. |
|
ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 25)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਸੰਤ ਰਾਮ ਸਿੰਘ ਦਮਦਮੀ ਟਕਸਾਲ
ਇਹਨਾਂ ਨੂੰ ਕਈ ਵਾਰੀ ਪਹਿਲਾਂ ਕਥਾਵਾਚਕ ਦੇ ਰੂਪ ਵਿੱਚ ਸੁਣਿਆ ਸੀ ਇੱਕ
ਵਾਰੀ ਮਹਿਤੇ ਸੰਤਾਂ ਦੀ ਬਰਸੀ ਤੇ ਮੈਂ ਖੁਦ ਕਥਾ ਸੁਣੀ। ਬਹੁਤ ਵੱਡੀ ਸਟੇਜ ਤੇ ਕਥਾ ਕਰਦਿਆਂ ਇਹਨਾਂ
ਰਤਾ ਵੀ ਧਿਆਨ ਗੁਰੂ ਆਸ਼ੇ ਦਾ ਨਹੀ ਰੱਖਿਆ। ਗੁਰ ਬਚਨ
“ਕਰਿ ਇਸ਼ਨਾਨ ਗ੍ਰਿਹਿ ਆਏ”॥ ਅਨਦ ਮੰਗਲ
ਸੁਖ ਪਏ (ਪੰਨਾ --)॥
ਹੁਕਮਨਾਮੇ ਦੀ ਕਥਾ ਕਰਦਿਆਂ ਇਹ ਅਰਥ ਕੀਤੇ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹਰਿਮੰਦਰ
ਵਾਲੇ ਸਰੋਵਰ ਵਿਚੋਂ ਪਾਣੀ ਨਾਲ ਇਸ਼ਨਾਨ ਕਰਕੇ ਆਪਣੇ ਘਰ ਨੂੰ ਚਲੇ ਗਏ, ਉਹ ਕਿਹੜਾ ਸਰੋਵਰ ਹੈ?
ਕਿਹੜਾ ਇਸ਼ਨਾਨ ਹੈ? ਮਨ ਦਾ ਇਸ਼ਨਾਨ ਹੋਰ ਹੈ, ਤਨ ਦਾ ਇਸ਼ਨਾਨ ਹੋਰ ਹੈ, ਇਹ ਖੋਲਣ ਦੀ ਇਹਨਾਂ ਰਤਾ ਵੀ
ਕੋਸ਼ਿਸ਼ ਨਾਂ ਕੀਤੀ ਇਹ ਟਕਸਾਲੀ ਸੰਪਰਦਾਈ ਗਿਆਨੀ ਹੋਣ ਦੇ ਨਾਤੇ ਕਦੇ ਵੀ ਇੱਕ ਅਰਥ ਦੇ ਹਾਮੀ ਨਹੀਂ
ਰਹੇ। ਇਹ ਗੁਰਬਾਣੀ ਵਿਆਕਰਣ ਨੂੰ ਲਾਂਭੇ ਕਰਕੇ ਇੱਕ ਇਕ ਸ਼ਬਦ ਦੇ ਕਈ ਕਈ ਅਰਥ ਵੀ ਕਰ ਰਹੇ ਹਨ ਅਤੇ
ਇੱਕ ਇਕ ਸ਼ਬਦ ਦੇ ਕਈ ਕਈ ਉਚਾਰਣ ਵੀ ਇਹ ਕਰਦੇ ਹਨ। ਜੋ ਹੈਰਾਨੀ ਵਾਲੀ ਗੱਲ ਹੈ। ਕੁੱਝ ਚਿਰ ਪਹਿਲਾਂ
ਅਖਬਾਰਾਂ ਵਿੱਚ ਆਪ ਨੇ ਸਭ ਕੁੱਝ ਪੜਿਆ ਹੈ ਪੱਗਾਂ ਦਾ ਰੌਲਾ ਪੈ ਗਿਆ, ਇਹ ਸੰਗਰਾਇ ਬੈਠ ਕੇ ਆਪਣੇ
ਆਪ ਨੂੰ ਟਕਸਾਲੀ ਮੁਖੀ ਬਿਆਨ ਕਰ ਰਹੇ ਹਨ। ਇਹਨਾਂ ਕੁੱਝ ਫੋਟੋਆਂ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ
ਦੂਜੇ ਪਾਸੇ ਮਹਿਤੇ ਬੈਠਾ ਹਰਨਾਮ ਸਿੰਘ ਧੁੰਮਾਂ ਆਪਣੇ ਆਪ ਨੂੰ ਟਕਸਾਲ ਦਾ ਅਸਲੀ ਮੁਖੀ ਦੱਸਣ ਲੱਗਾ
(ਇਸ ਬਾਰੇ ਪਿਛੇ ਖੁੱਲੀ ਵਿਚਾਰ ਹੋ ਚੁਕੀ ਹੈ)। ਪਰ ਹੈਰਾਨਗੀ ਹੋਈ ਕਿ ਵੱਡੇ ਵੱਡੇ ਸੰਤ ਬ੍ਰਹਮ
ਗਿਆਨੀ ਕਹਾਉਣ ਵਾਲੇ ਕਦੇ ਮਹਿਤੇ ਪੱਗ ਬੰਨ੍ਹਾਉਣ ਗਏ, ਉਥੇ ਬੰਨ੍ਹ ਆਏ, ਉਥੋਂ ਗੱਡੀਆਂ ਭਜਾਈਆਂ,
ਸੰਗਰਾਇ ਪੱਗ ਬੰਨ੍ਹ ਆਏ। ਇੱਕ ਤੀਜਾ ਹੋਰ ਕੋਈ ਫਿਰੋਜਪੁਰ ਵਾਲੇ ਪਾਸੇ ਦੱਸਦੇ ਹਨ ਉਹ ਕਹਿੰਦਾ ਮੈਂ
ਵੀ ਦਾਅਵੇਦਾਰ ਹਾਂ। ਹਰ ਦਾਅਵੇਦਾਰ ਨੂੰ ਕੋਈ ਨਾ ਕੋਈ ਅਖੌਤੀ ਬ੍ਰਹਮਗਿਆਨੀ ਪੱਗ ਬੰਨ੍ਹਣ ਵਾਸਤੇ
ਮਿਲ ਹੀ ਜਾਂਦਾ ਰਿਹਾ। ਕਿਸੇ ਬ੍ਰਹਮਗਿਆਨੀ ਦੇ ਮੂੰਹੋਂ ਇੱਕ ਲਫ਼ਜ ਨਾ ਨਿਕਲਿਆ ਕਿ ਇਹ ਕੀ ਕਰ ਰਹੇ
ਹੋ? ਕੋਈ ਏਕਤਾ ਦੀ ਗੱਲ, ਸਮਝਣ ਸਮਝਾਉਣ ਵਾਲੀ ਗੱਲ, ਕਿਸੇ ਦੇ ਮੂੰਹੋਂ ਨਾ ਨਿਕਲੀ ਅਤੇ ਪੁਰਾਤਨ
ਸਿੰਘਾਂ ਵਾਂਗ ਰਤਾ ਮਾਤਰ ਵੀ ਤਿਆਗ ਦੀ ਭਾਵਨਾ ਕਿਸੇ ਇੱਕ ਵਿੱਚ ਵੀ ਨਾ ਦੇਖੀ ਗਈ। ਡੇਰਿਆਂ ਦੀ
ਜਾਇਦਾਦ ਵੰਡਣ ਦੇ ਝਗੜੇ, ਕਦੇ ਧੱਕੇ ਨਾਲ ਕਿਸੇ ਨੇ ਕਬਜਾ ਕਰ ਲਿਆ, ਕਦੇ ਕਿਸੇ ਨੇ। ਥਾਣਿਆਂ ਵਿੱਚ
ਰਪਟਾਂ ਲਿਖਾਈਆਂ ਕਿ ਸਾਡਾ ਇਹ ਸਮਾਨ ਇਹ ਸੰਤ ਚੋਰੀ ਲੈ ਗਿਆ ਹੈ। ਮੈਂ ਆਪ ਜਾ ਕੇ ਦੇਖਿਆਂ ਇਹਨਾਂ
ਦੇ ਗੁਰਦੁਆਰਿਆਂ ਵਿੱਚ ਪੰਜਾਬ ਪੁਲੀਸ ਦੀਆਂ ਗਾਰਦਾਂ ਲੱਗੀਆਂ ਹੋਈਆਂ ਸਨ। ਕੀ ਇਹ ਸਿੱਖੀ ਦਾ ਜਲੂਸ
ਨਹੀਂ ਹੈ? ਹੁਣ ਵੀ ਇਹਨਾਂ ਨੂੰ ਆਪੋ ਆਪਣੀ ਪਈ ਹੋਈ ਹੈ। “ਗੁਰੂ ਗ੍ਰੰਥ ਸਾਹਿਬ ਜੀ” ਦੀ ਸੋਚ
ਵਿਚਾਰਧਾਰਾ ਦੁਨੀਆਂ ਦੇ ਕੋਨੇ ਕੋਨੇ ਤਕ ਫੈਲਾਉਣ ਵਾਸਤੇ ਗੁਰੂ ਪੰਥ ਦੀ ਆਨ ਸ਼ਾਨ ਉੱਚੀ ਅਤੇ ਸਿੱਖੀ
ਦੀਆਂ ਕਦਰਾਂ ਕੀਮਤਾਂ ਦੀ ਬਹਾਲੀ ਵਾਸਤੇ ਇਹਨਾਂ ਦਾ ਰੋਲ ਸਿਫ਼ਰ ਦੇ ਬਰਾਬਰ ਹੈ।
ਸੰਤ ਜਗਜੀਤ ਸਿੰਘ ਹਰਖੋਵਾਲੀਆ ਸੁਲਤਾਨਪੁਰ
ਇਸਦਾ ਡੇਰਾ ਸੁਲਤਾਨਪੁਰ ਹੈ ਇਹਨਾਂ ਦੀ ਸੋਚ ਜਿਆਦਾ ਵੇਦਾਂਤ ਮੱਤ ਨਾਲ ਰਲਦੀ
ਹੈ। ਕਥਾ ਕਹਾਣੀਆਂ ਵੀ ਜ਼ਿਆਦਾ ਉਹੋ ਹੀ ਸੁਣਾਉਂਦੇ ਹਨ। ਸਾਧ ਮੱਤ ਦਾ ਇਹਨਾਂ ਉਪਰ ਬਹੁਤ ਪ੍ਰਭਾਵ
ਹੈ। ਸਿੱਖ ਕੌਮ ਅੰਦਰ ੩੦੦ ਸਾਲ ਤੱਕ ਗੁਰੂ ਨਾਲ ਰਹੇ ਸਾਰੇ ਸਿੰਘ ਭਾਈ ਸਨ। ਬੜੀ ਬੜੀ ਅਵਸਥਾ ਰੱਖਦੇ
ਸਨ। ਪਰ ਕਿਸੇ ਇੱਕ ਨੇ ਵੀ ਆਪਣੇ ਨਾਂ ਨਾਲ ਸੰਤ ਨਹੀਂ ਲਗਾਇਆ ਪਰ ਇਹ ਕਹਿ ਰਹੇ ਹਨ ਕਿ ਹਿੰਦੂ
ਗਰੰਥਾਂ ਵਿੱਚ ਵੀ ਸੰਤ ਲਿਖੇ ਹੋਏ ਹਨ ਕੀ ਇਹ ਹਿੰਦੂ ਮੱਤ ਦੇ ਪ੍ਰਚਾਰਕ ਹਨ ਕਿ ਸਿੱਖ ਮੱਤ ਦੇ?
ਹਿੰਦੂ ਜਗਤ ਤਾਂ ੩੩ ਕਰੋੜ ਦੇਵਤੇ ਦੇ ਵੀ ਚੱਕਰ ਵਿੱਚ ਪਿਆ ਹੋਇਆ ਹੈ। ਇਸ ਸਾਧ ਬਾਰੇ ਜਾਨਣ ਵਾਸਤੇ
ਪੁਸਤਕ ਦੇ ਚੌਥੇ ਭਾਗ ਦੀ ਉਡੀਕ ਕਰੋ।
ਸੰਤ ਰਤਨ ਸਿੰਘ ਦਿਆਲਪੁਰ ਗੂੳਸਰ ਵਾਲਾ
ਇਸਦਾ ਡੇਰਾ ਦਿਆਲਪੁਰ ਹੈ ਗਊ ਸਰ ਬਹੁਤ ਵੱਡਾ ਗੁਰਦੁਆਰਾ ਹੈ ਕਿਸੇ ਨੇ
ਪੁਛਿਆ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ? ਤਾਂ ਉੱਤਰ ਮਿਲਿਆ ਕਿ ਇਥੇ ਗਾਂ ਨੇ ਨਲਕਾ ਗੇੜ ਕੇ ਪਾਣੀ
ਪੀਤਾ ਸੀ। ਦੱਸਦੇ ਹਨ ਕਿ ਇਸ ਡੇਰੇ ਵਿੱਚ ਭੰਗਾਂ ਪੋਸਤ ਬਹੁਤ ਖਾਧੇ ਅਤੇ ਖੁਆਏ ਜਾਂਦੇ ਹਨ। ਦੇਖੋ
ਕੀ ਕੁੱਝ ਇਹ ਡੇਰੇ ਦਾਰ ਸਿੱਖ ਕੌਮ ਅੰਦਰ ਕਰ ਰਹੇ ਹਨ? ਇਸਦਾ ਵਿਸਥਾਰ ਵੀ ਚੌਥੇ ਭਾਗ ਵਿੱਚ
ਕਰਾਂਗੇ।
ਸੰਤ ਜੋਗਾ ਸਿੰਘ ਭਲਵਾਨ ਕੇ ਦਰਾਜ ਕੇ
ਇਸਦਾ ਡੇਰਾ ਦਰਾਜਕੇ ਪਿੰਡ ਵਿੱਚ ਹੈ। ਕਾਫੀ ਡੰਗਰ ਵੱਛਾ ਰੱਖਿਆ ਹੈ। ਹਿੰਦੂ
ਮੱਤ ਵਾਲੀਆਂ ਅਖੰਡ ਪਾਠਾਂ ਦੀਆਂ ਲੜੀਆਂ ਮੰਤਰ ਰੂਪ ਵਿੱਚ ਪਾਠ ਇਥੇ ਕਰਦੇ ਰਹਿੰਦੇ ਹਨ। ਇੱਕ ਵਾਰੀ
ਇਥੇ ਬਹੁਤ ਜਿਆਦਾ ਅਖੰਡ ਪਾਠ ਰੱਖੇ ਹੋਏ ਸੀ ਸਾਡੇ ਭਾਈ ਅਮਰ ਸਿੰਘ ਵੀ ਇਥੇ ਅਖੰਡ ਪਾਠੀ ਲੱਗੇ ਹੋਏ
ਸੀ। ਇਹਨਾਂ ਦਾ ਪਾਠ ਕੁੱਝ ਲੇਟ ਹੋ ਗਿਆ ਇੱਕ ਸੇਵਾਦਾਰ ਜੋ ਪਾਠ ਦੇਖ ਰਿਹਾ ਸੀ, ਜਦੋਂ ਉਹਨੇ ਦੇਖਿਆ
ਇਹ ਪਾਠ ਲੇਟ ਹੈ, ਤਾਂ ਇੱਕ ਦਮ ਉਹਨੇ ਸੇਵਾਦਾਰ ਨੇ ਕਾਫੀ ਅੰਗ ਪੱਤਰੇ ਇਕੱਠੇ ਚੁੱਕ ਕੇ ਥੱਲ ਦਿਤੇ।
ਕੀ ਇਹ ਡੇਰੇਦਾਰ ਬਾਬੇ ਦੱਸਣਗੇ ਕਿ ਇਹ ਐਸੇ ਪਾਠਾਂ ਵਿਚੋਂ ਕੀ ਖੱਟਣਗੇ ਅਤੇ ਗੁਰਬਾਣੀ ਪ੍ਰਤੀ
ਇਹਨਾਂ ਦੀ ਸ਼ਰਧਾ ਭਾਵਨਾ ਕਿਹੋ ਜਿਹੀ ਹੈ। ਬਾਕੀ ਫੇਰ ਲਿਖਾਂਗਾ।
ਬਾਬਾ ਗੁਰਮੁਖ ਸਿੰਘ ਸੋਂਸਪੁਰ (ਜੋਤੀ ਸ਼ਾਹ ਸਭਰਾ)
ਇਸ ਬਾਬੇ ਦੀ ਕਹਾਣੀ ਵੀ ਬੜੀ ਅਜੀਬ ਹੈ ਇਸ ਬਾਰੇ ਪਤਾ ਲੱਗਾ ਹੈ ਕਿ ਇਹ
ਕੁੱਝ ਸਮਾਂ ਰਾੜੇ ਵਾਲਿਆਂ ਨਾਲ ਅਤੇ ਕੁੱਝ ਸਮਾਂ ਟਕਸਾਲ ਨਾਲ ਰਿਹਾ ਹੈ ਕਰਮਕਾਂਡੀ ਬਹੁਤ ਹੈ
ਕਿਉਂਕਿ ਟਕਸਾਲ ਦਾ ਪ੍ਰਭਾਵ ਹੈ। ਇਸ ਨੂੰ ਪਿੰਡ ਭੱਗੂਪੁਰਾ ਦੇ ਕੁੱਝ ਵਿਅਕਤੀ ਲਿਆਏ ਕਿ ਆਪਾ ਰਲ ਕੇ
ਕਾਰੋਬਾਰ ਸ਼ੁਰੂ ਕਰੀਏ, ਵਿਉਂਤ ਬਣਾਈ ਗਈ ਕਿ ਜੋਤੀਸ਼ਾਹ ਨੇੜੇ ਸਭਰਾ, ਇੱਕ ਜਗ੍ਹਾ ਹੈ, ਜਿਥੇ ਆਪਾਂ
ਡੇਰਾ ਬਣਾਈਏ। ਇਹਨਾਂ ਨੇ ਪਹਿਲਾਂ ਗੱਲ ਟੁਕ ਲਈ ਕਿ ਜੇ ਕੰਮ ਚਲ ਜਾਵੇ ਤਾਂ ਪੈਸੇ ਅੱਧੋ ਅੱਧੀ
ਹੋਣਗੇ। ਬਾਬਾ ਮੰਨ ਗਿਆ, ਬਣੀ ਸਕੀਮ ਮੁਤਾਬਿਕ ਇਹ ਆ ਗਿਆ। ਅੰਤ ਉਸ ਜਗਾ ਤੇ ਭੋਰਾ ਪੁੱਟ ਕੇ ਵਿੱਚ
ਬੈਠ ਗਿਆ ਦਿਨੇ ਭੋਰੇ ਵਿੱਚ ਰਹਿੰਦਾ ਸੀ। ਰਾਤ ਜਿਹੜੇ ਵਿਅਕਤੀ ਲਿਆਏ ਸੀ ਉਹਨਾਂ ਦੇ ਘਰ ਰਹਿੰਦਾ
ਸੀ। ਉਹਨਾਂ ਵਿਅਕਤੀਆਂ ਨੇ ਇਸ ਦੇ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਕਿ ਇੱਕ ਬੜੇ ਪਹੁੰਚੇ ਹੋਏ
ਮਹਾਂਪੁਰਸ਼ ਆਏ ਹਨ ਜੋ ਕਾਫੀ ਦਿਨਾਂ ਦੇ ਭੋਰੇ ਚਿ ਬੈਠੇ ਹਨ। ਕੁੱਝ ਖਾਂਦੇ ਪੀਂਦੇ ਨਹੀਂ ਉਹਨਾਂ ਨੇ
ਫਲਾਣੇ ਦਿਨ ਬਾਹਰ ਅਉਣਾ ਹੈ ਅਤੇ ਬਚਨ ਕਰਨੇ ਹਨ। ਸਾਰੇ ਸ਼ਰਧਾਲੂ ਉਸ ਦਿਨ ਦੀ ਉਡੀਕ ਵਿੱਚ ਸਨ, ਜਿਸ
ਦਿਨ ਬਾਬਾ ਜੀ ਨੇ ਬਾਹਰ ਆਉਣਾ ਸੀ। ਆਖਰ ਉਹ ਦਿਨ ਆਇਆ ਬਾਬਾ ਜੀ ਭੋਰੇ ਵਿਚੋਂ ਬਾਹਰ ਨਿਕਲੇ ਸੰਗਤਾਂ
ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ ਕਿ ਭਾਈ ਸਾਨੂੰ ਜਗ੍ਹਾ ਵਾਲੇ ਫਕੀਰ ਲੈ ਕੇ ਆਏ ਹਨ ਜਿਨ੍ਹਾ ਦਾ
ਨਾਮ ਕਾਂਸੀ ਰਾਮ ਹੈ। ਅਸੀਂ ਹੁਣ ਇਸ ਅਸਥਾਨ ਦੀ ਸੇਵਾ ਕਰਾਂਗੇ ਤੁਹਾਡਾ ਸਹਿਯੋਗ ਚਾਹੀਦਾ ਹੈ ਉਸੇ
ਵੇਲੇ ਸ਼ਰਧਾਲੂ ਮੱਥਾ ਟੇਕਣ ਲੱਗ ਪਏ ਤੇ ਬਾਬਾ ਜੀ ਨੇ ਕਲਪਣਾ ਦਾ ਕਾਂਸੀ ਰਾਮ ਪ੍ਰਗਟ ਕਰ ਦਿੱਤਾ।
ਫਿਰ ਇਸ ਨੇ ਕੁੱਝ ਚਿਮਟਿਆਂ ਵਾਲੇ ਲਏ ਪਿੰਡਾਂ ਵਿੱਚ ਧਾਰਨਾ ਨਾਲ ਸ਼ਬਦ ਪੜ੍ਹਕੇ ਕੀਰਤਨ ਸ਼ੁਰੂ ਕਰ
ਦਿਤਾ। ਹੌਲੀ ਹੌਲੀ ਕਾਫੀ ਸ਼ਰਧਾਲੂ ਬਣ ਗਏ ਬਾਬਾ ਜੀ ਨੂੰ ਚੜਾਵਾ ਵੀ ਚੜ੍ਹਨ ਲੱਗ ਪਿਆ। ਪਹਿਲਾਂ
ਪਹਿਲਾਂ ਇਹ ਮਾਇਆ ਅੱਧੋ ਅੱਧੀ ਹੁੰਦੀ ਰਹੀ ਪਰ ਸਿਆਣੇ ਕਹਿੰਦੇ ਹਨ ਕੇ ਮਾਇਆ ਦਾ ਮੋਹ ਸਕੇ ਭਰਾਵਾਂ
ਵਿੱਚ ਵੀ ਦੁਫਾੜ ਪਾ ਦਿੰਦਾ ਹੈ। ਇਹ ਕੁੱਝ ਇਹਨਾਂ ਨਾਲ ਹੋਇਆ, ਹੁਣ ਬਾਬਾ ਜੀ ਇਕੱਲੇ ਹੀ ਸਾਰੇ
ਪੈਸੇ ਰੱਖ ਲੈਂਦੇ, ਆਖਰ ਫੁੱਟ ਪੈ ਗਈ, ਜਿਹੜੇ ਵਿਅਕਤੀ ਲੈ ਕੇ ਆਏ ਉਹਨਾਂ ਨੇ ਹੀ ਧੱਕੇ ਮਾਰ ਕੇ
ਕੱਢ ਦਿੱਤਾ। ਫਿਰ ਇਸ ਨੇ ਇੱਕ ਜੋਤੀ ਸ਼ਾਹ ਦਾ ਪ੍ਰੇਮੀ ਲਿਆ ਜਿਸ ਦਾ ਵਿਆਹ ਨਹੀਂ ਸੀ ਹੋਇਆ ਉਮਰ
ਕਾਫੀ ਹੋ ਗਈ ਸੀ ਉਸ ਨੂੰ ਲਾਲਚ ਦੇ ਕੇ ਅੱਧਾ ਕਿਲਾ ਜ਼ਮੀਨ ਆਪਣੇ ਨਾਂ ਕਰਵਾ ਲਈ ਅਤੇ ਕਾਂਸੀ ਰਾਮ
ਤੋਂ ਤਕਰੀਬਨ ੧੦ ਕਿਲੇ ਹਟ ਕੇ ਨਾਨਕਪੁਰੀ ਤੇਰੇ ਦਾ ਨਾਮ ਰੱਖ ਲਿਆ ਉਥੇ “ਗੁਰੂ ਗ੍ਰੰਥ ਸਾਹਿਬ ਜੀ”
ਪ੍ਰਕਾਸ਼ ਕਰ ਲਿਆ ਅਤੇ ਨਿਸ਼ਾਨ ਸਾਹਿਬ ਲਾ ਲਿਆ ਪਰ ਕੰਮ ਪੂਰਾ ਚੱਲਿਆ ਨਾ। ਆਖਰ ਇਸ ਨੂੰ ਇੱਕ ਬੀਬੀ
ਨੇ ਸਲਾਹ ਦਿੱਤੀ ਕਿ ਆਪਾਂ ਬੰਦੇ ਬਾਹਰ ਨੂੰ ਭੇਜਣ ਦੇ ਬਹਾਨੇ ਪੈਸੇ ਇਕੱਠੇ ਕਰ ਸਕਦੇ ਹਾਂ ਇਹਨਾਂ
ਨੇ ਫਿਰ ਸਾਂਝਾ ਕੰਮ ਕਰ ਲਿਆ ਕੁੱਝ ਸ਼ਰਧਾਲੂਆਂ ਨੂੰ ਕਿਹਾ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ
ਤਾਂ ਸਾਡੇ ਕੋਲ ਇੱਕ ਬੀਬੀ ਜੀ ਹਨ ਜੋ ਪੈਸੇ ਲੈ ਕੇ ਬੰਦੇ ਬਾਹਰ ਭੇਜਦੇ ਹਨ ਲੋਕ ਤਾਂ ਬਾਹਰ ਦੇ ਨਾਂ
ਤੇ ਜਮੀਨਾਂ ਵੇਚਣ ਨੂੰ ਤਿਆਰ ਹੋ ਜਾਂਦੇ ਨੇ ਭਾਵੇਂ ਰਾਹ ਵਿੱਚ ਹੀ ਫਸੇ ਰਹਿਣ। ਆਖਰ ਕੁੱਝ
ਸ਼ਰਧਾਲੂਆਂ ਨੇ ਪੈਸੇ ਦੇ ਦਿਤੇ ਜਿਹਨਾਂ ਪੈਸਿਆਂ ਨਾਲ ਸੰਤ ਜੀ ਹੋਣਾ ਨੇ ਸਕਾਰ ਪੀਓ ਗੱਡੀ ਨਵੀਂ ਕਢਾ
ਲਈ ਅਤੇ ਵੱਡੇ ਸੰਤ ਬਣ ਗਏ। ਪਰ ਕੁਦਰਤ ਨੇ ਕੁੱਝ ਹੋਰ ਹੀ ਕਰ ਵਿਖਾਇਆ, ਸੰਤ ਜੀ ਵੱਡੇ ਬਣਦੇ ਬਣਦੇ
ਛੋਟੇ ਵੀ ਨਾ ਰਹੇ ਕਿਉਂਕਿ ਜਿਹਨਾਂ ਤੋਂ ਪੈਸੇ ਲਏ ਸੀ ਉਹ ਬਾਹਰ ਨਹੀਂ ਗਏ ਉਹਨਾਂ ਨਾਲ ਧੋਖਾ ਹੋਇਆ
ਸੀ। ਆਖਰ ਉਹ ਸਾਰੇ ਇਕੱਠੇ ਹੋਏ ਤਾਂ ਬਾਬਾ ਜੀ ਨੂੰ ਕਹਿਣ ਲੱਗੇ ਜਾਂ ਸਾਨੂੰ ਬਾਹਰ ਭੇਜੋ ਜਾਂ ਪੈਸੇ
ਦੇਵੋ ਹੁਣ ਪੈਸੇ ਕਿਥੋਂ ਆਉਣ ਕਿਉਂਕਿ ਉਹਨਾਂ ਪੈਸਿਆਂ ਦੀ ਤਾਂ ਗੱਡੀ ਆ ਚੁਕੀ ਸੀ ਕੁੱਝ ਪੈਸੇ ਬੀਬੀ
ਜੀ ਲੈ ਕੇ ਫਰਾਰ ਹੋ ਗਏ। ਪਰ ਬਿਪਤਾ ਪੈ ਗਈ ਬਾਬੇ ਦੇ ਗਲ। ਜਿਸਨੂੰ ਪੈਸੇ ਦਿਤੇ ਸੀ ਆਖਰ ਬਾਬੇ ਨੂੰ
ਡੇਰੇ ਵਿਚੋਂ ਭੱਜਣ ਤੋਂ ਬਿਨਾਂ ਹੋਰ ਕੋਈ ਰਾਹ ਨਾ ਲੱਭਾ ਜਿਹੜਾ ਨਿਗੁਰੇ ਦੇ ਹੱਥੋਂ ਪਾਣੀ ਨਹੀਂ ਸੀ
ਪੀਂਦਾ ਉਸ ਨੂੰ ਸਮੈਕੀਆਂ ਦੇ ਘਰੋਂ ਰੋਟੀ ਪਾਣੀ ਖਾਣਾ ਪਿਆ ਸੰਤ ਦਾ ਸੁਪਨਾ ਪੂਰਾ ਨਾ ਹੋਇਆ।
ਕਿਉਂਕਿ ਝੂਠ, ਠੱਗੀਆਂ, ਹੇਰਾ ਫੇਰੀਆਂ ਬਹੁਤਾ ਸਮਾਂ ਨਹੀਂ ਚਲਦੀਆਂ ਕਈ ਵਾਰ ਮਨੁੱਖ ਆਪੇ ਜਾਲ ਬੁਣ
ਕੇ ਆਪ ਹੀ ਫਸ ਜਾਂਦਾ ਹੈ ਇਹੀ ਹਾਲ ਹੋਇਆ ਬਾਬਾ ਗੁਰਮੁਖ ਸਿੰਘ ਦਾ। ਅਸੀਂ ਤਾਂ ਹੁਣ ਵੀ ਸੁਝਾ
ਦੇਵਾਂਗੇ ਕਿ ਸਮਝਣ ਦੀ ਲੋੜ ਹੈ ਆਖਰ ਸੱਚ ਦੀ ਜਿੱਤ ਹੋਣੀ ਹੈ ਇਹ ਝੂਠ ਫਰੇਬ ਹੁਣ ਬਹੁਤਾ ਸਮਾਂ
ਨਹੀਂ ਚਲਣੇ ਕਿਉਂਕਿ ਸਿੱਖ ਕੌਮ ਹੁਣ ਸੁਚੇਤ ਹੋ ਰਹੀ ਹੈ ਇਹਨਾਂ ਸਾਧਾਂ ਤੋਂ ਜੁਆਬ ਮੰਗਣ ਲਈ ਕੁੱਝ
ਵੀਰ ਮੈਦਾਨ ਵਿੱਚ ਨਿਤਰੇ ਹਨ।
|
. |