ਆਮ ਕਰਕੇ ਅਸੀਂ ਗੁਰੂ ਗ੍ਰੰਥ ਜੀ ਨੂੰ ਦਸ ਗੁਰੂ ਸਾਹਿਬਾਨ ਦੀ ਜਗਦੀ ਜੋਤ
ਆਖਦੇ ਹਾਂ ਤੇ ਗੁਰੂ ਜੀ ‘ਉਜਾਰੋ ਦੀਪਾ’ ਕਹਿੰਦੇ ਹਨ ਇਸ ਦਾ ਅਰਥ ਹੈ ਕਿ ਗੁਰਬਾਣੀ ਜਗ ਰਹੀ ਜੋਤ
ਹੈ। ਇਸ ਦੀਵੇ ਦੀ ਲੋਅ ਦੁਆਰਾ ਅਸੀਂ ਆਪਣੇ ਮਨ ਵਿਚਲੇ ਭਰਮਾਂ ਨੂੰ ਤੋੜ ਕੇ ਸਦ ਗੁਣਾਂ ਦੇ ਖ਼ਜ਼ਾਨੇ
ਨੂੰ ਲੱਭਣਾ ਹੈ।
ਜਿਸ ਤਰ੍ਹਾਂ ਸਰੀਰ ਦੀਆਂ ਆਪਣੀਆਂ ਲੋੜਾਂ ਹਨ ਓਸੇ ਤਰ੍ਹਾਂ ਹੀ ਇਸ ਗ੍ਰੰਥ
ਸਾਹਿਬ ਜੀ ਦੀਆਂ ਆਪਣੀਆਂ ਲੋੜਾਂ ਹਨ। ਇਹਨਾਂ ਲੋੜਾਂ ਸਬੰਧੀ ਸਿੱਖ ਰਹਿਤ ਮਰਯਾਦਾ ਵਿੱਚ ਵਿਸਥਾਰ
ਨਾਲ ਲਿਖਿਆ ਹੋਇਆ ਹੈ। ਪਰ ਕੁੱਝ ਲਿਖਤਾਂ ਤੋਂ ਇਹ ਪ੍ਰਭਾਵ ਲਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ
ਦੇ ਪਾਵਨ ਸਰੂਪ ਆਮ ਮਨੁੱਖਾਂ ਵਾਂਗ ਗਰਮੀ ਸਰਦੀ ਮਹਿਸੂਸ ਕਰਦਿਆਂ ਸੌਂਦੇ ਤੇ ਜਾਗਦੇ ਹਨ। ਗੁਰੂ
ਗ੍ਰੰਥ ਸਾਹਿਬ ਜੀ ਦੀਆਂ ਸਹੀ ਲੋੜਾਂ ਨੂੰ ਨਾ ਸਮਝਦਿਆਂ ਹੋਇਆਂ ਸਾਧਾਂ-ਸੰਤਾਂ ਤੇ ਡੇਰੇਦਾਰ ਬਿਰਤੀ
ਵਾਲੇ ਲੋਕਾਂ ਨੇ ਇਹ ਪਰਚਾਰਨਾ ਸ਼ੁਰੂ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਭਾਵਾਂ ਵਾਲੇ
ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਤਿਕਾਰ ਨਹੀਂ ਕਰਦੇ। ਭੋਲੇ ਲੋਕ ਵਿਚਾਰ ਛੱਡ ਕੇ
ਕੇਵਲ ਬਾਹਰੀ ਸਤਿਕਾਰ ਤੀਕ ਸੀਮਤ ਹੋ ਗਏ।
ਭਾਈ ਪ੍ਰਹਿਲਾਦ ਸਿੰਘ ਜੀ ਦਾ ਦੋਹਿਰਾ ਪੜ੍ਹਿਆ ਜਾਂਦਾ ਸੀ; --
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ।
ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰਤਾ ਗੁਰੂ ਗ੍ਰੰਥ
ਸਾਹਿਬ ਜੀ ਨੂੰ ਮਿਲੀ ਤੇ ਹਰ ਸਿੱਖ ਦੀ ਜ਼ਬਾਨ `ਤੇ ਇਹ ਹੋ ਗਿਆ ਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ
ਵਿੱਚ ਹੈ। ਸਮੇਂ ਨੇ ਗੇੜਾ ਖਾਧਾ ਗਿਆਨੀ ਗਿਆਨ ਸਿੰਘ ਜੀ ਨੇ ਇਸ ਦੋਹਰੇ ਨੂੰ ਨਵਾਂ ਰੂਪ ਦੇ
ਦਿੱਤਾ:--
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਇੰਜ ਗਿਆਨੀ ਗਿਆਨ ਸਿੰਘ ਜੀ ਦੇ ਰਚਿੱਤ ਦੋਹਰੇ ਦੁਆਰਾ ਗੁਰੂ ਗ੍ਰੰਥ ਸਾਹਿਬ
ਜੀ ਦੀ ਮਨੁੱਖੀ ਸਰੀਰ ਵਾਂਗ ਸਾਧ ਲਾਣੇ ਸੇਵਾ ਕਰਨੀ ਸ਼ੁਰੂ ਕਰਕੇ ਨਾਲ ਹੀ ਇਹ ਪ੍ਰਚਾਰਨਾ ਸ਼ੁਰੂ ਕਰ
ਦਿੱਤਾ ਕਿ, "ਭਾਈ ਬੜੇ ਮਹਾਂਰਾਜ ਜੀ ਕਿਹਾ ਕਰਤੇ ਤੀ ਤੁਸਾਂ ਗੁਰਬਾਣੀ ਪੜ੍ਹਨੀ ਵਿਚਾਰਨੀ ਨਹੀਂ
ਤੁਹਾਨੂੰ ਪਾਪ ਲੱਗੇਗਾ, ਕਿਉਂਕਿ ਭਾਈ ਤੁਸੀਂ ਕਲਜੁਗੀ ਜੀਵ ਹੋ, ਤੁਸੀਂ ਸਿਰਫ ਸਿਮਰਨ ਹੀ ਕਰਿਆ
ਕਰੋ"।
ਬੁੱਧ ਮਤ ਦੇ ਪਰਚਾਰ ਸਬੰਧੀ ੧੮੩ ਈ. ਨੂੰ ਬਹੁਤ ਵੱਡਾ ਪ੍ਰਚਾਰ ਸੰਮੇਲ੍ਹਨ
ਹੋਇਆ ਜਿਸ ਵਿੱਚ ਇਹ ਵਿਚਾਰਾਂ ਹੋਈਆਂ ਕਿ ਬੁੱਧ ਮਤ ਦੀ ਵਿਚਾਰਧਾਰਾ ਨੂੰ ਕਿਵੇਂ ਦੁਨੀਆਂ ਤੀਕ
ਪਾਹੁੰਚਾਇਆ ਜਾਏ। ਓਦੋਂ ਤੀਕ ਬੁੱਧਮਤ ਦਾ ਪ੍ਰਚਾਰ ਕਰਨ ਲਈ ਬ੍ਰਹਾਮਣ ਪ੍ਰਚਾਰਕ ਪੂਰੀ ਤਰ੍ਹਾਂ
ਘੁਸਪੈਠ ਕਰ ਚੁਕਿਆ ਸੀ। ਇਸ ਮੌਕੇ `ਤੇ ਬ੍ਰਹਾਮਣ ਪ੍ਰਚਾਰਕ ਅਸ਼ਵਾਘੋਸ਼ ਨੇ ਇਸ ਸੰਮੇਲ੍ਹਨ ਦੀ
ਪ੍ਰਧਾਨਗੀ ਕਰਦਿਆਂ ਤੇ ਅੰਦਰਖਾਤੇ ਬੱਧ-ਮਤ ਦੀ ਜੜ੍ਹੀਂ ਤੇਲ ਦੇਂਦਿਆਂ ਹੋਇਆਂ, ਅਸਟਮਾਰਗ ਦੇ
ਪਵਿੱਤ੍ਰ ਸਿਧਾਂਤਾਂ ਨੂੰ ਹਨ੍ਹੇਰੀ ਕੋਠੜੀ ਵਿੱਚ ਸੁਟਦਿਆਂ, ਮਹਾਤਮਾ ਬੁੱਧ ਜੀ ਦੀਆਂ ਮੂਰਤੀਆਂ ਨੂੰ
ਮੰਦਰਾਂ ਵਿੱਚ ਸਥਾਪਤ ਕਰਨ ਦੀ ਤਜਵੀਜ਼ ਪਰਵਾਨ ਕਰਵਾ ਲਈ ਗਈ। ਅੱਜ ਮਹਾਤਮਾ ਬੁੱਧ ਦੀ ਸਿੱਖਿਆ
ਪੁਸਤਕਾਂ ਵਿਚੋਂ ਤਾਂ ਦੇਖੀ ਜਾ ਸਕਦੀ ਹੈ ਪਰ ਮੰਦਰਾਂ ਵਿਚੋਂ ਮਹਿੰਗੇ ਭਾਅ ਦੇ ਨੀਲਮ ਦੇ ਬੁੱਤ ਤੇ
ਤਸਵੀਰਾਂ ਹੀ ਮਿਲਣਗੀਆਂ ਪਰ ਅਸ਼ਟਮਾਰਗ ਨੂੰ ਸਮਝਣਾਂ ਦੂਰ ਦੀ ਬਾਤ ਹੋ ਗਈ ਹੈ। ਸਿੱਖੀ ਵਿੱਚ ਵੀ
ਸਤਿਕਾਰ ਨੇ ਬਹੁਤ ਤਰੱਕੀ ਕੀਤੀ ਹੈ ਪਰ ਵੀਚਾਰ, ਸਿਧਾਂਤ ਤੇ ਉਪਦੇਸ਼ ਨੂੰ ਅਸੀਂ ਛੱਡ ਚੁੱਕੇ ਹਾਂ,
ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਹਰੇਕ ਬੂਬਨੇ ਸਾਧੜੇ ਨੇ ਆਪਣੀ ਆਪਣੀ ਮਰਯਾਦਾ ਬਣਾ ਕੇ ਭੋਲ਼ੇ
ਲੋਕਾਂ ਨੂੰ ਸਿਧਾਂਤ ਨਾਲੋਂ ਤੋੜ ਕੇ ਪੂਜਾ ਤੇ ਭਗਤੀ ਵਿੱਚ ਲੱਥ ਪੱਥ ਕਰ ਦਿੱਤਾ ਹੈ।
ਭੋਲੇ ਲੋਕ ਭਾਵਨਾ ਨਾਲ ਸਤਿਕਾਰ ਕਰਦੇ ਸੀ ਨਾ ਕੇ ਮਹਿੰਗੇ ਢੰਗ ਨਾਲ--
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ਼ਹੀਦ
ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਨੇ ਬਹੁਤ ਹੀ ਉੱਚ ਪਾਏ ਦੇ ਪ੍ਰਚਾਰਕ ਕੀਰਤਨੀਏ ਤਿਆਰ ਕਰਕੇ ਕੌਮ
ਦੀ ਝੋਲ਼ੀ ਪਾਏ ਹਨ। ਅੱਜ ਤੋਂ ਚੌਂਤੀ ਕੁ ਸਾਲ ਪਹਿਲੇ ਇਸ ਕਾਲਜ ਵਿੱਚ ਪੜ੍ਹਦਿਆਂ ਗੁਰੂ ਗ੍ਰੰਥ
ਸਾਹਿਬ ਜੀ ਦੀ ਸੇਵਾ ਕਰਕੇ ਰਾਤ ਨੂੰ ਇੱਕ ਅਲਮਾਰੀ ਵਿੱਚ ਬਿਰਾਜਮਾਨ ਕਰ ਦਿੱਤਾ ਜਾਂਦਾ ਸੀ। ਪਿੰਡਾਂ
ਵਿੱਚ ਤਾਂ ਇਕੋ ਅਸਥਾਨ `ਤੇ ਪ੍ਰਕਾਸ਼ ਤੇ ਸੁਖ-ਆਸਨ ਕੀਤਾ ਜਾਂਦਾ ਸੀ। ਨਾਨਕਸਰੀਏ ਡੇਰੇ ਵਾਲਿਆਂ
ਲੰਗਰ, ਨਿਸ਼ਾਨ ਸਾਹਿਬ ਤੇ ਸਿਧਾਂਤਿਕ ਪ੍ਰਚਾਰ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਗੁਰਦੁਆਰੇ ਦੇ ਅੰਦਰ
ਹੀ ਵੱਖਰੇ ਸੱਚ ਖੰਡ ਬਣਾ ਕੇ ਕਹਿ ਦਿੱਤਾ ਕਿ ਅੰਦਰ ਉਹ ਹੀ ਜਾ ਸਕਦਾ ਹੈ ਜੋ ਏਨੇ ਸੁਖਮਨੀ ਸਾਹਿਬ
ਦੇ ਪਾਠ ਕਰੇਗਾ। ਤੀਹ ਕੁ ਸਾਲ ਪਹਿਲੇ ਲੁਧਿਆਣਾ ਨਗਰ-ਨਿਗਮ ਦੇ ਇੱਕ ਨਕਸ਼ਾਨਵੀਸ ਦਾ ਪ੍ਰਭਾਵ
ਕਬੂਲਦਿਆਂ ਸਾਡੇ ਪ੍ਰਬੰਧਕਾਂ ਨੇ ਸਵਾ ਲੱਖ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਸਾਰੇ ਸਕੂਲਾਂ ਨੂੰ
ਹੁਕਮ ਕਰ ਦਿੱਤਾ। ਬਹਤਿਆਂ ਮਾਪਿਆਂ ਦੀਆਂ ਸ਼ਕਾਇਤਾਂ ਨੂੰ ਮੁੱਖ ਰੱਖ ਕੇ ਇਹ ਛੋਟ ਦੇ ਦਿੱਤੀ ਗਈ ਕਿ
ਵਿਦਿਆਰਥੀ ਆਪਣੀ ਮਰਜ਼ੀ ਨਾਲ ਪਾਠ ਕਰ ਸਕਦੇ ਹਨ। ਪਤਾ ਲੱਗਾ ਇੱਕ ਸੰਤ ਸਿਆੜਸੜੀਏ ਨੇ ਲੁਧਿਆਣੇ
ਦਿਵਾਨ ਲਾਉਣੇ ਤਾਂ ਮੰਨੇ ਸੀ ਕਿ ਸਵਾ ਲੱਖ ਜਪੁਜੀ ਦੇ ਪਾਠ ਹੋਣਗੇ ਤਾਂ ਹੀ ਬਾਬਾ ਜੀ ਦੀਵਾਨਾਂ
ਵਿੱਚ ਕਥਾ ਦੀ ਹਾਜ਼ਰੀ ਭਰਨਗੇ। ਵੇਖੋ—ਵੇਖੀ ਅਸੀਂ ਵੀ ਆਪਣੀ ਹੋਣੀ ਨੂੰ ਬਦਲਣ ਲਈ ਤੇ ਸਵਰਗ ਦੀਆਂ
ਟਿਕਟਾਂ ਲੈਣ ਲਈ ਬਾਬੇ ਦੇ ਇੱਕ ਦੀਵਾਨ ਦੀ ਜਾ ਹਾਜ਼ਰੀ ਭਰੀ। ਪਹਿਲੀ ਦਫ਼ਾ ਦੇਖਿਆ ਪੂਰੀ ਮੰਜੀ ਜਿੱਡਾ
ਪੀਹੜਾ ਜਿਸ `ਤੇ ਪ੍ਰਕਾਸ਼ ਕੀਤਾ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੋਰ ਘੁੱਗੀਆਂ ਤੇ
ਗੁਲਦਸਤਿਆਂ ਨਾਲ ਕਈ ਪ੍ਰਕਾਰ ਦੀ ਸਜਾਵਟ ਕੀਤੀ ਹੋਈ ਸੀ। ਪੂਰਾ ਇੱਕ ਘੰਟਾ ਬਾਬੇ ਨੇ ਜੱਬਲੀਆਂ ਦੇ
ਬ੍ਰਹਮ ਗਿਆਂਨ ਦੀ ਛਹਿਬਰ ਲਗਾਉਂਦਿਆਂ ਕਿਹਾ ਕਿ, "ਭਾਈ ਬੜੇ ਮਹਾਂਰਾਜ ਜੀ ਕਿਹਾ ਕਰਤੇ ਤੀ ਕਿ ਤੂੰ
ਬੜਾ ਬ੍ਰਹਮ-ਗਿਆਨੀ ਬਣੇਗਾ ਕਿਉਂਕਿ ਤੇਰੇ ਹੱਥ ਦੇ ਤਿਲ਼ ਦੱਸਦੇ ਹਨ"। ਬੂਬਨੇ ਬਾਬੇ ਨੇ ਸਾਰਾ ਜ਼ੋਰ
ਪੂਜਾ, ਸਿਮਰਨ ਤੇ ਸਜਾਵਟ `ਤੇ ਹੀ ਲਗਾ ਦਿੱਤਾ। ਨਾਲ ਹੀ ਡਰ ਪਾਈ ਜਾਏ ਕਿ ਭਾਈ ਤੁਸਾਂ ਬਾਣੀ ਨਹੀਂ
ਪੜ੍ਹਨੀ ਕਿਉਂਕਿ ਤੁਸੀਂ ਗਲਤ ਪੜ੍ਹੋਗੇ ਤੂਹਾਨੂੰ ਪਾਪ ਲੱਗੇਗਾ। ਦੇਖਿਆ ਗਿਆ ਕਿ ਆਈ ਸੰਗਤ ਵਿਚਾਰ
ਦੀ ਥਾਂ `ਤੇ ਪੂਜਾ ਭਗਤੀ ਦੇ ਮਨ ਲਭਾਉਣੇ ਫ਼ਲ਼ਾਂ ਦੀ ਪ੍ਰਾਪਤੀ ਵਲ ਨੂੰ ਖਿਸਕਣੇ ਸ਼ੁਰੂ ਹੋ ਗਏ।
ਜਦੋਂ ਮੈਰਿਜ ਪੈਲਿਸਾਂ ਦਾ ਰਿਵਾਜ ਨਹੀਂ ਸੀ ਓਦੋਂ ਘਰਾਂ ਦਿਆਂ ਵੇਹਿੜਿਆਂ
ਵਿੱਚ ਹੀ ਪਸ਼ੂ ਬਾਹਰ ਬੰਨ੍ਹ ਕੇ ਅਨੰਦ ਕਾਰਜ ਕਰ ਲਏ ਜਾਂਦੇ ਸਨ। ਕਈ ਦਫ਼ਾ ਕੱਚਿਆਂ ਮਕਾਨਾਂ ਦੀਆਂ
ਛੱਤਾਂ `ਤੇ ਹੀ ਅਨੰਦਕਾਰਜ ਕਰਾ ਲਏ ਜਾਂਦੇ ਸਨ। ਮੇਰੇ ਤਾਇਆ ਜੀ ਦੇ ਲੜਕੇ ਦਾ ਅਨੰਦਕਾਰਜ ਅੱਜ ਤੋਂ
ਚਾਲੀ ਸਾਲ ਪਹਿਲਾਂ ਪਿੰਡ ਦਾਲਮ ਨੰਗਲ ਵਿਖੇ ਕੱਚੇ ਮਕਾਨ ਦੀ ਛੱਤ ਤੇ ਹੋਇਆ ਸੀ। ਸੰਨ ੧੯੮੪ ਤੋਂ
ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ੁਦ ਲੱਕੜ ਦੇ ਬਕਸੇ ਵਿੱਚ ਪਾਵਨ ਸਰੂਪ ਭੇਜਦੀ ਰਹੀ
ਹੈ ਤੇ ਆਮ ਸਿੱਖ ਪਾਵਨ ਸਰੂਪ ਬਸ ਵਿੱਚ ਹੀ ਲੈ ਕੇ ਆ ਜਾਂਦਾ ਸੀ। ਸ਼੍ਰੋਮਣੀ ਅਕਾਲੀ ਦਲ ਵਾਲੇ ਜਦੋਂ
ਕਾਨਫਰੰਸ ਕਰਦੇ ਸੀ ਆਮ ਲੋਕ ਆਪਣੀ ਜੁੱਤੀ ਉਤਾਰ ਕੇ ਉਸ `ਤੇ ਹੀ ਬੈਠ ਜਾਂਦੇ ਸੀ ਪਰ ਉਹ ਗੁਰੂ ਜੀ
ਦਾ ਪ੍ਰਕਾਸ਼ ਕਰਨਾ ਨਹੀਂ ਭੁੱਲਦੇ ਸਨ। ਪੰਥ ਪਰਵਾਨਤ ਰਹਿਤ ਮਰਯਾਦਾ ਵਿੱਚ ਗੁਰੂ ਸਾਹਿਬ ਜੀ ਦੇ
ਸਤਿਕਾਰ ਦੀ ਗੱਲ ਵਿਸਥਾਰ ਸਹਿਤ ਆਈ ਹੈ। ਹੈਰਾਨਗੀ ਦੀ ਗੱਲ ਦੇਖੋ ਦਰਬਾਰ ਸਾਹਿਬ ਲਈ ਗੁਰੂ ਗ੍ਰੰਥ
ਸਾਹਿਬ ਦੇ ਪ੍ਰਕਾਸ਼ ਲਈ ਸ਼ਰਧਾਲੂਆਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਪਰ ਜਦੋਂ ਪਰਕਰਮਾਂ ਵਿੱਚ ਉਸੇ
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੁੰਦਾ ਤਾਂ ਸਿਰਫ ਤਨਖਾਹ ਵਾਲੇ ਗਿਣਤੀ ਦੇ ਸਿੱਖ ਹੀ
ਹੁੰਦੇ ਹਨ।
ਕਈਆਂ ਨੇ ਸਤਿਕਾਰ ਦੇ ਨਾਂ `ਤੇ ਧੰਧਾ ਹੀ ਬਣਾ ਲਿਆ ਹੈ ਤੇ ਨਿਤ ਨਵੀਆਂ
ਰਵਾਇਤਾਂ ਦੇਖਣ ਨੂੰ ਮਿਲਦੀਆਂ ਹਨ। ਪਹਿਲਾਂ ਸਾਧ-ਲਾਣੇ ਨੇ ਆਮ ਪੀੜ੍ਹੇ ਨਾਲੋਂ ਪੀੜ੍ਹੇ ਦਾ ਸਾਇਜ਼
ਵਧਾ ਕੇ ਇਹ ਗੱਲ ਪ੍ਰਚੱਲਤ ਕਰ ਦਿੱਤੀ ਹੈ ਕੀ ਅਸੀਂ ਛੋਟੀ ਮੰਜੀ ਤੇ ਨਹੀਂ ਸੌਂ ਸਕਦੇ ਤਾਂ ਗੁਰੂ
ਗ੍ਰੰਥ ਸਾਹਿਬ ਜੀ ਦਾ ਛੋਟੀ ਮੰਜੀ `ਤੇ ਪ੍ਰਕਾਸ਼ ਕਿਵੇਂ ਕੀਤਾ ਜਾ ਸਕਦਾ ਹੈ। ਆ ਹੁਣ ਬਾਰਡਰ ਏਰੀਏ
ਵਿੱਚ ਇੱਕ ਨਵੀਂ ਰਵਾਇਤ ਦੇਖੀ ਹੈ, ਜ਼ਮੀਨ ਨਾਲੋਂ ਪੰਚ ਫੁੱਟ ਉੱਚਾ ਪਰਕਾਸ਼ ਕੀਤਾ ਗਿਆ। ਜਿਸ
ਤੱਖਤਪੋਸ਼ `ਤੇ ਪ੍ਰਕਾਸ਼ ਕੀਤਾ ਸੀ ਉਸ ਨੂੰ ਕੁਰਸੀ ਵਾਂਗ ਵੱਡੀਆਂ ਬਾਂਹਾਂ ਲਗਾਈਆਂ ਗਈਆਂ ਸਨ। ਟੀ.
ਵੀ. `ਤੇ ਕਈ ਸਾਧ ਆਪਣੇ ਆਪ ਨੂੰ ਵੱਡਾ ਦਰਸਾਉਣ ਲਈ ਵੱਡੀ ਕੁਰਸੀ `ਤੇ ਬੈਠ ਕੇ ਕਥਾ ਕਰਦੇ ਦੇਖੇ
ਤਾਂ ਅਸਾਂ ਫੱਟ ਉਸ ਦੀ ਨਕਲ ਕਰ ਲਈ। ਜਿਹੜਾ ਇਹ ਸਾਰਾ ਅਡੰਬਰ ਕਰ ਰਿਹਾ ਸੀ ਉਸ ਵਿਚਾਰੇ ਨੂੰ
ਗੁਰਬਾਣੀ-ਗਿਆਨ ਬਾਰੇ ਭੋਰਾ ਵੀ ਸੂਝ ਨਹੀਂ ਸੀ। ਜਿੱਥੇ ਉਸ ਨੇ ਗਲ਼ ਤੇ ਹੱਥ ਵਿੱਚ ਮਾਲ਼ਾ ਪਾਈ ਹੋਈ
ਸੀ ਓਥੇ ਨੇ ਗੁਰੂ ਗ੍ਰੰਥ ਸਾਹਿਬ ਜੀ `ਤੇ ਵੀ ਕਈ ਮਾਲ਼ਾ ਚੜ੍ਹਾਈਆਂ ਹੋਈਆਂ ਸਨ। ਕੁੰਭ, ਜੋਤ,
ਨਾਰੀਅਲ ਤੇ ਮੌਲ਼ੀ ਉਹ ਨਾਲ ਹੀ ਰੱਖੀ ਬੈਠਾ ਸੀ। ਬਹੁਤ ਵਧੀਆ ਬੱਚਿਆਂ ਦਾ ਪ੍ਰੋਗਰਾਮ ਹੋਇਆ ਸੀ ਪਰ
ਅਖ਼ੀਰ `ਤੇ ਧੱਕੇ ਨਾਲ ਆਪੇ ਹੀ ਸਟੇਜ `ਤੇ ਜਾ ਕੇ ਕਹਿਣ ਲੱਗਾ ਕਿ ਸਾਧ ਸੰਗਤ ਜੀਉ ਅੱਜ ਕਲ੍ਹ ਲੋਕ
ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ, ਗੁਰੂ ਮਹਾਂਰਾਜ ਜੀ ਅੱਗੇ ਅੱਗੇ ਤੁਪਕਾ ਤੁਪਕਾ ਪਾਣੀ ਨਹੀਂ
ਤਰੌਂਕਦੇ। ਹਨੇਰ ਸਾਈ ਦਾ ਗੁਰੂ ਜੀ ਦਾ ਸਤਿਕਾਰ ਕਿਵੇਂ ਹੋਏਗਾ?
ਨਾਨਕਸਰੀਏ ਡੇਰੇ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਮਰ ਚੁੱਕੇ ਸਾਧਾਂ
ਦੀਆਂ ਫੋਟੋ ਰੱਖੀ ਬੈਠੇ ਹਨ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ `ਤੇ ਰੁਮਾਲਾ ਪਾਇਆ ਹੁੰਦਾ ਹੈ
ਏਸੇ ਤਰ੍ਹਾਂ ਸਾਧੜਿਆਂ ਦੀਆਂ ਫੋਟੋਆਂ `ਤੇ ਰੁਮਾਲੇ ਪਾਏ ਹੁੰਦੇ ਹਨ। ਪੰਜਾਬ ਤੇ ਬਾਹਰਲੇ ਮੁਲਕਾਂ
ਵਿੱਚ ਇਹਨਾਂ ਨੇ ਗੁਰਬਾਣੀ ਸਤਿਕਾਰ ਦਾ ਅਧਾਰ ਲੈ ਕੇ ਸਿੱਖੀ ਸਿਧਾਂਤ ਨੂੰ ਪੂਰੀ ਤਰ੍ਹਾਂ ਮਧੋਲ਼ਦਿਆਂ
ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮਨੁੱਖੀ ਸਰੀਰ `ਤੇ ਲਿਆ ਕਿ ਖੜਾ ਕਰ ਦਿੱਤਾ ਹੈ। ਅਕਲ
ਦੇ ਅੰਨ੍ਹੇ ਚੌਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਰਾਤ ਨੂੰ ਦਾਤਣਾਂ, ਪਾਣੀ, ਤੌਲੀਆ ਆਦਿ
ਰੱਖ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਾਂ ਵਾਂਗ ਖਾਦੇ
ਪੀਂਦੇ ਹਨ।
ਪੰਥ ਪਰਵਾਨਤ ਅਰਦਾਸ ਨੂੰ ਨਾ ਮੰਨਣਾ---
ਡੇਰਾਵਾਦ ਦੀ ਬਿਮਾਰ ਮਾਨਸਕਤਾ ਨੇ ਅਕਾਲ ਤੱਖਤ ਦੇ ਸਿਧਾਂਤ ਤੋਂ ਪੂਰੀ
ਤਰ੍ਹਾਂ ਮੂੰਹ ਮੋੜ ਦਿਆ ਹੋਇਆਂ ਆਪਣੀ ਵੱਖਰੀ ਅਰਦਾਸ ਬਣਾ ਲਈ ਹੈ। ਜਦੋਂ ਸਿਰੀ ਅੰਮ੍ਰਿਤਸਰ ਵਿਖੇ
ਦਰਬਾਰ ਸਾਹਿਬ ਦੇ ਅਰਦਾਸੀਆਂ ਨੇ ਹੀ ਵੱਖਰੀ ਅਰਦਾਸ ਬਣਾ ਲਈ ਹੈ ਤਾਂ ਓਦੋਂ ਹੋਰ ਕਿਸੇ ਨੂੰ ਕੀ
ਕਿਹਾ ਜਾ ਸਕਦਾ ਹੈ। ਪੰਥ ਪ੍ਰਵਾਨਤ ਅਰਦਾਸ ਦੇ ਬੋਲ ਹਨ – ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ
ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ। ਅਣਜਾਣ ਤੋਂ
ਅਣਜਾਣ ਮਨੁੱਖ ਵੀ ਇਹਨਾਂ ਸ਼ਬਦਾਂ ਨੂੰ ਸਮਝ ਸਕਦਾ ਹੈ ਕਿ ਇਹ ਅਰਦਾਸ ਵਾਹਿਗੁਰੂ ਜੀ ਅੱਗੇ ਕੀਤੀ ਜਾ
ਰਹੀ ਹੈ ਨਾ ਕਿ ਕਿਸੇ ਇੱਕ ਗੁਰੂ ਜੀ ਦੇ ਅੱਗੇ ਪਰ ਉਚੇਚੇ ਤੌਰਤੇ ਇੱਕ ਗੁਰੂ ਜੀ ਦਾ ਨਾਂ ਲੈ ਕੇ
ਬਾਕੀ ਗੁਰੂ ਸਾਹਿਬਾਨ ਜੀ ਨੂੰ ਨਦਰ-ਅੰਦਾਜ਼ ਕਰ ਰਹੇ ਹੁੰਦੇ ਹਾਂ। ਸਾਰੀ ਦੁਨੀਆਂ ਨੂੰ ਸਵੇਰੇ
ਉੱਠਦਿਆਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ ਨੂੰ ਸੱਚ ਦਾ ਪਹਿਰਾਵਾ ਪਵਾ ਕੇ ਇਹ
ਬੋਲ ਸੁਣਾ ਰਹੇ ਹੁੰਦੇ ਹਾਂ ਕਿ ਹੇ! ਧੰਨ ਧੰਨ ਸਿਰੀ ਗੁਰੂ ਰਾਮਦਾਸ ਜੀਓ! ਸੱਚ ਖੰਡ ਦਰਬਾਰ ਸਾਹਿਬ
ਵਿਖੇ ਆਪ ਜੀ ਦੇ ਹਜ਼ੂਰ ਅਰਦਾਸ ਕੀਤੀ ਜਾਂਦੀ ਹੈ। ਸਿੱਖੀ ਸਿਧਾਂਤ ਅਨੁਸਾਰ ਇੱਕ ਅਕਾਲ ਪੁਰਖ ਦੇ
ਮੁੱਢਲੇ ਅਸੂਲ ਨੂੰ ਅਸੀਂ ਖ਼ੁਦ ਰੱਦ ਕਰ ਹਾਂ। ਅਰਦਾਸ ਦੀ ਇਸ ਨਿਯਮਾਵਲੀ ਨੂੰ ਤੋੜਦਿਆਂ ਹੋਇਆਂ ਹੁਣ
ਹਰ ਗੁਰਦੁਆਰੇ ਵਿੱਚ ਇਹ ਬੋਲ ਪ੍ਰਚੱਲਤ ਹੋ ਗਏ ਹਨ ਕਿ ਹੇ! ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ
ਨਿਓਟਿਆਂ ਦੀ ਓਟ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਅਸੀਂ ਤੁਹਾਡੇ ਅੱਗੇ ਅਰਦਾਸ ਕਰ ਰਹੇ ਹਾਂ ਜੀ।
ਹੁਣ ਤੁਸੀਂ ਬਿਰਾਜਮਾਨ ਹੋਵੋ ਜੀ ਸਵੇਰੇ ਫਿਰ ਤੁਸਾਂ ਦਰਸ਼ਨ ਦੇ ਕੇ ਸਾਨੂੰ ਕ੍ਰਿਤਾਰਥ ਕਰਨਾ ਜੀ। ਪਰ
ਸਿੱਖ ਰਹਿਤ ਮਰਯਾਦਾ ਵਿੱਚ ਤਾਂ ਸਪੱਸ਼ਟ ਇੱਕ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਨ ਲਈ ਕਿਹਾ ਗਿਆ ਹੈ
ਪਰ ਕੁੱਝ ਅਣਜਾਣੇ ਵਿੱਚ ਤੇ ਕੁੱਝ ਜਾਣ ਬੁਝ ਕੇ ਇੱਕ ਵਾਹਿਗੁਰੂ ਜੀ ਦੇ ਸਿਧਾਂਤ ਨੂੰ ਤੋੜ ਕੇ ਗੁਰੂ
ਗ੍ਰੰਥ ਸਾਹਿਬ ਜੀ ਦਾ ਨਾਂ ਲੈ ਕੇ ਮੂਰਤੀਆਂ ਵਾਂਗ ਸਥਾਪਿਤ ਕਰ ਰਹੇ ਹਾਂ। ਏਥੇ ਹੀ ਬੱਸ ਨਹੀਂ ਕਈ
ਡੇਰਾਵਾਦੀ ਆਪਣੇ ਮਰ ਚੁੱਕੇ ਸਾਧੜੇ ਦਾ ਨਾਂ ਲੈਂਦੇ ਹਨ ਕਿ ਹੇ ਬ੍ਰਹਮ ਗਿਆਨੀ ਜੀਓ ਇਸ ਨੂੰ ਇਹ ਫ਼ਲ
ਦੇ ਦਿਓ।
ਡੇਰਾਵਾਦ ਦੇ ਸਾਧ ਸਿਆਪੇ ਨੇ ਸ਼ਬਦ ਵਿਚਾਰ ਨੂੰ ਤਾਲਾ ਮਾਰ ਕੇ ਗੁਰੂ ਗ੍ਰੰਥ
ਸਾਹਿਬ ਜੀ ਨੂੰ ਇੱਕ ਮਨੁੱਖੀ ਸਰੀਰ ਵਾਂਗ ਪੇਸ਼ ਕਰਕੇ, ਮੱਨੁਖੀ ਸਰੀਰ ਦੀਆਂ ਲੋੜਾਂ ਵਾਂਗ ਸਤਿਕਾਰ
ਕਰਨਾ ਸ਼ੁਰੂ ਕਰ ਦਿੱਤਾ ਹੈ। ਨਹਿਰਾਂ ਦੇ ਕਿਨਾਰਿਆਂ `ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਉੱਤੇ
ਚੁੱਕ ਕੇ ਸੈਰ ਕਰਾਉਣੀ ਸ਼ਬਦ ਗੁਰੂ ਦਾ ਸਤਿਕਾਰ ਨਹੀਂ, ਮਹਾਂ-ਨਿਰਾਦਰ ਹੈ। ਭੋਲੀ ਜੰਤਾ ਵਿੱਚ ਆਪਣੀ
ਭੱਲ ਬਣਾਉਣ ਲਈ ਅੰਨ੍ਹ—ਪਾੜ ਭੂਕਨੇ ਬਾਬਿਆਂ ਨੇ ਕਈ ਪਰਕਾਰ ਦੀਆਂ ਕਥਾ ਕਹਾਣੀਆਂ ਪ੍ਰਚੱਲਤ ਕਰ
ਦਿੱਤੀਆਂ ਕਿ ਸਾਡੇ ਵੱਡੇ ਮਹਾਂਰਾਜ ਇੱਕ ਵਾਰ ਰਾਤ ਨੂੰ ਅਬੜ੍ਹਵਾਹੇ ਉੱਠ ਕੇ ਬੈਠ ਗਏ, ਤੇ ਕਹਿਣ
ਲੱਗੇ ਮੇਰੀ ਅੱਖ ਵਿੱਚ ਰੜਕ ਪੈ ਰਹੀ ਹੈ ਇਹ ਦੱਸੋ ਕਿ ਅੱਜ ਗੁਰੂ ਮਹਾਂਰਾਜ ਜੀ ਦੀ ਸੇਵਾ ਕਿਸ ਨੇ
ਕੀਤੀ ਹੈ। ਸੇਵਾਦਾਰ ਕਹਿਣ ਲੱਗਾ ਬਾਬਾ ਜੀ ਅੱਜ ਸੇਵਾ ਫਲਾਣੇ ਸਿੰਘ ਨੇ ਕੀਤੀ ਹੈ। ਬੜੇ ਮਹਾਂਰਾਜ
ਜੀ ਕਹਿਣ ਲੱਗੇ ਕਿ ਭਾਈ ਗੁਰੂ ਮਹਾਂਰਾਜ ਜੀ ਦੇ ਰੁਮਾਲਿਆਂ ਵਿੱਚ ਵੱਟ ਰਹਿ ਗਏ ਹਨ ਜੋ ਗੁਰੂ
ਮਹਾਂਰਾਜ ਜੀ ਦੀ ਅੱਖ ਵਿੱਚ ਚੁੱਭ ਰਹੇ ਹਨ ਤੇ ਉਹ ਰੜਕ ਸਾਨੂੰ ਪੈ ਰਹੀ ਹੈ। ਅਜੇਹੀਆਂ ਕਹਾਣੀਆਂ
ਨੰਗੀਆਂ ਲੱਤਾਂ, ਲੁਸ ਲੁਸ ਕਰਦੇ ਢਿੱਡ ਤੇ ਲੰਬਿਆਂ ਚੋਲ਼ਿਆਂ ਵਾਲੇ ਵਿਹਲੜ ਸਾਧਾਂ ਦੇ ਚੇਲਿਆਂ ਤੋਂ
ਆਮ ਸੁਣੀਆਂ ਜਾ ਸਕਦੀਆਂ ਹਨ।
ਸਤਿਕਾਰ ਦੇ ਨਾਂ `ਤੇ ਵਾਲ਼ ਤੋਂ ਛਿੱਲ ਲਾਹ ਰਹੇ ਹਾਂ----
ਖਾਲਸਾ ਪੰਥ ਦਾ ਤਿੰਨ ਸੌ ਸਾਲਾ ਪ੍ਰਗਟ ਦਿਵਸ ਮਨਾਉਂਦਿਆਂ ਹੋਇਆਂ ਕੌਮ ਦੇ
ਆਗੂਆਂ ਨੇ ਰਾਜਨੀਤੀ ਦੇ ਨਸ਼ੇ ਵਿੱਚ ਊਂਘਦਿਆਂ ਬਿਆਨ–ਤੇ–ਬਿਆਨ ਦਾਗੇ ਕਿ ਅਖੇ ਅਸੀਂ ਸਾਰੀ ਕੌਮ ਨੂੰ
ਅੰਮ੍ਰਿਤਧਾਰੀ ਬਣਾਉਣਾ ਹੈ। ਸਾਰੀ ਕੌਮ ਅੰਮ੍ਰਿਤਧਾਰੀ ਤਾਂ ਨਹੀਂ ਹੋਈ ਪਰ ਸੱਤਰ ਪ੍ਰਤੀਸ਼ੱਤ ਪੰਜਾਬ
ਦੇ ਬੱਚੇ ਦਸਤਾਰਾਂ ਜ਼ਰੂਰ ਉਤਾਰ ਗਏ ਹਨ। ਸਿੱਖ ਸਿਧਾਂਤ, ਰਹਿਤ ਮਰਯਾਦਾ ਤੇ ਗੁਰਬਾਣੀ ਵਿਚਾਰ ਤੋਂ
ਸੱਖਣੇ ਧਰਮੀ ਯੋਧੇ ਆਮ ਗੁਰਦੁਆਰਿਆਂ ਵਿਚੋਂ ਥੋਕ ਰੂਪ ਵਿੱਚ ਮਿਲ ਜਾਂਦੇ ਹਨ ਜੋ ਸਿਰਫ ਏਹੀ ਦੇਖ
ਰਹੇ ਹੁੰਦੇ ਹਨ ਕਿ ਕਿਤੇ ਬੇ-ਅੰਮ੍ਰਿਤੀਏ ਨੇ ਪਾਵਨ ਸਰੂਪ ਨੂੰ ਹੱਥ ਤਾਂ ਨਹੀਂ ਲਗਾ ਦਿੱਤਾ। ਹੋਇਆ
ਇੰਜ ਕਿ ਯੂ. ਐਸ. ਏ. ਦੇ ਇੱਕ ਗੁਰਦੁਆਰਾ ਸਾਹਿਬ ਵਿਚੋਂ ਇੱਕ ਪਰਵਾਰ ਆਪਣੇ ਘਰ ਗੁਰੂ ਗ੍ਰੰਥ ਸਾਹਿਬ
ਜੀ ਨੂੰ ਲੈ ਕੇ ਜਾ ਰਹੇ ਸਨ। ਆਪੇ ਬਣੇ ਧਰਮੀ ਯੋਧੇ ਨੇ ਅਸਮਾਨ ਸਿਰ `ਤੇ ਚੁੱਕ ਲਿਆ ਕਿ ਜਿਸ ਆਦਮੀ
ਨੇ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੈ ਉਸ ਨੇ ਅੰਮ੍ਰਿਤ ਨਹੀਂ ਛੱਕਿਆ ਹੋਇਆ। ਘਰ ਵਾਲਿਆਂ ਤੇ
ਗ੍ਰੰਥੀ ਸਾਹਿਬਾਨ ਦੇ ਉਡ ਉਡ ਕੇ ਗਲ਼ ਪਈ ਜਾਏ। ਅਖੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ
ਨਹੀਂ ਕਰ ਰਹੇ। ਘਰਵਾਲਾ ਕਹਿਣ ਲੱਗਾ, ਕੇ, "ਭਾਈ ਜੀ ਪਿੱਛਲੇ ਮਹੀਨੇ ਏਸੇ ਹੀ ਗੁਰਦੁਆਰਾ ਸਾਹਿਬ
ਵਿਖੇ ਬਣ ਰਹੇ ਲੰਗਰ ਹਾਲ ਦੀ ਸੇਵਾ ਲਈ ਜਦੋਂ ਸਟੇਜ ਸੈਕਟਰੀ ਨੇ ਉਗਰਾਹੀ ਦੀ ਮੰਗ ਕੀਤੀ ਸੀ ਤਾਂ
ਮੈਂ ਓਦੋਂ ਯਥਾ-ਸ਼ਕਤ ਪੰਜ ਸੌ ਡਾਲਰ ਦੇ ਕੇ ਗਿਆ ਸੀ। ਓਦੋਂ ਤਾਂ ਤੁਸੀਂ ਇਹ ਕਿਹਾ ਨਹੀਂ ਸੀ ਕਿ
ਸਿਰਫ ਉਹ ਹੀ ਉਗਰਾਹੀ ਦੇਣ ਜਿੰਨ੍ਹਾ ਨੇ ਅੰਮ੍ਰਿਤ ਛੱਕਿਆ ਹੋਇਆ ਹੈ। ਕੀ ਮੈਂ ਹੁਣ ਗੁਰੂ ਗ੍ਰੰਥ
ਸਾਹਿਬ ਜੀ ਨੂੰ ਹੱਥ ਨਹੀਂ ਲਗਾ ਸਕਦਾ" ?
ਲ਼ੁਧਿਆਣੇ ਦੇ ਸੀ. ਐਮ. ਸੀ. ਹਸਪਤਾਲ ਵਿੱਚ ਕਈ ਵਾਰ ਜਾਣ ਦਾ ਮੌਕਾ ਬਣਿਆ
ਹੈ। ਉਸ ਦੇ ਬਾਹਰਲੇ ਗੇਟ ਤੋਂ ਲੈ ਕੇ ਅੰਦਰਲੇ ਕਮਰਿਆਂ ਤੀਕ ਬਾਈਬਲ ਤੇ ਉਸ ਨਾਲ ਸਬੰਧਿਤ ਪੁਸਤਕਾਂ
ਪਈਆਂ ਹੋਈਆਂ ਸਾਨੂੰ ਮਿਲਣਗੀਆਂ। ਉਹਨਾਂ ਦਾ ਖ਼ਿਆਲ ਹੈ ਕਿ ਜੇ ਕਰ ਕੋਈ ਬਾਈਬਲ ਨੂੰ ਪੜ੍ਹੇਗਾ ਤਾਂ
ਹੀ ਉਸ ਦੀ ਕੋਈ ਜਾਣਕਾਰੀ ਹਾਸਲ ਕਰ ਸਕਦਾ ਹੈ। ਇੰਗਲੈਂਡ ਦੇ ਇੱਕ ਗੁਰਦੁਆਰਾ ਵਿੱਚ ਇੱਕ ਬੱਚੇ
ਪਾਸੋਂ ਗੁਟਕਾ ਇਸ ਲਈ ਲੈ ਲਿਆ ਗਿਆ ਕਿ ਉਸ ਬੱਚੇ ਨੇ ਗੁਟਕੇ ਦੇ ਹੇਠਾਂ ਜਨੀ ਕਿ ਹੱਥਾਂ ਦੇ ਉੱਪਰ
ਰੁਮਾਲ ਨਹੀਂ ਰੱਖਿਆ ਹੋਇਆ ਸੀ। ਨੰਗੇ ਹੱਥਾਂ ਨਾਲ ਗੁਟਕੇ ਤੋਂ ਪਾਠ ਕਰ ਰਿਹਾ ਸੀ। ਦੂਸਰੇ
ਗੁਰਦੁਆਰਾ ਸਾਹਿਬ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਇੱਕ ਮਾਤਾ ਨੇ ਲੰਬੇ ਚੋਲ਼ੇ ਵਾਲ਼ੇ ਗ੍ਰੰਥੀ
ਪਾਸੋਂ ਗੁਟਕਾ ਮੰਗਿਆ ਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਅੱਗੋਂ ਭਾਈ ਉੱਖੜੀ ਕੁਹਾੜੀ ਵਾਂਗ
ਪੈਂਦਿਆਂ ਕਿਹਾ, ਕਿ ‘ਮਾਈ ਤੂੰ ਕੇਸੀ ਇਸ਼ਨਾਨ ਕੀਤਾ ਹੈ’? ਸੈਲ-ਸਟਾਰਟ ਤੇ ਨਾਨ-ਸਟਾਪ ਗੱਡੀ ਵਾਂਗ
ਇਕੋ ਦਾਹੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਵੱਡੇ ਬ੍ਰਹਮ ਗਿਆਨੀ ਜਿੰਨ੍ਹਾ ਨੇ ਵੇਦ ਸ਼ਾਸਤਰ
ਪੜ੍ਹੇ ਹੋਏ ਸਨ, ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਹੈ
ਓਦੋਂ ਸਣੇ ਕੇਸੀ ਇਸ਼ਨਾਨ ਕਰਕੇ ਹੀ ਕਰਨਾ ਹੈ, ਨਹੀਂ ਤਾਂ ਗੁਰਬਾਣੀ ਦਾ ਫ਼ਲ਼ ਨਹੀਂ ਮਿਲੇਗਾ।
ਯੂ. ਕੇ. ਦੇ ਇੱਕ ਗੁਰਦੁਆਰੇ ਦੀ ਲਾਇਬ੍ਰੇਰੀ ਦੇ ਇੰਚਾਰਜ ਨੇ ਕਲ੍ਹ ਹੀ ਗੱਲ
ਸੁਣਾਈ ਜੋ ਉਸ ਨਾਲ ਪਿੱਛਲੇ ਹਫ਼ਤੇ ਹੀ ਵਾਪਰੀ ਸੀ। ਕਹਿੰਦੇ, "ਲਾਇਬ੍ਰੇਰੀ ਵਿੱਚ ਇੱਕ ਉਹ ਸੱਜਣ ਆਏ
ਜੋ ਜਲੂਸ ਸਮੇਂ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਨੰਗੇ ਪੈਰੀਂ ਚੱਲਣ ਵਾਲਿਆਂ ਵਿੱਚ ਮੋਹਰੀ
ਹੁੰਦੇ ਹਨ। ਮੈਂ ਸੁਭਾਵਕ ਹੀ ਪੁੱਛ ਲਿਆ ਕਿ ਜੀ ਮੈਂ ਤੁਹਾਡੀ ਕੀ ਸੇਵਾ ਕਰਾਂ"। ਭਰਿਆ ਪੀਤਾ ਉਹ
ਸਖੱਸ਼ ਕਹਿਣ ਲੱਗਾ, "ਤੂੰ ਮੇਰੀ ਕੀ ਸੇਵਾ ਕਰੇਂਗਾ ਓਏ? ਤੇਰੇ ਪਾਸ ਹੈ ਹੀ ਕੀ ਮੈਨੂੰ ਦੇਣ ਲਈ? ਮੈਂ
ਤੇ ਇਹ ਦੇਖ ਰਿਹਾਂ ਹਾਂ ਕਿ ਜਿੰਨ੍ਹਾ ਪੁਸਤਕਾਂ ਵਿੱਚ ਗੁਰਬਾਣੀ ਲਿਖੀ ਹੋਈ ਹੈ ਉਹਨਾਂ `ਤੇ ਰੁਮਾਲ
ਕਿਉਂ ਨਹੀਂ ਪਾਏ" ? ਕੀ ਇਹ ਸਤਿਕਾਰ ਦੇ ਨਾਂ `ਤੇ ਵਾਲ ਤੋਂ ਛਿੱਲ ਤਾਂ ਨਹੀਂ ਲਾਹੀ ਜਾ ਰਹੀ? ਹਾਂ
ਪੋਥੀਆਂ ਤਥਾ ਸਾਰੀਆਂ ਹੀ ਪੁਸਤਕਾਂ ਦੀ ਸੇਵਾ ਸੰਭਾਲ਼ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਉਮਰ
ਲੰਬੀ ਹੋ ਸਕੇ।
ਗੁਰਦੁਆਰਿਆਂ ਵਿੱਚ ਵੱਖਰੇ ਸੱਚ ਖੰਡ ਬਣ ਗਏ—
ਇੱਕ ਪੜ੍ਹੇ ਲਿਖੇ ਨੌਜਵਾਨ ਨੇ ਪੁਰਾਤਨ ਸਿੰਘਾਂ ਵਾਲਾ ਲਿਬਾਸ ਪਹਿਨਿਆ ਹੋਇਆ
ਸੀ ਪਰ ਗੁਰਬਾਣੀ ਸੂਝ ਤੋਂ ਕਾਫ਼ੀ ਦੂਰ ਸੀ। ਇਹ ਉਸ ਦਾ ਵੱਸ ਨਹੀਂ ਸੀ ਕਿਉਂਕਿ ਉਸ ਦੇ ਘਰ ਵਾਲੇ
ਨਾਨਕਸਰ ਦੇ ਡੇਰੇ ਨਾਲ ਜੁੜੇ ਹੋਏ ਸੀ। ਨੌਜਵਾਨ ਮੱਥਾ ਟੇਕ ਕੇ ਪੁੱਛਦਾ ਹੈ ਕਿ ਭਾਈ ਸਾਹਿਬ ਜੀ ਸੱਚ
ਖੰਡ ਕਿੱਥੇ ਹੈ ਮੈਂ ਓੱਥੇ ਵੀ ਮੱਥਾ ਟੇਕਣਾ ਹੈ। ਉਸ ਨੂੰ ਪੁੱਛਿਆ ਗਿਆ ਕਿ ਬੱਚਿਆ! ਜਿੱਥੇ ਤੂੰ
ਮੱਥਾ ਟੇਕਿਆ ਹੈ ਕੀ ਇਹ ਸੱਚ ਖੰਡ ਨਹੀਂ ਹੈ? ਏੱਥੇ ਵੀ ਤਾਂ ਉਹ ਹੀ ਗੂਰੂ ਗ੍ਰੰਥ ਸਾਹਿਬ ਜੀ ਹਨ,
ਗੱਲ ਉਸ ਦੇ ਮਨ ਨੂੰ ਲੱਗ ਗਈ। ਚਿੱਟੇ ਦਿਨ ਦੀ ਸਚਾਈ ਵਾਂਗ ਉਹ ਨੌਜਵਾਨ ਇਸ ਗੱਲ ਨੂੰ ਮੰਨ ਕੇ ਗਿਆ
ਕਿ ਵਾਕਿਆ ਹੀ ਅਸੀਂ ਗੁਰਬਾਣੀ ਵਿਚਾਰ ਨਾ ਕਰਕੇ ਸਿੱਖੀ ਸਿਧਾਂਤ ਤੋਂ ਬਹੁਤ ਦੂਰ ਬੈਠੇ ਹਾਂ। ਉਸ
ਕਿਹਾ ਕਿ ਅਸੀਂ ਸਾਧਾਂ ਦੇ ਲਾਈ ਲੱਗ ਸਿੱਖ ਬਣ ਗਏ ਹਾਂ। ਇੰਗਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ
ਇੱਕ ਗ੍ਰੰਥੀ ਪ੍ਰਬੰਧਕਾਂ ਨੂੰ ਕਹਿ ਰਿਹਾ ਸੀ ਕਿ ਇਸ ਹਾਲ ਵਿੱਚ ਸ਼ੀਸ਼ਾ ਲਗਾ ਕੇ ਸੱਚ ਖੰਡ ਬਣਾਓ
ਕਿਉਂਕਿ ਮਹਾਂਰਾਜ ਜੀ ਨੇ ਰਾਤ ਨੂੰ ਵਿਸ਼ਰਾਮ ਕਰਨਾ ਹੁੰਦਾ ਹੈ।
ਕੀ ਅਖੰਡ-ਪਾਠ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਥੱਕ ਜਾਂਦੇ ਹਨ?
ਇੱਕ ਅੱਧ ਨਹੀਂ ਅਨੇਕਾਂ ਵਾਰੀ ਦੇਖਿਆ ਗਿਆ ਹੈ ਕਿ ਡੇਰੇ ਨਾਲ ਜੁੜੇ ਹੋਏ
ਗ੍ਰੰਥੀ ਦਾ ਮਾਨਸਿਕ ਵਿਕਾਸ ਨਾ ਹੋਣ ਕਰਕੇ ਸਿਰੀ ਅਖੰਡ-ਪਾਠ ਦੇ ਉਪਰੰਤ ਦੂਸਰੇ ਗੁਰੂ ਗ੍ਰੰਥ ਸਾਹਿਬ
ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਿਸ ਦਾ ਉੱਤਰ ਡੇਰਾਵਾਦੀ ਬਿਰਤੀ ਇਹ ਦੇਂਦੀ ਹੈ ਕਿ ਜੀ ਪਿੱਛਲੇ
ਤਿੰਨ ਦਿਨ ਤੋਂ ਗੁਰੂ ਮਹਾਂਰਾਜ ਜੀ ਜਾਗਦੇ ਰਹੇ ਹਨ ਇਹਨਾਂ ਨੇ ਹੁਣ ਅਰਾਮ ਕਰਨਾ ਹੈ। ਹੁਣ ਸਵਾਲ
ਪੈਦਾ ਹੁੰਦਾ ਹੈ ਕਿ ਗੁਰੂ ਮਹਾਂਰਾਜ ਜੀ ਨੂੰ ਜਗਾਇਆ ਕਿਸ ਨੇ ਹੈ? ਆਪਣੀ ਭੇਟਾ ਦੀ ਖ਼ਾਤਰ ਗੁਰੂ ਜੀ
ਨੂੰ ਤੁਸਾਂ ਜਗਾਇਆ, ਫਿਰ ਸਜਾ ਦੇ ਭਾਗੀ ਤਾਂ ਤੁਸੀਂ ਹੋ। ਇੱਕ ਗੁਰਦੁਆਰਾ ਸਾਹਿਬ ਵਿਚੋਂ ਕਥਾ ਦਾ
ਸਮਾਂ ਇਸ ਲਈ ਕਟਿਆ ਗਿਆ ਕਿ ਮੈਂ ਸੰਪਟ-ਪਾਠ ਦੀ ਵਿਰੋਧਰਤਾ ਕਿਉਂ ਕੀਤੀ ਹੈ। ਸੰਪਟ-ਪਾਠ ਦੀ ਸਮਾਪਤੀ
ਉਪਰੰਤ ਭੈਂਗੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਜੀ, ਸਾਰੀ ਸੰਗਤ ਤੇ ਪ੍ਰਬੰਧਕ ਨੂੰ ਪਈ ਹੋਈ ਬਰਫ ਤੇ
ਇਸ ਲਈ ਸੈਰ ਕਰਾਈ ਕੇ ਮਹਾਂਰਾਜ ਜੀ ਠੰਡੀ ਹਵਾ ਲੈ ਲੈਣ ਕਿਉਂਕਿ ਲਗਾਤਾਰ ਸੱਤ ਦਿਨ ਹੀਟ ਵਿੱਚ ਗੁਰੂ
ਮਹਾਂਰਾਜ ਜੀ ਰਹੇ ਹਨ। ਉਂਝ ਅਸੀਂ ਤਿੰਨ ਸੌ ਸਾਲਾ ਗੁਰਗੱਦੀ ਮਨਾ ਰਹੇ ਹਾਂ। ਦੁੱਖ ਇਸ ਗੱਲ ਦਾ ਹੈ
ਕਿ ਜ਼ਿੰਮੇਵਾਰ ਸਿੱਖਾਂ ਦੀ ਹਾਜ਼ਰੀ ਵਿੱਚ ਇਹ ਕੁੱਝ ਹੋ ਹੋਇਆ ਹੈ।
ਕੀ ਗੁਰੂ ਗ੍ਰੰਥ ਸਾਹਿਬ ਜੀ ਭੋਜਨ ਛੱਕਦੇ ਹਨ—
ਡੇਰਾਵਾਦੀ ਬਿਰਤੀ ਇੱਕ ਦਿਨ ਵਿੱਚ ਤਿੰਨ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ
ਭੋਗ ਲਗਾ ਕੇ ਇਹ ਸਾਬਤ ਕਰਦੇ ਹਨ ਕਿ ਗੁਰੂ ਸਾਡੇ ਵਾਂਗ ਲੰਗਰ ਵਿੱਚ ਬਣੀਆਂ ਹੋਈਆਂ ਚੀਜ਼ਾਂ ਨੂੰ
ਛੱਕਦੇ ਹਨ। ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੋਵੇ ਦੀ ਥਾਂ `ਤੇ ਆਪ ਜੀ ਨੂੰ ਭੋਗ ਲੱਗੇ ਸ਼ਬਦ ਕਹਿ ਕੇ ਇਹ
ਸਾਬਤ ਕਰਨ ਲੱਗੇ ਹੋਏ ਹਨ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਕੜਾਹ ਪ੍ਰਸ਼ਾਦ ਛੱਕਦੇ ਹਨ ਫਿਰ ਸੰਗਤ
ਕੜਾਹ ਛੱਕਦੀ ਹੈ।
ਭਾਗ ਦੂਜਾ
ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ
ਹੋਵੇ—
ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ
ਹੋਣਾ ਚਾਹੀਦਾ ਹੈ ਪਰ ਡੇਰਾ ਵਾਦੀ ਬਿਰਤੀ ਨੇ ਸਤਿਕਾਰ ਦੀ ਥਾ `ਤੇ ਪੂਜਾ ਸ਼ੁਰੂ ਕਰ ਦਿੱਤੀ ਹੈ।
ਸਿੱਖ ਰਹਿਤ ਮਰਯਾਦਾ ਵਿੱਚ ਪੰਨਾ ਨੰਬਰ ੧੨ `ਤੇ ਜੋ ਦਿਸ਼-ਨਿਰਦੇਸ਼ ਦਿੱਤੇ ਹੋਏ ਹਨ ਉਹ ਹੂ-ਬ-ਹੂ
ਹੇਠਾਂ ਅੰਕਤ ਹਨ।
ਗੁਰਦੁਆਰੇ ਵਿੱਚ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ-ਪ੍ਰਤੀ
ਹੋਵੇ। ਬਿਨਾਂ ਖਾਸ ਕਾਰਨ ਦੇ (ਜਦ ਕੇ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਨ ਹੋਵੇ) ਰਾਤ ਨੂੰ ਪ੍ਰਕਾਸ਼ ਨਾ
ਰਹੇ। ਆਮ ਤੌਰ `ਤੇ ਰਹਿਰਾਸਿ ਦੇ ਪਾਠ ਮਗਰੋਂ ਸੁੱਖ ਆਸਨ ਕੀਤਾ ਜਾਵੇ। ਜਦ ਤੀਕ ਗ੍ਰੰਥੀ ਜਾਂ
ਸੇਵਾਦਾਰ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ
ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖ਼ਤਰਾ ਨਾ ਹੋਵੇ, ਤਦ ਤੀਕ ਪ੍ਰਕਾਸ਼ ਰਹੇ। ਉਪਰੰਤ
ਸੁੱਖ-ਆਸਣ ਕਰ ਦੇਣਾ ਉੱਚਿਤ ਹੈ, ਤਾਂ ਜੋ ਬੇ-ਅਦਬੀ ਨ ਹੋਵੇ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ
ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਸਥਾਨ ਸਾਫ਼ ਸੁਤਰਾ ਹੋਵੇ। ਉੱਪਰ ਚਾਂਦਨੀ ਹੋਵੇ। ਪ੍ਰਕਾਸ਼ ਮੰਜੀ
ਸਾਹਿਬ `ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ਼
ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਿਆਨ ਵਰਤੇ ਜਾਣ ਅਤੇ ਉੱਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ
ਹੋਵੇ ਤਾਂ ਉੱਤੇ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਏ।
ਉੱਪਰ ਦੱਸੇ ਸਾਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ
ਲਗਾਉਣਾ, ਜੋਤਾਂ ਜਗਾਉਣੀਆਂ, ਟੱਲ ਖਵਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ ਥਾਂ ਸਥਾਨ ਨੂੰ
ਸਗੰਧਿਤ ਕਰਨ ਲਈ ਫੁੱਲ, ਧੁਪ ਆਦਿ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੋਸ਼ਨੀ ਲਈ ਤੇਲ, ਘੀ ਜਾਂ
ਮੋਮਬੱਤੀ, ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਏ।
ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ
ਨਹੀਂ ਕਰਨਾ। ਪਰ ਸਦਕੇ ਜਈਏ ਸੰਤ-ਮਾਰਕਾ ਪ੍ਰਾਈਵੇਟ ਕੰਪਨੀਆਂ ਦੇ ਜਿੰਨ੍ਹਾਂ ਨੇ ਗੁਰੂ ਗ੍ਰੰਥ
ਸਾਹਿਬ ਜੀ ਤੁੱਲ ਅਸ਼ਲੀਲਤਾ ਵਾਲੇ ਗ੍ਰੰਥ ਦਾ ਪ੍ਰਕਾਸ਼ ਕਰਕੇ ਅਥਾਹ ਖੁਸ਼ੀਆਂ ਮਨਾਈਆਂ ਹਨ।
ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ
ਭਰਨੀਆਂ ਕੰਧਾਂ ਜਾਂ ਥੜਿਆਂ `ਤੇ ਨੱਕ ਰਗੜਨਾਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਂਰਿਆਂ
ਵਿੱਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ ਮਨ੍ਹਾਂ ਹਨ।
ਇੱਕ ਥਾਂ ਤੋਂ ਦੂਜੀ ਥਾਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾਣ ਵੇਲੇ
ਅਰਦਾਸ ਕਰਨੀ ਚਾਹੀਏ। ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ ਪੈਰੀਂ ਚੱਲੇ ਪਰ
ਜੇ ਕਰ ਕਿਸੇ ਮੌਕੇ ਜੋੜਾ ਪਾਣ ਦੀ ਅਤਿ ਜ਼ਰੂਰਤ ਪੈ ਜਾਵੇ ਤਾਂ ਭਰਮ ਨਹੀਂ ਕਰਨਾ।
ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪਰਕਾਸ਼ ਕੋਤਾ ਜਾਏ।
ਪ੍ਰਕਾਸ਼ ਕਰਨ ਵੇਲੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਇੱਕ ਸ਼ਬਦ ਦਾ ਵਾਲ ਲਿਆ ਜਾਏ।
ਜਦ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ ਜਾਂ ਭਾਵੇਂ ਅੱਗੇ
ਪ੍ਰਕਾਸ਼ ਹੋਇਆ ਹੋਵੇ ਜਾਂ ਨਾ ਹਰ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਏ।
ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਵਿੱਚ ਸਿਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਅਦਬ-ਸਤਿਕਾਰ ਸਬੰਧੀ ਪੰਨਾ ੪੧੯ `ਤੇ ਲਿਖਦੇ ਹਨ ----
ਜਿਵੇਂ ਸ਼ਾਹੀ ਫਰਮਾਨ ਦਾ ਸਨਮਾਨ ਦਰਬਾਰਾਂ ਵਿੱਚ ਰਾਜ ਕਰਮਚਾਰੀ ਅਤੇ ਪਰਜਾ
ਦੇ ਲੋਕ ਕਰਦੇ ਹਨ, ਖਲੋ ਕੇ ਹੁਕਮ ਸੁਣਦੇ ਹਨ, ਬੈਂਡ ਵਾਜੇ ਅਤੇ ਤੋਪਾਂ ਦੁਆਰਾ ਸਲਾਮੀ ਦਿੱਤੀ
ਜਾਂਦੀ ਹੈ ਝੁਕ ਕੇ ਪ੍ਰਣਾਮ ਕੀਤੀ ਜਾਂਦੀ ਹੈ, ਤਿਵੇਂ ਗੁਰੂ ਆਗਿਆ ਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ
ਅਦਬ ਕਰਨਾ ਸਿੱਖਾਂ ਦਾ ਕਰਤੱਵ ਹੈ।
ਇੱਕ ਸਥਾਨ ਤੋਂ ਦੂਜੇ ਥਾਂ ਜਦ ਗੁਰੂ ਸਾਹਿਬ ਜੀ ਨੂੰ ਲੈ ਕੇ ਜਾਣ ਹੋਵੇ, ਤਦ
ਸੀਸ ਉੱਪਰ ਸਵਾਰੀ ਤੇ ਸਨਮਾਨ ਨਾਲ ਸ਼ਬਦ ਪੜ੍ਹਦੇ ਅਤੇ ਚੌਰ ਕਰਦੇ ਲੈ ਜਾਣਾ ਚਾਹੀਏ।
ਕਈ ਸਜਣ ਰਸਤੇ ਵਿੱਚ ਸਵਾਰੀ ਦੇ ਅੱਗੇ ਜਲ ਛਿੜਕਦੇ ਹਨ, ਇਹ ਕੇਵਲ ਅਵਿਦਿਆ ਹੈ, ਕਿਉਂਕਿ ਕੁੱਝ
ਬੂਦਾਂ ਛਿੜਕਣ ਨਾਲ ਗਰਦ ਨਹੀਂ ਦਬ ਸਕਦੀ। ਜੇ ਕਿਸੇ ਗੁਰਪੁਰਬ ਆਦਿ ਮੌਕੇ `ਤੇ ਛਿੜਕਾਉ ਕੀਤਾ ਜਾਏ
ਤਾਂ ਯੋਗਯ ਹੈ। ਹਰੇਕ ਇੱਕ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਕੇ
ਤਾਜ਼ੀਮ ਦੇਵੇ।
ਬਹੁਤ ਲੋਕ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੰਖ ਅਤੇ ਘੜਿਆਲ ਵਜਾਉਂਦੇ ਹਨ,
ਜੋ ਸੋਭਦਾ ਨਹੀਂ ਕਿਉਂ ਕਿ ਇਹ ਘੜਿਆਲ ਮੁਰਦਿਆਂ ਦੇ ਅੱਗੇ ਵੱਜਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ
ਸਵਾਰੀ ਅੱਗੇ ਨਗਾਰਾ ਤੇ ਨਿਸ਼ਾਨ ਹੀ ਪੰਥ ਦੀ ਥਾਪੀ ਹੋਈ ਮਰਯਾਦਾ ਅਨੁਸਾਰ ਸ਼ੋਭਾ ਦੇਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੁਕਮ ਲੈਣ ਦਾ ਨਿਯਮ ---
ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਾ, ਗੁਰੂ ਰੂਪ ਸੰਗਤ ਦੇ
ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਜੀ ਦੇ ਦਰਸ਼ਨ ਹਨ। ਵਾਕ ਲੈਣ ਤੋਂ
ਬਿਨਾਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਾਉਣਾ ਮਨਮਤ ਹੈ।
ਸੰਗਤ ਵਿੱਚ ਇੱਕ ਵਕਤ ਇੱਕ ਹੀ ਗੱਲ ਹੋਣੀ ਚਾਹੀਏ—ਕੀਰਤਨ ਜਾਂ ਕਥਾ, ਵਿਖਿਆਨ
ਜਾਂ ਪਾਠ।
ਦੀਵਾਨ ਸਮੇਂ ਸੰਗਤ ਵਿੱਚ ਸਿਰੀ ਗੁਰੂ ਗ੍ਰੰਥ ਸਹਿਬ ਜੀ ਦੀ ਤਾਬਿਆ ਕੇਵਲ
ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ।
ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰਕੇ ਸੁਣਾਵੇ। ਆਪਣੇ ਲਈ ਪਾਠ ਕੋਈ ਗੈਰ
ਸਿੱਖ ਵੀ ਕਰ ਸਕਦਾ ਹੈ।
ਹੁਕਮ ਲੈਣ ਲਗਿਆਂ ਖੱਬੇ ਪੰਨੇ ਦੇ ਉੱਤਲੇ ਪਾਸਿਓਂ ਪਹਿਲਾਂ ਸ਼ਬਦ ਜੋ ਜਾਰੀ
ਹੈ, ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿੱਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ
ਪਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾ ਪਉੜੀ ਦੇ ਸਾਰੇ ਸਲੋਕ
ਤੇ ਪਉੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਤੁਕ `ਤੇ ਭੋਗ ਪਾਇਆ
ਜਾਏ।
ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਏ।
ਪੰਥ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤ ਮਾਰਤੰਡ ਦੇ
ਪੰਨਾ ੪੨੦ `ਤੇ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਸਬੰਧੀ ਲਿਖਿਆ ਹੈ।
ਧਰਮ ਅਸਥਾਨਾਂ ਅਤੇ ਸਿੱਖ ਦੀਵਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਹੋਣਾ ਜ਼ਰੁਰੀ ਹੈ, ਅਰ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਚੰਦੋਆ, ਹੇਠਾਂ ਰਾਜ ਸਿੰਘਾਸਨ ਅਤੇ
ਚੌਰ ਫੇਰਨਾ ਅਵੱਸ਼ਯ ਹੈ।
ਫ਼ਰਸ਼ ਦੀ ਖਾਸ ਵਿਛਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਡ ਕੇ ਬਾਕੀ ਸਾਰੀ
ਸੰਗਤਿ ਲਈ ਸਫ, ਤੱਪੜ, ਦਰੀ ਚਾਂਦਨੀ ਕਲੀਨ ਆਦਿਕ ਸਮਾਨ ਹੋਵੇ। ਕਿਸੇ ਰਾਜੇ ਮਹਾਂਰਾਜੇ ਅਥਵਾ ਮਹੰਤ
ਸੰਤ ਗੁਣੀ ਗਿਆਨੀ ਲਈ ਆਸਨ ਗਦੇਲਾ ਤਕੀਆ ਆਦਿ ਨਹੀਂ ਵਿਛਾਇਆ ਜਾ ਸਕਦਾ।
ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ ਜੋ ਸੁਭਾਵਕ ਪੰਨੇ ਸਾਹਮਣੇ
ਹੋਣ, ਉਹਨਾਂ ਵਿਚੋਂ ਖੱਬੇ ਪੰਨੇ ਤੋਂ ਵਾਕ ਲੈਣਾ ਚਾਹੀਏ। ਇਸ ਸ਼ਬਦ ਨੂੰ ਸਿੱਖ ਸੰਗਤਿ ਸਤਿਗੁਰੂ ਦਾ
ਹੁਕਮ ਮੰਨ ਕੇ ਅੰਗੀਕਾਰ ਕਰਦੀ ਹੈ। ਜੇ ਸ਼ਬਦ ਪਿੱਛਲੇ ਪੰਨੇ ਤੋਂ ਸ਼ੁਰੂ ਹੋਇਆ ਹੈ ਤਦ ਪੱਤਰਾ ਪਰਤ ਕੇ
ਪਾਠ ਆਰੰਭਣਾ ਲੋੜੀਏ। ਇਹ ਸ਼ਬਦ ਨੂੰ ਪਰੀਛਾ ਵਾਂਗ ਫਾਲ ਸਮਝਣਾ ਅਗਿਆਨਤਾ ਹੈ।
ਕਈ ਗ੍ਰੰਥੀ ਦੁਪਹਿਰ ਵੇਲੇ ਪੰਨੇ ਦੇ ਮਧ ਦਾ ਸ਼ਬਦ ਅਤੇ ਸੰਝ ਸਮੇਂ ਪੰਨੇ ਦੇ
ਅੰਤ ਦਾ ਸ਼ਬਦ ਪੜ੍ਹਦੇ ਹਨ, ਪਰ ਇਹ ਮਨ-ਕਲਪਿਤ ਰੀਤ ਹੈ।
ਨੀਤਿ, ਵਿਦਿਆ, ਭਾਈਚਾਰਕ ਮੁਆਮਲਿਆਂ ਦੇ ਵਿਚਾਰ ਲਈ ਜੋ ਗੁਰੂ ਸੰਗਤਿ ਅਤੇ
ਆਮ ਲੋਕਾਂ ਦਾ ਇਕੱਠ ਹੋਵੇ ਅਰ ਜਿਸ ਵਿੱਚ ਕੁਰਸੀਆਂ ਤੇ ਨਿਸਚਤ ਹੋਵੇ ਉਸ ਥਾਂ ਗੁਰੂ ਗ੍ਰੰਥ ਸਾਹਿਬ
ਜੀ ਦਾ ਪ੍ਰਕਾਸ਼ ਨਹੀਂ ਕਰਨਾ ਚਾਹੀਏ।
ਗੁਰਬਾਣੀ ਦੀ ਵੀਚਾਰ ਤੋਂ ਜੀਵਨ ਜਾਚ ਲੈਣੀ ----
ਕੀ ਗੁਰੂ ਜੀ ਦੇ ਸਨਮੁਖ ਬੈਠਣ ਨਾਲ ਜਾਂ ਸਵੇਰੇ ਸ਼ਾਮ ਪ੍ਰਕਾਸ਼ ਕਰਨ ਨਾਲ
ਜੀਵਨ ਜਾਚ ਆ ਸਕਦੀ ਹੈ? ਕੀ ਸਾਲਾਂ ਬੱਧੀ ਗੁਰਦੁਆਰੇ ਬੈਠਿਆਂ ਜੀਵਨ ਵਿੱਚ ਤਬਦੀਲੀ ਆ ਗਈ ਹੈ? ਕੀ
ਅਖੰਡ-ਪਾਠਾਂ ਦੀਆਂ ਲੜੀਆਂ ਚਲਾਉਣ ਨਾਲ ਨਵੇਂ ਸਮਾਜ ਦੀ ਸਿਰਜਣਾ ਹੋਈ ਹੈ? ਕੀ ਕੀਰਤਨ ਦਰਬਾਰਾਂ ਜਾਂ
ਵੱਡੇ ਜਲੂਸਾਂ ਨਾਲ ਕੌਮ ਵਿੱਚ ਨਵੀਂ ਜਾਗਰਤੀ ਆਈ ਹੈ? ਜੇ ਅਜੇਹਾ ਕੁੱਝ ਵੀ ਨਹੀਂ ਹੋਇਆ ਤਾਂ ਇਹਨਾਂ
ਵਾਕਾਂ ਵਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ।