.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਬਾਬਾ ਨਾਨਕ ਮਗਰੋਂ, ਡਾਲਰ ਪਹਿਲਾਂ (ਇੱਕ ਹੱਡ-ਬੀਤੀ)

ਅਕਸਰ ਜਦੋਂ ਅਰਦਾਸ ਵਿੱਚ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਮੰਗਦਿਆਂ ਸ੍ਰੀ ਨਨਕਾਣਾ ਸਾਹਿਬ ਦਾ ਨਾਮ ਆਉਂਦਾ ਤਾਂ ਮਨ ਦੇ ਧੁਰ ਅੰਦਰ ਤੱਕ ਇੱਕ ਖਿੱਚ ਪੈਦਾ ਹੁੰਦੀ। ਵਾਹਿਗੁਰੂ ਅੱਗੇ ਅਰਦਾਸ ਹੁੰਦੀ ਕਿ "ਸਤਿਗੁਰੂ ਜੀਓ, ਜਿਸ ਪਵਿੱਤਰ ਧਰਤੀ ਤੇ ਬਾਬੇ ਨਾਨਕ ਨੇ ਜਨਮ ਲਿਆ ਉਸ ਦੇ ਦੀਦਾਰੇ ਇਕ ਵਾਰ ਜ਼ਰੂਰ ਕਰਵਾ ਦਿਉ।" ਫਿਰ ਜਦ ਪਿੱਛੇ ਜਿਹੇ ਮਨਮੋਹਨ ਵਾਰਿਸ ਦੀ ਧਾਰਮਿਕ ਕੈਸਿਟ ਵਿੱਚ ਗਾਏ ਗੀਤ ਦੇ ਬੋਲ ਕੰਨਾਂ ਵਿੱਚ ਵਜਦੇ "ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ……" ਬੱਸ ਦਿਲ ਅੰਦਰ ਇੱਕ ਹੂਕ ਜਿਹੀ ਉਠਦੀ ਅਤੇ ਅੱਖਾਂ ਰਾਹੀਂ ਵਹਿ ਤੁਰਦੀ। ਫਿਰ ਅਰਦਾਸ ਦਹਰਾਉਂਦਾ ਹਾਂ- ਸਤਿਗੁਰੂ ਜੀਓ, ਇੱਕ ਵਾਰ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾ ਦੇਣੇ।

ਫਿਰ ਜਿਸ ਤਰ੍ਹਾਂ ਕਹਿੰਦੇ ਨੇ ਰੱਬ ਘਰ ਦੇਰ ਹੈ, ਹਨ੍ਹੇਰ ਨਹੀਂ, ਵਾਹਿਗੁਰੂ ਜੀ ਨੇ ਅਰਦਾਸ ਸੁਣ ਲਈ। ਪੱਟੀ ਤੋਂ ਭਾਈ ਬਲਵਿੰਦਰ ਸਿੰਘ ਜੀ ਦੇ ਕੀਰਤਨੀ ਜੱਥੇ ਵੱਲੋਂ ਫੋਨ ਆਇਆਂ ਕਿ ‘ਸ੍ਰੀ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਜੱਥਾ ਭਾਰਤ ਤੋਂ ਪਾਕਿਸਤਾਨ ਜਾ ਰਿਹਾ ਹੈ ਅਤੇ ਸਾਨੂੰ ਤਬਲਾ ਵਾਦਕ ਦੀ ਲੋੜ ਹੈ, ਜੇਕਰ ਤੁਸੀਂ ਨਾਲ ਜਾਣਾ ਚਾਹੁੰਦੇ ਹੋ ਤਾਂ ਆਪਣਾ ਪਾਸਪੋਰਟ ਭੇਜ ਦਿਓ।’ ਬੱਸ ਮਨ ਅੱਸ਼-ਅੱਸ਼ ਕਰ ਉਠਿਆ। ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਇਆਂ, ਫਿਰ ਕੋਟਾਨ-ਕੋਟਿ ਧੰਨਵਾਦ ਕੀਤਾ ਅਤੇ ਇੱਕ ਬੇਨਤੀ ਹੋਰ ਕੀਤੀ ਕਿ ‘ਪਾਤਸ਼ਾਹ ਜੀਓ ਹੁਣ ਰਸਤਾ ਤਾਂ ਬਣ ਗਿਆ ਹੈ, ਬੱਸ ਵੀਜ਼ਾ ਵੀ ਮਿਲ ਜਾਵੇ ਤਾਂ………।’

ਛੇਤੀ ਹੀ ਮੈਂ ਆਪਣਾ ਪਾਸਪੋਰਟ ਭੇਜ ਦਿੱਤਾ। ਕੁੱਝ ਦਿਨਾਂ ਬਾਅਦ ਪਤਾ ਲੱਗਿਆ ਕਿ ਵੀਜ਼ਾ ਵੀ ਲੱਗ ਗਿਆ ਹੈ। ਮੇਰੀ ਖ਼ੁੱਸ਼ੀ ਦਾ ਕੋਈ ਦਾ ਹੱਦ-ਬੰਨ੍ਹਾ ਨਾ ਰਿਹਾ। ਤਰੁੰਤ ਹੀ ਆਪਣੀ ਖ਼ੁਸ਼ੀ ਸਾਂਝੀ ਕਰਨ ਲਈ ਆਪਣੇ ਸੱਜਣਾਂ-ਮਿਤਰਾਂ ਨੂੰ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਪਾਕਿਸਤਾਨ ਜਾਣ ਦਾ ਵੀਜ਼ਾ ਮਿਲ ਗਿਆ ਹੈ ਅਤੇ ਰੋਜ਼ਾਨਾ ਮੰਗੀ ਜਾਂਦੀ ਮੰਗ- "ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਤੋਂ ਵਿਛੋੜਿਆ ਗਿਆ ਹੈ, ਦੇ ਖੁੱਲ਼੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖ਼ਾਲਸਾ ਜੀ ਨੂੰ ਬਖਸ਼ੋ…" ਸਫ਼ਲ ਹੋ ਗਈ ਹੈ।

ਧਾਰਮਿਕ ਖੇਤਰ ਹੋਣ ਕਰਕੇ ਜ਼ਿਆਦਾ ਸੱਜਣ-ਮਿੱਤਰ, ਕੀਰਤਨੀਏ, ਗ੍ਰੰਥੀ ਜਾਂ ਪ੍ਰਚਾਰਕ ਹੀ ਸਨ, ਪਰ ਮੈਨੂੰ ਡਾਢੀ ਸੱਟ ਵੱਜੀ, ਜਦੋਂ ਉਹਨਾਂ ਨੇ ਮੇਰੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੀ ਥਾਂ ਤੇ ਮੈਂਨੂੰ ਬੇਵਕੂਫ, ਨਾ-ਸਮਝ ਕਹਿਣਾ ਸ਼ੁਰੂ ਕਰ ਦਿੱਤਾ। ਕਾਰਣ ਪੁੱਛਣ ਤੇ ਦੱਸਿਆ ਕਿ ਜੇਕਰ ਇੱਕ ਵਾਰ ਤੂੰ ਪਾਕਿਸਤਾਨ ਜਾ ਆਇਆ ਤਾਂ ਫਿਰ ਸਾਰੀ ਜਿੰਦਗੀ ਅਮਰੀਕਾ, ਇੰਗਲੈਂਡ ਆਦਿ ਵੱਡੇ ਦੇਸ਼ਾ ਵਿੱਚ ਨਹੀਂ ਜਾ ਸਕੇਂਗਾ। ਕਿਸੇ ਨੇ ਕਿਹਾ- ਪਾਕਿਸਤਾਨ ਦੀ ਕਰੰਸੀ ਹੀ ਕਿੰਨੀ ਹੈ? ਜੇ ਜਾਣਾ ਹੀ ਤਾਂ ਸੀ ਕਿਸੇ ਹੋਰ ਦੇਸ਼ ਵਿੱਚ ਜਾਂਦਾ, ਜਿੱਥੇ ਚਾਰ ਡਾਲਰ ਤਾਂ ਕਮਾ ਕੇ ਲੈ ਆਉਂਦਾ। ਇੱਕ ਨੇ ਤਾਂ ਇਥੋਂ ਤੱਕ ਕਿਹਾ, ‘ਜੇ ਅਜੇ ਵੀ ਪਾਸਪੋਰਟ ਮਿਲਦਾ ਹੈ ਤਾਂ ਵਾਪਿਸ ਲੈ ਆ, ਐਂਵੇਂ ਪਾਸਪੋਰਟ ਖ਼ਰਾਬ ਨਾ ਕਰ।’

ਮਨ ਇਨ੍ਹਾਂ ਨਿਰਾਸ਼ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਸਾਨੂੰ ਕੀ ਬਣਾ ਕੇ ਗਏ ਸਨ ਅਤੇ ਅਸੀਂ ਕੀ ਬਣ ਗਏ ਹਾਂ। ਸਾਡੀ ਪੂਜਾ ਦਾ ਧਾਨ ਖਾਣ ਵਾਲਿਆ ਦੀ ਸੋਚ ਇੰਨੀ ਮਾਇਆਵਾਦੀ ਹੋ ਗਈ ਹੈ ਕਿ ਸਾਨੂੰ ਗੁਰਬਾਣੀ ਗਾਉਣ, ਪੜ੍ਹਨ ਵਾਲਿਆਂ ਨੂੰ ਵੀ ਗੁਰੂ ਭੁੱਲ ਗਿਆ? ਗੁਰੂ ਨਾਲ ਪਿਆਰ ਨਹੀਂ ਰਿਹਾ। ਸ਼ਾਇਦ ਇਹੋ ਕੌਮ ਨੂੰ ਸਿੱਧੇ ਰਾਹ ਪਾਉਣ ਵਾਲੇ ਰਾਗੀਆਂ, ਪਾਠੀਆਂ ਬਾਰੇ ਗੁਰੂ ਪਾਤਸ਼ਾਹ ਨੂੰ ਸੰਬੋਧਨ ਕਰਦਿਆਂ ਕਿਸੇ ਕਵੀ ਨੇ ਇਹ ਲਿਖਿਆ ਹੈ :

ਜਦ ਕਿ ਤਲਵੰਡੀ ਵੀ ਤੇਰੀ ਕੌਮ ਦੀ ਜਾਗ਼ੀਰ ਨਹੀਂ।।

ਅਫ਼ਸੋਸ ਅਸੀਂ ਪਦਾਰਥਵਾਦੀ ਯੁੱਗ ਵਿੱਚ ਇਨੇ ਖਚਿਤ ਹੋ ਗਏ ਹਾਂ ਅਤੇ ‘ਕੇਵਲ ਰੋਟੀਆਂ ਕਾਰਣਿ ਪੂਰਹਿਂ ਤਾਲ’ ਵਾਲੀ ਅਵਸਥਾ ਬਣ ਗਈ ਹੈ।

ਖ਼ੈਰ! ਫਿਰ ਵਾਹਿਗੁਰੂ ਅੱਗੇ ਧੰਨਵਾਦ ਕਰਦਿਆਂ ਅਰਦਾਸ ਕੀਤੀ, "ਸਤਿਗੁਰੂ ਜੀਓ, ਚੜ੍ਹਦੀ ਕਲਾ ਬਖਸ਼ਣੀ।"

13 ਜੂਨ 2006 ਨੂੰ ਸਾਡਾ ਜੱਥਾ ਪਤਕਿਸਤਾਨ ਨੂੰ ਰਵਾਨਾ ਹੋਇਆਂ। ਪਹਿਲਾਂ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਠਹਿਰੇ, ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਦੀ ਸੇਵਾ ਨਿਭਾਈ। ਫਿਰ ਨਨਕਾਣਾ ਸਾਹਿਬ, ਪੰਜਾ ਸਾਹਿਬ ਆਦਿ ਗੁਰਦੂਆਰਿਆਂ ਵਿੱਚ ਦਰਸ਼ਨ ਕਰਕੇ ਤਨ-ਮਨ ਨਿਹਾਲ ਕੀਤਾ ਅਤੇ ਹੋਰ ਅਨੇਕਾਂ ਗੁਰਦੂਆਰਾ ਸਾਹਿਬ ਤੰਬੂ ਸਾਹਿਬ, ਚੂਨਾ ਮੰਡੀ ਲਾਹੌਰ, ਗੁ. ਸ਼ਹੀਦ ਸਿੰਘ ਸਿੰਘਣੀਆਂ, ਕਰਤਾਰਪੁਰ ਸਾਹਿਬ, ਐਮਨਾਬਾਦ. ਆਦਿ ਅਨੇਕਾਂ ਗੁਰਦੂਆਰਿਆ ਦੇ ਦਰਸ਼ਨ ਦੀਦਾਰੇ ਕਰਕੇ ਮਨ ਨੂੰ ਉਹ ਸਕੂਨ ਅਤੇ ਸ਼ਾਤੀ ਮਿਲੀ, ਜੋ ਸ਼ਾਇਦ ਮੈਨੂੰ ਗੋਰਿਆਂ ਦੇ ਦੇਸ਼ ਵਿੱਚ ਜਾ ਕੇ ਡਾਲਰਾਂ ਅਤੇ ਪੌਂਡਾਂ ਨਾਲ ਨਹੀਂ ਮਿਲ ਸਕਦੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ ਨੂੰ ਨਤਮਸਤਕ ਹੋ ਕਿ ਕੀਤੀ ਅਰਦਾਸ ਸਫ਼ਲ ਹੋ ਗਈ ਅਤੇ ਮਨ ਅਨੰਦ ਦੀ ਅਵਸਥਾ ਵਿੱਚ ਆ ਗਿਆ।

ਹੁਣ ਮੇਰੇ ਮਨ ਵਿੱਚ ਇਹ ਗੱਲ ਆ ਰਹੀ ਸੀ ਕਿ ਸਾਡੇ ਵੱਲੋਂ ਰੋਜ਼ਾਨਾ ਕੀਤੀ ਜਾ ਰਹੀ ਅਰਦਾਸ ਅਤੇ ਸਾਡੀ ਸੋਚ ਵਿੱਚ ਕਿੰਨਾ ਫ਼ਰਕ ਹੈ।

******************* ਦਾਸ:

-ਇਕਵਾਕ ਸਿੰਘ ‘ਪੱਟੀ’

ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

ਮੋ. 98150-24920




.