.

ਸਾਡੀ ਪੰਜਾਬ ਫੇਰੀ (9 ਮਈ 2008-15 ਜੁਲਾਈ 2008) ਅਤੇ ਅਹਿਮ ਘਟਨਾਵਾਂ

ਕਰੀਬ ਬਾਰਾਂ ਸਾਲਾਂ ਬਾਅਦ ਅਮਰੀਕਾ ਤੋਂ ਪੰਜਾਬ ਦੀ ਧਰਤੀ ਤੇ ਪਰਤਨ ਦਾ ਸੁਭਾਗ ਅਵਸਰ ਮਿਲਿਆ। ਮਨ ਵਿੱਚ ਬੜਾ ਉਤਸ਼ਾਹ ਸੀ ਕਿ ਜਿਥੇ ਜੰਮੇ ਪਲੇ ਹਾਂ ਓਥੇ ਜਾ ਰਹੇ ਹਾਂ। ਮਾਂ ਬਾਪ ਜੋ ਬਿਰਧ ਹੋ ਚੁੱਕੇ ਹਨ ਉਹਨਾਂ ਨੂੰ 12 ਸਾਲਾਂ ਬਾਅਦ ਮਿਲਣਾ ਸੀ ਹੋਰ ਵੀ ਭੈਣ ਭਰਾ, ਸਕੇ ਸਬੰਧੀ, ਰਿਸ਼ਤੇਦਾਰ ਅਤੇ ਦੋਸਤ ਮਿਤਰ। ਖਾਸ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਮਿਸ਼ਨਰੀ ਕਾਲਜ ਜਿਥੋਂ ਦਾਸ ਨੇ ਗੁਰਮਤਿ ਵਿਦਿਆ ਸਿੱਖੀ ਹੈ।

9 ਮਈ ਨੂੰ ਅਸੀਂ ਦਾਸ ਅਤੇ ਹਰਸਿਮਰਤ ਕੌਰ ਖਾਲਸਾ ਸਾਨਫ੍ਰਾਂਸਿਸਕੋ ਹਵਾਈ ਅੱਡੇ ਤੋਂ ਪੰਜਾਬ (ਭਾਰਤ) ਨੂੰ ਰਵਾਨਾ ਹੋ ਗਏ ਅਤੇ 10 ਮਈ ਨੂੰ ਦਿੱਲ੍ਹੀ ਏਅਰਪੋਰਟ ਤੇ ਜਾ ਉੱਤਰੇ। ਦਿੱਲ੍ਹੀ ਏਅਰਪੋਰਟ ਦਾ ਰਵੱਈਆ ਕਾਫੀ ਅੱਛਾ ਸੀ ਅੱਜ ਤੋਂ ਕਰੀਬ 15 ਸਾਲਾਂ ਤੋਂ ਪਹਿਲਾਂ ਨਾਲੋਂ। ਜਦ ਅਸੀਂ ਇੰਮੀਗ੍ਰੇਸ਼ਨ ਕਰਵਾ ਕੇ ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਬੱਸਾਂ, ਟੈਕਸੀਆਂ ਅਤੇ ਟੈਂਪੂਆਂ ਵਾਲੇ ਅਵਾਜਾਂ ਮਾਰਨ ਲੱਗੇ ਅਤੇ ਅਸੀਂ ਬੱਸ ਰਾਹੀਂ ਦਿੱਲ੍ਹੀ ਦੇ ਵੱਡੇ ਬੱਸ ਸਟੈਂਡ ਤੇ ਜਾ ਉੱਤਰੇ ਜਿੱਥੇ ਨਰਕ ਦਾ ਨਜਾਰਾ ਵੇਖਣ ਨੂੰ ਮਿਲਿਆ। ਮੱਖੀ, ਮੱਛਰ, ਗੰਦਗੀ ਦੇ ਢੇਰ ਅਤੇ ਫੁੱਟ ਪਾਥਾਂ ਤੇ ਸੁੱਤੇ ਅਤੇ ਵਿਲਕ ਰਹੇ ਲੋਕ ਦੇਖੇ ਤਾਂ ਹਰਸਿਮਰਤ ਕੌਰ ਖਾਲਸਾ ਕਹਿੰਦੀ ਛਿੱਟ! ਇਹ ਇੰਡੀਆ ਹੈ, ਹੂੰ! ! ਜਿਥੇ ਗੋਡੇ ਗੋਡੇ ਬੂ ਆ ਰਹੀ ਹੈ, ਇੱਥੋਂ ਦੀ ਸਰਕਾਰ ਦਾ ਲੋਕਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ? ਕਾਫੀ ਦੇਰ ਬੱਸ ਦੀ ਵੇਟ ਕਰਨ ਤੋਂ ਬਾਅਦ ਹਰਿਆਣਾ ਰੋਡਵੇਜ ਦੀ ਬੱਸ ਰਾਹੀਂ ਡਰਾਈਵਰ ਨੂੰ ਕਿਰਾਏ ਤੋਂ ਇਲਾਵਾ ਵਾਧੂ ਪੈਸੇ ਦੇ ਕੇ ਚੰਡੀਗੜ੍ਹ ਪਹੁੰਚ ਗਏ। ਰਸਤੇ ਵਿੱਚ ਹੋਰ ਬਹੁਤਾ ਕੁਝ ਬਦਲਿਆ ਨਾਂ ਦੇਖਿਆ ਪਰ ਹਰੇਕ ਕੋਲ ਮੋਬਾਈਲ ਫੋਨ ਜਰੂਰ ਦੇਖੇ। ਅੱਗੋਂ ਦਾਸ ਦਾ ਛੋਟਾ ਭਾਈ ਸਤਨਾਮ ਸਿੰਘ ਜੋ ਮੋਹਾਲੀ ਰਹਿੰਦਾ ਹੈ ਅਤੇ ਦਾਸ ਦਾ ਦੋਸਤ ਜਰਨੈਲ ਸਿੰਘ ਸਾਨੂੰ ਟੈਕਸੀ ਵਿੱਚ ਘਰ 11 ਫੇਸ ਮੋਹਾਲੀ ਲੈ ਗਏ ਜਿੱਥੇ ਛੋਟੀ ਭਰਜਾਈ ਸਿੱਮੀ (ਸਿਮਰਨਜੀਤ) ਦੇ ਬਨਾਏ ਪਰੌਂਠੇ ਨਾਸ਼ਤਾ ਕਰਕੇ ਸੌਂ ਗਏ। ਜਦ ਦੋਸਤਾਂ ਮਿਤਰਾਂ ਨੂੰ ਸਾਡੇ ਆਉਣ ਦਾ ਪਤਾ ਲੱਗਾ ਤਾਂ ਮਿਲਣ ਵਾਲਿਆਂ ਦੀਆਂ ਭੀੜਾਂ ਲੱਗ ਗਈਆਂ। ਇੱਕ ਤਾਂ ਦਾਸ ਦੇ ਮਿਸ਼ਨਰੀ ਪ੍ਰਚਾਰਕ ਅਤੇ ਲੇਖਕ ਹੋਣ ਦੇ ਨਾਤੇ ਅਤੇ ਦੂਸਰਾ ਦਾਸ ਦੀ ਸਿੰਘਣੀ ਗੋਰੀ ਜੋ ਅਮੈਰਕਨ ਤੋਂ ਸਿੰਘ ਸਜੀ ਹੈ ਨੂੰ ਦੇਖਣ ਵਾਸਤੇ ਕਿਉਂਕਿ ਸਾਡੇ ਲੇਖ ਫੋਟੋਆਂ ਸਿੱਖ ਮਾਰਗ ਅਤੇ ਰੋਜ਼ਾਨਾਂ ਸਪੋਕਸਮੈਨ ਅਖਬਾਰ ਵਿੱਚ ਲੋਕ ਪੜ੍ਹਦੇ ਸਨ।

ਫਿਰ ਹਫਤੇ ਕੁ ਬਾਅਦ ਅਸੀਂ ਰਾਮਾਮੰਡੀ (ਜਲੰਧਰ) ਜਿੱਥੇ ਦਾਸ ਤੋਂ ਛੋਟਾ ਭਾਈ ਦਿਲਾਵਰ ਸਿੰਘ ਰਹਿੰਦਾ ਹੈ, ਦਾਸ ਦੇ ਮਾਤਾ ਪਿਤਾ ਜੀ ਵੀ ਓਥੇ ਰਹਿ ਰਹੇ ਸਨ ਜੋ ਬੜੇ ਸਾਲਾਂ ਤੋਂ ਸਾਡੀ ਵੇਟ ਕਰ ਰਹੇ ਸਨ ਕਿ ਪਤਾ ਨਹੀਂ ਕਦੋਂ ਆਉਣਗੇ? ਸਾਨੂੰ ਮਿਲ ਕੇ ਗਦ ਗਦ ਹੋ ਗਏ ਜਿਵੇਂ ਪੂਰਨ ਨੂੰ ਮਿਲ ਕੇ ਮਾਂ ਦੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ ਸੀ ਕੁਝ ਇਵੇਂ ਹੀ ਦਾਸ ਦੇ ਮਾਤਾ ਜੀ ਜਿਨ੍ਹਾਂ ਨੂੰ ਦਾਸ ਦੇ ਭਿਆਨਕ ਐਕਸੀਡੈਂਟ ਦੀ ਖਬਰ ਮਿਲਣ ਤੋਂ ਬਾਅਦ ਤਿੰਨ ਵਾਰੀ ਹਾਰਟ ਅਟੈਕ ਹੋ ਚੁੱਕਾ ਸੀ ਨੌਂ ਬਰਨੌਂ ਹੋ ਗਏ। ਫਿਰ ਇੱਥੋਂ ਹੀ ਸਿੱਧੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਗਏ ਜੋ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਅਤੇ ਜਿਹਦੇ ਨਾਲ ਹਰੇਕ ਸਿੱਖ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਏਥੇ ਅਹਿਮ ਘਟਨਾਂ ਵਾਪਰੀ-ਨੈਨਸੀ ਤੋਬਸਮੈਨ ਤੋਂ ਸਿੰਘ ਸਜ ਕੇ ਬਣੀ ਹਰਸਿਮਰਤ ਕੌਰ ਖਾਲਸਾ ਜਿਸ ਨੇ ਯਹੂਦੀਆਂ ਦੀ ਬੋਲੀ ਹੀਬਰੋ ਵਿੱਚ ਜਪੁਜੀ ਸਾਹਿਬ ਜੀ ਦਾ ਟ੍ਰਾਂਸਲੇਸ਼ਨ ਕੀਤਾ ਹੈ, ਦੀ ਕਾਪੀ ਨਾਲ ਲੈ ਕੇ ਬੜੇ ਹੀ ਚਾਅ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤ ਮਸਤਕ ਹੋਈ ਅਤੇ ਸ਼੍ਰੋਮਣੀ ਕਮੇਟੀ ਨੂੰ ਇਹ ਟ੍ਰਾਂਸਲੇਸ਼ਨ ਸੌਂਪਣਾ ਚਾਹਿਆ। ਸ਼੍ਰੋਮਣੀ ਕਮੇਟੀ ਸਕੱਤਰ ਸ੍ਰ ਵਰਿਆਮ ਸਿੰਘ ਦੀ ਗੈਰ ਹਾਜ਼ਰੀ ਵਿੱਚ ਮੀਤ ਸਕੱਤਰ ਸ੍ਰ ਮਹਿੰਦਰ ਸਿੰਘ ਜੀ ਨੂੰ ਮਿਲੇ ਤੇ ਆਪਣੀ ਵਿਥਿਆ ਦੱਸੀ ਤਾਂ ਉਹਨਾਂ ਕਿਹਾ ਇਹ ਮੇਰੇ ਵੱਸ ਦੀ ਗੱਲ ਨਹੀਂ ਤੁਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਮਿਲੋ, ਤਾਂ ਅਸੀਂ ਮਿਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਨਿਰਾਸ਼ਾ ਹੀ ਪੱਲੇ ਪਈ ਕਿਉਂਕਿ ਵੱਡੇ ਲੀਡਰਾਂ ਨੂੰ ਮਿਲਣਾ ਆਂਮ ਬੰਦੇ ਦੇ ਵੱਸ ਦੀ ਗੱਲ ਨਹੀਂ। ਜਦ ਅਸੀਂ ਨਿਰਾਸ਼ ਹੋ ਕੇ ਮੁੜ ਰਹੇ ਸੀ ਤਾਂ ਪ੍ਰਧਾਨ ਦੀ ਸਕਿਉਰਟੀ ਗਾਰਦ ਨੂੰ ਪੁਛਿਆ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਪ੍ਰਧਾਨ ਸਾਹਿਬ ਅਕਾਲ ਤਖਤ ਤੋਂ ਆ ਰਹੇ ਹਨ ਤੁਸੀਂ ਸਾਹਮਣੇ ਦਰਵਾਜੇ ਤੇ ਖੜ ਜਾਓ ਓਥੇ ਮਿਲ ਜਾਣਗੇ ਤਾਂ ਅਸੀਂ ਉਡੀਕ ਚ’ ਖੜ ਗਏ ਥੋੜੀ ਦੇਰ ਬਾਅਦ ਉਹ ਆਪਣੇ ਲਾਓ ਲਸ਼ਕਰ ਨਾਲ ਆਏ ਤਾਂ ਅਸੀਂ ਫਤਹੇ ਬੁਲਾਈ ਅਤੇ ਹਰਸਿਮਰਤ ਕੌਰ ਖਾਲਸਾ ਨੇ ਆਪਣੀ ਵਿਥਿਆ ਦੱਸੀ ਤਾਂ ਉਹਨਾਂ ਕਿਹਾ ਤੁਹਾਡੀ ਕੋਈ ਹੋਰ ਇੱਛਾ ਹੈ ਤਾਂ ਹਰਸਿਮਰਤ ਨੇ ਕਿਹਾ ਵਾਹਿਗੁਰੂ ਦੀ ਬਖਸ਼ਿਸ਼ ਹੈ ਪਰ ਮੇਰੇ ਮਨ ਵਿੱਚ ਕੇਵਲ ਇੱਕ ਹੀ ਇੱਛਾ ਬਾਕੀ ਹੈ ਕਿ ਮੈ ਆਪਣੇ ਮਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਸ਼ਬਦ ਦਾ ਕੀਰਤਨ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾਂ ਲਵਾਂ। ਇਹ ਸੁਣ ਕੇ ਜਿਵੇਂ ਪ੍ਰਧਾਨ ਜੀ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ ਤੇ ਘੜਿਆ ਘੜਾਇਆ ਜਵਾਬ ਦਿੱਤਾ ਬੀਬੀਆਂ ਏਥੇ ਕੀਰਤਨ ਨਹੀਂ ਕਰ ਸਕਦੀਆਂ ਤਾਂ ਹਰਸਿਮਰਤ ਕੌਰ ਖਾਲਸਾ ਨੇ ਕਿਹਾ ਕਿ ਮੈ ਸਾਰੇ ਧਰਮਾਂ ਦੀ ਸਟੱਡੀ ਕੀਤੀ ਹੈ ਕੇਵਲ ਸਿੱਖ ਧਰਮ ਹੀ ਔਰਤ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਮੈ ਗੁਰੂ ਨਾਨਕ ਜੀ ਦੀ ਬਾਣੀ “ਸੋ ਕਿਉਂ ਮੰਦਾ ਆਖੀਐ ਜਿਤਿ ਜੰਮੈ ਰਾਜਾਨ” ਪੜ੍ਹ ਕੇ ਆਈ ਹਾਂ ਤਾਂ ਵੀ ਪ੍ਰਧਾਨ ਨੇ ਨਾਂਹ ਕਰ ਦਿੱਤੀ ਤਾਂ ਹਰਸਿਮਰਤ ਨੇ ਕਿਹਾ ਤੁਹਾਡੇ ਵੀ ਵੱਸ ਦੀ ਗੱਲ ਨਹੀਂ ਮੈਨੂੰ ਲੱਗਦਾ ਹੈ ਕਿ ਏਥੇ ਹੁਣ ਸਰਕਾਰੀ ਕਬਜਾ ਹੈ ਜਾਂ ਲੰਬੇ ਚੋਲਿਆਂ ਵਾਲੇ ਸਾਧਾਂ ਦੀ ਮਰਯਾਦਾ ਏਥੇ ਲਾਗੂ ਹੈ ਅਤੇ ਕਿਹਾ ਜੇ ਬੀਬੀਆਂ ਤੁਹਾਨੂੰ ਜੰਮ ਸਕਦੀਆਂ ਹਨ, ਘਰਾਂ ਤੇ ਲੰਗਰਾਂ ਵਿੱਚ ਰੋਟੀਆਂ ਪਕਾ ਸਕਦੀਆਂ ਹਨ ਅਤੇ ਦੁਨੀਆਂ ਭਰ ਦੇ ਸਾਰੇ ਕੰਮ ਕਰ ਸਕਦੀਆਂ ਹਨ ਫਿਰ ਕੀਰਤਨ ਕਿਉਂ ਨਹੀਂ ਕਰ ਸਕਦੀਆਂ? ਜਦ ਕਿ ਇਤਿਹਾਸ ਗਵਾਹ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਅਜਿਹਾ ਹੁੰਦਾ ਸੀ। ਸ੍ਰ ਜੱਸਾ ਸਿੰਘ ਆਹਲੂਵਾਲੀਆ ਦੇ ਸਤਿਕਾਰਯੋਗ ਮਾਤਾ ਜੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਸਨ। ਇਹ ਪ੍ਰਥਾ ਅੰਗ੍ਰੇਜੀ ਰਾਜ ਸਮੇਂ ਮਹੰਤਾਂ ਦੇ ਕਬਜੇ ਵੇਲੇ ਬੰਦ ਹੋਈ ਤਾਂ ਪ੍ਰਧਾਨ ਸਾਹਿਬ ਜੀ ਕੰਨ ਵਲੇਟ ਕੇ ਚਲਦੇ ਬਣੇ। ਫਿਰ ਹਰਸਿਮਰਤ ਕੌਰ ਦਰਬਾਰ ਸਾਹਿਬ ਅੰਦਰ ਗਈ ਅਤੇ ਆਪਣੀ ਸ਼ਰਧਾ ਪੂਰੀ ਕਰਨ ਵਾਸਤੇ ਉੱਪਰਲੀ ਛੱਤ ਤੇ ਜੋ ਵੱਡੇ ਅਕਾਰ ਵਾਲੀ ਹੱਥ ਲਿਖਤ ਬੀੜ ਹੈ ਤੋਂ ਪਾਠੀ ਸਿੰਘ ਦੇ ਪਾਠ ਕਰਦੇ ਸਮੇਂ ਸਾਈਡ ਤੇ ਖੜਕੇ ਹੁਕਮਨਾਮਾਂ ਪੜ੍ਹ ਲਿਆ।

ਫਿਰ ਅਸੀਂ ਵਾਪਸ ਜਲੰਧਰ ਆ ਗਏ ਅਤੇ ਮਿਸ਼ਨਰੀ ਕਾਲਜ ਰੋਪੜ ਦੇ ਚੇਅਰਮੈਨ ਸ੍ਰ ਗੁਰਬਖਸ਼ ਸਿੰਘ ਜੀ ਨੂੰ ਮਿਲੇ ਜਿਨ੍ਹਾਂ ਜੇ ਸਾਡਾ ਕਥਾ ਕੀਰਤਨ ਦਾ ਸਮਾਂ ਗੁਰਦੁਆਰਾ ਗੁਰੂ ਤੇਗਬਹਾਦਰ ਮਾਡਲ ਟਾਉਨ ਵਿਖੇ ਰਖਵਾ ਦਿੱਤਾ। ਕੀਰਤਨ ਤੋਂ ਬਾਅਦ ਕਮੇਟੀ ਨੇ ਸਿਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਫਿਰ ਪਿੰਡ ਤੱਲਣ ਦੇ ਦੀਵਾਨ ਦੀ ਹਾਜਰੀ ਭਰ ਕੇ ਵਾਪਸ ਮੋਹਾਲੀ ਆ ਗਏ। ਕੁਝ ਪਾਣੀ ਨਾਂ ਮੁਆਫਕ ਆਣ, ਜੋਰਦਾਰ ਗਰਮੀ ਅਤੇ ਬਿਜਲੀ ਦੇ ਵੱਡੇ ਵੱਡੇ ਕੱਟਾਂ ਕਰਕੇ ਬੀਮਾਰ ਹੋ ਗਏ। ਨੈਨਸੀ ਹਰਸਿਮਰਤ ਕੌਰ ਖਾਲਸਾ ਨੂੰ ਤਾਂ ਮਲੇਰੀਆ ਹੋ ਗਿਆ ਇਉਂ ਅਸੀਂ ਲੰਬਾ ਸਮਾਂ ਬੀਮਾਰ ਰਹਿਣ ਕਰਕੇ ਬਹੁਤੀਂ ਥਾਂਈਂ ਨਹੀਂ ਜਾ ਸਕੇ। ਉਨ੍ਹੀ ਦਿਨੀ ਹੀ ਤਖਤ ਪਟਨੇ ਦੇ ਪੁਜਾਰੀ ਗਿ. ਇਕਬਾਲ ਸਿੰਘ ਜੀ ਨੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਬਿਆਨ ਕਰਨ ਕਰਕੇ ਪੰਥ ਚੋਂ ਛੇਕ ਦਿੱਤਾ ਸੀ ਨੂੰ ਜਵਾਬ ਦਿੰਦੇ ਹੋਏ ਅਸੀਂ ਪਟਨਾ ਸਾਹਿਬ ਜੀ ਦੇ ਜਥੇਦਾਰ ਨੂੰ ਰੋਜ਼ਾਨਾ ਸਪੋਕਸਮੈਨ ਰਾਹੀਂ ਦਰਸਾਇਆ ਕਿ ਗੁਰਬਾਣੀ ਦਾ ਹਰੇਕ ਸ਼ਬਦ ਹੀ ਸਿੱਖ ਵਾਸਤੇ ਹੁਕਮਨਾਮਾਂ ਹੈ ਨਾ ਕਿ ਅਖੌਤੀ ਜਥੇਦਾਰ ਜੋ ਆਪਣੇ ਅਕਾਵਾਂ ਦੇ ਆਸਰੇ ਚਲਦੇ ਹਨ ਅਤੇ ਕਿੜ ਕੱਢ੍ਹਦੇ ਹੋਏ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਆਏ ਦਿਨ ਪੰਥ ਚੋਂ ਛੇਕੀ ਜਾਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਪ੍ਰਕਾਸ਼ ਕਰਵਾਈ ਜਾ ਰਹੇ ਹਨ। ਇਹ ਖਬਰ ਸਪੋਕਸਮੈਨ ਨੇ ਲਾਈ ਸੀ।

ਚੰਡੀਗੜ੍ਹ-ਮੋਹਾਲੀ ਦੇ ਸਭ ਗੁਰਦੁਅਰਾ ਪ੍ਰਬੰਧਕਾਂ ਅਤੇ ਸੰਗਤਾਂ ਨੇ ਸਾਨੂੰ ਧਰਮ ਪ੍ਰਚਾਰ ਦਾ ਮੌਕਾ ਦਿੱਤਾ ਅਤੇ ਵੱਧ ਤੋਂ ਵੱਧ ਸਨਮਾਨ ਦਿੱਤਾ। ਅਸੀਂ ਕਰੀਬ ਹਰੇਕ ਸਟੇਜ ਤੇ ਦੱਸਿਆ ਕਿ ਗੁਰੂ ਗ੍ਰੰਥ ਦੀ ਬਾਣੀ ਨੇ ਨੈਨਸੀ ਦਾ ਜੀਵਨ ਕਿਵੇਂ ਬਦਲਿਆ ਤੇ ਕਿਹਾ ਜੇ ਨੈਨਸੀ ਦੇ ਜੀਵਨ ਵਿੱਚ ਤਬਦੀਲੀ ਆ ਸਕਦੀ ਹੈ ਤਾਂ ਫਿਰ ਅਸੀਂ ਤਾਂ ਜੰਮੇ ਪਲੇ ਹੀ ਪੰਜਾਬੀ ਮਾਂ ਬੋਲੀ ਦੀ ਗੋਦ ਵਿੱਚ ਹਾਂ, ਸਾਡਾ ਕਲਚਰ ਵੀ ਪੰਜਾਬੀ ਹੈ ਅਤੇ ਅਸੀਂ ਪੰਜਾਬੀ ਪੜ੍ਹ, ਲਿਖ ਅਤੇ ਬੋਲ ਸਕਦੇ ਹਾਂ ਫਿਰ ਕੀ ਕਾਰਨ ਹੈ ਕਿ ਅਸੀਂ ਆਪ ਪਾਠ, ਕੀਰਤਨ ਅਤੇ ਵੀਚਾਰ ਕਰਨ ਦੀ ਥਾਂ ਸਭ ਕੁਝ ਠੇਕੇ ਤੇ ਹੀ ਕਰੀ ਕਰਾਈ ਜਾ ਰਹੇ ਹਾਂ? ਅਸੀਂ ਬਹੁਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਲੰਬੇ ਚੋਲੇ ਵਾਲੇ ਸਾਧਾਂ ਦੇ ਡੇਰਿਆਂ ਤੇ ਨੱਕ ਰਗੜਦੇ ਤੁਰੇ ਫਿਰਦੇ ਹਾਂ। ਅੱਜ ਇਨੇ ਪੰਜਾਬ ਵਿੱਚ ਪਿੰਡ ਨਹੀਂ ਜਿੰਨੇ ਸਾਧਾਂ ਨੇ ਡੇਰੇ ਬਣਾ ਰੱਖੇ ਹਨ ਅਤੇ ਦੋਹੀਂ ਹੱਥੀਂ ਸਾਨੂੰ ਲੁੱਟ ਰਹੇ ਹਨ। ਸਾਡੇ ਪ੍ਰਚਾਰਕ ਤੇ ਸਾਧ ਲਾਣਾ ਵੀ ਸ਼ਹਿਰਾਂ ਅਤੇ ਵਿਦੇਸ਼ਾਂ ਨੂੰ ਹੀ ਭੱਜੀ ਜਾ ਰਹੇ ਹਨ ਪਿੰਡਾਂ ਵੱਲ ਨੂੰ ਮੂੰਹ ਨਹੀਂ ਕਰ ਰਹੇ ਤਾਂਹੀਓਂ ਹੀ ਸੌਧਾ ਸਾਧ ਵਰਗੇ ਪਿੰਡ-ਪਿੰਡ ਵਿੱਚ ਆਪਣੀ ਝੂਠੀ ਦੁਕਾਨ ਦੀਆਂ ਬ੍ਰਾਂਚਾਂ ਖੋਲੀ ਜਾ ਰਹੇ ਹਨ।

ਇਸੇ ਸਮੇਂ ਦੌਰਾਨ ਹੀ ਅਸੀਂ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵੀ ਗਏ ਜਿੱਥੇ ਦਾਸ ਨੇ ਗੁਰਮਤਿ ਦੀ ਮੁਢਲੀ ਵਿਦਿਆ ਪ੍ਰਾਪਤ ਕੀਤੀ ਹੈ। ਏਥੇ ਪ੍ਰੋ ਮਨਿੰਦਰ ਸਿੰਘ ਨੇ ਕਾਲਜ ਦੇ ਮਜੂਦਾ ਵਿਦਿਆਰਥੀਆਂ ਨਾਲ ਸਾਡੀ ਮੁਲਾਕਾਤ ਕਰਵਾਈ। ਜਿੱਥੇ ਸਾਡੇ ਵੇਲੇ 1983-85 ਵੇਲੇ ਕੋਈ ਬਿਲਡਿੰਗ ਨਹੀਂ ਸੀ ਅਤੇ ਰੁੱਖਾਂ ਥੱਲੇ ਹੀ ਪੜ੍ਹਦੇ ਸਾਂ ਫਿਰ ਸ੍ਰ ਜਸਬੀਰ ਸਿੰਘ ਸਾਬਕਾ ਪ੍ਰਿੰਸੀਪਲ ਨੇ ਆਪਣਾ ਇੱਕ ਪੁਰਾਣਾ ਮੁਰਗੀ ਖਾਨਾ ਕਾਲਜ ਨੂੰ ਵਰਤਨ ਲਈ ਦਿੱਤਾ ਹੋਇਆ ਸੀ ਓਥੇ ਅੱਜ ਆਲੀਸ਼ਾਨ ਬਿਲਡਿੰਗ ਬਣੀ ਹੋਈ ਹੈ। ਫਿਰ ਅਸੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਵੀ ਗਏ ਜਿੱਥੇ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਅਤੇ ਚੇਅਰਮੈਨ ਸ੍ਰ ਇੰਦ੍ਰਜੀਤ ਸਿੰਘ ਰਾਣਾ ਜੀਆਂ ਨੇ ਸਾਨੂੰ ਬਹੁਤ ਮਾਨ ਦਿੱਤਾ ਅਤੇ ਹੋਰਨਾਂ ਗੁਰਦੁਆਰਿਆਂ ਤੋਂ ਇਲਾਵਾ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਜਿੱਥੇ ਟੀ. ਵੀ ਚੈਨਲ ਵੀ ਚਲਦਾ ਹੈ ਸਾਡਾ ਧਰਮ ਪ੍ਰਚਾਰ ਦਾ ਸਮਾਂ ਰਖਵਾਇਆ ਏਥੇ ਵੀ ਕਮੇਟੀ ਨੇ ਸਾਨੂੰ ਸਿਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸੇ ਸਮੇਂ ਦੌਰਾਨ ਅਸੀਂ ਪੰਥ ਦੇ ਮਹਾਨ ਵਿਦਵਾਨ ਗਿ. ਰਣਜੋਧ ਸਿੰਘ ਮਿਸ਼ਨਰੀ ਫਗਵਾੜੇ ਵਾਲੇ ਅਤੇ ਭਾਈ ਹਰਭਜਨ ਸਿੰਘ ਮਿਸ਼ਨਰੀ ਰੋਪੜ ਵਾਲਿਆਂ ਦੇ ਘਰ ਵੀ ਗਏ ਜੋ ਦਾਸ ਦੇ ਕਲਾਸ ਫੈਲੋ ਹਨ। ਫਿਰ ਅਸੀਂ ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੁੜਦੇ ਸਮੇਂ ਇੱਕ ਪੁਰਾਨੇ ਦੋਸਤ ਵੀਰ ਨਿਰਮਲ ਸਿੰਘ ਜੀ ਦੇ ਦੇ ਘਰ ਛੋਟੀ ਥਲੀ ਵੀ ਗਏ। ਇਸ ਤੋਂ ਬਾਅਦ ਸਾਡਾ ਮਿਲਾਪ ਪ੍ਰਿੰਸੀਪਲ ਰਵੀ ਸਿੰਘ ਨਾਲ ਹੋਇਆ ਜੋ ਇਸ ਵੇਲੇ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਇਹਨਾ ਦੇ ਗ੍ਰਿਹ ਵਿਖੇ ਵੀ ਦੋ ਦਿਨ ਰਹੇ ਅਤੇ ਇਹਨਾ ਨੇ ਵੀ ਸਾਡੇ ਬਹੁਤ ਸਾਰੇ ਧਾਰਮਕ ਪ੍ਰੋਗ੍ਰਾਮ ਬੁੱਕ ਕੀਤੇ। ਚੰਡੀਗੜ੍ਹ ਵਿਖੇ ਹੀ ਸਾਡਾ ਮਿਲਾਪ ਖਾਲਸਾ ਪੰਚਾਇਤ ਦੇ ਮੁਖੀ ਸ੍ਰ ਰਾਜਿੰਦਰ ਸਿੰਘ ਜੀ ਨਾਲ ਹੋਇਆ ਜਿਨ੍ਹਾਂ ਵੀ ਸਾਡੇ ਬਹੁਤ ਸਾਰੇ ਪ੍ਰੋਗ੍ਰਾਮ ਕਰਵਾਏ ਅਤੇ ਸਾਡੇ ਨਾਲ ਆਪਣੇ ਘਰ ਵਿਖੇ ਇੰਟ੍ਰਵਿਊ ਵੀ ਕੀਤੀ। ਏਥੇ ਹੀ ਸ੍ਰ ਗੁਰਬੀਰ ਸਿੰਘ ਸਿੱਖ ਮਿਸ਼ਨਰੀ ਅਤੇ ਸੈਕਟਰ-46 ਦੇ ਗੁਰਮੁਖ ਪ੍ਰਧਾਨ ਸ੍ਰ ਕੇਸਰ ਸਿੰਘ ਜੀ ਨੇ ਸਾਡੀ ਬੁਕਿੰਗ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਵਿਖੇ ਕਰਵਾ ਦਿੱਤੀ ਜਿਥੇ ਜਾ ਕੇ ਗਰਮੀ ਤੋਂ ਅਤੇ ਪ੍ਰਦੂਸ਼ਤ ਵਾਤਾਵਰਣ ਤੋਂ ਰਾਹਤ ਮਿਲੀ। ਇੱਥੋਂ ਦੀ ਕਮੇਟੀ ਨੇ ਸਾਨੂੰ ਸ਼ਪੈਸ਼ਲ ਸਮਾਂ ਧਰਮ ਪ੍ਰਚਾਰ ਲਈ ਦਿੱਤਾ ਅਤੇ ਅਖੀਰ ਤੇ ਸੰਗਤ ਦੀ ਅਸੀਸ ਰੂਪੀ ਸਰੋਪਾ ਬਖਸ਼ਿਸ਼ ਕਰਦੇ ਹੋਏ ਕਿਹਾ ਸਮਾਂ ਥੋੜਾ ਹੈ ਨੈਕਸਟ ਟਾਈਮ ਪੂਰਾ ਹਫਤਾ ਪ੍ਰਚਾਰ ਕਰਿਓ। ਦਸਮ ਗ੍ਰੰਥ ਵਿਰੋਧੀ ਫਰੰਟ ਦੇ ਸਿੰਘਾਂ ਨਾਲ ਵੀ ਮੇਲ ਹੋਇਆ, ਦਸਮ ਗ੍ਰੰਥ ਦਾ ਲਿਖਾਰੀ ਕਉਣ ਦਾ ਲੇਖਕ ਸ੍ਰ ਜਸਬਿੰਦਰ ਸਿੰਘ ਵੀ ਸਾਨੂੰ ਮਿਲਿਆ ਅਤੇ ਦੂਜਾ ਭਾਗ ਵੀ ਸਾਨੂੰ ਭੇਂਟ ਕੀਤਾ। ਇਸੇ ਸਮੇ ਦੌਰਾਨ ਬੀਬੀ ਸੁਰਿੰਦਰ ਕੌਰ ਨਿਹਾਲ, ਸ੍ਰ ਅਟਵਾਲ, ਸ੍ਰ ਢਿੱਲੋਂ, ਡਾ. ਤ੍ਰਿਲੋਚਨ ਸਿੰਘ ਜੀ, ਸ੍ਰ ਸੁਖਦੇਵ ਸਿੰਘ ਸਪੋਕਸਮੈਨ, ਕਰਨਲ ਗੁਰਦੀਪ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ ਆਦਿਕਾਂ ਨਾਲ ਮੇਲ ਹੋਇਆ। ਜਿਨ੍ਹਾਂ ਸਭਨਾ ਦੀ ਬਦੌਲਤ ਸਾਡੀ ਮੁਲਾਕਾਤ ਰੋਜ਼ਾਨਾਂ ਸਪੋਕਸਮੈਨ ਦੇ ਮੇਨ ਆਫਿਸ ਵਿਖੇ ਬੀਬੀ ਜਗਜੀਤ ਕੌਰ ਨਾਲ ਹੋਈ ਅਤੇ ਉਹਨਾਂ ਨੇ ਸ੍ਰ ਜੋਗਿੰਦਰ ਸਿੰਘ ਮੁਖ ਸੰਚਾਲਕ ਅਤੇ ਸੰਪਾਦਕ ਰੋਜ਼ਾਨਾ ਸਪੋਕਸਮੈਨ ਨਾਲ ਸਾਡੀ ਗਲਬਾਤ ਕਰਵਾਈ, ਜਿਨ੍ਹਾਂ ਨੇ ਬੜੇ ਪਿਆਰ ਨਾਲ ਸਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇੰਟ੍ਰਵਿਊ ਦੀ ਡੇਟ ਦੇ ਦਿੱਤੀ।

ਦੂਜੀ ਅਹਿਮ ਘਟਨਾਂ-ਇਸੇ ਸਮੇਂ ਦੌਰਾਨ ਦਾਸ ਦੀ ਭਤੀਜੀ ਮਨਜੀਤ ਕੌਰ ਦਾ ਅਨੰਦ ਕਾਰਜ ਜੋ ਰਾਮਾਮੰਡੀ ਦੇ ਸਿੰਘ ਸਭਾ ਗੁਰਦੁਆਰੇ ਹੋਇਆ। ਜਿੱਥੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਅਨੰਦ ਕਾਰਜ ਸਮੇਂ ਗਰਬਾਣੀ ਕੀਰਤਨ, ਲਾਵਾਂ ਦਾ ਪਾਠ ਅਤੇ ਹੁਕਮਨਾਮਾਂ ਲੈ ਕੇ ਇੱਕ ਮਿਸਾਲ ਕਾਇਮ ਕੀਤੀ ਕਿ ਸਿੱਖ ਧਰਮ ਵਿਖੇ ਬੀਬੀਆਂ ਵੀ ਧਾਰਮਿਕ ਰਸਮਾਂ ਕਰਵਾ ਸਕਦੀਆਂ ਹਨ। ਇਸ ਅਨੰਦ ਕਾਰਜ ਵਿੱਚ ਗੁਰਦੁਆਰਾ ਕਮੇਟੀ ਤੇ ਹੋਰ ਵਿਦਵਾਨ ਸਜਨਾਂ ਤੋਂ ਇਲਾਵਾ ਪੰਥ ਦੇ ਸਿਰਮੌਰ ਕਥਾਵਾਚਕ ਗਿ. ਰਣਜੀਤ ਸਿੰਘ ਮਿਸ਼ਨਰੀ ਹੈੱਡ ਗ੍ਰੰਥੀ ਗੁਰਦੁਆਰਾ ਸੈਕਟਰ-34 ਵੀ ਪਧਾਰੇ ਹੋਏ ਸਨ ਉਹਨਾਂ ਵੀ ਸਭਾਗ ਜੋੜੀ ਨੂੰ ਗੁਰਮਤਿ ਰਾਹੀ ਉਪਦੇਸ਼ ਦਿਤਾ। ਅਨੰਦ ਕਾਰਜ ਤੋਂ ਵਿਹਲੇ ਹੋ ਕੇ ਅਸੀਂ ਸਿੱਧੇ ਚੰਡੀਗੜ੍ਹ ਚਲੇ ਗਏ ਜਿਥੇ ਸਾਡੀ ਇੰਟ੍ਰਵਿਊ ਕਰਨਲ ਗੁਰਦੀਪ ਸਿੰਘ ਜੀ ਨੇ ਬੀਬੀ ਜਗਜੀਤ ਕੌਰ ਅਤੇ ਸਪੋਕਸਮੈਨ ਦੇ ਪ੍ਰਸਿੱਧ ਪੱਤਰਕਾਰ ਸ੍ਰ ਸਤਨਾਮ ਸਿੰਘ ਨਾਲ ਕਰਵਾਈ ਜੋ 7 ਜੁਲਾਈ 2008 ਨੂੰ ਰੋਜ਼ਨਾ ਸਪੋਕਸਮੈਨ ਵਿੱਚ ਛਪੀ ਜਿਸ ਦਾ ਸਮੱਰਥਨ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਬੀਬੀ ਕਿਰਨਜੀਤ ਕੌਰ, ਸ੍ਰ ਤਰਸੇਮ ਸਿੰਘ ਧਰਮ ਪ੍ਰਚਾਰਕ ਦਿੱਲ੍ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਦੇਸ਼ਾਂ ਦੀਆਂ ਸੰਗਤਾਂ ਅਤੇ ਰੇਡੀਓ ਪੰਜਾਬ ਇੰਗਲੈਂਡ ਨੇ ਟਾਕ ਸ਼ੋਅ ਕਰਕੇ ਕੀਤਾ ਅਤੇ ਡੇਰਾ ਬੱਸੀ ਦੀਆਂ ਸੰਗਤਾਂ ਸ਼ਪੈਸ਼ਲ ਹਰਸਿਮਰਤ ਕੌਰ ਖਾਲਸਾ ਨੂੰ ਮਿਲਣ ਆਈਆਂ ਤੇ ਕਿਹਾ ਕਿ ਅਸੀਂ ਇਸ ਇੰਟ੍ਰਵਿਊ ਦੀਆਂ ਕਾਪੀਆਂ ਕਰਕੇ ਆਪਣੇ ਇਲਾਕੇ ਚ’ ਵੰਡ ਰਹੇ ਹਾਂ ਕਿ ਇੱਕ ਗੋਰੀ ਅਮਰੀਕਨ ਜੋ ਸਾਦੇ ਬਾਣੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਦਾ ਸਾਡੀਆਂ ਓਨ੍ਹਾਂ ਧੀਆਂ ਭੈਣਾ ਤੇ ਪੈ ਸਕੇ ਜੋ ਆਪਣੇ ਕਲਚਰ ਅਤੇ ਗੁਰਬਾਣੀ ਤੋਂ ਟੁੱਟ ਕੇ ਭੜਕੀਲੇ ਫੈਸ਼ਨ ਕਰਕੇ ਸਿੱਖੀ ਨੂੰ ਦਾਗ ਲਾ ਰਹੀਆਂ ਹਨ। ਫਿਰ ਅਸੀਂ “ਏਕਸ ਕੇ ਹਮ ਬਾਰਿਕ” ਦੀ ਕਾਨਫਰੰਸ ਵਿਖੇ ਸ਼ਾਮਲ ਹੋਏ ਜਿਥੇ “ਏਕਸ ਕੇ ਬਾਰਕ ਜਥੇਬੰਦੀ” ਦੇ ਮੈਬਰਾਂ ਦੀ ਭਰਵੀਂ ਕਾਨਫਰੰਸ ਨੂੰ ਸ੍ਰ ਜੋਗਿੰਦਰ ਸਿੰਘ ਜੀ ਸੰਬੋਧਨ ਕਰ ਰਹੇ ਸਨ। ਜਿਥੇ ਸਿੱਖੀ ਦਾ ਪ੍ਰਚਾਰ ਅਧੁਨਿਕ ਢੰਗਾਂ ਤੇ ਸਾਧਨਾਂ ਨਾਲ ਕਿਵੇਂ ਕਰਨਾ ਹੈ ਦੀ ਵਿਚਾਰ ਕੀਤੀ ਗਈ ਜਿਸ ਵਿੱਚ ਕਰੀਬ ਸਭ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਅਤੇ ਨੈਨਸੀ ਤੋਬਸਮੈਨ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਖਾਲਸਾ ਤੇ ਦਾਸ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਵਿਖੇ 50 ਅਜਿਹੇ ਵਿਦਵਾਨ ਸੱਜਨ ਲਏ ਗਏ ਜੋ ਗੁਰਮਤਿ ਦੇ ਕਿਸੇ ਵੀ ਮਸਲੇ ਬਾਰੇ ਘੋਖ ਕੇ ਵਿਚਾਰ ਕਰਿਆ ਕਰਨਗੇ ਅਤੇ “ਏਕਸ ਕੇ ਬਾਰਿਕ ਜਥੇਬੰਦੀ” ਦੇ ਪ੍ਰਬੰਧਕੀ ਮੈਬਰ ਵੀ ਬਣਾਏ ਗਏ। ਕਰੀਬ ਸਭ ਨੇ ਰੋਜਾਨਾ ਸਪੋਕਸਮੈਨ ਦੀ ਭਰਵੀਂ ਤਾਰੀਫ ਕੀਤੀ ਅਤੇ ਕੁਝ ਦੇ ਪ੍ਰਸ਼ਨਾਂ ਦਾ ਉੱਤਰ ਸ੍ਰ ਜੋਗਿੰਦਰ ਸਿੰਘ ਜੀ ਨੇ ਬਾ ਦਲੀਲ ਦਿੱਤਾ। ਅਖੀਰ ਬੀਬੀ ਹਰਸਿਮਰਤ ਕੌਰ ਖਾਲਸਾ ਨੇ “ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ” ਬੜੀ ਟੁੰਬਵੀਂ ਅਵਾਜ਼ ਵਿੱਚ ਗਾ ਕੇ ਸਭਨਾ ਨੂੰ ਵੱਧ ਤੋਂ ਵੱਧ ਸਪੋਕਸਮੈਨ ਦੀ ਮਦਦ ਕਰਨ ਅਤੇ ਸਹਿਯੋਗ ਦੇਣ ਦੀ ਪ੍ਰੇਰਨਾ ਕੀਤੀ। ਫਿਰ ਥੋੜੇ ਦਿਨਾਂ ਬਾਅਦ ਇੱਕ ਹੋਰ ਮੀਟਿੰਗ ਜੋ ਖੇਤਰੀ ਸੀ ਅਟੈਂਡ ਕਰਕੇ ਅਸੀਂ ਅਮਰੀਕਾ ਵਾਪਸ ਪਰਤ ਆਏ ਹਾਂ ਇਸ ਦੇ ਨਾਲ ਹੀ ਅਸੀਂ ਪੰਜਾਬ ਦੀਆਂ ਸਮੂੰਹ ਸੰਗਤਾਂ, ਵਿਦਵਾਨਾਂ, ਪ੍ਰਬੰਧਕਾਂ ਅਤੇ ਗੁਰਮਤਿ ਨੂੰ ਸਮਰਪਿਤ ਅਧਾਰਿਆਂ ਅਤੇ ਮਿਸ਼ਨਰੀ ਕਾਲਜਾਂ ਅਤੇ ਸਪੋਕਸਮੈਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਇਸ ਘਟਨਾਂ ਤੋਂ ਵਿਦੇਸ਼ਾਂ ਦੇ ਗੁਰੂ ਘਰਾਂ ਨੂੰ ਵੀ ਪੰਥ ਨੂੰ ਸਮਰਪਿਤ ਪ੍ਰਚਾਰਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੰਬੇ ਚੋਲੇ ਅਤੇ ਨੰਗੀਆਂ ਲੱਤਾਂ ਵਾਲੇ ਡੇਰੇਦਾਰਾਂ ਤੋਂ ਕੌਮ ਦਾ ਖਹਿੜਾ ਛੁਡਾਇਆ ਜਾ ਸਕੇ ਜੋ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਤੋਂ ਹੀ ਬਾਗੀ ਹਨ। ਅੱਜ ਸਿੱਖ ਕੌਮ ਦਾ ਕਰੀਬ 12 ਕਰੋੜ ਗਰੀਬ ਤਬਕਾ ਸੜਕਾਂ ਅਤੇ ਝੌਂਪੜੀਆ ਵਿਖੇ ਰੁਲ ਰਿਹਾ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਨਾ ਕਿ ਹੱਟੇ-ਕੱਟੇ ਸਾਧਾਂ ਨੂੰ ਕੌਮ ਦਾ ਸਰਮਾਇਆ ਲਟੌਣ ਦੀ ਜੋ ਸਾਡਾ ਖਾ ਕੇ ਫਿਰ ਸਾਡੀਆਂ ਹੀ ਧੀਆਂ ਭੈਣਾਂ ਦੀ ਇਜ਼ਤ ਨਾਲ ਖੇਡਦੇ ਹਨ। ਜੇ ਅਵਤਾਰ, ਭਗਤ ਅਤੇ ਗੁਰੂ ਸਹਿਬਾਨ ਗ੍ਰਿਹਸਤੀ ਹੋ ਸਕਦੇ ਹਨ ਤਾਂ ਇਹ ਡੇਰੇਦਾਰ ਸਾਧ ਕਿਉਂ ਨਹੀਂ? ਕੀ ਇਹ ਲੋਕ ਗੁਰੂਆਂ ਭਗਤਾਂ ਤੋਂ ਵੱਡੇ ਹਨ? ਜਿਦਣ ਅਸੀਂ ਵਾਪਸ ਆਉਣਾ ਸੀ ਉਸ ਦਿਨ ਗੁਰਦੁਆਰਾ ਲੰਬਿਆਂ ਮੁਹਾਲੀ ਦੇ ਮੁੱਖ ਸੇਵਾਦਾਰ ਸੰਤ ਮਹਿੰਦਰ ਸਿੰਘ ਜੀ ਅਤੇ ਪ੍ਰੋ. ਗਗਨਦੀਪ ਸਿੰਘ ਗਗਨ ਜੋ ਗੁਰੂ ਘਰ ਵਿਖੇ ਫਰੀ ਕੀਰਤਨ ਸਿਖਲਾਈ ਅਕੈਡਮੀ ਚਲਾ ਰਹੇ ਹਨ ਓਨ੍ਹਾਂ ਨੇ ਅਕੈਡਮੀ ਵਿਖੇ ਬੁਲਾ ਕੇ ਸ਼ਪੈਸ਼ਲ ਸਨਮਾਨ ਕੀਤਾ ਅਤੇ ਬੀਬੀਆਂ ਦੇ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦਾ ਸਮੱਰਥਨ ਕੀਤਾ ਅਤੇ ਸ੍ਰ਼ੋਮਣੀ ਕਮੇਟੀ ਦੇ ਬੀਬੀਆਂ ਨੂੰ ਕੀਰਤਨ ਨਾਂ ਕਰਨ ਦੇਣ ਦੇ ਰਵੱਈਏ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਰਾ ਸੋਚੋ! ਅੱਜ ਇਧਰ ਧਿਆਨ ਦੇਣ ਦੀ ਅਤਿ ਜਰੂਰਤ ਹੈ, ਪੜ੍ਹਦੇ ਸੁਣਦੇ ਸਭ ਦਾ ਧੰਨਵਾਦ। ਅਖਬਾਰਾਂ ਵਾਲੇ ਵੀਰਾਂ ਦੀ ਵੀ ਬੜੀ ਮਿਹਰਬਾਨੀ ਹੋਵੇਗੀ ਜੋ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਇਸ ਵਿਥਿਆ ਨੂੰ ਖੁਲ੍ਹਦਿਲੀ ਨਾਲ ਛਾਪ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ।

ਨੈਨਸੀ ਤੋਬਸਮੈਨ (ਹਰਸਿਮਰਤ ਕੌਰ ਖਾਲਸਾ) ਦੀ ਇਹ ਪਿਕਚਰ ਸਿੱਖੀ ਵਿਖੇ ਪ੍ਰਵੇਸ਼ ਕਰਨ ਤੋਂ ਪਹਿਲਾਂ ਦੀ ਅਤੇ ਬਾਕੀ ਬਾਅਦ ਦੀਆਂ ਹਨ।

ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ (510-432-5827)

Guru Granth Parchar Mission of USA Inc. PO BOX 65, Hayward CA 94543




.