.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਦੁਆਰੇ ਸੂਝ ਲਈ ਜਾਂ ਜਪ-ਤਪ ਲਈ

੧੮੭੩ ਈਸਵੀ ਨੂੰ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ ਤੇ ੧੮੭੭ ਨੂੰ ਪੰਜਾਬ ਵਿੱਚ ਆਰੀਆ ਸਮਾਜ ਦੀ ਲਹਿਰ ਦਾ ਜਨਮ ਹੋਇਆ। ੧੯੨੦ ਦੇ ਨੇੜੇ-ਤੇੜੇ ਕਿਰਦਾਰ ਤੋਂ ਗਿਰੇ ਹੋਏ ਕੁਰੱਪਟ ਮਹੰਤਾਂ ਨੂੰ ਬਾਹਰ ਕੱਢਣ ਲਈ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ, ਕਾਮਯਾਬ ਤਾਂ ਹੋ ਗਏ ਪਰ ਇਹ ਸੁਧਾਰ ਲਹਿਰ ਗੋਲਕ ਦੀਆਂ ਪਰਕਰਮਾਂ ਤੀਕ ਸਿਮਟ ਕੇ ਰਹਿ ਗਈ। ੧੯੨੦ ਦੇ ਨੇੜੇ-ਤੇੜੇ ਹੀ ਆਰੀਆ ਸਮਾਜ ਨੇ ਪੰਜਾਬ ਵਿੱਚ ਵਿਦਿਆ ਤੇ ਜ਼ੋਰ ਦਿੱਤਾ ਤੇ ਸੈਂਕੜਿਆਂ ਦੀ ਤਦਾਦ ਵਿੱਚ ਵਿਦਿਆ ਦੇ ਕੇਂਦਰ ਸਥਾਪਿਤ ਕਰ ਦਿੱਤੇ। ੧੯੪੭ ਵਿੱਚ ਦੇਸ਼ ਅਜ਼ਾਦ ਹੋ ਗਿਆ ਤੇ ਵਿਦਿਆ ਦੇ ਬਲਬੋਤੇ ਉਹ ਹਾਕਮ ਤੇ ਅਫ਼ਸਰ ਬਣ ਗਏ ਤੇ ਅਸੀਂ ਗੁਰਦੁਆਰਿਆਂ ਵਿੱਚ ਪ੍ਰਧਾਨਗੀਆਂ ਸਕੱਤਰੀਆਂ ਲਈ ਲੜਨ ਜੋਗੇ ਰਹਿ ਗਏ ਤੇ ਵਿਦਿਆ ਤੋਂ ਫਾਡੀ ਹੋ ਕਿ ਕਰਮ-ਕਾਂਡੀ ਸਿੱਖ ਬਣ ਗਏ ਹਾਂ। ਗੁਰ-ਗੋਲਕ `ਤੇ ਕਬਜ਼ਾ ਜਮਾਈ ਰੱਖਣ ਲਈ ਕੌਮ ਜਿੱਥੇ ਧੜੇਬੰਦੀ ਦੀ ਸ਼ਿਕਾਰ ਹੋਈ ਹੈ ਓੱਥੇ ਕੋਟ ਕਹਿਚਾਰੀਆਂ ਦੀ ਧੂੜ ਵੀ ਬੇਸ਼ਰਮੀ ਨਾਲ ਫੱਕੀ ਜਾ ਰਹੀ ਹੈ।

ਹਿਟਲਰ ਨੇ ਯੂਹਦੀਆਂ ਦਾ ਇਕਵੱਢਿਓਂ ਵਢ੍ਹਾਂਗਾ ਕਰਦਿਆਂ ਜ਼ਿਉਂਦਿਆਂ ਨੂੰ ਹੀ ਭੱਠੀਆਂ ਵਿੱਚ ਝੋਕ ਕੇ ਸਾੜ ਦਿੱਤਾ, ਇੰਜ ਲੱਗਦਾ ਸੀ ਇਹ ਕੌਮ ਹੁਣ ਕਦੇ ਵੀ ਸਥਾਪਿਤ ਨਹੀਂ ਹੋ ਸਕੇਗੀ ਪਰ ਉਹਨਾਂ ਦੀ ਕੌਮ ਦੇ ਸਿਰ ਕੱਢ ਵਿਦਵਾਨ ਆਗੂਆਂ ਨੇ ਡੂੰਘੀ ਸੋਚ ਵਿਚਾਰ ਤੋਂ ਉਪਰੰਤ ਇੱਕ ਸਿੱਟਾ ਕੱਢਿਆ ਕਿ ਜੇ ਦੁਨੀਆਂ ਦੇ ਜਿਉਣਾ ਚਾਹੁੰਦਾ ਹਾਂ ਦੋ ਗੱਲਾਂ ਵਲ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ ਇੱਕ ਵਿਦਿਆ ਤੇ ਦੂਜਾ ਅਮੀਰੀ। ਲੱਖਾਂ ਦੀ ਗਿਣਤੀ ਵਿੱਚ ਯਹੂਦੀਆਂ ਨੇ ਆਪਣੇ ਭਰਾਵਾਂ ਨੂੰ ਬੇ-ਦਰਦੀ ਨਾਲ ਮੌਤ ਦੇ ਘਾਟ ਉਤਰਦਿਆਂ ਦੇਖਿਆ ਪਰ ਉਹਨਾਂ ਨੇ ਨਵੇਂ ਸਿਰੇ ਤੋਂ ਜੱਥੇਬੰਦ ਹੋ ਸੰਸਾਰ ਵਿੱਚ ਉਹ ਮਾਰਕੇ ਮਾਰੇ ਹਨ ਜਿਨ੍ਹਾਂ ਦਾ ਵਿਸਥਾਰ ਬਹੁਤ ਹੀ ਲੰਬਾ ਹੈ। ਤ੍ਰਿਤਾਲ਼ੀ ਲੱਖ ਦੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਯਹੂਦੀਆਂ ਨੇ ਸਾਰੀ ਦੁਨੀਆਂ ਵਿੱਚ ਵਿਦਿਆ ਤੇ ਅਮੀਰੀ ਕਾਇਮ ਕਰ ਲਈ ਹੈ। ਉੱਚ-ਕੋਟੀ ਦੇ ਸਾਇੰਸਦਾਨ, ਨੀਤੀਵੇਤਾ, ਅਰਥ-ਸ਼ਾਸ਼ਤਰੀ, ਡਾਕਟਰ ਤੇ ਸਮਾਜ ਦੀ ਸਿਰਜਣਾ ਵਾਲੇ ਘਾੜੇ ਪੈਦਾ ਕੀਤੇ ਹਨ ਇਸ ਲਈ ਸਾਰੀ ਦੁਨੀਆਂ ਵਿੱਚ ੳਹੁਨਾਂ ਦੀ ਸੋਚ ਦਾ ਡੰਕਾ ਵੱਜ ਰਿਹਾ ਹੈ।

ਤਸਵੀਰ ਦੇ ਦੂਜੇ ਪਾਸੇ ਸਿੱਖ ਕੌਮ ਨੇ ਲੱਖਾਂ ਦੀ ਗਿਣਤੀ ਵਿੱਚ ਸ਼ਹੀਦੀਆਂ ਦਿੱਤੀਆਂ ਪਰ ਪੱਲੇ ਨਿਰਾਸ਼ਾ ਹੀ ਪਈ ਹੈ ਕਿਉਂਕਿ ਨਾ ਤੇ ਸਾਡੇ ਲੀਡਰ ਹੀ ਉੱਚ-ਪਾਏ ਦੀ ਸੋਚ ਦੇ ਮਾਲਕ ਹਨ ਤੇ ਨਾ ਹੀ ਸਾਡੇ ਜੱਥੇਦਾਰਾਂ ਪਾਸ ਵਿਦਿਆ ਦਾ ਉਹ ਮਿਆਰ ਹੈ ਕਿ ਜਿਸ ਨਾਲ ਉਹ ਕੌਮ ਨੂੰ ਕੋਈ ਸਹੀ ਸੇਧ ਦੇ ਸਕਣ। ਉੱਚ ਅਸਥਾਨਾਂ ਤੇ ਬੈਠ ਕੇ ਨਿਜੀ ਕਿੜਾਂ ਕੱਢਣ ਲਈ ਸਿਰਫ ਹੁਕਮ ਨਾਮੇ ਹੀ ਜਾਰੀ ਕੀਤੇ ਪਰ ਕੌਮ ਨੂੰ ਕੋਈ ਸਹੀ ਦੇਣ ਵਿੱਚ ਬੁਰੀਂ ਤਰ੍ਹਾਂ ਫੇਹਲ ਹੋਏ ਹਨ। ਜਿਸ ਦਾ ਨਤੀਜਾ ਇਹ ਹੋਇਆ ਹੈ ਜਿਹਨਾਂ ਕਰਮ-ਕਾਂਡਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਰੱਦ ਕੀਤਾ ਸੀ ਅੱਜ ਉਹ ਹੀ ਕਰਮ-ਕਾਂਡ ਸਾਡੇ ਗੁਰਦੁਆਰਿਆਂ ਵਿੱਚ ਆਣ ਵੜ ਕੇ ਧਰਮ ਦਾ ਜ਼ਰੂਰੀ ਅੰਗ ਬਣ ਗਏ ਹਨ।

ਅਰਬਾਂ ਰੁਪਿਆਂ ਦੇ ਬਜਟ ਵਾਲੀ ਸ਼ਰਮੋਣੀ ਕਮੇਟੀ ਅੱਜੇ ਤੀਕ ਆਪਣਾ ਸਿੱਖੀ ਸਿਧਾਂਤ ਵਾਲਾ ਰੋਜ਼ਾਨਾ ਅਖ਼ਬਾਰ ਵੀ ਨਹੀਂ ਕੱਢ ਸਕੀ। ਹਾਂ ਇੱਕ ਕੰਮ ਜ਼ਰੂਰ ਕੀਤਾ ਹੈ ਕਿ ਸਪੋਕਸਮੈਨ ਅਖ਼ਬਾਰ ਨੇ ਸਿੱਖੀ ਸਿਧਾਂਤ ਦੀ ਗੱਲ ਕੀਤੀ ਹੈ ਉਸ ਤੇ ਹੁਕਮਨਾਮੇ ਜਾਰੀ ਕਰਕੇ ਨਾ ਪੜ੍ਹਨ ਦੀ ਤਾਗ਼ੀਦ ਜ਼ਰੂਰ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਹੱਸਦੇ ਵੱਸਦੇ ਪੰਜਾਬ ਵਿੱਚ ਰਾਧਾ-ਸੁਆਮੀਏ, ਨਕਲੀ ਨਿਰੰਕਾਰੀਏ, ਨਾਮਧਾਰੀਏ, ਅਖੌਤੀ ਸਾਧ-ਲਾਣਾ ਤੇ ਡੇਰਾਵਾਦੀ ਬਿਰਤੀ ਨੇ ਕਰਮ-ਕਾਂਡਾਂ ਦਾ ਇੱਕ ਅਜੇਹਾ ਬੀਜ ਬੀਜਿਆ ਹੈ ਜੋ ਅਮਰ ਵੇਲ ਤੇ ਸ਼ੈਤਾਨ ਦੀ ਆਂਦਰ ਵਾਂਗ ਅੱਗੇ ਵੱਧਦਾ ਹੀ ਜਾ ਰਿਹਾ। ਇਹਨਾਂ ਦੇ ਪਾਖੰਡ ਦਾ ਸਦਕਾ ਅੱਜ ਸਿੱਖੀ ਸਿਧਾਂਤ ਅਲੋਪ ਹੁੰਦਾ ਜਾ ਰਿਹਾ ਹੈ। ਯੂਨੀਵਰਸਟੀ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ `ਤੇ ਪਰ ਕੁਰਸੀ ਕਾਇਮ ਕੀਤੀ ਜਾਏ ਸਤਿਗੁਰ ਰਾਮ ਸਿੰਘ ਦੇ ਨਾਮ `ਤੇ, ਹੈ-ਕਨਾ ਹਨ੍ਹੇਰ ਸਾਂਈ ਦਾ।

ਗੁਰਦੁਆਰੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਸੋਮੇਂ ਸਨ ਉਹ ਅੱਜ ਬੁਰੀਂ ਤਰ੍ਹਾਂ ਕਰਮ-ਕਾਂਡ ਵਿੱਚ ਤਬਦੀਲ ਹੁੰਦੇ ਜਾ ਰਹੇ ਹਨ। ਦੁੱਖ ਇਸ ਗੱਲ ਦਾ ਹੈ ਕਿ ਆਪਣੇ ਆਪ ਨੂੰ ਸਿੱਖ ਕੌਮ ਦੇ ਬੁੱਧੀ-ਜੀਵੀਏ ਅਖਵਾਉਣ ਵਾਲੇ ਵਿਦਵਾਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਗੁਰਦੁਆਰੇ ਦੀ ਪ੍ਰੀਭਾਸ਼ਾ ਦੇਂਦਿਆਂ ਬਹੁਤ ਸੁੰਦਰ ਫਰਮਾਇਆ ਹੈ--ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥

ਇੰਜ ਲੱਗ ਰਿਹਾ ਹੈ ਸੋਝੀ ਦੀ ਥਾਂ `ਤੇ ਨਿਤ ਨਵੇਂ ਕਰਮ-ਕਾਂਡ ਦੇਖਣ ਨੂੰ ਮਿਲਦੇ ਹਨ। ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਹਰ ਰੋਜ਼ ਸਵੇਰੇ ਉੱਠਿਆਂ ਹਰ ਗੁਰਦੁਆਰੇ ਵਿੱਚ ਨਵਾਂ ਕਰਮ-ਕਾਂਡ ਦੇਖਣ ਨੂੰ ਮਿਲਦਾ ਹੈ ਤੇ ਉਸ ਨੂੰ ਸਿੱਖ ਰਹਿਤ ਮਰਯਾਦਾ ਦਾ ਹਿੱਸਾ ਦੱਸ ਕੇ ਉਸ ਕਰਮ-ਕਾਂਡ ਦਾ ਪੂਰਾ ਪ੍ਰਚਾਰ ਕੀਤਾ ਜਾਂਦਾ ਹੈ। ਇਹਨਾਂ ਕਰਮ-ਕਾਂਡਾਂ ਨੂੰ ਸਾਡੇ ਸਤਿਕਾਰ ਯੋਗ ਜੱਥੇਦਾਰ ਤੇ ਪੰਥਕ ਲੀਡਰ ਦੇਖ ਹੀ ਨਹੀਂ ਰਹੇ ਸਗੋਂ ਪੂਰੀ ਤਨ-ਦੇਹੀ ਨਾਲ ਨਿਭਾਅ ਵੀ ਰਹੇ ਹਨ।

ਮਾਡਲ-ਟਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਸਿਰੀ ਗੁਰੂ ਸਿੰਘ ਸਭਾ ਗੁਰੁਦੁਆਰਾ ਹੈ ਜਿਸ ਦੇ ਪ੍ਰਧਾਨ ਜੱਥੇਦਾਰ ਸਰਦਾਰ ਅਵਤਾਰ ਸਿੰਘ ਜੀ ਮੱਕੜ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ ਤੇ ਸੜਕ ਦੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਹੈੱਡ-ਆਫਿਸ ਵੀ ਹੈ ਜੋ ਸਿੱਖ ਸਿਧਾਂਤ ਦੀ ਪਹਿਰੇਦਾਰ ਜੱਥੇਬੰਦੀ ਸਮਝੀ ਜਾਂਦੀ ਹੈ। ਗੁਰਦੁਆਰਾ ਮਾਡਲ-ਟਊਨ ਐਕਸਟੈਸ਼ਨ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਗੁਰਦੁਆਰਾ ਹੈ ਜਿੱਥੇ ਜਪ-ਤਪ ਦੇ ਸਮਾਗਮ ਹੁੰਦੇ ਰਹਿੰਦੇ ਹਨ ਜਿਸ ਨਾਲ ਸੰਗਤ ਭਰਪੂਰ ਜੁੜਨ ਲੱਗ ਪਈ। ਸਿਰੀ ਗੁਰੂ ਸਿੰਘ ਸਭਾ ਮਾਡਲ-ਟਊਨ ਦੇ ਪ੍ਰਬੰਧਕਾਂ ਨੇ ਦੇਖਿਆ ਕਿ ਸਾਡੀ ਪ੍ਰਤਭਾ ਘੱਟ ਜਾਏਗੀ ਜਿਸ ਨਾਲ ਗੋਲਕ ਤੇ ਵੀ ਅਸਰ ਪੈ ਸਕਦਾ ਹੈ, ਇਸ ਲਈ ਸਾਨੂੰ ਵੀ ਜਪ-ਤਪ ਦੇ ਨਾਂ ਹੇਠ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਹੋਰ ਜਪ-ਤਪ ਅਸਥਾਨ ਗੁਰਦੁਆਰਾ ਸਥਾਪਿਤ ਕਰ ਲੈਣਾ ਚਾਹੀਦਾ ਹੈ। ਇਸ ਜਪ-ਤਪ ਨਾਂ ਦੀ ਨਵੀਂ ਬਣ ਰਹੀ ਇਮਾਰਤ ਵਿੱਚ ਬੇਸਮੈਂਟ ਦੇ ਨਾਮ ਹੇਠ ਇੱਕ ਭੋਰਾ ਸਾਹਿਬ ਵੀ ਬਣਾਇਆ ਜਾ ਰਿਹਾ ਹੈ ਜਿੱਥੇ ਸੰਗਤ ਜਪ-ਤਪ ਸਾਧਨਾ ਕਰੇਗੀ। ਜੇ ਅਜੇਹਿਆਂ ਭੋਰਿਆਂ ਦੀ ਸਿੱਖੀ ਵਿੱਚ ਜ਼ਰੂਰਤ ਹੈ ਤਾਂ ਮੱਕੜ ਸਾਹਿਬ ਜੀ ਨੂੰ ਸ਼੍ਰੋਮਣੀ ਕਮੇਟੀ ਅਧੀਨ ਸਾਰਿਆਂ ਗੁਰਦੁਆਰਿਆਂ ਵਿੱਚ ਭੋਰੇ ਬਣਉਣੇ ਚਾਹੀਦੇ ਹਨ। ਲੁਧਿਆਣਾ ਸ਼ਹਿਰ ਦੇ ਕੇਂਦਰੀ ਅਸਥਾਨ ਭਾਵ ਉਹ ਗੁਰਦੁਆਰੇ ਜੋ ਕਦੇ ਸਿੱਖ ਸਿਧਾਂਤ ਦੀ ਗੱਲ ਕਰਦੇ ਸਨ ਅੱਜ ਉਹ ਵੀ ਸਾਰੇ ਜਪ-ਤਪ ਤੇ ਨਾਮ ਦੀ ਸਾਧਨਾ ਦੇ ਸਮਾਗਮ ਕਰਾਉਣ ਵਿੱਚ ਰੁੱਝ ਗਏ ਹਨ। ਜਪ-ਤਪ ਦੇ ਨਾਂ ਨਾਲ ਦੁਪਹਿਰਾ ਤੇ ਚੁਉਪਹਿਰਾ ਵੀ ਜੁੜ ਗਿਆ ਹੈ। ਜਪ-ਤਪ ਚਉਪਹਿਰੇ, ਦੁਪਹਿਰੇ, ਸਾਧਨਾ, ਰਾਤ ਜਾਗਰਣ ਦੇ ਕਰਮ-ਕਾਂਡਾਂ ਨੂੰ ਗੁਰਬਾਣੀ ਪੂਰੀ ਤਰ੍ਹਾਂ ਰਦ ਕਰਦੀ ਹੈ। ਗੁਰਬਾਣੀ ਦੀ ਲੋਅ ਵਿੱਚ ਜਪ-ਤਪ ਤੇ ਇਹਨਾਂ ਚਉ-ਪਹਿਰਿਆਂ ਦੀ ਵਿਚਾਰ ਕੀ ਹੈ --

ਜਪ---ਮੰਤ੍ਰ ਸ਼ਾਸਤਰਾਂ ਵਿੱਚ ਅਨੇਕਾਂ ਹੀ ਕਾਮਨਾ–ਪੂਰਨ ਜਪਾਂ ਦਾ ਵਰਣਨ ਮਿਲਦਾ ਹੈ। ਸੰਪੁਟ--ਇਕ ਮੰਤਰ ਨੂੰ ਦੂਜੇ ਮੰਤਰ ਦੇ ਆਦਿ ਅੰਤ ਦੇ ਕੇ ਜਪਣਾ। ਅਨੁਲੋਮ—ਯਥਾਕ੍ਰਮ ਸਿੱਧ ਮੰਤਰ ਦਾ ਪਾਠ ਕਰਨਾ, ਜਿਵੇਂ ਵਾਸਦੇਵਾਯ ਭਗਵਤੇ ਨਮੋ ਓਅੰ ਆਦਿ। ਜਪ ਦੇ ਅਨੇਕਾਂ ਤਰੀਕੇ ਅਤੇ ਉਹਨਾਂ ਦੇ ਫ਼ਲ਼ ਭੀ ਹਿੰਦੂ ਸ਼ਾਸਤਰਾਂ ਵਿੱਚ ਦਿੱਤੇ ਹੋਏ ਹਨ। ਅਤੇ ਭੈਰਵ, ਕਾਲ਼ੀ ਮਾਈ. ਲਛਮੀ, ਸਰਸਵਤੀ, ਦੁਰਗਾ, ਚੰਡੀ, ਆਦਿ ਦੇਵੀ ਦੇਵਤਿਆਂ ਦੇ ਮੰਤ੍ਰ ਜਪ ਨਾਲ ਅਨੇਕਾਂ ਸ਼ਕਤੀਆਂ ਦੀ ਪਰਾਪਤੀ ਹੋਣੀ ਦੱਸੀ ਹੈ। ਪਰ ਗੁਰੂ ਗ੍ਰੂੰਥ ਸਾਹਿਬ ਜੀ ਇਹਨਾਂ ਜਪਾਂ ਨੂੰ ਨਿਸਫਲ ਜਾਣ ਕੇ ਇਨ੍ਹਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੇ ਹੋਏ ਕੇਵਲ ਇੱਕ ਅਕਾਲ-ਪੁਰਖ ਦਾ ਹੀ ਪਿਆਰ ਹਿਰਦੇ ਵਿੱਚ ਵਸਾਉਣ ਨੂੰ ਸਰਬ ਸ੍ਰੇਸ਼ਟ ਦਰਸਉਂਦੇ ਹਨ।

ਜਿਨੀ ਨਾਮੁ ਵਿਸਾਰਿਆ, ਕਿਆ ਜਪੁ ਜਾਪਹਿ ਹੋਰਿ॥

ਬਿਸਟਾ ਅੰਦਰਿ ਕੀਟ ਸੇ, ਮੁੱਠੇ ਦੰਦੈ ਚੋਰਿ॥

ਨਾਨਕ, ਨਾਮ ਨ ਵੀਸਰੈ ਝੂਠੇ ਲਾਲਚ ਹੋਰਿ॥

ਸਾਰੰਗ ਕੀ ਵਾਰ ਮ: ੩ ਪੰਨਾ ੧੨੪੭—

ਕਿਆ ਜਪੁ, ਕਿਆ ਤਪੁ ਕਿਆ ਬ੍ਰਤ ਪੂਜਾ॥

ਜਾ ਕੈ ਰਿਦੈ ਭਾਉ ਹੈ ਦੂਜਾ॥

ਗਉੜੀ ਕਬੀਰ ਜੀ ਪੰਨਾ ੩੨੪—

ਹਰਿ ਬਿਨੁ, ਅਵਰ ਕ੍ਰਿਆ ਬਿਰਥੇ॥

ਜਪ ਤਪ ਸੰਜਮ ਕਰਮ ਕਮਾਣੇ, ਇਹਿ ਓਰੈ ਮੂਸੈ॥

ਗਉੜੀ ਮਾਲਾ ਮਹਲਾ ੫ ਪੰਨਾ ੨੧੬—

ਗਰੁਦੁਆਰਿਆਂ ਦਾ ਭਗਵਾ-ਕਰਣ ਕਰਦਿਆਂ ਹੋਇਆਂ ਜਪ ਦੇ ਨਾਲ ਤਪ ਸ਼ਬਦ ਵੀ ਜੁੜ ਗਿਆ ਹੈ, ਤਪ ਦੇ ਅਖਰੀਂ ਅਰਥ ਕੀ ਹਨ ਇਹ ਭਾਈ ਕਾਨ੍ਹ ਸਿੰਘ ਜੀ ਨਾਭਾ ਤੋਂ ਪੁਛ ਲੈਂਦੇ –੧ ਤੱਤਾ ਹੋਣਾ, ਜਲਨਾ, ਤਪ ਕਰਨਾ, ਪਛਤਾਉਣਾ, ਚਮਕਣਾ, ਦੁਖ ਸਹਾਰਨਾ। ੨ ਸਰੀਰ ਨੂੰ ਤਪਾਉਣਾ ਵਾਲਾ ਵ੍ਰਤ, ਤਪੱਸਿਆ।

ਕਈ ਲੋਕ ਇਹ ਸਮਝਦੇ ਹਨ ਕਿ ਸਰੀਰ ਨੂੰ ਦੁੱਖ ਦੇਣ ਨਾਲ ਮਨ ਵੱਸ ਵਿੱਚ ਆ ਜਾਂਦਾ ਹੈ ਤੇ ਪ੍ਰਭੂ ਪ੍ਰਾਪਤੀ ਹੁੰਦੀ ਹੈ। ਜਿਵੇਂ ਕਈ ਸਾਧ ਜੇਠ ਹਾੜ ਦੀਆਂ ਗਰਮੀਆਂ ਵਿੱਚ ਭੀ ਚੌਗਿਰਦੇ ਅੱਗ ਬਾਲ ਕੇ ਵਿੱਚ ਆਪ ਬੈਠੇ ਰਹਿੰਦੇ ਹਨ, ਪਾਣੀ ਤੇ ਇੱਕ ਟੰਗ ਤੇ ਖੜੇ ਹੋ ਕਿ ਬਗਲ਼ੇ ਦੀ ਤਰ੍ਹਾਂ ਧਿਆਨ ਮਗਨ ਰਹਿੰਦੇ ਹਨ। ਪੁਰਾਣੇ ਸਮੇਂ ਵਿੱਚ ਪੁੱਠੇ ਲਟਕ ਕੇ ਤਪ ਕਰਨ ਦੀਆਂ ਵੀ ਉਦਾਹਰਣਾਂ ਮਿਲਦੀਆਂ ਹਨ। ਪਰ ਗੁਰਮਤਿ ਵਿੱਚ ਐਸੇ ਤਪਾਂ ਨਾਲ ਨਿਰਾਰਥਕ ਸਰੀਰ ਤਪਾਉਣਾ ਮਨ੍ਹਾਂ ਹੈ –

ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ॥

ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਸਮਾਲਿ॥

ਸਲੋਕ ਮ: ੧ ਪੰਨਾ ੧੪੧੧—

ਜੋਗ ਮੱਤ--ਅੱਜ ਤੋਂ ਕੋਈ ਢਾਈ ਕੁ ਸਾਲ ਪਹਿਲੇ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਏਰਿਆ-ਪੋਰਟ `ਤੇ ਜੋਗੀ ਰਾਮਦੇਵ ਦਾ ਸੁਆਗਤ ਕਰਦਿਆਂ ਉਸ ਦੇ ਹੱਥ ਵਿੱਚ ਸੋਨੇ ਦਾ ਕੜਾ ਪਾ ਰਹੇ ਸਨ ਤੇ ਆਪਣੇ ਗੁਰਦੁਆਰੇ ਜੋਗ-ਸਾਧਨਾਂ ਦੇ ਕੈਂਪ ਦਾ ਪ੍ਰਬੰਧ ਵੀ ਕੀਤਾ। ਸਾਡੇ ਗੁਰਦੁਆਰਿਆਂ ਦੀ ਅੰਦਰੂਨੀ ਹਾਲਤ ਏੱਥੋਂ ਤੀਕ ਪਾਹੁੰਚ ਗਈ ਹੈ। ਜੋਗ-ਮੱਤ ਸ਼ਿਵ ਦਾ ਉਪਾਸ਼ਕ ਹੈ ਜੋ ਗੁਰਮਿਤ ਦੇ ਨੇੜੇ-ਤੇੜੇ ਵੀ ਨਹੀਂ ਹੈ। ਗੁਰਮਤਿ ਦਾ ਰਾਹ ਤਾਂ ਹੈ ਸੰਸਾਰ ਵਿੱਚ ਰਹਿ ਕੇ ਮੁਸ਼ਕਲਾਂ ਨਾਲ ਜੂਝਦਿਆਂ ਹੋਏ ਵਿਕਾਰਾਂ ਦੇ ਪ੍ਰਭਾਵ ਤੋਂ ਬਚ ਕੇ ਪਰ-ਉਪਕਾਰੀ ਜੀਵਨ ਜਿਊਣਾ ਹੈ। ਗਤਕੇ ਵਰਗੇ ਮਾਰਸ਼ਲ ਆਰਟ ਨੂੰ ਘੱਟੇ-ਕੌਡੀਆਂ ਵਿੱਚ ਰਲਾਉਂਦਿਆਂ ਸਿੱਖ ਸਵਾਸਾਂ ਨੂੰ ਹੇਠਾਂ ਉੱਪਰ ਕਰਨ ਵਿੱਚ ਰੁਝਦੇ ਜਾ ਰਹੇ ਹਨ। ਜੋਗ-ਮੱਤ ਬਾਰੇ ਗੁਰਮਿਤ ਦਾ ਜੋ ਨਜ਼ਰੀਆ ਹੈ—

ਸਿੱਧਾ ਕੇ ਆਸਣ ਜੇ ਸਿਖੈ, ਇੰਦ੍ਰੀ ਵੱਸਿ ਕਰਿ ਕਮਾਇ॥

ਮਨ ਕੀ ਮੈਲੁ ਨ ਉਤਰੈ, ਹਊਮੈ ਮੈਲੁ ਨ ਜਾਇ॥

ਵਡਹੰਸ ਮਹਲਾ ੩ ਪੰਨਾ ੫੫੮—

ਗੁਰਦੁਆਰਿਆਂ ਵਿੱਚ ਤਾਂ ਗੁਰੂ ਦੀ ਮਤ ਦਾ ਪਰਚਾਰ ਹੋਣਾ ਸੀ ਪਰ ਏੱਥੇ ਤਾਂ ਦਿਨ-ਬ-ਦਿਨ ਨਵੇਂ ਤੋਂ ਨਵਾਂ ਕਰਮ-ਕਾਂਡ ਦੇਖਣ ਨੂੰ ਮਿਲਦਾ ਹੈ। ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਪੰਨਾ ਨੰ: ੪੧੬ `ਤੇ ਗੁਰਦੁਆਰਾ ਦੇ ਸਿਰਲੇਖ ਹੇਠ, ਗੁਰਦੁਆਰਾ ਸਾਹਿਬ ਦੀ ਵਿਆਖਿਆ ਲਿਖਦੇ ਹਨ, "ਗੁਰਦੁਆਰਾ—ਗੁਰੂ ਦੀ ਮਾਰਫ਼ਤ, ਗੁਰੂ ਦੇ ਜ਼ਰੀਏ। ਗੁਰਦੁਆਰਾ—ਗੁਰੂ ਘਰ, ਸਿੱਖਾਂ ਦਾ ਧਰਮ ਮੰਦਰ, ਉਹ ਅਸਥਾਨ, ਜਿਸ ਨੂੰ ਦਸ ਸਤਿਗੁਰਾਂ ਵਿਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਤਕ ਸਿੱਖਾਂ ਦੇ ਧਰਮ ਮੰਦਰ ਦਾ ਨਾਂ ਧਰਮਸਾਲ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ, ਅੰਮ੍ਰਿਤ ਸਰੋਵਰ ਦੇ ਧਰਮ ਮੰਦਰ ਦੀ ਹਰਿਮੰਦਰ ਦੀ ਸੰਗਿਆ ਥਾਪੀ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲ ਦਾ ਨਾਂ ਗੁਰਦੁਆਰਾ ਪੈ ਗਿਆ"।

ਭਾਈ ਸਾਹਿਬ ਜੀ ਗੁਰਦੁਆਰਾ ਦੇ ਸਿਰਲੇਖ ਹੇਠ ਅੱਗੇ ਲਿਖਦੇ ਹਨ, "ਸਿੱਖਾਂ ਦਾ ਗੁਰਦੁਆਰਾ, ਵਿਦਿਆਰਥੀਆਂ ਲਈ ਸਕੂਲ, ਆਤਮਿਕ ਜਗਿਆਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਤੇ ਅਚਾਰੀਆ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਦੀ ਜ਼ਿੰਮੇਵਾਰੀ ਦਾ ਲੋਹ- ਮਈ ਕਿਲ੍ਹਾ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਘਰ ਦਾ ਅਸਥਾਨ ਹੈ"।

ਸਤਿਗੁਰਾਂ ਦੇ ਵੇਲੇ ਅਤੇ ਬੁੱਢਾ ਦਲ ਦੇ ਸਮੇਂ ਗੁਰਦੁਆਰਿਆਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ। ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ, ਗੁਰਮਤਿ ਵਿੱਚ ਪੱਕਾ ਅਤੇ ਉਚੇ ਆਚਰਣ ਵਾਲਾ ਹੁੰਦਾ ਸੀ। ਜ਼ਮਾਨੇ ਦੀ ਗਰਦਿਸ਼ ਨੇ ਮਹਾਂਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ `ਤੇ ਭੀ ਹੌਲ਼ੀ ਹੌਲ਼ੀ ਹੋਇਆ। ਕੌਮ ਵਿਚੋਂ ਜਿਉਂ ਜਿਉਂ ਗੁਰਮਤਿ ਦਾ ਪ੍ਰਚਾਰ ਲੋਪ ਹੁੰਦਾ ਗਿਆ। ਗੁਰਦੁਆਰਿਆਂ ਦੀ ਮਰਯਾਦਾ ਏਨੀ ਵਿਗੜ ਗਈ, ਏਨੀ ਦੁਰਦਸ਼ਾ ਹੋਈ, ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਗੁਰਦੁਆਰਿਆਂ ਨੇ ਸਿੱਖੀ ਪਰਚਾਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਰ ਮੌਜੂਦਾ ਗੁਰਦੁਆਰਿਆਂ ਦੀ ਸਥਿਤੀ ਇਹ ਹੈ ਕਿ, ਇਹ ਬ੍ਰਹਾਮਣੀ ਕਰਮ-ਕਾਂਡ ਵਲ ਨੂੰ ਵੱਧ ਰਹੀ ਹੈ। ਵੱਧ ਰਹੇ ਗੁਰਦੁਆਰਿਆਂ ਦੇ ਰੁਝਾਨ ਨੇ ਸਿੱਖੀ ਨੂੰ ਆਪਣੇ ਢੰਗ ਨਾਲ ਢਾਹ ਲਗਾਈ ਹੈ। ਅੱਜ ਇੱਕ ਇਕ ਮਹੱਲੇ ਵਿੱਚ ਤਿੰਨ ਤਿੰਨ ਗੁਰਦੁਆਰੇ ਦੇਖੇ ਜਾ ਸਕਦੇ ਹਨ। ਹਰ ਪਿੰਡ ਵਿੱਚ ਪੱਤੀਆ ਦੇ ਹਿਸਾਬ ਨਾਲ ਗੁਰਦੁਆਰੇ ਬਣਾਏ ਜਾ ਰਹੇ ਹਨ। ਕੌਮ ਦੇ ਪਾਸ ਇਤਨੇ ਸਿਖਾਂਦਰੂ ਗ੍ਰੰਥੀ, ਪਰਚਾਰਕ ਨਹੀਂ ਹਨ ਜੋ ਹਰ ਗੁਰਦੁਆਰੇ ਨੂੰ ਮਿਲ ਸਕਣ। ਧੱਕੇ-ਧੋੜੇ ਨਾਲ ਆਪੂੰ ਬਣੇ ਪ੍ਰਬੰਧਕ ਗੁਰਮਤਿ ਸਿਧਾਂਤ ਤੋਂ ਕੋਰੇ ਹਨ। ਇੱਕ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਵਿਚਾਰ ਕਰਨ ਦਾ ਅਵਸਰ ਪ੍ਰਾਪਤ ਹੋਇਆ। ਉੱਥੋਂ ਦੇ ਸਕੱਤਰ ਹੁਰਾਂ ਬੜੇ ਫ਼ਖ਼ਰ ਨਾਲ ਕਿਹਾ ਕਿ ਭਾਅ ਜੀ ਮੇਰੀ ਸਾਰੀ ਕਮੇਟੀ ਅੰਮ੍ਰਿਤਧਾਰੀ ਹੈ, ਮੈਨੂੰ ਬਹੁਤ ਖ਼ੁਸ਼ੀ, ਚਲੋ ਕੋਈ ਪ੍ਰਬੰਧਕ ਤਾਂ ਮਿਲੇ ਜੋ ਅੰਮ੍ਰਿਤਧਾਰੀ ਹਨ। ਚਾਰ ਦਿਨਾਂ ਦੀ ਵੀਚਾਰ ਸੁਣਨ ਉੱਪਰੰਤ ਉਹਨਾਂ ਪ੍ਰਬੰਧਕਾਂ ਨੇ ਮੈਨੂੰ ਕਿਹਾ ਕਿ ਭਾਅ ਜੀ ਆ ਸ਼ਨਿਚਰ, ਮੰਗਲ ਦੀ ਗੱਲ ਨਾ ਕਰਿਆ ਜੇ, ਕਿਉਂਕਿ ਸੰਗਤ ਫਿਰ ਦੂਸਰੇ ਗੁਰਦੁਆਰੇ ਜਾਣ ਲੱਗ ਪਏਗੀ। ਤੁਹਾਨੂੰ ਤੇ ਸਾਰਾ ਪਤਾ ਈ ਆ, ਤੁਸੀਂ ਸਿਆਣੇ ਈ ਓ ਕਿ ਅਸੀਂ ਕਿਸੇ ਨੂੰ ਨਿਰਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਗੁਰੂ ਘਰ ਸਭ ਦਾ ਸਾਂਝਾ ਹੈ ਦੂਸਰਾ ਗੋਲਕ ਨੂੰ ਬਹੁਤ ਘਾਟਾ ਪੈਂਦਾ ਹੈ। ਉਹ ਆਪ ਹੀ ਸੇਵਾਦਾਰਾਂ ਨੂੰ ਹੁਕਮ ਕਰ ਰਹੇ ਸੀ ਕਿ ਸਵੇਰੇ ਸ਼ਨੀਚਰਵਾਰ ਹੈ, ਇਸ ਲਈ ਲੰਗਰ ਵਿੱਚ ਕਾਲ਼ੇ ਛੋਲੇ ਤੇ ਮਾਂਹ ਦੀ ਦਾਲ਼ ਬਣਾਈ ਜਾਏ। ਹਾਲਾਂ ਕਿ ਅੰਮ੍ਰਿਤ ਸਭ ਨੇ ਛੱਕਿਆ ਹੋਇਆ ਹੈ। ਇਸ ਦਾ ਸਾਫ਼ ਇੱਕ ਹੀ ਉੱਤਰ ਹੈ ਇਹਨਾਂ ਭਲੇ ਪ੍ਰਬੰਧਕਾਂ ਨੂੰ ਗੁਰਮਤਿ ਸਿਧਾਂਤ ਦੀ ਸੋਝੀ ਨਹੀਂ ਹੈ। ਇਹ ਗੁਰਦੁਆਰੇ ਸਿਰਫ ਪ੍ਰਭਾਤ ਫੇਰੀਆਂ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਅੰਮ੍ਰਿਤ ਅਸਾਂ ਜ਼ਰੂਰ ਛੱਕਿਆ ਹੋਇਆ ਹੈ ਪਰ ਬ੍ਰਹਾਮਣੀ ਕਰਮ-ਕਾਂਡ ਨੂੰ ਛੱਡਿਆ ਵੀ ਕੋਈ ਨਹੀਂ ਹੈ। ਅਜੇ ਤਕ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਦੀ ਸੋਝੀ ਨਹੀਂ ਆ ਸਕੀ। ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਪ੍ਰਤੀਕ ਸਨ ਪਰ ਅਜੇਹਾ ਹੋ ਨਹੀਂ ਸਕਿਆ। ਸਿਰਫ ਗੁਰਦੁਆਰੇ ਹੀ ਨਹੀਂ ਸਨਾਤਨੀ ਰੀਤੀ ਰਿਵਾਜ ਤਾਂ ਸਾਡੇ ਘਰਾਂ ਵਿੱਚ ਵੀ ਆ ਗਏ ਹਨ।

ਗ੍ਰੰਥ ਸਾਹਿਬ ਜੀ ਦੀ ਪੂਜਾ –ਸਿੱਖੀ ਵਿਧਾਨ ਵਿੱਚ ਪੂਜਾ ਕੇਵਲ ਇੱਕ ਅਕਾਲ ਦੀ ਹੈ, ਪਰਚਾ ਸ਼ਬਦ ਦਾ ਹੈ ਤੇ ਦੀਦਾਰ ਖਾਲਸੇ ਦਾ ਹੈ। ਅਕਾਲ ਦੀ ਪੂਜਾ ਦਾ ਅਰਥ ਹੈ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਢਾਲ਼ਣਾ। ਪਰਚਾ ਸ਼ਬਦ ਦਾ ਅਰਥ ਹੈ ਗੁਰਬਾਣੀ ਪਾਠ-ਬੋਧ ਨੂੰ ਸਮਝਣ ਦੀ ਸੂਝ ਪੈਦਾ ਕਰਨੀ। ਦੀਦਾਰ ਖਾਲਸੇ ਦਾ ਅਰਥ ਹੈ ਸੰਗਤ ਵਿੱਚ ਨਿਤਾ ਪ੍ਰਤੀ ਆਉਣਾ ਤੇ ਅੰਮ੍ਰਿਤ ਛੱਕਣਾ। ਜਿਸ ਤਰ੍ਹਾਂ ਮੰਦਰਾਂ ਵਿੱਚ ਮੂਰਤੀਆਂ ਰੱਖੀਆਂ ਹਨ, ਏਸੇ ਹੀ ਤਰਜ਼ `ਤੇ ਅੱਜ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਤਰ੍ਹਾਂ ਤਰ੍ਹਾਂ ਦੀਆਂ ਮੂਰਤੀਆਂ, ਪਲਾਸਟਿਕ ਫ਼ੁੱਲਾਂ ਦੇ ਗੁਲਦਸਤੇ ਰੱਖੇ ਹੋਏ ਹਨ। ਰੰਗ-ਬਰੰਗੀਆਂ ਲਾਈਟਾਂ ਫਿਟ ਕੀਤੀਆਂ ਹੋਈਆਂ ਮਿਲਣਗੀਆਂ। ਜੁਲਾਈ ੨੦੦੧ ਈਸਵੀ ਨੂੰ ਲੁਧਿਆਣੇ ਸ਼ਹਿਰ ਦੇ ਨੇੜੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜਾਣ ਦਾ ਅਵਸਰ ਮਿਲਿਆ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ੨੨, ਵੱਡੇ ਛੋਟੇ ਘੋੜੇ ਸਜਾਏ ਹੋਏ ਸਨ, ੨੪ ਪਲਾਸਟਿਕ ਫੁੱਲਾਂ ਦੇ ਗੁਲਦੱਸਤੇ, ਇੱਕ ਝਾੜੀਆਂ ਦਾ ਝਲਕਾਰਾ ਪਾ ਰਹੇ ਸਨ। ਗੁਰਦੁਆਰਾ ਸਾਹਿਬ ਜੀ ਦੇ ਮੈਨਜਰ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਸਿੱਧ ਪੱਧਰਾ ਉੱਤਰ ਸੀ ਜੀ ਕੀ ਫਰਕ ਪੈਂਦਾ ਹੈ? ਤੇ ਉਂਝ ਵੀ ਇਹ ਘੋੜੇ ਸਿੱਖੀ ਦਾ ਪ੍ਰਤੀਕ ਹੀ ਹਨ ਤੇ ਹੀਂ ਹੀਂ ਕਰਕੇ ਹੱਸ ਪਏ। ਦੂਸਰੀ ਗੱਲ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਲਿਖੋ, ਇਹ ਸੁਧਾਰ ਤਾਂ ਉਹਨਾਂ ਨੇ ਹੀ ਕਰਨਾ ਹੈ, ਅਸੀਂ ਕੁੱਝ ਨਹੀਂ ਕਰ ਸਕਦੇ। ਇਹ ਹਾਲ ਹੈ ਇਤਿਹਾਸਕ ਗੁਰਦੁਆਰਿਆਂ ਦਾ। ਅਸਲ ਵਿੱਚ ਘੋੜਿਆਂ ਦੀ ਕਾਢ ਦੁਕਾਨਦਾਰਾਂ ਦੀ ਹੈ ਜੇ ਦੁਕਾਨਾਂ `ਤੇ ਘੋੜੇ ਵਿਕਣ ਹੀ ਨਾ ਤੇ ਕੋਈ ਵੀ ਘੋੜਾ ਨਹੀਂ ਲਿਆਏਗਾ ਤੇ ਨਾ ਹੀ ਚੜ੍ਹਾਏਗਾ। ਇੱਕ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੰਤ ਬਾਬਿਆਂ ਦੀਆਂ ਤਸਵੀਰਾਂ, ਨਸੀਹਤ-ਨਾਮਾ, ਮੋਰ ਪੰਖ਼ ਤੇ ਹੋਰ ਪਤਾ ਨਹੀਂ ਕੀ ਕੁੱਝ ਪਿਆ ਹੋਇਆ ਸੀ। ਵੀਚਾਰ ਕੀਤੀ ਤਾਂ ਪ੍ਰਬੰਧਕ ਕਹਿਣ ਲੱਗੇ ਕੀ ਫ਼ਰਕ ਪੈਂਦਾ ਹੈ ਚੱਲੀ ਜਾਂਦਾ ਹੈ ਹਰ ਬੰਦੇ ਦੀ ਸ਼ਰਧਾ ਹੁੰਦੀ ਹੈ, ਅਸੀਂ ਕਿਸੇ ਦੀ ਸ਼ਰਧਾ ਥੋੜੀ ਤੋੜਨੀ ਹੈ। ਜੇ ਅੱਜ ਇਤਨਾ ਕੁੱਝ ਹੋ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਮੂਰਤੀਆਂ ਰੱਖਣ ਤੋਂ ਵੀ ਗ਼ੁਰੇਜ਼ ਨਹੀਂ ਕਰਾਂਗੇ ਤੇ ਮੂਰਤੀਆਂ ਵੀ ਉਹ ਹੋਣਗੀਆਂ ਜਿੰਨਾਂ ਨੂੰ ਚਕਾਉਣ ਲਈ ਸਿੱਖ ਪੰਥ ਦਾ ਸਾਰਾ ਜ਼ੋਰ ਲੱਗ ਗਿਆ ਸੀ। ਪੁਜਾਰੀਆਂ ਨੇ ਮੂਰਤੀਆਂ ਚਕਾਉਣ ਵਾਲਿਆਂ ਵੀਰਾਂ ਦੇ ਵਿਰੋਧ ਵਿੱਚ ਫਤਵੇ ਵੀ ਜਾਰੀ ਕੀਤੇ ਸਨ।

ਆ ਰਹੀਆਂ ਕੁਰਤੀਆਂ ਵਲ ਸਾਡਾ ਧਿਆਨ ਨਹੀਂ ਕਿਉਂਕਿ ਸਿੱਖ ਭਾਈਚਾਰਾ ਆਪਣੀ ਆਪਣੀ ਰਹਿਤ ਮਰਯਾਦਾ ਬਣਾ ਕੇ ਉਸ ਚੱਕਰਵਿਊ ਵਿੱਚ ਫਸ ਗਿਆ ਹੈ ਜਿਥੋਂ ਇਹ ਵਾਪਸ ਆਉਣਾ ਇਹ ਆਪਣੀ ਹੇਠੀ ਸਮਝ ਰਿਹਾ ਹੈ। ਸਾਡਾ ਕਲਿਆਣ ਸ਼ਬਦ ਦੀ ਵੀਚਾਰ ਨਾਲ ਹੋਣਾ ਸੀ, ਉਹ ਆਮ ਕਰਕੇ ਗੁਰਦੁਆਰਿਆਂ ਵਿੱਚ ਹੈ ਨਹੀਂ, ਜੇ ਹੈ ਵੀ ਹੈ, ਤਾਂ ਸਿਰਫ ਗਰੜ ਪੁਰਾਣ ਦੇ ਗਪੌੜਿਆਂ ਤੇ ਕਰਾਮਾਤੀ ਕਹਾਣੀਆਂ ਤਕ ਸੀਮਤ ਹੈ। ਪਹਿਲਾਂ ਤਾਂ ਗੁਰਦੁਆਰਿਆਂ ਦੀਆਂ ਵੰਡੀਆਂ ਪਾਈਆਂ ਹੋਈਆਂ ਸਨ, ਹੁਣ ਸੰਗਤਾਂ ਵਿੱਚ ਵੀ ਵੰਡੀਆਂ ਪੈ ਗਈਆਂ ਹਨ। ਅੰਮ੍ਰਿਤ ਵੇਲੇ ਛੋਟੀ ਦਸਤਾਰ ਬੰਨ੍ਹ ਕੇ ਗੁਰਦੁਆਰੇ ਆਉਣ ਤੇ ਬੱਤੀਆਂ ਬੰਦ ਕਰ ਕੇ ਸਿਮਰਨ ਦੀ ਕਮਾਈ ਕਰਨ, ਉਹ ਭਜਨੀਕ ਸਿੱਖ ਤਥਾ ਕਮਾਈ ਵਾਲੇ ਸਿੱਖ ਗਿਣੇ ਜਾਂਦੇ ਹਨ। ਇਹਨਾਂ ਵੀਰਾਂ ਦੇ ਜਾਣ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਫਿਰ ਸੰਗਤ ਜੁੜਦੀ ਹੈ, ਜਿਸ ਨੂੰ ਨਿਤ ਨੇਮ ਵਾਲੀ ਸੰਗਤ ਕਿਹਾ ਜਾਂਦਾ ਹੈ। ਨਿਤ ਨੇਮ ਕਰਕੇ ਇਹ ਵੀਰ ਵੀ ਜਲਦੀ ਤੋਂ ਪਹਿਲਾਂ ਕਹਲ਼ੀ ਕਾਹਲੀ ਗੁਰਦੁਆਰਿਉਂ ਚਲੇ ਜਾਂਦੇ ਹਨ। ਫਿਰ ਸੁਖਮਨੀ ਸੇਵਾ ਸੁਸਾਇਟੀ ਵਾਲੇ ਵੀਰ ਸੁਖਮਨੀ ਦਾ ਪਾਠ ਕਰਨ ਆਉਂਦੇ ਹਨ। ਇਹਨਾਂ ਵੀਰਾਂ ਦੇ ਜਾਣ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਫਿਰ ਸੰਗਤ ਜੁੜਦੀ ਹੈ, ਜਿਸ ਨੂੰ ਨਿਤ ਨੇਮ ਵਾਲੀ ਸੰਗਤ ਕਿਹਾ ਜਾਂਦਾ ਹੈ। ਨਿਤ ਨੇਮ ਕਰਕੇ ਇਹ ਵੀਰ ਵੀ ਜਲਦੀ ਤੋਂ ਪਹਿਲਾਂ ਕਹਲ਼ੀ ਕਾਹਲੀ ਗੁਰਦੁਆਰਿਉਂ ਚਲੇ ਜਾਂਦੇ ਹਨ। ਫਿਰ ਸੁਖਮਨੀ ਸੇਵਾ ਸੁਸਾਇਟੀ ਵਾਲੇ ਵੀਰ ਸੁਖਮਨੀ ਦਾ ਪਾਠ ਕਰਨ ਆਉਂਦੇ ਹਨ ਜੋ ਅਰਦਾਸ ਕਰਦੇ ਹਨ ਜੀ ਸੁਖ ਦੇਣ ਵਾਲੀ ਬਾਣੀ ਦਾ ਪਾਠ ਕੀਤਾ ਹੈ ਸਾਨੂੰ ਸੁੱਖ ਬਖਸ਼ਿਸ਼ ਕਰੋ। ਕੀ ਸਾਰੀ ਬਾਣੀ ਸੁੱਖ ਦੇਣ ਵਾਲੀ ਨਹੀਂ ਹੈ? ਇਹ ਤੇ ਏਹੀ ਬੇਹਤਰ ਉੱਤਰ ਦੇ ਸਕਦੇ ਹਨ। ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਸਿਆਣੇ ਗਿਣਦੇ ਹਨ। ਇਹਨਾਂ ਦੇ ਚਲੇ ਜਾਣ ਉਪਰੰਤ ਕੁੱਝ ਸੰਗਤ ਫਿਰ ਜੁੜਦੀ ਹੈ ਜੋ ਕਿ ਕੇਵਲ ਕੀਰਤਨ ਹੀ ਸੁਣਨਾ ਪਸੰਦ ਕਰਦੀ ਹੈ। ਕਥਾ ਸ਼ੁਰੂ ਹੁੰਦਿਆਂ ਸਾਰ ਹੀ ਇਹ ਵੀਰ ਬਹੁਤ ਹੀ ਕਾਹਲੀ ਨਾਲ ਗੁਰਦੁਆਰਾ ਸਾਹਿਬ ਵਿਚੋਂ ਉੱਠ ਕੇ ਜਾਂਦੇ ਹਨ ਕਿ ਮਤਾ ਕਿਤੇ ਸ਼ਬਦ ਦੀ ਵੀਚਾਰ ਕੰਨ ਵਿੱਚ ਨਾ ਪੈ ਜਾਏ। ਇਹ ਵੀਰ ਵੀ ਅਰਦਾਸ ਕਰਦੇ ਹਨ ਕਿ ਆਸਾ ਪੂਰਨ ਕਰਨ ਵਾਲੀ ਬਾਣੀ ਸੁਣੀ ਹੈ ਇਸ ਲਈ ਸਾਡੀਆਂ ਵੀ ਆਸਾ ਪੂਰੀਆਂ ਹੋਣ। ਅਖ਼ੀਰ `ਤੇ ਸਮਾਪਤੀ ਹੋਣ ਲੱਗਦੀ ਹੈ ਥੋੜੀ ਬਹੁਤ ਕਥਾ ਸੁਣ ਲਈ ਕੁੱਝ ਸੰਗਤ ਫਿਰ ਦਰਬਾਰ ਵਿੱਚ ਹਾਜ਼ਰ ਹੁੰਦੀ ਹੈ। ਕੁੱਝ ਸੰਗਤ ਕਦੇ ਕਦਾਈ ਸੁਖਿਆ ਹੋਇਆ ਲੰਗਰ ਕਰਾਉਣ ਲਈ ਗੁਰਦੁਆਰਾ ਸਾਹਿਬ ਆ ਜਾਂਦੀ ਹੈ। ਕੁੱਝ ਸੰਗਤ ਮਹੀਨੇ ਉਪਰੰਤ ਸੰਗਰਾਂਦ ਨੂੰ ਗੁਰਦੁਆਰੇ ਆਉਂਦੀ ਹੈ। ਕੁੱਝ ਪੂਰਮਾਸ਼ੀ ਜਾਂ ਮੱਸਿਆ ਨੂੰ ਹੀ ਗੁਰਦੁਆਰੇ ਆਉਂਦੇ ਹਨ। ਕੁੱਝ ਸਿਰਫ ਗੁਰਪੁਰਬਾਂ `ਤੇ ਹੀ ਆਉਂਦੇ ਹਨ। ਚੰਦ ਕੁ ਬੰਦਿਆਂ ਨੇ ਅਵੱਲੜੇ ਅਵੱਲੜੇ ਨਾਂ ਰੱਖ ਕੇ ਧਰਮ ਦੇ ਨਾਂ ਉੱਤੇ ਸਭਾ ਸੁਸਾਇਟੀਆਂ ਬਣਾ ਲਈਆਂ ਹਨ ਜੋ ਗੁਰਦੁਆਰੇ ਨਾਲੋਂ ਸੰਗਤ ਨੂੰ ਤੋੜ ਕੇ ਆਪਣੇ ਨਾਲ ਜੋੜਨ ਦਾ ਚਾਰਾ ਕਰ ਰਹੇ ਹਨ। ਗੁਰਦੁਆਰਿਆਂ ਵਿਚੋਂ ਹੇਮਕੁੰਟ, ਮਨੀਕਰਨ ਦੀ ਪਵਿੱਤਰ ਯਾਤਰਾ ਦੀਆਂ ਅਪੀਲਾਂ ਹੋ ਰਹੀਆਂ ਹਨ। ਜਦ ਕਿ ਸ੍ਰੀ ਅੰਮ੍ਰਿਤਸਰ, ਅਨੰਦਪੁਰ, ਨਨਕਾਣਾ ਸਾਹਿਬ ਆਦਿਕ ਸਾਡੇ ਧਾਰਮਿਕ ਅਸਥਾਨ ਹਨ। ਇੰਜ ਜਾਪ ਰਿਹਾ ਹੈ ਕਿ ਸਿੱਖ ਕਰਮ-ਕਾਂਡ ਨੂੰ ਵੀ ਮਾਤ ਪਾ ਦੇਣਗੇ। ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ, ਆਉਣ ਵਾਲੇ ਸਮੇਂ ਵਿੱਚ ਕਰਮ-ਕਾਂਡ ਬਹੁਤ ਪਿੱਛੇ ਰਹਿ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸੁਨੇਹਾਂ ਦਿੱਤਾ ਸੀ, ਉਸ ਸੁਨੇਹੇ ਨੂੰ ਅਸੀਂ ਆਪ ਸਮਝਣਾ ਸੀ ਤੇ ਵਿਸ਼ਵ ਪੱਧਰ `ਤੇ ਪਹੁੰਚਾਣਾ ਸੀ। ਖ਼ਾਲਸਾ ਜੀ ਸਾਨੂੰ ਜਾਗਣ ਦੀ ਲੋੜ ਹੈ। ਪ੍ਰਿੰਸੀਪਲ ਹਰਭਜਨ ਸਿੰਘ ਜੀ ਅਕਸਰ ਇਹ ਸੁਨੇਹਾਂ ਦੇਂਦੇ ਹੁੰਦੇ ਸਨ:---

ਉੱਠੋ ਵਗਰਨਾ ਮਹਸ਼ਰ ਨਾ ਹੋਗਾ ਫਿਰ ਕਭੀ;

ਦੌੜੋ, ਜ਼ਮਾਨਾ ਚਾਲ ਕਿਆਮਤ ਕੀ ਚਲਾ ਗਿਆ।

ਨਾਮ ਸਿਮਰਨ ਜਾਂ ਨਾਮ ਅਭਿਆਸ ਦੇ ਉਹਲੇ ਵਿੱਚ ਜੋਗ-ਮਤ ਵਾਲਾ ਜਪ-ਤਪ ਸਿੱਖੀ ਦੀਆਂ ਜੜ੍ਹਾਂ ਵਿੱਚ ਬੈਠਦਾ ਜਾ ਰਿਹਾ ਹੈ। ਕਿਸੇ ਡੇਰੇ ਵਿੱਚ ਪੰਥਕ ਅਖਵਾਉਣ ਵਾਲੇ ਆਗੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਲੀਹੇ ਕੱਟ ਰਹੇ ਹਨ ਤੇ ਕਿਸੇ ਪਾਸੇ ਸਿੱਖ ਸਟੂਡੈਂਟ-ਫਡਰੇਸ਼ਨ ਦੇ ਰਾਜਸੀ-ਲਾਹਾ ਲੈਣ ਵਾਲੇ ਆਗੂ ਸੰਪਟ-ਪਾਠ ਕਰਾ ਕੇ ਸਿੱਖੀ ਸਿਧਾਂਤ ਦਾ ਧੂਆਂ ਕੱਢਦੇ ਦੇਖੇ ਜਾ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਦੁਆਰੇ ਦੀ ਮਹੱਤਤਾ ਦਾ ਰਾਜ਼ ਸਮਝਾਉਂਦਿਆਂ ਕਿਹਾ ਸੀ ਕਿ ਗੁਰਦੁਆਰੇ ਸੋਝੀ ਦਾ ਘਰ ਹੋਣਗੇ, ਜਿੱਥੇ ਸ਼ਬਦ ਦੀ ਵੀਚਾਰ ਦੁਆਰਾ ਆਪੇ ਨੂੰ ਚੀਨਣਾ ਹੈ। ਮਨੁੱਖੀ ਭਾਈਚਾਰੇ ਨੂੰ ਪਿਆਰ ਗੱਲਵੱਕੜੀ ਵਿੱਚ ਲੈਣਾ ਸੀ ਤੇ ਪੁਜਾਰੀ ਦੀ ਲੁੱਟ ਤੋਂ ਲੁਕਾਈ ਨੂੰ ਬਚਾਉਣਾ ਸੀ। ਇਸ ਪ੍ਰਥਾਏ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਵਾਕ ਹੈ:---

ਗੁਰੁ ਦੁਆਰੈ ਹੋਇ ਸੋਝੀ ਪਾਇਸੀ॥

ਏਤੁ ਦੁਆਰੈ ਧੋਇ ਹਛਾ ਹੋਇਸੀ॥

ਸੂਹੀ ਮਹਲਾ ੧ –ਪੰਨਾ ੭੩੦




.