ਹਰੇਕ ਇਨਸਾਨ ਦੀ ਜਿੰਦਗੀ ਵਿੱਚ ਕਈ ਅਜਿਹੇ ਵਾਕਿਆ ਹੋਏ ਹੁੰਦੇ ਹਨ ਜਿੰਨਾਂ
ਨੂੰ ਭੁੱਲਣਾ ਨਾ ਮੁਮਕਿੰਨ ਹੁੰਦਾ ਹੈ। ਇਨ੍ਹਾਂ ਵਿੱਚ ਕਈ ਜਿੰਦਗੀ ਲਈ ਚੰਗੇ ਵੀ ਹੁੰਦੇ ਹਨ ਅਤੇ ਕਈ
ਮਾੜੇ। ਇਵੇਂ ਹੀ ਮੇਰੇ ਨਾਲ ਇੱਕ ਚੰਗਾ ਵਾਕਿਆ ਹੋਇਆ ਕਿਸੇ ਦੀ ਸੁਰੀਲੀ ਅਵਾਜ਼ ਕੰਨੀ ਪੈਣ ਨਾਲ।
ਕਿਸੇ ਇਨਸਾਨ ਦੀ ਸੁਰੀਲੀ ਅਵਾਜ਼ ਹੋਣੀ ਅਕਾਲ ਪੁਰਖ ਵੱਲੋਂ ਉਸਨੂੰ ਮਿਲਿਆ ਇੱਕ ਅਨਮੋਲ ਤੋਹਫਾ ਹੁੰਦਾ
ਹੈ। ਜਿਸ ਇਨਸਾਨ ਨੂੰ ਅਕਾਲ ਪੁਰਖ ਨੇ ਇਸ ਤੋਹਫੇ ਨਾਲ ਨਿਵਾਜ਼ਿਆ ਹੁੰਦਾ ਹੈ ਉਹ ਇਨਸਾਨ ਜਿਥੇ ਇਸ
ਗੁਣਾਂ ਦੀ ਗੁਥਲੀ ਨਾਲ ਆਪਣੇ ਜੀਵਨ ਵਿੱਚ ਕਈ ਪ੍ਰਾਪਤੀਆਂ ਤਾਂ ਕਰਦਾ ਹੀ ਹੈ ਉਥੇ ਹੋਰ ਲੋਕਾਂ ਨੂੰ
ਵੀ ਇਸ ਦਾ ਬਹੁਤ ਲਾਭ ਹੁੰਦਾ ਹੈ। ਮੈਂਨੂੰ ਆਪਣੇ ਘਰ ਵਿੱਚ ਵੀ ਮੇਰੀ ਖਰਵੀ ਅਵਾਜ਼ ਹੋਣ ਕਰਕੇ ਮੁਸ਼ਕਲ
ਆਉਂਦੀ ਹੈ। ਮੈਂ ਆਪਣੇ ਪ੍ਰੀਵਾਰ ਵਿੱਚ ਜੇਕਰ ਕਿਸੇ ਵਿੱਸ਼ੇ ਤੇ ਵਿਚਾਰ-ਵਿਟਾਂਦਰਾ ਕਰ ਰਿਹਾ ਹੋਵਾਂ
ਤਾਂ ਮੇਰੇ ਬੱਚੇ ਕਹਿਣਗੇ ਤੁਸੀਂ ਗੁੱਸੇ ਵਿੱਚ ਕਿਉਂ ਗੱਲ ਕਰ ਰਹੇ ਜੇ। ਮੇਰੇ ਵੱਲੋਂ ਬਥੇਰਾ ਆਖਣ
ਦੇ ਬਾਵਜ਼ੂਦ ਕਿ ਮੈ ਗੁੱਸੇ ਨਾਲ ਨਹੀਂ ਗੱਲ ਕਰ ਰਿਹਾ, ਪਰ ਕੋਈ ਯਕੀਨ ਨਹੀਂ ਕਰਦਾ; ਕਿਉਂਕਿ ਮੇਰੀ
ਅਵਾਜ਼ ਵਿੱਚ ਸੁਰੀਲਾਪਨ ਨਹੀਂ ਹੈ।
ਸੁਰੀਲੀ ਅਵਾਜ਼ ਦੀ ਇੱਕ ਕਰਾਮਾਤ ਬਾਰੇ ਜਿਵੇਂ ਪੜ੍ਹਨ-ਸੁਣਨ ਵਿੱਚ ਆਉਂਦਾ
ਹੈ। ਜਿਵੇਂ ਸਿੱਖ ਜਾਣਦੇ ਹਨ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਦਾ ਵਿਆਹ ਗੁਰੂ ਅੰਗਦ ਦੇਵ
ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਨਾਲ ਹੋਇਆ ਸੀ। ਬੀਬੀ ਅਮਰੋ ਰੋਜ਼ਾਨਾ ਤੜਕੇ ਉਠਕੇ ਗੁਰੂ ਨਾਨਕ
ਪਾਤਸ਼ਾਹ ਦੀ ਬਾਣੀ ਦਾ ਪਾਠ ਕਰਦੀ ਸੀ। ਉਸ ਸਮੇਂ (ਗੁਰੂ) ਅਮਰਦਾਸ ਜੀ ਪੱਕੇ ਵੈਸ਼ਨਵ ਸਨ ਅਤੇ ਹਰ ਸਾਲ
ਹਰਿਦੁਆਰ ਜਾਂਦੇ ਸਨ; ਪਰ ਗੁਰੂ ਨਾਨਕ ਪਾਤਸ਼ਾਹ ਵੱਲੋਂ ਰਚੀ ਬਾਣੀ ਨੂੰ ਬੀਬੀ ਜੀ ਦੀ ਸੁਰੀਲੀ ਅਵਾਜ਼
ਨਾਲ ਸੁਣਨ ਕਰਕੇ ਗੁਰੂ ਅਮਰਦਾਸ ਜੀ ਦੇ ਅੰਦਰ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ
ਸੀ। ਜਿਸ ਸਦਕਾ ਉਹ ਕਈ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਹਿੰਦੂ ਧਰਮ ਤੋਂ ਪਾਸਾ ਵੱਟਕੇ ਸਿਰਫ ਇੱਕ
ਅਕਾਲ ਪੁਰਖ ਦੀ ਪੂਜਾ ਕਰਨ ਵਾਲੇ ਸਿੱਖ ਧਰਮ ਦੇ ਪਹਿਲਾਂ ਸ਼ਰਧਾਲੂ ਅਤੇ ਫਿਰ ਗੁਰੂ ਬਣੇ। ਕਈ ਹੋਰ ਵੀ
ਹੋਣਗੇ ਜੋ ਕਿਸੇ ਦੀ ਸੁਰੀਲੀ ਅਵਾਜ਼ ਕਰਕੇ ਜਿੰਨਾਂ ਦੇ ਜੀਵਨ ਵਿੱਚ ਤਬਦੀਲੀ ਆਈ ਹੋਵੇਗੀ।
ਮੈਂਨੂੰ ਵੀ ਇੱਕ ਵਾਰੀ ਕਿਸੇ ਅਵਾਜ਼ ਨੇ ਆਪਣੇ ਵੱਲ ਖਿਚਿਆ। ਮੇਰੇ ਦਿਮਾਗ
ਵਿੱਚ ਸਤਾਰਾਂ ਸਾਲ ਬੀਤ ਜਾਣ ਤੱਕ ਵੀ ਉਹ ਸਮਾਂ ਉਵੇਂ ਹੀ ਦਿਖਾਈ ਦੇਂਦਾ ਹੈ। ਹੋਇਆ ਕੁੱਝ ਇੰਝ,
ਲੱਗਪਗ 1991 ਦੀਆਂ ਸਰਦੀਆਂ ਦੀ ਗੱਲ ਹੈ। ਐਤਵਾਰ ਰਾਤ ਦੇ ਸਾਢੇ ਕੁ ਨੌ ਵਜ੍ਹੇ ਦਾ ਵੱਕਤ ਸੀ।
ਸਵੇਰੇ ਕੰਮ ਤੇ ਜਾਣ ਕਾਰਨ ਸੋਣ ਦੀ ਕੋਸ਼ਿਸ਼ ਕਰ ਰਿਹਾ ਸਾਂ ਇਸ ਕਰਕੇ ਕਮਰੇ ਦੀ ਬੱਤੀ ਵੀ ਬੰਦ ਕੀਤੀ
ਸੀ। ਉਸ ਸਮੇਂ ਇੱਕ ਰੇਡੀਓ ਸਟੇਸ਼ਨ ਤੋਂ ਹਿੰਦੀ ਦੇ ਪੁਰਾਣੇ ਗਾਣੇ ਆਉਂਦੇ ਹੁੰਦੇ ਸਨ। ਮੈਂ ਬਿਸਤਰੇ
ਵਿੱਚ ਲੰਮੇਂ ਪਏ-ਪਏ ਰੇਡੀਓ ਤੋਂ ਉਹ ਸਟੇਸ਼ਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਅਚਾਨਕ ਪੰਜਾਬੀ
ਵਿੱਚ ਬੋਲਣ ਦੀ ਇੱਕ ਅਵਾਜ਼ ਮੇਰੇ ਕੰਨੀ ਪਈ। ਮੈਂ ਉਸਨੂੰ ਸੁਣਨ ਲੱਗ ਪਿਆ। ਉਹ ਗੁਰੂ ਸਾਹਿਬਾਨ ਦੇ
ਇਤਿਹਾਸ ਬਾਰੇ ਭਾਸ਼ਨ ਦੇ ਰਿਹਾ ਸੀ। ਮੈਂ ਗਾਣੇ ਵਾਲੇ ਸਟੇਸ਼ਨ ਨੂੰ ਭੁੱਲ ਗਿਆ। ਇਹ ਪ੍ਰੋਗਰਾਮ
ਤਕਰੀਬਨ ਹਰ ਐਤਵਾਰ ਦੀ ਰਾਤ ਇੱਕ ਘੰਟੇ ਕੁ ਦਾ ਹੁੰਦਾ ਸੀ। ਗੁਰੂ ਸਾਹਿਬਾਨ ਦਾ ਇਤਿਹਾਸ ਤਾਂ
ਪਹਿਲਾਂ ਵੀ ਪੜ੍ਹਿਆ ਜਾਂ ਸੁਣਿਆਂ ਸੀ ਪਰ ਕਦੀ ਵੀ ਏਨੀ ਖਿਚ ਦਾ ਕਾਰਨ ਨਹੀਂ ਸੀ ਬਣਿਆ। ਮੁੱਖ ਕਾਰਨ
ਸੀ ਬੁਲਾਰੇ ਦੀ ਅਵਾਜ਼ ਅਤੇ ਭਾਸ਼ਨ ਦੇਣ ਦੇ ਤਰੀਕੇ ਦਾ, ਜਿਸਨੇ ਮੈਂਨੂੰ ਗੁਰੂ ਸਾਹਿਬਨ ਅਤੇ ਗੁਰਬਾਣੀ
ਦੀ ਜਾਣਕਾਰੀ ਪ੍ਰਾਪਤ ਕਰਨ ਲਈ ਮੇਰੇ ਦਿਲ ਵਿੱਚ ਤਾਂਘ ਪੈਦਾ ਕੀਤੀ।
ਉਸ ਦਿਨ ਭਾਸ਼ਨ ਸੁਣਨ ਦੇ ਨਾਲ-ਨਾਲ ਮੇਰੀ ਉਕਸੁਕਤਾ ਇਸ ਪਾਸੇ ਵੀ ਸੀ ਕਿ
ਛੇਤੀ-ਛੇਤੀ ਇਹ ਵੀ ਪਤਾ ਲੱਗੇ ਕਿ ਇਹ ਬੁਲਾਰਾ ਕੌਣ ਹੈ? ਭਾਸ਼ਨ ਖ਼ਤਮ ਹੋਣ ਤੇ ਹੋਸਟ ਨੇ ਦੱਸਿਆ ਕਿ
ਇਹ ਸ੍ਰ. ਪਸ਼ੋਰਾ ਸਿੰਘ ਜੀ ਸਨ ਅਤੇ ਉਹਨਾਂ ਦੀ ਇਹ ਰੀਕਾਡਿੰਗ ਸ਼ਾਇਦ ਕੈਲਗਰੀ ਕਿਸੇ ਗੁਰਦੁਆਰੇ
ਵਿੱਖੇ ਹੋਈ ਦੱਸੀ ਸੀ। ਉਸ ਸਮੇਂ ਮੈਂਨੂੰ ਇਹ ਤਾਂ ਗਿਆਨ ਨਹੀਂ ਸੀ ਕਿ ਜੋ ਕੁੱਝ ਉਹਨਾਂ ਬੋਲਿਆ ਹੈ
ਉਹ ਕਿੰਨਾਂ ਕੁ ਗੁਰਮਤਿ ਅਨੁਸਾਰ ਠੀਕ ਹੈ ਜਾਂ ਗਲਤ; ਪਰ ਉਹਨਾਂ ਦੇ ਭਾਸ਼ਨਾ ਨੇ ਮੇਰੇ ਅੰਦਰ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ, ਵਿਚਾਰਨ ਅਤੇ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਹੋਰ
ਸਮਝ ਦੀ ਤਾਂਘ ਪੈਦਾ ਕਰ ਦਿੱਤੀ। ਮੇਰੇ ਮਨ ਵਿੱਚ ਇਹ ਖ਼ਾਹਸ਼ ਪੈਦਾ ਹੋਈ ਕਿ ਜਿਸ ਗੁਰੂ ਗ੍ਰੰਥ ਸਾਹਿਬ
ਜੀ ਨੂੰ ਅਸੀਂ ਗੁਰੂ ਮੰਨਦੇ ਹਾਂ ਅਤੇ ਸਾਨੂੰ ਹੁਕਮ ਵੀ ਹੈ ਕਿ ਇਹਨਾ ਤੋਂ ਬਿਨ੍ਹਾਂ ਕਿਸੇ ਹੋਰ
ਅੱਗੇ ਸਿਰ ਨਹੀਂ ਝੁਕਾਉਣਾ, ਉਸਨੂੰ ਆਪ ਪੜ੍ਹਕੇ ਜ਼ਰੂਰ ਵੇਖਾਂਗਾ।
ਕੁਦਰਤੀ ਕੁੱਝ ਸਮੇਂ ਬਆਦ ਸੰਤ ਮਸਕੀਨ ਸਿੰਘ ਟਰਾਂਟੋ ਆਏ ਹੋਏ ਸਨ। ਉਹ ਕਿਸੇ
ਰੇਡੀਓ `ਤੇ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਹਨਾਂ ਕਿਸੇ ਸਰੋਤੇ
ਵੱਲੋਂ ਪੁੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਇਸ
ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭ ਤੋਂ ਚੰਗੀ ਵਿਆਖਿਆ ਪ੍ਰੋ. ਸਾਹਿਬ ਸਿੰਘ ਜੀ ਵੱਲੋਂ
ਕੀਤੀ ਹੋਈ ਹੈ। ਇਹ ਗੱਲ ਜਾਨਣ ਦੀ ਮੇਰੇ ਮਨ ਦੀ ਇਛਿਆ ਵੀ ਸੀ। ਫਿਰ ਮੈਂ ਪ੍ਰੋ. ਸਾਹਿਬ ਸਿੰਘ ਜੀ
ਵੱਲੋਂ ਕੀਤੀ ਵਿਆਖਿਆ ਦੀਆਂ ਦਸ ਪੋਥੀਆਂ ਖਰੀਦ ਲਈਆਂ। ਭਾਂਵੇਂ ਮੈਂਨੂੰ ਉਸ ਅਕਾਲ ਪੁਰਖ ਦੀ ਕ੍ਰਿਪਾ
ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਵਿਆਖਿਆ ਪੜ੍ਹਨ ਨੂੰ ਦੋ ਸਾਲ ਲੱਗੇ ਪਰ ਮੈਂ ਤਾਂ ਇਹ
ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਪਾਸੇ ਲੱਗਾਂਗਾ। ਉਂਝ ਬਹੁਗਿਣਤੀ ਸਿੱਖਾਂ ਵਾਂਗੂ ਮੱਸਿਆ,
ਸੰਗਰਾਂਦਾਂ ਆਦਿਕ ਦਿਨਾਂ ਨੂੰ ਪਵਿੱਤਰ ਦਿਨ ਸਮਝਣਾ, ਸੁੱਖਣਾ ਸੁੱਖਣੀਆਂ, ਮਾਲਾ ਸਿਮਰਨਿਆਂ ਨੂੰ
ਗੁਰਮਤਿ ਅੰਗ ਸਮਝਣਾ, ਸਗਨ-ਅਪਸਗਨ ਸਮਝਣੇ ਜਾਂ ਥੋੜਾ ਗੁਰਬਾਣੀ ਦਾ ਤੋਤਾ ਰਟਨੀ ਪਾਠ ਕਰ ਲੈਣਾ; ਬਸ
ਏਸੇ ਨੂੰ ਗੁਰਮਤਿ ਸਮਝੀ ਬੈਠਾ ਸਾਂ ਪਰ ਗੁਰਬਾਣੀ ਪੜ੍ਹਨ ਤੇ ਪਤਾ ਲੱਗਾ ਕਿ ਇਨ੍ਹਾਂ ਕੰਮਾਂ ਦੀ ਤਾਂ
ਗੁਰਮਤਿ ਵਿੱਚ ਕੋਈ ਥਾਂ ਹੀ ਨਹੀਂ।
ਭਾਂਵੇ ਕਿ ਸ੍ਰ. ਪਸ਼ੋਰਾ ਸਿੰਘ ਹੁਰਾਂ ਬਾਰੇ ਉਸ ਤੋਂ ਬਆਦ ਸੁਣਿਆ ਕਿ ਉਹਨਾ
ਨੂੰ ਸ੍ਰੀ ਅਕਾਲ ਤਖਤ `ਤੇ ਤਲਬ ਕੀਤਾ ਹੈ ਤੇ ਕੁੱਝ ਤਨਖਾਹ ਵੀ ਲਗਾਈ ਹੈ। ਇਹ ਤਾਂ ਉਹ ਜਾਣਦੇ
ਹੋਣਗੇ ਕਿ ਇਹ ਗਲਤੀ ਉਹਨਾ ਵੱਲੋਂ ਅਨਜਾਣੇ ਵਿੱਚ ਹੋਈ ਸੀ ਜਾਂ ਕਿਸੇ ਲਾਲਚ ਵੱਸ? ਇਹ ਮੇਰਾ ਵਿਸ਼ਾ
ਨਹੀਂ ਹੈ; ਪਰ ਮੇਰੀ ਜਿੰਦਗੀ ਵਿੱਚ ਉਹਨਾਂ ਦੀ ਅਵਾਜ਼ ਤੇ ਭਾਂਸ਼ਨ ਦੇ ਤਰੀਕੇ ਨੇ ਇੱਕ ਕਰਾਮਾਤ ਦਾ
ਕੰਮ ਕੀਤਾ ਜਿਸ ਨਾਲ ਮੈਂ ਸਮਝਦਾ ਹਾਂ ਕਿ ਮੇਰੀ ਆਤਮਿਕ ਸੋਚ ਵਿੱਚ ਬਹੁਤ ਵੱਡੀ ਤਬਦੀਲੀ ਆਈ।
ਇਹ ਵੀ ਹੋ ਸਕਦਾ ਹੈ ਕਿਸੇ ਇਨਸਾਨ ਨੂੰ ਉਹੀ ਅਵਾਜ਼ ਚੰਗੀ ਨਾਂ ਵੀ ਲੱਗਦੀ
ਹੋਵੇ, ਪਰ ਮੈਂਨੂੰ ਤਾਂ ਉਸ ਸੁਰੀਲੀ ਅਵਾਜ਼ ਨੇ ‘ਸ਼ਬਦ ਗੁਰੂ’ ਦਾ ਅਨਮੋਲ ਖਜਾਨਾ ਮਿਲਾ ਦਿਤਾ, ਜਿਸ
ਕਰਕੇ ਹੁਣ ਧਰਮ ਦੇ ਨਾਂਅ `ਤੇ ਕਰਮਕਾਂਡ ਕਰਨ ਅਤੇ ਅੰਧਵਿਸ਼ਵਾਸਾਂ ਵਿੱਚ ਫਸਣ ਤੋਂ ਬਚ ਗਿਆ ਹਾਂ।