.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਸਿੱਖ ਸਾਹਿਤ ਤੇ ਹੋ ਰਹੇ ਹਮਲਿਆਂ ਤੋਂ ਵੀ ਸੁਚੇਤ ਹੋਣ ਦੀ ਲੋੜ

-ਇਕਵਾਕ ਸਿੰਘ ਪੱਟੀ

ਅੱਜ ਜੇ ਦੇਖਿਆ ਜਾਵੇ ਤਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡੇ ਇਤਿਹਾਸ, ਫਿਲਾਸਫੀ, ਸੱਭਿਆਚਾਰ, ਅਤੇ ਊਟ-ਪਟਾਂਗ ਸਾਖੀਆਂ, ਭਾਵ ਕਿ ਸਾਡੇ ਲਿਟਰੇਚਰ ਵਿੱਚ ਇਤਨੀ ਕੁ ਮਿਲਾਵਟ ਕਰ ਦਿੱਤੀ ਜਾ ਚੁੱਕੀ ਹੈ ਕਿ ਆਮ ਸਿੱਖ ਵਰਗ ਨੂੰ ਗੁਰਮਤਿ ਅਤੇ ਮਨਮੱਤ ਵਿੱਚ ਫਰਕ ਲੱਭਣਾ ਵੀ ਔਖਾ ਹੋਇਆ ਪਿਆ ਹੈ।

ਉਤਨਾ ਲਿਟਰੇਚਰ ਗੁਰਮਤਿ ਦੇ ਪ੍ਰਚਾਰ ਲਈ ਲਿਖਿਆ ਅਤੇ ਛਪਿਆ ਨਹੀਂ ਹੋਣਾ ਜਿਤਨਾ ਸਾਡੇ ਵਿਰੋਧੀਆਂ ਵੱਲੋਂ ਗੁਰਮਤਿ ਦਾ ਘਾਣ ਕਰਨ ਵਾਲਾ, ਨਕਲੀ, ਮਿਥਿਹਾਸਕ, ਬ੍ਰਾਹਮਣਵਾਦੀ, ਗੁਰਮਤਿ ਸਿਧਾਂਤਾਂ ਨੂੰ ਖ਼ਤਮ ਕਰਨ ਵਾਲਾ ਲਿਟਰੇਚਰ ਮਾਰਕੀਟ ਵਿੱਚ ਸੁੱਟ ਦਿੱਤਾ ਗਿਆ ਹੈ। ਸਿੱਖ ਚਿੰਤਕ ਅਤੇ ਵਿਦਵਾਨ ਡਾ. ਗੁਰਸ਼ਰਨਜੀਤ ਸਿੰਘ ਜੀ ਅਨੁਸਾਰ ਇਸ ਸਮੇਂ ਗੁਰਮਤਿ ਤੋਂ ਉਲਟ ਲਿਟਰੇਚਰ ਦਾ ਇਤਨਾ ਗੰਦ ਪੈ ਚੁੱਕਾ ਹੈ ਕਿ ਇਸਨੂੰ ਹੂੰਝਾ ਮਾਰਨਾ ਵੀ ਔਖਾ ਹੋਇਆ ਕਿ ਅਸੀ ਇਸਨੂੰ ਖ਼ਤਮ ਕਿਵੇਂ ਕਰੀਏ?

ਦਾਸ ਜਦੋਂ ਤੋਂ ਗੁਰਬਾਣੀ ਨਾਲ ਜੁੜਿਆ ਹੈ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਆਪਣੀ ਤੁੱਛ ਬੁੱਧੀ ਅਨੁਸਾਰ ਕਾਰਜ ਕਰਨ ਲੱਗਾ ਹੈ ਅਨੁਭਵ ਕਰਦਾ ਹੈ ਕਿ ਪੈਰ-ਪੈਰ ਤੇ ਸਾਨੂੰ ਗੁਰਮਤਿ ਤੇ ਹਮਲੇ ਹੁੰਦੇ ਦਿਖਾਈ ਦੇ ਰਹੇ ਹਨ। ਪਰ ਸਾਡੀ ਕੌਮ ਦੀ ਬਦ-ਕਿਸਮਤੀ ਕਿ ਉਹਨਾਂ ਹਮਲਿਆਂ ਦਾ ਮੂੰਹ-ਤੋੜਵਾਂ ਜਵਾਬ ਦੇਣ ਲਈ ਕਦੇ ਵੀ ਕੋਈ ਠੋਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਅੱਜ ਜਿਤਨੇ ਹਮਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਤੇ (ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਰਵਾ ਕੇ), ਸਿੱਖ ਰਹਿਤ ਮਰਿਯਾਦਾ ਤੇ, ਸਿੱਖ ਫਿਲਾਸਫੀ, ਸੱਭਿਆਚਾਰ, ਸਿੱਖ ਵਿਰਸੇ ਉਪਰ ਅਖੌਤੀ ਸਾਧਾਂ-ਸੰਤਾਂ, ਪੁਜਾਰੀਆਂ, ਅਖੌਤੀ ਪੰਥਕ ਸਰਕਾਰਾਂ ਅਤੇ ਆਰ. ਐੱਸ. ਐੱਸ ਵੱਲੋਂ ਕੀਤੇ ਜਾ ਰਹੇ ਹਨ। ਵੇਖ ਕੇ ਹੀ ਕੰਬਣੀ ਛਿੜ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ (ਸਾਡੇ ਸਿੱਖਾਂ ਵੱਲੋਂ ਕੋਈ ਵੀ ਉਦਮ ਨਾ ਕੀਤੇ ਜਾਣ ਤੇ) ਬਾਬੇ ਨਾਨਕ ਦੀ ਵੀਚਾਰਧਾਰਾ ਅਤੇ ਸਿੱਖੀ ਦਾ ਕੀ ਬਣੇਗਾ?

ਅੱਜ ਮੈਂ ਪੰਥ ਵਿਰੋਧੀਆਂ ਅਤੇ ਨਿੱਜੀ ਪ੍ਰਕਾਸ਼ਨਾਵਾਂ ਵੱਲੋਂ ਸਿਰਫ ਵਪਾਰਿਕ ਲਾਭ ਹਿੱਤ ਸਿੱਖ ਸਾਹਿਤ ਦੇ ਨਾਮ ਹੇਠ ਗੁਰਮਤਿ ਤੋਂ ਉਲਟ ਛਾਪੇ ਅਤੇ ਵੇਚੇ ਜਾ ਰਹੇ ਸਾਹਿਤ ਵੱਲ ਕੌਮ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਕਿ ਜਦੋਂ ਸਾਡੇ ਦੁਸ਼ਮਣਾਂ ਨੇ ਸਾਮ, ਦਾਮ, ਦੰਡ, ਭੇਦ ਸਾਰੇ ਤਰੀਕਿਆ ਨੂੰ ਵਰਤ ਕੇ ਕੌਮ ਦੀ ਵੀਚਾਰਧਾਰਾ ਅਤੇ ਸਿੱਖਾਂ ਤੇ ਅਤਿ ਦਾ ਅੱਤਿਆਚਾਰ ਕਰਕੇ ਵੀ ਸਿੱਖਾਂ ਅਤੇ ਸਿੱਖੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਤਾਂ ਬਿਪਰ ਦੇ ਤੇਜ਼ ਤਰਾਰ ਦਿਮਾਗ ਨੇ ‘ਕਲਮ’ ਦੀ ਕਾਢ ਕੱਢ ਮਾਰੀ ਅਤੇ ਹੌਲੀ-ਹੋਲੀ ਕਲਮ ਨਾਲ ਸਾਨੂੰ ਖ਼ਤਮ ਕੀਤਾ ਜਾਣ ਲੱਗਾ। ਅਤੇ ਅਸੀਂ (ਸਿੱਖਾਂ ਨੇ) ਗੁਰਦੁਆਰਿਆਂ ਦੀ ਅਲੀਸ਼ਾਨ ਬਿਲਡਿੰਗਾਂ, ਸ਼ਤਾਬਦੀਆਂ, ਜਲੂਸਾਂ, ਨਗਰ ਕੀਰਤਨਾਂ, ਕੀਰਤਨ ਦਰਬਾਰਾਂ, 36 ਪ੍ਰਕਾਰ ਦੇ ਲੰਗਰਾਂ, ਖਾਲਸਾ ਮਾਰਚਾਂ, ਅਤੇ ਜਾਗ੍ਰਿਤੀ ਯਾਤਰਾਵਾਂ ਕੱਢ ਕੇ ਹੀ ਸਮਝ ਲਿਆ ਕਿ ਸਿੱਖੀ ਬੜੀ ਚੜ੍ਹਦੀ ਕਲਾ ਵਿੱਚ ਜਾ ਰਹੀ ਹੈ। ਪਰ ਸਾਡਾ ਦੁਸ਼ਮਣ ਸਾਨੂੰ ਖ਼ਤਮ ਕਰਨ ਲਈ ਕੀ ਕੁੱਝ ਕਰ ਰਿਹਾ ਸੀ ਅਸੀਂ ਚਿੰਤਾ ਨਹੀਂ ਕੀਤੀ। ਅਤੇ ਸਾਡੇ ਦੁਸ਼ਮਣਾਂ ਨੇ ਗੁਰਬਾਣੀ ਵਿੱਚੋਂ ਹੀ ਗੁਰ ਫ਼ੁਰਮਾਣ ਚੋਰੀ ਕਰਕੇ ਉਹਨਾਂ ਦੇ ਮਨ-ਮਰਜ਼ੀ ਨਾਲ ਅਰਥ ਕਰਕੇ ਗੁਰਮਤਿ ਸਿਧਾਂਤਾਂ ਨੂੰ ਤੋੜ ਮਰੋੜ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਹੇ। ਮਿਸਾਲ ਦੇ ਤੌਰ ਤੇ ਕੁੱਝ ਟੁੱਕੜ ਬੋਚ ਲੇਖਕਾਂ, ਸਾਧਾਂ ਸੰਤਾਂ, ਡੇਰੇਦਾਰਾਂ ਨੇ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਕੁੱਝ ਕਿਤਾਬਾਂ ਲਿਖ ਮਾਰੀਆਂ। ਕੁੱਝ ਸੰਪਰਦਾਵਾਂ ਅਤੇ ਡੇਰੇਦਾਰ ਆਪਣੇ ਮਹੀਨਾਵਾਰੀ ਰਸਾਲੇ ਵੀ ਕੱਢ ਰਹੇ ਹਨ ਜ੍ਹਿਨਾਂ ਦਾ ਮਕਸਦ ਹੀ ਸ਼ਬਦ ਗੁਰੂ ਨਾਲ ਤੋੜ ਕੇ ਆਪਣੇ ਨਾਲ ਜੋੜਨਾ ਹੈ।

ਅੱਜ ਬਾਜ਼ਾਰ ਵਿੱਚ ਖ਼ਾਸ ਸ਼ਬਦਾਂ, ਬਾਣੀਆਂ ਦੇ ਗੁਟਕੇ ਜ੍ਹਿਨਾਂ ਵਿੱਚ ਗਿਣਤੀਆਂ-ਮਿਣਤੀਆਂ ਦੇ ਪਾਠਾਂ ਨਾਲ ਮਨ ਇੱਛਤ ਫ਼ਲ ਪ੍ਰਾਪਤ ਕਰਨ ਬ੍ਰਾਹਮਣਵਾਦੀ ਰੀਤ ਪ੍ਰਚੰਡ ਕੀਤੀ ਗਈ ਹੈ, ਆਮ ਮਿਲ ਜਾਂਦੇ ਹਨ। ਜੋ ਗੁਰਬਾਣੀ ਅਤੇ ਸਿੱਖ ਸਾਹਿਤ ਤੇ ਸਭ ਤੋਂ ਵੱਡਾ ਹਮਲਾ ਹੈ। ਇਸ ਤੋਂ ਇਲਾਵਾ ਨਿੱਜੀ ਪ੍ਰਕਾਸ਼ਨਾਵਾਂ ਵੱਲੋਂ ਛਪੀਆਂ ਕਿਤਾਬਾਂ ਪੜ੍ਹ ਕੇ ਵੇਖ ਲੳ। ਜੇ ਕਿਤੇ ਇਹਨਾਂ ਬਾਰੇ ਲਿਖਣ ਲੱਗਾਂ ਤਾਂ ਵਿਸ਼ਾ ਬਹੁੱਤ ਹੀ ਵੱਡਾ ਹੋ ਜਾਵੇਗਾ। ਇਸ ਲਈ ਅੱਜ ਕੇਵਲ 2-3 ਕਿਤਾਬਾਂ ਦਾ ਹੀ ਜਿਕਰ ਕਰਾਂਗਾ ਤਾਂ ਕਿ ਵਿਸ਼ਾ ਜਿਆਦਾ ਲੰਬਾ ਨਾ ਹੋ ਜਾਵੇ। ਬਾਕੀ ਫਿਰ ਕਦੇ।

ਜਿਵੇਂ ਭਾਈ ਗੁਰਇਕਬਾਲ ਸਿੰਘ ਜੀ ਦੀ ਲਿਖੀ ਕਿਤਾਬ ‘ਨੌਂ ਵਿਸ਼ੇਸ਼ਤਾਈਆਂ ਸ੍ਰੀ ਸੁਖਮਨੀ ਸਾਹਿਬ’ ਤੋਂ ਹੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਪ੍ਰਭੂ ਪ੍ਰਮਾਤਮਾ ਹੈ ਹੀ ਵਿਸ਼ੇਸ਼ ਪਰ ਫਿਰ ਵੀ ਅਸੀ ਉਸਦੀਆਂ ਅਤੇ ਉਸਦੀ ਬਾਣੀਆਂ ਦੀਆਂ ਕੁੱਝ ਖ਼ਾਸ ਵਿਸ਼ੇਸ਼ਤਾਈਆਂ ਵਿੱਚ ਪਏ ਹੋਏ ਹਾਂ। ਕੋਣ ਦੱਸੇ ਇਹਨਾਂ ਲੋਕਾਂ ਨੂੰ ਕਿ ਭਾਈ! ਗੁਰਬਾਣੀ ਸਾਰੀ ਦੀ ਸਾਰੀ ਹੀ ਸਿੱਖਾਂ ਲਈ ਵਿਸ਼ੇਸ਼ ਹੈ। ਪਰ ਕਿਸੇ ਵੀ ਤਰਾਂ ਬਿਪਰਵਾਦੀ ਰੰਗ ਜੁ ਦੇਣਾ ਹੋਇਆ। ਇਸ ਲਈ ਇਸ ਕਿਤਾਬ ਦੀਆਂ ਕੁੱਝ ਖ਼ਾਸ ਗੱਲਾਂ ਕਰਦੇ ਹਾਂ ਜਿਵੇਂ ‘ਇੱਕ ਪਾਠ ਕਰਨ ਨਾਲ 24 ਹਜ਼ਾਰ ਸੁਆਸ ਪੂਰੇ ਹੁੰਦੇ ਹਨ, ਕਲਯੁੱਗ ਆਦਿ ਦੀਆਂ ਕਹਾਣੀਆਂ ਨੂੰ ਗੁਰੂ ਸਾਹਿਬਾਨ ਨਾਲ ਜੋੜਿਆ ਗਿਆ ਹੈ। ਗੁਰੂ ਗ੍ਰੰਥ ਸਾੁਿਹਬ ਜੀ ਵਿੱਚ ਸੁਪਨੇ ਵਿੱਚ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ। ਪ੍ਰਮਾਤਮਾ ਦੇ ਦਰਸ਼ਨਾਂ ਦੀਆਂ ਗਿਣਤੀਆਂ-ਮਿਣਤੀਆਂ ਨੂੰ ਦਰਸਾਇਆ ਗਿਆ ਹੈ। ਅਖੇ ਜੇ ਘਰ ਵਿੱਚ ਇੱਕ ਵੀ ਵਿਅਕਤੀ ਸੁਖਮਨੀ ਸਾਹਿਬ ਜੀ ਨਾਲ ਪਿਆਰ ਕਰਨ ਵਾਲਾ ਹੋਵੇ ਤਾਂ ਉਸਦੇ ਪਰਿਵਾਰ ਵਿੱਚੋਂ 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ ਅਤੇ 7 ਸਹੁਰਿਆਂ ਦੀਆਂ ਕੁਲ 21 ਕੁਲਾਂ ਤਰ ਜਾਂਦੀਆਂ ਹਨ। ਹੋਰ ਜਨਮਾਂ-ਜਨਮਾਂਤਰਾਂ ਦੀਆਂ, ਗੁਰਬਾਣੀ ਦੇ ਤੋਤਾ ਰਟਨ ਅਦਿ ਦੇ ਫਜੂਲ ਮੈਟਰ ਨਾਲ ਸਾਰੀ ਕਿਤਾਬ ਭਰੀ ਪਈ ਹੈ।

ਹੁਣ ਆ ਜਾਵੋ ਭਾਈ ਚਤਰ ਸਿੰਘ ਜੀਵਣ ਸਿੰਘ ਦੀਆਂ ਕੁੱਝ ਪ੍ਰਕਾਸ਼ਨਾਵਾਂ ਵੱਲ। ਜੇ ਇਹ ਕਹਿ ਲਿਆ ਜਾਵੇ ਕਿ ਇਹਨਾਂ ਨੇ ਗੁਰਮਤਿ ਦੇ ਨਾਮ ਹੇਠ ਗੁਰਮਤਿ ਦਾ ਪ੍ਰਚਾਰ ਕਰਨ ਵਾਲਾ ਘੱਟ ਅਤੇ ਗੁਰਮਤਿ ਵਿਰੋਧੀ ਸਾਹਿਤ ਜਿਆਦਾ ਛਾਪਿਆ ਹੈ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹਨਾਂ ਨੇ ਵੀ ਇੱਕ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸਟੀਕ ਜਿਸਦਾ ਨਾਮ ‘74 ਸਾਖੀਆਂ ਵਾਲਾ ਕਥਾ ਦੀਪ ਸਾਗਰ’ ਰੱਖਿਆ ਹੈ, ਛਾਪੀ ਹੈ। ਜਿਸ ਵਿੱਚ ਹਰ ਅਸਟਪਦੀ ਤੋਂ ਬਾਅਦ ਹਿੰਦੂ ਮਿਥਿਹਾਸ ਦੀਆਂ ਘਟਨਾਵਾਂ ਨੂੰ ਸਾਖੀ ਦਾ ਨਾਮ ਦੇ ਕੇ ਛਾਪਿਆ ਹੈ। ਜਿਹਨਾਂ ਦੇਵੀ-ਦੇਵਤਿਆਂ ਨੂੰ ਗੁਰਬਾਣੀ ਵਿੱਚ ਰੱਦ ਕੀਤਾ ਗਿਆ ਹੈ। ਇਹਨਾਂ ਨੇ ਗੁਰੂਬਾਣੀ ਦੇ ਨਾਲ ਹੀ ਉਸਦੀ ਰੱਜ ਕੇ ਉਪਮਾ ਛਾਪੀ ਹੋਈ ਹੈ। ਜਿਸ ਵਿੱਚ ਮੀਰਾਂ ਬਾਈ, ਰਾਜਾ ਦਸ਼ਰਥ, ਦਰੋਪਤੀ, ਹਰਣਾਖਸ਼, ਅਜਾਮਲ, ਗਨਕਾ, ਰਾਵਣ, ਸ਼ੇਸ਼ਨਾਗ, ਉਗਰਸੈਣ, ਵਾਸੂ ਦੇਵ, ਦੁਰਯੋਧਨ, ਚੰਦ੍ਰਾਵਲ, ਚੰਦ੍ਰ ਹਾਂਸ, ਬ੍ਰਹਮਾਂ, ਕ੍ਰਿਸ਼ਨ, ਧਗਸੁਰ ਰਿਖੀ ਅਦਿਕ ਦੀਆਂ ਮਿੱਥ ਕਹਾਣੀਆਂ ਨੂੰ ਸਟੀਕ ਵਿੱਚ ਛਾਪ ਕੇ ਸਾਖੀਆਂ ਲਿਖਿਆ ਹੈ। ਇਸ ਤੋਂ ਇਲਾਵਾ ਗੁਰੂਆਂ, ਭਗਤਾਂ ਸਬੰਧੀ ਵੀ ਊਟ-ਪਟਾਂਗ ਸਾਖੀਆਂ ਲਿਖ ਕੇ ਗੁਰਮਤਿ ਨੂੰ ਤਹਿਸ ਨਹਿਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਹੁਣ ਤੀਜੀ ਪੁਸਤਕ ਇਹ ਵੀ ਭਾ: ਚਤਰ ਸਿੰਘ ਜੀਵਣ ਸਿੰਘ ਐਂਡ ਕੰਪਨੀ ਵੱਲੋਂ ਹੀ ਛਪੀ ਹੈ। ਜਿਸ ਦਾ ਨਾਮ "ਮੂਲ ਮੰਤਰ ਦੁਆਰਾ ਭੂਤਾਂ ਦਾ ਇਲਾਜ" ਰੱਖਿਆ ਹੈ। ਕਿਤਾਬ ਦਾ ਨਾਮ ਪੜ੍ਹ ਕੇ ਹੀ ਕੋਈ ਵੀ ਤੱਤ ਦਾ ਗੁਰਮਤਿ ਦਾ ਧਾਰਨੀ ਸਮਝ ਜਾਵੇਗਾ ਕਿ ਇਸ ਵਿੱਚ ਵੀ ਗੁਰਮਤਿ ਦਾ ਭੋਗ ਹੀ ਪਾਇਆ ਹੋਵੇਗਾ। `ਤੇ ਬਿਲਕੁਲ ਠੀਕ ਇਸੇ ਤ੍ਹਰਾਂ ਹੀ ਲਿਖਿਆ ਪਿਆ ਹੈ। ਜਿਵੇਂ ‘ਜਦ ਕਿਸੇ ਨੂੰ ਭੂਤ ਚੰਬੜ ਜਾਵੇ ਤਾਂ ਉਸਦੇ ਕੋਲ ਬੈਠ ਮੂਲ-ਮੰਤਰ ਦਾ ਜਾਪ ਕੀਤਾ ਜਾਵੇ ਯਾਦ ਰਹੇ ਮੂਲ-ਮੰਤਰ ਦਾ ਪਾਠ ਉਹੀ ਕਰੇ ਜਿਸਦੀ ਕਮਾਈ ਜਿਆਦਾ ਹੋਵੇ, ਜੇਕਰ ਘੱਟ ਕਮਾਈ ਵਾਲਾ ਪਾਠ ਕਰੇਗਾ ਤਾਂ ਭੂਤ ਉਸ ਨੂੰ ਚੰਬੜ ਜਾਵੇਗਾ।’ ‘ਭੂਤ ਕੱਢਣ ਲਈ ਸਬੰਧਿਤ ਬੰਦੇ ਦੀ ਛਾਤੀ ਅਤੇ ਪੇਟ ਤੇ ਹੱਥ ਫੇਰਦੇ ਹੋਏ ਮੂਲ-ਮੰਤਰ ਦਾ ਜਾਪ ਕੀਤਾ ਜਾਵੇ ਭਾਵੇਂ ਇਸਤ੍ਰੀ ਹੋਵੇ ਜਾਂ ਮਰਦ ਕਿਉਂਕਿ ਭੂਤ ਸਰੀਰ ਦੇ ਕਿਸੇ ਵੀ ਅੰਗ ਵਿੱਚ ਲੁਕ ਕੇ ਬੈਠ ਸਕਦਾ ਹੈ।’ "ਭੂਤ ਜੋ ਮੰਗੇ ਉਸਨੂੰ ਦਿਵਾ ਦਿਉ। ਕਈ ਵਾਰ ਕਪੜੇ ਮੰਗਦੇ ਹਨ ਤਾਂ ਉਹ ਕੱਪੜੇ ਕਿਸੇ ਨਾਮ ਅਭਿਆਸੀ ਪਾਠੀ ਸਿੰਘ ਨੂੰ ਦਿਵਾ ਦਿਉ। "ਅਖੇ ਜੇ ਸੰਕਟ ਜਿਆਦਾ ਹੋਵੇ ਤਾਂ ਸੰਪਟ ਪਾਠ ਕਰਵਾਇਆ ਜਾਵੇ ਜਾਂ ਅਖੰਡਪਾਠ ਨਾਲ ਜਪੁਜੀ ਸਾਹਿਬ ਜੀ ਦਾ ਪਾਠ ਕੀਤਾ ਜਾਵੇ (ਜੋ ਸਰਾਸਰ ਗੁਰਮਤਿ ਦੇ ਉਲਟ ਹੈ।) ਪਾਠ ਕਰਨ ਵਾਲੇ ਪਾਠੀ ਰਾਤ 12 ਵਜੇ ਉਠ ਕੇ ਕੇਸੀਂ ਇਸ਼ਨਾਨ ਕਰਨ। ਪਾਠ ਦੀ ਸਮਾਪਤੀ ਤੋਂ ਬਾਅਦ ਸਿੱਧੀ ਅਰਦਾਸ ਕੀਤੀ ਜਾਵੇ ਜਪੁਜੀ ਸਾਹਿਬ ਜਾਂ ਅਨੰਦ ਸਾਹਿਬ ਦੀਆਂ ਪਉੜੀਆਂ ਨਾ ਪੜੀਆਂ ਜਾਣ। ਅੱਗੇ ਲਿਖਿਆ ਹੈ ਕਿ ਇਹ ਮਰਿਆਦਾ ਸੰਤ ਬਾਬਾ ਅਜੀਤ ਸਿੰਘ ਨਥਲਪੁਰ ਵਾਲਿਆਂ ਦੀ ਹੈ। ਬੰਦਾ ਪੁਛੇ ਕੀ ਅਸੀਂ ਕਦੇ ਗੁਰੂ ਦੀ ਗੱਲ ਜਾਂ ਗੁਰੂ ਦੀ ਮਰਿਯਾਦਾ ਦੀ ਗੱਲ ਵੀ ਲਿਖਾਂਗੇ ਜਾਂ ਛਾਪਾਂਗੇ ਜਾਂ ਫਿਰ ਨਿੱਜੀ ਡੇਰਿਆਂ, ਸੰਪਰਦਾਵਾਂ ਦੀਆਂ ਨਿੱਜੀ ਮਰਿਯਾਦਾਵਾਂ ਹੀ ਕੌਮ ਉਪਰ ਠੋਸੀ ਜਾਵਾਂਗੇ। ਖ਼ੈਰ! ਆਪਾਂ ਅੱਗੇ ਚੱਲੀਏ ‘ਸੁਖਮਨੀ ਸਾਹਿਬ ਜੀ ਦੇ ਵੀ ਸੰਪਟ ਪਾਠ ਕੀਤੇ ਜਾਣ।’ ‘ਇੱਕ ਲੜਕਾ ਰਾਤ ਨੂੰ ਨੰਗਾ-ਧੜੰਗਾ ਹੋ ਕਿ ਸੌਂਦਾ ਸੀ, ਕਿਉਂਕਿ ਰਾਤ ਨੂੰ ਸੁਪਨੇ ਵਿੱਚ ਕੋਈ ਭੂਤਨੀ ਉਸ ਨਾਲ ਸੰਭੋਗ ਕਰਦੀ ਸੀ।’ ਸ਼ਹੀਦ ਸਿੰਘ ਵੀ ਚੰਬੜਦੇ ਹਨ। ਪੇਜ਼ ਨੰ. 48 ਤੇ ਲਿਖਿਆ ਕਿ ਜਦ ਭੂਤਨੀਆਂ ਨੂੰ ਪੁੱਛਿਆ ਕਿ ਤੁਹਾਨੂੰ ਪੁਰਾਣੇ ਕੱਪੜੇ ਦੇਈਏ ਜਾਂ ਨਵੇਂ ਲਿਆ ਕੇ ਦੇਈਏ? ਤਾਂ ਉਹ ਬੋਲੀਆਂ ਨਵੇਂ। ਫਿਰ ਪੁੱਛਿਆ ਅਖੰਡਪਾਠੀਆਂ ਨੂੰ ਦੇਈਏ ਜਾਂ ਗੁਰਦੁਆਰੇ? ਤਾਂ ਉਹ ਬੋਲੀਆਂ, ਅਖੰਡਪਾਠੀਆਂ ਨੂੰ।’ ਹੋਰ ਸ਼ਹੀਦੀ ਫ਼ੌਜਾਂ ਦੀਆਂ ਗੱਲਾਂ। ਨੱਥਲਪੁਰ ਵਾਲੇ ਬਾਬਾ ਜੀ ਰੱਬ ਦੇ ਪਾਸ ਰਹਿੰਦੇ ਹਨ। ਕਹਿਣ ਤੋਂ ਭਾਵ ਕਿ ਪੂਰੀ ਕ੍ਹੜੀ ਘੋਲੀ ਗਈ ਹੈ।

ਅੱਜ ਅਸੀਂ ਆਪਣੀ ਆਉਣ ਵਾਲੀ ਪ੍ਹੀੜੀ ਨੂੰ ਜਾਂ ਵਿਦੇਸ਼ਾਂ ਤੋਂ ਆਉਣ ਵਾਲੇ ਜਗਿਆਸੂਆਂ ਨੂੰ ਇਹੋ ਜਿਹੀਆਂ ਗੁਰਮਤਿ ਦੀਆਂ ਕਿਤਾਬਾਂ ਪੜ੍ਹਾਵਾਂਗੇ? ਇੱਕ ਤਾਂ ਸਾਡੀ ਕੌਮ ਵਿੱਚ ਚੰਗਾ ਲਿਟਰੇਚਰ ਪੜ੍ਹਨ ਦੀ ਵੀ ਬੜੀ ਵੱਡੀ ਘਾਟ ਹੈ ਪਰ ਜੇਕਰ ਪੜ੍ਹਨ ਨੂੰ ਜੀਅ ਕਰ ਆਵੇ ਤਾਂ ਕੋਈ ਕਿਤਾਬ ਲਿਆਦੀ ਜਾਵੇ ਤਾਂ ਗੁਰਮਤਿ ਦੀ ਥਾਂ ਮੱਨਮੱਤ ਹੀ ਸਾਡੇ ਪੱਲੇ ਪੈਂਦੀ ਹੈ। ਦੂਜਾ ਸਾਡੀ ਕੌਮ ਨੂੰ ਸੰਤ ਬਾਬੇ ਬੜੇ ਚੰਬੜੇ ਹੋਏ ਹਨ। ਜਿਨ੍ਹਾਂ ਦਾ ਨਾਨਕ ਦੇ ਘਰ ਨਾਲ ਸਿੱਧਾ ਵਿਰੋਧ ਹੈ ਅਤੇ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਆੜ ਵਿੱਚ ਇਹ ਵੀ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਲੀਡਰਸ਼ਿਪ ਹੁੰਦਿਆਂ ਸੁੰਦਿਆਂ ਵੀ ਨਾ ਹੋਇਆ ਵਰਗੀ ਹੈ। ਹੁਣ ਸਿੱਖ ਵਿਚਾਰੇ ਕਿਧਰ ਜਾਣ ਤਾਂ ਮੈਂ ਬੇਨਤੀ ਕਰ ਦਿਆ ਕਿ ਸਿੱਖੋ ਗੁਰੁ ਨੇ ਕਿਤੇ ਨਹੀਂ ਕਿਹਾ ਕਿ ਅਖੰਡਪਾਠ, ਸਹਿਜ ਪਾਠ ਜਾਂ ਕੋਈ ਵੀ ਧਾਰਮਿਕ ਰਸਮ ਠੇਕੇ ਤੇ ਹੀ ਕਰਵਾਈ ਜਾਵੇ। ਇਹ ਗੁਰੁ ਦਾ ਹੁਕਮ ਨਹੀਂ ਹੈ। ਗੁਰੁ ਦਾ ਹੁਕਮ ਤਾਂ ਇਹ ਹੈ "ਆਇਓ ਪੜਨ ਸੁਨਣ ਕਉ ਬਾਣੀ॥" ਇਸ ਲਾਈ ਬਾਣੀ ਆਪ ਪੜੋ, ਵੀਚਾਰੋ, ਸਮਝੋ ਅਤੇ ਅਮਲ ਕਰੋ। ਤਾਂ ਹੀ ਜੀਵਨ ਸਫਲ ਹੋਣਾ ਜੇ, ਅਤੇ ਆਪਣੀ ਕੌਮ ਦੀ ਚੜ੍ਹਦੀ ਕਲਾ ਬਾਰੇ ਕੁੱਝ ਸੋਚਿਆ ਜਾਵੇ ਨਹੀਂ ਤਾਂ ਆਪਣੇ ਦੁਸ਼ਮਣਾਂ ਦੀ ਗਿਣਤੀ ਦਿਨ ਬਦਿਨ ਵੱਧ ਰਹੀ ਹੈ ਅਤੇ ਅਸੀ ਸੁੱਤੇ ਹੀ ਪਏ ਹਾਂ। ਆਉ ਸੰਭਲੀਏ।

ਉਠ ਪੰਥ ਖ਼ਾਲਸਾ ਹੋਸ਼ ਮੇਂ ਆ, ਔਰ ਨਬਜ਼ ਪਹਿਚਾਣ ਜ਼ਮਾਨੇ ਕੀ।

 ਦਾਸ:

-ਇਕਵਾਕ ਸਿੰਘ ਪੱਟੀ,

ਜੋਧ ਨਗਰ, ਸੁਲਤਾਨਵਿੰਡ ਰੋਡ,

ਅੰਮ੍ਰਿਤਸਰ। ਮੋ. 098150-24920

E-Mail :[email protected]




.