ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਖਾਲਸੇ ਦੀ ਸਿਰਜਣਾ
ਜੱਟ ਬੂਟ ਜਿਹ ਜੱਗ ਮਾਹੀ। ਬਾਣੀਏ ਕਰਾੜ ਖ਼ਤਰੀ ਸਦਾਈ।
ਝੀਵਰ ਨਾਈ ਰੋੜੇ ਘੁਮਿਆਰ। ਸੈਣੀ ਸੁਨਿਆਰੇ ਚੂੜੇ ਚਮਿਆਰ।
ਭੱਟ ਔਰ ਬਾਹਮਣ ਹੁਤੇ ਮੰਗਵਾਰ। ਬਹੁਰੂਪੀਏ ਲੁਬਾਣੇ ਘੁਮਿਆਰ।
ਇਨ ਗ਼ਰੀਬਨ ਕੋ ਹਮ ਦਏਂ ਪਾਤਸ਼ਾਹੀ। ਏ ਯਾਦ ਰੱਖੇ ਹਮਰੀ ਗੁਰਿਆਈ।
ਗੁਰੂ ਪਿਆਰੇ ਖਾਲਸਾ ਜੀ ਮੈਨੂੰ ਪੂਰੀ ਆਸ ਹੈ ਕਿ ਆਪ ਜੀ ਪਿਆਰ ਵਿੱਚ ਭਿੱਜ
ਕੇ ਗੁਰੂ ਫਤਹ ਨਾਲ ਸਾਂਝ ਪਾਉਗੇ ਤੇ ਆਖੋ ਖਾਂ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥
ਮੇਰੇ ਬੋਲਣ ਦਾ ਵਿਸ਼ਾ ਹੈ ਖਾਲਸੇ ਦੀ ਸਿਰਜਣਾ, ਆਸ ਹੈ ਕਿ ਆਪ ਜੀ ਪਿਆਰ ਨਾਲ ਸੁਣੋਗੇ।
ਸਿੱਖੀ ਨੇ ਇੱਕ ਸਫਰ ਤਹਿ ਕੀਤਾ ਹੈ, ਸਿੱਖੀ ਨਨਕਾਣਾ ਸਾਹਿਬ ਤੋਂ ਚੱਲ ਕੇ
ਕਰਤਾਰਪੁਰ ਹੁੰਦੀ ਹੋਈ ਖਡੂਰ ਸਾਹਿਬ ਪਹੁੰਚੀ ਜਿੱਥੇ ਬਾਲਕ ਵਿਦਿਆ ਦਾ ਉੱਚੇਚਾ ਪ੍ਰਬੰਧ ਕੀਤਾ ਗਿਆ।
ਸਿੱਖੀ ਦਾ ਅਗਲਾ ਪੜਾਅ ਗੋਇੰਦਵਾਲ ਸਾਹਿਬ ਹੋਇਆ ਜਿੱਥੇ ਜਾਤ ਪਾਤ ਦੇ ਕੋਹੜ ਨੂੰ ਮੁੱਢੋਂ ਪੁਟਣ ਲਈ
ਤੇ ਬਰਾਬਰਤਾ ਲਿਆਉਣ ਹਿੱਤ ਪੰਗਤ ਸੰਗਤ ਦਾ ਨਿਵੇਕਲਾ ਪ੍ਰਬੰਧ ਕਰਕੇ ਸਿੱਖੀ ਦੇ ਪਰਚਾਰ ਲਈ ਪੁੱਖਤਾ
ਕਦਮ ਉਠਾਏ। ਸਿੱਖੀ ਸਿਧਾਂਤ ਨੂੰ ਸੰਸਾਰ ਪੱਧਰ `ਤੇ ਲਿਜਾਣ ਲਈ ਕੇਂਦਰੀ ਅਸਥਾਨ ਦੀ ਲੋੜ ਭਾਂਪਦਿਆਂ
ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ। ਸਰਬੱਤ ਦੇ ਭਲੇ ਦੀ ਹੋਂਦ ਨੂੰ ਕਾਇਮ ਰੱਖਣ ਲਈ ਏੱਥੇ ਚਾਰ
ਲੜਾਈਆਂ ਲੜੀਆਂ। ਮਨੁੱਖਤਾ ਨੂੰ ਇਨਸਾਫ਼ ਦੇਣ ਲਈ ਅਕਾਲ ਤੱਖ਼ਤ ਦੀ ਰਚਨਾ ਕੀਤੀ। ਮਾਨਸਿਕ ਬਿਮਾਰੀਆਂ
ਦਾ ਇਲਾਜ ਗੁਰਬਾਣੀ ਦੁਆਰਾ ਤੇ ਸਰੀਰਕ ਬਿਮਾਰੀਆਂ ਨੂੰ ਦੂਰ ਕਰਨ ਲਈ ਸੰਸਾਰ ਵਿੱਚ ਪਹਿਲਾ ਕੋਹੜੀ ਘਰ
ਤਰਨ-ਤਾਰਨ ਵਿਖੇ ਸਥਾਪਤ ਕੀਤਾ। ਕੀਰਤਪੁਰ ਦੀ ਧਰਤੀ `ਤੇ ਵੱਡ--ਅਕਾਰੀ ਹਸਪਤਾਲ ਬਣਾ ਕੇ ਦੁਨੀਆਂ
ਨੂੰ ਇਹ ਦਰਸਾ ਦਿੱਤਾ ਕਿ ਮਨੁੱਖਤਾ ਦੀ ਅਸਲ ਸੇਵਾ ਇੰਜ ਕੀਤੀ ਜਾ ਸਕਦੀ ਹੈ। ਭਿਆਨਕ ਬਿਮਾਰੀ ਦਾ
ਟਾਕਰਾ ਕਰਨ ਲਈ ਦਿੱਲੀ ਵਿੱਚ ਜਾ ਕੇ ਗੁਰੂ ਸਾਹਿਬ ਜੀ ਨੇ ਅਦਰਸ਼ਕ ਸੇਵਕ ਬਣਨ ਦਾ ਨਿਵੇਕਲਾ ਪੂਰਨ
ਪਾਇਆ। ਮਨੁੱਖੀ ਹੱਕਾਂ ਦੀ ਰਾਖੀ ਲਈ ਸਰਕਾਰ ਦੇ ਜ਼ੁਲਮ ਦਾ ਵਿਰੋਧ ਕਰਦਿਆਂ ਦਿੱਲੀ ਦੇ ਚਾਂਦਨੀ ਚੌਂਕ
ਵਿੱਚ ਆਪਣੇ ਸਰੀਰ ਦੀ ਕੁਰਬਾਨੀ ਦੇਕੇ ਇਹ ਦੱਸ ਦਿੱਤਾ ਕਿ ਤੱਤੀ ਤਵੀ ਤੇ ਉਬਲ਼ਦੀ ਦੇਗ ਵੀ ਸਾਡੇ
ਰਸਤੇ ਵਿੱਚ ਰੁਕਾਵਟ ਨਹੀਂ ਹੋ ਸਕਦੀ। ਸੁਰਮੇ ਅਤੇ ਮਹਿੰਦੀ ਨੂੰ ਕਿਸੇ ਮੰਜ਼ਿਲ `ਤੇ ਪਾਹੁੰਚਣ ਲਈ
ਪੂਰੀਆਂ ਰਗੜਾਂ ਖਾਣੀਆਂ ਪੈਂਦੀਆਂ ਹਨ। ਪੱਥਰ ਤਰਾਸ਼ਿਆਂ ਹੀ ਬੁੱਤ ਨਿਕਲਦੇ ਹਨ ਤੇ ਸੁੰਦਰ ਫੁੱਲਾਂ
ਦੇ ਸੀਨੇ ਵਿੰਨ੍ਹਿਆਂ ਹੀ ਹਾਰ ਬਣਦੇ ਹਨ। ਸਿੱਖੀ ਨੇ ਇੱਕ ਸਫਰ ਤਹਿ ਕਰਦਿਆਂ ਅਨੰਦਪੁਰ ਦੀ ਧਰਤੀ
`ਤੇ ਪਹੁੰਚੀ। ਜਾਤ ਪਾਤ, ਛੂਤ—ਛਾਤ ਤੇ ਊਚ ਨੀਚ ਦੇ ਵਿਤਕਰਿਆਂ ਨੂੰ ਖ਼ਤਮ ਕਰਦਿਆਂ ਗੁਰੂ ਨਾਨਕ
ਸਾਹਿਬ ਜੀ ਦੇ ਸਿਰਜੇ ਹੋਏ ਖਾਲਸਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਂ ਦੇ ਸਾਹਮਣੇ ਪ੍ਰਗਟ ਕਰ
ਦਿੱਤਾ। ਗੁਰਬਾਣੀ ਦਾ ਸੁੰਦਰ ਵਾਕ ਹੈ:---
ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ
ਐਸੀ ਲਾਲ ਤੁਝ ਬਿਨੁ ਕਉਨੁ ਕਰੈ॥ ਗਰੀਬ ਨਿਵਾਜੁ ਗੁਸਈਆ ਮੇਰਾ, ਮਾਥੈ ਛਤ੍ਰ ਧਰੈ॥ 1॥ ਰਹਾਉ॥ ਜਾ
ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ॥ ਨੀਚਹ ਊਚ ਕਰੈ ਮੇਰਾ ਗੋਬਿੰਦੁ, ਕਾਹੂ ਤੇ ਨ ਡਰੈ॥ 1॥
{ਪੰਨਾ 1106}
ਸਾਨੂੰ ਮਨ ਦੀ ਸੋਚ ਰੱਖਣ ਵਾਲਿਆਂ ਨੂੰ ਸਚਿਆਰ ਵਾਲੇ ਦੈਵੀ ਗੁਣਾਂ ਨਾਲ
ਭਰਪੂਰ ਕਰਕੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਵਾਕ ਹੈ: ___
ਸਲੋਕੁ ਮਃ 1॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ
ਦੇਵਤੇ ਕੀਏ ਕਰਤ ਨ ਲਾਗੀ ਵਾਰ॥ 1॥ {ਪੰਨਾ 462}
ਜਿਸ ਜਾਤ ਪਾਤ ਨੂੰ ਗੁਰੂ ਜੀ ਨੇ ਖਤਮ ਕੀਤਾ ਸੀ ਉਸਦਾ ਸਰੂਪ ਸਾਡੀਆਂ
ਵੱਖਰੀਆਂ ਵੱਖਰੀਆਂ ਜੱਥੇਬੰਦੀਆਂ ਦੇ ਖੁਲ੍ਹੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਸਿੱਖ ਸਿੱਖ ਨੂੰ
ਅੱਜ ਨਫਰਤ ਨਾਲ ਦੇਖ ਰਿਹਾ ਹੈ। ਬਿਨਾ ਨਿਸ਼ਾਨੇ ਦੇ ਲ਼ੜਾਈਆਂ ਲੜੀਆਂ ਜਾ ਰਹੀਆਂ ਹਨ। ਧਰਮ ਦੇ ਨਾਂ
`ਤੇ ਸਾਡਾ ਤਾਂ ਧੰਧਾ ਹੀ ਬਣ ਗਿਆ ਹੈ। ਜਿਸ ਸਿੱਖੀ ਨੇ ਇੱਕ ਸੰਘਰਸ਼ ਭਰਿਆ ਲੰਬਾ ਸਫਰ ਤਹਿ ਕੀਤਾ ਉਹ
ਅੱਜ ਗਿਣਤੀ ਮਿਣਤੀ ਪਾਠਾਂ ਵਿੱਚ ਉਲ਼ਝ ਕੇ ਰਹਿ ਗਈ ਹੈ। ਕਿਸੇ ਦਰਦਮੰਦ ਨੇ ਆਂਈ ਭਰਦਿਆਂ ਅਜੋਕੇ
ਖਾਲਸਾ ਦੀ ਦਸ਼ਾ `ਤੇ ਹੰਝੂ ਕੇਰਦਿਆਂ ਲਿਖਿਆ ਹੈ:
ਏੱਥੇ ਵਿਕਦੀ ਇਬਾਦਿਤ ਪੈਸਿਆਂ ਤੋਂ, ਪੂਜਾ ਪਾਠ ਅਰਦਾਸ ਇਨਸਾਨ ਵਿਕਦਾ।
ਮਜ਼ਹਬੀ ਲੀਡਰਾਂ ਦਾ ਏੱਥੇ ਬਿਆਨ ਵਿਕਦਾ, ਫਿਰਕੂਆਂ ਆਗੂਆਂ ਦਾ ਏੱਥੇ
ਵਰਦਾਨ ਵਿਕਦਾ।
ਪੈਸੇ ਖਰਚ ਸਟੇਜ ਨੂੰ ਮੁੱਲ ਲੈ ਲਉ, ਸਣੇ ਸਕੱਤਰ ਏੱਥੇ ਪਰਧਾਨ ਵਿਕਦਾ।
ਚੌਂਹ ਕੌਡੀਆਂ ਤੋਂ ਏੱਥੇ ਭਗਤ ਵਿਕਦਾ, ਚੰਦ ਠੀਕਰਾਂ ਤੇ ਏੱਥੇ ਭਗਵਾਨ
ਵਿਕਦਾ।
ਖਾਲਸੇ ਦੀ ਸਿਰਜਣਾ ਤੇ ਇਸਦਾ ਪ੍ਰਗਟ ਹੋਣਾ ਕੇਵਲ ਵਕਤੀ ਲੋੜ ਨਹੀਂ ਸੀ ਇਹ
ਤੇ ਸਗੋਂ ਲੰਬੀ ਨਦਰ ਤੇ ਸੁਚੱਜੀ ਸੋਚ ਦਾ ਸਿੱਟਾ ਹੈ। ਦਸ ਗੁਰੂ ਸਾਹਿਬਾਨ ਦੀ ਇਕੋ ਜੋਤ ਤੇ ਇਕੋ
ਜੁਗਤੀ ਦਾ ਸਾਕਾਰ ਰੂਪ ਵਿੱਚ ਖਾਲਸਾ ਪ੍ਰਗਟ ਹੋਇਆ ਹੈ। ਦੁੱਖ ਇਸ ਗੱਲ ਦਾ ਹੈ ਕਿ ਜਿਸ ਕਰਮ-ਕਾਂਡ
ਦੀ ਭਿਆਨਕ ਬਿਮਾਰੀ ਤੋਂ ਗੁਰੂ ਜੀ ਨੇ ਬਚਾਇਆ ਸੀ ਅੱਜ ਉਹਨਾਂ ਸਾਰੀਆਂ ਬਿਮਾਰੀਆਂ ਵਿੱਚ ਲਿੱਬੜੇ ਪਏ
ਹੋਏ ਹਾਂ ਕਿਉਂਕਿ ਗੁਰਬਾਣੀ ਵਿਚਾਰ ਤੋਂ ਕੋਹਾਂ ਦੂਰ ਜਾ ਚੁੱਕੇ ਹਾਂ। ਜਿਸ ਖਾਲਸੇ ਨੂੰ ਗੁਰੂ ਜੀ
ਨੇ ਸਿਰਜਿਆ ਹੈ ਉਸ ਦਾ ਅਰੰਭ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੰਜ ਕੀਤਾ ਹੈ:----
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥ 6॥ {ਪੰਨਾ 1108
ਸੋ ਖਾਲਸੇ ਦੀ ਸਿਰਜਣਾ ਸ਼ਬਦ ਤੇ ਸੁਰਤ ਦਾ ਡੂੰਘਾ ਸੁਮੇਲ ਹੈ ਆਉ ਅਸੀਂ ਵੀ
ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਦਾ ਯਤਨ ਕਰੀਏ।
ਬਦਲ ਦੋ ਦੁਨੀਆਂ ਗੁਰੂ ਕੇ ਸ਼ਬਦ ਸੇ, ਜੋ ਅਹਿਸਾਨ ਗੁਰੂ ਵੋਹ ਸਿਰ ਤੋਂ
ਉਤਾਰੋ।
ਸੋ ਏਨੇ ਕੁ ਸ਼ਬਦ ਆਖਦਾ ਹੋਇਆ ਖ਼ਿਮਾਂ ਮੰਗਦਾ ਹਾਂ ਪਿਆਰ ਨਾਲ ਗੁਰੂ ਫਤਹ
ਪਰਵਾਨ ਕਰੋ ਜੀ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ॥