.

ਸਿੱਖ ਨੌਜਵਾਨਾਂ ਲਈ ਖ਼ਤਰਨਾਕ ਸਾਬਤ ਹੋ ਰਿਹੈ “ਅਜੋਕਾ ਮੀਡੀਆ”

-ਇਕਵਾਕ ਸਿੰਘ ਪੱਟੀ

ਅੱਜ ਤੁਸੀਂ ਕੋਈ ਵੀ ਚੈਨਲ ਲਗਾ ਕੇ ਵੇਖ ਲਵੋ, ਹਰ ਪਾਸੇ ਲੱਚਰਤਾ, ਅਸ਼ਲੀਲਤਾ, ਕਾਮੁਕਤਾ ਭਰੇ ਸੀਨ ਧੀ-ਭੇਣਾਂ ਦੀ ਇਜ਼ਤ ਦਾ ਦੀਵਾਲਾ ਕੱਢਦੇ ਹੋਏ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕਰ ਰਹੇ ਹਨ। ਅੱਧ-ਨੰਗੀਆਂ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼, ਸ਼ਿਸ਼ਟਾਚਾਰ ਅਤੇ ਨੈਤੀਕਤਾ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਹੀਰੋ-ਹੀਰੋਇਨਾਂ ਦੇ ਗੰਦੇ ਸੀਨ ਪੰਜਾਬੀ ਸੱਭਿਆਚਾਰ ਦਾ ਬੇੜਾ ਗਰਕ ਕਰ ਰਹੇ ਹਨ। ਅਜੋਕੇ ਗਾਇਕ ਬਿਨ੍ਹਾਂ ਕਿਸੇ ਸਖ਼ਤ ਰਿਆਜ਼ ਅਤੇ ਉਸਤਾਦ ਦੇ, ਆਪਣੇ ਪਿਉ ਦੀ ਜੱਦੀ-ਪੁਸ਼ਤੀ ਜ਼ਮੀਨ ਵੇਚ ਕੇ, ਕੰਨੀ ਨੱਤੀਆਂ ਗੱਲਾਂ ਵਿੱਚ ਸੰਗਲ ਪਾ ਕੇ, ਟੁੱਟੇ ਹੱਥਾਂ ਨਾਲ ਕੈਮਰੇ ਵੱਲ ਇਸ਼ਾਰੇ ਕਰ ਕੇ, ਟੁਕੜ ਬੋਚ ਗੀਤਕਾਰਾਂ ਕੋਲੋਂ ਬਗਾਨੀ ਧੀ-ਭੇਣ ਦੇ ਸੰਬੰਧ ਵਿੱਚ ਘਟੀਆ ਗੀਤ ਲਿਖਵਾ ਕੇ ਆਪਣੀ ਕੈਸਿਟ ਨੂੰ ਹਿੱਟ ਕਰਵਾਉਣ ਲਈ ਕੁੜੀਆਂ ਦੀਆਂ ਨੰਗੀਆਂ ਲੱਤਾਂ ਅਤੇ ਛਾਤੀਆਂ ਤੇ ਕੈਮਰੇ ਮਾਰ-ਮਾਰ ਕੇ ਸੱਭਿਆਚਾਰ ਦਾ ਗਲਾ ਘੁੱਟ ਰਹੇ ਹਨ। ਪਰ ਧੰਨ ਸਾਡੇ ਜਿਗਰੇ ਕਿ ਬੜੇ ਫ਼ਖਰ ਨਾਲ ਪਰਿਵਾਰ ਵਿੱਚ ਬੈਠ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਹੈ। ਕੋਈ ਪ੍ਰਤੀਕਰਮ ਜਾਂ ਵਿਰੋਧ ਜਬਰਦਸਤ ਰੂਪ ਵਿੱਚ ਕਿਸੇ ਪਾਸਿਉਂ ਵੀ ਸਾਹਮਣੇ ਨਹੀਂ ਆ ਰਿਹਾ। ਜੇਕਰ ਕੁੱਝ ਸੁਚੇਤ ਲੋਕ ੲ੍ਹਿਨਾਂ ਗਾਇਕਾਂ ਦੀ ਕਿਸੇ ਵੀ ਕੈਸਿਟ ਨੂੰ ਤਵੱਜੋਂ ਨਹੀਂ ਦੇਂਦੇ ਤਾਂ ਇਹ ਬਾਂਦਰ ਵਾਂਗ ਟਪੂਸੀਆਂ ਮਾਰਨ ਵਾਲੇ, ਦਾੜ੍ਹੀ ਕੱਟੇ ਗਾਇਕ ਸਿਰ ਤੇ ਕੇਸਕੀ ਸਜਾ, ਉਤੇ ਖੰਡਾ ਲਗਾ ਅਤੇ ਹੱਥ ਵਿੱਚ ਕਿਰਪਾਨ ਫੜ ਕੇ ਧਾਰਮਿਕ ਕੈਸਿਟ ਕੱਢ ਮਾਰਦੇ ਹਨ। ਕਹਿਣ ਤੋਂ ਭਾਵ ਕਿ ਆਪਣਾ ਤੋਰੀ ਫੁਲਕਾ ਚਲਾਉਣ ਲਈ ਇਹ ਧਰਮ ਨੂੰ ਵੀ ਵੇਚਣਾ ਸ਼ੁਰੂ ਕਰ ਦੇਂਦੇ ਹਨ। ਨਹੀਂ ਤਾਂ ਸੱਭਿਆਚਾਰ ਨੂੰ ਤਾਂ ਗੰਦਲਾ ਕਰ ਹੀ ਰਹੇ ਨੇ। ਮੈਂ ਯਕੀਨ ਨਾਲ ਕਹਿ ਸਕਦਾਂ ਕਿ ਇੱਕ ਦਿਨ ਸਾਨੂੰ ਸੱਭਿਆਚਾਰ ਸ਼ਬਦ ਤੋਂ ਵੀ ਨਫ਼ਰਤ ਹੋ ਜਾਵੇਗੀ।
ਹੁਣ ਪਿਛਲੇ ਲੰਮੇ ਸਮੇਂ ਤੋਂ ਇੱਕ ਹੋਰ ਨਵਾਂ ਡਰਾਮਾਂ ਸ਼ੁਰੂ ਹੋਇਆ ਪਿਆ ਹੈ। ਜਿਸ ਵਿੱਚ ਵੱਖ-ਵੱਖ ਚੈਨਲਾਂ ਵਾਲਿਆਂ ਨੇ ਗਾਇਕ ਪੈਦਾ ਕਰਨ ਦਾ ਠੇਕਾ ਆਪਣੇ ਸਿਰ ਲੈ ਲਿਆਂ ਹੈ। ਹੋਰ ਤਾਂ ਹੋਰ ਕੁੱਝ ਟੀ. ਵੀ ਚੈਨਲਾਂ ਵਲੋਂ ਮਸ਼ਕਰੇ ਵੀ ਪੈਦਾ ਕੀਤੇ ਜਾ ਰਹੇ ਹਨ। ਜਿਹਨਾਂ ਨੂੰ ਮਹਾਨ ਕਮੇਡੀਅਨ ਕਹਿੰਦੇ ਹਨ ਅਤੇ ਇਹ ਵੀ ਕਮੇਡੀ ਕਰਦੇ-2 ਆਪਣੀ ਔਕਾਤ ਨੂੰ ਭੁੱਲ ਅਸਲੀਲ ਚੁੱਟਕਲੇ, ਅਤੇ ਧਰਮਾਂ ਉਪਰ ਖ਼ਾਸਕਰ ਸਿੱਖ ਧਰਮ ਦੇ ਸਿਧਾਂਤਾਂ ਤੇ ਵੀ ਹਮਲੇ ਕਰਨ ਵਿੱਚ ਕਸਰ ਨਹੀਂ ਛੱਡਦੇ। ਅਤੇ ਅੱਗੇ ਸਿੱਖੀ ਬਾਣੇ ਵਿੱਚ ਬੈਠੇ ਜੱਜ ਵੀ ਦੰਦੀਆਂ ਕੱਢਣ ਤੋਂ ਵੱਧ ਕੁੱਝ ਨਹੀਂ ਕਰਦੇ ਅਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰੇ ਪ੍ਰੌਗਰਾਮ ਰਿਐਲਟੀ ਸ਼ੋਅ ਦਾ ਨਾਮ ਹੇਠ ਚੱਲ ਰਹੇ ਹਨ। ਅਤੇ ਅੱਜ ਕੱਲ ਇੱਕ ਨਿੱਕੀ ਆਵਾਜ਼ ਪੰਜਾਬ ਦੀ ਸੂਰੂ ਕੀਤਾ ਗਿਆ ਹੈ, ਜਿਸ ਵਿੱਚ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ-ਬੱਚੀਆਂ ਲਏ ਗਏ ਹਨ। ਹੱਦ ਤੋਂ ਉਦੋਂ ਹੋ ਜਾਂਦੀ ਹੈ ਜਦੋਂ 9-10 ਸਾਲ ਦੀ ਉਮਰ ਦਾ ਬੱਚਾ ਸਟੇਜ ਤੇ ਆ ਕੇ ਗਾਉਂਦਾ ਹੈ “ਚੰਡੀਗੜ੍ਹ ਕਰੇ ਆਸ਼ਕੀ, ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ।” ਅਤੇ ਨਿੱਕੀਆਂ ਬੱਚੀਆਂ ਵੀ ਕਈ ਵਾਰ ਜਾਣੇ-ਅਣਜਾਣੇ ਵਿੱਚ ਅਸਲੀਲ ਗੀਤ ਜਾਂ ਟੱਪੇ ਗਾ ਜਾਂਦੀਆਂ ਹਨ। ਇਹ ਪ੍ਰੋਗਰਾਮ ਅੱਲੜ੍ਹ ਉਮਰ ਅਤੇ ਨਾਜ਼ੁਕ ਮਨਾਂ ਵਾਲੇ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਬਣਾਉਣਗੇ ਇਹ ਤਾਂ ਬੱਚਿਆਂ ਨੂੰ ਇਹਨਾਂ ਸੀਰੀਅਲਾਂ ਵਿੱਚ ਭੇਜਣ ਵਾਲੇ ਮਾਪੇ ਹੀ ਦੱਸ ਸਕਦੇ ਹਨ। ਅਤੇ ਮਾਤਾ ਪਿਤਾ ਵੀ ਬੱਚਿਆਂ ਨਾਲ ਪ੍ਰਤਿਯੋਗੀਆਂ ਵਾਲ ਵਿਉਹਾਰ ਹੀ ਕਰਦੇ ਹਨ। ਅੱਗੇ ਬੈਠੇ ਜੱਜ ਵੀ ਬੱਚਿਆਂ ਨੂੰ ਸ਼ਾਬਾਸ਼ ਦੇਂਦੇ ਹਨ ਬਈ ਇਸੇ ਤਰ੍ਹਾਂ ਹੀ ਸੱਭਿਆਚਾਰ ਨੂੰ ਰੋਂਦਦੇ ਰਹੋ ਪੈਰਾਂ ਹੇਠ, ਬਹੁੱਤ ਵਧੀਆ। ਦੂਜਾ ਸਿੱਖ ਧਰਮ ਦੇ ਧਾਰਮਿਕ ਨਾਵਾਂ ਉਪਰ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਜਦਕਿ ਵਿੱਚ ਸਿੱਖੀ, ਧਰਮ ਆਦਿ ਦੀ ਕੋਈ ਗੱਲ ਨਹੀਂ ਹੁੰਦੀ। ਜੋ ਕਿ ਸਿਰਫ ਮੋਟੇ ਰੂਪ ਵਿੱਚ ਪੈਸਾ ਕਮਾਉਣ ਦੀ ਸਾਜਿਸ਼ ਤੋਂ ਵੱਧ ਕੁੱਝ ਨਹੀਂ ਹੈ। ਜੈਸਾ ਕਿ ਫਿਲਮ “ਬੋਲੇ ਸੋ ਨਿਹਾਲ”, “ਸਿੰਘ ਇਜ਼ ਕਿੰਗ” ਆਦਿਕ ਹੋਰ ਕਈ ਫਿਲਮਾਂ ਹਨ।
ਜੇਕਰ ਬੱਚਿਆਂ ਦੇ ਮਾਪਿਆਂ ਨੂੰ ਕਿਤੇ ਇਹ ਕਹਿ ਦੇਈਏ ਕਿ ਬੱਚਿਆਂ ਨੂੰ ਧਾਰਮਿਕ ਪ੍ਰਖਿਆ ਲਈ ਤਿਆਰ ਕਰੋ, ਗੁਰਮਤਿ ਕੈਪਾਂ ਵਿੱਚ, ਗੁਰਮਤਿ ਕਲਾਸਾਂ ਵਿੱਚ ਬੱਚਿਆਂ ਨੂੰ ਭੇਜਿਆਂ ਕਰੋ ਤਾਂ ਜਵਾਬ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ ਬੜੀ ਔਖੀ ਹੈ, ਸਿਲੇਬਸ ਔਖਾ ਹੋ ਜਾਂਦਾ ਹੈ, ਪੇਪਰਾਂ ਦਾ ਬੋਝ ਵੀ ਬੱਚੇ ਉਪਰ ਆ ਪੈਦਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਮੀਡੀਆ ਜੋ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ, ਨੌਜਵਾਨਾਂ ਦੇ ਹਿੱਤ ਵਿੱਚ, ਉਹਨਾਂ ਦੀ ਸੋਚ ਨੂੰ ਅਗਾਂਹਵਧੂ ਬਣਾਉਣ ਲਈ ਵਧੀਆ ਉਪਰਾਲੇ ਕਰ ਸਕਦਾ ਹੈ, ਅੱਜ ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਸਿਗਰੇਟ, ਬੀੜੀਆਂ, ਸ਼ਰਾਬਾਂ ਦੀਆਂ ਮਸ਼ਹੂਰੀਆਂ ਦੇ-ਦੇ ਕੇ ਜਵਾਨੀ ਨੂੰ ਨਸ਼ਿਆਂ ਵੱਲ ਧਕੇਲ ਰਿਹਾ ਹੈ। ਲੱਚਰਤਾ, ਅਸਲੀਲਤਾ ਵਿਖਾ-2 ਕੇ ਨੌਜਵਾਨਾਂ ਨੁੰ ਵਹਿਸ਼ੀਪੁਣਾ ਕਰਨ ਲਈ ਉਕਸਾ ਰਿਹਾ ਹੈ। ਇਸਦਾ ਸਭ ਤੋਂ ਵੱਧ ਬੁਰਾ ਪ੍ਰਭਾਵ ਅਲ੍ਹੜ ਸਿੱਖ ਬੱਚਿਆਂ ਤੇ ਵੀ ਪੈ ਰਿਹਾ ਹੈ। ਕਿਉਂਕਿ ਸਿੱਖੀ ਬਾਰੇ ਪਹਿਲਾਂ ਹੀ ਕੋਈ ਗਿਆਨ ਨਹੀਂ ਹੁੰਦਾ ਅਤੇ ਬਾਰ-ਬਾਰ ਟੀ. ਵੀ. ਤੇ ਚਲ ਰਹੇ ਪ੍ਰੋਗਰਾਮਾਂ ਨੂੰ ਵੇਖ ਕੇ ਉਹਨਾਂ ਵਰਗਾ ਬਣਨ ਨੂੰ ਜੀਅ ਕਰਦਾ ਹੈ ਜਿਸਦੇ ਸਿੱਟੇ ਵੱਜੋਂ ਬੱਚਾ ਗੁਰੂ ਤੋਂ ਬੇ-ਮੁੱਖ ਹੋ ਕੇ ਆਪਣੇ ਕੇਸਾਂ ਨੂੰ ਤਿਲਾਂਜਲੀ ਦੇ ਕੇ ਘਰ ਆ ਵੜਦਾ ਹੈ ਫਿਰ ਸਾਡੇ ਪੱਲੇ ਸਿਵਾਏ ਦੁੱਖੀ ਹੋਣ ਦੇ ਕੋਈ ਚਾਰਾ ਨਹੀਂ ਹੁੰਦਾ। ਇੱਥੇ ਮੈਂ ਇੱਕ ਗੱਲ ਕਹਿ ਦਿਆਂ ਕਿ ਜਿਹੜੇ ਮੇਰੇ ਵੀਰ ਖਾਸਕਰ ਸਿੱਖਾਂ ਦੇ ਬੱਚੇ ਜਿਹੜੇ ਗੁਰੁ ਨੂੰ ਬੇਦਾਵਾ ਦੇ ਕੇ ਕੰਨੀ ਨੱਤੀਆਂ ਪੁਆ ਕੇ ਆਪਣੇ ਵਿਰਸੇ ਨੂੰ ਕਲੰਕਿਤ ਕਰ ਰਹੇ ਹਨ ਜਾਂ ਤਾਂ ਸਮੇਂ ਸਿਰ ਗੁਰੂ ਕੋਲੋਂ ਭੁੱਲ ਬਖਸ਼ਾਂ ਲੈਣ ਜਾਂ ਫਿਰ ਸ੍ਰੀ ਦਰਬਾਰ ਸਾਹਿਬ ਆ ਕੇ ਇੱਕ ਅਰਦਾਸ ਜਰੂਰ ਕਰਨ ਕਿ ਸਤਿਗੁਰੂ ਜੀਉ ਸਾਨੂੰ ਅਗਲਾ ਜਨਮ ਜਨਾਨੀ ਦਾ ਹੀ ਦਿਉ ਕਿਉਂਕਿ ਐਤਕੀ ਤਾਂ ਸਾਂਨੂੰ ਨੱਤੀਆਂ ਪਾ ਕੇ ਆਪ ਹੀ ਬੀਬੀ ਬਣਨਾ ਪਿਆ ਹੈ। ਤਾਹੀਓਂ ਤਾਂ ਕਿਸੇ ਕਵੀ ਨੇ ਲਿਖਿਆਂ ਹੈ:-
ਗੱਲ ਦੱਸਾ ਕੀ ਸਿੱਖਾਂ ਦੇ ਮੁੰਡਿਆਂ ਦੀ, ਜਵਾਨੀ ਨਸ਼ਿਆਂ ਦੇ ਵਿੱਚ ਖਪਾਈ ਜਾਂਦੇ।
ਬੀੜੀ, ਗੁਟਖੇ, ਤੰਬਾਕੂ ਦਾ ਨਾਮ ਪੁੱਛ ਲਉ, ਵਿਰਸਾ ਆਪਣਾ ਮਨੋਂ ਭੁਲਾਈ ਜਾਂਦੇ।
ਗੁਰੁ ਸਾਹਿਬਾਂ ਦੀ ਬਾਣੀ ਤੋਂ ਹੋ ਬੇਮੁੱਖ, ਅਸਲੀਲ਼ ਗੀਤਾਂ ਨੂੰ ਟੇਪ ਕਰਾਈ ਜਾਂਦੇ।
ਕੰਨੀ ਪਾ ਮੁੰਦਰਾਂ, ਮੁਨਾ ਕੇ ਕੇਸ ਦਾੜ੍ਹੀ, ਫਿਰ ਵੀ ਸਿੱਖਾਂ ਦੇ ਮੁੰਡੇ ਕਹਾਈ ਜਾਂਦੇ।
ਅਜੇ ਵੀ ਜੇ ਸਿੱਖ ਲੀਡਰਸ਼ਿਪ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਸੁਹਿਰਦ ਹੋ ਜਾਣ ਤਾਂ ਨੌਜਵਾਨਾਂ ਨੂੰ ਇਸ ਮੀਡੀਏ ਦੇ ਮੱਕੜ ਜਾਲ ਤੋਂ ਬਚਾ ਕੇ ਦੇਸ਼, ਕੌਮ, ਧਰਮ ਦੇ ਭਲੇ ਵਿੱਚ ਲਾ ਸਕਦੀ ਹੈ। ਆਉ ਧਰਮ ਪ੍ਰਚਾਰ ਨੂੰ ਤੇਜ਼ ਕਰਦਿਆਂ ਨੌਜਵਾਨਾਂ ਨੂੰ ਗੁਰ-ਇਤਿਹਾਸ ਨਾਲ ਜੋੜਨ ਲਈ ਉਹਨਾਂ ਤੱਕ ਪਹੁੰਚ ਕਰੀਏ ਤਾਂ ਕਿ ਨੌਜਵਾਨਾਂ ਨੂੰ ਆਪਣੇ ਵਿੱਰਸੇ ਨਾਲ ਜੋੜਿਆ ਜਾ ਸਕੇ। ਗੁਰੁ ਭਲੀ ਕਰੇ।
ਦਾਸ:
-ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੈਕਟਰ
ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ,
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920




.