.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਕੇਵਲ ਅੰਮ੍ਰਿਤ ਵੇਲੇ ਹੀ ਜਾਗਣਾ ਹੈ ਜਾਂ ਸਦਾ ਜਾਗਣਾ ਹੈ?

ਦੁਨੀਆਂ ਦੇ ਸਾਰੇ ਵਿਗਿਆਨੀ ਅੱਜ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਸਾਨੂੰ ਕੁਦਰਤੀ ਜ਼ਿੰਦਗੀ ਜਿਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਨਾਲ ਬਿਮਾਰੀਆਂ ਦੇ ਹਮਲੇ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਜੇ ਸਮਝਿਆ ਜਾਏ ਤਾਂ ਗੁਰਬਾਣੀ ਦਾ ਅਧਾਰ ਹੀ ਕੁਦਰਤੀ ਜ਼ਿੰਦਗੀ ਜਿਉਣ ਨੂੰ ਪਹਿਲ ਦੇਣ ਵਾਲਾ ਹੈ। ਕੁਦਰਤੀ ਜ਼ਿੰਦਗੀ ਵਿੱਚ ਦਿਖਾਵੇ ਦਾ ਕੋਈ ਥਾਂ ਨਹੀਂ ਹੈ, ਇਹ ਤਾਂ ਕੁਦਰਤ ਨਾਲ ਹਠਖੇਲੀਆਂ ਕਰਦਿਆਂ ਹੱਸਦਿਆਂ, ਖੇਡਦਿਆਂ, ਪਹਿਨਦਿਆਂ ਤੇ ਖਾਂਦਿਆਂ ਹੋਇਆਂ ਜ਼ਿੰਦਗੀ ਬਤੀਤ ਕਰਨ ਨੂੰ ਪਹਿਲ ਦੇ ਰਿਹਾ ਹੈ ਜਿਹਾ ਕਿ ਫਰਮਾਣ ਹੈ –

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ 2॥

ਸਲੋਕ ਮ. 5 {ਪੰਨਾ 522}

ਜੋ ਕੇਵਲ ਖਾਣ ਨੂੰ ਹੀ ਤਰਜੀਹ ਦੇ ਰਿਹਾ ਹੈ ਜਾਂ ਵਿਹਲਾ ਰਹਿ ਕੇ ਸਮਾਜ, ਭਾਈ-ਚਾਰੇ `ਤੇ ਬੋਝ ਬਣਿਆ ਹੋਇਆ ਹੈ ਤਾਂ ਫਿਰ ਨੇ ਗੁਰਬਾਣੀ ਉਸ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ--

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥

ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ॥ 2॥

{ਪੰਨਾ 790}

ਪ੍ਰਿੰਸੀਪਲ ਹਰਭਜਨ ਸਿੰਘ ਤੇ ਡਾ. ਧਰਮਅਨੰਤ ਸਿੰਘ ਅਜੇਹੇ ਵਿਦਵਾਨਾਂ ਦਾ ਮੇਰੇ ਜੀਵਨ `ਤੇ ਬਹੁਤ ਪ੍ਰਭਾਵ ਹੈ ਕਿਉਂਕਿ ਇਹ ਸਾਰੇ ਸਮੇਂ ਦੇ ਪਾਬੰਧ ਸਨ। ਡਾ. ਧਰਮਅਨੰਤ ਸਿੰਘ ਜੀ ਜੋ ਸਾਨੂੰ ਅਨਮਤਾਂ ਦੀ ਪੜ੍ਹਾਈ ਕਰਾਉਂਦੇ ਸਨ, ਪਰ ਸਮੇਂ ਦੀ ਪਾਬੰਧੀ ਨਾਲ ਉਹਨਾਂ ਦਾ ਕੋਈ ਸਮਝਾਉਤਾ ਨਹੀਂ ਸੀ। ਸਮੇਂ ਅਨੁਸਾਰ ਪਾਣੀ ਪੀਣਾ, ਰੋਟੀ ਖਾਣੀ, ਗੱਲ ਕੀ ਉਹਨਾਂ ਦਾ ਉੱਠਣਾ ਬੈਠਣਾ ਸਭ ਕੁੱਝ ਇੱਕ ਨਿਯਮ ਤਹਿਤ ਚੱਲਦਾ ਸੀ। ਉਹਨਾਂ ਨੇ ਕਈ ਦਫ਼ਾ ਕਹਿਣਾ, ਕਿ "ਪੁੱਤਰ ਜੀ ਅੱਜ ਤੁਸਾਂ ਮੇਰੇ ਘਰ ਚਾਰ ਵਜੇ ਆਉਣਾ", ਅਸਾਂ ਜਾਣ ਬੁੱਝ ਕੇ ਚਾਰ ਵੱਜ ਕੇ ਪੰਜ ਮਿੰਟ ਤੇ ਜਾਣਾ ਤਾਂ ਉਹਨਾਂ ਨੇ ਕਹਿਣਾ, "ਕਿ ਪੁੱਤਰ ਜੀ ਕੀ ਟਾਇਮ ਹੋਇਆ ਹੈ," ਅਸਾਂ ਕਹਿਣਾ, "ਕਿ ਡਾ. ਸਾਹਿਬ ਜੀ ਚਾਰ ਵੱਜ ਕੇ ਪੰਜ ਮਿੰਟ ਹੋਏ ਹਨ" ਤਾਂ ਉਹਨਾਂ ਨੇ ਫੱਟ ਕਹਿ ਦੇਣਾ, ‘ਬੇਟਾ ਜੀ ਮੈਂ ਤੁਹਾਨੂੰ ਪੰਜ ਮਿੰਟ ਉਡੀਕਿਆ ਹੈ ਇਸ ਲਈ ਤੁਸੀਂ ਹੁਣ ਵਾਪਸ ਜਾਓ ਤੇ ਕਲ੍ਹ ਨੂੰ ਸਮੇਂ ਅਨੁਸਾਰ ਆਉਣਾ’। ਅੱਜ ਜਦੋਂ ਪਿੱਛਲੇ ਜੀਵਨ ਸਬੰਧੀ ਨਿਗਾਹ ਮਾਰਦੇ ਹਾਂ ਤਾਂ ਘਰੋਂ ਵੀ ਸਵੇਰੇ ਉੱਠਣ ਦੀ ਆਦਤ ਨੂੰ ਬਹੁਤ ਹੀ ਪੱਕਿਆਂ ਕੀਤਾ ਗਿਆ। ਕਈ ਦਫ਼ਾ ਅੱਧੇ ਸੁਤਿਆਂ ਜਾਗਦਿਆਂ ਹੀ ਪਸ਼ੂਆਂ ਲਈ ਪੱਠੈ ਲੈਣ ਤੁਰ ਪੈਣਾ।

ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਪਹਿਰ ਰਾਤ ਰਹਿੰਦਿਆਂ ਸਿੱਖ ਉੱਠ ਕੇ ਇਸ਼ਨਾਨ ਕਰਕੇ ਨਿਤ-ਨੇਮ ਉਪਰੰਤ ਵਾਹਿਗੁਰੂ ਨੂੰ ਯਾਦ ਕਰੇ। ਗੱਲ ਕੀ ਸਿੱਖੀ ਵਿੱਚ ਸਵੇਰ ਵੇਲੇ ਉੱਠਣ ਨੂੰ ਤਰਜੀਹ ਦਿੱਤੀ ਹੈ। ਉSਝ ਪੁਰਾਣੀਆਂ ਮਾਤਾਵਾਂ ਦਾ ਕਹਿਣਾ ਵੀ ਹੁੰਦਾ ਸੀ ਕਿ ਸਵੇਰ ਦਾ ਕਮਾਇਆ ਸਾਡੇ ਪੇਕਿਆਂ ਤੋਂ ਆਇਆ। ਪਰ ਜੇ ਸਵੇਰ ਵੇਲੇ ਉੱਠ ਕੇ ਫਿਰ ਸਾਰੇ ਟੱਬਰ ਨੂੰ ਵੱਖਤ ਪਾਈ ਰੱਖਣਾ ਕਿ ਮੈਂ ਸਵੇਰੇ ਉੱਠਿਆ ਹਾਂ ਉਸ ਦੇ ਉੱਠਣ ਦਾ ਲਾਭ ਕੀ ਹੋਇਆ? ਕਈ ਵਾਰੀ ਸਵੇਰੇ ਉੱਠਣ ਵਾਲਾ ਖੜਕਾ ਇਤਨਾ ਕਰਦਾ ਹੈ ਕਿ ਪਰਵਾਰ ਦੇ ਹੋਰ ਜੀਆਂ ਨੂੰ ਜਗਾ ਕੇ ਹੀ ਸਾਹ ਲੈਂਦਾ ਹੈ। ਜਦੋਂ ਪਰਵਾਰ ਵਾਲੇ ਉੱਠਦੇ ਹਨ ਤਾਂ ਓਦੋਂ ਸਵੇਰੇ ਉੱਠਣ ਵਾਲਾ ਵੀਰ ਘੂਕ ਸੁੱਤਾ ਹੁੰਦਾ ਹੈ, ਫਿਰ ਉਹ ਉਂਝ ਨਹੀਂ ਕਿਸੇ ਨੂੰ ਕੁਸਕਣ ਦੇਂਦਾ ਕਿ ਮੇਰੀ ਨੀਂਦ ਖਰਾਬ ਹੁੰਦੀ ਆ ਤੁਹਾਨੂੰ ਦਿੱਸਦਾ ਨਹੀਂ ਮੈਂ ਅੰਮ੍ਰਿਤ ਵੇਲਾ ਸੰਭਾਲਿਆ ਹੋਇਆ ਸੀ। ਹੁਣ ਇਹ ਦੇਖਣਾ ਹੈ ਕਿ ਕੇਵਲ ਸਵੇਰੇ ਉੱਠ ਕੇ ਨਿਰਾ ਹੰਕਾਰ ਹੀ ਇੱਕਠਾ ਕਰਨਾ ਹੈ ਕਿ ਜਾਂ ਸਦਾ ਜਾਗਣਾ ਹੈ। ਗੁਰਬਾਣੀ ਦੇ ਸ਼ਬਦਾਂ ਰਾਂਹੀ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ। ਕੁੱਝ ਡੇਰਾ ਵਾਦੀ ਬਿਰਤੀ ਨੇ ਆਮ ਕਿਰਤੀ ਮਨੁੱਖ ਨੂੰ ਇਹ ਪ੍ਰਭਾਵ ਦੇਣਾ ਦਾ ਯਤਨ ਕੀਤਾ ਹੈ ਕਿ ਅਸੀਂ ਤੁਹਾਡੇ ਭਲੇ ਵਾਸਤੇ ਨਾਮ ਜੱਪਣ ਲਈ ਸਵੇਰੇ ਉੱਠਦੇ ਹਾਂ ਪਰ ਤੁਸੀਂ ਗ੍ਰਹਿਸਤੀ ਸਵੇਰੇ ਉੱਠ ਕੇ ਨਾਮ ਨਹੀਂ ਜੱਪਦੇ ਇਸ ਲਈ ਤੁਹਾਡੇ ਲਈ ਅਗਾਂਹ ਜਮ ਡੰਡਾ ਲੈ ਕੇ ਖੜਾ ਇੰਤਜ਼ਾਰ ਕਰ ਰਿਹਾ ਹੈ ਤੇ ਉਹ ਸ਼ਬਦ ਪੜ੍ਹਦੇ ---

ਭਿੰਨੀ ਰੈਨੜੀਐ ਚਾਮਕਨਿ ਤਾਰੇ॥

ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥

ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ॥

ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ॥

ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ॥

ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ॥ 1॥

ਆਸਾ ਮਹਲਾ 5 {ਪੰਨਾ 459}

ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਪਹਿਲੇ ਇੱਕ ਸਲੋਕ ਦਾ ਉਚਾਰਣ ਕੀਤਾ ਹੈ ---

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ॥

ਨਾਨਕ ਨਾਮੁ ਨ ਵਿਸਰਉ ਇੱਕ ਘੜੀ ਕਰਿ ਕਿਰਪਾ ਭਗਵੰਤ॥ 1॥

ਗੁਰੂ ਸਾਹਿਬ ਜੀ ਨੇ ਏੱਥੇ ਇੱਕ ਵਿਧਾਨ ਦਿੱਤਾ ਹੈ ਕਿ ‘ਨਾਨਕ ਨਾਮੁ ਨਾ ਵਿਸਰਉ ਇੱਕ ਘੜੀ’ ਮੇਰੇ ਪਾਸੋਂ ਰੱਬ ਜੀ ਦੀ ਕੁਦਰਤੀ ਨਿਯਮਾਵਲੀ, ਗੁਰੂ ਜੀ ਦਾ ਉਪਦੇਸ਼ ਇੱਕ ਘੜੀ ਵਾਸਤੇ ਵੀ ਨਾ ਵਿਸਰੇ। ਹਰ ਵੇਲੇ ਸ਼ੁਭ ਸੋਚਾਂ ਸੋਚਣ ਦਾ ਸੰਕਲਪ ਰੱਖਿਆ ਗਿਆ ਹੈ। ‘ਨਿਰਮਲ ਸਾਧੂ ਸੰਗ’ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਗਿਆਨ ਤੋਂ ਹੈ। ਇਸ ਸ਼ਬਦ ਵਿੱਚ ਕੇਵਲ ਸੇਵੇਰੇ ਜਾਗਣ ਦੀ ਗੱਲ ਨਹੀਂ ਕੀਤੀ ਸਗੋਂ ਸਦਾ ਜਾਗਣ ਦੀ ਗੱਲ ਕੀਤੀ ਗਈ ਹੈ ਪਰ ਅਸਾਂ ਸਿਰਫ ਪਹਿਲੀ ਤੁਕ ਪੜ੍ਹ ਕੇ ਹੀ ਕਹਿ ਦਿੱਤਾ ਹੈ ਕਿ ‘ਭਿੰਨੀ ਰੈਨੜੀਐ ਚਾਮਕਨਿ ਤਾਰੇ॥ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ’॥ ਡੇਰਾਵਾਦੀ ਬਿਰਤੀ ਨੇ ਸਾਰਾ ਜ਼ੋਰ ਇਸ ਗੱਲ `ਤੇ ਹੀ ਲਗਾ ਦਿੱਤਾ ਹੈ ਕਿ ਕੇਵਲ ਸੰਤ ਮਹਾਂ-ਜਨ ਹੀ ਸਵੇਰੇ ਜਾਗਦੇ ਹਨ ਪਰ ਜੋ ਲੋਕ ਸਵੇਰੇ ਜਾਗਦੇ ਨਹੀਂ, ਉਹ ਸਾਰੇ ਪਾਪਾਂ ਦੇ ਭਾਗੀ ਹਨ। ਇਸ ਸ਼ਬਦ ਵਿੱਚ ਤਾਂ ਜੋ ਵਿਸ਼ਾ ਪ੍ਰਗਟ ਹੁੰਦਾ ਹੈ ਉਹ ਸਦਾ ਜਾਗਣ ਦਾ ਹੈ, "ਬਿਨਵੰਤਿ ਨਾਨਕ ਸਦਾ ਜਾਗਹਿ" ਭਿੰਨੀ ਰਾਤ ਤਾਂ ਅਸਾਂ ਆਪਣੇ ਜੀਵਨ ਵਿੱਚ ਬਣਾਉਣੀ ਸੀ ਜੋ ਬਣ ਨਾ ਸਕੀ।

ਸ਼ਬਦ ਵਿੱਚ ‘ਭਿਨੀ ਰਾਤ’ ਭਾਵ ਤ੍ਰੇਲ ਨਾਲ ਭਿੱਜੀ ਹੋਈ ਰਾਤ ਵਿਚ, ਜਿਸ ਤਰ੍ਹਾਂ ਤਾਰੇ ਚਮਕਦੇ ਹਨ ਏਸੇ ਤਰ੍ਹਾਂ ਵਿਕਾਰਾਂ ਦੇ ਹੋਲਿਆਂ ਤੋਂ ਸੁਚੇਤ ਰਹਿਣ ਵਾਲੇ ਗੁਰਮੁਖਾਂ ਦੇ ਅਸਮਾਨ ਰੂਪੀ ਚਿੱਤ, (ਵਿਸ਼ਾਲ ਹਿਰਦੇ) ਵਿੱਚ ਸ਼ੁਭ-ਗੁਣਾਂ ਦੇ ਤਾਰੇ ਚਮਕਦੇ ਹਨ। ਸੌਖਿਆਂ ਸਮਝਣ ਲਈ ਮੇਰੀ ਜ਼ਿੰਦਗੀ ਦੀ ਰਾਤ ਗੁਰੂ ਦੀ ਮਤ ਰੂਪੀ ਤ੍ਰੇਲ ਨਾਲ ਭਿੱਜ ਗਈ ਹੈ, ਜਿਸ ਸਦਕਾ ਸ਼ੁਭ ਗੁਣ ਤਾਰਿਆਂ ਵਾਂਗ ਚਮਕ ਰਹੇ ਹਨ। ‘ਭਿੰਨੀ ਰੈਨੜੀਐ ਚਾਮਕਨਿ ਤਾਰੇ’ ਦੂਸਰਾ ਵਿਕਾਰਾਂ ਵਲੋਂ ‘ਜਾਗਹਿ’ ਜਾਗ ਕੇ ਸ਼ੁਭ ਗੁਣਾਂ ਵਿੱਚ ‘ਰਾਮ ਪਿਆਰੇ ਜਾਗਦੇ’ ਹਨ। ਭਿੰਨੀ ਰਾਤ ਸ਼ਬਦ ਆ ਗਿਆ ਤਾਂ ਅਸਾਂ ਸਮਝ ਲਿਆ ਕੇਵਲ ਸਵੇਰੇ ਇੱਕ ਵਾਰ ਜਾਗ ਕੇ ਮੁੜ ਸੌਂ ਜਾਣ ਨੂੰ ਹੀ ਭਿੰਨੀ ਰੈਣ ਸਮਝ ਲਿਆ। ਗੁਰੂ ਸਾਹਿਬ ਜੀ ਤਾਂ ‘ਸਦਾ ਜਾਗਹਿ’ ਦ੍ਰਿੜ ਕਰਾਉਂਦੇ ਹਨ ਇਸ ਲਈ ‘ਨਾਮੁ ਸਿਮਰਹਿ ਅਨਦਿਨੋ’ ਭਾਵ ਹਰ ਵੇਲੇ ਗੁਰੂ ਜੀ ਦੇ ਉਪਦੇਸ਼ ਨੂੰ ਮਨ ਵਿੱਚ ਧਾਰ ਕੇ ਰੱਖਣਾ। ਅਗਲੀ ਤੁਕ "ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ" ਵਿੱਚ ਚਰਣ, ਕਮਲ, ਧਿਆਨ, ਹਿਰਦਾ ਤੇ ਅੱਖ ਦੇ ਫੋਰ ਜਿੰਨੇ ਸਮੇਂ ਵਿੱਚ ਵੀ ਪਰਮਾਤਮਾ ਨੂੰ ਵਿਸਾਰਨਾ ਨਹੀਂ ਹੈ। `ਚਰਨਾ’ ਦਾ ਅਰਥ ਹੈ ਰਸਤਾ, ਭਾਵ ਗੁਰ-ਉਪਦੇਸ਼ ਤੇ ‘ਕਮਲ ਫੁੱਲ’ ਵਰਗੀ ਖਿੜਾਵਤ, ਸੁਗੰਧੀ, ‘ਹਿਰਦੈ’ ਵਿੱਚ ਧਾਰਨ ਕਰਨੀ, ਆਪਣੇ ਸੁਭਾਅ ਵਿੱਚ ਅਪਨਾ ਲੈਣੀ। ਜਿਸ ਤਰ੍ਹਾਂ ਡਰਾਇਵਿੰਗ ਕਰਦਿਆਂ ਧਿਆਨ ਦੂਜੇ ਪਾਸੇ ਨਹੀਂ ਰੱਖਿਆ ਜਾ ਸਕਦਾ ਏਸੇ ਤਰ੍ਹਾਂ ਹੀ ਗੁਰੂ ਜੀ ਦੇ ਚਰਨ ਜੋ ਕਮਲ ਫੁੱਲ ਵਾਂਗ ਖਿਲੇ ਹੋਏ ਹਨ ਉਹਨਾਂ ਨੂੰ ਹਰ ਵੇਲੇ ਆਪਣੇ ਧਿਆਨ ਵਿੱਚ ਰੱਖਣਾ ਹੈ। ‘ਪ੍ਰਭ’ ਰੱਬੀ ਨਿਯਮਾਵਲੀ, ਸ਼ੁਭ-ਗੁਣ ਇਹਨਾਂ ਨੂੰ, ‘ਬਿਸਰੁ ਨਾਹੀ ਇੱਕ ਖਿਨੋ’ ਅੱਖ ਦੇ ਫੋਰ ਜਿੰਨੇ ਸਮੇਂ ਵਿੱਚ ਵੀ ਵਿਸਾਰਨਾ ਨਹੀਂ ਹੈ। ਧਿਆਨ ਦਾ ਅਰਥ ਕਿਸੇ ਮੂਰਤ ਉੱਤੇ ਧਿਆਨ ਨਹੀਂ ਸਗੋਂ ਗੁਰ-ਉਪਦੇਸ਼ ਨੂੰ ਆਪਣੇ ਜੀਵਨ ਦੀ ਲੈਅ ਬਣਾਉਣਾ ਹੈ।

ਗਹਿਣੇ ਬਣਾ ਰਿਹਾ ਸੁਨਿਆਰਾ ਗਾਹਕਾਂ ਨਾਲ ਗੱਲਾਂ ਕਰਦਿਆਂ ਕਦੇ ਵੀ ਗਹਿਣੇ ਦੀ ਲੈਅ ਵਿੱਚ ਫਰਕ ਨਹੀਂ ਆਉਣ ਦੇਂਦਾ। ਜਦੋਂ `ਚਰਨ ਕਮਲ’ ਵਿੱਚ ਧਿਆਨ ਆ ਗਿਆ ਤਾਂ ਅੰਦਰਲੇ ਔਗੁਣਾਂ ਨਾਲ ਸਮਝੌਤਾ ਤੋੜਨਾ ਪਏਗਾ। ‘ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ’। ਸਦਾ ਜਾਗਣ ਲਈ ਮਾਨ, ਮੋਹ, ਬਿਕਾਰ ਤੇ ਅੰਦਰਲੀ ਮਲੀਨਤਾ ਵਲੋਂ ਤਗੜਾ ਪ੍ਰਹੇਜ਼ ਰੱਖਣਾ ਪਏਗਾ। ‘ਦੁਖ ਜਾਰੇ’ ਮਲੀਨ ਸੋਚ ਨੂੰ ਸਾੜਨਾ ਹੈ। ਅਸਲ ਵਿੱਚ ਜਾਗਿਆ ਹੋਇਆ ਹੀ ਉਸ ਨੂੰ ਸਮਝਿਆ ਜਾਣਾ ਚਾਹੀਦਾ ਹੈ ਜਿਸ ਨੇ ਹਲਕੇ ਪੱਧਰ ਦੀ ਸੋਚ, ਨਿਜੀ ਲਾਲਚ ਬਿਰਤੀ, ਪਰਵਾਰਕ, ਜੱਥੇਬੰਦੀ ਦਾ ਮਾਨ ਤਿਆਗ ਕੇ ਸੰਸਾਰੀ ਵਿਕਾਰਾਂ ਵਲੋਂ ਕਿਨਾਰਾ ਕਰ ਲਿਆ ਹੋਵੇ। ਇਸ ਸ਼ਬਦ ਵਿੱਚ ਹਮੇਸ਼ ਹੀ ਸੁਚੇਤ ਹੋ ਕੇ ਚੱਲਣ ਦਾ ਵਲ਼ ਸਮਝਾਇਆ ਗਿਆ ਹੈ।

ਇੱਕ ਡਾਕਟਰ ਜੇ ਜਾਗ ਕੇ ਦਵਾਈ ਨਹੀਂ ਦਏਗਾ ਤਾਂ ਮਰੀਜ਼ ਦਾ ਰੋਗ ਵੱਧ ਸਕਦਾ ਹੈ। ਅਧਿਆਪਕ ਨੂੰ ਸੁਚੇਤ ਹੋ ਕੇ ਹੀ ਪੜ੍ਹਾਉਣਾ ਪਏਗਾ, ਨਹੀਂ ਤਾਂ ਬੱਚਿਆਂ ਦਾ ਨੁਕਸਾਨ ਹੋਵੇਗਾ। ਜੇ ਇੱਕ ਰਾਹੀ ਧਿਆਨ ਨਾਲ ਨਹੀਂ ਤੁਰੇਗਾ ਉਹ ਜ਼ਰੂਰ ਰਾਹ ਭੁੱਲ ਜਾਏਗਾ। ਇਸ ਲਈ ਗੁਰੂ ਅਰਜਨ ਪਾਤਸ਼ਾਹ ਜੀ ਕੇਵਲ ਇੱਕ ਵੇਲੇ ਜਾਗਣ ਲਈ ਨਹੀਂ ਕਹਿ ਰਹੇ ਇਹ ਤੇ ਸਗੋਂ ਸਦਾ ਜਾਗਣ ਲਈ ਸੁਨੇਹਾਂ ਮਿਲ ਰਿਹਾ ਹੈ। "ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ"

ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿ ਕੇ ਸਦਾ ਜਾਗਣ ਵਾਲੇ ਪ੍ਰਭੂ ਦੇ ਪਿਆਰੇ ਹਨ। ਗੁਰੂ ਸਾਹਿਬ ਜੀ ਦਾ ਇੱਕ ਹੋਰ ਵਾਕ ਧਿਆਨ ਵਿੱਚ ਲਿਆਉਣ ਦੀ ਜ਼ਰੂਰਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਜ਼ਿੰਦਗੀ ਦੀ ਸੋਹਣੀ ਰਾਤ ਤੇ ਦਿਨ ਉਹ ਹੀ ਚੰਗਾ ਹੈ ਜਦੋਂ ਪਰਮਾਤਮਾ ਦੀ ਯਾਦ ਇਸ ਦੇ ਮਨ ਵਿੱਚ ਵੱਸਦੀ ਹੈ। ਜੇ ਰੱਬ ਜੀ ਦੀ ਨਿਯਮਾਵਲੀ ਇਸ ਦੇ ਮਨ ਵਿੱਚ ਵੱਸ ਜਾਏ ਤਾਂ ਸਾਰੇ ਪਾਪ ਦੂਰ ਹੋ ਸਕਦੇ ਹਨ।

ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ॥

ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ॥

ਸ਼ੇਖ਼ ਫਰੀਦ ਜੀ ਫਰਮਾਉਂਦੇ ਹਨ ਕਿ ਬੰਦਿਆ ਜੇ ਕਰ ਤੂੰ ਸਵੇਰੇ ਨਹੀਂ ਜਾਗਦਾ ਤਾਂ ਤੂੰ ਮਰੇ ਹੋਏ ਮਨੁੱਖ ਵਰਗਾ ਹੀ ਏਂ ਭਾਵ ਸਮੇਂ ਅਨੁਸਾਰ ਤੈਨੂੰ ਜ਼ਰੂਰ ਉੱਠਣਾ ਚਾਹੀਦਾ ਹੈ।

ਫਰੀਦਾ ਪਿਛਲ ਰਾਤਿ ਨ ਜਾਗਿਓਹਿ, ਜੀਵਦੜੋ ਮੁਇਓਹਿ॥

ਜੇ ਤੈ ਰਬੁ ਵਿਸਾਰਿਆ, ਤ ਰਬਿ ਨ ਵਿਸਰਿਓਹਿ॥ 107॥ (ਪੰਨਾ 1383)

ਫਰੀਦ ਸਾਹਿਬ ਜੀ ਨੇ ਆਪਣਾ ਜਾਤੀ ਤਜਰਬਾ ਦੱਸਦਿਆਂ ਕਿਹਾ ਹੈ ਕਿ ਸਾਰੀ ਰਾਤ ਸੌਂ ਕਿ ਵੀ ਸਵੇਰੇ ਨਹੀਂ ਉੱਠਿਆ ਤਾਂ ਉਸ ਨੂੰ ਮਰਿਆ ਹੋਇਆ ਹੀ ਸਮਝਣਾ ਚਾਹੀਦਾ ਹੈ। ਜੇ ਮਨੁੱਖ ਨੇ ਰੱਬ ਜੀ ਨੂੰ ਵਿਸਾਰ ਦਿੱਤਾ ਹੈ ਪਰ ਰੱਬ ਜੀ ਨੇ ਤੈਨੂੰ ਨਹੀਂ ਵਿਸਾਰਿਆ ਭਾਵ ਰੱਬ ਜੀ ਦੀ ਕੁਦਰਤੀ ਨਿਯਮਾਵਲੀ ਸਦਾ ਹੀ ਇਕਸਾਰ ਚੱਲ ਰਹੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਘੁੰਢੀ ਨੂੰ ਹੋਰ ਖੋਲ੍ਹਦਿਆ ਵਿਸਥਾਰ ਸਹਿਤ ਦੱਸਿਆ ਹੈ ਕਿ ਸਵੇਰੇ ਉੱਠ ਕੇ ਮਤਾਂ ਬੰਦਾ ਹੰਕਾਰ ਦੀਆਂ ਪੰਡਾਂ ਹੀ ਨਾ ਬੰਨ ਲਏ। ਸਵੇਰੇ ਰੱਬ ਜੀ ਨੂੰ ਚੇਤੇ ਕਰ ਲਿਆ `ਤੇ ਫਿਰ ਸਾਰਾ ਦਿਨ ਹੰਕਾਰ ਹੀ ਦਰਸਾਈ ਜਾਏ ਉਸ ਦੇ ਸਵੇਰੇ ਉੱਠਣ ਦਾ ਕੋਈ ਵੀ ਲਾਭ ਨਹੀਂ ਹੈ। ਜੇ ਆਦਮੀ ਨੇ ਸਵੇਰੇ ਉੱਠ ਨਾਮ ਜੱਪਿਆ ਹੈ ਪਰ ਉਸ ਦੀਆਂ ਮਾਨਸਿਕ ਕਮੰਜ਼ੋਰੀਆਂ ਦੂਰ ਨਹੀਂ ਹੋਈਆਂ ਤਾਂ ਫਿਰ ਅੇਵੇਂ ਧੰਧਾ ਹੀ ਪਿੱਿਟਆ ਗਿਆ ਹੈ।

ਫਰੀਦਾ ਕੰਤੁ ਰੰਗਾਵਲਾ, ਵਡਾ ਵੇਮੁਹਤਾਜੁ॥

ਅਲਹ ਸੇਤੀ ਰਤਿਆ, ਏਹੁ ਸਚਾਵਾਂ ਸਾਜੁ॥ 108॥

ਸਲੋਕ ਮ. 5 {ਪੰਨਾ 1383}

ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ। (ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ)

ਜੇ ਅੰਮ੍ਰਿਤ ਵੇਲੇ ਉੱਠ ਕੇ ਵੀ ਲੋਕਾਂ ਦੀ ਮੁਥਾਜ਼ਗੀ ਕਰਨੀ ਹੈ ਤਾਂ ਫਿਰ ਪਿੱਛਲੀ ਰਾਤ ਨੂੰ ਉੱਠਣ ਦਾ ਕੀ ਲਾਭ ਹੋਇਆ?

ਫਰੀਦਾ ਦੁਖੁ ਸੁਖੁ ਇਕੁ ਕਰਿ, ਦਿਲ ਤੇ ਲਾਹਿ ਵਿਕਾਰੁ॥

ਅਲਹ ਭਾਵੈ ਸੋ ਭਲਾ, ਤਾਂ ਲਭੀ ਦਰਬਾਰੁ॥ 109॥

ਸਲੋਕ ਮ. 5 {ਪੰਨਾ 1383}

ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿੱਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ, ਜੋ ਰੱਬ ਦੀ ਰਜ਼ਾ ਵਿੱਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ। ਜੇ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਯਾਦ ਵਿੱਚ ਜੁੜਿਆਂ ਉਹ ਹੀ ਸੰਸਾਰ ਵਾਲੇ ਦੁੱਖਾਂ ਸੁੱਖਾਂ ਵਿੱਚ ਘਬਰਾਈ ਜਾ ਰਿਹਾ ਏਂ ਤਾਂ ਤੈਨੂੰ ਸਵੇਰੇ ਉੱਠਣਾ ਦਾ ਕੀ ਲਾਭ ਹੋਇਆ?

ਫਰੀਦਾ ਦੁਨੀ ਵਜਾਈ ਵਜਦੀ, ਤੂੰ ਭੀ ਵਜਹਿ ਨਾਲਿ॥

ਸੋਈ ਜੀਉ ਨ ਵਜਦਾ, ਜਿਸੁ ਅਲਹੁ ਕਰਦਾ ਸਾਰ॥ 110॥

ਸਲੋਕ ਮ. 5 {ਪੰਨਾ 1383}

ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ, (ਭਾਵ, ਮਾਇਆ ਦਾ ਨਚਾਇਆ ਨੱਚ ਰਿਹਾ ਹੈਂ)। ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ ਆਪ ਕਰਦਾ ਹੈ (ਸੋ, ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜ, ਤਾਂ ਕਿ ਤੇਰੀ ਭੀ ਸੰਭਾਲ ਹੋ ਸਕੇ)

ਅਸਾਂ ਨੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੀ ਸੰਭਾਲ਼ ਕੀਤੀ ਹੈ ਪਰ ਜਿਵੇਂ ਦੁਨੀਆਂ ਵੱਜਦੀ ਹੈ ਏਸੇ ਤਰ੍ਹਾਂ ਹੀ ਅਸੀਂ ਵੱਜ ਰਹੇ ਹਾਂ ਸਾਡੇ ਵਿੱਚ ਤੇ ਦੁਨੀਆਂ ਵਿੱਚ ਅੰਤਰ ਕੀ ਹੋਇਆ? ਰੱਬ ਜੀ ਨਾਲ ਜੁੜਨ ਦਾ ਅਰਥ ਹੈ ਸੁਭਾਅ ਵਿੱਚ ਤਬਦੀਲੀ, ਉਸਾਰੂ ਬਿਰਤੀ ਦਾ ਪਰਗਟ ਹੋਣਾ ਪਰ ਇੰਜ ਹੋ ਨਹੀਂ ਸਕਿਆ।

ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ, ਦੁਨੀ ਨ ਕਿਤੈ ਕੰਮਿ॥

ਮਿਸਲ ਫਕੀਰਾਂ ਗਾਖੜੀ, ਸੁ ਪਾਈਐ ਪੂਰ ਕਰੰਮਿ॥ 111॥

ਸਲੋਕ ਮ. 5 {ਪੰਨਾ 1383-1384}

ਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦਾ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ। (ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ।

ਮਨ ਦੀਆਂ ਮਲੀਨ ਭਾਵਨਾਵਾਂ ਤਬਦੀਲ ਤਾਂ ਹੋਈਆਂ ਨਹੀਂ ਸਗੋਂ ਕਿਸੇ ਕੋਲੋਂ ਖੋਹ ਲੈਣ ਦੀ ਪ੍ਰਬਲ ਇੱਛਾ ਬਣੀ ਰਹਿੰਦੀ ਹੈ ਤਾਂ ਫਿਰ ਸਵੇਰੇ ਉੱਠਣ ਦਾ ਨਿਰ੍ਹਾ ਭਰਮ ਹੀ ਪਾਲਿਆ ਹੋਇਆ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਵਿਚੋਂ ਬੇ-ਮੁਥਾਜ਼ਗੀ, ਪਾਪਾਂ ਦੀ ਨਵਿਰਤੀ, ਰੱਬੀ ਰਜ਼ਾ ਵਿੱਚ ਰਹਿਣਾ ਤੇ ਸੰਸਾਰਿਕ ਪਦਾਰਥਾਂ ਦੇ ਮੋਹ ਦਾ ਬਚਾ ਹੋਣਾ ਚਾਹੀਦਾ ਸੀ। ਜੀਵਨ ਨੂੰ ਨਿਯਮਬਧ ਕਰਨ ਲਈ ਸਮੇਂ ਦੀ ਸੰਭਾਲ਼ ਬੜੀ ਜ਼ਰੂਰੀ ਹੈ, ਇਹ ਨਹੀਂ ਕਿ ਕੇਵਲ ਅੰਮ੍ਰਿਤ ਵੇਲੇ ਉੱਠ ਕੇ ਇਹ ਕਹੀ ਜਾਣਾ ਕਿ ਜੀ ਸਿਰਫ ਏਸੇ ਸਮੇਂ ਹੀ ਨਾਮ ਜੱਪਿਆ ਜਾ ਸਕਦਾ ਹੈ ਦਿਨ ਦੇ ਵਿੱਚ ਧਰਮ ਦਾ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਜ਼ਰਾ ਇਹਨਾਂ ਵਾਕਾਂ ਨੂੰ ਧਿਆਨ ਵਿੱਚ ਲਿਆਉਣ ਦੀ ਜ਼ਰੁਰਤ ਹੈ ---

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥ 1॥

ਸਲੋਕ 5 {ਪੰਨਾ 318}

ਫਰਦਿ ਸਾਹਿਬ ਜੀ ਨੇ ਅਗਲੇ ਸਲੋਕ ਵਿੱਚ ਪਹਿਲੇ ਪਹਿਰ ਤੇ ਰਾਤ ਦੇ ਮਗਰਲੇ ਪਹਿਰ ਦੀ ਵਿਚਾਰ ਕਰਦਿਆ ਕਿਹਾ ਹੈ ਕਿ ਰਾਤ ਦੇ ਪਹਿਲੇ ਪਹਿਰ ਨਾਲੋਂ ਪਿਛੱਲੇ ਪਹਿਰ ਰੱਬ ਦੀ ਬੰਦਗੀ ਵਧੀਕ ਲਾਭ ਕਾਰੀ ਹੁੰਦੀ ਹੈ।

ਪਹਿਲੈ ਪਹਰੈ ਫੁਲੜਾ, ਫਲੁ ਭੀ ਪਛਾ ਰਾਤਿ॥ ਜੋ ਜਾਗੰਨਿ੍ਹ੍ਹ, ਲਹੰਨਿ ਸੇ, ਸਾਈ ਕੰਨੋ ਦਾਤਿ॥ 112॥ {ਪੰਨਾ 1384} ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇੱਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ। ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ। 112. ਗਰੁ ਨਾਨਕ ਸਾਹਿਬ ਜੀ ਇਸਦਾ ਹੋਰ ਵਿਸਥਾਰ ਕਰਦਿਆਂ ਕਿਹਾ ਹੈ ਕਿ ਪਰਮਾਤਮਾ ਤਾਂ ਸਦਾ ਹੀ ਹਾਜ਼ਰ-ਨਾਜ਼ਰ ਹੈ ਗੱਲ ਤਾਂ ਉਸ ਨੂੰ ਸਮਝ ਕੇ ਮਨ ਵਿੱਚ ਵਸਾਉਣ ਦੀ ਹੈ। ਬੜਾ ਪਿਆਰਾ ਵਾਕ ਹੈ ---ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ॥ ਇਕਿ ਜਾਗੰਦੇ ਨਾ ਲਹਨਿ੍ਹ੍ਹ, ਇਕਨ੍ਹ੍ਹਾ ਸੁਤਿਆ ਦੇਇ ਉਠਾਲਿ॥ 113॥ {ਪੰਨਾ 1384} ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ? ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿੱਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ)।

ਕਈ ਲੋਕ ਤਾਂ ਅੰਮ੍ਰਿਤ ਵੇਲੇ ਜਾਗ ਕੇ ਵੀ ਜੀਵਨ ਜਾਚ ਨਹੀਂ ਲੈ ਸਕਦੇ ਪਰ ਕਈਆਂ ਨੂੰ ਸੁਤਿਆਂ ਉਠਾ ਕੇ ਦਾਤ ਮਿਲ ਜਾਂਦੀ ਹੈ। ਜੇ ਗੁਰਦੁਆਰਿਆਂ ਵਿੱਚ ਝਾਤੀ ਮਾਰ ਕੇ ਦੇਖੀ ਜਾਏ ਕਈਆਂ ਨੂੰ ਚਾਲੀ ਚਾਲੀ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਗੁਰੁਦਆਰਿਆਂ ਵਿੱਚ ਆਉਂਦਿਆਂ ਪਰ ਸੁਭਾਅ ਵਿੱਚ ਰੰਚਕ ਮਾਤਰ ਵੀ ਤਬਦੀਲੀ ਨਹੀਂ ਆਈ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਇੱਕ ਜਾਗਦੇ ਹੋਏ ਵੀ ਕੋਈ ਵਸਤੂ ਪ੍ਰਾਪਤ ਨਹੀਂ ਕਰ ਸਕਦੇ ਪਰ ਇਕਨਾ ਨੂੰ ਉਠਾ ਕੇ ਦਾਤ ਪ੍ਰਾਪਤ ਹੋ ਜਾਂਦੀ ਹੈ। ਸ੍ਰ. ਕੁਲਬੀਰ ਸਿੰਘ ਜੀ ਕੌੜਾ ਨੇ ਆਪਣੀ ਪੁਸਤਕ "ਤੇ ਸਿੱਖ ਵੀ ਨਿਗਲ਼ਿਆ ਗਿਆ" ਵਿੱਚ ਲਿਖਦੇ ਹਨ ‘ਸੰਗਤ ਕੇ ਭੇਡਾਂ’ ਉਹਨਾਂ ਨੇ ਜੋ ਤਜਰਬਾ ਸਾਡੇ ਸਾਹਮਣੇ ਰੱਖਿਆ ਹੈ ਕਿ ਮਨੁੱਖੀ ਤਲ਼ `ਤੇ ਜ਼ਿਉਂਦਿਆਂ ਹੋਇਆਂ ਵੀ ਜਾਗ ਨਹੀਂ ਆਈ। ਅੰਮ੍ਰਿਤ ਵੇਲੇ ਗੁਰਦੁਆਰੇ ਦੀ ਹਾਜ਼ਰੀ ਭਰਦਿਆਂ ਹੱਥਾਂ ਵਿੱਚ ਕੜਾਹ ਪ੍ਰਸ਼ਾਦ ਚੁੱਕੀ ਵਾਹਗੁਰੂ ਵਾਹਗੁਰੂ ਕਰਦੀਆਂ ਤੀਹ, ਚਾਲੀ, ਪੰਜਾਹ, ਸਾਲ ਦੀ ਉਮਰ ਦੇ ਲੋਕ ਇੱਕ ਨੌਜਵਾਨ ਦੀ ਲਾਸ਼ ਕੋਲੋਂ ਦੀ ਵਾਹੋ-ਦਾਹੀ ਲੰਘਦੇ ਜਾ ਰਹੇ ਹਨ ਪਰ ਕਿਸੇ ਨੇ ਵੀ ਜਾਗੀ ਹੋਈ ਗੱਲ ਨਹੀ ਕੀਤੀ ਮਤਾ ਕਿਤੇ ਅਸੀਂ ਫਸ ਨਾ ਜਾਈਏ। ਕੌੜਾ ਜੀ ਹੁਰਾਂ ਲਿਖਿਆ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਅਜੇਹੀ ਸੰਗਤ ਦੀ ਸਥਾਪਨਾ ਕੀਤੀ ਸੀ? ਇਹਨਾਂ ਨੂੰ ਸੰਗਤ ਦਾ ਦਰਜਾ ਨਾ ਦਿਓ ਸਗੋਂ ਇਹਨਾਂ ਨੂੰ ਭੇਡਾਂ ਆਖਣਾ ਹੀ ਠੀਕ ਰਹੇਗਾ। ਕੀ ਇਹਨਾਂ ਨੂੰ ਜਾਗਿਆ ਮਨੁੱਖ ਕਿਹਾ ਜਾ ਸਕਦਾ ਹੈ?

ਅਸਲ ਜਾਗਿਆ ਤਾਂ ਉਸ ਨੂੰ ਹੀ ਕਿਹਾ ਜਾ ਸਕਦਾ ਹੈ ਜੋ ਮਾਇਆ ਦੇ ਹੱਲਿਆਂ ਤੋਂ ਬਚ ਗਿਆ ਤੇ ਜਾਗੇ ਹੋਏ ਉਸ ਨੂੰ ਕਿਹਾ ਜਾ ਸਕਦਾ ਹੈ ਜੋ ਆਪਣੇ ਮੂੰਹ ਤਥਾ ਸੁਭਾਅ ਵਿੱਚ ਨਾਮ ਨੂੰ ਉਚਾਰਦੇ ਹਨ ਭਾਵ ਸ਼ੁਭ ਬੋਲ ਬੋਲਦੇ ਹਨ। ਸੁਤੜੇ ਅਸੰਖ ਮਾਇਆ ਝੂਠੀ ਕਾਰਣੇ॥ ਨਾਨਕ ਸੇ ਜਾਗੰਨਿ੍ਹ੍ਹ ਜਿ ਰਸਨਾ ਨਾਮੁ ਉਚਾਰਣੇ॥ 13॥

ਮੇਰੇ ਸਾਹਮਣੇ ਇੱਕ ਦੋ ਮਿਸਾਲਾਂ ਹਨ ਜੋ ਮਾਇਆ ਜਾਂ ਨਸ਼ਿਆਂ ਤੋਂ ਜਾਗਿਆ ਹੈ, ਮੈਂ ਤੇ ਅਸਲ ਵਿੱਚ ਇਸ ਨੂੰ ਜਾਗਿਆ ਹੋਇਆ ਕਹਾਂਗਾ। ਜਰਮਨ ਵਿੱਚ ਇੱਕ ਪਰਵਾਰ ਵਿੱਚ ਜਾਣ ਦਾ ਮੌਕਾ ਬਣਿਆ, ਉਸ ਪਰਵਾਰ ਦੀ ਬੱਚੀ ਨੇ ਕਹਾਣੀ ਸੁਣਾਈ, ‘ਕਿ ਮੇਰੇ ਪਤੀ ਦੇਵ ਜੀ ਹਰ ਰੋਜ਼ ਆਪਣੇ ਦੋਸਤਾਂ ਨਾਲ ਸ਼ਰਾਬ ਆਦਿ ਪੀਣ ਚੱਲੇ ਜਾਂਦੇ ਹਨ। ਦੇਰ ਰਾਤ ਇਸਦੇ ਦੋਸਤ ਮੈਨੂੰ ਟੈਲੀਫੂਨ ਕਰਦੇ ਸਨ ਕਿ ਇਸ ਨੂੰ ਲੈ ਜਾਉ। ਭਾਅ ਜੀ ਮੇਰੀ ਵੀ ਕੋਈ ਜ਼ਿੰਦਗੀ ਐ, ਇੱਕ ਸ਼ਰਾਬੀ ਪਤੀ ਨੂੰ ਘਰ ਚੁੱਕ ਕੇ ਲਿਆਉਣ ਦੀ’। ਵਿਚਾਰ ਕਰਦਿਆ ਉਸ ਵੀਰ ਨੂੰ ਥੋੜਾ ਸਮਝਾਉਣ ਨਾਲ ਹੀ ਉਸ ਦੇ ਅਕਲ ਵਾਲੇ ਖਾਨੇ ਵਿੱਚ ਗੱਲ ਬੈਠ ਗਈ ਕਿ ਮੇਰੇ ਬੱਚਿਆਂ ਦਾ ਇੰਜ ਕਰਨ ਨਾਲ ਭਵਿੱਖਤ ਖਰਾਬ ਨਹੀਂ ਸਗੋਂ ਤਬਾਹ ਹੁੰਦਾ ਹੈ। ਪਰਵਾਰ ਬਣਿਆ ਰੱਖਣ ਲਈ ਉਸ ਨੇ ਸਾਰੀ ਦਾਰੂ ਸਿੰਕ ਵਿੱਚ ਰੋੜ ਕੇ ਬੋਤਲਾਂ ਨੂੰ ਭੰਨ ਦਿੱਤਾ। ਇਸ ਨੂੰ ਕਿਹਾ ਜਾ ਸਕਦਾ ਹੈ ਕਿ ਅਸਲ ਵਿੱਚ ਇਹ ਮਨੁੱਖ ਜਾਗਿਆ ਹੈ, ‘ਇਕਨਾ ਸੁਤਿਆ ਦੇਇ ਉਠਾਲਿ’। ਘਰ ਵਲੋਂ ਬੇ-ਖ਼ਬਰ ਹੋ ਨਸ਼ੇ ਵਿੱਚ ਸੁੱਤਾ ਹੋਇਆ ਜੇ ਮਨੁੱਖ ਜਾਗ ਪਏ ਤਾਂ ਇਸ ਨੂੰ ਸਹੀ ਅਰਥਾਂ ਵਿੱਚ ਕਹਾਂਗੇ ਇਸ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈ ਹੈ।

ਇੱਕ ਹੋਰ ਵੀਰ ਆਪਣਾ ਕਾਰੋਬਾਰ ਲੁਟਾ ਕੇ ਤੇ ਉਸ ਦਾ ਕਰਜ਼ਾ ਉਤਾਰਨ ਲਈ ਘਰ ਨੂੰ ਵੇਚ ਕੇ ਅਕਲ ਦੇ ਰਸਤ ਤੇ ਚਲਦਿਆਂ ਦੂਜਿਆਂ ਨੂੰ ਅਕਲ ਦੇ ਰਿਹਾ ਹੈ ਕਿ ਭਈ ਨਸ਼ੇ ਵਿੱਚ ਕੁੱਝ ਨਹੀਂ ਰੱਖਿਆ। ਮੈਂ ਹੁਣ ਜਾਗਿਆ ਜੇ। ਮੇਰੀ ਤਾਂ ਜ਼ਿੰਦਗੀ ਹੀ ਹੁਣ ਅੰਮ੍ਰਿਤ ਵੇਲਾ ਬਣੀ ਹੈ। ਸਮੇਂ ਅਨੁਸਾਰ ਸੌਣਾ ਤੇ ਸਮੇਂ ਅਨੁਸਾਰ ਉੱਠਣਾ ਅੰਮ੍ਰਿਤ ਵੇਲੇ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਕੁੱਝ ਵੀਰ ਇਹ ਕਹਿ ਰਹੇ ਹਨ ਕਿ ਕੇ ਜੀ ਹਰ ਆਦਮੀ ਨੂੰ ਆਪਣੇ ਸਮੇਂ ਦਾ ਦਸਵੰਦ ਕੱਢਣਾ ਚਾਹੀਦਾ ਹੈ ਭਾਵ ਕਿ ਚੌਵੀ ਘੰਟਿਆਂ ਵਿੱਚ ਘੱਟੋ ਘੱਟ ਢਾਈ ਘੰਟੇ ਸਵੇਰੇ ਉੱਠ ਕੇ ਜ਼ਰੂਰ ਨਾਮ ਸਿਮਰਨਾ ਚਾਹੀਦਾ ਹੈ ਇਸ ਦਾ ਅਰਥ ਹੈ ਕਿ ਬਾਕੀ ਦਾ ਸਮਾਂ ਫਿਰ ਜੋ ਮਰਜ਼ੀ ਹੈ ਕਰ ਲਿਆ ਜਾਏ, ਜਨੀ ਇੱਕ ਵਾਰ ਸਵੇਰੇ ਉੱਠ ਕੇ ਅੰਮ੍ਰਿਤ-ਵੇਲਾ ਸੰਭਾਲ਼ਲਿਆ ਫਿਰ ਦਿਨੇ ਜੋ ਮਰਜ਼ੀ ਹੈ ਕੁਫਰ ਤੋਲੀ ਜਾਈਏ। "ਇਕਿ ਜਗੰਦੇ ਨਾ ਲਹਨਿ" ਜੇ ਇਹ ਕਿਹਾ ਜਾਏ ਕਿ ਅੰਮ੍ਰਿਤ ਵੇਲੇ ਜਾਗ ਕੇ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ ਏੱਥੇ ਤਾਂ ਸਾਰਾ ਦਿਨ ਜਾਗਦਿਆਂ ਕੁੱਝ ਨਹੀਂ ਲੈ ਰਹੇ। ਦੁਨੀਆਂ ਦੇ ਜਿੰਨੇ ਗੁਰਦੁਆਰੇ ਹਨ ਇਹਨਾਂ ਵਿਚੋਂ ਬਹੁਤਿਆਂ ਦੇ ਗੋਲਕ-ਕੇਸ ਕੋਟ-ਕਚਹਿਰੀਆਂ ਵਿੱਚ ਚੱਲ ਰਹੇ ਹਨ ਤੇ ਸਭ ਤੋਂ ਵੱਧ ਏੱਥੇ ਹੀ ਅੰਮ੍ਰਿਤ ਵੇਲੇ ਦੀ ਸੰਭਾਲ਼ ਹੋ ਰਹੀ ਹੈ। "ਦੁਨੀ ਵਜਾਈ ਵਜਦੀ ਤੂ ਭੀ ਵਜਹਿ ਨਾਲਿ" ਜਿਸ ਤਰ੍ਹਾਂ ਦੁਨੀਆਂ ਵੱਜ ਰਹੀ ਹੈ ਓਸੇ ਤਰ੍ਹਾਂ ਹੀ ਇਹ ਗੋਲਕ-ਕਬਜ਼ਾ ਜਮਾਈ ਵੱਜ ਰਹੇ ਤੇ ਅੰਮ੍ਰਿਤ-ਵੇਲੇ ਦੀ ਸੰਭਾਲ਼ ਸ਼ੁਰੂ ਹੁੰਦੀ ਹੈ ਗੁਰਦੁਆਰਿਆਂ ਵਿਚੋਂ। ਨਿਰਾ ਅੰਮ੍ਰਿਤ ਵੇਲੇ ਹੀ ਉੱਠਣ ਦੇ ਜ਼ੋਰ ਦਈ ਜਾਣਾ ਪਰ ਜੀਵਨ ਵਿੱਚ ਬਦਲਾ ਕੁੱਝ ਵੀ ਨਾ ਆਏ ਇਸ ਦਾ ਕੋਈ ਵੀ ਲਾਭ ਨਹੀਂ ਹੈ। ਇਹਨਾਂ ਨੂੰ ਜਾਗਦਿਆਂ ਹੋਇਆਂ ਵੀ ਗੁਰਦੁਆਰੇ ਵਿਚੋਂ ਕੁੱਝ ਵੀ ਪ੍ਰਾਪਤ ਨਹੀਂ ਹੋਇਆ, ‘ਇਕਿ ਜਗੰਦੇ ਨ ਲਹਨਿ’

ਗੁਰਮਤਿ ਵਿੱਚ ਬਹੁਤੀ ਮਨਮਤ ਵੱਸਦੇ ਰਸਦੇ ਸ਼ਹਿਰਾਂ ਵਿਚੋਂ ਆਈ ਹੈ। ਕਈ ਪ੍ਰਕਾਰ ਦੀਆਂ ਗੁਰਮਤ ਪਰਚਾਰ ਦੇ ਨਾਂ ਉੱਤੇ ਸਭਾ ਸੁਸਾਇਟੀਆਂ ਬਣ ਗਈਆਂ ਹਨ। ਅੰਮ੍ਰਿਤ-ਵੇਲੇ ਦੀ ਸੰਭਾਲ ਵਾਲੀਆਂ ਸੁਸਾਇਟੀਆਂ ਤੜਕੇ ਤਿੰਨ ਵਜੇ ਹੀ ਜੀਪਾਂ ਦੇ ਹਾਰਨ ਘਰਾਂ ਦੇ ਅੱਗੇ ਵਜਾ ਵਜਾ ਕੇ ਆਲੇ ਦੁਆਲੇ ਨੂੰ ਜਗਾ ਕੇ ਨਫ਼ਰਤ ਜੇਹੀ ਪੈਦਾ ਕਰ ਰਹੇ ਹਨ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਦਾ ਅਰਥ ਹੈ ਸਾਡੇ ਜੀਵਨ ਵਿੱਚ ਅੰਮ੍ਰਿਤ ਵੇਲਾ ਬਣ ਸਕੇ। ਹਰ ਰੋਜ਼ ਨਿਮਾਜ਼ ਅਦਾ ਕਰਨ ਵਾਲੇ ਮੁਸਲਮਾਨ ਵੀਰ ਨਾਲ ਇੱਕ ਨਵਾਂ ਆਦਮੀ ਨਿਮਾਜ਼ ਅਦਾ ਕਰਨ ਲਈ ਮਸੀਤ ਵਿੱਚ ਗਿਆ। ਸਵੇਰ ਦੀ ਨਿਮਾਜ਼ ਅਦਾ ਕਰਕੇ ਜਦ ਵਾਪਸ ਮੁੜ ਕੇ ਆ ਰਹੇ ਸਨ ਤਾਂ ਨਵੇਂ ਵੀਰ ਨੇ ਸੁੱਤੇ ਹੋਏ ਲੋਕਾਂ ਵਲ ਦੇਖ ਕੇ ਕਿਹਾ, "ਕਿ ਉਸਤਾਦ ਜੀ ਐ ਲੋਕ ਜੋ ਅਜੇ ਤੀਕ ਸੁੱਤੇ ਪਏ ਹਨ ਇਹ ਸਾਰੇ ਹੀ ਨਰਕਾਂ ਵਿੱਚ ਜਾਣਗੇ"। ਆਪਣੀ ਇੱਕ ਦਿਨ ਦੀ ਨਿਮਾਜ਼ ਨਾਲ ਬਾਕੀ ਸਾਰੇ ਦੋਜ਼ਕ ਦੇ ਭਾਗੀ ਬਣਾ ਦਿੱਤੇ। ਉਸਤਾਦ ਜੀ ਕਹਿਣ ਲੱਗੇ, "ਉਹ ਤਾਂ ਭਾਵੇਂ ਦੋਜ਼ਕ ਵਿੱਚ ਨਾ ਜਾਣ ਪਰ ਆਪਾਂ ਜ਼ਰੂਰ ਜਾਵਾਂਗੇ ਕਿਉਂਕਿ ਇੱਕ ਦਿਨ ਦੀ ਨਿਮਾਜ਼ ਨਾਲ ਹੀ ਤੂੰ ਹੰਕਾਰ ਦੀਆਂ ਪੰਡਾਂ ਬੰਨ੍ਹ ਲਈਆਂ ਨੇ, ਚੱਲ ਦੁਬਾਰਾ ਨਿਮਾਜ਼ ਅਦਾ ਕਰਕੇ ਆਈਏ"।

ਸਮਾਂ ਬਹੁਤ ਹੀ ਤੇਜ਼ੀ ਨਾਲ ਬਦਲਿਆ ਹੈ ਜਿਸ ਕਰਕੇ ਰੋਜ਼ੀ ਰੋਟੀ ਲਈ ਪੰਜਾਬ ਦੀ ਧਰਤੀ ਨੂੰ ਛੱਡ ਕੇ ਕਈਆਂ ਹੋਰਨਾਂ ਮੁਲਕਾਂ ਵਿੱਚ ਜਾਣਾ ਪਿਆ। ਉਹਨਾਂ ਮੁਲਕਾਂ ਵਿੱਚ ਸਥਾਪਿਤ ਹੋਣ ਲਈ ਪਹਿਲੇ ਗਏ ਵੀਰਾਂ ਨੂੰ ਹੱਡ ਭੰਨਵੀਂ ਮਿਹਨਤ ਕਰਨੀ ਪਈ। ਇਹਨਾਂ ਮੁਲਕਾਂ ਵਿੱਚ ਪਹਿਲੀ ਸਟੇਜ `ਤੇ ਕੰਮ ਕਰਨ ਲਈ ਜਿਹੜੀ ਸ਼ਿਫਟ ਮਿਲ ਗਈ ਉਹ ਹੀ ਕਰ ਲਈ। ਕਈਆਂ ਨੂੰ ਰਾਤ ਦੀ ਤੇ ਕਈਆਂ ਨੂੰ ਸਵੇਰ ਦੀ ਸ਼ਿਫਟ ਮਿਲੀ। ਵੇਲੇ ਕੁਵੇਲੇ ਕੰਮ ਕਰਨ ਨਾਲ ਇਹਨਾਂ ਦਾ ਤਾਂ ਫਿਰ ਅੰਮ੍ਰਿਤ-ਵੇਲਾ ਬਣਦਾ ਹੀ ਕੋਈ ਨਹੀਂ ਏ। ਯੂ. ਐਸੇ. ਏ. ਦੇ ਇੱਕ ਸ਼ਹਿਰ ਵਿੱਚ ਮੋਟੀਆਂ ਲੱਤਾਂ ਤੇ ਅਖੱੜ ਬੋਲੀ ਬੋਲਣ ਵਾਲੇ ਸਾਧ ਨੇ ਆਪਣੀ ਕਥਾ ਵਿੱਚ ਅੰਮ੍ਰਿਤ-ਵੇਲੇ ਤੇ ਨਾਮ ਜੱਪਣ ਦੀ ਸੱਖਤ ਤੋਂ ਸਖੱਤ ਸ਼ਬਦਾਂ ਵਿੱਚ ਤਾਗੀਦ ਕਰਦਿਆਂ ਕਿਹਾ ਕਿ ਜਿਹੜੇ ਇਹ ਦੋਨੋਂ ਕੰਮ ਨਹੀਂ ਕਰਦੇ ਉਹ ਸਿੱਧੇ ਨਰਕਾਂ ਦੇ ਭਾਗੀਦਾਰ ਹਨ। ਓੱਥੇ ਇੱਕ ਭੈਣ ਆਪਣੀ ਸ਼ੰਕਾ ਨਵਿਰਤ ਕਰਨ ਲਈ ਬੂਬਨੇ ਬਾਬਾ ਜੀ ਪਾਸ ਗਈ ਤੇ ਕਹਿਣ ਲੱਗੀ ਬਾਬਾ ਜੀਓ "ਮੇਰੀ ਰਾਤ ਦੀ ਬਾਰ੍ਹਾਂ ਘੰਟੇ ਦੀ ਲੰਬੀ ਸ਼ਿਫਟ ਹੈ ਮੇਰੇ ਪਾਸੋਂ ਫਿਰ ਅੰਮ੍ਰਿਤ-ਵੇਲਾ ਤੇ ਨਾਮ ਸਿਮਰਨ ਦੋਵੇਂ ਕੰਮ ਨਹੀਂ ਹੋ ਸਕਦੇ। ਮੇਰਾ ਘਰਵਾਲਾ ਅਕਾਲ-ਚਲਾਣਾ ਕਰ ਚੱਕਿਆ ਹੈ ਦੱਸੋ ਮੇਰਾ ਕੀ ਬਣੇਗਾ"। ਗਧੇ ਦੇ ਹੀਂਗਣ ਵਾਂਗ ਹੱਸਦਿਆਂ ਹੋਇਆਂ ਹੱਥ ਤੇ ਹੱਥ ਮਾਰ ਕੇ ਬਾਬਾ ਜੀ ਨੇ ਆਪਣੇ ਇਲਾਈ ਪ੍ਰਵੱਚਨਾ ਨਾਲ ਬੀਬੀ ਦਾ ਮਨ ਤੋੜਦਿਆਂ ਕਿਹਾ ਕਿ: ਬੀਬਾ ਇਕੋ ਕੰਮ ਹੀ ਹੋਣਾ ਹੈ ਭਾਵੇਂ ਨਾਮ ਜੱਪ ਲੈ, ਅੰਮ੍ਰਿਤ-ਵੇਲਾ ਸੰਭਾਲ਼ ਲੈ ਜਾਂ ਫਿਰ ਦੁਨਿਆਵੀ ਕੰਮ ਕਰ ਲੈ ਹੀਂ ਹੀਂ ਹੀਂ ਕਰਦਿਆਂ ਬਾਬੇ ਨੇ ਬੇਸ਼ਰਮੀ ਦਾ ਹਾਸਾ ਹੱਸਿਆ— "ਦੁਨੀਆਂ ਦੇ ਕਈ ਅਜੇਹੇ ਸ਼ਹਿਰ ਵੀ ਹਨ ਜੋ ਰਾਤ ਨੂੰ ਖੁਲ੍ਹਦੇ ਹਨ ਤੇ ਦਿਨੇ ਦਸ ਵੱਜੇ ਜਾ ਕੇ ਬੰਦ ਹੁੰਦੇ ਹਨ ਫਿਰ ਇਹ ਕੰਮ ਕਰਨ ਵਾਲੇ ਸਿੱਧੇ ਨਰਕਾਂ ਵਿੱਚ ਹੀ ਜਾਣਗੇ?

ਸਿੱਖ ਨੇ ਆਪਣੇ ਜੀਵਨ ਨੂੰ ਅੰਮ੍ਰਿਤ-ਵੇਲਾ ਬਣਾਉਣ ਦਾ ਯਤਨ ਕਰਨਾ ਹੈ ਤੇ ਸਮੇਂ ਅਨੁਸਾਰ ਸੌਣਾ, ਸਮੇਂ ਅਨੁਸਾਰ ਉੱਠਣਾ ਜਨੀ ਕਿ ਆਪਣੇ ਜੀਵਨ ਨੂੰ ਨਿਯਮ ਬਧ ਕਰਕੇ ਸਚਾਈ ਨਾਲ ਜੁੜਨਾ ਹੀ ਅੰਮ੍ਰਿਤ ਵੇਲਾ ਹੈ।

ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤੁ ਅੰਮ੍ਰਿਤੁ ਪਾਵਣਿਆ॥ 1॥

ਮਨ ਨੂੰ ਭਰਮਾਂ ਵਲੋਂ ਹਟਾ ਕੇ ਨਿਰੰਕਾਰ ਨਾਲ ਜੋੜਨਾ ਤੇ ਗਿਆਨ ਇੰਦਰੀਆਂ ਨੂੰ ਜਪ-ਤਪ ਭਾਵ ਸੰਜਮ ਦੇਣਾ ਗੁਰੂ ਦੇ ਸ਼ਬਦ ਰਾਂਹੀ। ਨਾਮ ਧਿਆਉਣਾ ਭਾਵ ਗੁਰੂ ਜੀ ਦਾ ਉਪਦੇਸ਼ ਲੇ ਕੇ ਕਿ ਅਗਿਆਨਤਾ, ਹਉਮੇ ਤੇ ਬੇ-ਸਮਝੀ ਨੂੰ ਦੂਰ ਕਰਕੇ, ਅੰਦਰਲੇ ਅੰਮ੍ਰਿਤ ਨਾਲ ਸਾਂਝ ਬਣਾ ਕੇ ਆਪਣੇ ਜੀਵਨ ਨੂੰ ਅੰਮ੍ਰਿਤ--ਵੇਲਾ ਬਣਾਉਣਾ ਇਸ ਦਾ ਸੁਆਦ ਕੇਵਲ ਗੁਰੂ ਜੀ ਦੇ ਸ਼ਬਦ ਰਾਂਹੀ ਹੀ ਆ ਸਕਦਾ ਹੈ। ਜਿਨ੍ਹਾਂ ਨੇ ਇਹ ਰਸ ਚੱਖ ਲਿਆ ਹੈ ਉਹ ਨਿਰਭਉ ਹੋ ਗਏ ਹਨ। ਜਦੋਂ ਦਾ ਇਹ ਰਸਤਾ ਦਿਸ ਗਿਆ ਹੈ ਓਦੋਂ ਦਾ ਆਤਮਿਕ ਮੌਤ ਦਾ ਡਰ ਹੱਟ ਗਿਆ ਹੈ। ਭਾਵ ਮੇਰੇ ਜੀਵਨ ਵਿੱਚ ਅੰਮ੍ਰਿਤ—ਵੇਲਾ ਬਣ ਗਿਆ ਹੈ। ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ॥ ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ॥ ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ॥ ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ॥ ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ॥ 17॥ {ਪੰਨਾ 1092}

ਨਿਰੀ ਅੰਮ੍ਰਿਤ-ਵੇਲੇ ਸੰਭਾਲ਼ ਹੀ ਨਹੀਂ ਕਰਨੀ ਸਗੋਂ ਇਹ ਜੋ ਮਨੁੱਖਾ ਜੀਵਨ ਮਿਲਿਆ ਹੈ ਇਸ ਨੂੰ ਵੀ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਅੰਮ੍ਰਿਤ-ਵੇਲਾ ਬਣਾਉਣ ਦਾ ਯਤਨ ਕਰਨਾ ਹੈ ਤੇ ਸਦਾ ਹੀ ਜਾਗਣਾ ਹੈ।




.