ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 25
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਸਾਡੀ ਇਹ ਭਾਵਨਾ ਨਹੀਂ ਹੈ ਕਿ ਗੁਰਬਾਣੀ ਜਾਂ ਕਿਸੇ
ਹੋਰ ਬਾਣੀ ਨੂੰ ਪੜ੍ਹਿਆ ਨਾ ਜਾਏ। ਸਿੱਖੀ ਵਿੱਚ ਪਹਿਲੀ ਸਟੇਜ ਤਾਂ ਪੜ੍ਹਨ ਦੀ ਹੀ ਹੈ। ਜੇ ਗੁਰਬਾਣੀ
ਨੂੰ ਪੜ੍ਹਾਂਗੇ ਤਾਂ ਹੀ ਵੀਚਾਰ ਕਰ ਸਕਦੇ ਹਾਂ। ਪਹਿਲਾ--- ‘ਪੰਥ ਪ੍ਰਵਾਨਤ ਰਹਿਤ ਮਰਯਾਦਾ’ ਵਿੱਚ
ਹਰ ਸਿੱਖ ਨੂੰ ਨਿਤਨੇਮ ਕਰਨ ਦੀ ਹਦਾਇਤ ਦਿੱਤੀ ਗਈ ਹੈ ਤੇ ਉਸ ਨਿਤਨੇਮ ਦਾ ਸਰੂਪ ਸਿੱਖ ਰਹਿਤ
ਮਰਯਾਦਾ ਵਿੱਚ ਦਿੱਤਾ ਗਿਆ ਹੈ ਪਰ ਡੇਰਾਵਾਦੀ ਬਿਰਤੀ ਨੇ ਏੱਥੇ ਵੀ ਰੌਲ਼ਾ ਪਾਇਆ ਹੋਇਆ ਹੈ ਕਿ ਜੀ
ਸ਼੍ਰੋਮਣੀ ਕਮੇਟੀ ਨੇ ਬਾਣੀ ਘਟਾ ਦਿੱਤੀ ਹੈ। ਦੂਸਰਾ----ਲੱਗਦੇ ਚਾਰੇ ਹਰ ਸਿੱਖ ਨੂੰ ਗੁਰਮੁਖੀ ਅਖ਼ੱਰ
ਸਿਖ ਕੇ ਲਗਾਤਾਰ ਸਹਿਜ ਪਾਠ ਕਰਦੇ ਰਹਿਣ ਦੀ ਤਾਗ਼ੀਦ ਕੀਤੀ ਗਈ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ
ਪਾਠ ਕਰਨ ਦਾ ਕਿਤੇ ਵੀ ਜ਼ਿਕਰ ਨਹੀਂ ਆਇਆ। ੧੯੬੦ ਦੇ ਆਸ-ਪਾਸ ਸੁਖਮਨੀ ਦੇ ਪਾਠ ਕਰਨ ਦਾ ਰੁਝਾਨ ਕਿਤੇ
ਕਿਤੇ ਸ਼ੂਰ ਹੋਇਆ ਸੀ ਪਰ ਹੁਣ ਤਾਂ ਸਾਰੀ ਗੁਰਬਾਣੀ ਵਲੋਂ ਪਾਸਾ ਵੱਟਦਿਆਂ ਕੇਵਲ ਇਕੋ ਬਾਣੀ ਤੇ ਹੀ
ਅਟਕ ਗਏ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਅਖ਼ੀਰ `ਤੇ ਮੁੰਦਾਵਣੀ ਆਈ ਹੈ ਜਿਸ
ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਐਲਾਨ ਕਰਦੇ ਹਨ:---
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਈਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹੁ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰ ਚਰਨੁ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਾਸਰੋ॥
ਹੇ ਭਾਈ! ਮਨੁੱਖ ਦੇ ਹਿਰਦੇ ਰੂਪੀ ਥਾਲ ਵਿੱਚ ਉੱਚਾ ਆਚਰਨ, ਸੰਤੋਖ ਅਤੇ
ਆਤਮਿਕ ਜੀਵਨ ਦੀ ਸੂਝ ਹੈ –ਇਹ ਤਿੰਨੇ ਵਸਤੂਆਂ ਟਿਕੀਆਂ ਰਹਿੰਦੀਆਂ ਹਨ ਜੇ ਆਤਮਿਕ ਜੀਵਨ ਦੇਣ ਵਾਲਾ
ਨਾਮ ਵੱਸ ਜਾਏ। ਜਿਹੜਾ ਇਸ ਭੋਜਨ ਨੂੰ ਖਾਂਦਾ ਹੈ, ਵੀਚਾਰਦਾ ਹੈ ਉਸ ਦਾ ਵਿਕਾਰਾਂ ਵਲੋਂ ਬਚਾ ਹੋ
ਜਾਏਗਾ। ਆਤਮਿਕ ਪ੍ਰਸੰਨਤਾ ਦੇਣ ਵਾਲੀ ਇਸ ਵੀਚਾਰ ਨੂੰ ਸਾਂਭ ਕੇ ਰੱਖ ਤਾਂ ਕਿ ਸੰਸਾਰ ਦੇ ਘੁੱਪ
ਹਨੇਰੇ ਵਿਚੋਂ ਤੂੰ ਤਰ ਸਕੇਂ। ਗੁਰੂ ਅਮਰਦਾਸ ਜੀ ਦਾ ਵੀ ਖ਼ਿਆਲ ਬਹੁਤ ਸੁੰਦਰ ਆਇਆ ਹੈ ਕਿ ਇਹ ਭੋਜਨ
ਗੁਰ-ਸ਼ਬਦ ਦੀ ਵੀਚਾਰ ਰਾਂਹੀ ਹੀ ਪਰਾਪਤ ਹੁੰਦਾ ਹੈ:--
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰ॥
ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਜੋ ਤੱਤ ਗਿਆਨ ਆਇਆ ਹੈ ਉਸ ਨੂੰ
ਵਿਚਾਰਿਆ ਨਹੀਂ ਹੈ, ਸਿਰਫ ਇਸ ਗੱਲ਼ `ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਕਿ ਸਾਰੀ ਗੁਰਬਾਣੀ ਨੂੰ
ਪੜ੍ਹਨ ਤੇ ਵਿਚਾਰਨ ਦੀ ਲੋੜ ਨਹੀਂ ਹੈ, ਤੇ ਇਸ ਬਾਣੀ ਦਾ ਪਾਠ ਕੀਤਿਆਂ ਹੀ ਸੰਸਾਰ ਦੇ ਸਾਰੇ ਸੁੱਖ
ਮਿਲ ਜਾਣਗੇ। ਸੁਖਮਨੀ ਸਾਹਿਬ ਦੀ ਬਾਣੀ, ਬਾਕੀ ਗੁਰਬਾਣੀ ਵਾਂਗ ਜੀਵਨ ਜਾਚ ਤੇ ਅੰਦਰਲੇ ਸੁੱਖ ਦੀ
ਪ੍ਰਾਪਤੀ ਦੀ ਗੱਲ ਕਰ ਰਹੀ ਹੈ।
ਡੇਰਾਵਾਦੀ ਬਿਰਤੀ ਕੇਵਲ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਲਈ ਹੀ ਕਹਿੰਦੀ
ਹੈ ਕਿਉਂ ਕਿ ਇਸ ਬਾਣੀ ਵਿੱਚ ਸੰਤ, ਸਾਧ ਤੇ ਬ੍ਰਹਮ-ਗਿਆਨੀ ਸ਼ਬਦ ਆਏ ਹਨ ਜੋ ਇਹਨਾਂ ਦੇ ਬਹੁਤ ਹੀ
ਸੂਤਰ ਬੈਠਦੇ ਹਨ। ਗੁਰ-ਸ਼ਬਦ ਵੀਚਾਰ ਦੀ ਘਾਟ ਕਰਕੇ ਭੋਲ਼ੇ ਲੋਕਾਂ ਨੇ ਇਹਨਾਂ ਨੂੰ ਹੀ ਸਾਧ ਸੰਤ ਸਮਝ
ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ।