ਕਿਉਕਿ ਜੇ ਬੱਚਾ ਨਲਾਇਕ ਹੋਵੇ ਤਾਂ ਉਲਾਮਾ ਵੀ ਪਹਿਲਾਂ ਮਾਂ ਨੂੰ ਹੀ ਜਾਂਦਾ
ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਸਿਧਾਂ ਨਾਲ ਗੁਰੁ ਨਾਨਕ ਦੇਵ ਜੀ ਦੀ ਚਰਚਾ ਹੋਈ ਤਾਂ ਸਿੱਧ ਗੁਰੁ
ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਉਦਾਸੀ ਭੇਖ ਉਤਾਰ ਕੇ ਸੰਸਾਰਕ ਕਪੜੇ ਪਾ ਲਏ ਹਨ ਅਤੇ ਇਸ
ਤਰ੍ਹਾਂ ਕਰਕੇ ਤੁਸੀਂ ਉਦਾਸੀ ਬਾਣੇ ਨੂੰ ਲਾਜ ਲਾਈ ਹੈ, ਤੁਸੀਂ ਤਾਂ ਮਾਨੋ ਦੁੱਧ ਵਿੱਚ ਕਾਂਜੀ ਪਾ
ਕੇ ਸਾਰਾ ਦੁੱਧ ਹੀ ਖਰਾਬ ਕਰ ਦਿੱਤਾ। ਉਸ ਸਮੇਂ ਗੁਰੁ ਜੀ ਨੇ ਜੋ ਜੁਆਬ ਦਿੱਤਾ, ਭਾਈ ਗੁਰਦਾਸ ਜੀ
ਲਿਖਦੇ ਹਨ:
ਨਾਨਕ ਆਖੈ! ਭੰਗਰਿਨਾਥ ਤੇਰੀ ਮਾਉ ਕੁਚਜੀ ਆਹੀ।। (ਵਾਰ 1, ਪਉੜੀ 40)
ਸਤਿਗੁਰੂ ਜੀ ਕਹਿਣ ਲੱਗੇ ਕਿ ਐ ਭੰਗਰਨਾਥ! ਤੇਰੀ ਮਾਂ ਹੀ ਕੁਚੱਜੀ ਹੈ
ਜਿਸਨੇ ਤੈਨੂੰ ਇਹ ਨਹੀਂ ਸਮਝਾਇਆ ਕਿ ਕੋਈ ਬਾਣੇ ਨਾਲ ਧਰਮੀ ਨਹੀਂ ਬਣ ਸਕਦਾ ਭਾਵ ਕਿ ਤੈਨੂੰ ਧਰਮ ਦੀ
ਸਿੱਖਿਆ ਨਹੀਂ ਦਿਤੀ।
ਇਸ ਲਈ ਮਾਂ ਦਾ ਫਰਜ ਹੈ ਕਿ ਉਹ ਬੱਚੇ ਨੂੰ ਧਰਮ ਦੀ ਸਿੱਖਿਆ ਦੇਵੇ, ਪਰ
ਅਫਸੋਸ ਅੱਜ ਅਸੀਂ ਛੋਟੇ-ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਭਾਈ ਮਨੀ ਸਿੰਘ ਜੀ, ਭਾਈ ਸੁਬੇਗ ਸਿੰਘ
ਸ਼ਾਹਬਾਜ਼ ਸਿੰਘ, ਭਾਈ ਤਾਰੂ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ
ਵਰਗੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਬੱਚਿਆ ਤੱਕ ਪਹੁੰਚਾ ਨਹੀਂ ਸਕੇ, ਕਿਉਂਕਿ ਮਾਂ-ਬਾਪ ਆਪ
ਇਸ ਪੱਖੋਂ ਕੋਰੇ ਹਨ। ਕਿਉਂਕਿ ਸਭ ਤੋਂ ਪਹਿਲਾਂ ਸਿੱਖੀ ਘਰੋਂ ਮਿਲਣੀ ਸੀ ਪਰ ਮਾਤਾ-ਪਿਤਾ ਆਪ ਸਿੱਖੀ
ਤੋਂ ਅਣਜਾਣ ਹਨ ਬੱਚਿਆਂ ਨੂੰ ਕੀ ਸਿਖਾਉਣਗੇ? `ਤੇ ਜੇ ਬੱਚਿਆਂ ਨੂੰ ਸਿਖਾਉਣਾ ਹੀ ਹੈ ਤਾਂ ਉਹ ਇਹ
ਕਿ ਬੇਟਾ ਅੰਕਲ ਨੂੰ ਅੱਖ ਮਾਰ ਕੇ ਦਿਖਾ, ਗ੍ਹਾਲ ਕੱਢ ਕੇ ਦਿਖਾ, ਡਿਸਕੋ ਕਰ, ਪੋਪ ਸੋਂਗ ਸੁਣਾ,
ਫਲਾਣੇ ਹੀਰੋ ਦੀ ਨਕਲ ਕਰ। ਦੱਸੋ ਸਿੱਖੀ ਕਿੱਥੇ ਪਨਪੇਗੀ? ਅੱਜ ਸ਼ਾਇਦ ਹੀ ਕੋਈ ਮਾਂ ਅਪਣੇ ਬੱਚੇ ਨੂੰ
ਕਹਿੰਦੀ ਹੋਵੇਗੀ ਕਿ ਬੇਟਾ ਤੂੰ ਮੈਨੂੰ ਮੂਲ-ਮੰਤਰ ਦਾ ਪਾਠ ਸੁਣਾ, ਮੈਂ ਤੈਂਨੂੰ ਟਾਫੀਆਂ ਦਿਆਂਗੀ,
ਜਾਂ ਅੱਜ ਸ਼ਾਮੀ ਰਹਿਰਾਸ ਦਾ ਪਾਠ ਤੂੰ ਕਰੇਂਗਾ ਤਾਂ ਤੈਨੂੰ ਚਾਕਲੇਟ ਦਿਆਂਗੀ ਜਾਂ ਫਿਰ ਜੇ ਤੂੰ ਰੋਜ਼
ਸਕੂਲ ਜਾਣ ਤੋਂ ਪਹਿਲਾਂ ਪਾਠ ਕਰੇਂਗਾ ਤਾਂ ਤੈਨੂੰ ਪੜ੍ਹਾਈ ਜ਼ਿਆਦਾ ਆਵੇਗੀ।
ਅੱਜ ਬੱਚੇ ਉਠਦੇ ਹੀ ਟੀ. ਵੀ. ਦੇਖਦੇ ਹਨ ਜਿਸ ਉਪਰ ਅਸ਼ਲੀਲ ਗਾਣੇ ਚਲ ਰਹੇ
ਹੁੰਦੇ ਹਨ। ਫਿਰ ਦਸੋ ਬੱਚਾ ਕਿਵੇਂ ਧਰਮੀ ਅਤੇ ਸਦਾਚਾਰ ਗੁਣਾਂ ਦਾ ਧਾਰਨੀ ਬਣ ਸਕਦਾ ਹੈ। ਟੀ. ਵੀ
ਵਿੱਚ ਜੋ ਦਿਖਾਇਆ ਜਾ ਰਿਹਾ ਹੈ, ਉਹ ਸਿੱਖੀ ਦੇ ਉਚੇ-ਸੁੱਚੇ, ਮਹਾਨ ਆਦਰਸ਼ਾਂ ਨੂੰ ਸੱਟ ਮਾਰਨ ਵਾਲਾ
ਹੈ। ਹਰ ਚੈਨਲ ਤੇ ਇਸ਼ਕ-ਮੁਸ਼ਕ, ਲੜਕਾ-ਲੜਕੀ ਦਾ ਘਰੋਂ ਭਜਣਾ, ਅਸ਼ਲੀਲਤਾ, ਸਰੀਰਾਂ ਦੀ ਨੁਮਾਇਸ਼,
ਚੋਰੀ-ਚੋਰੀ ਮਿਲਣਾ, ਰੁਮਾਂਸ ਕਰਨਾ, ਘਟੀਆ ਪੱਧਰ ਦੇ ਗਾਇਕਾਂ ਵੱਲੋਂ ਗੰਦੀ ਸ਼ਬਦਾਵਲੀ ਵਾਲੇ ਗੀਤਾਂ
ਨਾਲ ਅੱਧ-ਨੰਗੀਆਂ ਕੁੜੀਆਂ ਦੇ ਨਾਚੇ ਚੱਲ ਰਹੇ ਹਨ। ਹਰ ਮਾਡਲ ਜਾਂ ਹੀਰੋ ਪਤਿੱਤ, ਦ੍ਹਾੜੀ ਕੱਟਿਆ
ਅਤੇ ਸਿਰੋਂ ਮੋਨਾ ਹੈ। ਜਿਸ ਨੂੰ ਬੱਚੇ ਬਾਰ-ਬਾਰ ਦੇਖਦੇ ਹਨ ਅਤੇ ਸੁਣਦੇ ਹਨ। ਸਿੱਖੀ ਬਾਰੇ ਕੋਈ
ਗਿਆਨ ਨਾ ਹੋਣ ਕਾਰਨ ਮੱਲੋ-ਮੱਲੀ ਉਸ ਵਰਗਾ ਬਣਨਾ ਚਾਹੂੰਦੇ ਹਨ। ਅੱਜ ਦਾ ਨੌਜਵਾਨ ਕੱਚੇ ਘੜ੍ਹੇ `ਤੇ
ਤੈਰਨ ਵਾਲੀ ਅੱਲੜ੍ਹ ਕੁੜੀ ਬਾਰੇ ਤਾਂ ਜਾਣਦਾ ਹੈ, ਪਰ ਕੱਚੀ ਗੜ੍ਹੀ ਵਿੱਚ ਦੱਸ ਲੱਖ ਫ਼ੋਜਾਂ ਨਾਲ
ਲੜਨ ਵਾਲੇ ਗੁਰੂ ਦੇ 40 ਸਿੰਘਾਂ ਦੀ ਸ਼ਹੀਦੀ ਤੋਂ ਅਣਜਾਣ ਹੈ।
ਅੱਜ ਮਿਸ ਪੰਜਾਬਣ, ਗਾਉਣ, ਹਸਾਉਣ, ਭੰਗੜੇ ਅਤੇ ਗਲੈਮਰ ਸ਼ੋਅ ਲਈ ਸਮਾਂ ਹੈ।
ਦਿਨ-ਰਾਤ ਤਿਆਰੀ ਹੁੰਦੀ ਹੈ, ਅਭਿਆਸ ਹੂੰਦੇ ਹਨ, ਪਰ ਧਾਰਮਿਕ ਪੜ੍ਹਾਈ ਜਾਂ ਗੁਰਮਤਿ ਕਲਾਸ ਲਈ ਉੱਤਰ
ਮਿਲਦਾ ਹੈ ਕਿ ਸਿਲੇਬਸ ਬੜਾ ਔਖਾ ਹੈ, ਪੜਾਈ ਖ਼ਰਾਬ ਹੋਵੇਗੀ। ਅੱਜ ਮਾਤਾ-ਪਿਤਾ ਆਪ ਬੱਚਿਆਂ ਨੂੰ ਟੀ.
ਵੀ. , ਡੀ. ਵੀ. ਡੀ. , ਮੋਬਾਇਲ, ਐਮ. ਪੀ. ਫੋਰ, ਆਦਿ ਲੈ ਕੇ ਦੇ ਰਹੇ ਹਨ। ਜਿਸ ਕਾਰਣ ਉਹਨਾਂ ਦਾ
ਆਚਰਣ ਦਿਨੋਂ ਦਿਨ ਥੱਲੇ ਆ ਰਿਹਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜੇਕਰ ਮਾਂ ਹੀ ਆਪਣੇ ਬੱਚੇ
ਨੂੰ ਨਹੀਂ ਰੋਕਦੀ ਤਾਂ ਉਸ ਨੂੰ ਕੋਈ ਨਹੀਂ ਬਚਾ ਸਕਦਾ:
“ਜੇ ਮਾਉ ਪੁਤੈ ਵਿਸ ਦੇ, ਤਿਸ ਤੇ ਕਿਸ ਪਿਆਰਾ।। “(ਵਾਰ 35: 22)
ਜੇਕਰ ਮਾਂ ਹੀ ਬੱਚੇ ਨੂੰ ਮਾਰਨਾ ਚਾਹਵੇ ਤਾਂ ਕੌਣ ਬਚਾ ਸਕਦਾ ਹੈ? ਇਸਦਾ
ਮੱਤਲਬ ਇਹ ਨਹੀਂ ਕਿ ਮਾਂ ਦੀ ਭਾਵਨਾ, ਬੱਚੇ ਨੂੰ ਮਾਰਨਾ ਹੈ, ਪਰ ਜੇਕਰ ਬੱਚੇ ਤੇ ਨਜ਼ਰ ਨਾ ਰੱਖਣੀ
ਕਿ ਉਹ ਕਿਸ ਪਾਸੇ ਜਾ ਰਿਹਾ ਹੈ, ਕਿਸ ਸੰਗਤ ਵਿੱਚ ਹੈ, ਗਲਤ ਪਾਸੇ ਹੈ ਜਾਂ ਧਰਮ ਦੇ ਪਾਸੇ। ਇਸ ਗੱਲ
ਤੋਂ ਜੇ ਮਾਂ ਅਣਗਿਹਲੀ ਕਰਦੀ ਹੈ ਤਾਂ ਉਹ ਆਪ ਜਿੰਮੇਵਾਰ ਹੈ, ਨਾਲ ਪਿਤਾ ਵੀ।
ਇੱਕ ਸਮਾਂ ਸੀ ਕਿ ਇਤਨੀਆਂ ਮਹਾਨ ਮਾਤਾਵਾਂ ਹੂੰਦੀਆਂ ਸਨ, ਜਿਹੜੀਆਂ
ਜੰਗਾਂ-ਯੁੱਧਾਂ ਵਿੱਚ ਜਦੋਂ ਕਿਸੇ ਮਾਂ ਦਾ ਪੁੱਤਰ ਸ਼ਹੀਦ ਹੋ ਜਾਣਾ ਤਾਂ ਜਦ ਉਸਦਾ ਮ੍ਰਿਤਕ ਸਰੀਰ ਘਰ
ਲਿਆਂਦਾ ਜਾਣਾ ਤਾਂ ਦਰਵਾਜ਼ਾ ਖ੍ਹੋਲਣ ਤੋਂ ਪਹਿਲਾਂ ਪੁੱਛ ਕਰਨੀ ਕਿ “ਜੇ ਗੋਲੀ ਜਾਂ ਫੱਟ ਇਸਦੀ ਛਾਤੀ
ਵਿੱਚ ਲੱਗਾ ਹੈ ਤਾਂ ਅੰਦਰ ਲੈ ਆਵੋ, ਜੇਕਰ ਪਿੱਠ ਵਿੱਚ ਹੈ ਤਾਂ ਵਾਪਿਸ ਲੈ ਜਾਵੋ।”
ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੜ੍ਹੀਏ ਤਾ ਪਤਾ ਲੱਗਦਾ ਹੈ ਕਿ ਮਾਤਾ
ਗੁਜ਼ਰੀ ਜੀ ਦੀ ਗੁੜ੍ਹਤੀ ਸਦਕਾ 6 ਅਤੇ 8 ਸਾਲ ਦੀ ਉਮਰ ਦੇ ਲਾਲ ਵਜ਼ੀਰ ਖ਼ਾਨ ਤੋਂ ਵੀ ਨਾ ਘਬਰਾਏ ਅਤੇ
ਜੇਕਰ ਜ਼ਾਲਮਾਂ ਵੱਲੋਂ ਧਰਮ ਛੱਡਣ ਦੀ ਗੱਲ ਕੀਤੀ ਤਾਂ ਗੱਜ ਕਿ ਕਿਹਾ:-
“ਸਾਹਿਬਜ਼ਾਦਿਆਂ ਕੜ੍ਹਕ ਕੇ ਕਿਹਾ ਸੂਬੇ; ਪਰਬਤ ਦਾਬਿਆਂ ਨਾਲ ਨਹੀਂ ਹੱਲ
ਜਾਂਦੇ।
ਪੁੱਤਰ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੇ ਭੇਡਾਂ ਵਿੱਚ ਨਹੀਂ ਰਲ ਜਾਂਦੇ।”
ਪਰ ਦੱਸੋ ਅੱਜ ਜਦ ਕਿਸੇ ਮਾਤਾ ਦਾ ਪੁੱਤਰ ਸਿਰੋਂ ਮੋਨਾ ਹੋ ਕੇ, ਕੇਸ ਕਤਲ
ਕਰਵਾ ਕੇ, ਸ਼ਰਾਬ ਪੀ ਕੇ ਭੇਡਾਂ ਵਿੱਚ ਰੱਲਦਾ ਹੈ ਤਾਂ ਉਸਨੂੰ ਰੋਕਿਆ ਹੈ? ਰਹਿਤਨਾਮਿਆ ਵਿੱਚ
ਸਿੱਖਿਆ ਦਿੱਤੀ ਗਈ ਹੈ ਕਿ ਮਾਤਾ-ਪਿਤਾ ਜਿੱਥੇ ਖੁਦ ਘਰ ਵਿੱਚ ਬੈਠ ਕੇ ਗੁਰਮਤਿ ਵੀਚਾਰਾਂ ਕਰਨ, ਉਥੇ
ਆਪਣੇ ਬੱਚਿਆਂ ਨੂੰ ਵੀ ਗੁਰਮਤਿ ਸਿਖਾਉਣ:
ਸਿੰਘ ਸਿੰਘਣੀ ਮਿਲ ਬਹੈ, ਚਰਚਾ ਕਰੇ ਆਪਾਰ।।
ਅੱਜ ਹਰ ਮਾਤਾ-ਪਿਤਾ ਦਾ ਫ਼ਰਜ ਹੈ ਕਿ ਆਪਣੇ ਬੱਚਿਆਂ ਨੂੰ ਦੁਨਿਆਵੀ ਸਿੱਖਿਆ
ਦੇ ਨਾਲ-ਨਾਲ ਧਰਮ ਦੀ ਵਿੱਦਿਆ ਦੇਣ ਦਾ ਵੀ ਖ਼ਾਸ ਪ੍ਰਬੰਧ ਕਰਨ ਅਤੇ ਆਪਣੇ ਬੱਚਿਆਂ ਨੂੰ ਆਪਣੇ
ਗ਼ੋਰਵਮਈ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ।
***************************
ਦਾਸ:
-ਇਕਵਾਕ ਸਿੰਘ ‘ਪੱਟੀ’
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920