.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘ਧ੍ਰਿਗੁ ਤਿਨਾ ਕਾ ਜੀਵਿਆ---’

ਪੱਥਰਾਂ ਪਾਸ ਕਿਸੇ ਕਿਸਮ ਦੀ ਕੋਈ ਪੜ੍ਹਾਈ ਲਿਖਾਈ ਨਹੀਂ ਹੈ ਤੇ ਨਾ ਹੀ ਇਹ ਕਿਸੇ ਸਕੂਲ ਵਿੱਚ ਗਏ ਹਨ ਇਸ ਲਈ ਵਿਦਿਆ ਦੇ ਪੱਖੋਂ ਹੀ ਨਹੀਂ ਸਗੋਂ ਚਾਰੇ ਖਾਨੇ ਹੀ ਅਬੋਧ ਹਨ। ਪਰ ਸਦਕੇ ਜਾਈਏ ਧਾਰਮਿਕ ਬਿਰਤੀ ਵਾਲੇ ਉਸ ਮਨੁੱਖ ਦੇ ਜਿਸ ਨੇ ਪੱਥਰ ਨੂੰ ਛਿੱਲ-ਸਵਾਰ ਕੇ ਮੰਦਰ ਵਿੱਚ ਲਿਆ ਖੜਾ ਕੀਤਾ ਤੇ ਖ਼ੁਦਾਵੰਦ-ਕਰੀਮ ਦੇ ਬੇਟੇ ਨੂੰ ਕਿਹਾ ਕਰੋ ਇਸ ਦੀ ਸੇਵਾ ਤੇ ਪੂਜਾ, ਅੱਜ ਤੋਂ ਇਹ ਤੁਹਾਡੇ ਕਾਰਜ ਸਵਾਰਿਆ ਕਰੇਗਾ, ਪਰ ਇਸ ਦੀ ਚੜ੍ਹਤ ਮੈਂ ਖਾਇਆ ਕਰੂੰਗਾ। ਪੱਥਰ ਵਿਚਾਰਾ ਬੇ-ਜਾਨ ਤੇ ਅਬੋਧ ਹੈ, ਉਸ ਨੂੰ ਕੋਈ ਵੀ ਪਤਾ ਨਹੀਂ ਹੈ ਕਿ ਲੋਕ ਮੇਰੀ ਪੂਜਾ ਕਰ ਰਹੇ ਹਨ। ਪਰਮਾਤਮਾ ਦੀ ਇਸ ਬਣਾਈ ਹੋਈ ਕੁਦਰਤ ਵਿੱਚ ਦੂਸਰਾ ਨੰਬਰ ਆਉਂਦਾ ਹੈ ਬਨਸਪਤੀ ਦਾ ਜੋ ਪੱਥਰ ਨਾਲੋਂ ਇੱਕ ਦਰਜਾ ਉੱਪਰ ਹੈ। ਇੰਜ ਕਿਹਾ ਜਾਏ ਕਿ ਬਨਸਪਤੀ ਦਾ ਇੱਕ ਹਿੱਸਾ ਜਾਗਿਆ ਹੋਇਆ ਹੈ ਤੇ ਤਿੰਨ ਹਿੱਸੇ ਇਸ ਦੇ ਸੁੱਤੇ ਹੋਏ ਹਨ। ਘਰਾਂ ਵਿੱਚ ਲੱਗੇ ਹੋਏ ਫੁੱਲ-ਬੂਟੇ ਸੰਭਾਲ ਮੰਗਦੇ ਹਨ, ਫ਼ਲ਼ਾਂ ਤੇ ਫੁਲਾਂ ਵਾਲੇ ਬੂਟਿਆਂ ਦੀ ਸੰਭਾਲ਼ ਨਾ ਕੀਤੀ ਜਾਏ ਤਾਂ ਇਹ ਮੁਰਝਾ ਜਾਂਦੇ ਹਨ।

ਕਾਦਰ ਦੀ ਕੁਦਰਤ ਵਿੱਚ ਤੀਸਰੇ ਨੰਬਰ `ਤੇ ਆਉਂਦੇ ਨੇ ਪਸ਼ੂ-ਪੰਛੀ ਜੋ ਦੋ ਕੁ ਹਿੱਸੇ ਜਾਗਦੇ ਹਨ ਤੇ ਦੋ ਕੁ ਹਿੱਸੇ ਸੁੱਤੇ ਹੋਏ ਹਨ। ਇਹਨਾਂ ਦੇ ਜੀਵਨ ਵਿੱਚ ਭੋਗਣਾ ਤੇ ਖਾਣਾ ਦੋਨੋਂ ਚੱਲਦੇ ਹਨ। ਚੌਥੀ ਕਿਸਮ ਵਿੱਚ ਇਹ ਖ਼ੁਦਾ ਦਾ ਬੇਟਾ ਆਉਂਦਾ ਹੈ ਜੋ ਤਿੰਨ ਹਿੱਸੇ ਜਾਗਿਆ ਹੋਇਆ ਹੈ ਤੇ ਇੱਕ ਹਿੱਸਾ ਸੁੱਤਾ ਹੋਇਆ ਹੈ। ਜੇ ਤੇ ਮਨੁੱਖ ਨੇ ਗਿਆਨ, ਵੀਚਾਰ ਤੇ ਧਿਆਨ ਦੀ ਪ੍ਰਾਪਤੀ ਵਲ ਨੂੰ ਕਦਮ ਵਧਾ ਲਏ ਤਾਂ ਇਸ ਦਾ ਸੁੱਤਾ ਹੋਇਆ ਦਿਮਾਗ ਦਾ ਹਿੱਸਾ ਵੀ ਜਾਗ ਪੈਂਦਾ ਹੈ। ਚੰਗਾ ਅਧਿਆਪਕ, ਵਧੀਆ ਡਾਕਟਰ, ਮਹਾਨ ਸਾਇੰਸਦਾਨ, ਸਿਆਣਾ ਬਿੱਜ਼ਨੈਸ-ਮੈਨ, ਸੂਝਵਾਨ ਪ੍ਰਬੰਧਕ ਤੇ ਧਾਰਮਿਕ ਬੋਲੀ ਵਿੱਚ ਬ੍ਰਾਹਮ ਗਿਆਨੀ ਬਣ ਸਕਦਾ ਹੈ। ਬਦ-ਕਿਸਮਤੀ ਨਾਲ ਗਿਆਨ, ਵੀਚਾਰ ਤੇ ਧਿਆਨ ਨੂੰ ਛੱਡ ਬੈਠਦਾ ਹੈ ਤਾਂ ਇਹ ਪਸ਼ੂ ਤਲ਼ `ਤੇ ਜ਼ਿਉਂਦਾ ਹੈ। ਭੋਗ ਲਿਆ ਤੇ ਖਾ ਲਿਆ ਇਹ ਤੇ ਪਸ਼ੂ ਵੀ ਕਰੀ ਜਾ ਰਹੇ ਹਨ। ਗੁਰਬਾਣੀ ਦੇ ਇਸ ਵਾਕ ਨੂੰ ਧਿਆਨ ਨਾਲ ਵਿਚਾਰਨ ਦੀ ਜ਼ਰੂਰਤ ਹੈ।

ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ॥

ਬਿਲਾਵਲ ਮਹਲਾ ੩ ਪੰਨਾ ੭੯੬-

ਅਤੇ

ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰਧਾਰਿ॥

ਧ੍ਰਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ॥

ਪੰਨਾ ੧੪੧੪ –

ਜੇ ਮਨੁੱਖ ਦਾ ਦਿਮਾਗ਼ ਤਿੰਨ ਹਿੱਸੇ ਸੌਂ ਜਾਏ ਤਾਂ ਇਹ ਬਿਨਾਸਪਤੀ ਤੋਂ ਵੱਧ ਕੁੱਝ ਵੀ ਨਹੀਂ ਹੈ। ਗੁਰਬਾਣੀ ਨੇ ਮਨੁੱਖ ਨੂੰ ‘ਬਾਂਸੁ ਬਡਾਈ ਬੂਡਿਆ’ ਤੇ ‘ਤੁਮ ਚੰਦਨ ਹਮ ਇਰੰਡ ਬਾਪੁਰੇ’ ਵੀ ਕਿਹਾ ਹੈ। ਸਕੂਲ ਦੀ ਪੜ੍ਹਾਈ ਤੋਂ ਭੱਜਣ ਵਾਲਾ, ਗੁਰ-ਗਿਆਨ ਤੋਂ ਸੱਖਣੇ ਮਨੁੱਖ ਨੂੰ ਗੁਰਬਾਣੀ ਪੱਥਰ ਆਖਦੀ ਹੈ। ‘ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ’॥

ਬੰਦੇ ਨੂੰ ਪਰਮਾਤਮਾ ਨੇ ਬਣਾਇਆ ਸੀ ਬੰਦਾ ਪਰ ਕਰਤੂਤਾਂ ਕਰਕੇ ਬੰਦਾ ਰਿਹਾ ਨਹੀਂ ਹੈ। ਇਸ ਨੂੰ ਤੇ ਹਰ ਰੋਜ਼ ਆਪਣੇ ਆਪ ਨੂੰ ਤਲਾਸ਼ਣ ਲਈ ਕਿਹਾ ਸੀ ਪਰ ਇਹ ਪੈ ਨਿਕਲਿਆ ਹੈ ਇੱਕ ਦੂਜੇ ਨੂੰ ਠੱਗਣ ਵਾਲੇ ਪਾਸੇ। ਖ਼ਾਸ ਤੌਰ `ਤੇ ਧਰਮ ਦੀ ਦੁਨੀਆਂ ਵਿੱਚ ਜੋ ਉਪੱਦਰ ਮੱਚਿਆ ਹੈ ਉਸ ਵਿੱਚ ਜਨ ਸਧਾਰਨ ਲੁੱਟਿਆ ਜਾ ਰਿਹਾ ਹੈ। ਜਿਹੜਾ ਗੁਰਬਾਣੀ ਉਪਦੇਸ਼ ਚਾਨਣਾ ਦੇ ਰਹੀ ਹੈ ਉਸ ਉਪਦੇਸ਼ ਦੇ ਹੇਠ ਹੀ ਅਸੀਂ ਹਨੇਰਾ ਫੈਲਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚੌਗ਼ਿਰਦੇ ਦੁਆਲੇ ਨਜ਼ਰ ਦੁੜਾਈ ਤਾਂ ਧਰਮ ਦੇ ਨਾਂ `ਤੇ ਕੁਹਰਾਮ ਮੱਚਿਆ ਪਿਆ ਸੀ। ਜੋਗੀ, ਬ੍ਰਾਹਮਣ, ਮੁਲਾਂ-ਕਾਜ਼ੀ ਜੋਕਾਂ ਤੇ ਚਿੱਚੜ ਬਣ ਕੇ ਕਿਰਤੀ ਮਨੁੱਖ ਦਾ ਲਹੂ ਪੀ ਰਹੇ ਸਨ। ਪਰ ਅੱਜ ਇਹਨਾਂ ਦਾ ਸੁਧਰਿਆ ਹੋਇਆ ਰੂਪ ਚੋਲ਼ਿਆਂ ਵਾਲੇ ਸਾਧਾਂ ਵਿੱਚ ਦੇਖਿਆ ਜਾ ਸਕਦਾ ਹੈ। ਪਰਉਪਕਾਰੀ ਸੂਰਬੀਰ ਯੋਧੇ ਗੁਰੂ ਨੇ ਗਿਆਨ ਦਾ ਖੜਗ਼ ਲੈ ਕੇ ਭਰਮ-ਭੁਲੇਖੇ, ਕਰਮ-ਕਾਂਡ ਤੇ ਅੰਧ-ਵਿਸਵਾਸ਼ ਫੈਲਾ ਰਹੇ ਅਖੌਤੀ ਧਰਮੀਆਂ ਨੂੰ ਚੁਰਾਹੇ ਵਿੱਚ ਖੜਾ ਕਰਕੇ ਦਿਨ ਦੀਂਵੀਂ ਮੁੱਢੋਂ ਹੀ ਵੱਢ ਕੇ ਰੱਖ ਦਿੱਤਾ ਸੀ ਤੇ ਕਿਹਾ ਸੀ:----

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕ ਬੰਧੁ॥

ਧਨਾਸਰੀ ਮਹਲਾ ੧ ਪੰਨਾ ੬੬੨—

ਧਾਰਮਿਕ ਆਗੂਆਂ ਦਾ ਕੰਮ ਸੀ ਲੋਕਾਂ ਨੂੰ ਆਤਮਿਕ ਗਿਆਨ ਦੇਣਾ ਪਰ ਉਹ ਧਰਮ ਦੇ ਨਾਂ `ਤੇ ਅੰਧ-ਵਿਸਵਾਸ਼ ਦੀ ਪੜ੍ਹਾਈ ਪੜ੍ਹਾ ਰਹੇ ਸਨ। ਅਜੇਹੇ ਕਿਰਦਾਰਾਂ ਸਬੰਧੀ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ—

ਧ੍ਰਿਗੁ ਤਿਨਾ ਕਾ ਜੀਵਿਆ, ਜਿ ਲਿਖਿ ਲਿਖਿ ਵੇਚਹਿ ਨਾਉ॥

ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥

ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥

ਸਲੋਕ ਮ: ੧ ਪੰਨਾ ੧੨੪੫

ਅੱਖ਼ਰੀਂ ਅਰਥ-- ਜੋ ਮਨੁੱਖ ਪਰਮਾਤਮਾ ਦਾ ਨਾਮ ਤਵੀਤ ਤੇ ਜੰਤ੍ਰ-ਮੰਤ੍ਰ ਆਦਿਕ ਦੀ ਸ਼ਕਲ ਵਿੱਚ ਵੇਚਦੇ ਹਨ ਉਹਨਾਂ ਦੇ ਜੀਵਨ ਨੂੰ ਲਾਹਨਤ ਹੈ। ਜੇ ਉਹ ਬੰਦਗੀ ਵੀ ਕਰਦੇ ਹਨ ਤਾਂ ਉਹਨਾਂ ਦੀ ਨਾਮ ਵਾਲੀ ਫਸਲ ਨਾਲੋ ਨਾਲ ਹੀ ਉਝੜਦੀ ਜਾਂਦੀ ਹੈ। ਜਿਹਨਾਂ ਦੀ ਫਸਲ ਨਾਲੋ ਨਾਲ ਉਝੜਦੀ ਜਾਏ ਉਹਨਾਂ ਦਾ ਖਲਵਾੜਾ ਕਿੱਥੇ ਲੱਗੇਗਾ? ਭਾਵ ਉਸ ਦੀ ਬੰਦਗੀ ਦਾ ਸਿੱਟਾ ਚੰਗਾ ਨਹੀਂ ਨਿਕਲ ਸਕਦਾ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ। ਸਹੀ ਮਿਹਨਤ ਤੋਂ ਬਿਨਾਂ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਹਨਾਂ ਦੀ ਕਦਰ ਨਹੀਂ ਹੁੰਦੀ। ਪਰਮਾਤਮਾ ਦਾ ਸਿਮਰਨ ਕਰਨਾ ਅਕਲ ਦੀ ਗੱਲ ਹੈ ਪਰ ਧਾਗੇ ਤਵੀਤ ਵਿੱਚ ਪੈ ਕੇ ਅਕਲ ਵਿਅਰਥ ਵਿੱਚ ਗਵਾ ਲੈਣਾ ਇਸ ਨੂੰ ਅਕਲ ਨਹੀਂ ਆਖੀਦਾ। ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ। ਸਿਮਰਨ, ਅਕਲ ਇਹ ਹੈ ਕਿ ਪਰਮਾਤਮਾ ਦੇ ਡੂੰਘੇ ਭੇਦਾਂ ਨੂੰ ਸਮਝੀਏ। ਨਾਨਕ ਆਖਦਾ—ਜ਼ਿੰਦਗੀ ਦਾ ਸਹੀ ਰਸਤਾ ਪਰਮਾਤਮਾ ਦੇ ਭੇਦਾਂ ਨੂੰ ਸਮਝਣਾ ਹੈ ਬਾਕੀ ਗੱਲਾਂ ਸਾਰੀਆਂ ਸ਼ੈਤਾਨ ਬਿਰਤੀ ਵਾਲੀਆਂ ਹਨ।

ਕੀ ਇਸ ਸ਼ਬਦ ਦਾ ਸਿਰਫ ਕਥਾ, ਕੀਰਤਨ ਤੇ ਪਾਠ ਕਰਨਾ ਸੁਣਨਾ ਹੀ ਹੈ ਜਾਂ ਇਸ ਮਹਾਨ ਗੁਰ-ਉਪਦੇਸ਼ ਨੂੰ ਸਮਝਣਾ ਵੀ ਹੈ? ਇਸ ਸਲੋਕ ਵਿੱਚ ਲੱਗ-ਪਗ ਸੱਤਾਂ ਕੁ ਨੁਕਤਿਆਂ ਦੀ ਗੱਲ ਕੀਤੀ ਗਈ ਹੈ ਜੋ ਸਾਡੇ ਜੀਵਨ `ਤੇ ਗਹਿਰਾ ਪ੍ਰਭਾਵ ਛੱਡਦੇ ਹਨ। ੧. ਲਾਹਨਤ ਹੈ ਉਸ ਧਰਮੀ ਪੁਜਾਰੀ ਦੇ ਜੀਵਨ `ਤੇ ਜੋ ਪਰਮਾਤਮਾ ਦੇ ਨਾਮ ਭਾਵ ਗੁਰ-ਉਪਦੇਸ਼ ਨੂੰ ਆਪਣੇ ਨਿਜੀ ਸੁਆਰਥ ਦੀ ਖ਼ਾਤਰ ਵੇਚਦਾ ਹੈ। ੨. ਜੇ ਉੱਗਦੀ ਖੇਤੀ ਉਜਾੜ ਦਿੱਤੀ ਜਾਵੇ ਤਾਂ ਦਾਣੇ ਕਦੇ ਵੀ ਪ੍ਰਾਪਤ ਨਹੀਂ ਹੋਣਗੇ। ੩. ਸਖ਼ਤ ਮੇਹਨਤ ਤੋਂ ਬਿਨਾਂ ਸ਼ਾਬਾਸ਼ ਕੋਈ ਨਹੀਂ ਦੇਏਗਾ। ੪. ਆਪਣੀਆਂ ਚਲਾਕੀਆਂ ਨਾਲ ਲੋਕਾਂ ਨੂੰ ਧਰਮ ਦੇ ਨਾਂ `ਤੇ ਗੁਮਰਾਹ ਕਰਨਾ ਕੋਈ ਸਿਆਣਪ ਨਹੀਂ ਹੈ। ੫. ਸਮਾਜ ਜਾਂ ਭਾਈ ਚਾਰੇ ਵਿੱਚ ਮਾਣ ਪਰਾਪਤ ਕਰਨਾ ਹੈ ਤਾਂ ਗਿਆਨ, ਵਿਚਾਰ ਤੇ ਧਿਆਨ ਦੀ ਜ਼ਰੂਰਤ ਹੈ। ੬. ਗਿਆਨ, ਧਿਆਨ ਤੇ ਵੀਚਾਰ ਨਾਲ ਹੀ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ੭. ਗੁਰ-ਗਿਆਨ ਤੇ ਵੀਚਾਰ ਨੂੰ ਛੱਡ ਕੇ ਧਰਮ ਦੇ ਨਾਂ `ਤੇ ਕਰਮ-ਕਾਂਡ ਕਰਨ ਨੂੰ ਸ਼ੈਤਾਨ ਵਾਲਾ ਰਸਤਾ ਦੱਸਿਆ ਹੈ।

ਸਲੋਕ ਦੇ ਪਹਿਲੇ ਬੰਦ ਵਿੱਚ ਹਰ ਕੌਮ ਦੇ ਧਰਮੀ ਪੁਜਾਰੀ ਦੀ ਅੰਦਰਲੀ ਕਰੂਰਤਾ ਦਾ ਪਰਦਾ ਫ਼ਾਸ਼ ਕਰਦਿਆਂ ਕਿਹਾ ਹੈ ਕਿ ਲਾਹਨਤ ਤਥਾ ਧਿਰਕਾਰ ਹੈ ਏਹੋ ਜੇਹੇ ਕਿਰਦਾਰ `ਤੇ ਜੋ ਧਰਮ ਦੇ ਨਾਂ `ਤੇ ਲੋਕਾਂ ਨੂੰ ਲੁੱਟ ਰਿਹਾ ਹੈ। "ਧ੍ਰਿਗੁ ਤਿਨਾ ਕਾ ਜੀਵਿਆ ਜੇ ਲਿਖਿ ਲਿਖਿ ਵੇਚਹਿ ਨਾਉ"॥ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਚੰਦ ਟਕਿਆਂ ਦੀ ਖ਼ਾਤਰ ਪਰਵਾਰ ਨੂੰ ਖੁਸ਼ ਕਰਦਿਆਂ ਕੀਰਤਨ ਛੱਡ ਕੇ ਆਪੇ ਉੱਤਰੀ ਭਗਤ-ਮਾਲਾ ਦੀ ਸਾਖੀ ਨੂੰ ਕਥਾ ਵਜੋਂ ਪੇਸ਼ ਕਰਦਿਆਂ ਸਿੱਖੀ ਸਿਧਾਂਤ ਦੀ ਜੜੀਂ ਤੇਲ ਦੇਂਦਿਆਂ ਆਮ ਸੁਣਿਆ ਜਾ ਸਕਦਾ ਹੈ। ਜਰਮਨ ਦੇ ਇੱਕ ਵੱਡੇ ਗੁਰਦੁਆਰੇ ਵਿੱਚ ਕਿਸੇ ਪਰਵਾਰ ਵਲੋਂ ਲੜਕੇ ਦੇ ਜਨਮ ਦੀ ਖੁਸ਼ੀ ਦੁਆਰਾ ਸਿਰੀ ਅਖੰਡਪਾਠ ਕਰਵਾਇਆ ਗਿਆ ਸੀ। ਉਸ ਦੀ ਸਮਾਪਤੀ ਵੇਲੇ ਦੋ ਜੱਥਿਆਂ ਨੇ ਕੀਰਤਨ ਕੀਤਾ ਤੇ ਕੀਰਤਨ ਵਿੱਚ ਦੋਨਾਂ ਹੀ ਜੱਥਿਆਂ ਨੇ ਇਲਾਹੀ ਕਥਾ ਵੀ ਪਰਵਾਰ ਨੂੰ ਸਰਵਨ ਕਰਾਈ। ਇੱਕ ਰਾਗੀ ਸਿੰਘ, ਕਹਿੰਦਾ, "ਸਾਧ ਸੰਗਤ ਜੀ ਮਾਤਾ ਸਲੱਖਣੀ ਜੀ ਪੇਪਰ ਤੇ ਕਲਮ ਲੈ ਕੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਘੋੜੇ ਤੇ ਚੜਿਆਂ ਹੀ ਇੱਕ ਪੁੱਤਰ ਦੀ ਦਾਤ ਲਿਖਾਉਣ ਲਈ ਕਾਹਲੀ ਪਈ ਹੋਈ ਸੀ। ਸਾਧ ਸੰਗਤ ਜੀ ਜਦ ਗੁਰੂ ਜੀ ਇੱਕ ਪੁੱਤਰ ਦੀ ਦਾਤ ਲਿਖਣ ਲੱਗੇ ਤਾਂ ਘੋੜੇ ਨੇ ਪਿੱਛਲਾ ਪੈਰ ਹਿਲਾ ਦਿੱਤਾ ਏਕਾ ਲ਼ਿਖਣ ਦੀ ਥਾਂ `ਤੇ ਸਾਤਾ ਪੈ ਗਿਆ"। ਗੁਰੂ ਜੀ ਕਹਿਣ ਲੱਗੇ, "ਲੈ ਸਲੱਖਣੀਏ ਇੱਕ ਦੇਣਾ ਸੀ ਪਰ ਘੋੜੇ ਦੀ ਮਰਜ਼ੀ ਸੱਤ ਲਿਖੇ ਗਏ ਈ, ਜਾ ਖੁਸ਼ ਰਹੋ ਤੇਰੇ ਘਰ ਸੱਤ ਪੁੱਤਰ ਪੈਦਾ ਹੋਣਗੇ"। ਅਜੇਹੀਆਂ ਸਾਖੀਆਂ ਗੁਰਦੁਆਰਿਆਂ ਵਿਚੋਂ ਆਮ ਸੁਣੀਆਂ ਜਾ ਸਕਦੀਆਂ ਹਨ। ਪਰਵਾਰ ਦੇ ਇੱਕ ਵੀਰ ਨੂੰ ਛੱਡ ਕੇ ਬਾਕੀ ਕਿਸੇ ਦੇ ਸਿਰ `ਤੇ ਕੇਸ-ਦਸਤਾਰ ਤੇ ਦਾਹੜੀ ਦਾ ਨਾਮੋ ਨਿਸ਼ਾਨ ਨਹੀਂ ਸੀ ਪਰ ਰਾਗੀ ਜੱਥਾ ਗੁਰਸਿੱਖ ਤੇ ਗੁਰਮੁਖ ਵਰਗੇ ਸ਼ਬਦਾਂ ਨਾਲ ਨਿਹਾਲ ਕਰੀ ਜਾ ਰਿਹਾ ਸੀ। ਦੂਸਰੇ ਜੱਥੇ ਨੇ ਵੀ ਇਸ ਤੋਂ ਅਗਾਂਹ ਜਾਂਦਿਆਂ ਹੋਇਆਂ ਕੀਰਤਨ ਕਰਦਿਆਂ ਕਰਦਿਆਂ ਕਥਾ ਸ਼ੁਰੂ ਕਰ ਲਈ ਤੇ ਕਿਹਾ, "ਸਾਧ ਸੰਗਤ ਜੀ ਪੁੱਤਰਾਂ ਦੀ ਤੇ ਬਹੁਤ ਹੀ ਜ਼ਰੂਰਤ ਹੈ। ਪੁੱਤਰ ਦੀ ਪ੍ਰਾਪਤੀ ਤੋਂ ਬਿਨਾਂ ਤਾਂ ਆਦਮੀ ਪੂ--ਨਰਕ ਵਿੱਚ ਚਲਾ ਜਾਂਦਾ ਹੈ। ਸਾਧ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਜਦੋਂ ਕਰਮੋ ਨੇ ਮੇਹਣਾ ਮਾਰਿਆ ਕਿ ਤੇਰੇ ਘਰ ਕਿਹੜਾ ਕੋਈ ਪੁੱਤਰ ਹੈ। ਇਹ ਸਾਰੀ ਜਾਇਦਾਦ ਤਾਂ ਸਾਡੀ ਹੀ ਹੋਣੀ ਹੈ ਤਾਂ ਮਾਤਾ ਗੰਗਾ ਜੀ ਨੇ ਸਾਰੀ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਦੱਸੀ ਤਾਂ ਗੁਰੂ ਜੀ ਕਹਿਣ ਲੱਗੇ ਕਿ ਏਸ ਵੇਲੇ ਬਾਬਾ ਬੁੱਢਾ ਜੀ ਹੀ ਹਨ ਜੋ ਪੁੱਤਰ ਦੀ ਦਾਤ ਦੇ ਸਕਦੇ ਹਨ। ਇਸ ਲਈ ਤੁਸੀਂ ਬਾਬਾ ਬੱਢਾ ਜੀ ਨੂੰ ਕਹੋ ਕਿਉਂਕਿ ਉਹ ਹੀ ਪੁੱਤਰ ਬਖਸ਼ ਸਕਦੇ ਹਨ"। ਤੀਸਰੇ ਸੱਜਣ ਕਥਾਵਾਚਕ ਸਾਹਿਬਾਨ ਜੀ ਨੇ ਅਗਾਂਹ ਗੱਲ ਜਾਰੀ ਰੱਖਦਿਆਂ ਪ੍ਰੋ. ਮੋਹਣ ਸਿੰਘ ਦੀਆਂ ਕੁੱਝ ਸਤਰਾਂ ਸਰਵਨ ਕਰਾਈਆਂ:--

ਹੋਵਣ ਭਾਵੇਂ ਮਾਂਵਾਂ ਪਰੀਆਂ। ਨਾਲ ਹੁਸਨ ਦੇ ਡੱਕ ਡੱਕ ਭਰੀਆਂ।

ਸ਼ਾਹਾਂ ਘਰੀਂ ਵਿਆਹੀਆਂ ਗਈਆਂ। ਪਹਿਨਣ ਪੱਟ ਹੰਢਾਵਣ ਜਰੀਆਂ।

ਪੂਰਾ ਕਦੀ ਸਿੰਗਾਰ ਨ ਹੋਵੇ। ਜੇ ਲਾਲਾਂ ਦਾ ਗਲ਼ ਹਾਰ ਨ ਹੋਵੇ।

ਕਥਾਵਾਚਕ ਜੀ ਕਹਿੰਦੇ, ਕਿ "ਸਾਧ ਸੰਗਤ ਜੀ ਮਾਂ ਦਾ ਸੰਸਾਰ ਵਿੱਚ ਆਉਣਾ ਤਾਂ ਹੀ ਸਫਲ ਗਿਣਿਆ ਜਾ ਸਕਦਾ ਹੈ ਜੇ ਮਾਂ ਦੀ ਗੋਦ ਵਿੱਚ ਬਾਲ ਖੇਲਦਾ ਹੋਵੇ"। ਆਪਣੇ ਨਿਜੀ ਸੁਆਰਥ ਦੀ ਖ਼ਾਤਰ ਸਿੱਖ ਕੌਮ ਦੀ ਮਹਾਨ ਸਟੇਜ ਤੋਂ ਬ੍ਰਾਹਮਣੀ ਕਰਮ ਵਿੱਚ ਲਿਬੜਿਆ ਉਪਦੇਸ਼ ਸੁਣਾ ਰਹੇ ਹਨ ਸਾਡੇ ਅਣ-ਸਿਖਾਂਦਰੂ ਪਰਚਾਰਕ ਤੇ ਰਾਗੀ। ਇਹਨਾਂ ਨੂੰ ਕੌਣ ਸਮਝਾਵੇ ਕਿ ਬੇਬੇ ਨਾਨਕੀ ਜੀ ਦੇ ਘਰ ਤਾਂ ਕੋਈ ਵੀ ਔਲਾਦ ਨਹੀਂ ਸੀ ਫਿਰ ਬੇਬੇ ਨਾਨਕੀ ਦਾ ਕੀ ਬਣਿਆ ਹੋਏਗਾ। ਪੱਚੀ ਕੁ ਸਾਲ ਪਹਿਲੇ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਇੱਕ ਸਾਲ ਸੇਵਾ ਨਿਭਾ ਚੁੱਕੇ ਇੱਕ ਸੱਜਣ ਅਜੇ ਵੀ ਚੋਲ਼ੇ ਉੱਤੋਂ ਦੀ ਦੋ ਤਣੀਆਂ ਵਾਲਾ ਦੋ ਫੁੱਟ ਹੋਰ ਲੰਬਾ ਚੋਲਾ ਪਾਈ ਫਿਰਦੇ ਦਿਸਦੇ ਹਨ। ਭਰੀ ਸੰਗਤ ਵਿੱਚ ਆਪਣੀ ਭੱਲ ਬਣਾਉਣ ਲਈ ਤੇ ਪਰਵਾਰਾਂ ਪਾਸੋਂ ਅਰਦਾਸ ਕਰਾਉਣ ਲਈ ਇੱਕ ਟਿਕਾਣੇ ਤੀਰ ਮਾਰਿਆ, ਕਥਾ ਕਰਦਿਆਂ ਕਹਿੰਦੇ "ਸਾਧ ਸੰਗਤ ਜੀ ਜਦੋਂ ਮੈਂ ਦਰਬਾਰ ਦੀ ਸੇਵਾ ਕਰਦਾ ਸੀ ਤਾਂ ਮੈਂ ਤਾਬਿਆ ਬੈਠਿਆ ਸੋਚ ਰਿਹਾ ਸਾਂ ਕਿ ਮੇਰੇ ਕਿੰਨੇ ਵੱਡੇ ਭਾਗ ਹਨ, ਕਦੇ ਇਸ ਅਸਥਾਨ `ਤੇ ਬਾਬਾ ਬੁੱਢਾ ਜੀ ਵੀ ਬੈਠੇ ਸਨ ਜਿਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ ਲਈ ਪੁੱਤਰ ਦੀ ਅਰਦਾਸ ਕੀਤੀ ਸੀ"। ਬੱਸ ਫਿਰ ਕੀ ਸੀ ਪਰਵਾਰਾਂ ਵਲੋਂ ਪੁੱਤਰਾਂ ਦੀ ਅਰਦਾਸ ਕਰਾਉਣ ਦਾ ਵਾਰੀ ਨਾ ਆਵੇ, ਹਰ ਕੋਈ ਕਾਹਲਾ ਪਿਆ ਹੋਇਆ ਸੀ ਕਿ ਕਿਤੇ ਭਾਈ ਜੀ ਜਲਦੀ ਪੰਜਾਬ ਨਾ ਚੱਲੇ ਜਾਣ। ਅਜੇਹੇ ਅਕਲ ਦੇ ਅੰਨ੍ਹਿਆਂ ਲਈ ਗੁਰੂ ਕਹਿ ਰਹੇ ਹਨ "ਧ੍ਰਿਗੁ ਤਿਨਾ ਕਾ ਜੀਵਿਆ ਜੇ ਲਿਖਿ ਲਿਖਿ ਵੇਚਹਿ ਨਾਉ"॥ ਕਿਉਂਕਿ ਸਿੱਖੀ ਸਿਧਾਂਤ ਤੋਂ ਕੋਰੇ ਤੇ ਆਪਣੀਆਂ ਗ਼ਰਜ਼ਾਂ ਦੇ ਮਾਰੇ ਹਨ। ਜਦ ਕਿ ਗੁਰੂ ਜੀ ਦਾ ਤਾਂ ਉਪਦੇਸ਼ ਹੈ, ‘ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ’॥ ਪੰਜਾਬ ਦੀ ਧਰਤੀ `ਤੇ ਅਜੇਹੇ ਕੀਰਤਨ ਕਥਾ ਤੇ ਅਰਦਾਸਾਂ ਦਾ ਸਦਕਾ ਹੀ ਬੱਚਿਆਂ ਦੀ ਗਿਣਤੀ ਵੱਧ ਗਈ ਤੇ ਬੱਚੀਆਂ ਦੀ ਗਿਣਤੀ ਘੱਟ ਗਈ ਹੈ। ਪ੍ਰੋ. ਸਰਬਜੀਤ ਸਿੰਘ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਨੇ ਬੜਾ ਵਧੀਆ ਲਿਖਿਆ ਹੈ ਕਿ ਜੇ ਭਰੂਣ ਹੱਤਿਆ ਲਈ ਇੱਕ ਡਾਕਟਰ ਨੂੰ ਜੁਰਮਾਨਾ ਤੇ ਦਸ ਸਾਲ ਦੀ ਸਜ਼ਾ ਹੈ ਤਾਂ ਅਜੇਹੇ ਪਰਚਾਰਕਾਂ ਤੇ ਸਾਧਾਂ ਦੇ ਟੋਲਿਆਂ ਨੂੰ ਵੀ ਏਹੀ ਸਜਾ ਹੋਣੀ ਚਾਹੀਦੀ ਹੈ।

ਖਲਵਾੜਾ ਸ਼ਬਦ ਅੱਜ—ਕਲ੍ਹ ਅਲੋਪ ਹੀ ਹੋ ਗਿਆ ਹੈ ਪਰ ਇਹ ਸ਼ਬਦ ਓਦੋਂ ਵਰਤਿਆ ਜਾਂਦਾ ਸੀ ਜਦੋਂ ਕਣਕ ਵੱਢ ਕੇ ਭਰ੍ਹੀਆਂ ਬੰਨ੍ਹ ਕੇ, ਵਿਚਕਾਰੋਂ ਥਾਂ ਖਾਲੀ ਛੱਡ ਕੇ ਉਸ ਦੇ ਆਲੇ-ਦੁਆਲੇ ਕਣਕ ਦੀਆਂ ਭਰ੍ਹੀਆਂ ਲਗਾ ਦਿੱਤੀਆਂ ਜਾਂਦੀਆਂ ਸਨ। ਭਲਾ ਜੇ ਕਿਰਸਾਨ ਉੱਗ ਰਹੀ ਕਣਕ ਨੂੰ ਨਾਲੋ-ਨਾਲ ਕੱਟੀ ਜਾਏ ਤਾਂ ਕੀ ਖਲਵਾੜਾ ਲੱਗ ਸਕਦਾ ਹੈ? ਵਡੇਰੀ ਉਮਰ ਦਾ ਰਾਗੀ ਜੋ ਨਵਾਂ ਸਿੰਘ ਸੱਜਿਆਂ ਬ੍ਰਾਹਮਣੀ ਵਿਚਾਰਧਾਰਾ ਨਾਲ ਲੱਥ-ਪੱਥ ੨੦੦੭ ਦੀ ਵਿਸਾਖੀ ਤੇ ਮਸਕਟ ਗਿਆ, ਇੱਕ ਪਰਵਾਰ ਨੂੰ ਕਹਿ ਰਿਹਾ ਸੀ ਕਿ ਸ਼ੁਧ ਦੇਸੀ ਘਿਉ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹਮੇਸ਼ਾਂ ਹੀ ਜਗਾ ਕੇ ਰੱਖੋ ਤੇ ਅਸੀਂ ਦਿਨ ਵਿੱਚ ਤਿੰਨ ਵਾਰ ਖਾਣਾ ਖਾਂਦੇ ਹਾਂ ਇਸ ਲਈ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਨ ਵਿੱਚ ਤਿੰਨ ਵਾਰ ਜ਼ਰੂਰ ਭੋਗ ਲਗਾਓ। ਪੱਲਿਓਂ ਮਾਲ਼ਾ ਦੇ ਕੇ ਮਾਲ਼ਾ ਘਮਾਉਣ ਦਾ ਪੂਰਾ ਉਪਦੇਸ਼ ਦੇ ਰਹੇ ਸਨ। ਨਵੇਂ ਸੱਜੇ ਸਿੰਘ ਰਾਗੀ ਨੇ ਪਰਵਾਰ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਗੁਰਬਾਣੀ ਸ਼ਬਦ ਦੀ ਵਿਚਾਰ ਕਰਕੇ ਕਰਮ-ਕਾਂਡ ਤੋਂ ਬਚਿਆ ਜੇ ਕਿਉਂਕਿ ਉਹ ਸਿੰਘ ਤਾਂ ਸੱਜ ਗਿਆ ਪਰ ਬ੍ਰਾਹਮਣੀ ਵਿਚਾਰਧਾਰਾ ਤੋਂ ਮੁਕਤ ਨਹੀਂ ਹੋ ਸਕਿਆ। ਇਸ ਨਵੇਂ ਸੱਜੇ ਰਾਗੀ ਨੇ ਆਪਣੇ ਹਾਰਮੋਨੀਅਮ ਉੱਪਰ ਬੜੇ-ਮਹਾਂਰਾਜ ਜੀ ਦੀ ਫੋਟੋ ਰੱਖੀ ਹੋਈ ਸੀ ਕੀਰਤਨ ਕਰਨ ਤੋਂ ਪਹਿਲਾਂ ਉਸ ਨੂੰ ਉਹ ਮੱਥਾ ਟੇਕਦਾ ਸੀ। ਗੁਰਬਾਣੀ ਉਪਦੇਸ਼ ਕਣਕ ਬੀਜਣ ਵਾਂਗ ਹੈ ਤੇ ਖਲਵਾੜਾ ਜੀਵਨ ਜਾਚ ਦਾ ਉੱਚਤਮ ਨਮੂਨਾ। ਜੇ ਗੁਰਬਾਣੀ ਗਿਆਨ ਨੂੰ ਸਮਝਿਆ ਹੀ ਨਹੀਂ ਤਾਂ ਕੀ ਅਸੀਂ (ਖਲਵਾੜਾ) ਨਿਰਮਲ ਪੰਥ ਦੇ ਪਾਂਧੀ ਬਣ ਸਕਦੇ ਹਾਂ? ਇਹ ਤੇ ਏਦਾਂ ਹੀ ਹੈ ‘ਖੇਤੀ ਜਿਨ ਕੀ ਉਝੜੈ ਖਲਵਾੜੈ ਕਿਆ ਥਾਉ’॥ ਜੇ ਬੱਚੇ ਨੇ ਡਾਕਟਰੀ ਦਾ ਇਮਤਿਹਾਨ ਹੀ ਨਹੀਂ ਦਿੱਤਾ ਤਾਂ ਕੀ ਉਸ ਨੂੰ ਸਰਟੀਫੀਕੇਟ ਮਿਲ ਸਕਦਾ ਹੈ? ਜੇ ਅਸੀਂ ਗੁਰੂ-ਬਚਨਾਂ ਨੂੰ ਸਮਝਿਆ ਹੀ ਨਹੀਂ ਹੈ ਤਾਂ ਨਿਰਮਲ ਪੰਥ ਦੇ ਪਾਂਧੀ ਬਣ ਹੀ ਨਹੀਂ ਸਕਦੇ।

ਸੰਸਾਰ ਦੀ ਹਰ ਵਸਤੂ ਕੁਦਰਤ ਦੇ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੀ ਹੈ। ਕੁਦਰਤੀ ਨਿਯਮਾਵਲੀ ਤੋਂ ਖੁੰਝ੍ਹਿਆਂ ਤਬਾਹੀ ਦੇ ਕਾਰਨ ਬਣਦੇ ਹਨ। ਗੁਰੂ ਜੀ ਨੇ ਮਨੁੱਖ ਨੂੰ ਇੱਕ ਨਿਯਮਾਵਲੀ ਦਿੱਤੀ ਹੈ ਜਿਸ ਤੇ ਤੁਰਿਆਂ ਆਪਣੇ ਆਪ ਪਾਖੰਡੀ ਜੀਵਨ ਤੇ ਵਿਕਾਰਾਂ ਵਲੋਂ ਮੁਕਤੀ ਮਿਲਦੀ ਹੈ। ਸਲੋਕ ਦੀ ਤੀਸਰੀ ਤੁਕ ਵਿੱਚ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਨ ਵਾਲਿਆਂ ਨੂੰ ਸ਼ਾਬਾਸ਼ ਦੇ ਰਹੀ ਹੈ। ਕੁੰਭੀ ਨਰਕ ਦਾ ਭਿਆਨਕ ਡਰਾਵਾ, ਧਰਮ-ਰਾਜ ਵਲੋਂ ਕਾਲ਼ੇ-ਪਾਣੀ ਦੀ ਸਜ਼ਾ, ਜਮਾਂ ਦੀ ਭੈੜੀ ਮਾਰ, ਕੋਹਲੂ ਵਿੱਚ ਪੀੜਿਆ ਜਾਣਾ, ਤੱਪਦੇ ਕੜਾਹਿਆਂ ਵਿੱਚ ਸਾੜ ਦੇਣਾ ਇਤ ਆਦਿਕ ਸਜਾਵਾਂ ਦੀ ਪੁਸ਼ਟੀ ਪੁਜਾਰੀ ਜਮਾਤ ਵਲੋਂ ਧਾਰਮਿਕ ਅਸਥਾਨਾਂ `ਤੇ ਬੈਠ ਆਮ ਲੋਕਾਂ ਨੂੰ ਸੁਣਾਈ ਜਾਂਦੀ ਹੈ। ਇਹਨਾਂ ਸਜ਼ਾਵਾਂ ਤੋਂ ਡਰਦਾ ਮਾਰਾ ਹੀ ਮਨੁੱਖ ਧਰਮੀ ਪੁਜਾਰੀ ਦੀ ਲੁੱਟ ਦਾ ਦਿਨ ਦੀਵੀਂ ਸ਼ਿਕਾਰ ਹੋਈ ਜਾ ਰਿਹਾ ਹੈ। ਸ਼ਾਬਾਸ਼ ਦਾ ਹੱਕਦਾਰ ਉਹ ਹੀ ਹੋ ਸਕਦਾ ਹੈ ਜੋ ਇਹਨਾਂ ਕਰਮ-ਕਾਂਡਾਂ ਤੋਂ ਛੁਟਕਾਰਾ ਪਾ ਕੇ ਆਤਮਿਕ ਜੀਵਨ ਜਿਉਣ ਦੀ ਸੋਝੀ ਰੱਖਦਾ ਹੈ। ਭਾਈ ਲਹਿਣਾ ਜੀ ਲੱਗ-ਪਗ ਸੱਤ ਕੁ ਸਾਲ ਤਾਂ ਦੇਵੀ ਦੇ ਦੀਦਾਰ ਨੂੰ ਜਾਂਦੇ ਹੀ ਰਹੇ ਹਨ ਪਰ ਜਦੋਂ ਸੱਤਾਂ ਕੁ ਸਾਲਾਂ ਬਆਦ ਗੁਰੂ ਨਾਨਕ ਸਾਹਿਬ ਦੀ ਗੱਲ ਸਮਝ ਆ ਗਈ ਤਾਂ ਗੁਰੂ ਨਾਨਕ ਸਾਹਿਬ ਜੀ ਸ਼ਾਬਾਸ਼ ਦੇਂਦਿਆਂ ਕਹਿ ਦਿੱਤਾ ਲਹਿਣਿਆਂ ਤੇਰੀ ਘਾਲ ਥਾਏ ਪਈ ਕਿਉਂਕਿ ਤੂੰ ਧਰਮ ਦੇ ਨਾਂ `ਤੇ ਕਰਮ-ਕਾਂਡ ਦੀ ਦੁਨੀਆਂ ਦਾ ਤਿਆਗ ਕੇ ਸ਼ਬਦ ਦੀ ਵਿਚਾਰ ਨੂੰ ਧਿਆਨ ਨਾਲ ਸੁਣਿਆ ਹੀ ਨਹੀਂ ਸਗੋਂ ਕਮਾਇਆ ਵੀ ਹੈ। "ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ"॥

ਸਚਿਆਰ ਉਸ ਨੂੰ ਹੀ ਕਿਹਾ ਜਾ ਸਕਦਾ ਜੋ ਗੁਰੂ ਦੀ ਰਮਜ਼ ਨੂੰ ਸਮਝਦਾ ਹੈ ਪਰ ਅਸੀਂ ਤੇ ਉਸ ਨੂੰ ਸਿਆਣਾ ਸਮਝਦੇ ਹਾਂ ਜੋ ਬਾਹਰੋਂ ਧਰਮੀ ਤਾਂ ਦਿਸਦਾ ਤੇ ਹੈ ਪਰ ਬਹਿਸ ਪਾਖੰਡ ਤੇ ਕਰਮ-ਕਾਂਡ ਦੀ ਕਰ ਰਿਹਾ ਹੋਵੇ। ਕਈ ਵੀਰ ਆਪਣੀ ਪੂਰੀ ਪੂਰੀ ਸਿਆਣਪ ਜ਼ਾਹਰ ਕਰਦਿਆਂ ਕਹਿਣਗੇ ਭਾਈ ਮੁਰਗੇ ਦੇ ਖੰਭਾਂ ਨੂੰ ਹੱਥ ਵੀ ਲੱਗ ਜਾਏ ਤਾਂ ਸਿੱਖ ਧਰਮੀ ਨਹੀਂ ਰਹਿ ਸਕਦਾ, ਘੰਟਿਆਂ-ਬੱਧੀ ਏਸੇ ਗੱਲ ਤੇ ਹੀ ਚਰਚਾ ਕਰੀ ਜਾਣਗੇ। ਡਾਕਟਰ ਕੋਲੋਂ ਦਵਾਈ ਲੈਣ ਲੱਗਿਆਂ ਆਦਮੀ ਕਦੇ ਦਲੀਲ ਬਾਜ਼ੀ ਨਹੀਂ ਕਰਦਾ ਪਰ ਸਿੱਖੀ ਵਿੱਚ ਸਿੱਖ ਸਿਧਾਂਤ ਤੋਂ ਸੱਖਣਾ ਪੂਰੀ ਬਹਿਸ ਕਰ ਰਿਹਾ ਹੈ। ਕਈ ਥਾਵਾਂ `ਤੇ ਪ੍ਰਬੰਧਕ ਵੀਰ ਖਾਸ ਹਦਾਇਤਾਂ ਦੇਂਦੇ ਹਨ ਕਿ ਭਾਈ ਸਾਹਿਬ ਜੀ ਕ੍ਰਿਪਾ ਕਰਕੇ ਬ੍ਰਾਹਮਣ ਸ਼ਬਦ ਦੀ ਵਰਤੋਂ ਨਾ ਕਰਿਆ ਜੇ ਕਿਉਂਕਿ ਸਾਡੀ ਸੰਗਤ ਵਿੱਚ ਦੋ ਪਰਵਾਰ ਬ੍ਰਾਹਮਣਾਂ ਦੇ ਵੀ ਆਉਂਦੇ ਹਨ। ਜੇ ਉਹਨਾਂ ਨੂੰ ਅੱਗੋਂ ਇਹ ਕਿਹਾ ਜਾਏ ਕਿ ਭਾਈ ਦੋ ਸੌ ਪਰਵਾਰ ਸਿੱਖੀ ਨੂੰ ਸਮਝਣ ਵਾਸਤੇ ਵੀ ਆਏ ਹੋਏ ਹਨ ਕੀ ਉਹਨਾਂ ਨੂੰ ਸਿੱਖੀ ਸਿਧਾਂਤ ਬਾਰੇ ਨਾ ਦੱਸਿਆ ਜਾਏ ਪਰ ਵੀਰ ਸਿੱਖੀ ਸਿਧਾਂਤ ਨੂੰ ਸਮਝਣ ਦੀ ਬਜਾਏ ਫੋਕੀ ਬਹਿਸ ਜ਼ਰੂਰ ਕਰਨਗੇ। ਇਸ ਨੂੰ ਸਿਆਣਪ ਨਹੀਂ ਕਿਹਾ ਜਾ ਸਕਦਾ, ‘ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ’॥

ਸਿੱਖੀ ਵਿੱਚ ਅਕਲ ਉਸ ਵਸਤੂ ਦਾ ਨਾਂ ਹੈ ਜੋ ਗੁਰਬਾਣੀ ਦੇ ਸਿਧਾਂਤ ਵਿਚੋਂ ਨਿਕਲੀ ਹੈ ਤੇ ਇਸ ਨੂੰ ਸਮਝਣ ਵਾਲੇ ਨੂੰ ਗੁਰਮੁਖ ਦਾ ਦਰਜਾ ਦਿੱਤਾ ਹੈ। ਪਰ ਜੋ ਆਪਣੀਆਂ ਸਿਆਣਪਾਂ ਅਨੁਸਾਰ ਚੱਲਦਾ ਹੈ ਉਸ ਨੂੰ ਮਨਮੁਖ ਦਾ ਦਰਜਾ ਦਿੱਤਾ ਗਿਆ ਹੈ। ਫਿਰ ਗੁਰੂ ਦੀ ਅਕਲ ਅਨੁਸਾਰ ਹੀ ਸਾਹਿਬ ਦੀ ਸੇਵਾ ਭਾਵ ਪ੍ਰਭੂ ਭਗਤੀ ਹੋਣੀ ਚਾਹੀਦੀ ਹੈ। ਪਰਮਾਤਮਾ ਇੱਕ ਕੁਦਰਤੀ ਨਿਯਮਾਵਲੀ ਦਾ ਨਾਂ ਹੈ। ਇਹਨਾਂ ਨਿਯਮਾਂ ਨੂੰ ਸਮਝਣਾਂ ਤੇ ਇਹਨਾਂ ਦੇ ਧਾਰਨੀ ਹੋਣਾ ਹੀ ਪਰਮਾਤਮਾ ਦਾ ਸਿਮਰਨ ਹੈ। ਦੋ ਕੁ ਦਹਾਕੇ ਪਹਿਲਾਂ ਸਾਡੇ ਪਿੰਡ ਇੱਕ ਜੜਾਵਾਂ ਵਾਲਾ ਬਾਬਾ ਰਹਿੰਦਾ ਸੀ, ਛਈਂ-ਛਿਮਾਈ ਉਸ ਨੇ ਕਪੜੇ ਧੋਣੈ ਤੇ ਛਈਂ ਛਿਮਾਈ ਉਹ ਅਕਸਰ ਨਹਾਉਂਦਾ ਹੁੰਦਾ ਸੀ, ਹਰ ਵੇਲੇ ਉਸ ਦੀ ਛੋਟੀ ਜੇਹੀ ਹੁੱਕੀ ਤੱਪਦੀ ਰਹਿੰਦੀ ਸੀ ਜਨੀ ਕਿ ਜਿਲਮ ਉਸ ਨੇ ਕਦੇ ਵੀ ਬੁਝਣ ਨਹੀਂ ਦਿੱਤੀ ਸੀ। ਜਿੱਧਰ ਵੀ ਦੇਖੋ ਉਹ ਗੁੜ-ਗੁੜ ਕਰਦਾ ਜਾਂਦਾ ਸੀ। ਉਸ ਦੇ ਮਰਨ ਤੋਂ ਬਆਦ ਉਸ ਦੀ ਕਬਰ ਬਣਾ ਦਿੱਤੀ ਹੈ। ਜਨ ਸਧਾਰਨ ਲੋਕ ਉਸ ਦੀ ਕਬਰ `ਤੇ ਹਰ ਵੀਰਵਾਰ ਨੂੰ ਦੀਵੇ ਜਗਾਉਂਦੇ ਤੇ ਮਿੱਠਿਆ ਚੌਲਾਂ ਦੀਆਂ ਦੇਗਾਂ ਚੜਾਉਂਦੇ ਦੇਖੇ ਜਾ ਸਕਦੇ ਹਨ। ਦੋ ਗੁਰਦੁਆਰੇ ਹੋਣ ਦੇ ਬਾਵਜੂਦ ਵੀ ਇਸ ਕਬਰ `ਤੇ ਮੱਥਾ ਟੇਕਣਾ ਲੋਕ ਆਪਣਾ ਧਰਮ-ਕਰਮ ਹੀ ਨਹੀਂ ਸਗੋਂ ਇਸ ਨੂੰ ਪ੍ਰਭੂ ਭਗਤੀ ਵੀ ਗਿਣ ਰਹੇ ਹਨ। ਪੰਜਾਬ ਦੇ ਕਈ ਪਿੰਡਾਂ ਵਿੱਚ ਸਮਾਧਾਂ `ਤੇ ਸ਼ਰਾਬ ਵੀ ਚੜ੍ਹ ਰਹੀ ਹੈ ਸਮਾਧਾਂ `ਤੇ ਸ਼ਰਾਬ ਚੜਾਉਂਣ ਨੂੰ ਕਈ ਵੀਰ ਪ੍ਰਭੂ ਭਗਤੀ ਗਿਣ ਰਹੇ ਹਨ। ਗੁਰੂ ਦੇ ਉਪਦੇਸ਼ ਵਿੱਚ ਚੱਲ ਪੈਣਾ ਹੀ ਅਸਲ ਭਗਤੀ ਹੈ। "ਅਕਲੀ ਸਾਹਿਬੁ ਸੇਵੀਐ ਆਕਲੀ ਪਾਈਐ ਮਾਨੁ"॥ ਅਕਲ ਨਾਲ ਸੇਵਣ ਦਾ ਅਰਥ ਹੈ ਸ਼ਬਦ ਦੀ ਵਿਚਾਰ ਦੇ ਗੂੜ੍ਹੇ ਭਾਵਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ। ‘ਅਕਲੀ ਪਾਈਐ ਮਾਨੁ’ ਇਸ ਰੋਸ਼ਨੀ ਵਿੱਚ ਤੁਰਿਆਂ ਠੇਡੇ ਨਹੀਂ ਲੱਗਦੇ, ਮਨ ਵਿਕਾਰਾਂ ਵਲ ਨੂੰ ਦੋੜੰਗੇ ਨਹੀਂ ਮਾਰਦਾ। ਧਰਮ ਦੇ ਨਾਂ `ਤੇ ਸ਼ਨੀਚਰ ਤੋਂ ਡਰਦਾ ਨਹਿਰਾਂ ਵਿੱਚ ਨਾਰੀਅਲ ਨਹੀਂ ਰੋੜੇਗਾ, ਗੁਰਦੁਆਰਿਆਂ ਵਿੱਚ ਕਾਲੇ ਮਾਂਹ, ਤੇਲ ਤੇ ਪੀਲੇ ਰੰਗ ਦਾ ਪਰਸ਼ਾਦ ਬ੍ਰਾਹਮਣ ਦੇ ਕਹੇ `ਤੇ ਨਹੀਂ ਚੜਾਏਗਾ। ਅਕਲ ਦੀ ਘਾਟ ਦਾ ਇੱਕ ਨਮੂਨਾ ਸਰਦਾਰ ਕੁਲਬੀਰ ਸਿੰਘ ਜੀ ਨੇ ਆਪਣੀ ਪ੍ਰਸਿੱਧ ਪੁਸਤਕ "ਤੇ ਸਿੱਖ ਵੀ ਨਿਗਲ਼ਿਆ ਗਿਆ" ਵਿੱਚ ਪੰਜਾਬ ਦੇ ਪ੍ਰਸਿੱਧ ਡੇਰੇ ਦੀ ਗੱਲ ਕਰਦਿਆ ਦੱਸਦੇ ਹਨ ਕਿ ਅੰਗਰੇਜ਼ ਦੇ ਜ਼ਮਾਨੇ ਦੀ ਕਾਲ਼ੀ-ਛਾਅ ਟਾਹਲੀ ਜੋ ਜ਼ਮੀਨ ਤੋਂ ਚਾਰ ਫੁੱਟ ਉੱਚੀ ਸੀ, ਅਕਲ ਤੋਂ ਹੀਣੇ ਬਾਬਿਆਂ ਨੇ ਚੁੱਲ੍ਹੇ ਵਿੱਚ ਡਾਈ ਹੋਈ ਸੀ। ਉਹਨਾਂ ਨੂੰ ਅਜੇਹਾ ਨਾ ਕਰਨ ਦੀ ਬੇਨਤੀ ਕੀਤੀ ਕਿ ਪਰ ਉਹ ਮੰਨੇ ਨਹੀਂ ਕਿਉਂਕਿ ਉਹਨਾਂ ਦੀ ਭਾਸ਼ਾ ਵਿੱਚ ਕਾਲ਼ੀ-ਛਾ ਟਾਹਲੀ ਦਾ ਸੇਕ ਬਹੁਤ ਜ਼ਿਆਦਾ ਹੈ ਬਾਬਿਆ ਨੇ ਆਪਣੇ ਲਹਿਜੇ ਵਿੱਚ ਜੁਆਬ ਦਿੱਤਾ।

ਗੁਰੂ ਨਾਨਕ ਸਾਹਿਬ ਜੀ ਨੇ ਕਦੇ ਵੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਸ ਬੰਦੇ ਦੇ ਪਿੱਛੇ ਚੱਲੋ, ਉਹ ਤੇ ਸਗੋਂ ਇਹ ਆਖਦੇ ਹਨ ਕਿ ਵਿਚਾਰਵਾਨ ਬਣੋ। ਪਰ ਅਕਲ ਦੇ ਪੱਕੇ ਦੁਸ਼ਮਣ ਬਾਬੇ ਹਮੇਸ਼ਾਂ ਹੀ ਇਹ ਪਰਚਾਰ ਕਰਦੇ ਹਨ ਕਿ ਜੀ ਵੱਡੇ ਮਹਾਂਰਾਜ ਜੀ ਦੇ ਪਿੱਛੇ ਲੱਗਿਆਂ ਸਿੱਧੇ ਹੀ ਸਵਰਗ ਦੀ ਪਰਾਪਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਹਮੇਸ਼ਾਂ ਤਿੰਨ ਗੱਲਾਂ `ਤੇ ਜ਼ੋਰ ਦਿੱਤਾ ਹੈ ਪਹਿਲਾਂ ਪੜ੍ਹੋ, ਸਮਝੋ, ਜੀਵਨ ਵਿੱਚ ਢਾਲੋ ਫਿਰ ਤੁਹਾਨੂੰ ਆਪਣੇ ਸੁਭਾਅ ਵਿੱਚ ਆਈ ਤਬਦੀਲੀ ਦਾ ਪਤਾ ਲੱਗੇਗਾ।

ਜ਼ਿੰਦਗੀ ਦੇ ਗਹਿਰੇ ਭੇਦ ਨੂੰ ਸਮਝਾਉਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਪੜ੍ਹਨਾ ਤੇ ਸਮਝਣਾ ਚਾਹੀਦਾ ਹੈ ਤੇ ਫਿਰ ਇਹ ਭੇਦ ਹੋਰਨਾਂ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ। "ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ"

‘ਅਕਲੀਂ ਕੀਚੈ ਦਾਨ’ ਲੁਕਾਈ ਦੇ ਭਲੇ ਦੀ ਗੱਲ ਕਰਨੀ ਜੋ ਜੀਵਨ ਦਾ ਅਸਲ ਰਾਹ ਹੈ ਪਰ ਆਪਣੀ ਚਲਾਕੀ ਜਾਂ ਸ਼ੈਤਾਨੀ ਨਾਲ ਲੋਕਾਂ ਨੂੰ ਗੁਮਰਾਹ ਕਰਨਾ ਜੀਵਨ ਤੋਂ ਭਟਕਿਆ ਹੋਇਆ ਧਰਮੀ ਆਗੂ ਹੈ। ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ"

ਮਹਾਨ ਕੋਸ਼ ਵਿੱਚ ਸ਼ੈਤਾਨ ਉਸ ਨੂੰ ਕਿਹਾ ਗਿਆ ਹੈ ਜੋ ਮਨੁੱਖ ਨੂੰ ਬਦੀ ਵਲ ਨੂੰ ਪ੍ਰੇਰਦਾ ਹੈ। ਸ਼ੈਤਾਨ ਨੂੰ ਪਾਮਰ, ਕਾਮੀ, ਕੁਕਰਮੀ, ਫਿਸਾਦੀ ਤੇ ਉਪਦਰੀ ਵੀ ਕਿਹਾ ਗਿਆ ਹੈ। ਇਸ ਵਾਕ ਵਿੱਚ ਗੁਰੂ ਸਾਹਿਬ ਜੀ ਨੇ ਧਰਮ ਦੇ ਬੁਰਕੇ ਵਿੱਚ ਲੁਕੇ ਹੋਏ ਵਿਹਲੜੇ ਸਾਧਾਂ, ਧਰਮ ਦੇ ਨਾਂ ਤੇ ਗੁਮਰਾਹ ਕਰ ਰਹੇ ਰਾਜਨੀਤਕ ਆਗੂਆਂ ਤੇ ਅਖੌਤੀ ਸਮਾਜ-ਸੁਧਾਰਕਾਂ ਨੂੰ ਸ਼ੈਤਾਨ ਆਖਿਆ ਹੈ।

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥

ਸ਼ੂਹੀ ਮਹਲਾ ੧ ੭੬੭--




.