ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 24
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਅੱਖ ਦਾ ਅਪ੍ਰੇਸ਼ਨ ਕਰਾਉਣਾ ਹੋਵੇ ਤਾਂ ਅਸੀਂ ਹਰ ਵਾਕਫ਼-ਕਾਰ ਪਾਸੋਂ ਪੁੱਛਦੇ
ਹਾਂ ਕਿ ਡਾਕਟਰ ਕਿਹੜਾ ਵਧੀਆ ਹੈ, ਕਿਉਂਕਿ ਮਾੜੇ--ਧੀੜ੍ਹੇ ਡਾਕਟਰ ਕੋਲੋਂ ਅਪ੍ਰੇਸ਼ਨ ਕਰਾਇਆਂ
ਰਹਿੰਦੀ ਨਿਗਾਹ ਵੀ ਖਤਮ ਹੋਣ ਦੇ ਆਸਾਰ ਹਨ। ਚੰਗਾ ਸਕੂਲ ਲੱਭਦੇ ਹਾਂ, ਚੰਗਾ ਅਧਿਆਪਕ ਲੱਭਦੇ ਹਾਂ।
ਸਰਕਾਰਾਂ ਵੀ ਵਿਸ਼ਾ-ਮਾਹਰ ਬੰਦਿਆਂ ਦੀਆਂ ਸੇਵਾਵਾਂ ਲੈਂਦੀਆਂ ਹਨ ਪਰ ਧਰਮ ਦੀ ਦੁਨੀਆਂ ਵਿੱਚ ਇੰਜ
ਨਹੀਂ ਹੋਇਆ। ਸਾਡੀਆਂ ਪ੍ਰਬੰਧਕ ਕਮੇਟੀਆਂ ਨੇ ਪਰਚਾਰਕ ਉਹ ਲੱਭੇ ਜੋ ਵੱਧ ਵੱਧ ਤੋਂ ਮਿਥਿਹਾਸ ਨੂੰ
ਸੁਣਾ ਸਕਦੇ ਹੋਣ ਦੂਜਾ ਗੁਰਮਤਿ –ਗਿਆਨ ਦੇ ਅੱਖਰਾਂ ਕੋਰੇ ਸਾਧਾਂ ਨੇ ਸਿੱਖੀ ਸਿਧਾਂਤ ਨੂੰ ਵੱਖ ਵੱਖ
ਧਰਮਾਂ ਦਾ ਪਿੱਛਲੱਗ ਬਣਾਉਣ ਦਾ ਹਰ ਸੰਭਵ ਯਤਨ ਕੀਤਾ ਹੈ। ਹਰ ਡੇਰੇਦਾਰ ਆਪਣੇ ਆਪ ਨੂੰ ਪੁੱਗਿਆ
ਹੋਇਆ ਬ੍ਰਹਮ-ਗਿਆਨੀ ਜਾਂ ਰਾਤ ਨੂੰ ਭਗਵਾਨ ਨਾਲ ਮੀਟਿੰਗ ਕਰਕੇ ਸੌਣ ਵਾਲਾ ਰੱਬ ਹੋਣ ਦਾ ਦਾਹਵਾ
ਕਰਦਾ ਹੈ। ਸੁਖਮਨੀ ਸਾਹਿਬ ਜੀ ਦਾ ਉਪਦੇਸ਼ ਹੈ ਕਿ ਪੂਰਾ ਸਿਰਫ ਇੱਕ ਪਰਮਾਤਮਾ ਹੀ ਹੈ ਤੇ ਉਸ ਪੂਰੇ
ਦੇ ਹੀ ਗੁਣ ਗਾਉਣੇ ਚਾਹੀਦੇ ਹਨ।
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ॥
ਨਾਨਕ ਪੂਰਾ ਪਾਇਆ ਪੁਰੇ ਕੇ ਗੁਨ ਗਾਉ॥
ਜਿਸ ਮਨੁੱਖ ਨੇ ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਉਸ ਨੂੰ
ਪੂਰਾ ਪ੍ਰਭੁ ਮਿਲ ਗਿਆ ਹੈ; ਤਾਂ ਤੇ ਹੇ ਨਾਨਕ! ਤੂੰ ਵੀ ਪੂਰਨ ਪ੍ਰਭੂ ਦੇ ਗੁਣ ਗਾ।
ਸੁਆਲ ਪੈਦਾ ਹੁੰਦਾ ਹੈ ਕਿ ਪੂਰੇ ਪ੍ਰਭੁ ਦੇ ਗੁਣ ਕਿਸ ਤਰ੍ਹਾਂ ਗਾਏ ਜਾਣ?
ਸਾਰੇ ਲੋਕ ਗਾ ਨਹੀਂ ਸਕਦੇ ਤੇ ਚੌਵੀ ਘੰਟੇ ਗਾਇਆ ਵੀ ਨਹੀਂ ਜਾ ਸਕਦਾ। ਫਿਰ ਗੁਣਾਂ ਨੂੰ ਕਿਸ
ਤਰ੍ਹਾਂ ਗਉਣਾ ਹੈ? ਇਹ ਸਾਰੇ ਭਾਵ ਅਰਥ ਵਿੱਚ ਹੀ ਲਏ ਜਾਣਗੇ ਜਿਸ ਦਾ ਗੁਰੂ ਜੀ ਹੱਲ ਵੀ ਦੱਸਦੇ ਹਨ।
ਐ ਮਨੁੱਖ! ਤੂੰ ਜੇ ਰੱਬ ਦੇ ਗੁਣਾਂ ਦਾ ਗਾਇਣ ਕਰਨਾ ਹੈ ਤਾਂ ਪੂਰੇ ਗੁਰੂ ਦੇ ਉਪਦੇਸ਼ ਨੂੰ ਸਣਨ ਦਾ
ਯਤਨ ਕਰ।
ਪੂਰੇ ਗੁਰ ਕਾ ਸੁਨਿ ਉਪਦੇਸੁ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ॥
ਤੈਨੂੰ ਪੂਰੇ ਗੁਰੂ ਦਾ ਉਪਦੇਸ਼ ਸੁਣਨ ਦੀ ਤਾਗ਼ੀਦ ਕੀਤੀ ਹੈ ਪਰ ਮਨੁੱਖ ਸੁਣਦਾ
ਘੱਟ ਹੈ ਤੇ ਗੁਰੂ ਨੂੰ ਹੀ ਜ਼ਿਆਦਾ ਸੁਣਾਉਂਦਾ ਹੈ। ਜਿਸ ਦਿਨ ਮਨੁੱਖ ਨੂੰ ਸੁਣਨ ਦੀ ਆਦਤ ਪੈ ਗਈ
ਵਾਹਿਗੁਰੂ ਜੀ ਨੂੰ ਹਰ ਥਾਂ `ਤੇ ਦੇਖਣ ਦਾ ਯਤਨ ਕਰੇਗਾ। ਭਾਈਚਾਰੇ ਨੂੰ ਲੁੱਟਣ ਦੀ ਬਿਰਤੀ ਖਤਮ ਹੋ
ਜਾਏਗੀ ਵੰਡਣ ਦੀ ਬਿਰਤੀ ਜਨਮ ਲੈ ਲਏਗੀ।
ਸਿੱਖ ਧਰਮ ਵਿੱਚ ਆਪੇ ਬਣੇ ੧੦੦੮ ਬ੍ਰਹਮ ਗਿਆਨੀਆਂ ਨੇ ਨਵਾਂ ਸ਼ੋਸ਼ਾ ਛੱਡਿਆ
ਹੈ ਕਿ ਜੀ ਸਾਨੂੰ ਚੌਵੀ ਘੰਟਿਆਂ ਵਿਚੋਂ ਢਾਈ ਘੰਟੇ ਸਮੇਂ ਦਾ ਦਸਵੰਧ ਕੱਢ ਕੇ ਜਾਪ ਕਰਨਾ ਚਾਹੀਦਾ
ਹੈ। ਇਹ ਨਿਯਮ ਸਾਰੀ ਮਨੁੱਖਤਾ `ਤੇ ਲਾਗੂ ਨਹੀਂ ਹੋ ਸਕਦਾ ਜਦੋਂ ਕਿ ਗੁਰਬਾਣੀ ਸਾਰੀ ਮਨੁੱਖਤਾ `ਤੇ
ਲਾਗੂ ਹੁੰਦੀ ਹੈ। ਸਿੱਖ ਧਰਮ ਦੇ ਸੁਨਿਹਰੀ ਪੰਨਿਆਂ ਤੇ ਘੰਟਿਆਂ ਦੀ ਕੋਈ ਗੱਲ ਨਹੀਂ ਹੈ, ਏੱਥੇ ਤਾਂ
ਸਵਾਸ ਸਵਾਸ ਦੀ ਗੱਲ ਕੀਤੀ ਗਈ ਹੈ।
ਸਾਸਿ ਸਾਸਿ ਸਿਮਰਹੁ ਗੋਬਿੰਦ॥ ਮਨ ਅੰਤਰ ਕੀ ਉਤਰੈ ਚਿੰਦ॥
ਆਸ ਅਨਿਤ ਤਿਆਗਹੁ ਤਰੰਗ॥ ਸੰਤ ਜਨਾ ਕੀ ਧੁਰਿ ਮਨ ਮੰਗ॥
‘ਸੰਤ ਜਨਾ’ ਕੀ ਧੂਰ ਦਾ ਅਰਥ ਉਹ ਮਿੱਟੀ ਨਹੀਂ ਜਿਹੜੀ ਚਿੱਟੇ ਚੋਗਿਆਂ
ਵਾਲਿਆਂ ਦੇ ਪੈਰ੍ਹਾਂ ਨੂੰ ਲੱਗੀ ਹੋਵੇ। ‘ਸੰਤ ਜਨਾ ਕੀ ਧੂਰਿ’ ਗੁਰੂ ਜੀ ਦਾ ਦਰਸਾਇਆ ਹੋਇਆ ਮਾਰਗ
ਹੈ। ਇਸ ਮਾਰਗ `ਤੇ ਚੱਲਿਆਂ ਆਪਣੀ ਹਉਮੇ ਦਾ ਖਾਤਮਾ ਹੁੰਦਾ ਹੈ ਤੇ ਸੰਸਾਰ ਦੇ ਅਗਨੀ ਰੂਪੀ ਸਮੁੰਦਰ
ਤੋਂ ਪਾਰ ਹੋ ਸਕੀਦਾ ਹੈ।
ਆਪੁ ਛੋਡਿ ਬੇਨਤੀ ਕਰਹੁ॥ ਸਾਧ ਸੰਗਿ ਅਗਨਿ ਸਾਗਰੁ ਤਰਹੁ॥
ਹਰ ਵੇਲੇ ਦੀਆਂ ਖੁਸ਼ੀਆਂ, ਦੁਖ ਸੁਖ ਵਿੱਚ ਸਹਿਜ ਅਵਸਥਾ ਦਾ ਬਣਾਈ ਰੱਖਣਾ ਇਸ
ਨੂੰ ਜੀਵਨ ਦਾ ਅਨੰਦ ਕਿਹਾ ਹੈ।
“ਖੇਮ ਕੁਸਲ ਸਹਜ ਆਨੰਦ॥ ਸਾਧ ਸੰਗਿ
ਭਜੁ ਪਰਮਾਨੰਦ”॥
ਘਰਾਂ ਦੇ ਹਰ ਵੇਲੇ ਕਲੇਸ਼ ਦਾ ਨਾਂ ਹੀ ਨਰਕ ਹੈ ਜਿਸ ਤੋਂ ਬਚਿਆ ਜਾ ਸਕਦਾ ਹੈ
ਜੇ ਪਰਮਾਤਮਾ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਲਿਆ ਜਾਏ।
ਨਰਕ ਨਿਵਾਰਿ ਉਧਾਰਹੁ ਜੀਉ॥ ਗੁਨ ਗੋਬਿੰਦ ਅੰਮ੍ਰਿਤ ਰਸ ਪੀਉ॥
ਜਿਹੜਾ ਵੀ ਗੁਰੂ-ਗਿਆਨ ਨਾਲ ਸਾਂਝ ਪਾਉਂਦਾ ਹੈ ਉਹ ਆਪਣੇ ਜੀਵਨ ਨੂੰ ਸਫਲ ਕਰ
ਲੈਂਦਾ ਹੈ। ਭਾਈ ਭੂਮੀਏ, ਅਣਖ਼ ਰੱਖਣ ਵਾਲੇ ਕੌਡੇ ਭੀਲ, ਹੰਕਾਰੀ ਵਲੀ ਕੰਧਾਰੀ ਭਾਵ ਜਿਸ ਨੇ ਵੀ
ਗੁਰੂ ਨੂੰ ਸਮਝ ਲਿਆ ਉਸ ਦੇ ਹੀ ਜੀਵਨ ਵਿੱਚ ਰਸ ਭਰ ਗਿਆ।
ਸਫਲ ਜੀਵਨੁ ਸਫਲੁ ਤਾ ਕਾ ਸੁੰਗ॥ ਜਾ ਕੈ ਮਨਿ ਲਾਗਾ ਹਰਿ ਰੰਗੁ॥
ਅਸੀਂ ਦੇਖਦੇ ਹਾਂ ਕਿ ਗੁਰਦੁਆਰਿਆਂ ਵਿੱਚ ਅਕਸਰ ਲੜਾਈਆਂ-ਝਗੜੇ, ਡਾਂਗ
ਸੋਟਾ-ਚੱਲਦਾ ਹੀ ਰਹਿੰਦਾ ਹੈ ਪਰ ਪ੍ਰਬੰਧਕ ਗ੍ਰੰਥੀ ਸਿੰਘ ਨੂੰ ਪੁੱਛ ਰਹੇ ਹੁੰਦੇ ਹਨ, ਕਿ ਭਾਈ ਜੀ
ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਤੁਸਾਂ ਲੇਟ ਕੀਤਾ ਹੈ ਪਰ ਸੁਖਮਨੀ ਜੀ ਬਾਣੀ ਤਾਂ ਕਹਿ ਰਹੀ ਹੈ ਕਿ
ਵੈਰ-ਵਿਰੋਧਤਾ ਅਸੀਂ ਖਤਮ ਕਰਨੀ ਹੈ।
ਮਿਟਿ ਗਏ ਬੈਰ ਭਏ ਸਭ ਰੇਨ॥ ਅੰਮ੍ਰਿਤ ਨਾਮੁ ਸਾਧ ਸੰਗਿ ਲੈਨ॥
ਦੋ ਸਧਾਰਨ ਆਦਮੀ ਆਪਸ ਵਿੱਚ ਗੱਲਾਂ ਕਰਦੇ ਹੋਣ ਤਾਂ ਉਹ ਇੱਕ ਦੂਜੇ ਨੂੰ
ਅਹਿਸਾਸ ਕਰਾ ਕੇ ਰੱਖਦੇ ਹਨ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣੀ ਜਾਏ ਪਰ ਅਸੀਂ ਤਾਂ ਏਨੇ ਅਵਸਲੇ
ਹਾਂ ਕਿ ਸ਼ਬਦ ਦੇ ਉਪਦੇਸ਼ ਨੂੰ ਜ਼ਰਾ ਜਿੰਨਾ ਵੀ ਧਿਆਨ ਨਾਲ ਨਹੀਂ ਸੁਣਿਆ, ਜੇ ਸੁਣਿਆ ਹੁੰਦਾ ਤਾਂ
ਸਮਾਜ ਵਿੱਚ ਬਸੰਤ ਵਰਗੀ ਬਹਾਰ ਹੁੰਦੀ, ਈਰਖਾ--ਸਾੜੇ ਖਤਮ ਹੁੰਦੇ।
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਇਕਾਗਰ ਚੀਤ॥
ਸੁਖਮਨੀ ਸਹਜ ਗੋਬਿੰਦ ਗੁਨ ਨਾਮ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ॥
ਪਰਮਾਤਮਾ ਦੀ ਸਿਫਤੋ ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ ਦਾ ਕਾਰਨ
ਸੁੱਖਾਂ ਦੀ ਮਨੀ ਹੈ। ਜਿਸ ਦੇ ਮਨ ਵਿੱਚ ਨਾਮ ਵੱਸਦਾ ਹੈ ਉਹ ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ।
ਜਦੋਂ ਗੁਣਾਂ ਦਾ ਖ਼ਜ਼ਾਨਾ ਆ ਗਿਆ ਓਦੋਂ ਸ਼ੁਭ ਗੁਣਾਂ ਵਾਲੀਆਂ ਸਾਰੀਆਂ
ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਅਜੇਹਾ ਮਨੁੱਖ ਹੀ ਤੁਰਨੇ ਸੇਤੀ ਹੋ ਜਾਂਦਾ ਹੈ:---
ਸਰਬ ਇਛਾ ਤਾ ਕੀ ਪੂਰਨ ਹੋਇ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ॥
ਪਰਚਾਰ ਲਈ ਵਿਚਰਦਿਆਂ ਬਹੁਤ ਸਾਰੇ ਸਤਿ-ਸੰਗੀ ਜਨ ਪੁੱਛਦੇ ਹਨ ਕਿ ਭਾਅ ਜੀ
ਕੋਈ ਅਜੇਹਾ ਢੰਗ ਦੱਸੋ ਜਿਸ ਨਾਲ ਸਾਰੀਆਂ ਰਿਧੀਆਂ-ਸਿਧੀਆਂ ਸਾਡੇ ਪਾਸ ਆ ਜਾਣ। ਕਈ ਕਹਿਣਗੇ ਦੇਖੋ
ਜੀ ਮੈਂ ਇਤਨਾ ਸਿਮਰਨ ਕਰ ਲਿਆ ਹੈ ਅਜੇ ਤਕ ਸਾਡੇ ਬੱਚੇ ਦਾ ਕਾਰਜ ਰਾਸ ਨਹੀਂ ਹੋਇਆ। ਕਈ ਤਾਂ ਏਥੋਂ
ਤਕ ਵੀ ਕਹਿ ਦੇਂਦੇ ਹਨ ਕਿ ਸਾਨੂੰ ਤਾਂ ਜੀ ਪਿੱਛਲੇ ਤੀਹ ਸਾਲ ਤੋਂ ਸੁਖਮਨੀ ਦਾ ਪਾਠ ਕਰਦਿਆਂ ਹੋ ਗਏ
ਹਨ, ਕੀ ਪਰਮਾਤਮਾ ਨੇ ਸਾਨੂੰ ਹੀ ਦੁੱਖ ਦੇਣਾ ਸੀ। ਅਸਲ ਵਿੱਚ ਪਾਠ ਅਸੀਂ ਇਸ ਲਈ ਕਰਦੇ ਹਾਂ ਕਿ
ਸਾਡੀਆਂ ਗ਼ਰਜ਼ਾਂ ਪੂਰੀਆਂ ਹੋ ਜਾਣ, ਪਰ ਪਾਠ ਸਾਨੂੰ ਇਸ ਲਈ ਕਰਨਾ ਚਾਹੀਦਾ ਹੈ ਕਿ ਆਤਮਿਕ ਤਲ `ਤੇ
ਸੁੱਖ ਦੀ ਪ੍ਰਾਪਤੀ ਹੋ ਜਾਏ। ਉਂਜ ਤੇ ਗੁਰਬਾਣੀ ਦੀ ਹਰ ਤੁਕ ਵਿੱਚ ਜ਼ਿੰਦਗੀ ਦਾ ਰਹੱਸ ਲੁਕਿਆ ਹੋਇਆ
ਹੈ, ਪਰ ਸੌਖਾ ਸਮਝਣ ਲਈ ਇਹਨਾਂ ਤੁਕਾਂ ਨੂੰ ਧਿਆਨ ਵਿੱਚ ਲੈ ਲਈਏ, ਤਾਂ ਸਾਡੇ ਸਾਰੇ ਮਗ਼ਾਲਤੇ ਖ਼ਤਮ
ਹੋ ਸਕਦੇ ਹਨ:-----
ਖੇਮ ਸਾਂਤਿ ਰਿਧਿ ਨਵ ਨਿਧਿ॥ ਬੁਧਿ ਗਿਆਨੁ ਸਰਬ ਤਹ ਸਿਧਿ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ॥ ਗਿਆਨੁ ਸ੍ਰੇਸਟ ਊਤਮ ਇਸਨਾਨੁ॥
ਚਾਰਿ ਪਦਾਰਥ ਕਮਲ ਪ੍ਰਗਾਸ॥ ਸਭ ਕੈ ਮਧਿ ਸਗਲ ਤੇ ਉਦਾਸ॥
ਸੁੰਦਰੁ ਚਤੁਰੁ ਤਤ ਕਾ ਬੇਤਾ॥ ਸਮਦਰਸੀ ਏਕ ਦ੍ਰਿਸਟੇਤਾ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ॥
ਇਸ ਬੰਦ ਵਿੱਚ ਇੱਕ ਤਜਵੀਜ਼ ਰੱਖੀ ਗਈ ਹੈ ਕਿ
“ਗੁਰ ਨਾਨਕ ਨਾਮ ਬਚਨ ਮਨਿ ਸੁਨੇ”
ਜੋ ਗੁਰੂ ਜੀ ਦੇ ਬਚਨਾਂ ਨੂੰ ਧਿਆਨ ਨਾਲ ਸੁਣਦਾ ਤੇ ਮੂੰਹ ਤੋਂ ਉਚਾਰਦਾ ਹੈ ਉਸ ਨੂੰ ਇਹ ਸਾਰੇ ਸੁੱਖ
ਪ੍ਰਾਪਤ ਹੋ ਸਕਦੇ ਹਨ। ਅਟੱਲ ਸੁੱਖ, ਮਨ ਦਾ ਟਿਕਾਓ, ਰਿਧੀਆਂ, ਨੌਂ ਖ਼ਜ਼ਾਨੇ, ਅਕਲ, ਗਿਆਨ ਤੇ
ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿੱਚ ਆ ਜਾਂਦੀਆਂ ਹਨ।
ਵਿਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ, ਸ੍ਰੇਸ਼ਟ ਗਿਆਨ, ਤੀਰਥਾਂ ਦਾ
ਇਸ਼ਨਾਨ ਕੇਵਲ ਗੁਰੂ ਜੀ ਦੀ ਗੱਲ ਸੁਣ ਕੇ ਮੰਨਣ ਨਾਲ ਹੀ ਪ੍ਰਾਪਤੀ ਹੋ ਸਕਦੀ ਹੈ।
ਚਾਰੇ ਪਦਾਰਥ (ਧਰਮ, ਅਰਥ, ਕਾਮ ਮੋਖ) ਹਿਰਦੇ ਵਿੱਚ ਕਮਲ ਵਰਗਾ ਖੇੜਾ,
ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਉਪਰਾਮ ਰਹਿਣਾ।
ਸਿਆਣਾ, ਸੋਹਣਾ ਜਗਤ ਦੇ ਮੂਲ ਪ੍ਰਭੂ ਨੂੰ ਜਾਨਣ ਵਾਲਾ, ਸਭ ਨੂੰ ਇਕੋ ਜੇਹਾ
ਜਾਣਦਾ ਹੈ ਤੇ ਇਕੋ ਜੇਹਾ ਹੀ ਦੇਖਦਾ ਹੈ।
ਹੇ ਨਾਨਕ! ਇਹ ਸਾਰੇ ਫ਼ਲ਼ ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ, ਜੋ ਗੁਰੂ ਜੀ
ਦੇ ਬਚਨਾਂ ਨੂੰ ਸੁਣ ਕੇ ਆਪਣੇ ਮੂੰਹੋਂ ਉਚਾਰਦਾ ਹੈ।
ਗੁਰਬਾਣੀ ਦੀ ਹਰ ਤੁਕ ਮਨੁੱਖੀ ਜੀਵਨ ਜਾਚ ਦਾ ਅਮੁੱਕ ਖ਼ਜ਼ਾਨਾ ਹੈ ਪਰ
ਗੁਰਬਾਣੀ ਸਿਧਾਂਤ ਨੂੰ ਨਾ ਸਮਝਣ ਕਰਕੇ ਅਸੀਂ ਬ੍ਰਹਮਣ ਦੇ ਮੰਤ੍ਰ ਵਾਂਗ ਕੇਵਲ ਜੱਪਣਾ ਹੀ ਸ਼ੁਰੂ ਕਰ
ਦਿੱਤਾ ਹੈ। ਸ਼ਬਦਾਂ ਦੇ ਭਾਵ ਅਰਥ ਨੂੰ ਸਮਝਿਆ ਪਤਾ ਲੱਗਦਾ ਹੈ ਕਿ
“ਇਹੁ ਨਿਧਾਨੁ ਜਪੈ ਮਨਿ ਕੋਇ”
ਇਹਨਾਂ ਗੁਣਾਂ ਦੇ ਖ਼ਜ਼ਾਨੇ ਨੂੰ ਜਿਹੜਾ ਜੱਪਦਾ ਹੈ, ਉਸ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ।
“ਸਭ ਜੁਗ ਮਹਿ ਤਾ ਕੀ ਗਤਿ
ਹੋਇ”॥
ਸੁਖਮਨੀ ਸਾਹਿਬ ਜੀ ਦੀ ਬਾਣੀ ਬਾਕੀ ਗੁਰਬਾਣੀ ਵਾਂਗ ਹੀ ਉਪਦੇਸ਼ ਦੇਂਦਿਆਂ
ਕਹਿ ਰਹੀ ਹੈ ਕਿ ਕ੍ਰੋੜਾਂ ਮਨ ਵਿਚਲੀਆਂ ਮਲੀਨ ਸੋਚਾਂ ਖ਼ਤਮ ਹੋ ਸਕਦੀਆਂ ਜਦੋਂ ਗੁਰੂ ਜੀ ਨਾਲ ਸੰਗਤ
ਕੀਤੀ ਜਾਂਦੀ ਹੈ,
“ਕੋਟਿ
ਅਪ੍ਰਾਧ ਸਾਧ ਸੰਗਿ ਮਿਟੈ”॥
‘ਸਜਣ’ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਤੇ ਵਿਚਾਰ ਨੂੰ
ਧਿਆਨ ਤੇ ਪਿਆਰ ਨਾਲ ਸੁਣਿਆਂ ਤਾਂ ਉਸ ਦੀ ਠੱਗੀ ਧੋਤੀ ਗਈ। ਜਿਹੜਾ ਵੀ ਪਿਆਰ ਤੇ ਧਿਆਨ ਨਾਲ ਗੁਰੂ
ਦੀ ਗੱਲ ਨੂੰ ਸੁਣਦਾ ਹੈ ਉਹ ਆਪਣੇ ਸੁਭਾਅ ਨੂੰ ‘ਤਤਕਾਲ’ ਸੇਵਾ ਅਧੀਨ ਤਬਦੀਲ ਕਰ ਲੈਂਦਾ ਹੈ।
ਜਿਸ ਮਨਿ ਬਸੈ ਸੁਨੈ ਲਾਇ ਪ੍ਰੀਤਿ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ॥ ਦੁਲਭ ਦੇਹ ਤਤਕਾਲ ਉਧਾਰੈ॥
ਗੁਰੂ ਦਾ ਉਪਦੇਸ਼ ਤੇ ਜ਼ੋਰ ਜ਼ੋਰ ਦੀ ਹਰ ਗੁਰਦੁਆਰੇ ਵਿਚੋਂ ਸੁਣਾਇਆ ਜਾਂਦਾ ਹੈ
ਪਰ ਪੰਜਾਬ ਦੀ ਧਰਤੀ `ਤੇ ਅੱਗੇ ਨਾਲੋਂ ਵੀ ਵੱਧ ਨਸ਼ਾ ਵਿੱਕ ਰਿਹਾ ਹੈ, ਸੱਤਰ ਪ੍ਰਤੀਸ਼ੱਤ ਸਾਡੇ ਬੱਚੇ
ਸਿੱਖੀ ਸਿਧਾਂਤ ਨੂੰ ਭੁੱਲ ਚੁੱਕੇ ਹਨ। ਸਿੱਖ ਲੀਡਰ ਗੁਰਬਾਣੀ ਅਨੁਸਾਰ ਆਪਣਾ ਕਿਰਦਾਰ ਨਹੀਂ ਬਣਾ
ਸਕੇ। ਇਸ ਦਾ ਜੁਆਬ ਹੈ ਕਿ ਪੁਜਾਰੀ ਦੇ ਕਹੇ ਅਨੁਸਾਰ ਮਰਨ ਤੋਂ ਉਪਰੰਤ ਵਾਲੇ ਫ਼ਲ਼ ਦੀ ਜਾਚਨਾ ਲਈ ਹੀ
ਅਸੀਂ ਪਾਠ ਪੂਜਾ ਕਰ ਰਹੇ ਹਾਂ। ਸਾਡੀ ਸੁਖਣਾ ਪੂਰੀ ਹੋ ਗਈ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ
ਲਿਆ ਪਰ ਗੁਰਬਾਣੀ ਦੇ ਤੱਤ ਗਿਆਨ ਨੂੰ ਨਾ ਸਮਝ ਸਕੇ।
ਸੁਖਮਨੀ ਸਾਹਿਬ ਜੀ ਦੀ ਬਾਣੀ ਦੱਸ ਰਹੀ ਹੈ ਪਿਆਰ, ਧਿਆਨ ਤੇ ਨਾਮ ਜਦ ਵੀ
ਗੁਰਬਾਣੀ ਵਿਚੋਂ ਸੁਣੇਂਗਾ, ਪੜੇਂਗਾ, ਵਿਚਾਰੇਂਗਾ ‘ਤੱਤਕਾਲ’ ਵਿੱਚ ਤੇਰਾ ਉਧਾਰ ਹੋ ਸਕਦਾ ਹੈ।
ਗੁਰਬਾਣੀ ਸਭ ਤੋਂ ਪਹਿਲਾਂ ਸਾਡੇ ਮਨ ਵਿਚਲਾ ਭਰਮ ਹੀ ਤਾਂ ਤੋੜਦੀ ਹੈ। ਭਰਮਾਂ ਦਾ ਗੜ੍ਹ ਟੁੱਟਦਿਆਂ
ਹੀ ਕਰਮ ਨਿਰਮਲ ਹੋ ਜਾਂਦੇ ਹਨ।
ਦੂਖ ਰੋਗ ਬਿਨਸੇ ਭੈ ਭਰਮ॥ ਸਾਧ ਨਾਮ ਨਿਰਮਲ ਤਾ ਕੇ ਕਰਮ॥
ਸਭ ਤੇ ਊਚ ਤਾ ਕੀ ਸੋਭਾ ਬਣੀ॥ ਨਾਨਕ ਇਹ ਗੁਣਿ ਨਾਮ ਸੁਖਮਨੀ॥
ਦੁੱਖ, ਰੋਗ, ਡਰ ਤੇ ਵਹਮ-ਭਰਮ ਉਸ ਦੇ ਨਾਸ ਹੋ ਜਾਂਦੇ ਹਨ। ਉਸ ਨੂੰ ਸਾਧਿਆ
ਹੋਇਆ ਮਨੁੱਖ ਕਿਹਾ ਜਾ ਸਕਦਾ ਹੈ, ਕਿਉਂਕਿ ਉਸ ਦੇ ਕਰਮ ਮੈਲ਼ ਤੋਂ ਰਹਿਤ ਹੋ ਜਾਂਦੇ ਹਨ।
ਸੁਖਮਨੀ ਦੀ ਸਾਰੀ ਬਾਣੀ ਦਾ ਭਾਵ ਅਰਥ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਧਾਰਨ
ਕਰਨ ਨਾਲ ਜੋ ਸਾਨੂੰ ਗੁਰਬਾਣੀ ਵਿਚੋਂ ਮਿਲਦੇ ਹਨ ਅਸੀਂ ‘ਸਚਿਆਰ’ ਮਨੁੱਖ ਬਣ ਸਕਦੇ ਹਾਂ। ਜਿਸ ਨਾਲ
ਆਤਮਿਕ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ।
ਗੁਰਬਾਣੀ ਦੀ ਲੋਅ ਵਿਚੋਂ ਗੁਰੂ ਅਮਰਦਾਸ ਜੀ ਦੇ ਦੋ ਵਾਕਾਂ ਨੂੰ ਧਿਆਨ ਵਿੱਚ
ਲਿਆਵਾਂਗੇ:---
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ॥
ਵਿਣੁ ਡਿਠਾ ਕਿਆ ਸਲਾਹੀਐ ਅੰਧਾ ਅੰਧ ਕਮਾਇ॥
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ॥
ਸਲੋਕ ਮ: ੩ ਪੰਨਾ ੬੪੬—
ਜਿਸ ਗਿਆਨ ਨਾਲ ਕੁੱਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪ੍ਰਗਟ ਨਹੀਂ
ਹੋਇਆ, ਫਿਰ ਜਿਸ ਹਰੀ ਨੂੰ ਵੇਖਿਆ ਨਹੀਂ ਉਸ ਦੀ ਉਸਤਿਤ ਕਿਵੇਂ ਹੋ ਸਕੇ? ਗਿਆਨ ਹੀਣ ਮਨੁੱਖ
ਅਗਿਆਨਤਾ ਦੀ ਹੀ ਕਮਾਈ ਕਰਦਾ ਹੈ। ਹੇ ਨਾਨਕ! ਜੇ ਸਤਿਗੁਰ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ
ਮਨ ਵਿੱਚ ਵੱਸ ਸਕਦਾ ਹੈ।
ਗੁਰੂ ਅਮਰਦਾਸ ਜੀ ਦਾ ਇੱਕ ਹੋਰ ਪਿਆਰਾ ਵਾਕ ਹੈ:---
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੇ ਦੇਵਣਹਾਰ॥
ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ—ਏਹੀ
ਸਦਾ ਥਿਰ ਰਹਿਣ ਵਾਲਾ ਸੌਦਾ ਹੈ। ਇਹੀ ਸੱਚਾ ਹੱਟ ਹੈ ਜਿਸ ਵਿੱਚ ਰਤਨਾਂ ਦੇ ਭੰਡਾਰ ਭਰੇ ਪਏ ਹਨ। ਜੇ
ਦੇਣ ਵਾਲਾ ਹਰੀ ਦੇਵੇ ਤਾਂ ਇਹ ਖ਼ਜ਼ਾਨੇ ਸਤਿਗੁਰੂ ਦੀ ਕ੍ਰਿਪਾ ਨਾਲ ਮਿਲਦੇ ਹਨ।