ੴ ਸਤਿਗੁਰ ਪ੍ਰਸਾਦਿ॥
ਆਸਾ ਕੀ ਵਾਰ
ਜਪੁ ਜੀ ਸਾਹਿਬ ਦਾ ਪਾਠ ਸਾਰੇ ਸਿੱਖ ਆਪਣੇ ਆਪਣੇ ਘਰਾਂ ਵਿੱਚ ਕਰਦੇ ਹਨ।
ਇਵੇਂ ਹੀ, ਗੁਰਦੁਆਰਾ ਸਾਹਿਬ ਵਿਖੇ "ਆਸਾ ਕੀ ਵਾਰ" ਦਾ ਕੀਰਤਨ ਕੀਤਾ
ਜਾਂਦਾ ਹੈ। ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਵੀ ਬੱਚਪਨ ਤੋਂ ਹੀ ਗੁਰਬਾਣੀ ਨਾਲ ਜੋੜਣ ਦਾ ਓਪਰਾਲਾ
ਕਰਦੇ ਰਹਿੰਦੇ ਹਨ ਤਾਂ ਜੋ ਉਹ ਵੀ ਗੁਰਬਾਣੀ ਅਤੇ ਗੁਰਮਤਿ ਤੋਂ ਸੇਧ ਲੈ ਕੇ ਸਿੱਖ ਮਾਰਗ ਦੇ ਪਾਂਧੀ
ਬਣੇ ਰਹਿਣ। ਪਰ, ਬਾਹਰਲੇ ਦੇਸ਼ਾਂ ਵਿੱਚ ਦੇਖਣ ਨੂੰ ਆਉਂਦਾ ਹੈ ਕਿ ਹਰੇਕ ਧਰਮ ਦੇ ਬੱਚੇ ਆਪਣੇ ਆਪਣੇ
ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ ਕਿਉਂਕਿ ਉਹ ਵੀ ਗੁਰੂ ਨਾਨਕ ਸਾਹਿਬ ਵਾਂਗ ਹਰ ਗੱਲ ਜਾਂ ਰੀਤ ਨੂੰ
ਮੰਨਣ ਤੋਂ ਪਹਿਲਾਂ ਉਸ ਵਾਰੇ ਉੱਚਤਿ ਪੜਤਾਲ ਕਰਨਾ ਲੋਚਦੇ ਹਨ। ਐਸੀ ਜਾਣਕਾਰੀ ਉਨ੍ਹਾਂ ਨੂੰ ਮਿਲਦੀ
ਨਹੀਂ ਕਿਉਂਕਿ ਸਾਡੇ ਭਾਈ ਜੀ, ਰਾਗੀ ਜੀ ਅਤੇ ਹੋਰ ਸਿੱਖ ਪ੍ਰਚਾਰਕ, ਪੁਰਾਣੇ ਪੰਡਿਤਾਂ ਤੇ
ਮੁਲਾਣਿਆਂ ਵਾਂਗ ਲਕੀਰ ਦੇ ਫ਼ਕੀਰ ਬਣ ਕੇ, ਧਰਮ ਨੂੰ ਆਪਣੀ ਰੁਜ਼ਗਾਰ ਦਾ ਸਾਧਨ ਹੀ ਸਮਝ ਰਹੇ ਹਨ।
ਮੇਰੇ ਕਹਿਣ ਦਾ ਭਾਵ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਗੁਰ-ਸ਼ਬਦ ਦੀ ਵੀਚਾਰ ਨਹੀਂ ਕੀਤੀ ਜਾਂਦੀ, ਜਿਸ
ਕਰਕੇ ਗੁਰੂ ਸਾਹਿਬਾਨ ਦੇ ਉਪਦੇਸ਼ ਦੀ ਸੋਝੀ ਨਹੀਂ ਮਿਲਦੀ! ਸੰਸਕ੍ਰਿਤ ਦੇ ਸਲੋਕਾਂ ਵਾਂਗ, ਸੰਗਤ ਦੇ
ਪੱਲੇ ਕੁੱਝ ਨਹੀਂ ਪੈਂਦਾ। ਇਸ ਲਈ ਚੰਗਾ ਉੱਦਮ ਤਾਂ ਹੀ ਹੈ, ਜੇ ਗੁਰਦੁਆਰਾ ਸਾਹਿਬ ਵਿਖੇ
"ਗੁਰਬਾਣੀ" ਦੀ ਵੀਚਾਰ ਵੀ ਕੀਤੀ ਜਾਵੇ। ਇੱਕ ਦੋ ਘੰਟੇ ਵਿੱਚ "ਆਸਾ ਕੀ ਵਾਰ" ਦਾ ਕੀਰਤਨ ਤਾਂ ਕੀਤਾ
ਜਾਂਦਾ ਹੈ ਪਰ ਇਸ ਦੀ ਪੂਰੀ ਵੀਚਾਰ ਘੱਟ ਹੀ ਕੀਤੀ ਜਾਂਦੀ ਹੈ। ਸਾਨੂੰ ਇਹ ਭੀ ਜਾਣਕਾਰੀ ਹੋਣੀ
ਚਾਹੀਦੀ ਹੈ ਕਿ ਮਕੁੰਮਲ "ਆਸਾ ਕੀ ਵਾਰ" ਗੁਰੂ ਗ੍ਰੰਥ ਸਾਹਿਬ ਦੇ ਪੰਨੇ ੪੬੨ ਤੋਂ ੪੭੫ ਉੱਪਰ ਅੰਕਤਿ
ਹੈ। ਆਓ, ਇਸ ਵਾਰੇ ਹੋਰ ਜਾਣਕਾਰੀ ਲੈਣ ਲਈ ਵਿਚਾਰ ਕਰੀਏ:
ਸਲੋਕੁ
ਮਹਲਾ ੧॥
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ ੧॥ ਗੁਰੂ ਗ੍ਰੰਥ ਸਾਹਿਬ -
ਪੰਨਾ ੪੬੨॥
ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਮੈਂ ਅਕਾਲ ਪੁਰਖ ਤੋਂ ਇੱਕ
ਦਿਨ ਵਿੱਚ ਸੌ ਸੌ ਵਾਰ ਸਦਕੇ ਜਾਂਦਾ ਹਾਂ ਕਿਉਂਕਿ ਉਸ ਨੇ ਪ੍ਰਾਣੀਆਂ ਅਤੇ ਦੇਵਤਿਆਂ ਨੂੰ ਪੈਦਾ ਕਰਨ
ਵਿੱਚ ਰਤਾ ਵੀ ਦੇਰ ਨਾਹ ਲਾਈ। ਬਹੁਤ ਸਾਰੇ ਵਿਦਵਾਨ ਲੇਖਕਾਂ ਦਾ ਇਹ ਵਿਚਾਰ ਹੈ ਕਿ ਅਕਾਲ ਪੁਰਖ ਨੇ
ਮਨੁੱਖਾਂ ਤੋਂ ਦੇਵਤੇ ਬਣਾਏ। ਪਰ ਜੇ ਅਸੀਂ ਗੁਰਬਾਣੀ ਦੇ ਹੋਰ ਸ਼ਬਦ ਪੜ੍ਹੀਏ ਤਾਂ ਸੋਝੀ ਆਉਂਦੀ ਹੈ
ਕਿ ਸਿੱਖ ਧਰਮ ਅਨੁਸਾਰ ਦੇਵਤਿਆਂ ਦੀ ਕੋਈ ਖ਼ਾਸ ਮਹਤੱਤਾ ਨਹੀਂ ਹੈ ਭਾਵੇਂ ਸਾਨੂੰ ਸਮਝਾਉਣ ਲਈ ਤੇਤੀਸ
ਕਰੋੜ ਦੇਵਤਿਆਂ ਦਾ ਕਈ ਵਾਰ ਜ਼ਿਕਰ ਕੀਤਾ ਹੋਇਆ ਹੈ। ਦੇਵਤੇ ਤਾਂ ਆਪ ਮਨੁੱਖਾ ਸਰੀਰ ਲੋਚਦੇ ਹਨ।
ਹਾਂ, ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਪ੍ਰਾਣੀ ਨੂੰ ਸਚਿਆਰ, ਗੁਰਮੁੱਖ, ਸੱਭ ਦਾ ਮੀਤ,
ਖ਼ਾਲਸਾ ਬਣਨ ਲਈ ਹਰ ਸਮੇਂ ਓਪਰਾਲਾ ਕਰਦੇ ਰਹਿਣਾ ਚਾਹੀਦਾ ਹੈ। ਗੁਰਬਾਣੀ ਅਨੁਸਾਰ ਮਨੁੱਖਾ ਜਨਮ ਹੀ
ਸੱਭ ਤੋਂ ਉੱਤਮ ਹੈ ਅਤੇ ਇਹੀ ਅਕਾਲ ਪੁਰਖ ਨਾਲ ਜੁੜੇ ਰਹਿਣ ਦਾ ਮੌਕਾ ਹੈ। ਇਸ ਲਈ, ਸਿੱਖਾਂ ਨੂੰ
ਕਿਸੇ ਅਖੌਤੀ ਸੰਤ-ਬਾਬਿਆਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਨਾ ਹੀ ਕਿਸੇ ਦੇਵੀ-ਦੇਵਤੇ ਦੀ
ਪੂਜਾ ਕਰਨੀ ਚਾਹੀਦੀ ਹੈ। ਸਗੋਂ, ਹਰ ਵੇਲੇ ਅਕਾਲ ਪੁਰਖ ਨੂੰ ਹਾਜ਼ਰ-ਨਾਜ਼ਰ ਸਮਝਦੇ ਹੋਏ, ਗੁਰਬਾਣੀ
ਤੋਂ ਸੇਧ ਪ੍ਰਾਪਤਿ ਕਰਕੇ, ਸਚਿਆਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਪ੍ਰਥਾਏ, ਹੇਠ ਲਿਖੇ ਸ਼ਬਦ
ਸਾਨੂੰ ਹੋਰ ਭੀ ਜਾਣਕਾਰੀ ਦਿੰਦੇ ਹਨ:
ਸੂਹੀ ਮਹਲਾ ੧ - ਪੰਨਾ ੭੫੧॥
ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ॥ ਮਾਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ
ਭਾਇਆ॥
ਆਸਾ ਮਹਲਾ ੪ - ਪੰਨਾ ੪੫੦॥
ਇਹੁ ਮਾਣਸ ਜਨਮੁ ਦੁਲੰਭ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥
ਆਸਾ ਮਹਲਾ ੫ - ਪੰਨਾ ੩੭੪॥
ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
ਆਸਾ ਮਹਲਾ ੫ - ਪੰਨਾ ੧੨ / ੩੭੮॥
ਭਈ ਪਰਾਪਤਿ ਮਾਨੁਖ ਦੇਹਰੀਆਂ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਭੈਰਉ ਬਾਣੀ ਭਗਤ ਕਬੀਰ ਜੀ - ਪੰਨਾ ੧੧੫੯॥
ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥
ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥ ੧॥
ਭਜਹੁ ਗ+ਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥ ੧॥ ਰਹਾਉ॥
ਸਲੋਕ ਭਗਤ ਕਬੀਰ ਜੀਉ ਕੇ - ਪੰਨਾ ੧੩੬੬॥
ਕਬੀਰ ਮਾਨਸ ਜਨਮ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ ੩੦॥
ਗੁਰਬਾਣੀ ਅਨੁਸਾਰ ਮਨੁੱਖਾ ਜਨਮ ਹੀ ਸੱਭ ਤੋਂ ਉੱਤਮ ਹੈ ਜਿਸ ਸਦਕਾ ਅਸੀਂ
ਆਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਸਕਦੇ ਹਾਂ ਕਿਉਂਕਿ ਐਸਾ ਮੌਕਾ ਫਿਰ ਨਹੀਂ ਹਾਂਸਲ ਹੋਣਾ।
ਦੇਵਤਿਆਂ ਵਾਰੇ ਵੀ ਵੇਰਵਾ ਇੰਜ ਹੈ:
ਆਸਾ ਘਰੁ ੪ ਮਹਲਾ ੧ - ਪੰਨਾ ੩੫੮॥
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ॥
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ॥ ੧॥
ਆਸਾ ਮਹਲਾ ੩ - ਪੰਨਾ ੪੨੩॥
ਤੇਤੀਸ ਕਰੋੜੀ ਦਾਸ ਤੁਮਾਰੇ ਰਿਧਿ ਸਿਧਿ ਪ੍ਰਾਣ ਅਧਾਰੀ॥
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ॥ ੨॥
ਰਾਮਕਲੀ ਮਹਲਾ ੫ - ਪੰਨਾ ੮੯੪॥
ਸੰਕਰਾ ਨਹੀ ਜਾਨਹਿ ਭੇਵ॥ ਖੋਜਤ ਹਾਰੇ ਦੇਵ॥
ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ॥ ੨॥
ਮਾਰੂ ਸੋਲਹੇ ਮਹਲਾ ੫ - ਪੰਨਾ ੧੦੭੯॥
ਸਿਮਰਹਿ ਬ੍ਰਹਮੇ ਬਿਸਨ ਮਹੇਸਾ॥ ਸਿਮਰਹਿ ਦੇਵਤੇ ਕੋੜਿ ਤੇਤੀਸਾ॥
ਭੈਰਉ
ਬਾਣੀ
ਕਬੀਰ
ਜੀਉ -
ਪੰਨਾ
੧੧੬੧॥
ਤੇਤੀਸ
ਕਰੋੜੀ
ਹੈ
ਖੇਲ
ਖਾਨਾ॥
ਚਉਰਾਸੀ
ਲਖ
ਫਿਰੈ
ਦਿਵਾਨਾਂ॥
ਬਾਬਾ
ਆਦਮ
ਕਉ
ਕਿਛੁ
ਨਦਰਿ
ਦਿਖਾਈ॥
ਉਨਿ
ਭੀ
ਭਿਸਤਿ
ਘਨੇਰੀ
ਪਾਈ॥
੨॥
ਆਓ
,
ਹੁਣ
ਅਗੇ
ਵੀਚਾਰ
ਕਰੀਏ:
ਮਹਲਾ ੨॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ ੨॥
ਅਰਥ: ਗੁਰੂ ਅੰਗਦ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਹੇ ਭਾਈ! ਜੇ ਇੱਕ ਸੌ
ਚੰਦ ਤੇ ਹਜ਼ਾਰ ਸੂਰਜ ਵੀ ਚੜ੍ਹੇ ਹੋਏ ਹੋਂਣ ਅਤੇ ਐਨਾ ਚਾਨਣ ਹੋਇਆ ਹੋਵੇ ਤਾਂ ਭੀ ਅਕਾਲ ਪੁਰਖ ਦੇ
ਰੂਹਾਨੀ ਗਿਆਨ ਤੋਂ ਬਿਨਾ ਅਗਿਆਨਤਾ ਦਾ ਘੁੱਪ ਹਨੇਰਾ ਦੂਰ ਨਹੀਂ ਹੋ ਸਕਦਾ! ਇਸ ਸਲੋਕ ਰਾਹੀਂ ਸਾਨੂੰ
ਸੋਝੀ ਮਿਲਦੀ ਹੈ ਕਿ ਦਿਨ ਨੂੰ ਸੂਰਜ ਅਤੇ ਰਾਤ ਨੂੰ ਚੰਦ (ਬਿਜਲੀ, ਗ਼ੈਸ, ਲੈਂਪ, ਬੈਟਰੀ, ਦੀਵੇ,
ਮੋਮਬੱਤੀਆਂ, ਆਦਿਕ) ਸਾਨੂੰ ਰੋਸ਼ਨੀ ਦਿੰਦੇ ਹਨ ਪਰ ਦੇਖੋ! ਜਿਸ ਪ੍ਰਾਣੀ ਦੀਆਂ ਅੱਖਾਂ ਵਿੱਚ ਲੋਅ
ਨਹੀਂ, ਉਸ ਨੂੰ ਚੰਦ ਤੇ ਸੂਰਜ ਦੀ ਰੋਸ਼ਨੀ ਦਾ ਕੋਈ ਲਾਭਿ ਨਹੀਂ। ਪਰ ਗੁਰੂ ਜੀ ਸਾਨੂੰ ਸਮਝਾਅ ਰਹੇ
ਹਨ ਕਿ ਭਾਈ ਉਸ ਅਕਾਲ ਪੁਰਖ ਦਾ ਗਿਆਨ ਐਸਾ ਹੈ ਜੇਹੜਾ ਅੰਧੇ ਪ੍ਰਾਣੀ ਅਤੇ ਮੂਰਖ ਨੂੰ ਵੀ ਸੇਧ ਕੇ,
ਹਰ ਸਮੇਂ ਰੋਸ਼ਨੀ ਦੇਣ ਦੇ ਸਮਰਥ ਹੈ। ਇਸ ਲਈ, ਸਾਨੂੰ ਹਰ ਵੇਲੇ ਗੁਰੂ ਦੇ ਗਿਆਨ ਨੂੰ ਹੀ ਗ੍ਰਹਿਣ
ਕਰਨਾ ਚਾਹੀਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਗੁਰਬਾਣੀ ਦੇ ਸ਼ਬਦਾਂ ਦੀ ਵੀਚਾਰ ਕਰਕੇ, ਅਮਲ
ਕਰਦੇ ਰਹੀਏ। ਜਦੋਂ ਅਸੀਂ ਗੁਰੂ ਦੀ ਬਖ਼ਸ਼ੀ ਮਤਿ ਅਨੁਸਾਰ ਨਹੀਂ ਚਲਦੇ ਤਾਂ ਮੂਰਖਤਾ ਦੇ ਅੰਧੇਰੇ ਵਿੱਚ
ਹੀ ਪਏ ਰਹਿੰਦੇ ਹਾਂ ਭਾਵੇਂ ਬਾਹਰਦੀ ਰੋਸ਼ਨੀ ਜਿੰਨੀ ਮਰਜ਼ੀ ਹੋਵੇ। ਇਸ ਲਈ, ਹਰੇਕ ਗੁਰਦੁਆਰਾ ਸਾਹਿਬ
ਵਿਖੇ ਕੀਰਤਨ ਤੋਂ ਇਲਾਵਾ "ਗੁਰ-ਸ਼ਬਦ" ਦੀ ਵਿਆਖਿਆ ਹੋਂਣੀ ਬਹੁਤ ਜ਼ਰੂਰੀ ਹੈ। (੨)
ਮਹਲਾ ੧॥ ਨਾਨਕ ਗੁਰੂ ਨਾ ਚੇਤਨ੍ਹੀ ਮਨਿ ਆਪਣੈ ਸੁਚੇਤ॥ ਛੁਟੇ ਤਿਲ ਬੁਆੜ
ਜਿਉ ਸੁੰਞੇ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ॥ ਫਲੀਅਹਿ ਫੁਲਅਹਿ ਬਪੁੜੇ ਭੀ ਤਨ
ਵਿਚਿ ਸੁਆਹ॥ ੩॥
ਅਰਥ: ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇਹੜੇ ਮਨੁੱਖ, ਗੁਰੂ ਦੇ ਉਪਦੇਸ਼
ਅਨੁਸਰ ਨਹੀਂ ਵਿਚਰਦੇ ਅਤੇ ਉਹ ਆਪਣੇ ਹਉਮੈ ਕਰਕੇ ਚਤਰ ਬਣੇ ਰਹਿੰਦੇ ਹਨ, ਉਨ੍ਹਾਂ ਦੀ ਹਾਲਤ ਐਸੀ ਬਣ
ਜਾਂਦੀ ਹੈ ਜਿਵੇਂ ਕਿਸੇ ਸੁੰਞੀ ਪੈਲੀ ਵਿੱਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹੋਂਣ। ਗੁਰੂ ਨਾਨਕ
ਸਾਹਿਬ ਕਹਿੰਦੇ ਹਨ ਕਿ ਭਾਵੇਂ ਐਸੇ ਤਿਲਾਂ ਦੇ ਵੀ ਸੌ ਮਾਲਕ ਬਣ ਜਾਂਦੇ ਹਨ। ਐਸੇ ਬਦਕਿਸਮਤ ਬੂਟੇ
ਫਲਦੇ ਵੀ ਹਨ ਅਤੇ ਉਨ੍ਹਾਂ ਨੂੰ ਫੁੱਲ ਵੀ ਲਗਦੇ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਫਲੀਆ ਵਿੱਚ ਤਿਲਾਂ
ਦੀ ਥਾਂ ਸੁਆਹ ਹੀ ਹੁੰਦੀ ਹੈ। ਐਸੇ ਨਿਖਸਮੇ ਤਿਲਾਂ ਦੀ ਮਸਾਲ ਦੇ ਕੇ ਗੁਰੂ ਸਾਹਿਬ ਸਾਨੂੰ ਸੋਝੀ
ਬਖਸ਼ਦੇ ਹਨ ਕਿ ਹੇ ਭਾਈ, ਜਦੋਂ ਅਸੀਂ ਆਪਣੇ ਮਨ ਵਿੱਚ ਚਤਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦਿੰਦੇ
ਹਾਂ ਅਤੇ ਗੁਰੂ ਦੀ ਰਹਿਬਰੀ ਦੀ ਲੋੜ ਨਹੀਂ ਸਮਝਦੇ, ਤਾਂ ਕਾਮਾਦਿਕ ਸੌ ਖਸਮ ਇਸ ਮਨ ਦੇ ਆ ਬਣਦੇ ਹਨ।
ਭਾਵ, ਕਿ ਅਸੀਂ ਗੁਰਮਤਿ ਦੀ ਸੋਝੀ ਨਾਹ ਲੈਣ ਕਰਕੇ, ਆਪਣੀ ਮਨਮਤਿ ਦੇ ਪਿੱਛੇ ਲੱਗ ਕੇ ਕਈ ਵਿਕਾਰਾਂ
ਦੇ ਸ਼ਿਕਾਰ ਬਣੇ ਰਹਿੰਦੇ ਹਨ ਅਤੇ ਇੰਜ ਸਾਡਾ ਜੀਵਨ ਵਿਕਾਰ ਹੀ ਜਾਂਦਾ ਹੈ। (੩)
ਪਉੜੀ॥ ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ
ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ
ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥ ੧॥
ਅਰਥ: ਗੁਰੂ ਸਾਹਿਬ ਫੁਰਮਾਣ ਕਰਦੇ ਹਨ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ
ਨੂੰ ਸਾਜਿਆ ਅਤੇ ਆਪ ਹੀ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ। ਫਿਰ, ਉਸ ਨੇ ਆਪ ਹੀ ਕੁਦਰਤ ਰਚੀ ਅਤੇ
ਉਸ ਵਿੱਚ ਵਿਆਪਕ ਹੋ ਕੇ, ਸਾਰੇ ਜਗਤ ਦਾ ਅਨੰਦ ਲੈ ਰਿਹਾ ਹੈ। ਅਕਾਲ ਪੁਰਖ ਆਪ ਹੀ ਜੀਵਾਂ ਨੂੰ
ਦਾਤਾਂ ਬਖਸ਼ਿਣ ਵਾਲਾ ਹੈਂ ਅਤੇ ਆਪ ਹੀ ਇਨ੍ਹਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਅਕਾਲ ਪੁਰਖ! ਤੂੰ
ਆਪ ਹੀ ਸੱਭ ਜੀਆਂ ਦਾ ਜਾਨਣਹਾਰ ਹੈਂ ਅਤੇ ਉਨ੍ਹਾਂ ਨੂੰ ਸਰੀਰਕ ਜਾਮਾ ਦੇ ਕੇ, ਤੂੰ ਆਪ ਹੀ ਮੁੜ ਕੇ
ਲੈ ਲੈਂਦਾ ਹੈਂ। ਇਸ ਤਰ੍ਹਾਂ, ਤੂੰ ਆਪ ਹੀ ਕੁਦਰਤ ਵਿੱਚ ਵਿਆਪਕ ਰਹਿ ਕੇ, ਇਸ ਸਾਰੀ ਸ੍ਰਿਸ਼ਟੀ ਦਾ
ਅਨੰਦ ਮਾਣ ਰਿਹਾ ਹੈਂ। ਹੁਣ ਦੇਖੋ! ਅਸੀਂ ਬਹੁਤ ਸਾਰੇ ਪ੍ਰਾਣੀ ਕੀ ਕਰਦੇ ਹਾਂ। ਉਸ ਅਕਾਲ ਪੁਰਖ ਦੇ
ਭਾਣੇ ਵਿੱਚ ਨਹੀਂ ਰਹਿੰਦੇ ਸਗੋਂ ਅਖੌਤੀ ਸੰਤਾਂ/ਬਾਬਿਆਂ ਦੇ ਡੇਰੇ ਜਾ ਕੇ ਨੱਕ ਰਗੜਦੇ ਹਾਂ ਕਿ
ਬਾਬਾ ਜੀ ਸਾਨੂੰ ਲੜਕੇ ਦੀ ਦਾਤਿ ਬਖਸ਼ੋ, ਬੱਚੀ ਲਈ ਚੰਗਾ ਰਿਸ਼ਤਾ ਬਖਸ਼ੋ ਜਾਂ ਸਾਡਾ ਮਕੁੱਦਮਾ ਜਿਤਾਅ
ਦੇਵੋ, ਆਦਿਕ। ਇਵੇਂ ਹੀ, ਕੋਈ ਦੇਵੀ-ਦੇਵਤਾ ਕੁੱਝ ਨਹੀਂ ਕਰ ਸਕਦਾ! ਪਰ, ਸਾਨੂੰ ਗੁਰੂ ਸਾਹਿਬਾਨ ਜੀ
ਦਾ ਉਪਦੇਸ਼ ਹੈ ਕਿ ਬਾਣੀ ਪੜ੍ਹੋ, ਵਿਚਾਰ ਕਰੋ ਅਤੇ ਉਸ ਨੂੰ ਗ੍ਰਹਿਣ ਕਰਕੇ, ਅਮਲ ਕਰੋ। ਇਸ ਤਰ੍ਹਾਂ
ਕਰਨ ਨਾਲ ਸਾਨੂੰ ਦੁਨਿਆਵੀ ਲੋੜਾਂ ਮੰਗਣ ਦੀ ਲਾਲਸਾ ਹੀ ਖ਼ੱਤਮ ਹੋ ਜਾਵੇਗੀ ਅਤੇ ਫਿਰ ਅਸੀਂ
ਗੁਰਦੁਆਰੇ ਸੰਗਤ ਕਰਕੇ, ਗੁਰਬਾਣੀ ਦੇ ਕੀਰਤਨ ਅਤੇ ਕਥਾ ਦਾ ਰੂਹਾਨੀ ਅਨੰਦ ਮਾਨਣ ਦਾ ਸੁਭਾਗ
ਪ੍ਰਾਪਤਿ ਕਰ ਸਕਾਂਗੇ। (੧)
ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਆਸਟ੍ਰੇਲੀਆ)