ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 21
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਕਿਸੇ ਨੇ ਕਿਹਾ ਹੈ ਰੱਬ ਜੀ ਸਤਵੇਂ ਅਸਮਾਨ ਤੇ ਬੈਠਾ ਹੋਇਆ ਹੈ ਤੇ ਕਿਸੇ
ਕਿਹਾ ਉਸ ਦਾ ਦਰਬਾਰ ਵੱਖਰਾ ਹੈ ਉਸ ਦੇ ਕਈ ਕਰਿੰਦੇ ਹਨ ਤੇ ਬਹੁਤ ਵੱਡੇ ਰਜਿਸਟਰ ਪਏ ਹੋਏ ਹਨ
ਜਿੰਨ੍ਹਾਂ `ਤੇ ਧਰਮਰਾਜ ਨੇ ਸਾਰੇ ਲੋਕਾਂ ਦਾ ਹਿਸਾਬ ਕਿਤਾਬ ਰੱਖਿਆ ਹੋਇਆ ਹੈ। ਕਿਸੇ ਨੇ ਕਿਹਾ ਹੈ
ਕਿ ਇੱਕ ਦਿਨ ਕਿਆਮਤ ਆਏਗੀ ਜੋ ਸਾਡੇ `ਤੇ ਭਰੋਸਾ ਰੱਖੇਗਾ ਉਸ ਨੂੰ ਖ਼ੁਦਾਵੰਦ ਕਰੀਮ ਉਠਾ ਲੈਣਗੇ ਤੇ
ਬਾਕੀ ਦਿਆਂ ਨੂੰ ਦੋਜ਼ਕ ਦੀ ਅੱਗ ਵਿੱਚ ਸੜ੍ਹਨਾ ਪਏਗਾ। ਗੁਰੂ ਨਾਨਕ ਸਹਿਬ ਜੀ ਨੇ ਰੱਬ ਸਬੰਧੀ ਜੋ
ਵਿਚਾਰ ਦਿੱਤੇ ਹਨ ਕਿ ਖ਼ੁਦਾ, ‘ਕਰਤਾ ਪੁਰਖ’ ਹੈ। ‘ਕਰਤਾ’ ਦਾ ਅਰਥ ਹੈ ਪੈਦਾ ਕਰਨ ਵਾਲਾ ਤੇ ‘ਪੁਰਖ’
ਦਾ ਅਰਥ ਹੈ ਜੋ ਪੈਦਾ ਕੀਤਾ ਹੋਇਆ ਹੈ, ‘ਪੁਰਖ’ ਉਸ ਵਿੱਚ ਬੈਠਾ ਹੋਇਆ ਹੈ। ਪਰਮਾਤਮਾ ਜੰਮਦਾ ਨਹੀਂ
ਹੈ ਨਾ ਹੀ ਉਹ ਜੂਨਾਂ ਵਿੱਚ ਆਉਂਦਾ ਹੈ ਪਰ ਜੋ ਉਸ ਨੇ ਕਿਰਤ ਕੀਤੀ ਹੈ ਉਹ ਉਸ ਵਿੱਚ ਬੈਠਾ ਹੈ।
ਬਹੁਤ ਸਾਰੀਆਂ ਮਿਸਾਲਾਂ ਸਾਨੂੰ ਗੁਰਬਾਣੀ ਵਿਚੋਂ ਮਿਲ ਜਾਂਦੀਆਂ ਹਨ, ਜਿਸ ਤਰ੍ਹਾਂ ਕਣਕ ਦੇ ਦਾਣੇ
ਵਿੱਚ ਇੱਕ ਬੂਟਾ ਆਪਣੀ ਹੋਂਦ ਛਪਾਈ ਬੈਠਾ ਹੈ ਤੇ ਓਸੇ ਹੀ ਦਾਣੇ ਵਿੱਚ ਖ਼ੂਨ ਵੀ ਲੁਕਿਆ ਬੈਠਾ ਹੈ।
ਨਾ ਤੇ ਸਾਨੂੰ ਕਣਕ ਦਾ ਬੂਟਾ ਦਿੱਸਦਾ ਹੈ ਤੇ ਨਾ ਹੀ ਸਾਨੂੰ ਖ਼ੂਨ ਦਿਸੱਦਾ ਹੈ। ਪਰ ਇਹਨਾਂ ਦੋਨਾਂ
ਚੀਜ਼ਾਂ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਕਣਕ ਦੇ ਦਾਣੇ ਨੂੰ ਉਸ ਹਾਲਤ ਵਿੱਚ ਲੈ ਕੇ ਜਾਈਏ। ਇਸ ਗੱਲ
ਨੂੰ ਹੋਰ ਸੌਖਾ ਸਮਝਣ ਲਈ ਗੁਰੂ ਜੀ ਸਾਨੂੰ ਬਹੁਤ ਹੀ ਸਰਲ ਢੰਗ ਨਾਲ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ
ਲੱਕੜ ਵਿੱਚ ਅਗਨੀ ਹੈ ਤੇ ਦੁੱਧ ਵਿੱਚ ਘਿਉ ਹੈ ਪਰ ਨਾ ਤੇ ਸਾਨੂੰ ਘਿਉ ਲੱਭਦਾ ਹੈ ਤੇ ਨਾ ਹੀ ਸਾਨੂੰ
ਅਗਨੀ ਲੱਭਦੀ ਹੈ ਪਰ ਇਹਨਾਂ ਦੋਹਾਂ ਦੀ ਪ੍ਰਾਪਤੀ ਲਈ ਕੰਮ ਕਰਨਾ ਪਏਗਾ। ਇੰਜ ਹੀ ਪਰਮਾਤਮਾ ਜ਼ਰੇ ਜ਼ਰੇ
ਵਿੱਚ ਸਮਾਇਆ ਹੋਇਆ ਹੈ, ਇੱਕ ਨਿਯਮ ਦੇ ਰੂਪ ਵਿਚ, ਇੱਕ ਹੁਕਮ ਦੇ ਰੂਪ ਵਿੱਚ ਤੇ ਸਦਾ ਬਹਾਰ ਗੁਣਾਂ
ਦੇ ਰੂਪ ਵਿਚ, ਅਗੰਮੀ ਵਾਕ ਹੈ:---
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥
ਸੋਰਠਿ ਮਹਲਾ ੫ ਪੰਨਾ ੬੧੭---
ਪਰਮਾਤਮਾ ਦੀ ਵਿਚਾਰ ਦੇਂਦਿਆਂ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ:---
ਸਰਗੁਨ ਨਿਰਗੁਨ ਨਿੰਰਕਾਰ ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥
ਨਿੰਰਕਾਰ ਭਾਵ ਆਕਾਰ ਰਹਿਤ ਪਰਮਾਤਮਾ, ਅਕਾਲ ਪੁਰਖ ਜਾਂ ਕਰਤਾ ਪੁਰਖ,
ਤ੍ਰਿਗੁਣੀ ਮਾਇਆ ਦਾ ਰੂਪ, ਭਾਵ ਜਗਤ ਰੂਪ ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ
ਹੈ, ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੈ। ਹੇ ਨਾਨਕ! ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ
ਰਚਿਆ ਹੈ ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ। ਹੁਣ ਜਦੋਂ
ਇਹ ਸਪੱਸ਼ਟ ਹੋ ਗਿਆ ਹੈ ਕਿ ਪਰਮਾਤਮਾ ਦੀ ਹੋਂਦ ਹਰ ਵਿੱਚ ਹੈ ਉਹ ਹੋਂਦ ਹੀ ਸੁੰਨ ਸਮਾਧੀ ਹੈ ਜਿਸ
ਨੂੰ ਪਰਮਾਤਮਾ ਦਾ ਹੁਕਮ ਜਾਂ ਰੱਬੀ ਨਿਯਮਾਵਲੀ ਕਿਹਾ ਗਿਆ ਹੈ। ਜਿਸ ਨੂੰ ਇਸ ਦੀ ਸਮਝ ਆ ਗਈ ਉਹ
ਵਿਤਕਰਿਆਂ, ਲੜਾਈ-ਝਗੜਿਆਂ, ਈਰਖਾ-ਦਵੈਸ਼ ਵਰਗੇ ਔਗੁਣਾਂ ਤੋਂ ਬਚ ਜਾਏਗਾ ਤੇ ਸਦ ਗੁਣਾਂ ਵਲ ਨੂੰ ਵਧ
ਜਾਏਗਾ। ਕੈਸਾ ਸੁੰਦਰ ਸਿਧਾਂਤ ਹੈ:---
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ॥ ਪਾਪ ਪੁੰਨ ਤਬ ਕਹ ਤੇ ਹੋਤਾ॥
ਜਬ ਧਾਰੀ ਆਪਨ ਸੁੰਨ ਸਮਾਧਿ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ॥
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ॥ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ॥
ਆਪਨ ਖੇਲੁ ਆਪਿ ਵਰਤੀਜਾ॥ ਨਾਨਕ ਕਰਨੈਹਾਰੁ ਨ ਦੂਜਾ॥
ਜਦੋਂ ਸੰਸਾਰ ਹੋਂਦ ਵਿੱਚ ਨਹੀਂ ਸੀ, ਪਰਮਾਤਮਾ ਓਦੋਂ ਵੀ ਆਪਣੀ ਜੋਤ ਵਿੱਚ
ਲੀਨ ਸੀ, ਤਦੋਂ ਮਾਇਆ ਦੀ ਭੁੱਖ ਕਿਸ ਨੂੰ ਹੋ ਸਕਦੀ ਸੀ। ਪਰਮਾਤਮਾ ਆਪ ਹੀ ਸਭ ਕੁੱਝ ਜੀਵਾਂ ਤੋਂ
ਕਰਾਉਣ ਵਾਲਾ ਹੈ। ਹੇ ਨਾਨਾਕ! ਪਰਮਾਤਮਾ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ॥ ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ॥
ਕਰਨ ਕਰਾਵਨ ਕਰਨੈਹਾਰੁ॥ ਨਾਨਕ ਕਰਤੇ ਕਾ ਨਾਹਿ ਸੁਮਾਰੁ॥
ਪਰਮਾਤਮਾ ਦੀ ਸੰਸਾਰ ਇੱਕ ਖੇਡ ਹੈ ਇਸ ਖੇਡ ਵਿੱਚ ਉਸ ਨੇ ਰਜ, ਤਮ ਤੇ ਸਤ
ਗੁਣਾਂ ਦਾ ਪਸਾਰਾ ਖਿਲਾਰ ਦਿੱਤਾ ਹੈ ਇਸ ਤੋਂ ਅਗਾਂਹ ਪਾਪ--ਪੁੰਨ ਤੇ ਨਰਕ--ਸਵਰਗ ਦੀ ਕਹਾਣੀ ਚੱਲ
ਪਈ।
ਜਹ ਆਪਿ ਰਚਿਓ ਪਰਪੰਚੁ ਅਕਾਰੁ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ॥
ਪਾਪੁ ਪੁੰਨੁ ਤਹ ਭਈ ਕਹਾਵਤ॥ ਕੋਊ ਨਕਰ ਕੋਊ ਸੁਰਗ ਬੰਛਾਵਤ॥
ਇਸ ਖੇਡ ਵਿੱਚ ਅਜੇਹਾ ਉਲ਼ਝੇ ਕਿ ਘਰਾਂ ਦੇ ਧੰਧੇ, ਹੰਕਾਰ, ਮੋਹ-ਭਰਮ,
ਭੁਲੇਖੇ, ਡਰ, ਦੁੱਖ, ਸੁੱਖ, ਆਦਰ, ਨਿਰਾਦਰੀ ਦੀਆਂ ਗੱਲਾਂ ਚੱਲ ਪਈਆਂ।
ਆਲ ਜਾਲ ਮਾਇਆ ਜੰਜਾਲ॥ ਹਉਮੈ ਮੋਹ ਭਰਮ ਭੈ ਭਾਰ॥
ਦੂਖ ਸੂਖ ਮਾਨ ਅਪਮਾਨ॥ ਅਨਿਕ ਪਰਕਾਰ ਕੀਓ ਬਖ੍ਹਾਨ॥
ਪਰਮਾਤਮਾ ਦਾ ਹੁਕਮ ਇਕਸਾਰ ਚੱਲਦਾ ਹੈ ਜਿਹੋ ਜੇਹਾ ਕੋਈ ਕੰਮ ਕਰੇਗਾ ਉਹ
ਜੇਹਾ ਹੀ ਉਸ ਨੂੰ ਫ਼ਲ਼ ਪ੍ਰਾਪਤ ਹੋਏਗਾ। ਸਕੂਲ ਦੀ ਪੜ੍ਹਾਈ ਨਹੀਂ ਕੀਤੀ ਤਾਂ ਪਰਮਾਤਮਾ ਦੇ ਹੁਕਮ
ਵਿੱਚ ਅਵੱਸ਼ ਫੇਹਲ ਹੋਏਗਾ। ਦੋਸ਼ ਪਰਮਾਤਮਾ ਨੂੰ ਨਹੀਂ ਹੈ, ਦੋਸ਼ ਸਾਡੇ ਕਰਮ ਦਾ ਹੈ।
ਬੇ ਸੁਮਾਰ ਅਥਾਹ ਅਗਨਤ ਅਤੋਲੈ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ॥