ਤੇ ਇਨ੍ਹਾਂ ਵਿਰਲਿਆਂ `ਚੋਂ ਈ ਇੱਕ ਨੱਢਾ ਪੰਜਾਬੀ ਪੂਰਨ ਸਿੰਹੁ ਆ। ਜਦ ਵੀ ਕਿਸੇ ਘਰ ਘੀਗਾ ਜੰਮਦੈ
ਤਾਂ ਬੇਬੇ ਚਾਆਂ ਨਾਲ ਨਾਂ ਰੱਖਦੀ ਐ ਤੇ ਬਾਹਲੀ ਵਾਰ ਤਾਂ ਛੋਰ੍ਹ ਦੇ ਜੰਮਣ ਤੋਂ ਕਿਤੇ ਪਹਿਲੇ ਈ
ਨਾਂ ਰੱਖ ਲਏ ਜਾਂਦੇ ਆ। ਨਾਂ ਤਾਂ ਕਿਸੇ ਦਾ ਮਾੜਾ ਨੀ ਹੁੰਦਾ ਪਰ ਆਪਣੇ ਨਾਂ ਦੇ ਆਸਰੇ ਜਿੰਦਗੀ ਨੂੰ
ਨਿਭਾ ਦੇਣਾ ਅਤੇ ਉਹਦੀ ਮਹੱਤਤਾ ਜੱਗ ਜ਼ਾਹਿਰ ਕਰ ਦੇਣੀ ਵਿਰਲਿਆਂ ਦਾ ਈ ਕੰਮ ਆ, ਕੱਚ ਘਰੜੂਆਂ ਦਾ
ਨਹੀਂ। ਸਰਬ ਗੁਣ ਸੰਪੰਨ ਪੰਜਾਬ ਦੀ ਇਸ ਧਰਤੀ ਨੇ ਤਿੰਨ ਪੂਰਨ ਪੈਦਾ ਕੀਤੇ ਤੇ ਤਿੰਨੇ ਈ ਆਪਣੇ
ਕੰਮਾਂ ਨਾਲ ਇਲਾਹੀ ਪੂਰਨਿਆਂ ਦੇ ਚੱਲਦੇ ਹੋਏ ਆਪਣੀ ਜਿੰਦੜੀ ਨੂੰ ਪੂਰਦੇ ਹੋਏ ਪੂਰਨ ਹੋ ਗਏ ਤੇ
‘ਪੰਜਾਬ` ਚ ਜੰਮਣਾ ਅਮੁੱਲ ਜਿਹੀ ਚੀਜ਼ ਹੈ`ਕਥਨ ਨੂੰ ਸ਼ਾਨੋ-ਸ਼ੌਕਤ ਨਾਲ ਨਿਭਾਉਂਦੇ ਹੋਏ ਆਉਣ ਵਾਲੀਆਂ
ਪੀੜ੍ਹੀਆਂ ਲਈ ਨਵੇਂ ਪੂਰਨੇ ਛੱਡ ਗਏ। ਇਹ ਤਿੰਨੇ ਪੂਰਨ, ਪੂਰਨ ਨਾਥ ਜੋਗੀ, ਭਗਤ ਪੂਰਨ ਸਿੰਘ ਅਤੇ
ਪ੍ਰੋ. ਪੂਰਨ ਸਿੰਘ ਜੀਓ ਸਨ। ਇਸ ਲੇਖ `ਚ ਹਾਂਲੀ ਪ੍ਰੋ. ਪੂਰਨ ਸਿੰਘ ਬਾਰੇ ਹੀ ਗੱਲਾਂ ਕਰਸਾਂ।
ਸਮਾਂ ਹਾਲੀ ਚਿਰੋਕਾ ਨੀ ਹੋਇਆ, ਗੱਲ ਮਸੀਂ 1881 ਦੀ ਐ। ਆਰੀਆ ਲੋਕਾਂ ਦੇ ਦੇਸ਼ ਦੀ ਧਰਤੀ ਦੇ
ਉੱਤਰ-ਪੱਛਮ `ਚ ਜਿਹਲਮ ਦਰਿਆ ਦੇ ਪੱਛਮੀ ਕੰਢੇ ਤੋਂ ਲੈ ਕੇ ਕੈਮਲਪੁਰ ਤੇ ਹਜ਼ਾਰੇ ਤੱਕ ਚੌਫਾਲ ਵਿਛੇ
ਹੋਏ ਪੋਠੋਹਾਰ ਦੇ ਦੁਰਲਭ ਭੂਗੋਲਿਕ ਤੇ ਪ੍ਰਾਕ੍ਰਿਤਕ ਖੰਡ ਵਿੱਚ ਸਰਹੱਦੀ ਸੂਬੇ ਦਾ ਜ਼ਿਲ੍ਹਾ
ਐਬਟਾਬਾਦ (ਹੁਣ ਪਾਕਿਸਤਾਨ) ਹੈ। ਜਿਸ `ਚ ਸਲਹੱਡ ਨਾਓ ਦਾ ਪਹਾੜੀ ਪਿੰਡ ਆ। ਜਿਸ `ਚ ਧੁਰੋਂ
ਨਿਵਾਜ਼ੀ, ਪਿਆਰ ਵਿਗੁੱਤੀ, ਚਾਆਂ ਭਰੀ, ਰੱਬੀ ਰੰਗ ਮਾਨਣੀ, ਘਾਹਾਂ ਤੇ ਲਿਪਟਦੀ, ਪਾਣੀ `ਚ ਭਿੱਜਦੀ,
ਪਰਬਤਾਂ ਤੇ ਚੜ੍ਹਦੀ, ਰੁੱਖਾਂ ਨੂੰ ਚਿੰਬੜਦੀ, ਵਾਅ ਨਾਲ ਗੱਲਾਂ ਕਰਦੀ, ਲੋਕਾਂ ਦੇ ਚਾਅ `ਚ ਨੱਚਦੀ
ਤੇ ਦੂਜਿਆਂ ਪਿੱਛੇ ਆਪਾ ਵਾਰਦੀ ਇੱਕ ਦਰਵੇਸ਼ ਆਤਮਾ ਨੇ ਕਰਤਾਰ ਸਿੰਹੁ ਦੇ ਵਿਹੜੀਂ ਜਨਮ ਲਿਆ।
ਬੰਦਿਆਂ ਦੇ ਇਤਿਹਾਸ `ਚ ਹੋਇਆ ਤੇ ਕਈ ਵੇਰ ਆ ਪਰ ਹੋਇਆ ਟਾਵਾਂ-ਟਾਵਾਂ ਈ ਆ
ਕਿ ਕੁੱਝ ਕੁ ਬੰਦੇ ਇਸ ਫਾਨੀ ਸੰਸਾਰ `ਚ ਸਰੀਰ ਕਰਕੇ ਰਹੇ ਤਾਂ ਥੋੜੀ ਦੂਰ ਈ ਪਰ ਨਾਮਣਾ ਏਨਾ ਖੱਟਗੇ
ਕਿ ‘ਯਾਰ ਕਿਆਂ` ਨੇ ਰਹਿੰਦੀ ਦੁਨੀਆਂ ਤੱਕ ਆਪਣੇ ਨਾਂ ਦੀ ਮੋਹਰ ਛੱਡ ਤੀ। ਸੋਹਣਿਆ ਨੇ ਕੰਮ ਈ
ਅਜਿਹੇ ਕੀਤੇ ਆ ਕਿ ਮੰਨਣ ਨੂੰ ਈ ਨੀ ਆਉਂਦੈ ਕਿ ਇਹ ਸ਼ੈਆਂ ਕੀ ਸਨ। ਅਜਿਹਾ ਸੀ ਸਾਡਾ ਪੂਰਨ ਸਿੰਹੁ।
ਜਿਸ ਦੀ ਜ਼ਿੰਦਗੀ ਤੇ ਕੰਮਾਂ ਦਾ ‘ਸਾਬ-ਕਿਤਾਬ ਡਾਢਾ ਈ ਔਖਾ ਐ ਤੇ ਉਹਦੇ ਕੰਮਾਂ ਤੇ ਖਿਆਲ ਸ਼ਕਤੀ ਨੂੰ
ਗਿਣਤੀ-ਮਿਣਤੀ ਤੇ ਸ਼ਬਦਾਂ ਦੇ ਬੰਧਨ `ਚ ਸਮੁੱਚਾ ਬੰਨਣ ਦੀ ਕੋਸ਼ਿਸ਼ ਕਰਨਾ, ਬੇਅਕਲੀ ਜਿਹੀ ਜਾਪਦੀ ਆ
ਕਿਉਂਕਿ ਬਾਦਸ਼ਾਹ ਦਰਵੇਸ਼ ਕਲਗੀਧਰ ਪਾਤਸ਼ਾਹ ਨੇ ਆਪਣੇ ਖ਼ਾਲਸੇ ਨੂੰ ਅਸੀਮ ਤੇ ਡਾਢੇ ਗੁਣਾਂ ਦੀ ਦਾਤ
ਬਖਸ਼ੀ ਐ। ਜੇਕਰ ਇਸ ਕਲਗੀਧਰ ਪਿਤਾ ਦੇ ਪੁੱਤਰਾਂ ਦੀ ਚਰਚਾ ਕਰਨ ਲੱਗ ਪਈਏ ਤਾਂ ਭਾਵੇਂ ਸਾਰੀ ਉਮਰ
ਲਿਖਦੇ ਰਹੀਏ ਪਰ ਅਖੀਰ ਗੱਲ ਤਾਂ ਮਹਾਂਸਾਗਰ `ਚੋਂ ਡੋਲੂ ਭਰਨ ਵਾਲੀ ਹੋਣੀ ਐ।
ਪ੍ਰੋ. ਸਾਬ੍ਹ ਦੇ ਪਿਤਾ ਹੁਰੀਂ ਤਾਂ ਸਨ ਮਹਿਕਮਾ ਮਾਲ ਦੇ ਪਟਵਾਰੀ ਤੇ ਜਾਣਾ
ਪੈਂਦਾ ਸੀ ਦੂਰ-ਦੁਰਾਡੇ। ਸੋ ਉਨ੍ਹਾਂ ਨੇ ਰੱਖੀ ਸੀ ਇੱਕ ਘੋੜੀ, ਜਿਹੜੀ ਕਿ ਬੜੀ ਸਾਊ ਸੀ ਤੇ ਘਰ ਦੇ
ਸਾਰੇ ਬੱਚੇ ਉਸ ਨਾਲ ਖੇਡਦੇ ਸਨ ਤੇ ਪੂਰਨ ਸਿੰਹੁ ਵੀ ਉਸ ਨਾਲ ਡਾਢਾ ਪ੍ਰੇਮ ਕਰਦਾ ਸੀ। ਬਾਪੂ ਦੀ
ਨੌਕਰੀ ਦੀ ਨਿੱਤ ਅਦਲਾ-ਬਦਲੀ ਕਰਕੇ ਘਰ ਵਾਲਿਆਂ ਦਾ ਕੋਈ ਪੱਕਾ ਟਿਕਾਣਾ ਨਹੀਓ ਸੀ ਬਣ ਸਕਿਆ, ਜਿਸ
ਕਰਕੇ ਪੂਰਨ ਸਿੰਹੁ ਨੂੰ ਘੁੰਮਣੇ ਦੀ ਗੁੜਤੀ ਘਰ ਤੋਂ ਹੀ ਮਿਲ ਗਈ। ਇਹ ਬੇਪਰਵਾਹ, ਮਸਤਾਨਾ, ਅਲਬੇਲਾ
ਪੰਛੀ ਪਿਆਰ ਥੀ ਆਲ੍ਹਣੇ ਵੇਖ ਉੱਡ-ਉੱਡ ਜਾਂਦਾ-
ਮੈਂ ਤਾਂ ਕਮਾਲ ਹਾਂ ਨਾਂਹ ਹੋਣ ਦਾ; ਸੁੱਤੀ ਹੋਵਾਂ ਤਾਂ ਉਹ;
ਜਾਗਦੀ ਹੋਵਾਂ, ਹੋਰ ਉਹ, ਮੈਂ ਤਾਂ ਪਾਗਲ ਜਿਹੀ ਹੋਂਦ ਹਾਂ!
(ਖੁੱਲ੍ਹੇ ਘੁੰਡ)
ਅਸ਼ਕੇ ਜਾਈਏ ਮਾਂ ਪਰਮਾ ਦੇਵੀ ਦੇ ਜਿਹੜੀ ਪੁੱਤ ਦੇ ਚਾਆਂ ਤੋਂ ਵਾਰੀ-ਵਾਰੀ
ਜਾਂਦੀ ਸੀ। ਸੱਚ ਕਹਿੰਦੇ ਆ ਕਿ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਆ, ਪਰ ਪੂਰਨ ਸਿੰਹੁ ਲਈ ਤਾਂ ਮਾਂ
ਈ ਰੱਬ ਸੀ। ਜਿਸ ਨੇ ਪੁੱਤ ਦੇ ਢੇਰ ਚਾਆਂ `ਚ ਕਾਈ ਕਸਰ ਨੀ ਛੱਡੀ। ਪੂਰਨ ਸਿੰਹੁ ਦੀ ਮਾਂ
ਸਾਦ-ਮੁਰਾਰੀ ਤੇ ਭਗਤੀ-ਭਾਵ ਵਾਲੀ ਸੀ। ਜਿਸਦਾ ਰੰਗ ਪੁੱਤ ਦੇ ਡਾਢਾ ਸੀ।
ਇਕ ਵੇਰ ਪਰਮਾ ਦੇਵੀ ਪੂਰਨ ਸਿੰਹੁ ਨੂੰ ਨਿੱਕੇ ਹੋਂਦਿਆ ਅਟਕ ਦਰਿਆ ਦੇ
ਨਾਉਣ੍ਹੇ ਨੂੰ ਲੈ ਗਈ। ਜਦ ਮਾਂ ਨੇ ਪੂਰਨ ਸਿੰਹੁ ਨੂੰ ਹੱਥਾਂ ਤੇ ਪਾਈ ਪਾਣੀ `ਚ ਲਿਆਂਦਾ ਦਾ ਪਤਾ
ਨਈਓ ਕਿਹੜੇ ਖਿਆਲਾਂ `ਚ ਡੁੱਬੀ ਤੱਤੜੀ ਨੂੰ ਪਤਾ ਈ ਨਾ ਲੱਗਾ ਕਿ ਦਰਿਆ ਦੀ ਲਹਿਰ ਪੂਰਨ ਸਿੰਹੁ ਨੂੰ
ਮਾਂ ਦੇ ਹੱਥਾਂ `ਚੋਂ ਲੈ ਗੀ ਤੇ ਜਦ ਮਾਂ ਨੇ ਖਾਲੀ ਹੱਥ ਵੇਖੇ ਤਾਂ ਓਸ ਅਰਦਾਸ ਕੀਤੀ ਤੇ ਦੂਜੀ
ਲਹਿਰ ਨੇ ਪੂਰਨ ਸਿੰਹੁ ਨੂੰ ਉਹਦੇ ਹੱਥਾਂ ਤੇ ਧਰ ਦਿੱਤਾ। ਇਸੇ ਲਈ ਉਹ ਪੂਰਨ ਸਿੰਹੁ ਨੂੰ ਹਮੇਸ਼ਾ
ਕਹਿੰਦੀ ਸੀ ਕਿ ਇਹ ਸਿੰਧ (ਅਟਕ) ਦੇਵੀ ਆ। ਪੂਰਨ ਸਿੰਹੁ ਪਿਆਰ ਦੀ ਭੁੱਖੀ ਰੂਹ ਸੀ, ਜਿਸਨੂੰ ਹਰ
ਕਾਸੀਂ ਕੁਦਰਤ ਦੇ ਪਸਾਰੇ ਦਾ ਪਿਆਰ ਨਜ਼ਰੀਂ ਥੀਦਾਂ ਸੀ। ਉਸਨੂੰ ਘਾਹ-ਬੂਟੇ, ਪਸ਼ੂ-ਪੰਛੀਆਂ,
ਪਾਣੀ-ਪਹਾੜਾਂ ਗੱਲ ਕੀ ਕੁਦਰਤ ਦੀ ਹਰ ਸੈਅ ਤੇ ਘਾੜਤ ਨਾਲ ਅਰਸ਼ੀ ਮੋਹ ਸੀ।
‘ਮੈਂ ਜਦ ਘੁੰਢ ਖੋਲਦੀ, ਦਰਿਆ ਥੰਮਦੇ, ਝੁੱਕਦੇ, ਮੱਥਾ ਟੇਕਦੇ ਲੰਘਦੇ,
ਚੰਨ ਸੂਰਜ ਝੁਕ-ਝੁਕ ਸਲਾਮ ਕਰਨ, ਹਵਾਵਾਂ ਦੌੜ ਦੌੜ ਚਾਈਂ ਚਾਈਂ
ਝੱਲਣ ਚੌਰੀਆ! ਪਹਾੜ ਦੇਖ ਮੈਨੂੰ ਉੱਛਲਦੇ`
(ਖੁੱਲ੍ਹੇ ਘੁੰਡ)
ਕੇਰਾਂ ਦੀ ਗੱਲ ਐ ਕਿ ਇਨ੍ਹਾਂ ਦੇ ਘਰ ਇੱਕ ਲਾਲ ਡੱਬਾਂ ਵਾਲੀ ਬੱਕਰੀ ਤੇ
ਉਸਦੀ ਪਠੋਰਾ ਹੋਂਦਾ ਸੀ, ਜਿਸਨੂੰ ਇਹ ਘਣਾ ਪਿਆਰਦੇ ਸਨ। ਹੋਇਆ ਕੀ ਕਿ ਪੂਰਨ ਸਿੰਹੁ ਦਾ ਮਾਮਾ ਆਇਆ
ਤੇ ਉਸ ਪੂਰਨ ਸਿੰਹੁ ਨੂੰ ਕਿਹਾ ਕਿ ਐਤਕਾਂ ਤਾਂ ਤੇਰਾ ਪਠੋਰਾ ਖਾਸਾਂ ਪਰ ਪੂਰਨ ਸਿੰਹੁ ਨੇ ਨਾਂਹ ਕਰ
ਤੀ। ਇਹ ਵੇਖ ਮਾਮੇ ਨੇ ਸ਼ਹਿਰ ਵਿਖਾਣ ਦੇ ਪੱਜ ਨਾਲ ਜੁਆਕ ਨੂੰ ਮਨਾ ਲਿਆ ਤੇ ਪਠੋਰਾ ਝਟਕਾ ਦਿੱਤਾ।
ਸ਼ਾਮੀ ਜਦ ਬਾਹਰੋਂ ਆਈ ਬੱਕਰੀ ਨੂੰ ਘਰ `ਚ ਪਠੋਰੇ ਦਾ ਜੁਆਬ ਨਾ ਮਿਲਿਆ ਤਾਂ ਉਹ ਉਸਦੀਆਂ ਅੱਖਾਂ
`ਚੋਂ ਪਾਣੀ ਵਗਿਆ ਤੇ ਉਹ ਐਸੀ ਸਰਪਟ ਦੌੜੀ ਕਿ ਫਿਰ ਕਦੇ ਨਾ ਥਿਆਈ। ਪੂਰਨ ਸਿੰਹੁ ਤੇ ਇਸ ਘਟਨਾ ਦਾ
ਡੂੰਘਾ ਅਸਰ ਰਿਹਾ। ਪੂਰਨ ਸਿੰਹੁ ਜਿੱਥੇ ਵੀ ਹੁੰਦਾ ਉੱਥੇ ਹੀ ਪਿਆਰ ਦੀਆਂ ਬਾਛੜਾਂ ਸੁੱਟਦਾ
ਰਹਿੰਦਾ। ਕਾਮੇ, ਮਜ਼ਦੂਰ, ਪਠਾਣ, ਦੁਕਾਨਦਾਰ, ਘੁਮਿਆਰ ਗੱਲ ਕੀ ਸਭ ਇਸ ਛੋਟੇ ਸਰਦਾਰ ਦੇ ਯਾਰ ਸਨ।
ਹਵੇਲੀਆਂ ਵੱਸਦੇ ਹੋਏ ਪੂਰਨ ਸਿੰਹੁ ਨੇ ਹਰੀਪੁਰ ਦੇ ਐਗਲੋ ਮਿਡਲ ਸਕੂਲ ਤੋਂ ਅੱਠਵੀਂ ਕਰ ਸੀ।
ਰਾਵਲਪਿੰਡੀ ਤੋਂ ਓਸ ਨੇ ਦਸਵੀਂ ਕੀਤੀ, ਜਿੱਥੇ ਇੱਕ ਵੇਰ ਓਸ ਤੇ ਨਲ-ਦਮਯੰਤੀ ਦੇ ਨਾਟਕ ਨੂੰ ਵੇਖ ਕੇ
ਦਮਯੰਤੀ ਦਾ ਪਾਤਰ ਉਸਦੇ ਦਿਲੋ-ਦਿਮਾਗ ਦੇ ਹਾਵੀ ਹੋ ਗਿਆ ਤੇ ਓਸ ਨੇ ਉਸ ਨਾਟਕ ੀਂ ਕਈ ਵੇਰ ਵੇਖਿਆ।
ਦਮਯੰਤੀ ਦੀ ਸੁੰਦਰਤਾ ਨੇ ਪੂਰਨ ਸਿੰਹੁ ਦੇ ਜਾਦੂ ਕਰ ਤਾ ਤੇ ਓਸ ਦੇ ਮੂੰਹ ਤੋਂ ਰੋਟੀ ਦੀ ਗਰਾਹੀ
ਨਿਗਲਣੀ ਪਹਾੜ ਹੋ ਗਈ। ਜਦ ਮਾਮੇ ਇਹ ਹਾਲਤ ਵੇਖ ਤਾਂ ਉਹ ਪੂਰਨ ਸਿੰਹੁ ਨੂੰ ਸਟੇਜ ਪਿੱਛੇ ਲਿਜਾ ਕੇ
ਦਮਯੰਤੀ ਨਾਂ ਦਾ ਪਾਤਰ ਕਰਨ ਵਾਲੇ ਤੇਜਾ ਸਿੰਘ ਨੂੰ ਮਿਲਾ ਕੇ ਲਿਆਇਆ। ਪਰ ਪੂਰਨ ਸਿੰਹੁ ਨੂੰ
ਵਿਸ਼ਵਾਸ਼ ਨਾ ਆਇਆ ਪਰ ਜਦ ਤੇਜਾ ਸਿੰਘ ਨੇ ਦੁਬਾਰਾ ਦਮਯੰਤੀ ਬਣ ਕੇ ਵਿਖਾਇਆ ਤਾਂ ਪੂਰਨ ਸਿੰਹੁ ਨੇ
ਭਾਵੇਂ ਨਾਟਕ ਵੇਖਣਾ ਤਾਂ ਛੱਡ ਦਿੱਤਾ, ਪਰ ਉਹ ਸਟੇਜ ਵਾਲੀ ਦਮਯੰਤੀ ਹਰ ਰੋਜ਼ ਰਾਤ ਨੂੰ ਉਸਦੇ
ਸੁਪਨਿਆਂ ਨਾਲ ਖੇਡਦੀ ਸੀ।
ਮਈ 1897 ਨੂੰ ਪੂਰਨ ਸਿੰਹੁ ਕਾਲਜੀਏਟ ਬਣਨ ਲਈ ਚੱਲ ਪਿਆ। ਗੱਡੀ ਚੜਾਉਣੇ ਆਈ
ਮਾਂ ਆਖਿਆ ‘ਪੂਰਨ ਪੜ੍ਹ-ਲਿਖ ਕੇ ਮੁੰਡੇ ਅਫਸਰ ਬਣੀਦੇ ਨੇ ਤੇ ਫਿਰ ਘਰ ਭੁੱਲ ਜਾਂਦੇ ਆ, ਆਪਣੀ ਮਾਂ
ਨੂੰ ਨਾ ਭੁਲਾਈਂ`। ਇਹ ਸੁਣ ਪੂਰਨ ਸਿੰਹੁ ਆਖਿਆ ‘ਬੇ, ਇਹ ਨੀ ਹੋ ਸਕਦਾ ਕਿ ਮੈਂ ਆਪਣਾ ਰੱਬ ਭੁੱਲ
ਜਾਂ`। ਪੂਰਨ ਸਿੰਹੁ ਗੱਡੀ ਦੇ ਤੁਰੀ ਜਾਣ ਦੇ ਨਾਲ-ਨਾਲ ਆਪਣੇ ਆਪ ਨੂੰ ਪੋਠੋਹਾਰ ਦੀ ਰੰਗਲੀ ਧਰਤੀ,
ਹਿੱਕ ਠਾਰਦੇ ਚਸ਼ਮਿਆਂ ਦੇ ਪਾਣੀ, ਛੋਰਾਂ ਦੇ ਨਸ਼ੀਲੇ ਨੈਣਾਂ ਤੇ ਲੰਗੋਟੀਏ ਯਾਰਾਂ ਤੋਂ ਵਿਛੜਦਾ
ਮਹਿਸੂਸ ਕਰ ਰਿਹਾ ਸੀ। ਖੁੱਲੇ ਅਸਮਾਨਾਂ ਦਾ ਪੰਖੇਰੂ ਲਾਹੌਰੀ ਪਿੰਜਰੇ ਆ ਫਸਿਆ ਸੀ। ਲਾਹੌਰ ਸ਼ਹਿਰ
ਦੀਆਂ ਰੀਝਾਂ ਨੂੰ ਓਸ ਆਪਣੀ ਕਲਪਨਾ ਤੋਂ ਪਰੇਡੇ ਡਿੱਠਾ। ਭੱਜਾ-ਦੌੜੀ, ਗਰਮੀ-ਹੁੰਮਸ ਤੇ ਬੇਚੈਨੀ
ਕਰਕੇ ਪੂਰਨ ਸਿੰਹੁ ਨੂੰ ਆਪਣਾ ਹਰੀਪੁਰ ਚੇਤੇ ਆਵਣ ਲੱਗਾ, ਪੂਰਨ ਸਿੰਹੁ ਆਪਣੀ ਪੜ੍ਹਾਈ ਜੋਸ਼ੋ-ਖਰੋਸ਼
ਨਾਲ ਕਰ ਰਿਹਾ ਸੀ। ਅਲਬੇਲਾ ਘੁੰਮਕੱੜ ਭੀੜਾਂ `ਚ ਗਵਾਚ ਜਾਂਦਾ ਤੇ ਮਸਤ ਹੋ ਕੇ ਬਾਜ਼ਾਰਾਂ `ਚ
ਘੁੰਮਦਾ। ਪਰ ਉਹ ਪੋਠੋਹਾਰ ਦੇ ਦ੍ਰਿਸ਼ਾਂ ਸਾਮਣ੍ਹੇ ਲਾਹੌਰ ਨੂੰ ਫਿੱਕਾ ਮਹਿਸੂਸ ਕਰਦਾ। ਸੁੰਦਰਤਾ ਦਾ
ਆਸ਼ਕ ਨਿੱਤ ਕੁਦਰਤ ਦੀਆਂ ਬਣਾਈਆਂ ਪਰੀਆਂ ਨੂੰ ਤੱਕ ਕੇ ਸਰਸ਼ਾਰ ਹੁੰਦਾ। ਹੁਸੀਨ ਮੁਖੜਿਆਂ ਨੂੰ ਤੱਕਣਾ
ਓਹਦੀ ਡਾਢੀ ਕਮਜ਼ੋਰੀ ਸੀ। ਕੇਰਾਂ ਬਾਜ਼ਾਰ `ਚ ਓਸ ਇੱਕ ਹੁਸੀਨ ਮੂਰਤ ਨਾਲ ਠੇਡਾ ਖਾ ਬੈਠਾ ਤੇ ਡਿੱਗ
ਪਿਆ। ਪੂਰਨ ਸਿੰਹੁ ਨੇ ਤਾਂ ਹੁਸਨ ਦੇ ਮਾਲਕਾਂ ਕੋਲੋਂ ਹਮਦਰਦੀ ਦੀ ਆਸ ਲਗਾਈ ਸੀ ਕਿ ਪਰ ਜਲਦੀ ਹੀ
ਹੁਸਨੀ ਅਨਾਰ `ਚੋਂ ਫੁੱਟੇ ਅੰਗਿਆਰੇ ਉਸ ਦੀ ਝੋਲੀ ਆ ਪਏ। ਜਦ ਦੂਸਰਿਆਂ ਹੁਸਨੀ ਸਰਕਾਰਾਂ ਨੇ ਕਾਰਣ
ਪੁੱਛਿਆ ਤਾਂ ਪੂਰਨ ਸਿੰਹੁ ਬੋਲ ਉਠਿਆ ਕਿ ਯਾਰ ਕੇ ਤਾਂ ਠੇਡਾ ਖਾ ਕੇ ਡਿੱਗ ਪਏ ਤੇ ਹਜ਼ੂਰ ਉੱਤੋਂ
ਅਗਣ ਬਾਣ ਪਏ ਛੱਡਦੇ ਨੇ, ਹੁੰਦਾ ਕਿਤੇ ਸਾਡਾ ਪੋਠੋਹਾਰ, ਤਾਂ ਕੁੜੀਆਂ ਮੇਰੀ ਹਮਦਰਦੀ ਨਾ ਕਰਦੀਆਂ!
! ਜਦ ਕੁੜੀਆਂ ਨੇ ਪੂਰਨ ਸਿੰਹੁ ਦੇ ਮੁੱਖੜੇ ਨੂੰ ਡਿੱਠਾ ਤਾਂ ਇੱਕ ਹੁਸਨ ਬਾਨੋ, ਉਸੇ ਮੂਰਤ ਨੂੰ
ਬੋਲੀ ਕਿ ਏਹੋ ਜਿਹੀ ਸੋਹਣੇ ਨੂੰ ਵੇਖ ਕੇ ਜੇ ਗੁੱਸਾ ਨਹੀਓਂ ਜਾਂਦਾ ਤਾਂ ਭੱਠ ਪੈ ਜੇ ਸਭ ਕਿਛੁ।
ਹੁਣ ਉਹ ਮੁਟਿਆਰ ਪਛਤਾਵੇ ਦੇ ਹੌਕੇ `ਚ ਸੀ ਤੇ ਦੂਰ ਜਾਂਦੀ ਨੇ ਮੁੜ ਕੇ ਇੱਕ ਵਾਰ ਪੂਰਨ ਸਿੰਹੁ ਨੂੰ
ਡਿੱਠਾ ਤੇ ਮੁਸਕਾਈ, ਪੂਰਨ ਸਿੰਹੁ ਜੀ ਹੋਰ ਦੇ ਹੋਰ ਹੋ ਗਏ ਕਿਉਂਕਿ ਦੁਸ਼ਮਣ ਹੁਣ ਸੱਜਣ ਸਨ।
ਭਗਤ ਗੋਕਲ ਚੰਦ ਸਦਕੇ ਪੂਰਨ ਸਿੰਹੁ ਨੂੰ ਕੰਮ ਸਿੱਖਣ ਵਾਸਤੇ ਜਾਪਾਨ ਜਾਣੇ
ਨੂੰ ਮੌਕਾ ਮਿਲਿਆ, ਪਰ ਜਦੇ ਘਰ ਪਤਾ ਲੱਗਾ ਤਾਂ ਉਨ੍ਹਾਂ ਦੇ ਸਾਹ ਸੁੱਕਗੇ। ਪੂਰਨ ਸਿੰਹੁ ਘਰ ਦਿਆਂ
ਤੋਂ ਪਰਵਾਨਗੀ ਲਈ ਹਵੇਲੀਆਂ ਪੁੱਜਾ ਤੇ ਮਾਂ ਆਖਿਆ, ਉਪੂਰਨਾ! ਤੈਂ ਤਾਂ ਭੋਲਾ ਪੰਛੀ ਏ। ਮੈਨੂੰ ਡਰ
ਲਗਦੈ। “ ਪੂਰਨ ਸਿੰਹੁ ਦਾ ਜਵਾਬ ਸੀ, ਉਬੇ, ਤੇਰੇ ਜ਼ਫਰਾਂ ਨੂੰ ਮੈਂ ਭੁੱਲ ਸਕਦਾ, ਮੈਂ ਕੋਈ ਉੱਥੇ
ਬੈਠੇ ਰਹਿਣੈ। “ ਇਹ ਸੁਣ ਮਾਂ ਨੇ ਸਿਰ ਹਾਂ `ਚ ਸਿਰ ਹਿਲਾ ਦਿੱਤਾ। ਪੂਰਨ ਸਿੰਹੁ ਦੇ ਦਾਮੋਦਰ
ਸਿੰਹੁ ਪੰਜਾਬੋਂ ਪਹਿਲੇ ਦੋ ਵਿਦਿਆਰਥੀ ਸਨ ਜੋ ਉਚੇਰੀ ਪੜ੍ਹਾਈ ਲਈ ਜਾਪਾਨ ਜਾ ਰਹੇ ਸਨ। ਜਿੱਥੇ
ਪੂਰਨ ਸਿੰਹੁ ਅਲਬੇਲਾ, ਮਸਤ, ਖੁਸ਼ਗਵਾਰ ਤੇ ਦਿਲਬਰ ਸੀ, ਉੱਥੇ ਉਸ ਤੋਂ ਵਡੇਰੀ ਉਮਰ ਵਾਲਾ ਦਮੋਦਰ
ਸਿੰਹੁ ਗੰਭੀਰ ਤੇ ਯਥਾਰਥਵਾਦੀ ਸੀ। ਦੋਹਾਂ ਦਾ ਸਫ਼ਰ ਕਈ ਕੌੜੀਆਂ-ਮਿੱਠੀਆਂ ਯਾਦਾਂ ਸਦਕੇ ਬੀਤਿਆ ਤੇ
ਅੰਤ ਉਹ ਜਾਪਾਨ ਜਾ ਪੁੱਜੇ। ਜਿੱਥੇ ਪੂਰਨ ਸਿੰਹੁ ਨੂੰ ਟੋਕੀਓ ਯੂਨੀਵਰਸਿਟੀ ਦੇ ਇੱਕ ਸਕੂਲ `ਚ
ਦਾਖਲਾ ਮਿਲ ਗਿਆ ਤੇ ਫਿਰ ਕੁੱਝ ਦਿਨਾਂ ਬਾਅਦ ਦਮੋਦਰ ਸਿੰਹੁ ਨੂੰ ਵੀ ਇੱਕ ਜਗ੍ਹਾਂ ਸੀਟ ਮਿਲ ਗਈ।
ਬੁੱਧ ਦਿਆਂ ਸਾਹਾਂ `ਚ ਗੁੱਛਮ-ਗੱਛ ਜਾਪਾਨੀ ਧਰਤੀ ਕੁਦਰਤ ਦੀ ਗੋਦ ਦਾ
ਨਿੱਘਾ ਹੁਲਾਰਾ ਸੀ। ਜਿੱਥੇ ਪੂਰਨ ਸਿੰਹੁ ਨੇ ਆਪਣਾ ਪਲ-ਪਲ ਸੁਆਦ ਨਾਲ ਮਾਣਿਆ ਤੇ ਉੱਥੋਂ ਦੀਆਂ
ਬਿਜਲਈ ਮਹਿਕਾਂ ਨੂੰ ਆਪਣੇ ਅੰਦਰ ਉਤਾਰਦਾ ਰਿਹਾ। ਜਾਪਾਨ ਦੇ ਲੋਕਾਂ ਤੇ ਸੱਭਿਆਚਾਰ ਨੇ ਪੂਰਨ ਸਿੰਹੁ
ਤੇ ਕਾਫ਼ੀ ਅਸਰ ਪਾਇਆ ਤੇ ਪਿਆਰ ਵਿਗੁੱਤਾ ਪੂਰਨ ਸਿੰਹੁ ਬੁੱਧ ਨੂੰ ਆਪਣਾ ਦਿਲ ਦੇ ਕੇ ਬੋਧੀ ਬਣ
ਸ਼ਾਂਤੀ ਸਰੂਪ ਹੋ ਗਿਆ। ਜਿਸ ਸਦਕੇ ਇੱਕ ਬੋਧੀ ਨੇ ਪੂਰਨ ਸਿੰਹੁ ਦੀ ਬੁੱਧ ਪ੍ਰਤੀ ਸ਼ਰਧਾ ਦੇਖ ਉਸ ਨੂੰ
ਆਪਣਾ ਘਰ ਤੇ ਮੰਦਰ ਭੇਟਾ ਕੀਤਾ, ਪਰ ਅਰਸ਼ੀਂ ਉੱਠਣ ਵਾਲੇ ਉਕਾਬ ਨੂੰ ਘੁਰਣੇ ਦੀ ਲੋੜ ਨਾ ਭਾਸੀ ਤੇ
ਓਸ ਨਾਂਹ ਕਰਤੀ। ਪੂਰਨ ਸਿੰਹੁ ਨੇ ਜਾਪਾਨ `ਚ ਭਾਰਤ ਦੀ ਆਜ਼ਾਦੀ ਲਈ ਭਰਪੂਰ ਕੋਸ਼ਿਸ਼ ਕੀਤੀ ਅਤੇ
ਪ੍ਰਸਿੱਧ ਜਾਪਾਨੀ ਵਿਦਵਾਨ ਉਕਾਕੁਰਾ ਨਾਲ ਉਹਦੀ ਗੂੜ੍ਹੀ ਆੜੀ ਸੀ।
ਜਦ ਸਵਾਮੀ ਰਾਮ ਤੀਰਥ ਵਿਸ਼ਵ ਧਰਮ ਸੰਮੇਲਨ ਵਾਸਤੇ ਜਾਪਾਨ ਪਹੁੰਚੇ ਤਾਂ
ਉਨ੍ਹਾਂ ਦਾ ਮੇਲ ਪੂਰਨ ਸਿੰਹੁ ਨਾਲ ਹੋਇਆ। ਰੂਹਾਨੀਅਤ ਨਾਲ ਲਬਰੇਜ਼ ਸਵਾਮੀ ਨੇ ਪੂਰਨ ਸਿੰਹੁ ਨੂੰ
ਵੱਸ ਕਰ ਲਿਆ ਤੇ ਪਿਆਰ `ਚ ਗੂੜੰਦ ਪੰਛੀ ਤੇ ਬੋਧੀ ਚੋਲਾ ਲਾਹ ਸੰਨਿਆਸ ਧਾਰਨ ਕਰ ਲਿਆ। ਉਹ ਰੋਡ-ਘੋਡ
ਹੋ ਗਿਆ ਅਤੇ ਸਵਾਮੀ ਰਾਮ ਤੀਰਥ ਦਾ ਦੂਜਾ ਰੂਪ ਹੋ ਗਿਆ। ਪੂਰਨ ਸਿੰਹੁ, ਸਵਾਮੀ ਪੂਰਨ ਸਿੰਹੁ ਹੋ
ਭਾਰਤ ਮੁੜਿਆ ਤੇ ਕਲਕੱਤਾ ਆ ਨਿਵਾਸ ਕਰ ਲਿਆ। ਗੱਲ ਘਰੇ ਵੀ ਪੁੱਜਗੀ, ਦਾਮੋਦਰ ਸਿੰਹੁ ਕਰਕੇ, ਤੇ
ਬੇਬੇ-ਬਾਪੂ ਕਲਕੱਤੇ ਆ ਗਏ। ਬੇਬੇ ਨੇ ਭੈਣ ਗੰਗਾ ਦਾ ਵਾਸਤਾ ਪਾਇਆ ਤੇ ਸਵਾਮੀ ਪੂਰਨ ਸਿੰਹੁ ਮਰਨਾਊ
ਹੋਈ ਭੈਣ ਗੰਗਾ ਨੂੰ ਮਿਲਣੇ ਖਾਤਰ ਐਬਹਾਬਾਦ ਪੁੱਜ ਗਿਆ ਮਰਦੀ ਹੋਈ ਭੈਣ ਤੋਂ ਉਸ ਆਖ਼ਰੀ ਇੱਛਾ ਪੁੱਛੀ
ਤਾ ਓਸ ਨੇ ਵਿਆਹ ਕਰਾਉਣੇ ਨੂੰ ਕਿਹਾ ਤੇ ਸਵਾਮੀ ਪੂਰਨ ਸਿੰਹੁ ਦੀ ਗੋਦੀ `ਚ ਦਮ ਤੋੜ ਦਿੱਤਾ। ਪੂਰਨ
ਸਿੰਹੁ ਨੇ ਆਪਣੀ ਮਾਂ ਨੂੰ ਕਿਹਾ ਕਿ ਉਸ ਨੇ ਆਪਣੀ ਮੰਗੇਤਰ ਨੂੰ ਮਿਲਣਾ ਹੈ। ਗੱਲ ਬਾਹਲੀ ਔਖੀ ਸੀ
ਪਰ ਮਾਂ ਨੇ ਹੀਲਾ ਕਰ ਸਵਾਮੀ ਪੂਰਨ ਸਿੰਹੁ ਨੂੰ ਉਸਦੀ ਮੰਗੇਤਰ ਮਾਇਆ ਦੇਵੀ ਨਾਲ ਜਾ ਮਿਲਾਇਆ।
ਸਵਾਮੀ ਪੂਰਨ ਸਿੰਹੁ ਨੇ ਮਾਇਆ ਨੂੰ ਕਿਹਾ, "ਫੱਕਰ ਆਂ, ਮੰਗਣਾ ਪਉਸੀ? “ ਜਵਾਬ ਸੀ, ਕਾਈ ਡਾਢੀ ਗੱਲ
ਨਾਹੀਂ। ਚੱਲ, ਤੁਰ ਨਾਲ? ਵਿਆਹ ਕੇ ਲੈ ਜਾਵੋ, ਜੋ ਆਖਸੋਂ, ਕਰਸਾਂ। ਆਖ਼ਿਰ ਵਿਆਹ ਹੋਇਆ, ਪਰ
ਸੰਨਿਆਸੀ ਨੇ ਸੰਨਿਆਸ ਨਾ ਛੱਡਿਆ ਤੇ ‘ਗ੍ਰਹਿਸਤ ਮੇਂ ਤਪ` ਨੂੰ ਸਿੱਧ ਕਰਨ ਲੱਗਾ।
ਸਵਾਮੀ ਪੂਰਨ ਸਿੰਹੁ ਆਪਣੇ ਭਾਸ਼ਣਾਂ, ਕੰਮਾਂ, ਖੋਜਾਂ ਸਦਕੇ ਕਾਫ਼ੀ ਪਸਰ
ਚੁੱਕਾ ਤੇ ਹਰ ਕਾਸੇ ਓਸ ਦੀ ਕਦਰ ਸੀ। ਸਵਾਮੀ ਪੂਰਨ ਸਿੰਹੁ ਨੇ ਆਪਣੀ ਪੜ੍ਹਾਈ ਸਦਕੇ ਵੱਖ-ਵੱਖ ਸਫ਼ਲ
ਤਜ਼ਰਬੇ ਕੀਤੇ। ਜਿੱਥੇ ਵੀ ਫੱਕਰ ਦਾ ਦਿਲ ਨਾ ਲੱਗਦਾ ਜਾਂ ਘੁੱਟਣ ਮਹਿਸੂਸ ਹੋਣੀ ਤੇ ਜਾਂ ਫਿਰ ਕਿਸੇ
ਦਾ ਰੱਤੀ ਭਰ ਦਾ ਵੀ ਦਬਾਅ ਹੁੰਦਾ ਤਾਂ ਉਹ ਉਡਾਰੀ ਮਾਰ ਕਿਤੇ ਹੋਰ ਬਸੇਰਾ ਕਰ ਲੈਂਦਾ। ਸਵਾਮੀ ਰਾਮ
ਤੀਰਥ ਗੰਗਾ `ਚ ਸਮਾ ਚੁੱਕੇ ਸਨ ਤੇ ਦੇਹ ਨਹੀਓਂ ਸੀ ਲੱਭ ਰਹੀ। ਸਵਾਮੀ ਪੂਰਨ ਸਿੰਹੁ ਨੂੰ ਪਤਾ ਲੱਗਾ
ਤਾਂ ਉੱਥੇ ਬਹੁੜ ਕੇ ਇਸ ਨੇ ਫੱਕਰ ਨੇ ਦਰਵੇਸ਼ ਬੁੱਲ੍ਹੇ ਸ਼ਾਹ ਦੀ ਮਸਤੀ ਵਾਲੀ ਗੱਲ:-
ਬਹੁੜੀ ਤੇ ਤਬੀਬਾ, ਮੇਰੀ ਜਿੰਦ ਗਈਆਂ।
ਤੇਰੇ ਇਸ਼ਕ ਨੇ ਨਚਾਇਆ, ਕਰ ਥਈਆ-ਥਈਆ।
ਦੇ ਰਉ `ਚ ਆ ਗਿਆ ਤੇ ਲੱਗਿਆ ਉੱਚੇ ਪੱਥਰ `ਤੇ ਖਲੋ ‘ਵਾਜ਼ਾ ਮਾਰਣ। ਜਦ ਕੋਈ
ਆਵਾਜ਼ ਨਾ ਆਈ ਤੇ ਸਵਾਮੀ ਪੂਰਨ ਸਿੰਹੁ ਪੂਰਾ ਜ਼ੋਰ ਲਾ ਕੇ ਕਿਹਾ, “ਜੇ ਤੁਸਾਂ ਨੀ ਆਣਾ ਤੇ ਫਿਰ ਮੈਂ
ਲੱਗਾ ਜੇ ਆਣ” ਸਵਾਮੀ ਪੂਰਨ ਸਿੰਹੁ ਦ੍ਰਿੜ ਵਿਸ਼ਵਾਸ਼ ਸੀ ਤੇ ਕੁੱਝ ਪਲਾਂ `ਚ ਹੀ ਦੇਹ ਉਪਰ ਆ ਗਈ
ਚਾਰੇ ਕੰਨੀ ਓਸ ਦੀ ਧੁਨੀ ਵਿਸਮਾਦੀ ਹੋ ਗਈ। ਸਵਾਮੀ ਰਾਮ ਤੀਰਥ ਦੇ ਚਲੇ ਜਾਣ ਤੇ ਸਵਾਮੀ ਪੂਰਨ
ਸਿੰਹੁ ਆਪਣੇ ਆਪ ਨੂੰ ਅਪੂਰਨ ਤੇ ਖਾਲੀ-ਖਾਲੀ ਅਨੁਭਵਦਾ ਸੀ।
ਸਵਾਮੀ ਪੂਰਨ ਸਿੰਹੁ ਦੇ ਜੀਵਨ ਰੂਪੀ ਸਾਗਰ `ਚ ਅਨੇਕਾਂ ਘਟਨਾਵਾਂ ਨੇ
ਹਿਲੌਰੇ ਖਾਧੇ ਪਰ ਹੁਣ ਸਵਾਮੀ ਪੂਰਨ ਸਿੰਹੁ ਇਸ ਸਾਗਰ `ਚ ਇੱਕ ਜਵਾਲਾਮੁਖੀ ਫੁੱਟਿਆ ਕਿ ਖੌਰੇ
ਭੂਚਾਲ ਆਇਆ ਕਿ ਸਵਾਮੀ ਪੂਰਨ ਹੁਣ ਸਵਾਮੀ ਪੂਰਨ ਨਾ ਰਿਹਾ। ਇਹ ਘਟਨਾ 1912 `ਚ ਸਿਆਲਕੋਟ ਦੀ ਸਿੱਖ
ਕਾਨਫਰੰਸ `ਚ ਹੋਈ। ਜਦ ਸਵਾਮੀ ਪੂਰਨ ਸਿੰਹੁ ਆਪਣਾ ਭਾਸ਼ਣ ਕਰਕੇ ਥੜੇ ਤੋਂ ਹੇਠਾਂ ਆਇਆ ਤਾਂ ਇੱਕ
ਸੱਜਣ ਓਹਦਾ ਹੱਥ ਫੜ੍ਹ, ਮਹਾਂ-ਦਰਵੇਸ਼ ਭਾਈ ਸਾਹਿਬ ਭਾਈ ਵੀਰ ਸਿੰਘ ਕੋਲ ਲੈ ਗਿਆ। ਜਦ ਸੱਚੇ-ਸੁੱਚੇ
ਦਰਵੇਸ਼ ਦਾ ਸੱਚਾ ਹੱਥ ਸਵਾਮੀ ਦੀ ਪਿੱਠ ਤੋਂ ਹੁੰਦਾ ਹੋਇਆ ਉਸਦੇ ਬਿਨਾਂ ਵਾਲਾਂ ਵਾਲੇ ਸਿਰ ਤੇ ਗਿਆ
ਤਾਂ ਉਨ੍ਹਾਂ ਦੇ ਮੁਖਾਰ ਬਿੰਦ ਤੋਂ ਕੁੱਝ ਸ਼ਬਦ ਨਿਕਲੇ, “ਕਾਕਾ ਤੇਰੇ ਕੇਸ ਕਿੰਨੇ ਮੁਲਾਇਮ ਨੇ। “
ਸ਼ਬਦ ਆਪਣਾ ਅਸਰ ਵਿਖਾ ਚੁੱਕੇ ਸਨ ਅਤੇ ਕਾਮਲ ਕਰਵੇਸ਼ ਦਾ ਜਾਦੂ ਚੱਲ ਗਿਆ ਸੀ। ਹੁਣ ਸਵਾਮੀ ਪੂਰਨ
ਸਿੰਹੁ ਸੰਪੂਰਨਤਾ ਦਾ ਰਾਹ ਫੜ੍ਹ ਚੁੱਕਾ ਸੀ। ਪੂਰਨ ਆਪਣੇ ਬਾਬਲ ਭਾਈ ਸਾਹਿਬ ਤੋਂ ਕਲਗੀਧਰ ਬਾਪੂ ਦੇ
ਬਖਸ਼ੇ ਅੰਮ੍ਰਿਤ ਦੀ ਬਖਸ਼ਿਸ ਲਈ ਤਰਲੇ ਤੇ ਸਿਸਕੀਆਂ ਲੈ ਰਿਹਾ ਸੀ ਤੇ ਹੁਣ ਉਹ ਪੂਰਨ ਸਿੰਘ ਬਣ ਗਿਆ
ਸੀ। ਇਸ ਕਰਕੇ ਗਾਉਂਦਾ ਸੀ ਕਿ:-
“ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮੁਖ ਲਾਈ ਹੂ।
ਆਬ ਹਿਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਹੂ।
ਅੰਦਰ ਬੂਟੀ ਮੁਸ਼ਕ ਮਚਾਇਟਾ ਜਦ ਫੁੱਲਣ ਤੇ ਆਈ ਹੂੰ
ਜੁਗ ਜੁਗ ਜੀ ਵੇ ਗੁਰਮੁਖ ਬਾਬਲ ਜਿਸ ਇਹ ਬੂਟੀ ਲਾਈ ਹੂੰ”।
ਇਹ ਪੂਰਨ ਹੁਣ ਉੱਚੀ ਸੁਰਤ, ਸਿੱਧੀ ਭਾਵਾਂ ਤੇ ਇਖ਼ਲਾਕੀ ਮੰਜ਼ਿਲ ਪ੍ਰਤੀ
ਲਬਰੇਜ਼ ਹੋ ਗਿਆ ਤੇ ਇਸ ਸਦਕਾ ਮਿਲੀ ਕਾਵਿ-ਉਡਾਰੀ ਨਾਲ ਓਹ ਮੰਜ਼ਿਲ-ਏ-ਮਕਸੂਦ ਦੇ ਰਾਹੀਂ ਜਾ ਪਿਆ।
ਅਗਲੀ ਕਾਨਫਰੰਸ ਅੰਬਾਲੇ ਹੋਏ ਜਿੱਥੇ ਹੁਣ ਸਵਾਮੀ ਪੂਰਨ ਨਹੀਂ ਬਲਕਿ ਕਲਗੀਧਰ ਪਾਤਸ਼ਾਹ ਦਾ ਪੁੱਤਰ
ਪੂਰਨ ਸਿੰਘ ਅਰਸ਼ੀ ਮਸਤੀ `ਚ ਖੜੌਤਾ ਪਿੱਪਲੀ ਦੇ ਟਾਹਣੇ ਵਾਂਗੂੰ ਗੁਰੂ ਮਸਤੀ `ਚ ਝੂਮ ਰਿਹਾ ਸੀ
ਸਿੱਖੀ ਜਲਾਲ `ਚ ਅਨੋਖੀ ਸੁਰਤ, ਅੱਖਾਂ `ਚ ਅਸਮਾਨੀ ਬਿਜਲੀ ਤੇ ਬੁੱਲ੍ਹਾਂ ਤੇ ਹਿਮਾਲਿਆ ਦੇ ਹਿਮ ਲਈ
ਉਹ ਬਾਦਸ਼ਾਹ ਦਰਵੇਸ਼ ਨੂੰ ਅੱਖੀਂ ਵੇਖਦਾ ਅਲਾਪ ਰਿਹਾ ਸੀ ਕਿ:-
“ਉਹ ਵੇਖੋ, ਗੁਰੂ ਜੀ ਨੀਲੇ ਘੋੜੇ ਤਾ ਆ ਰਹੇ ਨੇ”।
ਪ੍ਰੋ. ਪੂਰਨ ਸਿੰਘ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਦਾ ਹੁਣ ਚਹੁੰ-ਕੀਨੀ ਨਗਾਰਾ
ਸੀ। ਜਿਸ ਕਰਕੇ ਮਹਾਰਾਜਾ ਗਵਾਲੀਅਰ ਨੇ ਉਨ੍ਹਾਂ ਨੂੰ ਆਪਣੇ ਕੋਲ ਕੰਮ ਵਾਸਤੇ ਸੱਦਿਆ। ਜਿੱਥੇ
ਉਨ੍ਹਾਂ ਨੇ ਕਈ ਸਾਹਿਤਕ ਰਚਨਾਵਾਂ ਰਚੀਆਂ। ਜਦੋਂ ਪ੍ਰੋ. ਪੂਰਨ ਸਿੰਘ ਦੇ ਸਾਹਿਤਕ ਜੀਵਨ ਤੇ ਨਜ਼ਰ
ਮਾਰੀਦੀ ਐ ਤਾਂ ਮੰਨਣੇ ਨੂੰ ਨੀ ਆਉਂਦਾ ਕਿ ਉਨ੍ਹਾਂ ਨੇ ਇੰਨੇ ਕੰਮਾਂ ਦੇ ਬਾਵਜੂਦ ਪੰਜਾਬੀ, ਹਿੰਦੀ
ਅਤੇ ਅੰਗਰੇਜ਼ੀ `ਚ ਢੇਰ ਸਾਹਿਤ ਰਚਿਆ। ਜਿਸ ਕਰਕੇ ਉਹ ਪੰਜਾਬ ਦੇ ਛੇਵੇਂ ਦਰਿਆਂ ਨਾਲ ਜਾਣੇ ਜਾਂਦੇ
ਆ। ਖੁੱਲ੍ਹੇ ਘੁੰਢ, ਖੁੱਲ੍ਹੇ ਅਸਮਾਨੀ ਰੰਗ, ਖੁੱਲ੍ਹੇ ਲੇਖ ਪ੍ਰੋ. ਸਾਹਿਬ ਦੀਆਂ ਪੰਜਾਬੀ `
ਪ੍ਰਸਿੱਧ ਰਚਨਾਵਾਂ ਹਨ। ਬਾਕੀ ਉਨ੍ਹਾਂ ਦੀ ਸੰਪੂਰਨ ਰਚਨਾਵਲੀ ਦਾ ਵਰਨਣ ਇੱਥੇ ਸੰਭਵ ਨਹੀਂ।
ਪ੍ਰੋ. ਪੂਰਨ ਸਿੰਘ ਜੀ ਦੀ ਬਾਹਲੀਆ ਰਚਨਾਵਾਂ ਉਨ੍ਹਾਂ ਦੇ ਭਰਾ ਦੀ ਪਤਨੀ ਨੇ
ਲਿਖੀਆਂ। ਪ੍ਰੋ. ਸਾਹਿਬ ਅਗੰਮੀ ਰੰਗਾਂ `ਚ ਵਿਚਰਦੇ ਅਲਾਪਦੇ ਸਨ ਤੇ ਉਹ ਲਿਖਦੀ ਸੀ। ਇੱਕ ਵਾਰ
ਪ੍ਰੋ. ਸਾਹਿਬ ਨੇ ਇੱਕ ਗੀਤ ਸੁਣ ਕੇ ਲੱਛੀ ਨਾਂ ਦੇ ਪਾਤਰ ਤੇ ਕਵਿਤਾ ਉਚਾਰਣ ਕੀਤੀ। ਇਹ ਕਿਤਾਬਚਾ
40 ਪੰਨਿਆਂ ਦਾ ਸੀ। ਜਿਸ ਦੀ ਭੂਮਿਕਾ 20 ਪੰਨਿਆਂ ਦੀ ਸੀ। ਕਿਸੇ ਕਾਰਣ ਇਹ ਛਪ ਨਾ ਸਕੀ ਤੇ ਗੁੱਸੇ
`ਚ ਉਨ੍ਹਾਂ ਦੇ ਮੂਲ ਖਰੜਾ ਸਾੜ ਦਿੱਤਾ। ਪ੍ਰੋ. ਸਾਹਿਬ ਦੀ ਪਤਨੀ ਮਾਇਆ ਨੇ ਵੀ ਆਪਣੀਆਂ ਯਾਦਾਂ `ਚ
ਲਿਖਦੀ ਹੈ ਕਿ ਪ੍ਰੋ. ਸਾਹਿਬ ਬਾਹਲੇ ਵਾਰੀ ਲੱਛੀ ਦੇ ਟੋਟੇ ਅਲਾਪਦੇ ਸਨ। ਜਿਵੇ ਕਿ:-
“ਨਾਲੇ ਲੱਛੀ ਦੁੱਧ ਪੀਂਦੀ
ਨਾਲੇ ਭੰਨਦੀ ਗਿਲਾਬ ਬਿਗਾਨਾ”।
-“ਕਰਨਾ ਖਿੜਿਆ ਵਿੱਚ ਪੰਜਾਬੇ, ਮਹਿਰਮ ਸਾਡਾ ਦੂਰ।।
ਤੂੰ ਬੁਕ ਭਰ ਕਰਨਾ ਪਾ ਲੱਛੀਏ, ਤੇਰੀ ਲਪਟ ਸਦਾ ਮਨਜ਼ੂਰ”।।
ਗਵਾਲੀਅਰ ਛੱਡ ਪ੍ਰ੍ਰੋ. ਸਾਹਿਬ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ
ਨੇ ਰੋਸ਼ਘਾਹ ਦੀ ਖੇਤੀ ਕੀਤੀ। ਜੋ ਕਿ ਹੜ੍ਹ ਆਉਣ ਤੇ ਡੁੱਬ ਗਈ, ਪਰ ਪ੍ਰੋ. ਸਾਹਿਬ ਗਾ ਰਹੇ ਸਨ ਕਿ:-
“ਭਲਾ ਹੋਇਆ ਮੇਰਾ ਚਰਖਾ ਟੁੱਟਾ,
ਮੇਰੀ ਜਿੰਦ ਅਜਾਬੋਂ ਛੁੱਟੀ”।
ਇਸੇ ਤਰ੍ਹਾਂ ਇਹ ਨੱਚਦਾ ਖੇਡਦਾ ਦਰਵੇਸ਼ ਹਮੇਸ਼ਾ ਬਪਰਵਾਹ ਰਹਿੰਦਾ ਸੀ ਤੇ
ਕੁਦਰਤ ਦੀ ਅਸੀਮਤਾ `ਚ ਨਿੱਤ ਨਵੀਆਂ ਤੇ ਡੂੰਘੇਰੀਆਂ ਚੁੱਭੀਆਂ ਮਾਰਦਾ ਸੀ। ਪਿਆਰ ਦੀ ਮਸਤੀ `ਚ ਹੀ
ਬਿਮਾਰਾਂ ਦੇ ਗਲੇ ਲੱਗ-ਲੱਗ ਤਪਦਿਕ ਦਾ ਰੋਗ ਸਹੇੜ ਬੈਠੇ ਸਨ। ਬ੍ਰਹਿਮੰਡੀ ਪ੍ਰਕਾਸ਼ `ਚ ਇਸ ਕਿਰਨ ਦੇ
ਸਮਾ ਜਾਣ ਦਾ ਸਮਾਂ ਆ ਗਿਆ ਸੀ ਤੇ ਉਹ ਗਾ ਕੇ ਕਹਿ ਰਹੇ ਸਨ ਕਿ:-
“ਉਕਤਾ ਗਿਆ ਹੂੰ ਯਾ ਰੱਬ,
ਦੁਨੀਆ ਕੀ ਮਹਿਫ਼ਲ ਸੇ।
ਕਿਆ ਲੁਤਫ਼ ਅੰਜਮਨ ਕਾ,
ਜੋ ਦਿਲ ਹੀ ਬੁਝ ਗਿਆ ਹੈ”।
31 ਮਾਰਚ 1931 ਈ. ਨੂੰ ਪ੍ਰੋ. ਪੂਰਨ ਸਿੰਘ ਦੇ ਨਾਂ ਦਾ ਪੰਜਾਬੀ ਸਾਹਿਤ `ਚ
ਇੱਕ ਐਸਾ ਤਾਰਾ ਟੁੱਟਿਆ, ਜਿਸ ਦੀ ਚਮਕ ਹਾਲੀਂ ਵੀ ਸਾਹਿਤਕਾਰਾਂ ਤੇ ਪਾਠਕਾਂ ਦੀਆਂ ਅੱਖੀਆਂ ਨੂੰ
ਚੁੰਧਿਆਉਂਦੀ ਐ। ਡਾ. ਮਹਿੰਦਰ ਸਿੰਘ ਰੰਧਾਵਾ ਦੇ ਸ਼ਬਦਾਂ `ਚ, “ਇਸ ਤਰ੍ਹਾਂ ਪੰਜਾਬੀ ਦੇ ਇੱਕ
ਤੂਫ਼ਾਨੀ ਵੇਗ ਦਾ ਅੰਤ ਹੋ ਗਿਆ। ਜਿਸ ਦਾ ਸਾਹਿਤਕ ਯੋਗਦਾਨ ਉਨਾ ਹੀ ਮਹਾਨ ਹੈ, ਜਿੰਨਾ ਕੇ ਰਵਿੰਦਰ
ਨਾਥ ਠਾਕੁਰ ਤੇ ਮੁਹੰਮਦ ਇਕਬਾਲ ਦਾ। “ ਵਾਕਿਆ ਈ ਤਾਰੀਫੋ ਅਗਾਂਹ ਦਾ ਬੰਦਾ ਸੀ। ਜਦੋਂ ਬਾਬਲ ਭਾਈ
ਸਾਹਿਬ ਨੇ ਪ੍ਰੋ. ਸਾਹਿਬ ਦੇ ਤੁਰ ਜਾਣ ਬਾਰੇ ਸੁਣਿਆ ਤਾਂ ਉਨ੍ਹਾਂ ਦੇ ਬੁੱਲ ਹਿੱਲੇ:-
ਤੇਰੇ ਸੁਰਤ ਉਛਾਲੇ ਤੈਨੂੰ, ਖਿੱਦੂ ਜਿਉਂ ਥੁੜਕਾਵਣ
ਫਰਸ਼ੋ, ਚੁੱਕ ਅਰਸ਼ ਵੱਲ ਤੇਰੇ, ਹੰਭਲੇ ਪਏ ਮਰਵਾਵਣ।
ਕਿਸੇ ਉਛਾਲੇ ਸਮੇਂ ਅਰਸ਼ ਦੇ, ਆ ਗਈ ਹੱਥ ਕਲਾਈ,
ਖਿੱਚ ਉਤਾਂਹ ਲਿਆ ਤੁਧੇ ਨੂੰ, ਬਾਗ ਆਪਣੇ ਲਾਵਣ।