸਕਦਾ ਹੈ? ਸਵਾਲ ਦੇ ਜਵਾਬ ਵਿੱਚ ਦਸਮ ਗ੍ਰੰਥ ਕਹਿੰਦਾ ਹੈ: ਪਿਓ ਆਪਣੀ ਧੀ ਤੇ ਧੀ ਪਿਓ ਨਾਲ਼। ਮਾਂ ਆਪਣੇ ਹੀ ਪੁੱਤ ਨਾਲ ਜਾਂ ਯਾਰ ਨੂੰ ਪੁੱਤ ਬਣਾ ਕੇ ਉਸ ਨਾਲ਼। ਤੇ ਪੁੱਤ ਮਾਂ ਨਾਲ਼ (ਚਰਿਤ੍ਰ ਨੰ: ੨੫੯)। ਭੈਣ, ਸਕੇ ਭਰਾ ਨਾਲ ਤੇ ਭਰਾ, ਸਕੀ ਭੈਣ ਨਾਲ (ਚਰਿਤ੍ਰ ਨੰ: ੧੯੬, ੨੧੨,)। ਦੇਵਰ ਅਤੇ ਜੇਠ ਭਰਜਾਈ ਨਾਲ ਤੇ ਭਰਜਾਈ ਦੇਵਰ ਜੇਠ ਨਾਲ। ਮੁੰਡਾ ਮੁੰਡੇ ਨਾਲ। (ਦੇਖੋ ਚਰਿਤ੍ਰ ਨੰ: ੧੯, ੧੩੮, ੧੬੬, ੧੬੭, ੧੮੩, ੧੯੬, ੨੧੨, ੨੨੪, ੨੫੯, ੨੬੩, ੨੯੫, ੩੦੯, ੩੧੮) (੩੬) ਅਵਤਾਰ ਸਿੰਘ ‘ਮਿਸ਼ਨਰੀ` ਨੇ ਦਸਮ ਗ੍ਰੰਥ `ਚੋਂ ਨੰ: ੧੮੩ ਅਤੇ ੧੯੬ ਦੋ ਚਰਿਤ੍ਰਾਂ ਦਾ ‘ਸੰਤਾਂ ਦੇ ਕੌਤਕ` (੩੭) `ਚੋਂ ਹਵਾਲਾ ਦਿਤਾ ਹੈ। ਅਜਿਹੇ ਚਰਿਤ੍ਰਹੀਣ ਚਰਿਤ੍ਰਾਂ ਵਾਰੇ ਜੋ ‘ਖ਼ਾਲਸਾ` ਜੀ ਪੁਛੱਦੇ ਹਨ, ਇਥੇ ਪੜ੍ਹ ਲੈਣਾਂ ਕੁਥਾਂ ਨਹੀਂ ਹੋਵੇਗਾ, ਕਿ ਜੇ “ਮਾਂ ਨਾਲ, ਭੈਣ ਨਾਲ, ਧੀ ਨਾਲ, ਭਰਜਾਈ ਨਾਲ ਭੋਗ ਕਰਕੇ ਵੀ ਬੰਦਾ ਸਿੱਖ ਰਹਿ ਸਕਦੈ ਤੇ ਦਾਰੂ ਪੀਣ ਨਾਲ, ਭੰਗ ਅਫੀੰਮ ਪੋਸਤ ਤਮਾਕੂ ਖਾਣ ਨਾਲ ਤੇ ਵਾਲ ਕੱਟਣ ਨਾਲ ਸਿੱਖੀ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤਕੜੇ (ਪੁਜਾਰੀਆਂ) ਦਾ ਸੱਤੀਂ ਵੀਹੀਂ ਸੌ ਜੁ ਹੋਇਆ”? ਅਗਲੇ ਫਿਕਰੇ ਵਿੱਚ ‘ਖ਼ਾਲਸਾ` ਜੀ ਆਪ ਹੀ ਜਵਾਬ ਦਿੰਦੇ ਕਹਿੰਦੇ ਹਨ ਕਿ “ਇਹ ਤਾਂ ਅਸੀਂ ਜਾਣਦੇ ਹੀ ਹਾਂ ਨਾ, ਭਾਈ! ਪੁਜਾਰੀ ਕਿਸ ਮਿੱਟੀ ਦੇ ਬਣੇ ਐਂ, ਸ਼ਰਮ ਤਾਂ ਨੇੜੇ ਤੇੜੇ ਢੁੱਕਦੀ ਹੀ ਨਹੀਂ, ਜੇ ਸ਼ਰਮ ਹੁੰਦੀ ਤਾਂ ਬਾਈ! ਆਹ ਦਸਮ ਗ੍ਰੰਥ ਨਹੀਂ ਸੀ ਹੋਣਾ, ਬਸ ਇਕੋ ਗ੍ਰੰਥ ਹੋਣਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ” (ਸਫਾ ੨੫੦)। “ਇਕਾ ਬਾਣੀ ਇੱਕ ਗੁਰ ਇਕਾ ਸਬਦ ਵੀਚਾਰ।। “ (੩੮) (੩੯)

(ੲ) ਦਸਮ ਗ੍ਰੰਥ ਨੂੰ ਮੰਨਣ ਵਾਲੇ ਸ਼ਾਕਿਤਮਤੀਏ (deity worshippers) ਦੀ ਰਹਿਤ, ਖ਼ਾਲਸਾ ਰਹਿਤ ਦੇ ਸੰਦਰਭ (context) ਵਿਚ ਇਉਂ ਦਰਸਾਈ ਹੈ: ਭੰਗ, ਮੱਛੀ, ਅਫੀਮ, ਚਰਸ, ਤੰਮਾਕੂ (ਬੱਜਰ ਕੁ-ਰਹਿਤ - ੧), ਗਾਂਜਾ, ਸ਼ਰਾਬ ਤੇ ਪੋਸਤ ਖੁਲ੍ਹ ਕੇ ਖਾ ਸਕਦਾ ਹੈ (ਚਰਿਤ੍ਰ ਨੰ: ੩੩੦, ੩੫੭, ੩੭੪, ੩੮੦, ੩੯੩, ੩੮੪ ੩੯੪; ਅਤੇ, (੪੦) ਬਾਲ ਸਫਾ (hair remover) ਲਾ ਕੇ ਰੋਮਾਂ (ਬੱਜਰ ਕੁ-ਰਹਿਤ - ੨) ਦੀ ਸਫਾਈ ਕਰ ਸਕਦਾ ਹੈ (ਚਰਿਤ੍ਰ ਨੰ: ੧੧੯, ੨੯੦, ੩੬੮, ੩੭੭)। ਰੋਮਾਂ ਦੀ ਸਫਾਈ ਕਰਕੇ ਤੀਵੀਂ ਦਾ ਭੇਸ ਧਾਰ ਕੇ ਪਰਾਈਆਂ ਔਰਤਾਂ ਭੋਗ (ਬੱਜਰ ਕੁ-ਰਹਿਤ - ੩) ਸਕਦਾ ਹੈ (ਚਰਿਤ੍ਰ ਨੰ: ੩੪੯, ੩੫੨, ੧੧੯)। ਕੁੱਠਾ (ਬੱਜਰ ਕੁ-ਰਹਿਤ - ੪) ਤੇ ਨਸ਼ੇ ਨਾਲ ਕਬਾਬ ਖਾ ਸਕਦਾ ਹੈ (ਚਰਿਤ੍ਰ ਨੰ: ੧੯੫, ੨੪੫)। (੪੧)। ਇਉਂ ਦਸਮ ਗ੍ਰੰਥ ‘ਸਿਖ ਰਹਿਤ ਮਰਯਾਦਾ` ਦਾ ਅੰਤ ਕਰਦਾ, ਖ਼ਾਲਸਈ ਜੀਵਨ ਜਾਚ ਦੇ ਭਰਵੇਂ ਵਿਰੋਧ ਵਿੱਚ ਜਹਾਦ ਵਿੱਢੀ ਬੈਠਾ ਹੈ (is waging a fully committed war to fight the Khalsa Code of Conduct and Sikh religious and cultural life style)। ਇਕੱਲੇ ਤ੍ਰਿਆ ਚਰਿਤ੍ਰਾਂ ਵਿੱਚ ਹੀ ਨਹੀਂ ਸਗੋਂ ਸਾਰੇ ਹੀ ਹਿੰਦੂ ਮਿਥਿਹਾਸ, ਦਸਮ ਗ੍ਰੰਥ ਜਿਹਦਾ ਇੱਕ ਮੁਜੱਸਮਾ (epitome) ਹੈ, ਵਿੱਚ ਇਹੋ ਹੀ ਕੜ੍ਹੀ ਘੋਲ਼ੀ ਹੋਈ ਹੈ, ਮਿਸਾਲ ਵਜੋਂ, ‘ਕ੍ਰਿਸ਼ਨਾ ਅਵਤਾਰ` ਵਿਖੇ ਕ੍ਰਿਸ਼ਨ ਆਪ ਆਪਣੀ ਭੈਣ, ਸੁਭੱਦਰਾ ਦਾ ਉਧਾਲਾ, ਆਪਣੇ ਭਰਾ ਬਲਿਰਾਮ ਤੋਂ ਚੋਰੀ ਕਰਾਉਂਦਾ ਹੈ (੪੨)।

ਸ) ਦਸਮ ਗ੍ਰੰਥ, ਕਤਲ ਕਰਨ ਦੇ ਰੁਝਾਨ ਪੈਦਾ ਕਰਦਾ (ਚਰਿਤ੍ਰ ਨੰ: ੨੩੯, ੨੫੮, ੨੬੧, ੨੭੩, ੩੦੨, ੩੧੦, ੩੨੩, ੩੫੫, ੩੬੭, ੩੯੭, ੩੮੮, ੩੮੫, ੩੮੨, ੩੭੨,)। ਕੁੜੀਆਂ ਨੂੰ ਮਿਤ੍ਰ ਨਾਲ ਭੱਜ ਜਾਣ ਲਈ ਵਰਗਲਾਉਂਦਾ (ਚਰਿਤ੍ਰ ਨੰ: ੨੬੪, ੨੮੩, ੩੧੫, ੩੪੧, ੩੫੯, ੩੬੨,)। ਚੋਰੀ ਕਰਨ ਤੇ ਠੱਗੀ ਮਾਰਨ ਲਈ ਉਤਸ਼ਾਹਿਤ ਕਰਦਾ ਹੈ (ਚਰਿਤ੍ਰ ਨੰ: ੩੨੬, ੩੨੯, ੩੩੨)। ਦੂਜਿਆਂ ਦੇ ਘਰ ਲੁੱਟਣ ਦੀ ਪ੍ਰੇਰਨਾ ਦਿੰਦਾ ਹੈ। ਜਿਵੇਂ ‘ਭੂਮਾਸਰ` ਰਾਜਾ ਜੰਗ ਹਾਰ ਗਿਆ; ਪਹਿਲਾਂ ਉਹਦਾ ਰਾਜ ਲੁਟਿਆ, ਫੇਰ ਉਹ ਦੀਆਂ ੧੬੦੦੦ ਕੁੜੀਆਂ ਨਾਲ ਜਬਰੀ ਵਿਆਹ ਕਰਾਇਆ, (ਕ੍ਰਿਸ਼ਨਾ ਅਵਤਾਰ) (੪੩)। ਸੋਲ਼੍ਹਾਂ ਹਜ਼ਾਰ ਨਾਲ਼ ਰੱਜ ਨਹੀਂ ਆਇਆ ਤਾਂ ਹੋਰ ੧੬੦੦ ਔਰਤਾਂ ਰਾਜੇ ‘ਨਰਕਾਸੁਰ` ਦੀਆਂ ਲਿਆ ਕੇ ਉਨ੍ਹਾਂ ਨੂੰ ਵੀ ਆਪਣੀਆਂ ਔਰਤਾਂ ਬਣਾ ਲਿਆ (ਚਰਿੱਤ੍ਰ ੨੦੩ਵਾਂ, ਸਫਾ ੧੦੪)। ਇਵੇਂ, ਦਸਮ ਗ੍ਰੰਥ ਇੱਕ ਪੁਰਖ-ਬਹੁ-ਇਸਤਰੀਵਾਦ ਦੀ ਜ਼ੋਰਦਾਰ ਵਕਾਲਤ ਕਰਦਾ ਹੈ।

(ਹ) ਪਤੀ ਪਤਨੀ ਦੇ ਰਿਸ਼ਤੇ ਨੂੰ ਸ਼ੱਕੀ ਬਣਾਉਂਦਾ ਹੈ (ਚਰਿਤ੍ਰ ਨੰ: ੫੮, ੨੪੨, ੨੫੪, ੨੫੮, ੨੬੫, ੨੬੭, ੩੭੯, ੩੮੮, ੩੯੧, ੩੯੮, ੩੯੯,)। ਆਪਣੀ ਔਰਤ ਨਾਲ ਗੁਦਾ ਭੋਗ (anal sex) ਕਰਨ ਦੀ ਪ੍ਰੇਰਨਾ ਦਿੰਦਾ ਹੈ (ਚਰਿਤ੍ਰ ਨੰ: ੧੩੪)। ਆਪਣੀ ਔਰਤ ਨੂੰ ਕਤਲ ਕਰਨਾ ਸਿਖੋ (ਚਰਿਤ੍ਰ ਨੰ: ੪੦)। ਆਪਣੇ ਪਤੀ ‘ਗੋਵਰਧਨ` ਨਾਲ ਬੜੀ ਸੁਖੀ ਵਸਦੀ ਰਸਦੀ `ਚੰਦ੍ਰਾਵਲੀ` (ਚੰਦ੍ਰਭਾਨ ਦੀ ਧੀ, `ਚੰਦ੍ਰਭਗਾ`) ਨੂੰ ਜ਼ੋਰੀ ਉਹਦੇ ਪਤੀ ਕੋਲੋਂ ਖੋਹ ਕੇ ਉਨ੍ਹਾਂ ਦਾ ਘਰ ਉਜਾੜ ਕੇ ਆਪਣੀ ਰਖੇਲ (girl friend) ਬਣਾਇਆ (ਜੁਜ ਮਹਿ ਜੋਰ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨ ਜਾਦਮੁ ਭਇਆ।। (੪੪) (ਗੁਰੂ ਨਾਨਕ, ਆਸਾ ਕੀ ਵਾਰ; ਨੋਟ: ਯਾਦ ਰਹੇ, `ਚੰਦ੍ਰਾਵਲੀ` ਦਾ ਨਾਮ ਕਵੀ ਸਯਾਮ ਨੇ ‘ਕ੍ਰਿਸ਼ਨਾ ਅਵਤਾਰ` ਵਿੱਚ `ਚੰਦ੍ਰਭਗਾ` ਲਿਖਿਆ ਹੈ (੪੫) (੪੬))। ਦਸਮ ਗ੍ਰੰਥ, ਸਮੁਚੀ ਔਰਤ ਜ਼ਾਤ ਨੂੰ ਦਬਾੱ ਕੇ ਰੱਖਣ ਲਈ ਕਹਿੰਦਾ ਹੈ। ਘਰ `ਚ ਔਰਤ ਨੂੰ ਕੁੱਟ ਕੇ ਕਾਬੂ ਰਖਣ ਦਾ ਤਕੜਾ ਹਾਮੀ ਹੈ (ਚਰਿਤ੍ਰ ਨੰ: ੧੨੧, ੨੪੯)। ਗੁਰੂ ਜੀ ਔਰਤ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ (ਜੋ ਇਸਤਰੀ ਜਾਂ ਮਰਦ ਇੱਕ ਅਕਾਲ ਪੁਰਖ ਅਤੇ ਦਸਾਂ ਸਿਖ ਗੁਰੂਆਂ (ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ) ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੇ ਚਲਦਾ ਹੈ, ਅੰਮ੍ਰਿਤ ਤੇ ਨਿਸਚਾ ਰਖਦਾ ਹੈ, ਉਹ ਸਿੱਖ ਹੈ (੪੭)।

(ਕ) ਦਸਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਸਿਖਿਆ ਦਾ ਭਰਵਾਂ ਵਿਰੋਧ ਕਰਦਾ ਹੈ (੪੮; ਅਤੇ, ਦੇਖੋ, ਪ੍ਰੋ: ਮਹਿਬੂਬ ੨੦੦੦, ਸਫਾ ੬੯੨-੩)। ਜਿਵੇਂ ਬੱਚੇ ਪੈਦਾ ਕਰਨ ਲਈ ਪਰਾਏ ਮਰਦ ਨਾਲ ਦੋਸਤੀ ਕਰੋ (ਚਰਿਤਰ ੨੯੩)। ਰਾਜਾ ਜੰਗ `ਚ ਹਾਰ ਗਿਆ ਉਹਦੀ ਮਾਂ ਨੰਗੀ ਹੋ ਕੇ ਕ੍ਰਿਸ਼ਨ ਦੇ ਸਾਹਮਣੇ ਆ ਗਈ। ਅਣਖ, ਗ਼ੈਰਤ, ਕੁਰਬਾਨੀ, ਜੂਝ ਮਰਨਾ, ਨਾਮ ਜਪਣਾ, ਵੰਡ ਕੇ ਛਕਣਾ, ਕਿਰਤ ਕਰਨਾ, ਧੀ ਭੈਣ ਦੀ ਇੱਜ਼ਤ ਦੇ ਰਾਖੇ ਹੋਣਾ, ਸ਼ਰਣ ਆਏ ਦੀ ਰੱਖਿਆ ਕਰਨੀ, ‘ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ` ਅੰਮ੍ਰਿਤ ਛਕਣਾ, ਰਹਿਤ ਰੱਖਣੀ ਇਹ ਉਪਦੇਸ਼ ਗੁਰੂ ਸਾਹਿਬ ਜੀ ਨੂੰ ਸਿਖ ਨੂੰ ਦਿੰਦੇ ਹਨ।

(ਖ) ਪੂਰਵ-ਨਾਨਕਵਾਦੀ ਵਹਿਮਾਂ ਭਰਮਾਂ ਤੇ ਪਖੰਡੀ ਰਾਹਾਂ ਨੂੰ ਮੁੜ ਉਸਾਰਦਾ (ਚਰਿਤ੍ਰ ਨੰ: ੯੫) ਤੇ ਇਨ੍ਹਾਂ ਨੂੰ ਧਾਰਨ ਕਰਨ ਲਈ ਉਤਸ਼ਾਹਿਤ ਕਰਦਾ ਹੈ (੪੯)। ‘ਐਂਡੇ ਰਾ ਭਾਟ` ਨੂੰ ਕਹਿੰਦਾ ਮੈਂ ਇੱਕ ਬੀਰ ਸੱਦਾਂਗਾ ਉਹ ਮੰਜੇ ਤੇ ਚੜ੍ਹ ਕੇ ਤੇਰੀ ਔਰਤ ਨਾਲ ਮਲ ਯੁੱਧ (wrestling) ਕਰੇਗਾ ਤੇ ਤੂੰ ਅਰੋਗ ਹੋ ਜਾਏਂਗਾ (ਚਰਿੱਤ੍ਰ ੧੭੨)। ਮੂਰਤੀ ਪੂਜਾ ਵਿੱਚ ਵਿਸ਼ਵਾਸ਼ ਪੈਦਾ ਕਰਦਾ ਹੈ (੫੦)। ਹਿੰਦੂ ਰਿਸ਼ੀਆਂ ਮੁਨੀਆਂ ਦਾ ਬੀਰਜ ਕਦੇ ਸਰਕੜੇ `ਚ, ਕਦੇ ਅੱਗ ਚ ਵਾਰ ਵਾਰ ਡਿਗਦਾ। ਫਿਰ ਉਥੋਂ ਸੱਪਣੀਆਂ ਨੂੰ ਗਰਭ ਹੁੰਦੇ ਹਨ ਅਤੇ ਰਿਸ਼ੀ ਪੈਦਾ ਹੁੰਦੇ ਹਨ। ਜਿਵੇਂ ਉਪਰੋਕਤ ਕਪਲਿ ਮੁਨੀ ਦੇ ਸਿਰਫ ਬੀਰਜ (semen) ਡਿਗਣ ਨਾਲ ਹੀ ‘ਕਾਲ` ਦੀ ਵਹੁਟੀ, ‘ਉਰਬਸੀ` ਨੂੰ ਹਮਲ (ਗਰਭ) ਠਹਿਰ ਗਿਆ (became pregnant) (ਚਰਿਤ੍ਰ ੧੦੮/੯) (ਸਫਾ ੫੦)। ਕੁੜੀ ਇੱਲ (a kind of kite or vulture) ਬਣ ਕੇ ਅਕਾਸ਼ ਵਿੱਚ ਉਡ ਕੇ ਪਹੁੰਚਦੀ ਹੈ। ਇੱਕ ਰਾਜੇ ‘ਸਹੱਸਬਾਹੂ` ਦੀਆਂ ਹਜ਼ਾਰ ਬਾਹਾਂ ਹੋ ਗਈਆਂ ਜਿਨ੍ਹਾਂ ਨਾਲ ਉਹ ਜੰਗ `ਚ ਲੜਿਆ। ਮਹਾਂਕਾਲ ਦੀਆਂ ਕਦੇ ਚਾਰ ਬਾਹਾਂ, ਕਦੇ ਅੱਠ ਬਾਹਾਂ ਹੋ ਜਾਂਦੀਆਂ ਹਨ ਪਰ ਮੂਰਤੀ ਵਿੱਚ ਸਿਰਫ ਛੇ ਹਨ (੫੧)। ਜੰਤ੍ਰ ਮੰਤ੍ਰ ਪੜ੍ਹ ਕੇ ਟੂਣੇ ਨਾਲ ਸੂਰਜ ਚੜ੍ਹਨਾ ਰੋਕੋ (ਚਰਿੱਤ੍ਰ ੨੨੫)। ਕ੍ਰਿਸ਼ਨ ਕਈ ਚਿਰ ਅਦਿਖ (invisible) ਹੋਇਆ ਰਿਹਾ, ਕਿਸੇ ਨੂੰ ਪਤਾ ਹੀ ਨਾ ਲੱਗੇ ਕਿਥੇ ਚਲਾ ਗਿਆ ਸੀ। ਫੇਰ ਉਹ ਸਵਰਗ ਵਿੱਚ ਚਲਿਆ ਗਿਆ। ਉਥੋਂ ਮੁੜਦਾ ਹੋਇਆ ‘ਪਾਰਜਾਤ` ਰੁੱਖ ਆਪਣੀ, ੧੬੧੦੮ ਚੋਂ ਇੱਕ ਜ਼ਿਆਦਾ ਪਿਆਰੀ ਤੀਵੀਂ, ਸਤਭਾਮਾ, ਲਈ ਲਿਆਇਆ ( “ਪਾਰਜਾਤੁ ਗੋਪੀ ਲੈ ਆਇਆ” (੫੨) (੫੩) (੫੪)। ਮਰਦ ਦੇ ਮਰਨ ਤੇ ਤੀਵੀਂ ਦਾ ਮੁਰਦੇ ਦੇ ਨਾਲ਼ ਜੀਂਦੇ ਜੀਅ ਸੜ੍ਹ ਮਰਨਾਂ ਜਾਂ ਸਤੀ ਹੋਣਾ ਜਾਂ ਕਾਂਸ਼ੀ ਜਾ ਕੇ ਆਰੇ ਨਾਲ ਜੀਂਦੇ ਜੀਅ ਚੀਰੇ ਜਾਣਾਂ। ਆਪਣੀਆਂ ਲੜਕੀਆਂ ਚੋਂ ਇੱਕ ਮੰਦਰ ਜਾ ਚੜ੍ਹਾਂਉਣੀ। ਐਉਂ ਵਾਧੂ ਔਰਤਾਂ ਨੇ ‘ਰਾਮਜਣੀਆਂ` ਬਣ ਕੇ ਕਿੱਤੇ ਕਰਨ ਲੱਗ ਜਾਣਾਂ (turn into prostitutes) (੫੫)। ਫੇਰ ਅਰਬ ਮੁਲਕਾਂ ਚੋਂ ਹਮਲਾਆਵਰਾਂ ਨੇ ਆ ਕੇ ਧਿੰਗੋ-ਜ਼ੋਰੀ ਹਿੰਦੋਸਤਾਨ ਚੋਂ ਹਿੰਦੂ ਤੀਵੀਆਂ ਲੁੱਟ ਕੇ ਲਿਜਾਣੀਆਂ ਤੇ ਟਕੇ ਟਕੇ ਨੂੰ ਬਜ਼ਾਰੀਂ ਵੇਚਣੀਆਂ। (੫੬)। ਐਵੇਂ ਤਾਂ ਨਹੀਂ ਅਖਾਉਤਾਂ ਬਣ ਗਈਆਂ: ‘ਮੋੜੀਂ ਬਾਬਾ ਕੱਛ ਵਾਲਿਆ! ਗਈ ਰੰਨ ਬਸਰੇ (Basra) ਨੂੰ `।

ਗ) ਦਸਮ ਗ੍ਰੰਥ ਸਮੂਹ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਲਈ ਪ੍ਰੇਰਦਾ ਹੈ (੫੭)। ਵੇਦਾਂ, ਪੁਰਾਣਾਂ ਤੇ ਸਿਮ੍ਰਤੀਆਂ ਦੇ ਪਾਠ ਰਾਹੀਂ ਪੂਜਾ ਕਰਨ ਤੇ ਜ਼ੋਰ ਦਿੰਦਾ। ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ (੫੮)। ਜੁਗਾਂ `ਚ ਵਿਸ਼ਵਾਸ਼ ਪੈਦਾ ਕਰਦਾ। ਕਬਰਾਂ ਦੀ ਪੂਜਾ ਕਰਨ ਨੂੰ ਕਹਿੰਦਾ। ਬਲ਼ੀ ਦੇਣ ਨੂੰ ਪੁੰਨ ਸਮਝਦੈ; ਹਵਨ ਤੇ ਜਗ ਕਰਾਉਣ ਲਈ ਪ੍ਰੇਰਦਾ ਹੈ। ਸਗਨਾਂ ਅਪਸਗਨਾਂ ਦਾ ਖੂਬ ਪ੍ਰਚਾਰ ਕਰਦੈ। (੫੯)।

(ਘ) ਸ੍ਰਿਸ਼ਟੀ ਰਚਨਾ ਬਾਰੇ ਦਸਮ ਗ੍ਰੰਥ ਦੀ ਸਿਖਿਆ ਗੁਰੂ ਗ੍ਰੰਥ ਜੀ ਤੋਂ ਬਿਲਕੁਲ ਉਲਟ ਹੈ (੬੦)। ਸਿੱਖ ਧਰਮ ਰੱਬ ਨੂੰ ਸ੍ਰਿਸ਼ਟੀ ਰਚਣਹਾਰ ਮੰਨਦਾ, ਦਸਮ ਗ੍ਰੰਥ ‘ਕਾਲ` ਨੂੰ (ਸਫਾ ੧੧੦)। ਕਦੇ ਕੰਨ ਦੀ ਮੈਲ ਚੋਂ ਕਦੇ ਕਾਲ ਦੁਆਰਾ ਦਸਮ ਗ੍ਰੰਥ ਸਿਸ਼੍ਰਟੀ ਰਚੀ ਮੰਨਦਾ ਹੈ (੬੧)।

(ਙ) ਦਸਮ ਗ੍ਰੰਥ ਦਾਨ ਕਰਨ ਨੂੰ ਬੜੀ ਮਹੱਤਤਾ ਦਿੰਦਾ (੬੨)। ਇਥੇ ਤਕ ਪਈ ਆਪਣੀ ਔਰਤ ਬ੍ਰਾਹਮਣ ਨੂੰ ਦਾਨ `ਚ ਕਹਿੰਦਾ ਦਵੋ (ਚਰਿਤ੍ਰ ਨੰ: ੨੭੨, ਸਫਾ ੧੬੨) (ਚਰਿਤ੍ਰ ਨੰ: ੩੪੦, ਸਫਾ ੨੦੭)। ਬਾਬਰ ਹੀ ਨਹੀਂ ਜ਼ੋਰੀ ਦਾਨ ਲੈਂਦਾ ਸੀ, ਦਸਮ ਗ੍ਰੰਥ ਦੂਜਿਆਂ ਦੀਆਂ ਔਰਤਾਂ ਜ਼ਬਰਦਸਤੀ ਖੋਹ ਕੇ ਆਪਣੇ ਘਰ ਰਖਣ ਲਈ ਉਤਸ਼ਾਹਿਤ ਕਰਦਾ ਹੈ, ਜਿਵੇਂ ਉਪੋਕਤ ਚੰਦ੍ਰਾਵਲੀ (ਚੰਦ੍ਰਭਗਾ) ਨੂੰ ੧੬੧੦੮ ਔਰਤਾਂ ਹੁੰਦਿਆਂ ਸੁੰਦਿਆਂ ਕ੍ਰਿਸ਼ਨ ਨੇ ਆਪਣੀ ਰਖੇਲ ਲਿਆ ਬਣਾਇਆ (੬੩) (੬੪)। ਕ੍ਰਿਸ਼ਨ ਨੇ ਅਰਜਨ ਨੂੰ ਸੁ-ਭੱਦਰਾ ਨੂੰ ਕੱਢ ਲਿਜਾਣ (seduce) ਲਈ ਉਕਸਾਇਆ (੬੫)।

(ਚ) ਦਸਮ ਗ੍ਰੰਥ ਰੱਬ ਨੂੰ ਮਾਂ ਦੇ ਪੇਟ ਤੋਂ ਪੈਦਾ ਹੁੰਦਾ ਦਸਦਾ ਹੈ ਅਤੇ ਅਵਤਾਰਾਂ `ਚ ਵਿਸ਼ਵਾਸ਼ ਪੈਦਾ ਕਰਦਾ ਹੈ (੬੬) (੬੭)। ਕ੍ਰਿਸ਼ਨ ਕਦੇ ਦੇਵੀ ਦੀ ਪੂਜਾ, ਕਦੇ ਸ਼ਿਵ ਦੀ ਪੂਜਾ ਕਦੇ ਆਪ ਰੱਬ ਅਖਵਾਉਂਦੈ, ਅਖੇ, ਮੈਂ ਵਿਸ਼ਨੂੰ ਹਾਂ, ਮੈਂ ਸਮਰੱਥ ਹਾਂ, ਮੈਨੂੰ ਕੋਈ ਪਾਪ ਨਹੀਂ ਲਗਦਾ, ਮੈਂ ਜਿੰਨੀਆਂ ਮਰਜ਼ੀ ਔਰਤਾਂ ਭੋਗਾਂ ਜਾਂ ਭੰਗ ਪੀਵਾਂ (੬੮) (੬੯)।

(ਛ) ਦਸਮ ਗ੍ਰੰਥ ਨਰਕ ਤੇ ਸਵਰਗ ਦੋਵੇਂ ਥਾਵਾਂ ਕਾਇਮ ਰਖਦਾ ਹੈ। ਮਿਸਾਲ ਵਜੋਂ, ਕ੍ਰਿਸ਼ਨ ਕਦੇ ਅਲੌਕਿਕ ਢੰਗ ਨਾਲ ਇੰਦਰ ਲੋਕ `ਚ ਚਲਾ ਜਾਂਦਾ ਹੈ ਉਥੇ ਲੜਾਈ ਕਰਦਾ; ਉਥੋਂ ਰੁੱਖ ਲੈ ਆਉਂਦਾ (੭੦)।

(ਜ) ਦਸਮ ਗ੍ਰੰਥ `ਚ ਸੈਕਸ (ਕਾਮ) ਹੀ ਸਭ ਤੋਂ ਵੱਡੀ ਪ੍ਰਾਪਤੀ ਹੈ। ਸਾਰੇ ਦੇ ਸਾਰੇ ਚਰਿੱਤ੍ਰ, ਕੁੱਝ ਇੱਕ ਨੂੰ ਛੱਡ ਕੇ, ਕਾਮ ਰਸ ਲੈਣ, ਕਤਲ, ਮਾਰਧਾੜ, ਧੀਆਂ ਭੈਣਾਂ ਨੂੰ ਵਰਗਲਾਉਣਾਂ, ਉਨ੍ਹਾਂ ਨੂੰ ਉਧਾਲਣਾ, ਮਾਲ, ਅਸਬਾਬ ਖੋਣ੍ਹਾਂ, ਧੋਖਾ ਠਗੀ ਫਰੇਬ ਤੇ ਹੀ ਕੇਂਦਰਿਤ ਹਨ। ਇਲਾਵਾ, ਦਸਮ ਗ੍ਰੰਥ ‘ਕੋਕ ਸ਼ਾਸਤ੍ਰ` ਪੜ੍ਹਨ ਅਤੇ ਉਸ ਅਨੁਸਾਰ ਭੋਗ (sex) ਕਰਨ ਨੂੰ ਕਹਿੰਦਾ ਹੈ (ਚਰਿਤ੍ਰ ਨੰ: ੨੮੮, ਸਫਾ ੧੭੧-੨) ਅਤੇ (੭੧)। “ਚਾਰਿ ਪ੍ਰਕਾਰ ਕੋ ਭੋਗ ਕੀਓ, ਨਰ ਨਾਰਿ ਹੁਲਾਸ ਹੀਯੈ ਮੈ ਬਢੈ ਕੈ। ਆਸਨ ਕੋਕ ਕੇ ਬੀਚ ਜਿਤੇ, ਕਬਿ ਭਾਖਤ ਹੈ ਸੁ ਸਬੈ ਇਨ ਕੈ ਕੈ।। ੨੨੦੫।। “ ਚਾਰ ਪ੍ਰਕਾਰ ਦੇ ਭੋਗ ਦੇ ਅਰਥ ਕਿਤਾਬਾਂ `ਚ ਐਉਂ ਲਿਖੇ ਮਿਲਦੇ ਹਨ: “(ੳ) ਛੁਹਣਾ, ਪਲੋਸਣਾ, ਘੁੱਟਣਾ (ਅ) ਚੁੰਮਣਾ–ਚੱਟਣਾ (ੲ) ਨਹੁੰ ਮਾਰਨਾ, ਚੂੰਡੀ ਵੱਢਣਾ (ਸ) ਜਿਣਸੀ ਅੰਗਾਂ ਦਾ ਮੇਲ, ਸੰਜੋਗ “ (੭੨)।

(ਝ) ਜਿੰਨਾਂ ਭੂਤਾਂ `ਚ ਯਕੀਨ ਬਨ੍ਹਾਉਂਦਾ ਹੈ (ਚਰਿਤ੍ਰ ਨੰ: ੧੩੫, ਸਫਾ ੬੪-੫) ਭਾਵ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਮੰਨਦਾ (੧੦੧ਵਾਂ, ਸਫਾ ੪੭)। ਬੀਰਾਂ ਦੀ ਹੋਂਦ ਨੂੰ ਮੰਨਦਾ ਹੈ (ਚਰਿੱਤ੍ਰ ੩੫੬) ਅਤੇ (ਭੂਤ ਪਿਸਾਚ ਕਰੈਂ ਕਿਲਕਾਰ; ਫਿਰੈਂ ਰਨ ਜੋਗਿਨ ਖੱਪਰ ਲੀਨੇ। ਆਨਿ ਫਿਰਿਓ ਤਹ ਸ੍ਰੀ ਤ੍ਰਿਪੁਰਾਰਿ; ਸੁ ਆਧੋਈ ਅੰਗ ਸਿਵਾ ਤਨ ਕੀਨੇ।। ੧੨੩੧।। ਭਾਵ ਭੂਤਨੇ ਅਤੇ ਪ੍ਰੇਤ ਕਿਲਕਾਰੀਆਂ ਮਾਰਦੇ ਹਨ। ਕਾਲੀ ਦੇਵੀ ਦੀਆਂ ਸੇਵਕ ਸਾਥਣਾਂ, ਜੋਗਣੀਆਂ ਰਣ ਵਿੱਚ ਖੱਪਰ ਲਈ ਫਿਰਦੀਆਂ ਹਨ। ਉਥੇ ਸ਼ਿਵ (Shiv) ਆਪਣੀ ਵਹੁਟੀ (ਸ਼ਿਵਾ Shiva = ਪਾਰਬਤੀ) ਸਮੇਤ ਆ ਗਿਆ। ਘੱਟ ਪਾਰਬਤੀ ਵੀ ਨਹੀਂ, ਹੱਡੀਆਂ ਦੀ ਮਾਲ਼ਾ ਪਹਿਨਦੀ ਹੈ। ਜੋਗਨੀਆਂ ਤੇ ਜਿੰਨ ਭੂਤ ਇਹ ਵੀ ਰਖਦੀ ਹੈ (੭੩)।

(ਞ) ਦਸਮ ਗ੍ਰੰਥ ਭੰਗ ਪੋਸਤ ਸ਼ਰਾਬ ਤੇ ਹੋਰ ਨਸ਼ਿਆਂ ਦੇ ਸੇਵਨ ਨੂੰ ਖੁਲ੍ਹ ਦਿਲੀ ਨਾਲ ਛਕ ਲੈਣ ਦੀ ਵਕਾਲਤ ਤੇ ਪ੍ਰੇਰਨਾ ਕਰਦਾ ਹੈ। ਸਾਡੇ ਪਾਠੀ, ਭਾਈ, ਕਥਾਕਾਰ ਤੇ ਪਰਚਾਰਕ ਆਦਿ ਅਖੰਡ ਪਾਠ ਕਰਦੇ ਵਕਤ ਅਫੀਮ, ਜ਼ਰਦਾ, ਭੰਗ, ਚਰਸ ਦੀਆਂ ਗੋਲੀਆਂ ਖਾਕੇ ਪਾਠ ਦੀਆਂ ਰੌਲ਼ਾਂ ਲਾਉਂਦੇ ਹਨ। ਇਹ ਦਸਮ ਗ੍ਰੰਥ ਦੀ ਗੰਦੀ ਸਿਖਿਆ ਦਾ ਹੀ ਅਸਰ ਹੈ। ‘ਖ਼ਾਲਸਾ` ਜੀ ਲਿਖਦੇ ਹਨ ਕਿ ਜੇ ਉਨ੍ਹਾਂ ਨੂੰ ਟੋਕੋ ਤਾਂ ਉਹ ਦੰਦੀਆਂ ਕੱਢ ਕੇ ਆਖਦੇ ਹਨ ‘ਬਾਈ ਦਸਮ ਗ੍ਰੰਥ ਮੈਂ-ਤਾਂ-ਨੀ ਲਿਖਿਆ` ਗੁਰੂ ਗੋਬਿੰਦ ਸਿੰਘ ਜੀ ਲਿਖ ਗਏ ਹਨ। ‘ਖ਼ਾਲਸਾ` ਜੀ ਦਾ ਅਨੁਮਾਨ ਹੈ ਕਿ ਇੱਕ ਹਜ਼ਾਰ ਦੇ ਪਿਛੇ ਇੱਕ ਨੇ ਵੀ ਦਸਮ ਗ੍ਰੰਥ ਦੇ ਦੀਦਾਰ ਨਹੀਂ ਕੀਤੇ, ਕੇਵਲ ਨਾਂ ਸੁਣਿਆਂ ਹੈ। ਫਿਰ ਵੀ ਉਸ ਦੀ ਆੜ ਥੱਲੇ ਗਿਆਨ ਧਿਆਨ ਝਾੜਦੇ ਹਨ (ਸਫਾ ੯੭)।

(ਟ) ਦਸਮ ਗ੍ਰੰਥ ਭੇਖੀ ਗੁਰੂਆਂ ਤੇ ਸਾਧਾਂ ਦੀ ਵਕਾਲਤ ਕਰਦਾ ਹੈ। ਅਪ੍ਰਤਿਮ ਕਲਾ (ਰਾਣੀ) ਨੇ ਜਦ ‘ਅੰਜਨ ਰਾਇ` ਨਾਲ ਪਹਿਲੀ ਕਾਮ ਕ੍ਰੀੜਾ (sex romp) ਕੀਤੀ ਤਾਂ ਯਾਰ (lover) ਰਾਜੇ ਵਲੋਂ ਫਿਕਰਮੰਦ ਹੋਇਆ। ਅਪ੍ਰਤਿਮ ਕਹਿੰਦੀ ਤੂੰ ਨਾ ਫਿਕਰ ਕਰ, ਕਲ੍ਹ ਨੂੰ ਜੋਗੀ ਦੇ ਕੱਪੜੇ ਪਾ ਕੇ ਆ ਜਾਈਂ, ਕਹੀਂ ਮੈਂ ‘ਗੁਰੂ` ਹਾਂ। ਦੂਏ ਦਿਨ ਜੋਗੀ ਰਾਜੇ ਦਾ ਗੁਰੂ ਬਣਾ ਘੱਤਿਆ। ਉਸ ਨੇ ਰਾਜੇ ਨੂੰ ਮੰਤ੍ਰ ਦਿੱਤਾ। ਰਾਣੀ ਰਾਜੇ ਨੂੰ ਕਹਿੰਦੀ ਜੇ ਗੁਰੂ ਭਰਮਾਵੇ (ਭਟਕਾਵੇ) ਤਾਂ ਭਟਕ ਨਹੀਂ ਜਾਈਦਾ। ਕਹਿੰਦੀ, ਚੰਦਰਿਆ! ਜਿਹੜਾ ਕੋਈ ਮੰਤ੍ਰ ਦਿੰਦਾ ਹੈ ਉਹ ਆਪਣੇ ਸਿਖ ਨੂੰ ਮੁੱਲ ਖ੍ਰੀਦ ਲੈਂਦਾ ਹੈ ਜੇ ਕਰ ਉਹ ਭੈਣ ਜਾਂ ਮਾਂ ਨਾਲ ਸੰਭੋਗ (sex) ਵੀ ਕਰਦਾ ਦੇਖ ਲਿਆ ਜਾਏ ਤਾਂ ਉਸ ਅਗੇ ਸੀਸ ਝੁਕਾਣਾ ਚਾਹੀਦਾ ਹੈ, ਰੋਸ ਨਹੀਂ ਕਰੀਦਾ (ਸਫਾ ੯੮)।

ਅਜਿਹੇ ਅਨੇਕਾਂ ਪ੍ਰਮਾਣ ਅਖੌਤੀ ਦਸਮ ਗ੍ਰੰਥ ਦੇ ਮਸਨੂਈ (fake) ਉਪਦੇਸ਼ਾਂ ਚੋਂ ਅਜੇ ਹੋਰ ਦਿੱਤੇ ਜਾ ਸਕਦੇ ਹਨ। ਪਰ ਜੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਵਿਚੋਂ ਮਿਲੇ ਅਸਲੀ ਉਪਦੇਸ਼ਾਂ ਚੋਂ ਕੁੱਝ ਮਿਸਾਲਾਂ ਲੈਂਦੇ ਹਾਂ ਤਾਂ ਦਸਮ ਗ੍ਰੰਥ ਦੀ ਸਿਖਿਆ ਦੇ ਮੁਕਾਬਲੇ `ਚ ਰਖ ਕੇ ਦੇਖਿਆ ਜਾ ਸਕਦਾ ਹੈ ਕਿ ਕਿਹੜਾ ਉਪਦੇਸ਼ ਗੁਰੂ ਗ੍ਰੰਥ ਦੀ ਕਸਵੱਟੀ ਉਪਰ ਪੂਰਾ ਉਤਰਦਾ ਹੈ। ਪਹਿਲੀ ਮਿਸਾਲ, ਜ਼ਿਲ੍ਹਾ ਹੋਸ਼ਿਆਰ ਪੁਰ ਦੇ ਪਿੰਡ ਬਸੀ ਦੇ ਜਾਬਰ ਖਾਨ ਪਠਾਣ ਦੁਆਰਾ ਬ੍ਰਾਹਮਣ ਦੀ ਸਜ-ਵਿਆਹੀ ਪਤਨੀ ਨੂੰ ਡੋਲੇ ਚੋਂ ਜ਼ੋਰੀ ਕੱਢ ਕੇ ਘਰ ਪਾ ਲੈਣ ਦੀ ਹੈ। ਜਦ ਬ੍ਰਾਹਮਣ ਨੇ ਹਾਲ ਪਾਹਰਿਆ ਕੀਤੀ ਤਾਂ ਉਹਨੂੰ ਕੁਟਿਆ ਮਾਰਿਆ ਗਿਆ। ਅਨੰਦ ਪੁਰ ਜਾ ਕੇ ਗੁਰੂ ਚਰਨਾਂ `ਚ ਫਰਿਆਦੀ ਹੋਇਆ। ਗੁਰੂ ਜੀ ਨੇ ਸਾਹਿਬ ਅਜੀਤ ਸਿੰਘ ਨੂੰ ਸੌ ਸਵਾਰ ਦੇ ਕੇ ਭੇਜਿਆ। ਦਿਜ (Brahmin) ਨਾਰੀ ਛੁਡਾਈ। ਜਾਬਰ ਖਾਂ ਨੂੰ ਸਜ਼ਾਏ-ਮੌਤ ਮਿਲੀ। ਦੂਜਾ, ਭਾਈ ਜੋਗਾ ਸਿੰਘ ਹੋਸ਼ਿਆਰ ਪੁਰ ਪੜਾ ਕਰਦਿਆਂ ਰਾਤ ਨੂੰ ਵੇਸਵਾ ਵੇਖ ਕੇ ਡੋਲ ਗਿਆ ਸੀ। ਕਿਤਾਬਾਂ `ਚ ਲਿਖਿਆ ਮਿਲਦਾ ਹੈ ਗੁਰੂ ਜੀ ਨੇ ਜੋਗਾ ਸਿੰਘ ਨੂੰ ਪਤਿਤ ਹੋਣੋ ਬਚਾ ਲਿਆ। ਤੀਜੀ ਮਿਸਾਲ, ਬੀਬੀ ਦੀਪ ਕੌਰ ਦੀ ਹੈ ਜਿਹੜੀ ਸੰਗਤ ਦੇ ਜਥੇ ਨਾਲ ਅਨੰਦ ਪੁਰ ਨੂੰ ਜਾ ਰਹੀ ਸੀ। ਜਥਾ ਜ਼ਰਾ ਪਿਛਾਂਹ ਰਹਿ ਗਿਆ ਬੀਬੀ ਥੋੜ੍ਹਾ ਅਗਾਂਹ ਨਿਕਲ ਗਈ। ਕੱਲੀ ਜਾਣ ਕੇ ਚਾਰ ਪਠਾਣ ਬੁਰਛਿਆਂ ਨੇ ਬੇਪੱਤ ਕਰਨਾ ਚਾਹਿਆ। ਪਰ ਬਹਾਦਰ ਗੁਰੂ ਦੀ ਬਹਾਦਰ ਸਿੰਘਣੀ ਬੱਚੀ ਨੇ ਚਾਰੋਂ ਹੀ ਪਠਾਣ ਅੱਖ ਦੇ ਫੋਰ ਵਿੱਚ ਚਾਰ ਲੋਥਾਂ ਵਿੱਚ ਬਦਲ ਦਿੱਤੇ (੭੪)। ਜਦ ਨੂੰ ਪਿਛੋਂ ਜਥਾ ਵੀ ਨਾਲ ਆ ਰਲ਼ਿਆ। ਅਜਿਹੇ ਉਚੇ ਸੁਚੇ ਆਚਰਣ ਤੇ ਬਹਾਦਰੀ, ਉਚ-ਸੁਰਤੇ, ਸਦੀਵ ਸਮਾਧੀ ਲੀਨ ਜਾਂ ਉਨਮਨਿ ਅਵੱਸਥਾ ਵਿੱਚ ਵਿਚਰਣ ਵਾਲੇ ਗੁਰੂ ਜੀ ਦੁਆਰਾ ਉਚੀ ਸੁਰਤ ਰੱਖਣ ਵਾਲੇ ਖ਼ਾਲਸੇ `ਚ ਭਰੇ ਜਾ ਰਹੇ ਸਨ। ਗੁਰੂ ਕਾਲ ਤੋਂ ਬਾਦ ਵੀ ਸਿੰਘਾਂ ਦੀ ਬਹਾਦਰੀ ਤੇ ਆਚਰਣ ਸਦਾ ਓਜਮਈ (high standard) ਰਹੇ ਹਨ, ਮਿਸਾਲ ਵਜੋਂ, ਕਾਜ਼ੀ ਨੂਰ ਮੁਹੰਮਦ ਦੀ ਲਿਖਤ ਵਿੱਚ ਦਿੱਤੇ ਉਚੇ ਸਿਖ ਆਚਰਣ ਦਾ ਹਵਾਲਾ ਲਿਖਾਰੀ ਦਿੰਦਾ ਹੈ, ਭਾਵੇਂ ਕਾਜ਼ੀ ਨੇ ਮੁਤੱਸਬੀ (fanatic) ਹੋਣ ਕਰਕੇ ਸਿੱਖਾਂ ਨੂੰ ਸਗ (ਕੁੱਤੇ) ਕਿਹਾ ਹੈ (ਸਫਾ ੨੪੧)। ਚੌਥੀ ਮਿਸਾਲ, ਭਾਈ ਤਾਰਾ ਸਿੰਘ ਵਾਂ ਦੀ ਹੈ। ਭਾਈ ਤਾਰਾ ਸਿੰਘ ਵਾਂ ਨੂੰ ਲਾਹੌਰੋਂ ਆਇਆ ਪਿਆਦਾ ਕਹਿੰਦਾ ਅਸੀਂ ਫਲਾਣੇ ਦਿਨ ਤੁਹਾਡੇ ਤੇ ਹਮਲਾ ਕਰਨ ਆਉਣਾ ਹੈ। ਤੁਸੀਂ ਇਧਰ ਉਧਰ ਜੰਡਾਂ ਉਹਲੇ ਹੋ ਜਾਇਓ, ਅਸੀਂ ਮੁੜ ਜਾਵਾਂਗੇ। ਜਾ ਕੇ ਕਹਾਂਗੇ ਸਾਨੂੰ ਸਿੰਘ ਤਾਂ ਉਥੇ ਦਿਸੇ ਹੀ ਨਹੀਂ। ਇਉਂ ਤੁਹਾਡਾ ਬਚਾ ਹੋ ਜਾਊ। ਮੋਹਰਿਓਂ ਭਾਈ ਜੀ ਕਹਿੰਦੇ ਤੁਸੀਂ ਸਾਡੇ ਤੇ ਚੜ੍ਹ ਆਇਓ ਅਸੀਂ ਤਿਆਰ ਰਹਾਂਗੇ, ਤੁਸੀਂ ਸਾਨੂੰ ਮਾਰਿਓ, ਅਸੀਂ ਤੁਹਾਨੂੰ ਮਾਰਾਂਗੇ। ਅਜਿਹੇ ਬਹਾਦਰ ਸੂਰਮੇ ਜੋਧਿਆਂ ਦੇ ਬਲਵਾਨ ਕਰੈੱਟਰ (character) ਬਣਾਉਣੇ ਉਸ ਗੁਰੂ ਸੂਰਮੇ ਦਾ ਕ੍ਰਿਸ਼ਮਾ ਸੀ ਜਿਹਦੇ ਚਰਨਾਂ ਦੀ ਧੂੜੀ, ਲੱਖਾਂ ਰਾਮ, ਕ੍ਰਿਸ਼ਨ, ਰਾਜੇ ਇੰਦ੍ਰ ਆਦਿ, ਲੱਖਾਂ ਸ਼ੇਸ਼ਨਾਗ ਚੁੰਮਦੇ ਤੇ ਉਸ ਦੇ ਤਾਬਿਆਦਾਰ ਹਨ (੭੫)। ਤਿੰਨੋ ਦੇਵਤੇ (ਬ੍ਰਹਮਾ, ਵਿਸ਼ਨੂੰ, ਸ਼ਿਵ) ਦੇਵੀਆਂ ਸਮੇਤ, ਗੁਰੂ ਜੀ ਦੇ ਹੁਕਮ ਵਿੱਚ ਹਨ (੭੬)। ਇਹ ਦੇਵਤੇ ਤੇ ਫਰਿਸ਼ਤੇ ਗੁਰੂ ਜੀ ਤੋਂ ਨੀਵੇਂ ਹਨ (੭੭)। ਹਿੰਦੂਆਂ ਦੇ ਚਾਰੇ ਵੇਦ ਤੇ ਛੇ ਸ਼ਾਸਤ੍ਰ ਗੁਰੂ ਜੀ ਦੀ ਸੇਵਾ ਵਿਖੇ ਹਾਜ਼ਰ ਹਨ, ਭਾਵ ਤੁਛ ਹਨ (੭੮) (੭੯)। ਖ਼ਾਲਸੇ ਦੀ ਚੜ੍ਹਦੀ ਕਲਾ ਦੀਆਂ ਇਨ੍ਹਾਂ ਮਿਸਾਲਾਂ ਤੋਂ ਤੁਸੀਂ ਆਪ ਹੀ ਵੀਚਾਰ ਕਰ ਲਓ ਕਿ ਕੀ ਅਜਿਹਾ ਉੱਚਾ ਸੁੱਚਾ ਗੁਰੂ, ਦਸਵਾਂ ਪਾਤਸ਼ਾਹ, ਉਪਰੋਕਤ ਉਚੀਆਂ ਸੁੱਚੀਆਂ, ਦੇਸੀ (ਪਹਾੜੀਏ) ਤੇ ਵਿਦੇਸ਼ੀ ਜਰਵਾਣਿਆਂ ਨਾਲ਼ ਟਕਰਾਉਣ ਵਾਲ਼ੀਆਂ ਸ਼ਖ਼ਸੀਅਤਾਂ ਨੂੰ ਦਸਮ ਗ੍ਰੰਥ (ਜਿਹੜਾ ਉਦੋਂ ਹੋਂਦ ਵਿੱਚ ਹੀ ਨਹੀਂ ਸੀ) ਦੇ ਅਸ਼ਲੀਲ (explicit pornographic) ਜ਼ਹਿਰੀਲੇ (ਫਰੀਦਾ! ਏ ਵਿਸੁ ਗੰਦਲਾ ਧਰੀਆਂ ਖੰਡੁ ਲਿਬਾੜਿ।। (੮੦) Farid ! these poison-shoots (carnal pleasures) are sugar coated (81)) ਚਰਿੱਤ੍ਰਾਂ (ਇਹ ਗੰਦ ਗੁਰੂ ਜੀ ਨੇ ਨਹੀਂ ਲਿਖਿਆ) ਰਾਹੀਂ ਬਹਾਦਰਾਂ `ਚ ਬਦਲਦਾ ਹੋਵੇਗਾ ਕਿ ਗੁਰੂ ਗ੍ਰੰਥ ਦੀ ਪਵਿੱਤਰ ਅੰਮ੍ਰਿਤ ਬਾਣੀ ਨਾਲ਼? ਨਿਰਨਾ ਤੁਹਾਡੇ ਹੱਥ ਹੈ। ‘ਖ਼ਾਲਸਾ` ਜੀ ਨੇ ਖ਼ੌਰੇ ਤਾਂਹੀ ਇਸ ਕਿਤਾਬ ਵਿੱਚ ਪਾਠਕਾਂ ਤੋਂ ਕੁੱਝ ਸਵਾਲ ਪੁੱਛੇ ਹਨ।

ਕੌਣ ਸਨ ਇਹ ਲੋਕ ਜਿਹੜੇ ਉਪਰੋਕਤ ਮਿਸਾਲਾਂ ਵਿਚਲੇ ਸਿੱਖਾਂ ਉਪਰ ਹਮਲਾਆਵਰ ਹੋਏ, ਤੇ ਕਿਉਂ ਹੋਏ? ਅਤੇ ਕੌਣ ਹਨ ਇਹ ਲੋਕ ਜੋ ਦਸਮ ਗ੍ਰੰਥ ਨੂੰ ਬੜ੍ਹਾਵਾ ਦੇ ਰਹੇ ਹਨ? ਕਿਤੇ ਇਹ ਉਹੀ ਸਾਜਿਸ਼ ਚਾਲੂ ਤਾਂ ਨਹੀਂ ਜਿਹੜੀ ਖ਼ੇਮ ਸਿੰਘ ‘ਬੇਦੀ` ਨੇ ੧੮੯੫ ਈ: ਵਿੱਚ ਸ਼ੁਰੂ ਕੀਤੀ ਸੀ, ਜਿਹੜੀ ਗੁਪਤ ਪ੍ਰਗਟ ਤੌਰ ਤੇ ਉਦੋਂ ਦੀ ਸਦਾ ਹੀ ਚਲਦੀ ਆ ਰਹੀ ਹੈ? ਕਿਤੇ ਇਹ ਸਿੱਖੀ ਨੂੰ ਖ਼ਤਮ ਕਰਨ ਦੀਆਂ ਬਿੱਪਰ (Brahmin) ਦੀਆਂ ਪੁਰਾਣੀਆਂ ਉਨ੍ਹਾਂ ਲੂੰਬੜ ਚਾਲਾਂ ਚੋਂ ਅਜਿਹੀ ਹੀ ਇੱਕ ਚਾਲ ਤਾਂ ਨਹੀਂ (੮੨)? ਜੇ ਇਹ ਉਹੀ ਚਾਲਾਂ ਹਨ ਤਾਂ ਲਗਦੈ, ਫਰਕ ਕੁੱਝ ਨਹੀਂ ਪਿਆ। ਤੁਹਾਡੀ ਲੜਾਈ ਅਜੇ ਮੁੱਕੀ ਨਹੀਂ ਇਹ ਤਾਂ ਸ਼ੁਰੂ ਹੀ ਹੋਈ ਹੈ। ਅੱਗੇ ਤੁਸੀਂ ਬਾਹਰੋਂ ਆਏ ਜਰਵਾਣੇ ਨਾਲ਼ ਲੜਦੇ ਸੀ। ਅੱਜ ਤੁਹਾਡੀ ਲੜਾਈ ਅੰਦਰ ਘੁਸ ਬੈਠੇ ਦੁਸ਼ਮਣ ਘੁਸਪੈਠੀਏ ਭਰਾ ਭੈਣ ਦੋਸਤ ਮਿੱਤ੍ਰ ਗ਼ਦਾਰ, “ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰ, ਸੇ ਕਾਂਢੇ ਕਚਿਆ”।। (੮੩) (ਬਾਬਾ ਫਰੀਦ) ਨਾਲ ਹੈ, ਅਤੇ ਆਪਣੇ ਤੇ ਬਹਰਲੇ ਈਰਖਾਲੂਆਂ, ਦੋਖੀਆਂ, ਦੁਸ਼ਮਣਾਂ, ਸਲਤਨਤਾਂ, ਮਨਿਸਟਰਾਂ, ਪਾਂਮਰਾਂ ਨਾਲ਼ ਹੈ। ਲੋੜ ਸਿਰਫ ਦੁਸ਼ਮਣ ਨੂੰ ਪਛਾਨਣ ਦੀ ਹੈ। ਅਤੇ ਉਹਦੇ ਨਿਸ਼ਾਨੇ ਨੂੰ ਚੰਗੀ ਤਰ੍ਹਾਂ ਭਾਂਪ ਲੈਣ ਦੀ। ਲਿਖਾਰੀ ਨੂੰ ਦੁਸ਼ਮਣ ਦਾ ਨਿਸ਼ਾਨਾ ਸਾਫ ਦਿਸਦਾ ਹੈ, ਪੜ੍ਹੋ: “ਗੰਦਗੀ ਭਰੇ ਗੰਦੇ ਕਾਵਿ ਸੰਗ੍ਰਹਿ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨ ਕੇ, ਮੰਨਵਾ ਕੇ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਗੁਰੂ ਜੀ ਅਤਿ ਦਰਜੇ ਦਾ ਕਾਮੀ, ਵਿਭਚਾਰੀ ਅਤੇ ਨੀਵੀਂ ਪੱਧਰ ਦਾ ਲਿਖਾਰੀ ਸੀ” (ਸਫਾ ੧੬੨)। ਲਗਦੈ, ਲਿਖਾਰੀ ਨੇ ਤਾਂ ਸਿਰਫ ਸਾਨੂੰ ਜਗਾਇਆ ਹੈ, ਸਾਡੇ ਸਿਰ ਨੂੰ ਇੱਕ ਮਲਕੜੇ ਜਹੇ ਹਲੂਣਾ ਦੇ ਕੇ।

ਦੁਸ਼ਮਣ ਦਾ ਮੁੱਖ ਤੇ ਵੱਡਾ ਨਿਸ਼ਾਨਾ ਕੀ ਹੈ? ਲਿਖਾਰੀ ਦੇ ਆਪਣੇ ਲਫਜ਼ ਪੜ੍ਹੋ: “ਆਉਣ ਵਾਲਾ ਸਮਾਂ ਸਿੱਖ ਪੀੜ੍ਹੀ ਲਈ ਬੜਾ ਹੀ ਭਿਆਨਕ ਹੋਵੇਗਾ ਕਿਉਂਕਿ ਉਦੋਂ ਤੱਕ ਖਾਸ ਸਾਜਿਸ਼ ਨਾਲ ਸਿੱਖ ਧਰਮ ਦਾ ਹਰ ਪਹਿਲੂ ਤਹਿਸ ਨਹਿਸ ਕਰ ਦਿੱਤਾ ਗਿਆ ਹੋਏਗਾ” (ਸਫਾ ੭੦)। ਦਸਮ ਗ੍ਰੰਥ ਵਰਗੀ ਮਹਾਂ ਗੰਦੀ ਕਿਤਾਬ ਨੂੰ ਦੁਸ਼ਮਣਾਂ ਅਤੇ ਸਿੱਧੜ (naïve) ਸੱਜਣਾਂ ਵਲੋਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਕਹਿਣਾਂ, ਮੰਨਣਾਂ, ਪੂਜਣਾਂ, ਤੇ ਘੋਰ ਸਿਤਮ-ਜ਼ਰੀਫੀ (insult with injury) ਉਹਦੇ ਅਖੰਡ ਪਾਠ ਕਰਨੇ, ਗੁਰੂ ਜੀ ਦੇ ਪਵਿੱਤ੍ਰ ਨਾਮ ਦੀ ਇਕੱਲੀ ਅਤਿ ਹੱਤਕ-ਆਮੇਜ਼ ਤੌਹੀਨ ਹੀ ਨਹੀਂ, ਜਿਵੇਂ ਉਪਰ ਕਿਹਾ ਹੈ, ਸਗੋਂ ਖ਼ਾਲਸਾ ਕੌਮ ਜਾਂ ਪੰਥ ਦੀ ਅਕਾਲੀ ਤੇ ਜੁਗੋ ਜੁਗ ਅਟੱਲ ਹਸਤੀ ਤੋਂ ਸਰਾਸਰ ਮੁਨਕਰ ਹੋਣਾ ਹੈ। ਇਸ ਹਮਲੇ ਦਾ ਸਿੱਧਾ ਅਰਥ ਗੁਰੂ ਗ੍ਰੰਥ ਉਤੇ ਹਮਲਾ ਹੈ। ਜਦ ਗੁਰੂ ਗ੍ਰੰਥ ਨਾ ਰਹੇਗਾ ਤਾਂ ਸਿੱਖ ਕੌਣ ਰਹੇਗਾ? ‘ਖ਼ਾਲਸਾ` ਜੀ ਦਾ ਦ੍ਰਿੜ੍ਹ ਮੱਤ ਹੈ ਕਿ “ਆਉਣ ਵਾਲੀ ਪੀੜ੍ਹੀ” ( “ਭਾਵੇਂ ਉਹ ਵਿਦਵਾਨ ਦਾ ਬੱਚਾ ਹੋਏ ਜਾਂ ਕੰਗਾਲ ਦਾ “) ਨੇ ਦੋ ਸਵਾਲ ਜ਼ਰੂਰ ਪੁੱਛਣੇ ਹਨ। ਪਹਿਲਾਂ “ਵਿਦਵਾਨ ਦਾ ਬੱਚਾ ਆਪਣੇ ਪਿਓ ਦੀ ਖ਼ਾਮੋਸ਼ੀ ਅਤੇ ਝੂਠ ਉੱਪਰ ਦਿੱਤੇ ਪਹਿਰੇ ਉੱਤੇ ਸ਼ਰਮਸ਼ਾਰ ਹੋਏਗਾ। ਗ਼ਰੀਬ ਦਾ ਬੱਚਾ ਆਪਣੇ ਪਿਓ ਨੂੰ ਕੋਸੇਗਾ ਕਿ ਗਰੀਬੀ ਕਾਰਣ ਤੂੰ ਗੁਰੂ ਤੋਂ ਵੀ ਬੇਮੁੱਖ ਹੋ ਗਿਆ ਤੇ ਗੁਰੂ ਦੇ ਹੋ ਰਹੇ ਅਪਮਾਨ ਨੂੰ ਦੇਖ ਕੇ ਗੂੰਗਾ ਬਣ ਗਿਆ” ? ਦੂਜਾ, ਉਹ ਪੁੱਛੇਗਾ, “ਸਾਡੇ ਪੁਜਾਰੀ ਐਨੇ ਝੂਠੇ ਤੇ ਨਿਕੰਮੇ ਕਿਉਂ ਸਨ? ਕਿਹੜੀ ਮਜਬੂਰੀ ਸੀ ਜਿਸ ਅਧੀਨ ਉਨ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਦੇਵੀ ਦਾ ਭਗਤ ਬਣਾਇਆ? ਉਹ ਕਿਹੜੀ ਮਜਬੂਰੀ ਸੀ ਜਿਸ ਅਧੀਨ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਲੁਕੋਇਆ?” (੮੪)। ‘ਸਿਖਾਂ ਕੋਲੋਂ ਸੱਚੀ ਬਾਣੀ ਖੋਹ ਕੇ ਉਨ੍ਹਾਂ ਨੂੰ ਕੱਚੀ ਬਾਣੀ ਦੇ ਲੜ ਲਾਉਣਾ` ਹੀ ਦੁਸ਼ਮਣ ਦਾ ਮੁੱਖ ਨਿਸ਼ਾਨਾ ਹੈ।” ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤਾਂਈ ਹਰ ਹਕੂਮਤ ਨੇ ਪੂਰੇ ਤਾਣ ਨਾਲ ਗੁਰ ਉਪਦੇਸ਼ ਨੂੰ ਦਬਾਉਣ ਦਾ ਹੀਲਾ ਕੀਤਾ ਹੈ” (੮੫)।

ਲਿਖਾਰੀ ਦੇ ਦਿਲ ਦੀ ਡੂੰਘੀ ਵੇਦਨਾ ਉਹ ਦੇ ਇੱਕ ਗੀਤ ਰਾਹੀਂ ਦਰਦ-ਰੰਞਾਣੀ ਹੂਕ ਬਣ ਕੇ ਇਉਂ ਪਰਗਟ ਹੋਈ ਸਾਨੂੰ ਮੁਖ਼ਾਤਿਬ ਹੁੰਦੀ ਹੈ:

ਉਠ ਓਏ ਸਿੱਖਾ, ਨੀਂਦ ਤੋਂ ਜਾਗ ਓਏ।

ਲੁੱਟ ਲਿਆ ਧਰਮ ਤੇਰਾ, ਲੁੱਟ ਲਿਆ ਸਮਾਜ ਓਏ। (ਸਫਾ ੧੪੯)

ਦੁਖੀਆ ਦਰਦ ਘਣੇ, ਵੇਦਨ ਜਾਣੇ ਤੂ ਧਣੀ।।

(ਮ: ੫, ਮਾਰੂ ਕੀ ਵਾਰ ਡੱਖਣੇ ਮ: ੫।। ਪੰਨਾ ੧੦੯੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਮਰੀਕ ਸਿੰਘ ‘ਧੌਲ`

ਹਵਾਲੇ:-

ਡਾ: ਹ. ਸ. ਦਿਲਗੀਰ (2007, ਸਫਾ XXV): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ

ਡਾ: ਹ. ਸ. ਦਿਲਗੀਰ (੨੦੦੭, ਸਫਾ XXV, ਓਹੀ)।

ਜਸਬਿੰਦਰ ਸਿੰਘ ਖ਼ਾਲਸਾ (੨੦੦੭, ਸਫਾ ੨੭੭): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ

Daljeet Singh (1997, p. 720) : Sikhism - its Philosophy and History, IOSS, C’garh

ਪ੍ਰੋ: ਹ. ਸ. ਮਹਿਬੂਬ (੨੦੦੭, ਸਫਾ ੩੫): ‘ਇਲਾਹੀ ਨਦਰ ਦੇ ਪੈਂਡੇ, ਜਿਲਦ ਚੌਥੀ।

ਜਸਬਿੰਦਰ ਸਿੰਘ ਖ਼ਾਲਸਾ (੨੦੦੭, ਸਫਾ ੨੧੦-੧੮): ਦਸਮ ਗ੍ਰੰਥ ਦਾ ਲ਼ਿਖਾਰੀ ਕੌਣ? ਭਾਗ ਦੂਜਾ।

ਭਾਈ ਵੀਰ ਸਿੰਘ (੧੯੮੦, ਸਫਾ ੧੦੨): ਕਬਿੱਤ ਭਾਈ ਗੁਰਦਾਸ, ਦੂਸਰਾ ਸਕੰਧ, ਮੈਨੇਜਰ ਖ਼ਾਲਸਾ ਸਮਾਚਾਰ, ਸ੍ਰੀ ਅੰਮ੍ਰਿਤਸਰ।

ਜਸਬਿੰਦਰ ਸਿੰਘ ਖ਼ਾਲਸਾ (੨੦੦੭, ਸਫਾ ੪੭): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ

ਜ. ਸਿੰ. ਖ਼ਾਲਸਾ (੨੦੦੭ ਸਫਾ ੨੯੦-੧; ੨੯੩-੪): ‘ਦਸਮ ਗ੍ਰੰਥ ਦਾ ਲਿਖਾਰੀ ਕੌਣ`? ਭਾਗ ਦੂਜਾ

ਮਹਾਨ ਕੋਸ਼, ਸਫਾ ੬੯੪ – ੬੯੭; ਖ਼ਾਲਸਾ (੨੦੦੭, ਸਫਾ ੩੧੫)।

ਜਸਬੀਰ ਸਿੰਘ ਮਾਨ (੨੦੦੮, ਸਫਾ ੮- ੧੩; ੧੪-੧੮): Guru Granth Sahib as the only Sikh Canon; Fresh Look at the Text and History of Dasam Granth www.GlobalSikhStudies.net

ਜਸਬੀਰ ਸਿੰਘ ਮਾਨ (੨੦੦੮, ਸਫਾ ੮; ੧੮), ਓਹੀ।

ਜਸਬੀਰ ਸਿੰਘ ਮਾਨ (੨੦੦੮, ਸਫਾ ੮; ੧੮), ਓਹੀ

ਡਾ: ਹ. ਸ. ਦਿਲਗੀਰ (੨੦੦੭; ਸਫਾ XXV): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ।

ਪ੍ਰੋ; ਹਰਿੰਦਰ ਸਿੰਘ ਮਹਿਬੂਬ (੧੯੮੮, ਸਫਾ ੧੦੯੨): ਸਹਿਜੇ ਰਚਿਓ ਖ਼ਾਲਸਾ।

ਪ੍ਰੋ: ਹਰਿੰਦਰ ਸਿੰਘ ਮਹਿਬੂਬ (੧੯੯੯; ਸਫਾ ੨੦): ਇਲਾਹੀ ਨਦਰ ਦੇ ਪੈਂਡੇ, (ਜਿਲਦ ਪਹਿਲੀ)।

Prof: Gurtej Singh (1997, p. 708) : Sikhism - its Philosophy and History, (ibid )

Dr. Sangat Singh (2002, p. 522): The Sikhs in History, Singh Bros. Amritsar

ਪ੍ਰੋ: ਗੁਰਤੇਜ ਸਿੰਘ (ਸਤੰਬਰ, ੨੦੦੭): ਸਿਖ ਬੁਲਿਟਨ ਚੰਡੀਗੜ੍ਹ; ਭੂਮਿਕਾ, ਅਕਾਲ ਸਹਾਇ ਵੈੱਬ।

Dr. Baldev Singh (2005, p 62-3): Abstracts of Sikh Studies Vol VII Issue 3, July -September 2005 / 537 NS. Institute of Sikh Studies, Chandigarh.

ਡਾ: ਹ. ਸ. ਦਿਲਗੀਰ ੨੦੦੭; ਸਫਾ XXV; ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ

ਭਾਈ ਕਾਨ੍ਹ ਸਿੰਘ ‘ਨਾਭਾ` (੧੯੭੮, ਸਫਾ ੪੧੫): ਗੁਰਮਤ ਮਾਰਤੰਡ (ਭਾਗ ਪਹਿਲਾ); (੧੯੭੯, ਸਫਾ ੫੬੭-੭੦): ਗੁਰਮਤ ਮਾਰਤੰਡ (ਭਾਗ ਦੂਜਾ), ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਜਸਬਿੰਦਰ ਸਿੰਘ ਖ਼ਾਲਸਾ (੨੦੦੭, ਸਫਾ ੨੫੧) ।

ਪ੍ਰੋ: ਹ. ਸ. ਮਹਿਬੂਬ (੧੯੮੮, ਸਫਾ ੭੫੬, ਓਹੀ।

Prof: Harinder Singh Mehboob (2008, p2) : Dasam Granth: The Question of Authenticity www.globalsikhstudies.net

ਭਾਈ ਰਣਧੀਰ ਸਿੰਘ (੧੯੯੭, ਸਫਾ ੫੦੭-੮): ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੋਥੀ ਦੂਜੀ; ਪੰਜਾਬੀ ਯੁਨੀਵਰਸਿਟੀ, ਪਟਿਆਲਾ।

ਜ. ਸ. ਖ਼ਾਲਸਾ ੨੦੦੭, ਸਫਾ ੧, ਓਹੀ।

ਪ੍ਰੋ: ਗੁਰਤੇਜ ਸਿੰਘ, ੨੦੦੮, ਓਹੀ

ਦਸਮ ਗ੍ਰੰਥ; (ਸਫਾ ੪੨੯-੪੩੦)।

ਬਚਿਤ੍ਰ ਨਾਟਕ (ਅਪਨੀ-ਕਥਾ ਦਾ ਰੱਬ) ਦੇਖੋ: ਲੇਖ ੨੨੯, ਸਿੰਘ ਸਭਾ ਕਨੇਡਾ ਵੈੱਬ।

ਦਸਮ ਗ੍ਰੰਥ: (੧੯੭੯, ਸਫਾ ੮੦੯; ੮੧੩), ਜਵਾਹਰ ਸਿੰਘ ਕਿਰਪਾਲ ਸਿੰਘ, ਅੰਮ੍ਰਿਤਸਰ

ਦਸਮ ਗ੍ਰੰਥ (੧੯੭੯, ਸਫਾ ੨੯੭-੮), ਓਹੀ।

ਪ੍ਰੋ: ਮਹਿਬੂਬ (੨੦੦੦ ਸਫਾ ੧੧੧੪), ਓਹੀ।

ਭਾਈ ਗੁਰਦਾਸ, ਵਾਰਾਂ: ਵਾਰ ੨੯, ਪੌੜੀ ੧੧।।

ਭਾਈ ਕਾਨ੍ਹ ਸਿੰਘ ‘ਨਾਭਾ` (੧੯੭੯, ਸਫਾ ੬੬੪): ਗੁਰਮਤ ਮਾਰਤੰਡ, ਭਾਗ ਦੂਜਾ।

ਅਵਤਾਰ ਸਿੰਘ ਮਿਸ਼ਨਰੀ, ੨੨/੦੪/੦੮; Sikhmarg.com/1001/Sikhan da Guru.html

ਭਾਈ ਸੁਖਵਿੰਦਰ ਸਿੰਘ ‘ਸਭਰਾ` (ਦੇਖੋ, ਨੰ: ੩੬)

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (੧੯੭੯: ੬੪੬) ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਦੂਜੀ

Gurbachan Singh Talib (1985, p 1353) : Sri Guru Granth Sahib, Vol Two, Publication Bureau , Punjabi University, Patiala.

ਦਸਮ ਗ੍ਰੰਥ (੧੯੭੯, ਸਫਾ ੫੨੧-੨), ਓਹੀ

ਸ਼ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ (੧੯੮੩, ਸਫਾ ੧੭, ੨੬-੨੭): ਸਿਖ ਰਹਿਤ ਮਰਯਾਦਾ।

ਖ਼ਾਲਸਾ ਜੀ (੨੦੦੭, ਸਫਾ ੨੪੩): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ।

ਜਸਬਿੰਦਰ ਸਿੰਘ ਖ਼ਾਲਸਾ (੨੦੦੭, ਸਫਾ ੨੦੨-੪): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ

ਗੁਰੂ ਨਾਨਕ, ਆਸਾ ਦੀ ਵਾਰ, ਸ੍ਰੀ ਗੁਰੂ ਗ੍ਰੰਥ ਸਾਹਿਬ; ਪੰਨਾ ੪੭੦।

ਗ. ਸ. ਕਾਲਾ ਅਫਗਾਨਾ (੧੯੯੭: ੨੫੫-੬): ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਪਹਿਲਾ

ਭਾਈ ਕਾਨ੍ਹ ਸਿੰਘ ‘ਨਾਭਾ` (੧੯੭੪, ਸਫਾ ੪੮੩): ਮਹਾਨ ਕੋਸ਼, ਭਾਸ਼ਾ ਵਿਭਾਗ, ਪਟਿਆਲਾ।

ਸ਼ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ (੧੯੮੩, ਸਫਾ ੮): ਸਿਖ ਰਹਿਤ ਮਰਯਾਦਾ।

ਦਸਮ ਗ੍ਰੰਥ: (ਸਫਾ, ੫੨੧-੫੨੨; ੫੨੫-੬ ਓਹੀ; ਪ੍ਰੋ: ਮਹਿਬੂਬ: ੨੦੦੦ ਸਫਾ ੬੯੨-੩)। (ਭੰਗ, ਪੋਸਤ ਅਫੀਮ, ਸ਼ਰਾਬਨੋਸ਼ੀ, ਅਤੇ ਵਿਭਚਾਰ, ਇੱਕ ਪੁਰਖ ਬਹੁ-ਇਸਤ੍ਰੀਵਾਦ; ਹਰ ਸੰਕਲਪ ਗੁਰਮਤਿ ਵਿਰੋਧੀ।

ਦਸਮ ਗ੍ਰੰਥ: (ਸਫਾ ੨੯੭-੮; ੫੨੫-੬), ਓਹੀ।

ਦਸਮ ਗ੍ਰੰਥ; (ਸਫਾ ੫੪੨-੩), ਓਹੀ।

ਪ੍ਰੋ: ਗੁਰਤੇਜ ਸਿੰਘ, ਓਹੀ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (੧੯੭੯: ੪੭੦): ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਦੂਜੀ।

ਮਹਾਨ ਕੋਸ਼ (੧੯੭੪, ਸਫਾ ੭੬੫, ੩੫੭), ਓਹੀ।

Gurbachan Singh Talib (1985, p. 997) : Sri Guru Granth Sahib, Vol Two. (ibid)

ਕਾਲਾ ਅਫਗਾਨਾ (੧੯੯੮ ਸਫਾ ੧੫, ੨੩੪): ਭਾਗ ਦੂਜਾ, ਓਹੀ।

ਭਾਈ ਵੀਰ ਸਿੰਘ, (੧੯੭੬, ਸਫਾ ੪੧੨-੩) ਸ਼੍ਰੀ ਕਲਗੀਧਰ ਚਮਤਕਾਰ, ਉਤਰਾਰਧ।

ਦਸਮ ਗ੍ਰੰਥ; (ਸਫਾ ੪੨੯-੪੩੦; ੫੪੨-੩): (੧) ਜੁਧੁ ਕਰੋ ਤੁਮ ਜਾਹੁ ਉਤੈ ਇਤ ਹਉ ਹੀ ਭਵਾਨੀ ਕੋ ਜਾਪ ਜਪੈ ਹਉ।। ੧੩੩੧; (੨) ਭੂਮਿ ਮੈ ਬੈਠ ਸਿਵਾ ਜਪੁ ਕੀਨੋ।। ੧੩੩੨।। (ਸਫਾ ੪੨੯); (੩) “ਤਬ ਸਿਵ ਜੂ ਫਿਰ ਯੌ ਉਚਰੋ। ਹਰਿ ਕੇ ਬਧ ਹਿਤ ਹੋਮਹਿ ਕਰੋ। ਤਾਤੇ ਮੂਰਤਿ ਏਕਨਿ ਕਰਿ ਹੈ। ਸਫਾ ੫੪੨।।

ਖ਼ਾਲਸਾ ੨੦੦੭, ਸਫਾ ੨੩੯, ਓਹੀ।

ਖ਼ਾਲਸਾ (੨੦੦੭, ਸਫਾ ੨੨੫, ਓਹੀ।

ਦਸਮ ਗ੍ਰੰਥ; ਸਫਾ ੧੧੧੩ (।। ੫੨।। ਕਾਲ ਮਰੈ ਕਾਯਾਂ ਮਰੈ ਕਾਲੈ ਕਰਤ ਉਚਾਰ।। ………ਕਾਲੇ ਮਰਤ ਕਾਲ ਹੀ ਮਾਰੈ।। ਭ੍ਰਮਿ ਭ੍ਰਮਿ ਪਿੰਡ ਅਵਾਰਾ ਪਾਰੈ।। ……. . ਸੁ ਬੋਲਨਹਾਰਾ।। ੫੬।।

ਦਸਮ ਗ੍ਰੰਥ, ਸਫਾ ੪੭; ੧੫੮, ਓਹੀ।

ਦਸਮ ਗ੍ਰੰਥ; ਸਫਾ ੨੮੧ (ਸਵੱਈਏ ਨੰ: ੨੨੦ ਅਤੇ ੨੨੧ (ਬ੍ਰਾਹਮਣ ਨੂੰ ਦਾਨ), ਓਹੀ।

ਗੁ. ਸਿੰ.’ਕਾਲਾ ਅਫਗਾਨਾ` (੧੯੯੭, ਸਫਾ ੨੫੫-੫੬), ਭਾਗ ਪਹਿਲਾ, ਓਹੀ।

ਦਸਮ ਗ੍ਰੰਥ; ਸਫਾ ੫੨੫-੫੨੬, ਓਹੀ।

ਦਸਮ ਗ੍ਰੰਥ, ਸਫਾ ੫੬੩-੪, ਓਹੀ; ਖ਼ਾਲਸਾ ੨੦੦੭, ਸਫਾ ੨੪੪, ਚਰਿਤ੍ਰ ੪੦੧, ਓਹੀ)।

ਦਸਮ ਗ੍ਰੰਥ; ਸਫਾ ੫੪੦, ਓਹੀ।

ਖ਼ਾਲਸਾ ੨੦੦੭, ਸਫਾ ੨੨੩, ਓਹੀ।

ਖ਼ਾਲਸਾ, ੨੦੦੭, ਸਫਾ (੨੩੧, ੨੩੯)।

ਗ. ਸਿੰ.’ਕਾਲਾ ਅਫਗਾਨਾ` (੧੯੯੭, ਸਫਾ ੨੫੭), ਭਾਗ ਪਹਿਲਾ, ਓਹੀ।

ਗੁ. ਸਿੰ.’ਕਾਲਾ ਅਫਗਾਨਾ` (੧੯੯੭, ਸਫਾ ੨੫੬; ਭਾਗ ਪਹਿਲਾ, ਓਹੀ)।

ਦਸਮ ਗ੍ਰੰਥ; ਸਫਾ ੫੩੩, ਓਹੀ।

ਭਾਈ ਰਣਧੀਰ ਸਿੰਘ (੧੯੯੭, ਸਫਾ ੭੪੦): ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੋਥੀ ਦੂਜੀ, ਓਹੀ।

ਦਸਮ ਗ੍ਰੰਥ; ਸਫਾ ੪੧੮, ਓਹੀ; ਭਾਈ ਰਣਧੀਰ ਸਿੰਘ (੧੯੯੭, ਸਫਾ ੫੫੨): ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੋਥੀ ਦੂਜੀ, ਓਹੀ।

ਪ੍ਰੋ: ਹ. ਸ. ਮਹਿਬੂਬ (੨੦੦੦ ਸਫਾ ੩੮੩-੪): ਸਹਿਜੇ ਰਚਿਓ ਖ਼ਾਲਸਾ, Singh Bros.

ਭਾਈ ਨੰਦ ਲਾਲ ‘ਗੋਯਾ` ੧੯੬੬ (ਸਫਾ ੭੭, ੮੩): ਗੰਜਨਾਮਾ, ਖ਼ਾਲਸਾ ਸਮਾਚਾਰ, ਅੰਮ੍ਰਿਤਸਰ।

ਭਾਈ ਨੰਦ ਲਾਲ ੧੯੬੬, (ਸਫਾ ੮੬-੭): ਗੰਜਨਾਮਾ, ਓਹੀ।

ਭਾਈ ਨੰਦ ਲਾਲ ੧੯੬੬, (ਸਫਾ ੯੧): ਗੰਜਨਾਮਾ, ਓਹੀ।

ਭਾਈ ਨੰਦ ਲਾਲ ੧੯੬੬, (ਸਫਾ ੭੫-੭੭): ਗੰਜਨਾਮਾ, ਓਹੀ।

ਪ੍ਰੋ: ਮਹਿਬੂਬ ੨੦੦੦ (ਸਫਾ ੪੬੪-੫): ਸਹਿਜੇ ਰਚਿਓ ਖ਼ਾਲਸਾ, ਓਹੀ।

ਬਾਬਾ ਫਰੀਦ, ਪੰਨਾ ੧੩੭੯, ਸ੍ਰੀ ਗੁਰੂ ਗ੍ਰੰਥ ਸਾਹਿਬ।

G. S. Talib (1990, p. 2756): Sri Guru Granth Sahib, Vol Four, ( ibid )

Dr. Sangat Singh (2002, p. 3-5, 579-82): The Sikhs in History, ( Ibid )

ਬਾਬਾ ਫਰੀਦ, ਰਾਗ ਆਸਾ, ਪੰਨਾ ੪੮੮, ਸ੍ਰੀ ਗੁਰੂ ਗ੍ਰੰਥ ਸਾਹਿਬ।

ਜ. ਸ. ਖ਼ਾਲਸਾ ੨੦੦੭, ਸਫਾ ੨-੩, ਓਹੀ।

ਜ. ਸ. ਖ਼ਾਲਸਾ ੨੦੦੭, ਸਫਾ ੨੬੫, ਓਹੀ।




.