ਕੁਝ ਦਿਨ ਹੋਏ ‘ਗੁਰਮਤਿ ਲਰਨਿੰਗ ਜ਼ੋਨ’ ਦੀ ਸਾਈਟ ਉਪਰ ਕਿਸੇ ਪ੍ਰੇਮੀ ਨੇ
ਸਵਾਲ ਪੁਛਿਆ ਸੀ ਕੀ ਕਿਸੇ ਬਿਲਡਿੰਗ ਦੀ ਥੱਲਵੀਂ ਮਨਜ਼ਲ ਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ
ਪ੍ਰਕਾਸ਼ ਹੋ ਸਕਦਾ ਹੈ ਜਿਸਦੀ ਉਪਰਲੀ ਛੱਤ ਉਪਰ ਵਿਅਕਤੀ ਵਿਚਰ ਸਕਦਾ ਹੋਵੇ! ਉਤਰ ਸਪੱਸ਼ਟ ਹਾਂ ਜਾਂ
ਨਾਹ ਵਿੱਚ ਮੰਗਿਆ ਗਿਆ ਸੀ। ਮੈ ਆਪਣੀ ਸੀਮਤ ਸੋਚ ਅਨੁਸਾਰ ਇਹ ਉਤਰ ਦਿਤਾ ਸੀ ਕਿ ਇਸ ਬਾਰੇ ਜਾਣਕਾਰੀ
ਪ੍ਰਾਪਤ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਾਓ ਤੇ ਓਥੇ ਸ੍ਰੀ ਦਰਬਾਰ ਸਾਹਿਬ ਅਤੇ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੋ ਵਰਤਾਰਾ ਵਰਤਦਾ ਹੈ ਉਸ ਅਨੁਸਾਰ ਜਾਂ ਉਸਦੇ ਨਾਲ਼ ਮਿਲ਼ਦਾ ਜੁਲ਼ਦਾ
ਰਵੱਈਆ ਅਖ਼ਤਿਅਰ ਕਰੋ। ਪਤਾ ਨਹੀ ਉਸ ਜਗਿਆਸੂ ਸੱਜਣ ਨੂੰ ਮੇਰਾ ਉਤਰ ਜਚਿਆ ਹੋਵੇ ਜਾਂ ਨਾਹ। ਇਹ ਨਹੀ
ਪਤਾ ਕਿ ਹੋਰ ਕਿਸੇ ਵਿਦਵਾਨ ਸੱਜਣ ਨੇ ਕੀ ਜਵਾਬ ਦਿਤਾ ਹੋਵੇ ਤੇ ਮੇਰੋ ਵੱਲੋਂ ਦਿਤਾ ਗਿਆ ਜਵਾਬ ਵੀ
ਮੇਰੇ ਸਕਰੀਨ ਤੇ ਪਰਗਟ ਨਹੀ ਹੋਇਆ।
ਇਸ ਸਵਾਲ ਜਵਾਬ ਤੋਂ ਕੁੱਝ ਸਮਾ ਪਹਿਲਾਂ ਖ਼ੁਦ ਨਾਲ਼ ਵਾਪਰੀ ਇੱਕ ਘਟਨਾ ਵੀ
ਚੇਤੇ ਆ ਗਈ। ਇੱਕ ਦੇਸ਼ ਦੇ ਗੁਰਦੁਆਰਾ ਸਾਹਿਬ ਜੀ ਦੇ, ਤਿਆਰ ਬਰ ਤਿਆਰ ਅੰਮ੍ਰਿਤਧਾਰੀ, ਬਹੁਤ
ਸ਼ਰਧਾਲੂ ਤੇ ਦਮਦਮੀ ਟਕਸਾਲ ਦੀ ਮਰਯਾਦਾ ਉਪਰ ਤਤਪਰਤਾ ਨਾਲ਼ ਪਹਿਲਾ ਦੇਣ ਵਾਲ਼ੇ, ਨੌਜਵਾਨ ਸਿੰਘਾਂ ਦੀ
ਕਮੇਟੀ ਵੱਲੋਂ ਸੱਦਾ ਆਇਆ ਕਿ ਮੈ ਉਹਨਾਂ ਪਾਸ ਕੁੱਝ ਦਿਨਾਂ ਲਈ ਪ੍ਰਚਾਰ ਹਿਤ ਪੁੱਜਾਂ। ਹੁਕਮ ਮੰਨ
ਕੇ ਹਾਜਰ ਹੋ ਗਿਆ। ਮੈਨੂੰ ਕੇਹੜਾ ਕਿਤੇ ਕੋਈ ਕੰਮ ਸੀ ਜਾਂ ਮੇਰੇ ਸਿਰ ਕੋਈ ਜ਼ੁੰਮੇਵਾਰੀ ਸੀ।
ਇਕ ਇਤਿਹਾਸਕ ਦਿਨ ਦੇ ਸਬੰਧ ਵਿੱਚ ਓਥੇ ਸ੍ਰੀ ਅਖੰਡ ਪਾਠ ਆਰੰਭ ਕਰਨਾ ਸੀ।
ਸਵੇਰੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪ੍ਰਕਾਸ਼ ਕਰਕੇ ਨਿਤਨੇਮ ਉਪ੍ਰੰਤ ਮਹਾਂਰਾਜ ਦੇ ਸਰੂਪ ਦੀ
ਸਮਾਪਤੀ ਕਰਕੇ ਆਸਣ ਤੇ ਬਿਰਾਜਮਾਨ ਕਰ ਦਿਤੇ। ਉਪਰਲੀ ਛੱਤ ਉਪਰ ਝੁਲਣ ਵਾਲ਼ੇ ਨਿਸ਼ਾਨ ਸਾਹਿਬ ਦਾ ਉਸ
ਦਿਨ ਚੋਲ਼ਾ ਵੀ ਬਦਲਿਆ ਜਾਣਾ ਸੀ। ਨਿਸ਼ਾਨ ਸਾਹਿਬ ਉਤਾਰ ਕੇ, ਪੁਰਾਣਾ ਚੋਲ਼ਾ ਲਾਹ ਕੇ ਪਹਿਲਾਂ ਪਤਲੇ
ਕੀਤੇ ਦਹੀ ਨਾਲ ਉਸ ਦਾ ਇਸ਼ਨਾਨ ਕਰਵਾਇਆ ਗਿਆ। ਪਹਿਲਾਂ ਕੁੱਝ ਸਾਲਾਂ ਤੋਂ ਵੇਖਿਆ ਜਾਂਦਾ ਸੀ ਕਿ
ਨਿਸ਼ਾਨ ਸਾਹਿਬ ਦਾ ਇਸ਼ਨਾਨ, ਦੁਧ ਪਾਣੀ ਮਿਲ਼ਾ ਕੇ ਬਣਾਈ ਗਈ ਕੱਚੀ ਲੱਸੀ ਨਾਲ ਕਰਵਾਇਆ ਜਾਂਦਾ ਸੀ। ਇਸ
ਸਮੇ ਪਹਿਲੀ ਵਾਰ ਵੇਖਣ ਵਿੱਚ ਆਇਆ ਕਿ ਦਹੀਂ ਵਿੱਚ ਪਾਣੀ ਮਿਲਾ ਕੇ ਬਣਾਈ ਗਈ ਪੱਕੀ ਲੱਸੀ ਨਾਲ਼
ਇਸ਼ਨਾਨ ਕਰਵਾਇਆ ਜਾ ਰਿਹਾ ਸੀ। ਮੈ ਵੀ ਕੁੱਝ ਹੋਰ ਸੱਜਣਾਂ ਨਾਲ਼ ਸ਼ਰਧਾ ਵੱਸ ਹੱਥ ਜੋੜ ਕੇ ਕੋਲ਼ ਖਲੋਤਾ
ਰਿਹਾ ਕਿਉਂਕਿ ਸੇਵਾ ਵਿੱਚ ਹੋਰਾਂ ਦੇ ਨਾਲ਼ ਸ਼ਾਮਲ ਹੋ ਸਕਣ ਦੀ ਨਾ ਤਾਂ ਲੋੜ ਸੀ ਤੇ ਨਾ ਹੀ ਗੁੰਜਾਇਸ਼
ਸੀ ਕਿਉਂਕਿ ਕਾਫੀ ਸੰਗਤਾਂ ਇਸ ਸੇਵਾ ਵਿੱਚ ਲੱਗੀਆਂ ਹੋਈਆਂ ਹੋਣ ਕਰਕੇ, ਸੇਵਾ ਵਿੱਚ ਸ਼ਾਮਲ ਹੋਣ ਲਈ,
ਹੋਰ ਸਥਾਨ ਹੀ ਨਹੀ ਸੀ ਬਚਦਾ। ਕੱਚੀ ਲੱਸੀ ਜਾਂ ਪੱਕੀ ਲੱਸੀ ਨਾਲ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਿਉਂ
ਕਰਵਾਇਆ ਜਾਂਦਾ ਹੈ ਇਸ ਗੱਲ ਦੇ ਇਤਿਹਾਸਕ ਜਾਂ ਸ਼ਰਧਾਤਮਿਕ ਪਿਛੋਕੜ ਦਾ ਮੈਨੂੰ ਅਜੇ ਤੱਕ ਕੋਈ ਗਿਆਨ
ਨਹੀ। ਮੈ ਤਾਂ ਆਪਣੇ ਬਚਪਨ ਵਿਚ, ੧੯੫੩ ਦੇ ਦਿਨਾਂ ਤੋਂ, ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ
ਤਖ਼ਤ ਸਾਹਿਬ ਦੇ ਦਰਮਿਆਨ ਸੁਸ਼ੋਭਤ, ਦੋ ਨਿਸ਼ਾਨ ਸਾਹਿਬਾਂ ਦੇ ਚੋਲ਼ੇ ਬਦਲਣ ਸਮੇ ਦੇ ਦਰਸ਼ਨ ਕਰਦਾ ਰਿਹਾ
ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇ ਇੱਕ ਸੇਵਾਦਾਰ, ਭਾਈ ਚਰਨ ਸਿੰਘ ਖਾਰਾ, ਇਹ ਸੇਵਾ ਕਰਿਆ
ਕਰਦੇ ਸਨ। ਉਹਨਾਂ ਦੇ ਨਾਲ਼ ਇਸ ਸੇਵਾ ਵਿੱਚ ਸਹਾਇਤਾ ਇੱਕ ਨਿਹੰਗ ਸਿੰਘ ਜੀ ਕਰਿਆ ਕਰਦੇ ਸਨ। ਨਿਸ਼ਾਨ
ਸਾਹਿਬ ਦਾ ਪੁਰਾਣਾ ਚੋਲ਼ਾ ਉਹ ਨਿਹੰਗ ਸਿੰਘ ਜੀ ਲੈ ਜਾਇਆ ਕਰਦੇ ਸਨ। ਅਸੀਂ ਵੀ ਦੋ ਚਾਰ ਛੋਹਰਾਂ ਨੇ
ਸੇਵਾ ਦੀ ਸੰਪੂਰਨਤਾ ਉਪ੍ਰੰਤ ਵਰਤਾਏ ਜਾਂਦੇ ਪ੍ਰਸ਼ਾਦ ਦਾ ਛਾਂਦਾ ਲੈਣ ਲਈ ਨਾਲ਼ ਸ਼ਾਮਲ ਹੋ ਜਾਣਾ। ਉਸ
ਸਮੇ ਕਦੀ ਵੀ ਪੱਕੀ ਜਾਂ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਏ ਜਾਣ ਦੇ ਦਰਸ਼ਨ ਨਹੀ ਸਨ ਹੋਏ। ਅਜਿਹਾ
ਦ੍ਰਿਸ਼ ਪੱਕਾ ਪਤਾ ਨਹੀ ਕਿ ਕਿਸ ਸਮੇ ਤੋਂ ਦਿਸਣ ਵਿੱਚ ਆਉਣ ਲੱਗਾ ਹੈ।
ਖ਼ੈਰ, ਨਿਸਾਨ ਸਾਹਿਬ ਦੇ ਪੱਕੀ ਲੱਸੀ ਨਾਲ਼ ਕਰਵਾਏ ਗਏ ਇਸ਼ਨਾਨ ਉਪ੍ਰੰਤ ਚੋਲ਼ਾ
ਬਦਲ ਕੇ ਚੜ੍ਹਾਉਣ ਦੀ ਸੇਵਾ ਮੁਕੰਮਲ ਹੋ ਜਾਣ ਮਗਰੋਂ ਬਾਕੀ ਸੰਗਤਾਂ ਦੇ ਨਾਲ਼ ਮੈ ਵੀ ਹੇਠਾਂ ਪ੍ਰਕਾਸ਼
ਸਥਾਨ ਵਾਲ਼ੀ ਮਨਜ਼ਲ ਤੇ ਪਹੁੰਚ ਗਿਆ। ਸੇਵਾਦਾਰ ਨੇ ਮਹਾਰਾਜ ਜੀ ਦਾ ਸਰੂਪ ਪਲੰਘੇ ਤੋਂ ਲੈ ਕੇ ਸਤਿਕਾਰ
ਸਹਿਤ ਪ੍ਰਕਾਸ਼ ਕਰਨ ਦੀ ਸੇਵਾ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਆਰੰਭ ਕਰ ਦਿਤੀ ਸੀ। ਜਦੋਂ ਮੰਜੀ
ਸਾਹਿਬ ਤੇ ਸੁਸ਼ੋਭਤ ਕਰਕੇ ਸਰੂਪ ਨੂੰ ਖੋਹਲਣ ਦੀ ਸੇਵਾ ਸੇਵਾਦਾਰ ਕਰਨ ਲੱਗਾ ਤਾਂ ਛੱਤ ਉਪਰ ਕੁੱਝ
ਖੜਕਾ ਜਿਹਾ ਹੋਇਆ। ਸੇਵਾਦਾਰ ਨੇ ਸ਼ੰਕਾ ਪਰਗਟ ਕੀਤਾ ਕਿ ਅਜੇ ਛੱਤ ਉਪਰ ਕੋਈ ਸੱਜਣ ਹੈਗਾ ਏ! ਹੁਣ ਕੀ
ਕਰੀਏ! ਮੈ ਵੀ ਆਖ ਦਿਤਾ ਕਿ ਕੋਈ ਗੱਲ ਨਹੀ। ਮਹਾਂਰਾਜ ਆਪਣੇ ਪਿਤਾ ਹੀ ਹਨ। ਤੁਸੀਂ ਵਾਹਿਗੁਰੂ ਆਖ
ਕੇ ਪ੍ਰਕਾਸ਼ ਦੀ ਸੇਵਾ ਜਾਰੀ ਰੱਖੋ। ਬਹੁਤਾ ਵਹਿਮ ਕਰਨ ਦੀ ਲੋੜ ਨਹੀ। ਜੇ ਕਿਸੇ ਸੇਵਾ ਕਰਕੇ ਕੋਈ
ਸਿੱਖ ਬੱਚਾ ਛੱਤ ਉਪਰ ਰਹਿ ਵੀ ਗਿਆ ਹੋਵੇਗਾ ਤਾਂ ਗੁਰੂ ਪਿਤਾ ਜੀ ਨਾਰਾਜ਼ ਨਹੀ ਹੋਣਗੇ!
ਪ੍ਰਕਾਸ਼ ਦੀ ਸੇਵਾ ਹੋ ਜਾਣ ਉਪ੍ਰੰਤ ਮੈ ਹਾਰਮੋਨੀਅਮ ਖੋਹਲ ਕੇ ਕੀਰਤਨ ਕਰਨਾ
ਆਰੰਭ ਦਿਤਾ ਤਾਂ ਕਿ ਸ੍ਰੀ ਅਖੰਡਪਾਠ ਦੀ ਆਰੰਭਤਾ ਤੋਂ ਪਹਿਲਾਂ, ਬਾਕੀ ਸੰਗਤਾਂ ਦੀ ਉਡੀਕ ਦੇ ਸਮੇ
ਦੌਰਾਨ, ਦੋ ਚਾਰ ਸ਼ਬਦਾਂ ਦਾ ਕੀਰਤਨ ਹੋ ਜਾਵੇ। ਇੱਕ ਸਿਆਣੇ ਕਮੇਟੀ ਮੈਬਰ ਨੇ ਮੇਰੇ ਨਾਲ਼ ਢੋਲਕੀ ਤੇ
ਸਾਥ ਦੇਣਾ ਸ਼ੁਰੂ ਕਰ ਦਿਤਾ। ਮੈ ਇਹ ਵੀ ਵੇਖ ਰਿਹਾ ਸੀ ਕਿ ਕੁੱਝ ਜ਼ੁੰਮੇਵਾਰ ਸੱਜਣ ਅਜੇ ਅੰਦਰ ਨਹੀ
ਆਏ। ਫਿਰ ਸੋਚਿਆ ਕਿ ਸ਼ਾਇਦ ਉਹ ਲੰਗਰ ਵਿੱਚ ਚਾਹ ਪਾਣੀ ਛਕਣ ਲਈ ਰੁਕ ਗਏ ਹੋਣਗੇ! ਸਮਾ ਵੇਖ ਕੇ ਮੈ
ਅਨੰਦ ਸਾਹਿਬ ਜੀ ਦੇ ਕੀਰਤਨ ਉਪ੍ਰੰਤ, ਅਰਦਾਸ ਕਰਕੇ ਅਖੰਡਪਾਠ ਸ਼ੁਰੂ ਕਰਵਾ ਦਿਤਾ। ਅਜੇ ਦੋ ਤਿੰਨ
ਪਉੜੀਆਂ ਹੀ ਜਪੁ ਜੀ ਸਾਹਿਬ ਦੀਆਂ ਪੜ੍ਹੀਆਂ ਸਨ ਕਿ ਤਿੰਨ ਜ਼ੁੰਮੇਵਾਰ ਨੌਜਵਾਨ ਕੁੱਝ ਜੋਸ਼ ਜਿਹੇ
ਵਿੱਚ ਸਾਨੂੰ ਦੋਹਾਂ ਨੂੰ ਉਠਾਲ ਕੇ ਕਮਰੇ ਵਿੱਚ ਲੈ ਗਏ। ਓਥੇ ਖੜ੍ਹ ਕੇ ਉਹਨਾਂ ਤਿਨਾਂ ਨੌਜਵਾਨਾਂ
ਨੇ ਸਾਡੇ ਦੋਹਾਂ ਚਿੱਟੀ ਦਾਹੜੀ ਵਾਲ਼ਿਆਂ ਦੀ ਚੰਗੀ ਖੁੰਬ ਠੱਪੀ। ਨਾਲ਼ ਹੀ ਚਿੱਟੀ ਦਾਹੜੀ ਵਾਲ਼ੇ ਉਸ
ਕਮੇਟੀ ਮੈਬਰ ਦੀ ਵੀ ਕੁੱਝ ਕੁ ਠੱਪੀ ਗਈ ਜਿਸਨੇ ਸਾਨੂੰ ਹਟਾਉਣ ਦੀ ਬਜਾਇ ਮੇਰੇ ਨਾਲ਼ ਢੋਲਕੀ ਵਜਾਉਣੀ
ਸ਼ੁਰੂ ਕਰ ਦਿਤੀ ਸੀ। ਉਹਨਾਂ ਦਾ ਵਿਚਾਰ ਸੀ ਕਿ ਅਸੀਂ ਉਹਨਾਂ ਦੇ ਛੱਤ ਉਪਰ ਹੋਣ ਕਰਕੇ ਮਹਾਰਾਜ ਜੀ
ਦਾ ਪ੍ਰਕਾਸ਼ ਕਰਕੇ ਭਾਰੀ ਬੇਅਦਬੀ ਕੀਤੀ ਹੈ। ਅਸੀਂ ਦੋਵੇਂ ਵਾਰ ਵਾਰ ਆਪਣੀ ਇਸ ‘ਭਿਅੰਕਰ’ ਭੁੱਲ ਦਾ
ਪਸਚਾਤਾਪ ਕਰਕੇ ਮੁਆਫੀਆਂ ਮੰਗੀ ਜਾਈਏ ਪਰ ਉਹਨਾਂ ਨੌਜਵਾਨਾਂ ਦੀ ਨਾਰਾਜ਼ਗੀ ਨਰਮ ਨਾ ਹੋਵੇ। ਆਪਣੀ
ਗ਼ਲਤੀ ਤਾਂ ਭਾਵੇਂ ਮੈ ਉਹਨਾਂ ਚੜ੍ਹਦੀਕਲਾ ਵਾਲ਼ੇ ਸਿੰਘਾਂ ਨੂੰ ਸ਼ਾਂਤ ਕਰਨ ਲਈ ਮੰਨੀ ਜਾਵਾਂ ਪਰ
ਅਜਿਹੀ ਕੋਈ ਗ਼ਲਤੀ ਮੇਰੀ ਪਕੜ ਵਿੱਚ ਨਾ ਆਏ। ਸ਼ਾਇਦ ਅਜਿਹਾ ਵਾਕਿਆ ਪਹਿਲਾਂ ਕਦੇ ਮੇਰੇ ਸਾਹਮਣੇ
ਵਾਪਰਿਆ ਨਾ ਹੋਣ ਕਰਕੇ ਮੈ ਅਣਜਾਣ ਹੋਵਾਂ! ਮੇਰੀ ਸੋਚ ਵਿੱਚ ਧੁੰਦਲੀ ਜਿਹੀ ਯਾਦ ਵੀ ਸਮਾਈ ਹੋਈ ਸੀ
ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਜਿਹਾ ਕੋਈ ਵਿਚਾਰ ਨਹੀ ਵਰਤਿਆ
ਜਾਂਦਾ। ਮੁਕਦੀ ਗੱਲ ਇਹ ਕਿ ਗਾਹਲ਼ਾਂ ਅਤੇ ਹੱਥੋਪਾਈ ਤੋਂ ਉਰੇ ਉਰੇ ਜੋ ਕੁੱਝ ਉਹਨਾਂ ਤਿੰਨਾਂ
ਨੋਜਵਾਨਾਂ ਪਾਸੋਂ ਸਾਡੇ ਨਾਲ਼ ਹੋ ਸਕਦਾ ਸੀ ਉਹਨਾਂ ਨੇ ਕੀਤਾ। ਅਖੀਰ ਤੇ ਉਹਨਾਂ ਦੇ ਮੁਖੀ ਨੌਜਵਾਨ
ਨੇ ਕੁੱਝ ਨਰਮ ਹੋ ਕੇ ਇਉਂ ਆਖਦਿਆਂ ਇਸ ਝਗੜੇ ਦੇ ਭੋਗ ਵੱਲ ਰੁਝਾਨ ਕੀਤਾ ਕਿ ਜੋ ਬੇਆਦਬੀ ਤੁਸਾਂ
ਦੋਹਾਂ ਨੇ ਕੀਤੀ ਹੈ ਇਸ ਦੀ ਸਜ਼ਾ ਤੁਹਾਨੂੰ ਮਹਾਂਰਾਜ ਹੀ ਦੇਣਗੇ। ਮੈ ਵੀ ਸਾਡੀ ਦੋਹਾਂ ਦੀ ਝਾੜ ਝੰਬ
ਤੋਂ ਛੁਟਕਾਰਾ ਹੋ ਜਾਣ ਦੀ ਆਸ ਨਾਲ਼ ਕੁੱਝ ਸੁਖ ਦਾ ਸਾਹ ਲੈਂਦੇ ਹੋਏ ਕਿਹਾ ਕਿ ਮਹਾਰਾਜ ਜੀ ਪਾਸੋਂ
ਅਸੀਂ ਮੁਆਫੀ ਮੰਗ ਲਵਾਂਗੇ ਆਪਣੀ ਇਸ ਅਣਜਾਣੇ ਵਿੱਚ ਹੋਈ ਗ਼ਲਤੀ ਦੀ, ਤੁਸੀਂ ਸਾਨੂੰ ਮੁਆਫ਼ੀ ਬਖ਼ਸ਼ੋ ਤੇ
ਹੁਣ ਸ਼ਾਂਤ ਹੋਵੋ।
ਅਗਲੇ ਦਿਨ ਮੈ ਥੱਲੇ ਵੱਡੇ ਹਾਲ ਦੀ ਦੀਵਾਰ ਤੇ ਸ੍ਰੀ ਹਰਿਮੰਦਰ ਸਾਹਿਬ ਦੀ
ਫੋਟੋ ਦੇ ਦਰਸ਼ਨ ਕੀਤੇ ਤਾਂ ਮੇਰੀ ਧੁੰਦਲੀ ਜਿਹੀ ਯਾਦ ਕੁੱਝ ਉਭਰ ਆਈ। ਸ੍ਰੀ ਦਰਬਾਰ ਸਾਹਿਬ ਵਿਖੇ,
ਜਿਥੇ ਗਰਾਊਂਡ ਫ਼ਲੋਰ ਤੇ ਪ੍ਰਕਾਸ਼ ਹੁੰਦਾ ਹੈ ਉਸਦੀ ਛੱਤ ਤਾਂ ਸਿਧੀ ਦੂਜੀ ਮਨਜ਼ਲ ਤੱਕ ਚਲੀ ਜਾਂਦੀ ਹੈ
ਤੇ ਅਖੀਰ ਤੇ ਉਸ ਉਪਰ ਗੁੰਬਦ ਹੈ। ਦੂਜੀ ਛੱਤ ਦੇ ਆਲ਼ੇ ਦੁਆਲ਼ੇ ਸੁਸ਼ੋਭਤ ਬਾਰੀਆਂ ਵਿੱਚ ਬੈਠੀਆਂ
ਸੰਗਤਾਂ ਕੀਰਤਨ ਸਰਵਣ ਕਰਨ ਦੇ ਨਾਲ਼ ਨਾਲ਼ ਸਾਰੇ ਕੁੱਝ ਦੇ ਦਰਸ਼ਨ ਕਰਕੇ ਵੀ ਲਾਹਾ ਪ੍ਰਾਪਤ ਕਰ ਰਹੀਆਂ
ਹੁੰਦੀਆਂ ਹਨ। ਇਸ ਤਰ੍ਹਾਂ ਉਹ ਮਹਾਰਾਜ ਜੀ ਤੋਂ ਉਚੇ ਸਥਾਨ ਉਪਰ ਸਜੀਆਂ ਹੋਈਆਂ ਹੁੰਦੀਆਂ ਹਨ। ਤੀਜੀ
ਮਨਜ਼ਲ ਉਪਰ ਸੁਭਾਇਮਾਨ ਗੁੰਬਦ, ਜਿਸਦੀਆਂ ਦੀਵਾਰਾਂ ਸ਼ੀਸ਼ਿਆਂ ਦੀਆਂ ਹਨ, ਵਿੱਚ ਅਖੰਡਪਾਠ ਸਦਾ ਹੀ
ਚਾਲੂ ਰਹਿੰਦੇ ਹਨ ਤੇ ਮਹਾਰਾਜ ਦੀ ਤਾਬਿਆ ਗ੍ਰੰਥੀ ਸਿੰਘ ਜੀ ਵੀ ਸਜਦੇ ਹਨ। ਨਾਲ ਕੁੱਝ ਦੂਜੇ ਪਾਠੀ
ਸਿੰਘ ਵੀ ਬੈਠ ਜਾਂ ਖਲੋ ਜਾਂਦੇ ਹਨ। ਇਸ ਤੋਂ ਇਲਾਵਾ ਹਰਿ ਕੀ ਪਉੜੀ ਦੇ ਉਪਰ ਮਹਾਰਾਜ ਜੀ ਦੇ ਵੱਡੇ
ਸਰੂਪ ਵਾਲ਼ੇ ਸਥਾਨ ਦੇ ਉਪਰ ਤਾਂ ਭਾਵੇਂ ਗੁੰਬਦ ਆ ਜਾਂਦਾ ਹੋਵੇ ਪਰ ਓਸੇ ਫ਼ਲੋਰ ਉਪਰ ਬਾਕੀ ਚੱਲ ਰਹੇ
ਅਖੰਡਪਾਠਾਂ ਦੇ ਸਥਾਨਾਂ ਉਪਰ ਕੋਈ ਗੁੰਬਦ ਨਹੀ ਤੇ ਉਸਦੀ ਛੱਤ ਉਪਰ ਸੰਗਤਾਂ ਆਮ ਹੀ ਚੱਲ ਫਿਰ ਰਹੀਆਂ
ਹੁੰਦੀਆਂ ਹਨ।
ਫਿਰ ਆਈਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ਼। ਤਖ਼ਤ ਦੇ ਅੰਤਰਗਤ ਹੀ, ਇਮਲੀ ਵਾਲੇ
ਪਾਸੇ ਦੀਆਂ ਪਉੜੀਆਂ ਚੱੜ੍ਹ ਕੇ ਸੱਜੇ ਹੱਥ ਮੁੜਦਿਆਂ ਹੀ, ਖੱਬੇ ਹੱਥ ਕੋਠਾ ਸਾਹਿਬ ਹੈ। ਇਤਿਹਾਸ
ਅਨੁਸਾਰ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰਾਤ ਨੂੰ ਬਿਰਾਜਮਾਨ
ਕਰਨ ਵਾਸਤੇ ਸਿਰਜਿਆ ਸੀ। ਅੱਜ ਵੀ ਹਰ ਰੋਜ ਰਾਤ ਨੂੰ ਮਹਾਂਰਾਜ ਜੀ ਦੀ ਸਵਾਰੀ ਸੋਨੇ ਦੀ ਪਾਲਕੀ
ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਲਿਆ ਕੇ ਏਥੇ ਬਿਰਾਜਮਾਨ ਕੀਤੀ ਜਾਂਦੀ ਹੈ। ਸਵੇਰੇ ਏਥੋਂ ਹੀ ਓਸੇ
ਮਰਯਾਦਾ ਤੇ ਸਤਿਕਾਰ ਸਹਿਤ ਲਿਜਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ।
ਇਸ ਕੋਠਾ ਸਹਿਬ ਦੇ ਉਪਰ ਵੀ ਕੋਈ ਗੁੰਬਦ ਨਹੀ ਹੈ। ਮੁਖ ਪ੍ਰਕਾਸ ਸ਼ਥਾਨ ਤੇ ਵੀ ਕੋਈ ਗੁੰਬਦ ਨਹੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਗੁੰਬਦ ਤਖ਼ਤ ਸਾਹਿਬ ਦੀ ਇਮਾਰਤ ਦੇ ਤਕਰੀਬਨ ਵਿਚਕਾਰ ਵਿੱਚ ਹੈ ਪਰ ਇਹ
ਦੋਵੇਂ ਸਥਾਨ ਵਿਚਕਾਰ ਨਹੀ ਆਉਂਦੇ।
ਤਖ਼ਤ ਸਾਹਿਬ ਜੀ ਦੀ ਤੀਜੀ ਮਨਜ਼ਲ ਉਪਰ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ। ਓਥੇ
ਪੰਜਾਂ ਪਿਆਰਿਆਂ ਸਮੇਤ, ਅੰਮ੍ਰਿਤ ਅਭਿਲਾਖੀ ਸੰਗਤਾਂ ਤੇ ਕੁੱਝ ਹੋਰ ਵਿਅਕਤੀ ਵੀ ਹੁੰਦੇ ਹਨ। ਸ੍ਰੀ
ਅਕਾਲ ਤਖ਼ਤ ਦੇ ਨਾਲ਼ ਲਗਵਾਂ ਇੱਕ ਮਕਾਨ ਹੁੰਦਾ ਸੀ। ਇਸ ਮਕਾਨ ਦੀ ਤੇ ਤਖ਼ਤ ਸਾਹਿਬ ਦੀ ਵਿਚਕਾਰਲੀ ਕੰਧ
ਸਾਂਝੀ ਹੁੰਦੀ ਸੀ। ਮੇਰੀ ਸੰਭਾਲ਼ ਵਿੱਚ ਇਸ ਮਕਾਨ ਅੰਦਰ ਤਖ਼ਤ ਸਾਹਿਬ ਜੀ ਦੇ ਮੁਖ ਗ੍ਰੰਥੀ ਪਰਵਾਰ
ਸਮੇਤ ਰਹਿੰਦੇ ਸਨ। ਇਸਦੀਆਂ ਪਉੜੀਆਂ ਬਾਹਰੋਂ ਝੂਠੇ ਬਾਜ਼ਾਰ ਵਿਚੋਂ ਚੜ੍ਹਦੀਆਂ ਸਨ। ੧੯੬੦ ਦੇ
ਪੰਜਾਬੀ ਸੂਬੇ ਦੇ ਮੋਰਚੇ ਸਮੇ ਇਸ ਦੇ ਥਾਪੇ ਗਏ ਡਿਕਟੇਟਰ, ਸੰਤ ਫ਼ਤਿਹ ਸਿੰਘ ਜੀ, ਨੇ ਇਸ ਮਕਾਨ
ਵਿੱਚ ਡੇਰਾ ਲਾਇਆ ਸੀ ਤਾਂ ਕਿ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਚਾ ਰਹੇ। ਪ੍ਰਚਾਰ ਇਹ ਕੀਤਾ ਗਿਆ ਸੀ ਕਿ
ਸੰਤ ਜੀ ਸ੍ਰੀ ਅਕਾਲ ਤਖ਼ਤ ਵਿੱਚ ਰਹਿੰਦੇ ਹਨ। ਹਾਂ ਸਾਰਾ ਦਿਨ ਉਹ ਸ੍ਰੀ ਅਕਲਾ ਤਖ਼ਤ ਸਾਹਿਬ ਜੀ ਦੀ
ਤੀਜੀ ਮਨਜ਼ਲ ਉਪਰ ਹੀ ਰਹਿ ਕੇ ਸਾਰੇ ਪੰਥਕ ਕਾਰ ਵਿਹਾਰ ਕਰਦੇ ਸਨ; ਸਿਰਫ਼ ਰਾਤ ਸਮੇ ਹੀ ਸੌਣ ਵਾਸਤੇ
ਉਸ ਮਕਾਨ ਦੇ ਇੱਕ ਕਮਰੇ ਵਿੱਚ ਜਾਇਆ ਕਰਦੇ ਸਨ। ਇਸ ਮਕਾਨ ਦੀਆਂ ਬਾਹਰਲੀਆਂ ਬਾਜ਼ਾਰ ਵੱਲ ਦੀਆਂ
ਪਉੜੀਆਂ ਬੰਦ ਕਰਕੇ, ਦੀਵਾਰਾਂ ਉਪਰ ਕੰਡਿਆਲ਼ੀ ਤਾਰ ਲਾ ਕੇ, ਬਾਜ਼ਾਰ ਨਾਲ਼ੋਂ ਇਸਦਾ ਸਬੰਧ ਤੋੜ ਦਿਤਾ
ਗਿਆ ਸੀ ਤੇ ਤਖ਼ਤ ਸਾਹਿਬ ਤੇ ਮਕਾਨ ਵਿਚਲੀ ਕੰਧ ਵਿੱਚ ਪਾੜ ਲਾ ਕੇ, ਇੱਕ ਛੋਟਾ ਜਿਹਾ ਤਖ਼ਤ ਵੱਲ
ਖੁਲ੍ਹਣ ਵਾਲ਼ਾ ਬੂਹਾ ਬਣਾ ਲਿਆ ਗਿਆ ਸੀ। ਸਾਰੀ ਆਵਾ ਜਾਈ ਇਸ ਪਾਸਿਉਂ ਹੋਣ ਲੱਗ ਪਈ। ਪ੍ਰਚਾਰ ਇਹ ਹੋ
ਗਿਆ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੈ। ਇਸ ਮਕਾਨ ਦੇ ਹੇਠਾਂ ਹੀ ਤਖ਼ਤ ਦਾ ਦਫ਼ਤਰ ਤੇ
ਲਾਇਬ੍ਰੇਰੀ ਵੀ ਹੁੰਦੀ ਸੀ ਇਸ ਲਈ ਇਹ ਮਕਾਨ ਤਖ਼ਤ ਸਾਹਿਬ ਦੀ ਮਲਕੀਅਤ ਹੀ ਸੀ।
ਫਿਰ ੧੯੬੭ ਵਿੱਚ ਜਦੋਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ
ਨੂੰ, ਪਾਰਟੀ ਨਾਲ਼ ਗ਼ਦਾਰੀ ਕਰਕੇ ਕਾਂਗਰਸ ਦੀ ਸਹਾਇਤਾ ਨਾਲ਼ ਬਣੇ ਮੁਖ ਮੰਤਰੀ ਗਿੱਲ ਨੇ ਝੂਠੇ
ਮੁਕੱਦਮਿਆਂ ਵਿੱਚ ਫਸਾ ਕੇ ਫੜਨਾ ਚਾਹਿਆ ਤਾਂ ਉਹਨਾਂ ਨੇ ਵੀ ਇਸ ਮਕਾਨ ਵਿੱਚ ਡੇਰਾ ਲਾ ਲਿਆ ਸੀ।
ਸਾਰੇ ਮੁਲਾਜ਼ਮ, ਆਗੂ, ਵਰਕਰ, ਲੀਡਰ, ਮੈਬਰ, ਆਮ ਜਨਤਾ ਆਦਿ ਉਹਨਾਂ ਨੂੰ ਏਥੇ ਹੀ, ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਵੱਡੇ ਵੱਡੇ ਪਉੜਾਂ ਰਾਹੀਂ ਚੜ੍ਹ ਕੇ, ਤੀਜੀ ਮਨਜ਼ਲ ਤੇ ਮਿਲਣ ਆਇਆ ਕਰਦੇ ਸਨ। ਸਾਰੀਆਂ
ਮੀਟਿੰਗਾਂ, ਕਰਵਾਈਆਂ ਆਦਿ ਦਾ ਕੇਂਦਰ ਇਹੋ ਤੀਜੀ ਮਨਜ਼ਲ ਹੀ ਹੁੰਦਾ ਸੀ। ਗਿੱਲ ਦੇ ਹੁਕਮ ਨਾਲ਼ ਜਦੋਂ
ਉਹਨਾਂ ਦੇ ਦੋਹਾਂ ਹੀ ਨਿਜੀ ਸਹਾਇਕਾਂ, ਸ. ਮੇਜਰ ਸਿੰਘ ਉਬੋਕੇ ਤੇ ਸ. ਅਬਿਨਾਸ਼ੀ ਸਿੰਘ ਨੂੰ, ਫੜ ਕੇ
ਪੁਲਸ ਨੇ ਅੰਦਰ ਡੱਕ ਦਿਤਾ ਤਾਂ ਸੰਤ ਜੀ ਨੇ ਨਿਜੀ ਸਹਾਇਕ ਦੇ ਸਾਰੇ ਕਾਰਜ ਕਰਨ ਲਈ ਮੇਰੀ ਸੇਵਾ
ਲਾਈ। ਇਹ ਸਾਰਾ ਸਮਾ ਮੈ ਵੀ ਓਥੇ ਹੀ ਵਿਚਰਦਾ ਰਿਹਾ। ਇਸ ਤੋਂ ਪਹਿਲਾਂ ਮੇਰੇ ਭਾਈਆ ਜੀ ਜਦੋਂ ਸ੍ਰੀ
ਅਕਾਲ ਤਖ਼ਤ ਸਾਹਿਬ ਜੀ ਦੇ ਮੁਖ ਗ੍ਰੰਥੀ ਹੁੰਦੇ ਸਨ ਤਾਂ ਓਦੋਂ ਵੀ ਤਖ਼ਤ ਸਾਹਿਬ ਦੀ ਲਾਇਬ੍ਰੇਰੀ ਦੀਆਂ
ਚਾਬੀਆਂ ਮੇਰੇ ਕੋਲ਼ ਹੁੰਦੀਆਂ ਸਨ ਤੇ ਰਾਤ ਦਿਨ ਖਾਸਾ ਸਮਾ ਮੈ ਉਸ ਦਫ਼ਤਰ ਵਿਚਲੀ ਬੰਦ ਹਨੇਰੀ ਕੋਠੜੀ
ਵਿਚ, ਮਧਮ ਜਿਹੀ ਰੋਸ਼ਨੀ ਨਾਲ਼, ਓਥੇ ਪਏ ਗ੍ਰੰਥ ਪੜ੍ਹਦਾ ਰਹਿੰਦਾ ਸਾਂ। ੧੯੮੪ ਤੋਂ ਪਹਿਲਾਂ ਦਾ ਤਖ਼ਤ
ਸਾਹਿਬ ਤੇ ਉਸਦੇ ਆਲੇ ਦੁਆਲੇ ਦੀ ਪੂਰੀ ਦੀ ਪੂਰੀ ਤਸਵੀਰ ਤਾਂ ਮੇਰੀ ਸੋਚ ਦਾ ਸਦੀਵੀ ਹਿੱਸਾ ਬਣ
ਚੁਕੀ ਹੋਈ ਹੈ। ਸ਼ਾਇਦ ਮੇਰੀ ਰਹਿੰਦੀ ਹੋਸ਼ ਤੱਕ ਇਹ ਨਾ ਹੀ ਭੁੱਲੇ। ਹੁਣ ਦੀ ਨਵੀ ਬਣੀ ਇਮਾਰਤ ਪਿਛੋਂ
ਵੀ ਭਾਵੇਂ ਮੈ ਕਈ ਵਾਰ ਅੰਮ੍ਰਿਤਸਰ ਗਿਆ ਹਾਂ ਤੇ ਹਰੇਕ ਵਾਰ ਤਖ਼ਤ ਤੇ ਮੱਥਾ ਟੇਕਣ ਵੀ ਜਾਂਦਾ ਹਾਂ
ਪਰ ਨਵੀ ਵਿਸ਼ਾਲ ਇਮਾਰਤ ਦੀ ਉਸਾਰੀ ਦਾ ਨਕਸ਼ਾ ਮੇਰੇ ਕਮਜ਼ੋਰ ਹੋ ਚੁੱਕੇ ‘ਡਮਾਕ’ ਵਿੱਚ ਵੜਦਾ ਹੀ ਨਹੀ।
ਨਵੀਂ ਪੀਹੜੀ ਵਾਸਤੇ ਇਹ ਕੋਈ ਸਮੱਸਿਆ ਨਹੀ ਹੋਵੇਗੀ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ
ਹੱਥੀਂ ਸਿਰਜਿਆ ਗਿਆ ‘ਅਕਾਲਸਰ’ ਨਾਮੀ ਵਿਸ਼ਾਲ ਖੂਹ ਵੀ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਦੇ ਅੰਦਰ ਵਾਰ
ਥੱਲੇ ਦੱਬ ਦਿਤਾ ਗਿਆ ਹੈ। ਇਸ ਖੂਹ ਦੇ ਬੈੜ ਵਿੱਚ ਲੱਤਾਂ ਫਸਾ ਕੇ, ਕਦੀ ੧੯੫੩-੫੭ ਵਿੱਚ ਮੈ ਪੁੱਠਾ
ਲਟਕਿਆ ਕਰਦਾ ਸਾਂ। ਇੱਕ ਯਾਤਰਾ ਦੌਰਾਨ, ਜਦੋਂ ਮੈਨੂੰ ਉਹ ਖੂਹ ਨਜ਼ਰ ਨਾ ਆਇਆ ਤਾਂ ਮੈ ਆਪਣੇ
ਚਿਰਕਾਲੀ ਸਤਿਕਾਰ ਯੋਗ ਮਿੱਤਰ ਤਖ਼ਤ ਸਾਹਿਬ ਜੀ ਦੇ ਸਨਮਾਨਯੋਗ ਜਥੇਦਾਰ, ਸਿੰਘ ਸਾਹਿਬ ਗਿ. ਜੋਗਿੰਦਰ
ਸਿੰਘ ਜੀ, ਨਾਲ਼ ਇਸ ਖੂਹ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਮੇਰੇ ਨਾਲ਼ ਆਪਣਾ ਸਹਾਇਕ ਭੇਜ ਕੇ ਉਸਨੂੰ
ਆਖਿਆ, “ਜਾਹ ਫਲਾਣਾ ਸਿੰਘ, ਗਿਆਨੀ ਸੰਤੋਖ ਸਿੰਘ ਜੀ ਨੂੰ ਖੂਹ ਵਿਖਾ ਲਿਆ।” ਉਸ ਸੱਜਣ ਨੇ ਤਖ਼ਤ
ਸਾਹਿਬ ਦੀ ਪ੍ਰਕਰਮਾ ਦੇ ਬਰਾਬਰ ਵਾਲੀ ਛੱਤ ਦਾ ਇੱਕ ਜਿੰਦਰਾ ਖੋਹਲ ਕੇ ਮੈਨੂੰ ਖੂਹ ਦੱਸ ਦਿਤਾ।
ਅੰਦਰ ਭੋਰੇ ਵਿੱਚ ਹਨੇਰੇ ਜਿਹੇ ਵਿੱਚ ਇਸ ਖੂਹ ਦੀ ਮਣ ਤੇ ਮੈ ਝਾਤੀ ਮਾਰ ਲਈ। ਤਸੱਲੀ ਹੋ ਗਈ ਇਹ
ਵੇਖ ਕੇ ਕਿ ਇਸ ਇਤਿਹਾਸਕ ਖੂਹ ਉਪਰ ਅਜੇ ਕਾਰ ਸੇਵਾ ਵਾਲੇ ਬਾਬਿਆਂ ਦੀ ਫੁੱਲ ਕਿਰਪਾ ਨਹੀ ਹੋਈ।
ਇਮਾਰਤ ਦੇ ਥੱਲੇ ਦੱਬ ਤਾਂ ਦਿਤਾ ਗਿਆ ਹੈ ਪਰ ਪੂਰਨ ਤੌਰ ਤੇ ਅਜੇ ਨਸ਼ਟ ਨਹੀ ਹੋਇਆ। ਸਾਰੇ ਕੁੱਝ ਦੀ
ਉਸਾਰੀ ਕਰਨ ਸਮੇ ਬੜੀ ਸੁਖੈਨਤਾ ਨਾਲ਼ ਖੂਹ ਦਾ ਮੂਹ ਖੁਲ੍ਹਾ ਰੱਖ ਕੇ ਉਪਰ ਜੰਗਲ਼ਾ ਲਾਇਆ ਜਾ ਸਕਦਾ ਸੀ
ਪਰ ਸ਼ਾਇਦ ਕਿਸੇ ਨੇ ਇਸ ਦੀ ਇਤਿਹਸਾਕ ਮਹੱਤਤਾ ਨੂੰ ਗੌਲ਼ਿਆ ਹੀ ਨਾ ਹੋਵੇ!
ਫਿਰ ੧੯੮੩ ਦੇ ਅਖੀਰ ਵਿੱਚ ਸੰਤ ਜਰਨੈਲ ਸਿੰਘ ਜੀ ਨੇ ਵੀ ਲੰਗਰ ਦੀ ਇਮਾਰਤ
ਤੋਂ ਬਾਅਦ ਏਥੇ ਆ ਕੇ ਡੇਰਾ ਲਾਇਆ ਸੀ ਤੇ ਉਹਨਾਂ ਦੀਆਂ ਸਾਰੀਆਂ ਸਰਗਰਮੀਆਂ ਦਾ ਕੇਂਦਰ, ਤਖ਼ਤ ਸਾਹਿਬ
ਦੀ ਏਹੋ ਤੀਜੀ ਛੱਤ ਹੀ ਹੁੰਦੀ ਸੀ। ਥੱਲੇ ਦੀ ਛੱਤ ਵਿੱਚ ਮਹਾਂਰਾਜ ਜੀ ਦੇ ਇੱਕ ਤੋਂ ਵਧ ਸਰੂਪ
ਬਿਰਾਜਮਾਨ ਹੁੰਦੇ ਸਨ ਤੇ ਉਪਰ ਸਾਰਾ ਵਿਚਾਰ ਵਟਾਂਦਰਾ ਤੇ ਆਵਾਜਈ ਦਾ ਕਾਰਜ ਹੋ ਰਿਹਾ ਹੁੰਦਾ ਸੀ।
ਕਦੀ ਕਿਸੇ ਦੇ ਖਿਆਲ ਵਿੱਚ ਹੀ ਇਹ ਗੱਲ ਨਹੀ ਸੀ ਆਈ ਕਿ ਇਹ ਕੁੱਝ ਗ਼ਲਤ ਹੋ ਰਿਹਾ ਹੈ।
ਮੈਨੂੰ ਉਸ ਸ਼ਰਧਾਲੂ ਸੁਹਿਰਦ ਨੌਜਵਾਨ ਦੀ ਸ਼ਰਧਾ ਅਤੇ ਦਿਅਨਤਦਾਰੀ ਬਾਰੇ ਕੋਈ
ਸ਼ੰਕਾ ਨਹੀ ਤੇ ਨਾ ਹੀ ਮੇਰਾ ਉਸ ਨਾਲ਼ ਕੋਈ ਰੋਸਾ ਹੈ। ਬਾਅਦ ਵਿੱਚ ਅਗਲੇ ਜਾਂ ਅਗਲੇਰੇ ਦਿਨ ਉਹਨਾਂ
ਨੇ ਠੰਡੇ ਮਤੇ ਨਾਲ਼ ਗੱਲ ਬਾਤ ਕਰਦਿਆਂ ਇਹੋ ਜਿਹਾ ਰਵੱਈਆ ਵੀ ਅਪਣਾਇਆ ਕਿ ਜਿਵੇਂ ਉਹਨਾਂ ਨੇ ਮਹਿਸੂਸ
ਕਰ ਲਿਆ ਹੋਵੇ ਕਿ ਸਾਡੇ ਦੋਹਾਂ ਬੁਢਿਆਂ ਨਾਲ਼, ਵਕਤੀ ਜੋਸ਼ ਕਾਰਨ, ਕੁੱਝ ਲੋੜੋਂ ਵਧ ਹੀ ਸਖ਼ਤੀ ਹੋ ਗਈ
ਹੈ! ਉਹਨਾਂ ਦੀ ਗੱਲ ਬਾਤ ਤੇ ਰਵੱਈਆ ਇਹ ਆਭਾਸ ਦੇ ਰਿਹਾ ਸੀ। ਸ਼ਾਬਾਸ਼ ਹੈ ਅਜਿਹੇ ਸ਼ਰਧਾਲੂ ਨੌਜਵਾਨਾਂ
ਦੀ ਮਰਯਾਦਾ ਪੁਰਸ਼ੋਤਮ ਸੋਚ ਨੂੰ ਜੋ ਸ਼ਬਦ ਸਰੂਪ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਸਤਿਕਾਰ ਬਾਰੇ ਏਨੇ ਸ਼ਰਧਾਤਮਿਕ ਵਿਚਾਰ ਰੱਖਦੇ ਹਨ; ਪਰ ਮੇਰੇ ਵਰਗੇ ਸਾਧਾਰਨ ਸੋਚ ਵਾਲ਼ੇ ਸੇਵਕ,
ਜਿਨ੍ਹਾਂ ਨੇ ਸਾਰੀ ਉਮਰ ਹੀ ਇਸ ਪਾਸੇ ਲਾ ਰੱਖੀ ਹੈ, ਨੂੰ ਕਿਉਂ ਨਹੀ ਅਜਿਹਾ ਵਿਚਾਰ ਆਇਆ!
ਇਹ ਸਤਰਾਂ ਮੈ ਉਹਨਾਂ ਨੌਜਵਾਨਾਂ ਦੇ ਵਿਰੋਧ ਵਿੱਚ ਨਹੀ ਲਿਖ ਰਿਹਾ ਸਗੋਂ
ਕੌਮ ਦੇ ਸਿਆਣੇ ਧਾਰਮਿਕ ਆਗੂਆਂ ਦੇ ਅੱਗੇ ਇਸ ਲਈ ਪੇਸ਼ ਕਰ ਰਿਹਾ ਹਾਂ ਕਿ ਇਸ ਬਾਰੇ ਸਹੀ ਮਰਯਾਦਾ ਦਾ
ਪਤਾ ਲੱਗ ਸਕੇ। ਅਜਿਹਾ ਮੌਕਾ ਕਦੀ ਫੇਰ ਵੀ ਆ ਸਕਦਾ ਹੈ।