.

ਬਚਿਤ੍ਰ ਨਾਟਕ ਗ੍ਰੰਥ ਵਿੱਚ ਇਸਤ੍ਰੀ ਬਾਰੇ ਵਿਚਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸਤ੍ਰੀ ਨੂੰ ਹਰ ਮਨੁਖ ਦੀ, ਰਾਜੇ-ਮਹਾਰਾਜਿਆਂ ਦੀ ਜਨਨੀ ਦਸਕੇ ਵਡਿਆਇਆ ਗਿਆ ਹੈ; ਬਾਣੀ - ਗੁਰੂ ਜੀ ਦਾ ਫ਼ੁਰਮਾਨ ਹੈ,

ਭੰਡਿ ਜਮੀਐ ਭੰਡਿ ਨਿਮੀਐ ਭੰਡਿ ਮੰਗਣ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥

ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ॥

ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (ਵਾਰ ਆਸਾ)

ਸਿਰਫ਼ ਪਰਮਾਤਮਾ ਹੀ ਹੈ ਜੋ ਕਿ ‘ਸੈਭੰ’ (ਆਪੀਨੈ ਆਪੁ ਸਾਜਿਓ. .) ਹੈ, ਇਸਤ੍ਰੀ ਤੋਂ ਨਹੀ ਜੰਮਿਆ।

ਪਰ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿੱਚ ਇਸਤ੍ਰੀ ਬਾਰੇ ਵਿਚਾਰ ਹੇਠ ਲਿਖਤ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਵਾਰ ਆਸਾ ਦੇ ਸ਼ਬਦ ਦੇ ਬਿਲਕੁਲ ਉਲਟ ਹਨ:-

ਪੰਨਾ 823; - ਗੰਧ੍ਰਬ ਜੱਛ ਭੁਜੰਗ ਗਨ ਨਰ ਬਪੁਰੇ ਕਿਨ ਮਾਹਿ॥

ਦੇਵ ਅਦੇਵ ਤ੍ਰਿਯਾਨ ਕੇ ਭੇਵ ਪਛਾਨਤ ਨਾਹਿ॥

ਪੰਨਾ 848:- ਚੰਚਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ॥

ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ॥

ਪੰਨਾ 992:- ਬ੍ਰਹਮ ਬਿਸਨ ਸੁਰ ਅਸੁਰ ਸਭ ਰੈਨਾਧਿਪ ਦਿਨਰਾਇ॥

ਬੇਦ ਬਿਆਸ ਅਰੁ ਬੇਦ ਤ੍ਰਿਯ ਭੇਦ ਸਕੈ ਨਹਿ ਪਾਇ॥

ਪੰਨਾ 1027:- ਅਤਭੁਤ ਚਰਿਤ੍ਰ ਤ੍ਰਿਯਾਨ ਕੋ ਸਕਤ ਨ ਕੋਊ ਚੀਨ॥

ਪੰਨਾ 1079:- ਇੰਦ੍ਰ ਬਿਸਨ ਬ੍ਰਹਮਾ ਸਿਵ ਹੋਈ॥ ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ॥

ਪੰਨਾ 1123:- ਚੰਚਲਾਨ ਕੇ ਚਰਿਤ੍ਰ ਕੋ ਚੀਨਿ ਸਕਤ ਨਹਿ ਕੋਇ॥

ਬ੍ਰਹਮ ਬਿਸਨ ਰੁਦ੍ਰਾਦਿ ਸਭ ਸੁਰ ਸੁਰਪਤਿ ਕੋਊ ਹੋਇ॥

ਪੰਨਾ 1170:- ਤਰੁਨਿਨ ਕਰ ਹਿਯਰੋ ਨਹਿ ਦੀਜੈ॥ ਤਿਨ ਕੋ ਚੋਰਿ ਸਦਾ ਚਿਤ ਲੀਜੈ॥

ਤ੍ਰਿਯ ਕੋ ਕਛੁ ਬਿਸਵਾਸ ਨ ਕਰਿਯੈ॥ ਤ੍ਰਿਯ ਚਰਿੱਤ੍ਰ ਤੇ ਜਿਯ ਅਤਿ ਡਰਿਯੈ॥

ਪੰਨਾ 1267:- ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ॥

ਜਿਨ ਇਹ ਕਿਯੋ ਸਕਲ ਸੰਸਾਰੋ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ॥

ਪੰਨਾ 1278; - ਇਨ ਇਸਤ੍ਰਿਨ ਕੇ ਚਰਿਤ ਅਪਾਰਾ॥ ਸਜਿ ਪਛੁਤਾਨਯੋ ਇਨ ਕਰਤਾਰਾ॥

ਪੰਨਾ 1296:- ਤ੍ਰਿਯ ਕੋ ਚਰਿਤ ਨ ਬਿਧਨਾ ਜਾਨੈ॥ ਮਹਾ ਰੁਦ੍ਰ ਭੀ ਕਛੁ ਨ ਪਛਾਨੈ॥

ਇਨਕੀ ਬਾਤ ਏਕ ਹੀ ਪਾਈ॥ ਜਿਨ ਇਸਤ੍ਰੀ ਜਗਦੀਸ ਬਨਾਈ॥

ਪੰਨਾ 1351:- ਚੰਚਲਾਨ ਕੇ ਚਰਿਤ ਅਪਾਰਾ॥ ਚਕ੍ਰਿਤ ਰਹਾ ਕਰਿ ਕਰਿ ਕਰਤਾਰਾ॥

ਇਹਨਾਂ ਅੰਦਰਲੇ ਪ੍ਰਮਾਣਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸਤ੍ਰੀ ਨੂੰ ਸਾਜ ਕੇ ਕਰਤਾਰ ਭੀ ਪਛਤਾਯਾ! ? ਮਨੁਖ ਵਿਚਾਰਾ ਤਾਂ ਕੀ, ਇੰਦਰ, ਵਿਸ਼ਨੂੰ, ਬ੍ਰਹਮਾ, ਸ਼ਿਵ ਆਦਿਕ ਦੇਵਤੇ ਵੀ ਇਸਤ੍ਰੀ ਦੇ ਮਨ ਦੇ ਭੇਦ ਨਹੀ ਜਾਣ ਸਕੇ। ਇਸਤ੍ਰੀਆਂ ਦਾ ਇਤਬਾਰ ਨ ਕਰਯੋ, ਇਹਨਾਂ ਤੋਂ ਡਰ ਕੇ ਰਹਿਣਾ।

ਲਿਖਾਰੀ ਨੇ ਸਰਬ-ਸਮਰਥ ਕਰਤਾਰ ਨੂੰ ਵੀ ਇਸਤ੍ਰੀ ਦੇ ਸਾਮ੍ਹਣੇ ਅਸਮਰਥ ਸਿਧ ਕਰ ਦਿੱਤਾ। ਇਸ ਦਾ ਆਧਾਰ ਸ਼ਿਵ ਪੁਰਾਣ (ਪੰਨਾ 581, ਇਸਤ੍ਰੀਆਂ ਦੇ ਚਰਿਤ੍ਰ) ਵਿੱਚ ਲਿਖੀ ਨਾਰਦ ਅਤੇ ਪੰਚਚੂੜਾ (ਇਕ ਅਪਸਰਾ) ਦੀ ਵਾਰਤਾਲਾਪ ਹੈ। ਯਕੀਨਨ ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਵਿਚਾਰਧਾਰਾ ਨਾਲ ਇਸਤ੍ਰੀ ਪ੍ਰਤੀ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਉੱਕਾ ਹੀ ਮੇਲ ਨਹੀ ਖਾਂਦੀ।

ਜ਼ਾਹਿਰ ਹੈ ਅਖੌਤੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਗ੍ਰੰਥ ਹੈ; ਤਿਆਗਣ ਯੋਗ ਹੈ।

ਦਲਬੀਰ ਸਿੰਘ ਮਿਸ਼ਨਰੀ, ਫਰੀਦਾਬਾਦ




.