੧. ਅੱਜ ਕੱਲ ਦੇ ਬਾਬੇ ਵੇਖ ਲਉ। ਇਹ ਬਣ-ਬਣ ਬਹਿੰਦੇ ਮਹੰਤ। ਜਿਹਨੂੰ ਘਰੇ ਕੋਈ ਨਹੀਂ ਪੁੱਛਦਾ
ਹੈ, ਉਹ ਬਣ ਜਾਂਦਾ ਹੈ ਸੰਤ।
੨. ਵਿੱਚ ਕਨੇਡਾ ਵਸਦੇ ਇਹਨਾਂ ਸੰਤਾਂ ਦੇ ਪਰਿਵਾਰ ਇਹਨਾਂ ਦੇ ਥੱਲੇ ਹੁੰਦੀ, ੫੦-੬੦ ਲੱਖ ਦੀ
ਕਾਰ।
੩. ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਲੋਕਾਂ ਤੋਂ ਮੱਥੇ ਟਿਕਾਉਂਦੇ ਨੇ, ਭਾੜੇ ਤੇ
ਖ੍ਰੀਦੇ ਬੰਦਿਆਂ ਤੋਂ ਆਪਣੀ ਹੀ ਸਿਫਤ ਕਰਾਉਂਦੇ ਨੇ।੪. ਕੋਈ ਨੂਰਮਹਿਲੀਆ ਬਣਿਆ ਹੈ, ਕੋਈ ਬਣਿਆ ਹੈ
ਭਨਿਆਰਾ, ਅੱਜ ਸਤਿਗੁਰੂ ਅਖਵਾਉਂਦਾ ਹੈ, ੧੫ ਸਾਲਾ ਕੁਆਰਾ ੫. ਕੋਈ ਬਾਬਾ ਪੁੱਤਰ ਵੰਡਦਾ ਹੈ ਕੋਈ
ਕਰਦਾ ਬੇੜੇ ਪਾਰ, ਜੋ ਇਹਨਾਂ ਪਿਛੇ ਲੱਗਦਾ ਹੈ ਉਹ ਡੁੱਬੇ ਅੱਧ ਵਿਚਕਾਰ। ੬. ਕੋਈ ਸੰਤ ਚਾਲੀਸਾ
ਕੱਟਦਾ ਹੈ, ਇਹ ਕਰਦੇ ਬੜੇ ਪਖੰਡ। ਲੋਕਾਂ ਨੂੰ ਲੁੱਟਣ ਵਾਲੇ ਇਹਨਾਂ ਲੱਭੇ ਅਨੋਖੇ ਢੰਗ। ੭. ਗੁਰਮਤਿ
ਦੀ ਗੱਲ ਕੋਈ ਆਉਂਦੀ ਨਹੀਂ, ਨਾ ਜਾਣਦੇ ਇਹ ਗੁਰਬਾਣੀ, ਸੰਤ ਮਾਨ ਸਿੰਘ ਨੂੰ ਸੁਣ ਕੇ ਮੈਂ ਸ਼ਰਮ ਨਾਲ
ਹੋ ਗਿਆ ਪਾਣੀ।
੮. ਅਫੀਮ, ਭੰਗ ਪੋਸਤ ਇਹ ਡੇਰਿਆ ਵਿੱਚ ਵਰਤਾਉਂਦੇ ਨੇ, ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ
ਆਪਣਾ ਹੀ ਅੰਮ੍ਰਿਤ ਛਕਾਉਂਦੇ ਨੇ।੯. ਇਹ ਸੰਤ ਬਣੇ ਜੋ ਠੱਗ, ਜਾਇਦਾਦਾਂ ਖਾਤਰ ਮਰਦੇ ਨੇ, ਡੇਰਿਆਂ
ਤੇ ਕਬਜੇ ਕਰ ਲੈਂਦੇ, ਇਹ ਪੱਗਾਂ ਪਿਛੇ ਲੜਦੇ ਨੇ। ੧੦. ਕੋਈ ਵਿੱਚ ਬਿਆਸ ਬੈਠਾ ਹੈ, ਆਪਣੇ ਹੀ ਡੇਰੇ
ਖੋਲ੍ਹ, ਗੁਮਰਾਹ ਕਰਦੇ ਆ ਲੋਕਾਂ ਨੂੰ, ਇਹ ਉਲਟੀ ਬਾਣੀ ਬੋਲ। ੧੧. ਕੀ ਦੱਸਾਂ ਕਾਰ ਸੇਵਾ ਦਾ ਇਹਨਾਂ
ਦੇ ਕੰਮ ਨਿਆਰੇ, ਪੈਸੇ ਖਾਤਰ ਇਹਨਾਂ ਨੇ ਕਈ ਬਣਾ ਲਏ ਗੁਰਦੂਆਰੇ। ੧੨. ਕੋਈ ਬਾਬਾ ਧਾਗੇ ਕਰਦਾ ਹੈ,
ਕੋਈ ਬਾਬਾ ਕਰੇ ਤਵੀਤ, ਇਹ ਭੋਲੇ ਭਾਲੇ ਦਿਸਦੇ ਨੇ, ਪਰ ਵਿਚੋਂ ਖੋਟੀ ਨੀਤ। ੧੩. ਕੋਈ ਬਾਬਾ ਵੇਖੇ
ਪੱਤਰੀਆਂ, ਕੋਈ ਦੱਸਦਾ ਸੰਤ ਭਵਿੱਖ, ਜੋ ਮੰਨਦਾ ਇਨ੍ਹਾਂ ਗੱਲਾਂ ਨੂੰ ਉਹ ਹੋ ਸਕਦਾ ਨਹੀਂ ਸਿੱਖ।
੧੪. ਕੋਈ ਬਣਿਆ ਹੈ ਵਡਭਾਗ ਸਿੰਘ ਤੇ ਨਹਾਵੇ ਧੌਲੀ ਧਾਰ। ਕੀ ਕਿਸੇ ਨੂੰ ਤਾਰੇਗਾ, ਜਿਹੜਾ ਖ਼ਾਲਸੇ ਦਾ
ਗਦਾਰ। ੧੫. ਕੋਈ ਬੀਬੀ ਖੇਡਾਂ ਦਿੰਦੀ ਹੈ, ਕੋਈ ਬੀਬੀ ਬਣੀ ਪੰਜ ਪੀਰ, ਅਨਪੜ ਪੇਂਡੂ ਲੋਕ ਸਭ, ਬਣੇ
ਲਕੀਰ ਦੇ ਫਕੀਰ। ੧੬. ਕੁਲਦੀਪ ਪ੍ਰਿੰਗੜੀ ਵਾਂਗੂੰ ਸਭ ਤਿਆਗੋ ਸਾਧੂ ਸੰਤ। ਗੁਰੂ ਗੋਬਿੰਦ ਸਿੰਘ ਜੀ
ਕਹਿ ਗਏ, ਗੁਰੂ ਮਾਨਿਉ ਗ੍ਰੰਥ।
ਕੁਲਦੀਪ ਸਿੰਘ ਪਿੰਡ ਪ੍ਰਿੰਗੜੀ
ਤਹਿ: ਪੱਟੀ ਜਿਲ੍ਹਾ ਅੰਮ੍ਰਿਤਸਰ, ਪੰਜਾਬ।