.

ਸਿੱਖ ਧਰਮ ਤੇ ਅਨਮਤੀ ਤਿਉਹਾਰਾਂ ਦਾ ਗਲਬਾ
ਰਖੜੀ ਤੇ ਵਿਸ਼ੇਸ਼

-ਇਕਵਾਕ ਸਿੰਘ ਪੱਟੀ

ਹਰ ਧਰਮ, ਕੌਮ ਅਤੇ ਮਜ਼ਹਬ ਦੇ ਆਪੋ ਆਪਣੇ ਵੱਖਰੇ-2 ਤਿਉਹਾਰ ਅਤੇ ਰੀਤੀ-ਰਿਵਾਜ਼ ਹੁੰਦੇ ਹਨ। ਜਿਸਨੂੰ ਸਬੰਧਿਤ ਧਰਮ, ਕੌਮ ਅਤੇ ਮਜ਼ਹਬ ਦੇ ਲੋਕ ਹੀ ਮਨਾਂਉਂਦੇ ਹਨ। ਮੁਸਲਿਮ ਕੋਮ ਦੇ ਤਿਉਹਾਰ ਹਿੰਦੂ, ਇਸਾਈ, ਜੈਨੀ, ਬੋਧੀ ਆਦਿ ਨਹੀਂ ਮਨਾਉਂਦੇ ਅਤੇ ਇਹਨਾਂ ਦੇ ਤਿਉਹਾਰ ਮੁਸਲਿਮ ਨਹੀਂ ਮਨਾਉਂਦੇ। ਤਿਉਹਾਰਾਂ ਤੋਂ ਸਾਨੂੰ ਸਬੰਧਿਤ ਕੌਮ ਦੇ ਰੀਤੀ-ਰਿਵਾਜ਼ਾਂ, ਸਿਧਾਤਾਂ, ਉਚਤੱਮ ਆਦਿ ਦਾ ਵੀ ਪਤਾ ਚਲਦਾ ਹੈ ਕਿ ਫਲਾਂ ਕੌਮ ਦਾ ਫਲਾਂ ਤਿਉਹਾਰ ਸਮਾਜ ਨੂੰ ਕੀ ਸਿੱਖਿਆ ਦਿੰਦਾ ਹੈ। ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਆਪਣੇ ਤਿਉਹਾਰ ਹਨ ਜਿਵੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਦਿਵਸ, ਜੋਤੀ-ਜੋਤ ਦਿਵਸ, ਵਿਸਾਖੀ, ਹੋਲਾ ਮਹੱਲਾ, ਕੌਮ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਜਿਸ ਤੋਂ ਨਾ ਕਿ ਸਿਰਫ ਸਾਡੀ ਕੌਮ ਨੂੰ ਬਲਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਪੱਕੇ ਰਹਿਣ, ਦੇਸ਼, ਕੌਮ ਅਤੇ ਮਨੁੱਖਤਾ ਲਈ ਲੜ ਕੇ ਮਰਨ ਦੀ ਸਿੱਖਿਆ ਮਿਲਦੀ ਹੈ।
ਪਰ ਬਦਕਿਸਮਤੀ ਸਾਡੀ ਕੌਮ ਦੀ ਕਿ ਅਸੀਂ ਆਪਣੇ ਯੋਧਿਆਂ, ਸੂਰਬੀਰਾਂ, ਕੌਮੀ ਸ਼ਹੀਦਾਂ ਦੇ ਦਿਹਾੜਿਆਂ ਨਾਲੋਂ ਅਨਮਤੀ ਤਿਉਹਾਰਾਂ ਨੂੰ ਵੱਧ ਚਾਅ ਨਾਲ ਮਨਾਉਂਦੇ ਹਾਂ। ਜਿੰਨ੍ਹਾਂ ਵਿੱਚੋਂ ਕਰਮਕਾਂਢੀ ਤਿਉਹਾਰ ਜਿਆਦਾ ਹੁੰਦੇ ਹਨ ਅਤੇ ਜਿੰਨ੍ਹਾਂ ਦੀ ਗੁਰਬਾਣੀ ਵਿੱਚ ਵੀ ਸਖਤ ਮਨਾਹੀ ਕੀਤੀ ਗਈ ਹੈ। ਪਰ ਅਸੀਂ ਢੀਠ ਬ੍ਰਹਾਮਣਵਾਦੀ ਸੋਚ ਅਧੀਨ ਵਰਤ, ਟਿੱਕਾ ਭਾਈ ਦੂਜ, ਰੱਖੜੀ, ਹੋਲੀ, ਲੋਹੜੀ, ਮੱਸਿਆ, ਸੰਗਰਾਂਦ, ਪੂਰਨਮਾਸੀ ਆਦਿ ਨੂੰ ਵੀ ਗੁਰਦੁਆਰਿਆਂ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਬੁੱਤ ਪੂਜਾ ਬਣਾ ਛੱਡਿਆ ਹੈ। ਜਿੰਨਾਂ ਦੇ ਤਿਉਹਾਰ ਹਨ ਉਹਨਾਂ ਨੂੰ ਮੁਬਾਰਕ ਹਨ। ਪਰ ਸਿੱਖਾਂ ਨੂੰ ਨਹੀਂ।
ਅੱਜ ਅਸੀਂ ਸਿਰਫ ਗੱਲ ਕਰਾਂਗੇ “ਰੱਖੜੀ” ਦੇ ਤਿਉਹਾਰ ਦੀ। ਰੱਖੜੀ ਜੋ ਕਿ ਹਿੰਦੂ ਧਰਮ ਦਾ ਤਿਉਹਾਰ ਹੈ ਜਿਸਦਾ ਪੂਰਾ ਨਾਮ ਹੈ ‘ਰੱਖਸ਼ਾ ਬੰਧਨ’। ਭਾਵ ਰੱਖਿਆ ਕਰਨ ਵਾਲਾ ਧਾਗਾ। ਜਿਸਨੂੰ ਇੱਕ ਔਰਤ ਆਪਣੇ ਭਰਾ ਦੀ ਕਲਾਈ `ਤੇ ਬੰਨ੍ਹ ਕੇ ਹਰ ਸਾਲ ਉਸਨੂੰ ਯਾਦ ਕਰਵਾਉਂਦੀ ਹੈ ਜਾਂ ਕਹਿ ਲਿਆ ਜਾਵੇ ਕਿ ਇੱਕ ਸਾਲ ਦਾ ਅਲਾਰਮ ਲਗਾ ਦਿੰਦੀ ਹੈ ਅਤੇ ਪ੍ਰਣ ਲੈਂਦੀ ਹੈ ਕਿ ਉਹ ਹਮੇਸ਼ਾਂ ਉਸਦੀ ਇੱਜ਼ਤ, ਆਬਰੂ ਦੀ ਰੱਖਿਆ ਕਰਨ ਲਈ ਵਚਨਬੱਧ ਰਹੇਗਾ। ਬਦਲੇ ਵਿੱਚ ਭਰਾ ਵੀ ਉਸਨੂੰ ਨਗਦ ਪੈਸੇ, ਗਿਫ਼ਟ ਆਦਿਕ ਤੋਹਫੇ ਵੱਜੋਂ ਦਿੰਦਾ ਹੈ। ਇੱਥੇ ਔਰਤ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਅਬਲਾ, ਮਜਬੂਰ, ਨਿਮਾਣੀ ਹੈ ਜਿਸ ਕਰਕੇ ਉਸਨੂੰ ਬਚਪਨ ਵਿੱਚ ਪਿਤਾ ਦੇ, ਵੱਡੀ ਹੋ ਕੇ ਭਰਾ ਦੇ, ਵਿਆਹ ਤੋਂ ਬਾਅਦ ਪਤੀ ਉਪਰ ਹੀ ਟੇਕ ਰੱਖਣੀ ਪਵੇਗੀ ਅਤੇ ਉਹ ਆਤਮ ਨਿਰਭਰ ਨਹੀਂ ਹੈ।
ਅਸਲ ਵਿੱਚ ਇਹ ਤਿਉਹਾਰ ਉਸ ਸਮੇਂ ਅਤੇ ਸਮਾਜ ਦੀ ਦੇਣ ਹੈ ਜਿਸ ਵਿੱਚ ਔਰਤ ਨੂੰ ਨਿਮਾਣੀ, ਅਬਲਾ, ਨਿਤਾਣੀ, ਮਜਬੂਰ, ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਤੋਂ ਬਿਨ੍ਹਾਂ ਉਸਦੀ ਆਪਣੇ ਰੂਪ ਵਿੱਚ ਕੋਈ ਪਾਂਇਆਂ ਨਹੀਂ ਹੈ। ਅੇਸਾ ਸਮਾਜ ਜਿਸ ਵਿਚਲੇ ਅਖੌਤੀ ਵਿਦਵਾਨਾਂ, ਫਿਲਾਸਫਰਾਂ ਅਤੇ ਧਾਰਮਿਕ ਆਗੂਆਂ ਨੇ ਇਸਤ੍ਰੀ ਨੂੰ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਕਿਹਾ ਹੈ। ਜਿਸ ਵਿੱਚ ਔਰਤ ਨੂੰ ਨਸ਼ੀਲੀ ਸ਼ਰਾਬ ਅਤੇ ਮਾਰੂ ਜ਼ਹਿਰ ਤੱਕ ਕਿਹਾ ਗਿਆ ਹੈ। ਜਿੱਥੇ ਔਰਤ ਨੂੰ ਇੱਕ ਨਾ-ਮੁਕੰਮਲ ਵਸਤੂ ਕਿਹਾ ਗਿਆ ਹੈ। ਔਰਤ ਨੂੰ ਬਘਿਆੜਨ ਤੱਕ ਕਿਹਾ ਗਿਆ ਹੈ, “ਇਨ ਬਾਘਨ ਤ੍ਰੈ ਲੋਕੀ ਖਾਈ।” ਇਸਤ੍ਰੀ ਕੋਲੋਂ ਧਰਮ ਕਰਮ ਦੇ ਸਾਰੇ ਹੱਕ ਖੋ ਲਏ ਗਏ ਸਨ। ਉਸਨੂੰ ਸਿਰਫ ਇੱਕ ਅਬਲਾ ਦੇ ਰੂਪ ਵਿੱਚ ਹੀ ਪੇਸ਼ ਕੀਤਾ ਗਿਆ ਸੀ। ਜਿਸਨੂੰ ਹੁਕਮ ਸੀ ਕਿ ਉਹ ਸਾਰੀ ਜਿੰਦਗੀ ਮਰਦ ਦੀ ਰਜ਼ਾ ਵਿੱਚ ਹੀ ਗੁਜ਼ਾਰੇ। ਤੁਲਸੀ ਦਾਸ ਵਰਗੇ ਲੇਖਕ ਨੇ ਤਾਂ ਇਸਤ੍ਰੀ, ਸ਼ੁਦਰ, ਪਸ਼ੂ, ਅਤੇ ਢੋਲ ਦੀ ਤਰ੍ਹਾਂ ਪਿਟਾਈ ਦੇ ਲਾਇਕ ਹੀ ਦੱਸਿਆ ਹੈ:
ਢੋਲ, ਗਵਾਰ, ਸ਼ੁਦਰ, ਪਸ਼ੂ, ਨਾਰੀ, ਯਹ ਸਭ ਤਾੜਨ ਕੇ ਅਧਿਕਾਰੀ। (ਤੁਲਸੀ ਰਮਾਇਣ)
ਪਰ ਰੱਬੀ ਨੂਰ ਗੁਰੂ ਨਾਨਕ ਸਾਹਿਬ ਜੀ ਨੇ ਐਸੇ ਸਮਾਜ ਨੂੰ ਲਾਹਨਤਾਂ ਪਾਉਂਦਿਆਂ ਇਸਤ੍ਰੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿਦਿੰਆਂ ਸਖ਼ਤ ਝਾੜ ਪਾਈ ਅਤੇ ਕਿਹਾ:
ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥ (ਆਸਾ ਮ. 1, ਪੰਨਾ 473)
ਕਿ ਉਸ ਇਸਤ੍ਰੀ ਨੂੰ ਬੁਰਾ ਕਿਉਂ ਕਹਿੰਦੇ ਹੋ ਜਿਸਦੀ ਕੁਖੋਂ ਵੱਡੇ-ਵੱਡੇ ਪੀਰ, ਪੈਗੰਬਰ, ਔਲੀਏ, ਸੂਰਬੀਰ, ਯੋਧੇ, ਵਿਦਵਾਨ, ਸੂਰਮੇ, ਫਿਲਾਸਫਰ ਪੈਦਾ ਹੁੰਦੇ ਹਨ। ਉਹ ਆਪ ਮਾੜੀ ਕਿਵੇਂ ਹੋਈ?
ਸਿੱਖ ਧਰਮ ਵਿੱਚ ਔਰਤ ਸਾਰੇ ਧਾਰਮਿਕ ਅਤੇ ਸੰਸਾਰੀ ਕੰਮਾਂ ਵਿੱਚ ਮਰਦ ਦਾ ਬਰਾਬਰ ਸਾਥ ਦੇ ਸਕਦੀ ਹੈ। ਉਸ ਉਪਰ ਕੋਈ ਬੰਦਸ਼ ਨਹੀਂ। ਬੱਸ ਉਸਦਾ ਫ਼ਰਜ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਨੁਸਾਰ ਆਪਣਾ ਜੀਵਣ ਢਾਲਣਾ ਹੈ। ਅਤੇ ਗੁਰਮਤਿ ਅਨੁਸਾਰ ਆਪਣਾ ਜੀਵਣ ਜਿਊਣਾ ਚਾਹੀਦਾ ਹੈ।
ਇਥੇ ਮੇਰੀਆਂ ਭੁਲੜ ਭੈਣਾਂ ਅਤੇ ਵੀਰ ਇਹ ਮਿਸਾਲ ਦਿੰਦੇ ਹਨ ਕਿ ਰੱਖੜੀ ਤਾਂ ਭੇਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਪਰ ਨਾਲ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਦੁਨੀਆਂ ਦੇ 90 ਪ੍ਰਤੀਸ਼ਤ ਤੋਂ ਵੀ ਜਿਆਦਾ ਲੋਕ ਰੱਖੜੀ ਨਹੀਂ ਬੰਨਦੇ, ਕੀ ਉਹਨਾਂ ਭੈਣ-ਭਰਾਵਾਂ ਦੇ ਪਿਆਰ ਵਿੱਚ ਕੋਈ ਘਾਟ ਹੈ? ਦੂਜੀ ਗੱਲ ਭਰਾ ਵੱਲੋਂ ਭੈਣ ਦੀ ਰੱਖਿਆ ਕਰਨ ਦੀ।
ਤਾਂ ਗੁਰੁ ਸਾਹਿਬਾਨ ਨੇ ਇਸਤ੍ਰੀ ਨੂੰ ਅੰਮ੍ਰਿਤ ਛੱਕ ਕੇ, ਹੱਥ ਵਿੱਚ ਤਲਵਾਰ ਫੜ੍ਹ ਕੇ ਦੁਸ਼ਮਣਾਂ ਅਤੇ ਜ਼ਾਲਮਾਂ ਲਈ ਵੰਗਾਰ ਬਣਨ ਦਾ ਹੌਂਸਲਾ, ਸ਼ਕਤੀ ਅਤੇ ਹਿੰਮਤ ਦਿੱਤੀ ਹੈ। ਜਿਸਦੀਆਂ ਮਿਸਾਲਾਂ ਸਿੱਖ ਇਤਿਹਾਸ ਵਿੱਚੋਂ ਮਿਲ ਵੀ ਜਾਂਦੀਆਂ ਹਨ। ਇੱਥੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਸਿੱਖ ਜਿਹੜਾ ਹੈ ਉਹ ਸਿਰਫ ਆਪਣੇ ਪਰਿਵਾਰ ਲਈ ਹੀ ਨਹੀਂ ਸਗੋਂ ਸਮੁਚੀ ਮਾਨਵਤਾ ਦੇ ਲਈ ਜਿਊਂਦਾ ਹੈ ਅਤੇ ਹਰੇਕ ਮੁਸੀਬਤ ਵਿੱਚ ਫਸੀ ਇਸਤ੍ਰੀ ਉਸਦੀ ਭੈਣ ਦਾ ਹੀ ਦਰਜਾ ਰੱਖਦੀ ਹੈ ਅਤੇ ਉਸਦੀ ਰੱਖਿਆ ਕਰਨੀ ਉਸਦਾ ਪਹਿਲਾ ਫਰਜ ਹੈ। ਇਸਦੀਆਂ ਮਿਸਾਲਾਂ ਵੀ ਸਿੱਖ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ ਜਦੋਂ ਗੁਰੂ ਕੇ ਸਿੱਖਾਂ ਨੇ ਅਬਦਾਲੀ ਵਰਗੇ ਜ਼ਰਵਾਣੇ ਕੋਲੋਂ ਹਜਾਰਾਂ ਇਸਤ੍ਰੀਆਂ ਨੂੰ ਆਜ਼ਾਦ ਕਰਵਾਇਆਂ ਸੀ। ਤੀਜੀ ਗੱਲ ਕਿ ਜੋ ਸਿੱਖ ਪਰਿਵਾਰਾਂ ਵਿੱਚ ਅਕਸਰ ਸੁਨਣ ਨੂੰ ਮਿਲਦੀ ਹੈ ਕਿ ਗੁਰੁ ਨਾਨਕ ਸਾਹਿਬ ਜੀ ਨੇ ਵੀ ਬੀਬੀ ਭਾਨੀ ਜੀ ਕੋਲੋਂ ਰੱਖੜੀ ਬਣਵਾਈ ਸੀ। ਬਿਲਕੁਲ ਸਪੱਸ਼ਟ ਹੈ ਕਿ ਗੁਰੁ ਸਾਹਿਬਾਨ ਦੀ ਕੋਈ ਵੀ ਤਸਵੀਰ ਅਸਲੀ ਨਹੀਂ ਹੈ। ਇਹ ਸਿਰਫ ਕਾਲਪਨਿਕ ਹੈ। ਜੋ ਸਾਡੇ ਸ਼ਾਨਾ ਮੱਤੇ ਇਤਿਹਾਸ ਨੂੰ ਮੁੜ ਕਰਮਕਾਂਢੀ ਅਤੇ ਬ੍ਰਹਾਮਣਵਾਦੀ ਦਿੱਖ ਵਖਾਉਣ ਲਈ ਇੱਕ ਸਾਜਿਸ਼ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਲਈ ਸਾਰੀ ਵੀਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਰੱਖੜੀ ਸਿੱਖਾਂ ਦਾ ਤਿਉਹਾਰ ਨਹੀਂ ਹੈ ਅਤੇ ਰੱਖੜੀ ਦਾ ਤਿਉਹਾਰ ਸਿੱਖਾਂ ਵੱਲੋਂ ਮਨਾਉਣਾ ਗੁਰਮਤਿ ਸਿਧਾਂਤਾਂ ਦੇ ਨਿਰਾਦਰ ਤੁੱਲ ਹੈ।
ਅਫਸੋਸ ਤਾਂ ਇਸ ਗੱਲ ਦਾ ਹੋਰ ਵੀ ਵੱਧ ਜਾਂਦਾ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਭੁੱਲ ਕੇ ਅਨਮਤੀਂ ਤਿਉਹਾਰਾਂ ਨੂੰ ਅਪਣਾ ਲਿਆ ਹੈ ਅਤੇ ਸੱਭ ਤੋਂ ਵੱਡਾ ਦੁਖਦਾਈ ਪਹਿਲੂ ਇਹ ਵੀ ਹੈ ਜਦੋਂ ਰੱਖੜੀ ਵਾਲੇ ਦਿਨ ਅੰਮ੍ਰਿਤਧਾਰੀ ਸਿੱਖਾਂ ਅਤੇ ਸਿੰਘਣੀਆਂ ਨੂੰ ਵੀ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ, ਗੁਰੁ ਗ੍ਰੰਥ ਸਾਹਿਬ ਜੀ ਦੇ ਪੀਹੜੇ, ਸੁੱਖ ਆਸਨ ਸਥਾਨ, ਗੋਲਕਾਂ ਆਦਿ ਤੇ ਵੀ ਰੱਖੜੀ ਬੰਨ੍ਹ ਕੇ ਗੁਰਮਤਿ ਅਸੂਲਾਂ ਦਾ ਜਲੂਸ ਕੱਢਦਿਆਂ ਦੇਖਿਆ ਜਾਂਦਾ ਹੈ।
ਪਰ ਬਾਬੇ ਨਾਨਕ ਦੇ ਬੱਚੇ-ਬੱਚੀਆਂ ਅਜਿਹੇ ਮਨਮਤੀ ਕਰਮ ਕਦੇ ਨਹੀਂ ਕਰਦੇ ਅਤੇ ਰੀਤੀ ਰਿਵਾਜ਼ਾਂ ਦੀ ਥਾਂ ਗੁਰਮਤਿ ਨੂੰ ਪਹਿਲ ਦੇਣਗੇ। ਉਮੀਦ ਕਰਦਾਂ ਹਾਂ।
ਦਾਸ:
-ਇਕਵਾਕ ਸਿੰਘ ਪੱਟੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਮੋ: 098150-24920




.