.

ਗੁਰੂ ਗੋਬਿੰਦ ਸਿੰਘ ਜੀ ਮਹਾਕਾਲ ਕਾਲਕਾ ਦੀ ਅਰਾਧਨਾ ਕਰਨ ਵਾਲੇ ਕਿਸ ਤਰ੍ਹਾਂ ਹੋ ਸਕਦੇ ਹਨ?

ਮਹਾਕਾਲ- ਕਾਲਕਾ ਨਾਂ ਦੇ ਦੇਵਤਾ-ਦੇਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਨਹੀ ਅਰਾਧੇ।

ਅਸਲੀਯਤ ਇਹ ਹੈ:- ਸ਼ਿਵ ਪੁਰਾਣ ਵਿੱਚ ‘ਦਵਾਦਸ਼ਲਿੰਗਮ’ ਦੀ ਕਥਾ ਮੁਤਾਬਕ ਸ਼ਿਵਲਿੰਗ ਦੇ ੧੨ ਟੁਕੜੇ ਧਰਤੀ ਤੇ ਡਿਗੇ ਅਤੇ ਫਿਰ ੧੨ ਥਾਂਵਾਂ ਤੇ ਸ਼ਿਵ ਮੰਦਿਰ ਬਣਾ ਦਿਤੇ ਗਏ। ਮਧ ਪ੍ਰਦੇਸ਼ ਦੇ ਸ਼ਹਿਰ ਉਜੈਨ ਵਿੱਚ ਸ਼ਿਵਲਿੰਗ ਦਾ ਟੁਕੜਾ ਜਿਥੇ ਡਿਗਾ ਉਸ ਥਾਂ ‘ਮਹਾਕਾਲ’ ਦਾ ਮੰਦਿਰ ਮੌਜੂਦ ਹੈ। ਸ਼ਿਵ ਦੇ ਵਿਨਾਸ਼ਕਾਰੀ ਸਰੂਪ ਨੂੰ ਦਰਸਾਉਂਦੀ ਡਰਾਉਣੀ ਮੂਰਤੀ ਸਥਾਪਤ ਕੀਤੀ ਗਈ ਹੈ। ਮਹਾਕਾਲ ਦੇ ਸਿਖ ਲਈ ਭੰਗ ਤੇ ਸ਼ਰਾਬ ਛਕਣਾ ਲਾਜ਼ਮੀ ਹੈ:

ਮਹਾਕਾਲ ਕੋ ਸਿਖਯ ਕਰਿ ਮਦਿਰਾ ਭੰਗ ਪਿਆਇ…। (ਬਚਿਤ੍ਰ ਨਾਟਕ ਗ੍ਰੰਥ ਪੰਨਾ ੧੨੧੦, ਚਰਿਤ੍ਰ ੨੬੬)।

ਭੰਗ-ਸ਼ਰਾਬ ਛਕਣ ਵਾਲੇ ਅਗਿਆਨੀ ਹੀ ਮਹਾਕਾਲ ਨੂੰ ‘ਵਾਹਿਗੁਰੂ’ ਮੰਨਦੇ ਹਨ। ਜਾਨਵਰ ਦੀ ਬਲੀ ਵੀ ਚੜ੍ਹਾਉਂਦੇ ਹਨ। ਮਹਾਕਾਲ ਦੇ ਅਨੇਕਾਂ ਨਾਮ (ਸ਼ਿਵ ਸਹਸਤ੍ਰ-ਨਾਮਾ, ੧੦੦੦ ਨਾਂ) ਸਰਬਕਾਲ, ਸਰਬਲੋਹ, ਖੜਗਕੇਤ, ਅਸਿਕੇਤ, ਅਸਿਧੁਜ ਆਦਿਕ ਅਖਉਤੀ ਦਸਮ ਗ੍ਰੰਥ ਵਿੱਚ ਲਿਖੇ ਹਨ।

ਸ਼ਿਵ ਦੀ ਪਤਨੀ ਪਾਰਬਤੀ ਦੇ ਅਨੇਕਾਂ ਸਰੂਪਾਂ ਦੀ ਕਥਾ ‘ਮਾਰਕੰਡੇਯ ਪੁਰਾਣ’ ਵਿੱਚ ਲਿਖੀ ਹੈ। ਸ਼ਿਵਾ, ਦੁਰਗਾ, ਕਾਲੀ, ਮਹਾਕਾਲੀ, ਚੰਡੀ, ਭਗਵਤੀ (ਭਗੌਤੀ, ਭਗਉਤੀ), ਕਾਲਕਾ, ਕਾਲ, ਭਵਾਨੀ, ਜਗਮਾਤਾ, ਜਗਮਾਇ, ਕਾਲ ਰੂਪ, ਕਾਲ ਪੁਰਖ ਆਦਿਕ ੭੦੦ ਨਾਮ (ਦੁਰਗਾ ਸਪਤਸ਼ਤੀ ਵਿੱਚ ਲਿਖੇ) ਹਨ ਇਸ ਦੇਵੀ ਦੇ।

ਸ਼ਿਵ ਅਤੇ ਪਾਰਬਤੀ ਦਾ ਜੁੜਵਾਂ ਸਰੂਪ, ਜਿਸਦਾ ਸਜਾ ਹਿਸਾ ਸ਼ਿਵ ਦਾ ਤੇ ਖਬਾ ਹਿਸਾ ਦੇਵੀ ਪਾਰਬਤੀ ਦਾ ਹੈ,

ਨੂੰ ਅਰਧ-ਨਾਰੀਸ਼ਵਰਕਿਹਾ ਜਾਂਦਾ ਹੈ।

ਖਬੇ ਹਿਸੇ ਦੇ ਉਪਾਸਕ ‘ਵਾਮ-ਮਾਰਗੀ’ ਦੇਵੀ-ਪੂਜਕ ਕਹੇ ਜਾਂਦੇ ਹਨ। ਬਚਿਤ੍ਰ ਨਾਟਕ ਗ੍ਰੰਥ/ ਅਖਉਤੀ ਦਸਮ ਗ੍ਰੰਥ ਵਾਮ-ਮਾਰਗੀ ਕਵੀਆਂ ਦੀ ਲਿਖਤ ਹੈ ਜਿਨ੍ਹਾਂ ਦੀ ਕਵੀ-ਛਾਪ ‘ਕਬਿ ਸ਼ਯਾਮ, ਕਬਿ ਰਾਮ’ ਬਹੁਤ ਪੰਨਿਆਂ ਤੇ ਲਿਖੀ ਮਿਲਦੀ ਹੈ ਜਿਨ੍ਹਾਂ ਦੇ ਇਸ਼ਟ ਦਾ ਸਰੂਪ ਇਉਂ ਹੈ:-

ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ (ਬਚਿਤ੍ਰ ਨਾਟਕ ਗ੍ਰੰਥ, ਪੰਨਾ ੭੩)

ਸਪਸ਼ਟ ਹੈ ਕਿ ਲਿਖਾਰੀ ਕਵੀ ਸ਼ਯਾਮ ਸ਼ਿਵ-ਪਾਰਬਤੀ/ਮਹਾਕਾਲ-ਕਾਲਕਾ ਦੇ ਉਪਾਸਕ ਸਨ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਿਛਲੇ ਜੀਵਨ (?) ਦੀ ਕਥਾ, ਜੋ ਕਿ ਬਚਿਤ੍ਰ ਨਾਟਕ ਗ੍ਰੰਥ / ਅਖਉਤੀ

ਦਸਮ ਗ੍ਰੰਥ (ਜੋ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕਈ ਸਾਲ ਬਾਦ ਪ੍ਰਗਟ ਕੀਤਾ ਗਿਆ) ਵਿੱਚ ਲਿਖੀ ਹੈ ਅਤੇ ਜਿਸਦੇ ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਹਨ, ਇਉਂ ਲਿਖੀ ਹੈ:-

॥ ਚੌਪਈ॥ ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥

ਹੇਮਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਤ ਹੈ ਤਹਾਂ॥ ੧॥

ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡੁ ਰਾਜ ਜਹ ਜੋਗ ਕਮਾਵਾ॥

ਤਹਂ ਹਮ ਅਧਿਕ ਤਪਸਯਾ ਸਾਧੀ॥ ਮਹਾਕਾਲ ਕਾਲਕਾ ਆਰਾਧੀ॥ ੨॥

ਇਹ ਬਿਧ ਕਰਤ ਤਪਸਯਾ ਭਯੋ॥ ………

ਭਲਾ ਦਸੋ, ਪਿਛਲੇ ਜੁਗ ਦੇ ਕਿਸੇ ਤਪਸਵੀ ਦੀ ਕਥਾ ਨਾਲ ਗੁਰੂ ਸਾਹਿਬ ਦਾ ਜਾਂ ਸਿਖਾਂ ਦਾ ਕੀ ਸੰਬੰਧ? ਭਾਈ ਲਹਣਾ ਜੀ ਦਾ ਮੁਢਲਾ ਜੀਵਨ ਦੁਰਗਾ-ਪੂਜਕ ਦਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਆਉਣ ਤੋਂ ਬਾਦ ਦੇਵੀ ਪੂਜਾ ਛਡ ਦਿਤੀ, ਉਸੇ ਜਨਮ ਦਾ ਇਤਹਾਸਕ ਸਚ ਹੈ।

ਗੁਰਮਤਿ ਧਾਰਨੀ ਅਤੇ ੴ ਦੇ ਉਪਾਸਕ ਬਣਨ ਕਰਕੇ ਹੀ ਦੂਜੇ ਨਾਨਕ, ਗੁਰੂ ਅੰਗਦ ਸਾਹਿਬ, ਦੀ ਪਦਵੀ ਨੂੰ ਪ੍ਰਾਪਤ ਹੋਏ। ਨ ਤਾਂ ਵੈਸ਼ਨੋ ਦੇਵੀ ਸਿਖਾਂ ਲਈ ਗੁਰਧਾਮ ਹੈ ਅਤੇ ਨ ਹੀ ਗੁਰੂ ਅੰਗਦ ਸਾਹਿਬ ਜੀ ਨੂੰ ਦੇਵੀ-ਪੂਜਕ ਮੰਨਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਬਾਰੇ ਕੋਈ ਕੀ ਬਿਆਨ ਕਰ ਸਕਦਾ ਹੈ?

ਮਨਘੜਤ ਕਥਾ ਨੂੰ ਕਿਵੇਂ ਸਚ ਮੰਨ ਲਈਏ?

ਦੂਜੀ ਗਲ, ਦਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਸਾਹਿਬ ਸੰਨ ੧੬੭੫ ਤੋਂ ਸੰਨ ੧੭੦੮ ਗੁਰਗਦੀ ਤੇ ਬਿਰਾਜਮਾਨ ਰਹੇ; ਇਹਨਾਂ ੩੩ ਸਾਲਾਂ ਦੌਰਾਨ ਗੁਰੂ ਸਾਹਿਬ ਕਦੇ ਹੇਮਕੁੰਟ ਨਹੀ ਗਏ ਨ ਹੀ ਕਦੇ ਦੇਵੀ-ਦੇਵਤੇ ਅਰਾਧੇ। ਆਦਿ ਗ੍ਰੰਥ ਦੀ ਪਾਵਨ ਧੁਰ ਕੀ ਬਾਣੀ ਅਤੇ ਨੌਂਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਬਾਣੀ ਨੂੰ ਕਮਾਉਂਦੇ ਹੋਏ ਸਿਖ ਸੰਗਤਾਂ ਨੂੰ ਵੀ ਉਹੀ ਬਾਣੀ ਦ੍ਰਿੜ ਕਰਾਉਂਦੇ ਰਹੇ। ੴ ਦੇ ਉਪਾਸਕ ਨੂੰ ਦੇਵੀ-ਪੂਜਕ ਦਰਸਾਉਣ ਦੀ ਕਿਸੇ ਪੰਥ-ਦੋਖੀ ਜਾਂ ਅਕਿਰਤਘਣ ਗੁਰੁ- ਨਿੰਦਕ ਦੀ ਸਾਜ਼ਿਸ਼ ਹੈ। ਕੋਈ ਵੀ ਸਿਖ ਗੁਰੂ ਸਾਹਿਬ ਨੂੰ ਦੇਵੀ-ਪੂਜਕ ਨਹੀ ਮੰਨ ਸਕਦਾ।

‘ਮਹਾਕਾਲ ਕਾਲਕਾ’ ਗੁਰੂ ਸਾਹਿਬ ਨੇ ਕਦੇ ਨਹੀ ਆਰਾਧੀ।

ਦਲਬੀਰ ਸਿੰਘ ਮਿਸ਼ਨਰੀ, ਫਰੀਦਾਬਾਦ।




.