ਸਾਬਤ ਸੂਰਤ ਸਿੱਖੀ ਸਰੂਪ ਵਿੱਚ ਵੀ ਸਫਲਤਾ ਦੀਆਂ ਹਰ ਬੁਲੰਦੀਆਂ ਨੂੰ
ਛੋਹਿਆ ਜਾ ਸਕਦਾ ਹੈ, ਇਸ ਲਈ ਨੌਜਵਾਨ ਸਿਖ ਬੱਚੇ, ਇਸ਼ਮੀਤ ਸਿੰਘ ਦੇ ਜੀਵਨ ਤੋਂ ਸੇਧ ਲੈਣ…
ਸੋਹਣਾ ਸਿੱਖੀ ਸਰੂਪ, ਸੋਹਣੀ ਦਸਤਾਰ, ਹਮੇਸ਼ਾ ਚੇਹਰੇ ਉਤੇ ਮੁਸਕਾਨ ਰਖਣ
ਵਾਲੇ ਵਾਇਸ ਆਫ ਇੰਡੀਆ ਦੇ ਜੇਤੂ ਸ. ਇਸ਼ਮੀਤ ਸਿੰਘ ਅਕਾਲਪੁਰਖ ਵੱਲੋਂ ਬਖਸ਼ੇ ਸੁਆਸਾਂ ਦੀ ਪੁੰਜੀ ਨੂੰ
ਪੂਰਾ ਕਰਦੇ ਹੋਏ ਆਪਣੇ ਪੰਜ ਭੂਤਕ ਸ਼ਰੀਰ ਨੂੰ ਤਿਆਗ ਗਏ ਹਨ।
ਇਸ਼ਮੀਤ ਸਿੰਘ ਇੱਕ ਅਜਿਹਾ ਉਭਰਦਾ ਸਿਤਾਰਾ ਸੀ ਜਿਸਨੂੰ ਉਸਦੇ ਚੰਗੇ ਸੁਭਾਅ
ਤੇ ਗੁਣਾਂ ਕਰਕੇ ਵਧੇਰੇ ਜਾਣਿਆ ਗਿਆ। ਮਿਠਬੋਲੜਾ, ਨਿਮਰਤਾ, ਨਿਰਵੈਰਤਾ, ਅਤੇ ਅੱਗੇ ਵਧਣ ਦੀ ਚਾਹ
ਰਖਣ ਵਾਲਾ ਇਸ਼ਮੀਤ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਰਹਿ ਗਏ ਹਨ ਤਾਂ ਉਸ ਦੇ ਚੰਗੇ ਗੁਣ…
ਗੁਰੂ ਨਾਨਕ ਸਾਹਿਬ ਵੀ ਇਨ੍ਹਾਂ ਚੰਗੇ ਗੁਣਾਂ ਦਾ ਜ਼ਿਕਰ ਕਰਦੇ ਹੋਏ ਬਾਣੀ ਅੰਦਰ ਫੁਰਮਾਨ ਕਰਦੇ ਹਨ:-
ਸਜਣ ਸੇਈ ਨਾਲਿ ਮੈ, ਚਲਦਿਆ ਨਾਲਿ ਚਲੰਨਿ੍॥
ਜਿਥੈ ਲੇਖਾ ਮੰਗੀਐ, ਤਿਥੈ ਖੜੇ ਦਿਸੰਨਿ॥ ੧
॥
ਰਹਾਉ॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ-੭੨੯)
ਭਾਵ, ਮੇਰੇ ਅਸਲੀ ਮਿੱਤਰ ਉਹੀ ਹਨ ਜਿਹੜੇ ਕਿ ਹਮੇਸ਼ਾ ਮੇਰੇ ਨਾਲ ਰਹਿਣ ਇਥੋਂ
ਸੰਸਾਰ ਤੋਂ ਕੂਚ ਕਰਣ ਵੇਲੇ ਵੀ ਉਹ ਮੇਰਾ ਸਾਥ ਨਿਭਾਉਣ ਤੇ ਉਹ ਅਸਲੀ ਮਿੱਤਰ ਹਨ ਸਾਡੇ ਗੁਣ ਜਿੰਨਾ
ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥਾਂ ਪਰ ਥਾਂ ਕੀਤਾ ਗਿਆ ਹੈ।
ਅੱਜ ਜਦੋਂ ਇਸ਼ਮੀਤ ਦੇ ਚੰਗੇ ਗੁਣਾਂ ਵਾਲੇ ਪਾਸੇ ਨਿਗਾਹ ਮਾਰਦੇ ਹਾਂ ਤੇ
ਹਿਰਦਾ ਅਸ਼ ਅਸ਼ ਕਰ ਬੈਠਦਾ ਹੈ ਕਿ ਕੋਈ ਇਹੋ ਜਿਹੇ ਸੁਭਾਅ ਦਾ ਵੀ ਮਾਲਕ ਹੋ ਸਕਦਾ ਹੈ? ਜਿਸ ਪਾਸੇ
ਨਿਗਾਹ ਮਾਰੀ ਹਰ ਕੋਈ ਉਸ ਦੇ ਗੁਣਾਂ ਨੂੰ ਬਿਆਨ ਕਰਦਾ ਸੀ, ਉਸ ਨੇ ਦੁਨੀਆਂ ਵਿੱਚ ਸਿੱਖਾਂ ਦੇ ਚੰਗੇ
ਅਕਸ਼ ਨੂੰ ਉਭਾਰ ਕੇ ਪੇਸ਼ ਕੀਤਾ। ਭਾਵੇਂ ਉਸ ਨੇ ਗਲੈਮਰਸ ਦੀ ਦੁਨੀਆਂ ਵਿੱਚ ਕਦਮ ਰਖਿਆ ਸੀ ਜਿਥੇ ਜਾਣ
ਲਈ ਬੱਚੇ ਆਪਣੇ ਸਾਬਤ ਸਿੱਖੀ ਸਰੂਪ ਨੂੰ ਵਿਗਾੜ ਲੈਂਦੇ ਹਨ ਇਸ ਲਈ ਸਿੱਖੀ ਨੂੰ ਪਿਆਰ ਕਰਣ ਵਾਲੇ ਉਸ
ਖੇਤਰ ਨੂੰ ਸਿੱਖ ਨੋਜਵਾਨਾਂ ਦੇ ਭਵਿਖ ਲਈ ਚੰਗਾ ਨਹੀਂ ਸਮਝਦੇ ਪਰ ਇਸ਼ਮੀਤ ਦਾ ਉਸ ਖੇਤਰ ਵਿੱਚ ਆਪਣੇ
ਸਾਬਤ ਸੂਰਤ ਸਰੂਪ ਨਾਲ ਕਦਮ ਰਖਣਾ ਉਨ੍ਹਾਂ ਸਭ ਲਈ ਇੱਕ ਕਰਾਰੀ ਚਪੇੜ ਸੀ ਜਿਹੜੇ ਇਸ ਚਮਕ ਦਮਕ ਦੀ
ਦੁਨੀਆਂ ਵਿੱਚ ਜਾਣ ਲਈ ਆਪਣੇ ਸੋਹਣੇ ਸਿੱਖੀ ਸਰੂਪ ਨੂੰ ਵਿਗਾੜਣ ਲਈ ਪਲ ਵੀ ਨਹੀਂ ਲਾਉਂਦੇ।
ਅਸੀਂ ਆਪਣਾ ਸੋਹਣਾ ਵੀਰ ਗਵਾ ਚੁੱਕੇ ਹਾਂ ਇਹ ਸਭ ਅਸੀਂ ਅਕਾਲਪੁਰਖ ਦਾ ਭਾਣਾ
ਮੰਨਦੇ ਹਾਂ ਕਿਉਂਕਿ ਬਾਣੀ ਵਿੱਚ ਸਾਨੂੰ ਇਸ ਗੱਲ ਦੀ ਸੇਧ ਮਿਲਦੀ ਹੈ ਪਰ ਉਸ ਦੇ ਨਾਲ ਸਾਨੂੰ ਇਹ ਵੀ
ਦਸਿਆ ਗਿਆ ਹੈ ਕਿ ਸਚ ਉਤੇ ਪਏ ਝੂਠ ਦੇ ਪਰਦੇ ਨੂੰ ਕਿਸ ਤਰ੍ਹਾਂ ਹਟਾਉਣਾ ਹੈ, ਇਸ ਲਈ ਸਾਨੂੰ ਇਹ
ਜਾਨਣ ਦਾ ਪੂਰਾ ਹੱਕ ਹੈ ਕਿ ਇੰਨੀ ਤੇਜ਼ੀ ਨਾਲ ਉਭਰਣ ਵਾਲੇ ਇਸ ਸਿਤਾਰੇ ਨਾਲ ਅਜਿਹਾ ਕੀ ਵਾਪਰਿਆ ਸੀ?
ਮੀਡੀਆ ਨੇ ਸਾਨੂੰ ਜੋ ਦਸ ਦਿੱਤਾ ਇੰਨਾ ਕਾਫੀ ਨਹੀਂ, ਸਾਨੂੰ ਇਸ ਗੱਲ ਦੀ ਤਹਿ ਤੱਕ ਜਾਣ ਦੀ ਲੋੜ ਹੈ
ਤਾਂ ਜੁ ਸਾਨੂੰ ਪਤਾ ਲਗ ਸਕੇ ਕਿ ਕਿਹੜੀਆਂ ਤਾਕਤਾਂ ਸਿੱਖਾਂ ਨੂੰ ਸਫਲਤਾ ਦੇ ਰਾਹ ਵੱਲ ਪਹੁੰਚਣ ਲਈ
ਰੁਕਾਵਟਾਂ ਪੈਦਾ ਕਰ ਰਹੀਆਂ ਹਨ। ਇਹ ਸਚਾਈ ਸਾਡੇ ਲਈ ਜਾਨਣੀ ਅਤਿ ਜ਼ਰੂਰੀ ਹੈ ਤਾਂ ਜੁ ਅਸੀਂ ਇਸ਼ਮੀਤ
ਸਿੰਘ ਵਰਗੇ ਹੋਰ ਹੋਨਹਾਰ ਬੱਚਿਆਂ ਨੂੰ ਗਵਾ ਨਾ ਸਕੀਏ।
ਯੰਗ ਸਿੱਖ ਐਸੋਸਿਏਸ਼ਨ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ਼ਮੀਤ ਸਿੰਘ ਦੀ
ਮੌਤ ਨਾਲ ਜੁੜੇ ਹਰ ਪਹਿਲੂ ਦੀ ਸੀ. ਬੀ. ਆਈ ਜਾਂਚ ਕਰਵਾਈ ਜਾਵੇ।
ਅੱਜ ਇਸ਼ਮੀਤ ਨੂੰ ਪਿਆਰ ਕਰਣ ਵਾਲਾ ਹਰ ਨੌਜਵਾਨ ਸਿੱਖ ਬੱਚਾ ਇਹ ਪ੍ਰਣ
ਕਰੇ ਕਿ ਉਹ ਇਸ਼ਮੀਤ ਸਿੰਘ ਦੀ ਤਰ੍ਹਾਂ ਆਪਣੇ ਸਿੱਖੀ ਸਰੂਪ ਨੂੰ ਹਮੇਸ਼ਾਂ ਸਾਂਭ ਕੇ ਰਖੇਗਾ।
ਜਾਰੀ ਕਰਤਾ: ਯੰਗ ਸਿੱਖ ਐਸੋਸੀਏਸ਼ਨ