.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਇਨਸਾਨੀਅਤ ਦਾ ਮਰ ਜਾਣਾ

ਸਿਅਣਿਆਂ ਦਾ ਕਥਨ ਹੈ ਕਿ ਦੋ ਦਿਨ ਜ਼ਿੰਦਗੀ ਘੱਟ ਜੀਓ ਪਰ ਜੀਓ ਅਣਖ਼ ਦੇ ਨਾਲ, ਦੋ ਪੈਰ ਘੱਟ ਤੁਰ ਲਓ ਪਰ ਤੁਰੋ ਮਟਕ ਦੇ ਨਾਲ ਤੇ ਜ਼ਿੰਦਾ ਦਿੱਲੀ ਦਾ ਨਾਂ ਹੀ ਜ਼ਿੰਦਗੀ ਹੈ। ਸੰਸਾਰ ਵਿੱਚ ਕੁੱਝ ਲੋਕ ਉਹ ਆਉਂਦੇ ਨੇ ਕ੍ਰਾਂਤੀ-ਕਾਰੀ ਹੁੰਦੇ ਹਨ, ਤੇ ਲੋਕਾਂ ਲਈ ਆਪਾ ਵਾਰ ਕੇ ਜ਼ਮਾਨੇ ਦੀ ਰੂਪ ਰੇਖਾ ਹੀ ਬਦਲ ਜਾਂਦੇ ਹਨ ਪਰ ਕੁੱਝ ਅਜੇਹੇ ਬੁਜ਼ਦਿੱਲ ਵੀ ਆਉਂਦੇ ਨੇ ਜੋ ਕਰਾਮਾਤਾਂ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਬੁਜ਼ਦਿਲੀਆਂ ਵਰਗੀ ਲਾਹਨਤਾਂ ਪੈਦਾ ਕਰਕੇ ਚੱਲਦੇ ਬਣਦੇ ਹਨ। ਏਦਾਂ ਦੇ ਮਨੁੱਖ ਨੂੰ ਸੁੱਕਿਆ ਹੋਇਆ ਰੁੱਖ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਨਾ ਤੇ ਇਸ ਤੋਂ ਕੋਈ ਛਾਂ ਮਿਲਣੀ ਹੈ ਤੇ ਨਾ ਹੀ ਕਿਸੇ ਫ਼ਲ਼ ਦੀ ਕੋਈ ਆਸ ਹੈ। ਸੁੱਕਿਆ ਹੋਇਆ ਰੁੱਖ ਸਭ ਤੋਂ ਪਹਿਲਾਂ ਅੱਗ ਦੀ ਭੇਟ ਚੜ੍ਹਦਾ ਹੈ। ਗੁਰੂ ਅਮਰਦਾਸ ਜੀ ਦਾ ਵਾਕ ਹੈ –

ਮਨਮੁਖ ਊਭੇ ਸੁਕਿ ਗਏ, ਨਾ ਫਲੁ ਤਿੰਨਾ ਛਾਉ।।

ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ।।

ਕਟੀਅਹਿ ਤੈ ਨਿਤ ਜਾਲੀਅਹਿ, ਓਨ੍ਹ੍ਹਾ ਸਬਦੁ ਨ ਨਾਉ।।

ਸਿਰੀ ਰਾਗ ਮਹਲਾ ੩ ਪੰਨਾ ੬੬—

ਸਕੂਲੀ ਬੱਚਿਆਂ ਦੇ ਬਹੁ-ਪੱਖੀ ਵਿਕਾਸ ਲਈ ਕਈ ਪਰਕਾਰ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਕਿ ਸਕੂਲ ਵਿਚੋਂ ਨਿਲਕਦੇ-ਸਾਰ ਆਪਣੇ ਪੈਰਾਂ `ਤੇ ਖਲੋ ਸਕਣ। ਸਰਕਸਾਂ ਵਿੱਚ ਸਿਖਾਏ ਹੋਏ ਹਾਥੀ ਘੋੜਿਆਂ ਦੇ ਕਰਤੱਵ ਦੇਖਣ ਲਈ ਪੈਸੇ ਖਰਚ ਕੇ ਮਨੁੱਖ ਜਾਂਦਾ ਹੈ। ਇਨਾਸਨੀਅਤ ਦੀ ਘਾੜਤ ਘੜਨ ਲਈ ਵੀ ਗੁਰਬਾਣੀ ਨੇ ਮਨੁੱਖੀ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਦਿੱਤੇ ਹਨ ਤਾਂ ਕਿ ਇਸ ਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਸਕੇ। ਏਸੇ ਪੱਖ ਵਿੱਚ ਕਬੀਰ ਸਾਹਿਬ ਜੀ ਨੇ ਰਾਗ ਗੋਂਡ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਐ ਮਨੁੱਖ ਤੈਨੂੰ ਅਜੇ ਤਾਂਈ ਇਹ ਹੀ ਪਤਾ ਨਹੀਂ ਲੱਗਿਆ ਤੂੰ ਕੀ ਕਰ ਰਿਹਾ ਏਂ? ਪੂਰਾ ਸ਼ਬਦ ਇਸ ਪਰਕਾਰ ਹੈ—

ਨਰੂ ਮਰੈ, ਨਰੁ ਕਾਮਿ ਨ ਆਵੈ।।

ਪਸੂ ਮਰੈ, ਦਸ ਕਾਜ ਸਵਾਰੈ।। ੧।। ਅਪਨੇ ਕਰਮ ਕੀ ਗਤਿ, ਮੈ ਕਿਆ ਜਾਨਉ।।

ਮੈ ਕਿਆ ਜਾਨਉ, ਬਾਬਾ ਰੇ।। ੧।। ਰਹਾਉ।।

ਹਾਡ ਜਲੇ, ਜੈਸੇ ਲਕਰੀ ਕਾ ਤੂਲਾ।।

ਕੇਸ ਜਲੇ, ਜੈਸੇ ਘਾਸ ਕਾ ਪੂਲਾ।। ੨।।

ਕਹੁ ਕਬੀਰ, ਤਬ ਹੀ ਨਰੁ ਜਾਗੈ।।

ਜਮ ਕਾ ਡੰਡੁ ਮੂੰਡ ਮਹਿ ਲਾਗੈ।। ੩।। ੨।।

ਰਾਗ ਗੋਂਡ ਬਾਣੀ ਕਬੀਰ ਜੀ ਕੀ {ਪੰਨਾ ੮੭੦}

ਇਸ ਸ਼ਬਦ ਦੇ ਪਹਿਲੇ ਅਖ਼ਰੀਂ ਅਰਥਾਂ ਵਲ ਨਿਗਾਹ ਮਾਰਾਂਗੇ ਫਿਰ ਇਸਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ। ਰਹਾਉ ਦੀਆਂ ਤੁਕਾਂ ਵਿੱਚ ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਮੈਂ ਕੀ ਕਰ ਰਿਹਾਂ ਹਾਂ।

ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਜੇ ਇਨਸਾਨ ਮਰ ਜਾਏ ਤਾਂ ਇਹ ਕਿਸੇ ਕੰਮ ਨਹੀਂ ਆਉਂਦਾ ਪਰ ਪਸ਼ੂ ਮਰ ਜਾਏ ਮਨੁੱਖੀ ਜ਼ਿੰਦਗੀ ਦੇ ਦਸ ਕਾਰਜ ਸਵਾਰਦਾ ਹੈ।

ਦੂਸਰੇ ਬੰਦ ਵਿੱਚ ਮਰੇ ਹੋਏ ਮਨੁੱਖ ਦੇ ਹੱਡ ਇਸ ਤਰ੍ਹਾਂ ਸੜਦੇ ਹਨ ਜਿਵੇਂ ਸੁੱਕੀਆਂ ਹੋਈਆਂ ਲੱਕੜੀਆਂ ਸੜ ਰਹੀਆਂ ਹੋਣ ਤੇ ਕੇਸ ਘਾਹ ਦੇ ਪੂਲ਼੍ਹੇ ਵਾਂਗ ਸੜਦੇ ਨਜ਼ਰ ਆਉਂਦੇ ਹਨ। ਜਿਸ ਸਰੀਰ ਦਾ ਮਾਣ ਕਰੇਂਦਾ ਸੇਂ ਉਹ ਭੰਗ ਦੇ ਭਾੜ੍ਹੇ ਵਿੱਚ ਚਲਾ ਗਿਆ।

ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਆਦਮੀ ਓਦੋਂ ਹੀ ਜਾਗਦਾ ਹੈ ਜਦੋਂ ਜਮਾਂ ਦਾ ਡੰਡਾ ਇਸ ਦੀਆਂ ਮੌਰਾਂ ਵਿੱਚ ਵੱਜਦਾ ਹੈ। ਸਮਾਂ ਲੰਘ ਜਾਣ `ਤੇ ਪਛਤਾਉਣ ਦਾ ਕੋਈ ਲਾਭ ਨਹੀਂ ਹੈ।

ਇਹ ਤੇ ਉਹ ਵਿਚਾਰ ਹੈ ਜੋ ਕੇਵਲ ਅਖ਼ਰੀਂ ਬਣਦੀ ਹੈ ਹੁਣ ਉਹ ਵਿਚਾਰ ਕਰਨੀ ਹੈ ਕਿ ਸਾਨੂੰ ਇਸ ਸ਼ਬਦ ਵਿਚੋਂ ਆਤਮਿਕ ਉਪਦੇਸ਼ ਕੀ ਮਿਲਦਾ ਹੈ ਜਾਂ ਦੁਨੀਆਂ ਨੂੰ ਕ੍ਰਾਂਤੀਕਾਰੀ ਸੋਚ ਕੀ ਮਿਲਦੀ ਹੈ।

ਗੁਰਬਾਣੀ ਦਾ ਸੱਚ ਹਰ ਮਨੁੱਖ `ਤੇ ਲਾਗੂ ਹੁੰਦਾ ਹੈ ਇਹ ਨਹੀਂ ਕਿ ਗੁਰਬਾਣੀ ਕੇਵਲ ਖਾਸ ਲੋਕਾਂ ਲਈ ਹੀ ਉਚਾਰਣ ਕੀਤੀ ਗਈ ਹੈ। ਤਰ੍ਹਾਂ ਤਰ੍ਹਾਂ ਦੀਆਂ ਮਿਸਾਲਾਂ ਦੇ ਦੇ ਕੇ ਮਨੁੱਖ ਦੀ ਹੋਣੀ ਨੂੰ ਬਦਲਣ ਦਾ ਯਤਨ ਕੀਤਾ ਹੈ। ਗੁਰਬਾਣੀ ਦੇ ਜਿੱਥੇ ਅਖ਼ਰੀਂ ਅਰਥਾਂ ਨੂੰ ਸਮਝਣਾ ਹੈ ਓਥੇ ਭਾਵ ਅਰਥ ਨੂੰ ਸਮਝਣ ਦਾ ਯਤਨ ਕਰਨਾ ਹੈ। ਫ਼ਰੀਦ ਜੀ ਇੱਕ ਸਲੋਕ ਵਿੱਚ ਮੁਸਲਮਾਨ ਭਰਾਵਾਂ ਨੂੰ ਕਹਿ ਰਹੇ ਕਿ ਜਿਹੜਾ ਮੁਸਲਮਾਨ ਸਵੇਰੇ ਉੱਠ ਕੇ ਨਿਮਾਜ਼ ਅਦਾ ਨਹੀਂ ਕਰਦਾ ਉਸ ਦਾ ਸਿਰ ਵੱਢ ਦੇਣ ਵਿੱਚ ਹੀ ਭਲਾ ਹੈ, ਭਾਵ ਕਤਲ ਕਰ ਦੇਣਾ ਚਾਹੀਦਾ ਹੈ ---

ਉਠੁ ਫਰੀਦਾ, ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ।।

ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਕਪਿ ਉਤਾਰਿ।। ੭੧।।

{ਪੰਨਾ ੧੩੮੧}

ਸਪੱਸ਼ਟ ਲਿਖਿਆ ਹੈ ਕਿ "ਸੋ ਸਿਰੁ ਕਪਿ ਉਤਾਰਿ" ਕੀ ਅਮਲੀ ਜੀਵਨ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ? ਕੀ ਕਦੀ ਕਿਸੇ ਦਾ ਸਿਰ ਵੱਢਿਆ ਹੈ? ਜੇ ਨਹੀਂ ਤਾਂ ਫਿਰ ਇਸ ਦਾ ਭਾਵ ਅਰਥ ਹੀ ਲਵਾਂਗੇ—ਕਿ ਉਸ ਸਿਰ ਦਾ ਕੋਈ ਵੀ ਲਾਭ ਨਈਂ ਏਂ, ਜਿਹੜਾ ਖ਼ੁਦਾ ਦੀ ਯਾਦ ਵਿੱਚ ਜੁੜਦਾ ਨਹੀਂ ਹੈ। ਇੰਜ ਹੀ ਇਸ ਸ਼ਬਦ ਦੇ ਭਾਵ ਅਰਥ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਕਬੀਰ ਸਾਹਿਬ ਜੀ ਰਹਾਉ ਦੀਆਂ ਤੁਕਾਂ ਵਿੱਚ ਮੱਨੁਖ ਨੂੰ ਸੰਬੋਧਨ ਹੁੰਦਿਆਂ ਦੱਸ ਰਹੇ ਹਨ ਕਿ, "ਐ ਮਨੁੱਖ ਤੈਨੂੰ ਆਪਣੇ ਕਰਮ ਸਬੰਧੀ ਪਹਿਛਾਣ ਨਹੀਂ ਹੈ ਕਿ ਤੂੰ ਕੀ ਕਰ ਰਿਹਾ ਏਂ"।

ਅਪਨੇ ਕਰਮ ਕੀ ਗਤਿ, ਮੈ ਕਿਆ ਜਾਨਉ।। ਮੈ ਕਿਆ ਜਾਨਉ, ਬਾਬਾ ਰੇ।।

ਸਾਡਾ ਬੱਚਾ ਦੱਸ ਸਾਲ ਦਾ ਹੋਇਆ ਹੈ ਉਹ ਇਸ ਗੱਲ `ਤੇ ਜ਼ੋਰ ਦੇ ਰਿਹਾ ਏ ਕਿ ਮੈਨੂੰ ਬੁਲਿਟ ਮੋਟਰ ਸਾਇਕਲ ਲੈ ਕੇ ਦਿਓ। ਕੀ ਅਸੀਂ ਉਸ ਨੂੰ ਵੱਡਾ ਸਾਰਾ ਤੇ ਵਿਤੋਂ ਵੱਧ ਭਾਰਾ ਮੋਟਰ-ਸਾਇਕਲ ਲੈ ਕੇ ਦਿਆਂਗੇ? ਕਦੇ ਵੀ ਨਹੀਂ ਕਿਉਂਕਿ ਸਾਡਾ ਬੱਚਾ ਵੱਡੇ ਸਾਰੇ ਮੋਟਰ ਸਾਇਕਲ ਨੂੰ ਸੰਭ੍ਹਾਲ਼ ਕੇ ਨਹੀਂ ਰੱਖ ਸਕਦਾ। ਬੱਚਾ ਟਾਫੀਆਂ ਖਾ ਰਿਹਾ ਹੈ ਪਰ ਉਸ ਨੂੰ ਇਹ ਪਤਾ ਨਹੀਂ ਕਿ ਕਲ੍ਹ ਨੂੰ ਮੇਰੇ ਦੰਦ ਵੀ ਖਰਾਬ ਹੋ ਸਕਦੇ ਹਨ। ਇੰਜ ਹੀ ਮਨੁੱਖ ਵਿਕਾਰੀ ਕੰਮ ਕਰੀ ਜਾ ਰਿਹਾ ਹੈ ਪਰ ਇਹ ਸਮਝ ਨਹੀਂ ਰੱਖ ਰਿਹਾ ਕਿ ਕਲ੍ਹ ਮੈਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਣਾ ਹੈ। ਸਾਡੇ ਰਾਜਨੀਤਿਕ ਆਗੂਆਂ ਨੂੰ ਪਤਾ ਹੈ ਕਿ ਕਲ੍ਹ ਨੂੰ ਦੂਜੀ ਸਰਕਾਰ ਆ ਗਈ ਤਾਂ ਸਾਡੇ ਕੀਤੇ ਕੰਮਾਂ ਦੀ ਜ਼ਰੂਰ ਪੁੱਛ-ਪ੍ਰਤੀਤ ਹੋਏਗੀ ਪਰ ਰਾਜਨੀਤਿਕ ਆਗੂ ਰਾਜ ਦੇ ਨਸ਼ੇ ਵਿੱਚ ਬਿਲਕੁਲ ਹੀ ਸਮਝਣ ਨੂੰ ਤਿਆਰ ਨਹੀਂ ਹੁੰਦੇ ਪਰ ਪਤਾ ਓਦੋਂ ਲੱਗਦਾ ਹੈ ਜਦੋਂ ਜੇਹਲ ਦੀ ਹਵਾ ਖਾ ਰਹੇ ਹੁੰਦੇ ਹਨ। ਕਬੀਰ ਸਹਿਬ ਜੀ ਦੱਸ ਰਹੇ ਹਨ ਮਨੁੱਖ ਨੂੰ ਆਪਣੇ ਕਰਮ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਜੋ ਵੀ ਕਰਮ ਕਰ ਰਿਹਾ ਹੈ ਉਸ ਦਾ ਨਤੀਜਾ ਜ਼ਰੂਰ ਭੁਗਤਣਾ ਪੈਣਾ ਹੈ। ਅੱਗੇ ਕਹਿ ਰਹੇ ਹਨ ਕਿ ਮੈਂ ਕਦੇ ਸੋਚਦਾ ਈ ਨਹੀਂ ਕਿ ਮੈਂ ਕਿਹੋ ਜੇਹੇ ਨਿੱਤ ਕਰਮ ਕਰੀ ਜਾ ਰਿਹਾ ਹਾਂ। ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਇਸ ਦਾ ਮੈਨੂੰ ਖ਼ਿਆਲ ਹੀ ਨਹੀਂ ਆ ਰਿਹਾ। ਇਸ ਵਿਚਾਰ ਦਾ ਭਾਵ ਅਰਥ ਹੈ ਕਿ ਮੰਦੇ ਕਰਮ ਕਰਨ ਨਾਲ ਮਨੁੱਖ ਦੀ ਅੰਦਰਲੇ ਗੁਣਾਂ ਵਾਲੀ ਬਣਤਰ ਟੁੱਟ ਜਾਂਦੀ ਹੈ। ਇਸ ਸ਼ਬਦ ਦਾ ਵਿਸ਼ਾ ਵਸਤੂ ‘ਕਰਮ` ਦਾ ਹੈ ਤੇ ਫਿਰ ਵਿਸ਼ੇ ਅਨੁਸਾਰ ਹੀ ਇਸ ਦੀ ਵਿਚਾਰ ਕੀਤੀ ਜਾਏ ਤਾਂ ਸਾਨੂੰ ਬਹੁਤ ਹੀ ਪਿਆਰਾ ਉਪਦੇਸ਼ ਮਿਲਦਾ ਹੈ। ਸ਼ਬਦ ਦੇ ਪਹਿਲੇ ਚਰਨ ਵਿੱਚ ਮਨੁੱਖ ਤੇ ਪਸ਼ੂ ਦੇ ਮਰਨ ਦੀ ਗੱਲ ਕੀਤੀ ਗਈ ਹੈ ਕਿ ਜੇ ਮਨੁੱਖ ਮਰ ਜਾਂਦਾ ਹੈ ਤਾਂ ਕਿਸੇ ਵੀ ਕੰਮ ਨਹੀਂ ਆਉਂਦਾ ਪਰ ਜੇ ਪਸ਼ੂ ਮਰ ਜਾਂਦਾ ਹੈ ਤਾਂ ਉਸ ਦੀ ਖੱਲ ਇਤਿਆਦਿਕ ਮਨੁੱਖ ਦੇ ਕਈ ਕੰਮ ਆਉਂਦੀ ਹੈ

ਨਰੂ ਮਰੈ, ਨਰੁ ਕਾਮਿ ਨ ਆਵੈ।। ਪਸੂ ਮਰੈ, ਦਸ ਕਾਜ ਸਵਾਰੈ।।

ਗੁਰਬਾਣੀ ਦਾ ਸਿਧਾਂਤ ਸਦੀਵ-ਕਾਲੀ ਹੈ ਪਰ ਸਾਡੇ ਵਲੋਂ ਕੀਤੀ ਜਾਂਦੀ ਵਿਚਾਰ ਸਿਰਫ ਡੰਗ ਟਪਾਊ ਹੁੰਦੀ ਹੈ। ਇਸ ਲਈ ਸ਼ਬਦ ਦੇ ਅੰਤਰੀਵ ਭਾਵ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਇਹ ਤੇ ਠੀਕ ਹੈ ਕਿ ਆਦਮੀ ਮਰ ਜਾਂਦਾ ਹੈ ਤੇ ਉਹ ਕਿਸੇ ਕੰਮ ਨਹੀਂ ਆਉਂਦਾ ਤੇ ਪਸ਼ੂ ਮਰ ਜਾਂਦਾ ਹੈ ਉਸ ਦਾ ਚਮੜਾ ਇਤਿਆਦਿਕ ਉਤਾਰ ਕੇ ਜੁੱਤੀਆਂ ਬਣਾ ਲਈਆਂ ਜਾਂਦੀਆਂ ਹਨ। ਇੰਜ ਮਹਿਸੂਸ ਹੁੰਦਾ ਹੈ ਕਿ ਮਨੁੱਖ ਇਸ ਤਰ੍ਹਾਂ ਦੇ ਕਿਸੇ ਵੀ ਕੰਮ ਨਹੀਂ ਆਉਂਦਾ। ਹੁਣ ਅਸੀਂ ਇਹ ਦੇਖਾਂਗੇ ਕਿ ਗੁਰਬਾਣੀ ਪਸ਼ੂ ਕਿਸ ਨੂੰ ਆਖਦੀ ਹੈ---

ਕਰਤੂਤਿ ਪਸੂ ਕੀ ਮਾਨਸ ਜਾਤਿ।। ਲੋਕ ਪਚਾਰਾ ਕਰੈ ਦਿਨੁ ਰਾਤਿ।।

------------------------------------

ਬਾਹਰਿ ਗਿਆਨ ਧਿਆਨ ਇਸਨਾਨ।। ਅੰਤਰਿ ਬਿਆਪੈ ਲੋਭੁ ਸੁਆਨੁ।।

ਰਾਗ ਗਉੜੀ ਮਹਲਾ ੫ ਪੰਨਾ ੨੬੭--

ਏੱਥੇ ਅੰਦਰਲੀ ਕੋਝੀ ਬਿਰਤੀ ਦਾ ਨਾਂ ਪਸ਼ੂ ਹੈ "ਐ ਬੰਦਿਆ ਦੇਖਣ ਨੂੰ ਤੇ ਮਨੁੱਖ ਲੱਗਦਾ ਏਂ ਪਰ ਤੇਰੀ ਅੰਦਰਲੀ ਕਰਤੂਤ ਪਸ਼ੂਆਂ ਨਾਲੋਂ ਵੀ ਬਦਤਰ ਹੈ"। ਇਸ ਪ੍ਰਥਾਏ ਇੱਕ ਹੋਰ ਵੀ ਬੜਾ ਪਿਆਰਾ ਵਾਕ ਹੈ-- ਮਾਣਸ ਮੂਰਤਿ ਨਾਨਕੁ ਨਾਮੁ।। ਕਰਣੀ ਕੁਤਾ ਦਰਿ ਫੁਰਮਾਨੁ।।

ਰਾਗ ਆਸਾ ਮਹਲਾ ੧ ਪੰਨਾ ੩੫੦-

ਤਸਵੀਰ ਦਾ ਦੂਸਰਾ ਪਾਸਾ ਵੀ ਦੇਖਣ ਵਾਲਾ ਹੈ ਅੱਜ ਦੀ ਤਰੀਕ ਵਿੱਚ ਜਦੋਂ ਆਦਮੀ ਮਰ ਜਾਂਦਾ ਹੈ ਤਾਂ ਉਸ ਦੇ ਮਰਨ ਤੋਂ ਲੈ ਕੇ ਆਉਣ ਵਾਲੇ ਚਾਰ ਘੰਟੇ ਤਕ ਉਸ ਦੀਆਂ ਅੱਖਾਂ ਕੰਮ ਆ ਸਕਦੀਆਂ ਨੇ ਪਰ ਨਾਲ ਹੀ ਉਸ ਦੇ ਸਰੀਰ ਦੇ ਕਈ ਹੋਰ ਅੰਗ ਵੀ ਕੰਮ ਆ ਸਕਦੇ ਹਨ।

ਜਦੋਂ ਸ਼ਬਦ ਵਿੱਚ ਵਿਚਾਰ ‘ਕਰਮ` ਦੀ ਚੱਲ ਰਹੀ ਹੈ ਤਾਂ ਫਿਰ ਇਸ ਨੂੰ ਸਰੀਰ ਦੇ ਤਲ ਤੇ ਕਿਵੇਂ ਲਿਆਂਦਾ ਜਾ ਸਕਦਾ ਹੈ। ਜੇ ਕਰਮ ਮਾੜਾ ਹੈ ਤਾਂ ਅਸੀਂ ਪਸ਼ੂ ਤਲ `ਤੇ ਹੀ ਜੀਉ ਰਹੇ ਹਾਂ। ਸੋ ਇਸ ਸ਼ਬਦ ਦੀਆਂ ਪਹਿਲੀਆਂ ਤੁਕਾਂ ਨੂੰ ਇੰਜ ਸਮਝਣ ਦਾ ਯਤਨ ਕਰਾਂਗੇ ਕਿ ਜਦੋਂ ਮਨੁੱਖ ਦੇ ਅੰਦਰਲੀ ਗ਼ੈਰਤ, ਅਣਖ਼, ਸਵੈ ਮਾਣ ਭਾਵ ਅੰਦਰਲਾ ਨਰੂ, ਮਨੁੱਖਤਾ ਜਾਂ ਇਨਸਾਨੀਅਤ ਮਰ ਜਾਂਦੀ ਹੈ ਤਾਂ ਉਹ ਇਨਸਾਨ ਕਿਸੇ ਕੰਮ ਦਾ ਨਹੀਂ ਰਹਿੰਦਾ ਪਰ ਜੇ ਇਸ ਦੀ ਅੰਦਰਲੀ ਪਸ਼ੂ ਬਿਰਤੀ ਮਰ ਜਾਂਦੀ ਹੈ ਤਾਂ ਇਹ ਕਈ ਕਾਰਜ ਸਵਾਰਨ ਦੇ ਸਮਰੱਥ ਹੋ ਜਾਂਦਾ ਹੈ----

ਨਰੂ ਮਰੈ, ਨਰੁ ਕਾਮਿ ਨ ਆਵੈ।। ਪਸੂ ਮਰੈ, ਦਸ ਕਾਜ ਸਵਾਰੈ

ਪਸ਼ੂ ਬਿਰਤੀ ਵਾਲੇ ਕਰਮਾਂ ਦਾ ਖਾਤਮਾ ਕਰਨਾ ਤੇ ਇਨਸਾਨੀਅਤ ਦੇ ਤਲ਼ `ਤੇ ਜਿਉਣ ਦਾ ਯਤਨ ਕਰਨਾ ਹੈ। ਸੁੱਚਾਨੰਦ ਜਾਂ ਗੰਗੂ ਬ੍ਰਹਾਮਣ ਇਹ ਅਜੇਹੇ ਦੋ ਕਿਰਦਾਰ ਹਨ ਜਿਨ੍ਹਾਂ ਵਿਚੋਂ ਇਨਸਾਨੀਅਤ ਦਾ ਤੱਤ ਮਰ ਚੁੱਕਿਆ ਹੋਇਆ ਸੀ ਪਰ ਬਿਧੀ ਚੰਦ ਵਰਗੇ ਲੁੱਟਾਂ ਖੋਹਾਂ ਚੋਰੀਆਂ ਨੂੰ ਛੱਡ ਕੇ ਇਨਸਾਨਾਂ ਵਾਲਾ ਜੀਵਨ ਜਿਉਣ ਲੱਗ ਪਏ ਸਨ।

ਮੰਦੇ ਕਰਮ ਦੇ ਨਤੀਜੇ ਦਾ ਪਤਾ ਲੱਗਦਿਆਂ ਮਨੁੱਖ ਦੀ ਸੋਚ ਬਦਲਦੀ ਹੈ। ਪੁਲੀਸ ਤੇ ਅਦਾਲਤਾਂ ਦਾ ਮੁੱਖ ਕੰਮ ਵਿਗੜੇ ਹੋਏ ਇਨਸਾਨਾਂ ਨੂੰ ਬੰਦਾ ਬਣਾਉਣਾ ਤੇ ਬਾਕੀ ਦਿਆਂ ਨੂੰ ਵਿਗੜਣ ਤੋਂ ਬਚਾ ਕੇ ਰੱਖਣਾ ਹੈ। ਏਸੇ ਸ਼ਬਦ ਦੇ ਦੂਸਰੇ ਚਰਨ ਵਿੱਚ ਹੱਡਾਂ ਤੇ ਕੇਸਾਂ ਦਾ ਪਰਤੀਕ ਲਿਆ ਹੈ। ਅਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਮ੍ਰਿਤਕ ਸਰੀਰ ਨੂੰ ਜਦੋਂ ਚਿਖਾ `ਤੇ ਰੱਖਦੇ ਹਾਂ ਉਸ ਦੇ ਹੱਡ ਇਸ ਤਰ੍ਹਾਂ ਬਲ਼ਦੇ ਹਨ ਜਿਵੇਂ ਸੁੱਕੀਆਂ ਹੋਈਆਂ ਲੱਕੜਾਂ ਮੱਚਦੀਆਂ ਹਨ ਤੇ ਕੇਸਾਂ ਦਾ ਭਾਂਬੜ ਇੰਜ ਮਚਦਾ ਹੈ ਜਿਵੇਂ ਸੁੱਕਿਆ ਹੋਇਆ ਘਾਹ ਹੋਵੇ। ਪਰ ਇਸ ਸ਼ਬਦ ਵਿੱਚ ਗੱਲ ‘ਕਰਮ` ਦੀ ਹੋ ਰਹੀ ਹੈ ਤਾਂ ਫਿਰ ਕੇਸ ਤੇ ਹੱਡਾਂ ਨੂੰ ਵੀ ਇੱਕ ਪਰਤੀਕ ਵਜੋਂ ਹੀ ਸਮਝਿਆ ਜਾਏਗਾ। ਦੁਨੀਆਂ ਦੇ ਅੱਧੇ ਲੋਕ ਤਾਂ ਮੁਰਦੇ ਨੂੰ ਸਾੜਦੇ ਹੀ ਨਹੀਂ ਹਨ ਪਰ ਗੁਰਬਾਣੀ ਦੀ ਸਿਖਿਆ ਤਾਂ ਉਹਨਾਂ `ਤੇ ਵੀ ਲਾਗੂ ਹੁੰਦੀ ਹੈ।

ਹਾਡ ਜਲੇ, ਜੈਸੇ ਲਕਰੀ ਕਾ ਤੂਲਾ।। ਕੇਸ ਜਲੇ, ਜੈਸੇ ਘਾਸ ਕਾ ਪੂਲਾ।।

ਸਾਡਾ ਸਰੀਰ ਹੱਡਾਂ `ਤੇ ਖੜਾ ਹੈ ਤੇ ਅੰਦਰਲਾ ਮਨ ਹਉਮੇ ਰੂਪੀ ਹੱਡਾਂ `ਤੇ ਖੜਾ ਹੈ। ਕੇਸਾਂ ਦੇ ਥੱਲੇ ਦਿਮਾਗ ਹੈ ਜੋ ਹਰ ਵੇਲੇ ਚਲਾਕੀਆਂ ਦੀਆਂ ਵਿਉਂਤਾਂ ਉਲੀਕਦਾ ਰਹਿੰਦਾ ਹੈ। ਜ਼ਰਾ ਦੇਖੋ ਦੁਨੀਆਂ ਵਿੱਚ ਜ਼ਿਆਦਾ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਕੇਸ ਰੱਖੇ ਹੋਏ ਹੀ ਨਹੀਂ ਹਨ। ਜੇ ਕੇਸ ਸਿਰ ਉੱਤੇ ਨਹੀਂ ਤਾਂ ਸੜ੍ਹੇਗਾ ਕੀ ਇਸ ਦਾ ਭਾਵ ਅਰਥ ਹੈ ਮਨੁੱਖੀ ਚਲਾਕੀਆਂ। ਜੋ ਮੈਂ ਪਹਿਲਾਂ ਹੰਕਾਰ ਤੇ ਚਲਾਕੀਆਂ ਵਾਲੇ ਕਰਮ ਕਰਦਾ ਸੀ ਉਹ ਗੁਰੂ ਦੇ ਗਿਆਨ ਆਉਣ ਨਾਲ ਸੜ ਗਏ ਹਨ। ਕਬੀਰ ਸਾਹਿਬ ਜੀ ਆਪਣੇ ਸਲੋਕਾਂ ਵਿੱਚ ਕੇਸਾਂ ਹੱਡਾਂ ਦਾ ਜ਼ਿਕਰ ਕਰਦਿਆਂ ਫਰਮਾਉਂਦੇ ਹਨ ਕਿ ਸਾਰਾ ਸੰਸਾਰ ਹਉਮੇ ਰੂਪੀ ਹੱਡਾਂ ਤੇ ਚਲਾਕੀਆਂ ਰੂਪੀ ਕੇਸਾਂ ਵਿੱਚ ਸੜ ਰਿਹਾ ਹੈ ਪਰ ਮੈਨੂੰ ਸਮਝ ਆ ਗਈ ਹੈ, ਇਸ ਲਈ ਮੈਂ ਇਸ ਤੋਂ ਉਪਰਾਮ ਹੋ ਗਿਆ ਹਾਂ ਭਾਵ ਇਹ ਹਉਮੇ ਤੇ ਚਲਾਕੀ ਛੱਡ ਦਿੱਤੀ ਹੈ।

ਕਬੀਰ ਹਾਡ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸੁ।।

ਇਹੁ ਜਗੁ ਜਰਤਾ ਦੇਖਿ ਕੈ, ਭਇਓ ਕਬੀਰੁ ਉਦਾਸੁ।। ੩੬।।

(ਪੰਨਾ ੧੩੬੬)

ਭਇਓ ਕਬੀਰੁ ਉਦਾਸੁ` ਇਸ ਦਾ ਅਰਥ ਇਹ ਨਹੀਂ ਕਿ ਕਬੀਰ ਜੀ ਕੋਈ ਮੌਤ ਤੋਂ ਡਰ ਗਏ ਹਨ ਬਲ ਕੇ ਸਰੀਰਕ ਮੋਹ ਤੇ ਦਿਮਾਗ਼ ਦੀਆਂ ਚਲਾਕੀਆਂ ਨੂੰ ਛੱਡ ਦਿੱਤਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਵੀ ਕਹਿ ਰਹੇ ਹਨ ਕਿ—

ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ।।

ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ।।

ਹੁਣ ਪੰਜ ਵਿਕਾਰ ਕੇਸਾਂ ਨੂੰ ਕਿਵੇਂ ਪਕੜਨਗੇ? ਇਹਨਾਂ ਦਾ ਵੀ ਭਾਵ ਅਰਥ ਹੀ ਲਿਆ ਜਾਣਾ ਹੈ। ਇਸ ਲਈ ਕਬੀਰ ਸਹਿਬ ਜੀ ਅੰਦਰਲੇ ਗੁਣਾਂ ਔਗੁਣਾਂ ਦੀ ਗੱਲ ਕਰ ਰਹੇ ਹਨ। ਕਈ ਦਫ਼ਾ ਮਨੁੱਖ ਨੂੰ ਵਿਕਾਰ ਕਰਦਿਆਂ ਕਰਦਿਆਂ ਬਹੁਤ ਸਮਾਂ ਲੰਘ ਜਾਂਦਾ ਹੈ ਪਰ ਜਦੋਂ ਪਕੜੇ ਜਾਂਦੇ ਹਨ ਤੇ ਫਿਰ ਉਹ ਪਛਤਾਉਂਦੇ ਹਨ—

ਕਹੁ ਕਬੀਰ, ਤਬ ਹੀ ਨਰੁ ਜਾਗੈ।। ਜਮ ਕਾ ਡੰਡੁ ਮੂੰਡ ਮਹਿ ਲਾਗੈ।।

"ਜਮ ਕਾ ਡੰਡ ਮੂੰਡ ਮਹਿ ਲਾਗੈ" ਸਰੀਰ ਤੇ ਤਲ `ਤੇ ਨਾ ਤਾਂ ਕੋਈ ਜਮ ਹੈ ਤੇ ਨਾ ਹੀ ਕਿਸੇ ਪਾਸ ਕੋਈ ਡੰਡਾ ਹੈ ਜਿਹੜਾ ਮਨੁੱਖ ਦੇ ਸਿਰ ਵਿੱਚ ਵੱਜਣਾ ਹੈ। ਸਾਰੀ ਦੁਨੀਆਂ ਦੁਹਾਈ ਦੇ ਰਹੀ ਹੈ ਲੋਕੋ ਏਡਜ਼ ਵਰਗੀ ਭਿਆਨਕ ਤੇ ਮਾਰੂ ਬਿਮਾਰੀ ਤੋਂ ਬਚ ਜਾਉ ਪਰ ਮਨੁੱਖ ਫਿਰ ਵੀ ਇਸ ਰਾਹ `ਤੇ ਤੁਰਿਆ ਹੋਇਆ ਹੈ। ਹਸਪਤਾਲ ਦੇ ਬਿਸਤਰੇ `ਤੇ ਹੱਡੀਆਂ ਦੀ ਮੁੱਠ ਬਣਿਆ ਹੋਇਆ ਦੁਹਾਈ ਦੇ ਰਿਹਾ ਕਿ ਲੋਕੋ ਮੈਂ ਆਪਣੇ ਜੀਵਨ ਵਿੱਚ ਭਿਆਨਕ ਗਲਤੀ ਕੀਤੀ ਹੈ ਜਿਸ ਦਾ ਨਤੀਜਾ ਮੈਂ ਭੁਗਤ ਰਿਹਾਂ ਹਾਂ।

ਇਹ ਗੱਲ ਤਾਂ ਠੀਕ ਹੈ ਕਿ ਮਰੇ ਹੋਏ ਆਦਮੀ ਨਾਲੋਂ ਮਰਿਆ ਹੋਇਆ ਪਸ਼ੂ ਬਹੁਤੇ ਕੰਮ ਸਵਾਰਦਾ ਹੈ ਪਰ ਅੱਜ ਮੈਡੀਕਲ ਸਾਇੰਸ ਨੇ ਜੋ ਉੱਨਤੀ ਕੀਤੀ ਹੈ ਉਸ ਅਨੁਸਾਰ ਮਰਿਆ ਹੋਇਆ ਸਰੀਰ ਵੀ ਕਈ ਕੰਮ ਸਵਾਰਦਾ ਹੈ। ਦੂਜੇ ਪਾਸੇ ਕਈ ਮਰੇ ਹੋਏ ਪਸ਼ੂ ਕੰਮ ਵੀ ਨਹੀਂ ਆਉਂਦੇ ਪਰ ਗੁਰਬਾਣੀ ਆਤਮਿਕ ਉਪਦੇਸ਼ ਦੇਂਦਿਆਂ ਹੋਇਆਂ ਅੰਦਰਲੀ ਪਸ਼ੂ ਬਿਰਤੀ ਦੀ ਗੱਲ ਕਰ ਰਹੀ ਹੈ। -

ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ।।

ਪਸੂ, ਮਾਣਸ ਚੰਮਿ ਪਲੇਟੇ, ਅੰਦਰਹੁ ਕਾਲਿਆ।।

ਪੰਨਾ ੧੨੮੪--




.