ਅਕਤੂਬਰ 1708 ਈ: ਨੂੰ ਦਸਵੇਂ ਗੁਰੁ ਨਾਨਕ ਸਾਹਿਬ, ਦਸਮੇਸ਼ ਪਿਤਾ ਗੁਰੁ ਗੋਬਿੰਦ
ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ
ਪਹਿਲਾਂ ਸਿੱਖ ਪੰਥ ਵਿੱਚ ਕੋਈ ਹੋਰ ਦੇਹਧਾਰੀ ਗੁਰੂ ਬਣ ਸਕਣ ਦੀ ਸੰਭਾਵਣਾ ਨੂੰ ਖ਼ਤਮ ਕਰਦਿਆਂ ਗੁਰਗੱਦੀ ਜੁਗੋ ਜੁੱਗ ਅਟੱਲ ਸ਼ਬਦ
ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ, ਅਤੇ ਸਿੱਖਾਂ ਨੂੰ ਹਮੇਸ਼ਾਂ ਲਈ ਸ਼ਬਦ ਗੁਰੂ ਦੇ ਲੜ ਲਾਉਂਦਿਆਂ ਇਹ ਐਲਾਨ ਕਰ ਦਿੱਤਾ:
ਆਪਨ ਕਉ ਹਉਂ ਖ਼ਾਲਸੇ ਸੌਂਪਾ,
ਦ੍ਰਤੀਏ ਸਰੂਪ ਸਤਿਗੁਰ ਗ੍ਰੰਥਾ॥ ਅਤੇ
ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ,
ਦੀਦਾਰ ਖਾਲਸੇ ਕਾ॥
ਦਰਅਸਲ ਜਿਸ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਲੜ ਸਾਨੂੰ ਗੁਰੂ ਗੋਬਿੰਦ
ਸਿੰਘ ਜੀ ਨੇ ਲਾਇਆ ਸੀ, ਉਸੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਨੀਂਹ ਪਹਿਲੇ ਜਾਮੇ ਵਿੱਚ ਜਗਤ
ਗੁਰੂ, ਗੁਰੁ ਨਾਨਕ ਦੇਵ ਜੀ ਮਾਹਾਰਾਜ ਜੀ ਨੇ ਰੱਖ ਦਿੱਤੀ ਸੀ। ਜਦੋਂ ਅੱਚਲ ਵਟਾਲੇ ਦੀ ਧਰਤੀ ਤੇ
ਵਿਚਾਰ ਚਰਚਾ ਹੋਈ ਹੈ ਸਿੱਧਾਂ ਦੇ ਨਾਲ ਅਤੇ ਸਿੱਧਾਂ ਨੇ ਸਵਾਲ ਕੀਤਾ ਸੀ:
ਕਵਣੁ ਮੂਲੁ ਕਵਣੁ ਮਤਿ ਵੇਲਾ, ਤੇਰਾ ਕਵਣੇ ਗੁਰੂ ਜਿਸਕਾ ਤੂ ਚੇਲਾ॥
ਤਾਂ ਜਵਾਬ ਵਿੱਚ ਸੱਚੇ ਪਤਾਸ਼ਾਹ ਜੀ ਨੇ ਕਿਹਾ ਸੀ:
ਪਵਨ ਅਰੰਭ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
(ਮ: 1, ਸਿਧ ਗੋਸਟਿ, ਪੰਨਾ 942)
ਸੋ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੁਰੂ ਸ਼ਬਦ ਗੁਰੂ ਦੱਸਿਆ ਉਥੇ
ਸੰਸਾਰ ਨੂੰ ਵੀ ਇਹੀ ਉਪਦੇਸ਼ ਦਿੱਤਾ:
ਸਬਦੁ ਗੁਰ ਪੀਰਾ ਗਹਿਰ ਗੰਭੀਰਾ
ਬਿਨੁ ਸਬਦੈ ਜਗੁ ਬਉਰਾਨੰ॥
(ਸੋਰਠਿ ਮ: 1, ਅਸਟਪਦੀਆਂ, ਪੰਨਾ 635)
ਅਤੇ ਫਿਰ ਅੱਗੋਂ ਗੁਰੂ ਅੰਗਦ ਦੇਵ ਜੀ ਦਾ ਸਮਾਂ ਆਇਆ ਹੈ ਤਾਂ ਭਾਈ ਸੱਤਾ
ਬਲਵੰਡ ਜੀ ਵੀ ਵਿਸ਼ੇਸ਼ ਜ਼ਿਕਰ ਕਰਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਦੋ ਤਰ੍ਹਾਂ ਦੇ
ਲੰਗਰ ਚਲਦੇ ਹਨ। ਇੱਕ ਪੇਟ ਦੀ ਭੁਖ ਬੁਝਾਉਣ ਲਈ ਅਤੇ ਦੂਸਰਾ ਆਤਮਿਕ ਤ੍ਰਿਪਤੀ ਲਈ ਹੈ:
ਲੰਗਰੁ ਚਲੈ ਗੁਰ ਸਬਦਿ ਹਰਿ
ਤੋਟਿ ਨ ਆਵੀ ਖਟੀਐ॥
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥
(ਰਾਮਕਲੀ ਵਾਰ-3,
ਬਲਵੰਡਿ ਤੇ ਸਤਾ 967)
ਸਮਾਂ ਤੀਸਰੇ ਪਾਤਸ਼ਾਹ ਦਾ ਆਇਆ ਤਾਂ ਉਹ ਵੀ ‘ਸ਼ਬਦ’ ਦੁਆਰਾ ਹੀ ਪ੍ਰਮਾਤਮਾ ਦੀ
ਪ੍ਰਾਪਤੀ ਹੋਣਾ ਦੱਸਦੇ ਹਨ:
ਗੁਰ ਸਬਦੀ ਹਰਿ ਪਾਈਐ ਬਿਨੁ
ਸਬਦੇ ਭਰਮਿ ਭੁਲਾਇ॥
(ਸਿਰੀ ਰਾਗ, ਮ: 3, ਪੰਨਾ 36)
ਚੌਥੇ ਪਾਤਸ਼ਾਹ ਦਾ ਵੇਲਾ ਆਇਆਂ
ਤਾਂ ਸਤਿਗੁਰਾਂ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਨਟ ਮ. 4, ਪੰਨਾ 982)
ਅਤੇ
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
(ਗਉੜੀ ਵਾਰ-1, ਮਃ4, ਪੰਨਾ 304)
ਪੰਜਵੇਂ ਸਤਿਗੁਰਾਂ ਨੇ ਹਰਮੰਦਿਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਕਰਨ ਤੋਂ ਬਾਅਦ ਜਦ ਰਾਤ ਸਮੇਂ ਜੋ ਅੱਜ ਵੀ ਮਰਿਯਾਦਾ ਹਿੱਸਾ ਬਣਿਆ ਹੋਇਆ ਹੈ ਭਾਵ ਕਿ ਸੁੱਖ
ਆਸਣ ਪਲੰਘ ਦੇ ਉਪਰ ਕੀਤਾ ਗਿਆ ਅਤੇ ਪੰਚਮ ਪਾਤਸ਼ਾਹ ਜੀ ਨੇ ਥੱਲੇ ਹੀ ਵਿਸ਼ਰਾਮ ਕੀਤਾ ਸੀ। ਇਸਦਾ ਮਤਲਬ
ਕਿ ਸ਼ਬਦ ਉੱਚਾ ਹੋ ਗਿਆ ਅਤੇ ਦੇਹ ਜਿਹੜੀ ਸੀ ੳਹ ਸ਼ਬਦ ਨਾਲੋਂ ਨੀਵੀਂ ਹੋ ਗਈ ਸੀ। ਉਥੇ ਇਸ ਤੋਂ ਬਾਅਦ
ਇਹ ਮਰਿਯਾਦਾ ਹੀ ਬਣ ਗਈ ਸੀ ਕਿ ਪੰਚਮ ਪਿਤਾ ਤੋਂ ਬਾਅਦ ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਅਤੇ
ਦਸਵੇਂ ਗੁਰੂ ਤੱਕ ਸਾਰੇ ਹੀ ਜਿੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੁੰਦਾ ਸੀ ਆਪ ਉਥੇ ਉਚੇ ਤਖ਼ਤ ਤੇ ਨਹੀਂ
ਬੈਠਦੇ ਸਨ ਸਗੋਂ ਨੀਵੇਂ ਹੀ ਰਹਿੰਦੇ ਸਨ। ਕਹਿਣ ਤੋਂ ਭਾਵ ਕਿ ਸਾਰੇ ਗੁਰੂ ਸਾਹਿਬਾਨਾਂ ਨੇ ਸ਼ਬਦ
ਗੁਰੂ ਨੂੰ ਮਾਨਤਾ ਦਿੱਤੀ ਸੀ। ਜਿਸਦੇ ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚੋਂ ਅਤੇ ਇਤਿਹਾਸ ਵਿੱਚੋਂ
ਸਾਨੂੰ ਮਿਲ ਜਾਂਦੇ ਹਨ। ਛੇਵੇਂ ਪਾਤਸ਼ਾਹ ਦੀ ਭਾਈ ਗੋਪਾਲਾ ਜੀ ਕੋਲੋਂ ਸ਼ੁੱਧ ਪਾਠ ਸੁਨਣ ਵਾਲੀ ਸਾਖੀ
ਅਤੇ ਉਸਨੂੰ ਮੂੰਹ ਮੰਗਿਆ ਇਨਾਮ ਮਿਲਣਾ।
ਸੱਤਵੇ ਪਾਤਸ਼ਾਹ ਦਾ ਸਮਾਂ ਆਇਆਂ ਤਾਂ ਇੱਕ ਵਾਰ ਕੀਰਤਨ ਕਰਦੀ ਸੰਗਤ ਆ ਰਹੀ
ਸੀ ਜਦ ਗੁਰਬਾਣੀ ਦੀ ਆਵਾਜ਼ ਕੰਨੀ ਪਈ ਤਾਂ ਸਤਿਗੁਰੂ ਜੀ ਕਾਹਲੀ ਨਾਲ ਉਠੇ ਨੇ ਅਤੇ ਉਹਨਾਂ ਦੇ ਗੋਡੇ
ਤੇ ਚੋਟ ਲੱਗ ਗਈ ਤਾਂ ਕੁੱਝ ਸਿੱਖਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਜੀਉ! ਬਾਣੀ ਤੁਹਾਡੀ, ਸੰਗਤ
ਤੁਹਾਡੀ, ਤੁਹਾਡੀ ਹੀ ਉਚਾਰਣ ਕੀਤੀ ਹੋਈ ਬਾਣੀ ਤਾਂ ਫਿਰ ਕਾਹਲ ਕਰਨ ਦੀ ਕੀ ਲੋੜ ਸੀ? ਤਾਂ ਜੋ ਜਵਾਬ
ਪਾਤਸ਼ਾਹ ਜੀ ਨੇ ਦਿੱਤਾ ਇਤਿਹਾਸ ਵਿੱਚ ਉਹ ਬਚਨ ਸੰਭਾਲੇ ਪਏ ਹਨ:
ਜੋ ਗੁਰ ਸਿੱਖ ਭਗਤ ਹੈ ਮੇਰਾ॥ ਗੁਰਬਾਣੀ ਭੈਅ ਜਿਸ ਕਰ ਘਨੇਰਾ॥
ਜਿਨ ਭੈ ਅਦਬ ਨ ਬਾਣੀ ਧਾਰਾ॥ ਜਾਨਹੁ ਸੋ ਸਿਖ ਨਹੀ ਹਮਾਰਾ॥
ਇੱਥੋਂ ਤੱਕ ਕਿ ਜਦ ਆਪ ਜੀ ਦੇ ਵੱਡੇ ਫਰਜੰਦ ਨੇ ਗੁਰਬਾਣੀ ਦੀ ਇੱਕ ਤੁੱਕ
ਬਦਲ ਦਿੱਤੀ ਤਾਂ ਅੱਜ ਤੱਕ ਰਾਮਰਾਈਆਂ ਨੂੰ ਸਿੱਖ ਮੱਥਾ ਨਹੀਂ ਲਗਾਉਂਦੇ। ਪਰ ਅੱਜ ਕਿਤਨੇ ਪਾਖੰਡੀ,
ਦੰਭੀ, ਸ਼ਬਦ ਗੁਰੂ ਨੂੰ ਥੱਲੇ ਕਰਕੇ ਆਪ ਉਚੀ ਥਾਂ ਤੇ ਬਿਰਾਜਮਾਨ ਹੋ ਕੇ ਆਪਣੇ ਆਪ ਨੂੰ ਮੱਥੇ ਟਿਕਵਾ
ਕੇ ਗੁਰੂ ਡੰਮ ਹੋਣ ਦਾ ਦਾਅਵਾ ਕਰ ਰਹੇ ਨੇ, ਅਤੇ ਗੁਰਬਾਣੀ ਦੀਆਂ ਅਨੇਕਾਂ ਤੁੱਕਾਂ ਬਦਲ ਕੇ ਮਨ
ਮਰਜ਼ੀ ਦੇ ਅਰਥ ਕਰਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। ਅਤੇ ਸਾਡਾ ਪੰਥ ਘੂਕ ਨੀਂਦਰੇ ਸੁੱਤਾ ਪਿਆ
ਹੈ।
ਅੱਠਵੇਂ ਗੁਰੂ ਜੀ ਦਾ ਸਮਾਂ ਆਇਆਂ ਤਾਂ ਜੋਤੀ ਜੋਤ ਸਮਾਉਣ ਲੱਗੇ ਨੇ ਤਾਂ
ਸਿੱਖਾਂ ਨੇ ਪੁੱਛ ਕੀਤੀ ਕਿ ਸਤਿਗੁਰੂ ਜੀ ਹੁਣ ਦਰਸ਼ਨ ਕਿੱਥੇ ਹੋਣਗੇ? ਗੁਰੂ ਸਾਹਿਬ ਜੀ ਦੇ ਪਾਵਨ
ਬਚਨ ਹਨ:
ਜੋ ਸਿੱਖ ਗੁਰੂ ਦਰਸ਼ਨ ਕੀ ਚਾਹਿਂ॥ ਪੜੇ ਸੁਣਹਿਂ ਗ੍ਰੰਥ ਉਮਾਹਿਂ॥
ਤਿਸ ਮਹਿ ਕਹਿਉ ਜੇ ਕਰੇ ਕਰਾਵਨ, ਚਾਰ ਪਦਾਰਥ ਲੈ ਮਨ ਭਾਵਨ॥
ਨੌਵੇਂ ਪਾਤਸ਼ਾਹ ਜੀ ਬਾਰੇ ਭੱਟ ਚਾਂਦ ਜੀ ਕਹਿੰਦੇ ਹਨ: ਕਿ ਗੁਰੂ ਪਾਤਸ਼ਾਹ
ਇੱਕੋ ਉਪਦੇਸ਼ ਦਿੰਦੇ ਸਨ ਕਿ ਜਦੋਂ ਵੀ ਤੁਹਾਡਾ ਮਨ ਗਲਤ ਪਾਸੇ ਜਾਣ ਤੋਂ ਨਾ ਰੁਕੇ ਤਾਂ:
ਮਨ ਲੋਚੇ ਬੁਰਿਆਈਆਂ, ਗੁਰ ਸਬਦੀਂ ਇਹੁ ਮਨ ਹੋੜੀਐ॥
ਦਸਵੇਂ ਸਤਿਗੁਰੂ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਭਾਈ ਨੰਦ ਲਾਲ ਜੀ
ਨਾਲ ਹੋਏ ਸਵਾਲ ਜਵਾਬ ਸਾਡੇ ਕੋਲ ਮੌਜੂਦ ਹਨ। ਜਦੋਂ ਪੁੱਛਿਆ ਸਤਿਗੁਰੂ ਜੀ ਕੋਲੋਂ ਕਿ:
ਤੁਮ ਜੋ ਕਹਾ ਗੁਰਦੇਵ ਜੀ, ਦਰਸ ਕਰੋ ਮੋਹਿ ਆਇ॥
ਲਖੀਏ ਤੁਮਰਾ ਦਰਸ ਕਹਾ, ਕਹੋ ਮੋਹਿ ਸਮਝਾਇ॥
ਤਾਂ ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕੀਤੇ ਭਾਈ ਨੰਦ ਲਾਲ ਜੀ:
ਤੀਨ ਰੂਪ ਹੈਂ ਮੋਹਿ ਕੇ, ਸੁਨਹੁ ਨੰਦ ਚਿੱਤ ਲਾਏ॥
ਨਿਰਗੁਣ, ਸਰਗੁਣੁ, ਗੁਰਸਬਦ ਜੀ, ਕਹੋ ਤੋਹਿ ਸਮਝਾਇ॥
ਪਰ ਅਫਸੋਸ ਕਿ ਅੱਜ ਅਸੀਂ ਸਿੱਖ ਅਖਵਾਉਣ ਵਾਲਿਆਂ ਨੇ ਗੁਰੂ ਸਾਹਿਬਾਨਾਂ ਦੇ
ਜੀਵਣ ਉਪਦੇਸ਼ਾਂ, ਸਿਧਾਂਤਾਂ, ਸਿੱਖਿਆਵਾਂ ਅਤੇ ਵੀਚਾਰਾਂ ਤੇ ਅਮਲ ਕਰਨਾ ਛੱਡ ਕੇ ਦੇਹਧਾਰੀ ਗੁਰੂਆਂ
ਦੇ ਪਿਛੇ ਲੱਗਣ ਵਿੱਚ ਹੀ ਜੀਵਨ ਦਾ ਸਫਲਾ ਹੋਣਾ ਮੰਨ ਲਿਆ। ਜਦਕਿ ਉਪਰਲੀ ਵਿਚਾਰ ਤੋਂ ਤਾਂ ਇਹੀ
ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਆਪ ਵੀ ਸ਼ਬਦ ਗੁਰੂ ਦੇ ਸਿੱਧਾਂਤਾਂ ਨੂੰ ਮੰਨਦੇ ਸਨ ਅਤੇ ਸਾਨੂੰ
ਵੀ ਸ਼ਬਦ ਗੁਰੂ ਨਾਲ ਜੁੜਨ ਦੀ ਤਾਕੀਦ ਕਰ ਕੇ ਗਏ ਸਨ। ਕਿਉਂਕਿ ਪਾਵਣ ਗੁਰਬਾਣੀ ਦੀ ਵੀਚਾਰ ਹੈ ਕਿ:
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਵਾਰ ਵਡਹੰਸ ਮ: 3,
ਪੰਨਾ 594)
ਨਾਲ ਹੀ ਸਾਨੂੰ ਗੁਰ ਸ਼ਬਦ ਦੀ ਵੀਚਾਰ ਕਰਨ ਦਾ ਹੁਕਮ ਕਰ ਦਿੱਤਾ ਅਤੇ ਜਿਹੜਾ
ਮਨੁੱਖ ਗੁਰਸ਼ਬਦ ਦੀ ਵੀਚਾਰ ਤੋਂ ਟੁੱਟ ਗਿਆ ਤਾਂ ਸਮਝੋ ਉਹ ਗੁਰੂ ਤੋਂ ਵੀ ਟੁੱਟ ਗਿਆ। ਇਹ ਕਦੇ ਨਹੀਂ
ਭੁਲਣਾ ਚਾਹੀਦਾ ਕਿ ਕੌਮਾਂ ਸਹੀ ਪ੍ਰਚਾਰ ਦੀ ਹੌਂਦ ਨਾਲ ਹੀ ਅੱਗੇ ਵੱਧਦੀਆਂ ਹਨ, ਪਰ ਸਿੱਖੀ ਦੇ ਸਹੀ
ਪ੍ਰਚਾਰ ਵਿੱਚ ਇੱਕ ਵੱਡੀ ਘਾਟ, ਖੜੋਤ ਆ ਗਈ ਜਿਸ ਦਾ ਫਾਇਦਾ ਨਕਲੀ ਦੇਹਧਾਰੀਆਂ, ਪਾਖੰਡੀ, ਦਿੰਭੀ
ਗੁਰੂਆਂ, ਨਕਲੀ ਸਤਿਗੁਰਾਂ, 108, 1008, ਸੰਤਾਂ, ਅਤੇ ਨਕਲੀ ਬ੍ਰਹਮ ਗਿਆਨੀਆਂ ਨੇ ਉਠਾਉਣਾ ਸ਼ੁਰੂ
ਕਰ ਦਿੱਤਾ। ਅਤੇ ਸਿੱਖਾਂ ਨੇ ਵੀ ਸ਼ਬਦ ਗੁਰੂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਅਤੇ ਦਸੇ ਗੁਰੂ
ਸਾਹਿਬਾਨਾਂ ਦੇ ਹੁਕਮਾਂ ਦੀ ਹੁਕਮ ਅਦੂਲੀ ਕਰਦਿਆਂ ਇਹਨਾਂ ਅਖੌਤੀ ਸਾਧ ਲਾਣੇ ਦੀਆਂ ਮਿੱਠੀਆਂ
ਗੱਲਾਂ, ਨਕਲੀ ਪਰਉਪਕਾਰਾਂ, ਮਿਥਿਹਾਸਕ ਸਾਖੀਆਂ ਜੋ ਇਹ ਸੁਣਾਉਂਦੇ ਹਨ ਵਿੱਚ ਵਿਸ਼ਵਾਸ਼ ਕਰਕੇ ਹੀ
ਜੀਵਣ ਸਫਲਾ ਹੋਣਾ ਮੰਨ ਲਿਆ। ਅਤੇ ਇਹ ਸਾਧ ਆਪਣੇ ਆਪ ਨੂੰ ਗੁਰੂ ਕੋਲ ਪੁਜਾ ਹੋਣ ਦਾ ਦਾਅਵਾ ਕਰ ਕੇ
ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਮਨ ਮਰਜ਼ੀ ਦੇ ਅਰਥ ਕਰ ਕੇ ਗੁੰਮਰਾਹ ਕਰਦੇ ਰਹੇ ਅਤੇ ਕਰ ਰਹੇ ਹਨ।
ਆਪਣੇ ਹੀ ਨਾਮ ਰੱਖ ਚੁੱਕੇ ਹਨ ਜੋ ਸੰਗਤਾਂ ਨੂੰ ਕੰਨ ਵਿੱਚ ਫੂਕ ਮਾਰ ਕੇ ਦਿੰਦੇ ਹਨ ਕਿ ਭਾਈ ਹੁਣ
ਇਹ ਨਾਮ ਕਿਸੇ ਨੂੰ ਦੱਸਣਾ ਨਹੀਂ। ਅਤੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ
ਦਾ ਹਰ ਸੰਭਵ ਯਤਨ ਕਰਦੇ ਹਨ ਅਤੇ ਕਦੇ ਵੀ ਨਹੀਂ ਚਾਹੁੰਦੇ ਕਿ ਸਿੱਖ ਗੁਰਬਾਣੀ ਦੀ ਵੀਚਾਰ ਕਰਨ ਇਸੇ
ਲਈ ਪਾਠਾਂ ਦੀਆਂ ਗਿਣਤੀਆਂ-ਮਿਣਤੀਆਂ ਦੱਸਦੇ ਹਨ, ਗੁਰਬਾਣੀ ਨੂੰ ਬੜਾ ਵੱਡਾ ਹਊਆ ਬਣਾ ਕੇ ਪੇਸ਼ ਕਰਦੇ
ਹਨ ਨਾਲ ਹੀ ਸਿਰਫ ਗੁਰਬਾਣੀ ਦੇ ਤੋਤਾ ਰਟਨ ਨੂੰ ਪਹਿਲ ਦੇਂਦੇ ਹਨ ਤਾਂਕਿ ਸਿੱਖ ਗੁਰਬਾਣੀ ਦੀ ਵੀਚਾਰ
ਤੋਂ ਦੂਰ ਹੋ ਕੇ ਸ਼ਰਧਾ ਵਿੱਚ ਭਿੱਜ ਕਿ ਹਮੇਸ਼ਾਂ ਇਹਨਾਂ ਸਾਧਾਂ ਦੀ ਸੇਵਾ ਵਿੱਚ ਜੀਵਣ ਬਤੀਤ ਕਰ
ਦਿਵੇ ਅਤੇ ਮੁੜ ਪੁਜਾਰੀਆਂ ਦੀਆਂ ਮਨਮਰਜ਼ੀਆਂ ਚਲ ਸਕਣ।
ਜਦਕਿ ਭਾਈ ਗੁਰਦਾਸ ਜੀ ਨੇ ਕਹਿੰਦੇ ਹਨ:
ਤੈਸੇ ਗੁਰਬਾਣੀ ਬਿਖੈ ਸਗਲ ਪਦਾਰਥ ਹੈ,
ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ॥ (ਕਬਿੱਤ 546)
ਪਰ ਇਹ ਗੁਰਬਾਣੀ ਦੀ ਵਿਚਾਰ ਨੂੰ ਪਹਿਲ ਨਹੀਂ ਦਿੰਦੇ ਅਤੇ ਆਪਣੇ ਬਚਨਾਂ ਨੂੰ
ਹੀ ਮਾਨਤਾ ਦੇਂਦੇ ਹਨ ਅਤੇ ਇਹਨਾਂ ਦੇ ਚੇਲੇ ਅਖੌਤੀ ਪ੍ਰਚਾਰਕ ਵੀ ਕਦੇ ਇਹ ਨਹੀਂ ਕਹਿੰਦੇ ਕਿ
ਗੁਰਬਾਣੀ ਸਾਨੂੰ ਇਹ ਕਹਿੰਦੀ ਹੈ ਸਗੋਂ ਇਹ ਪ੍ਰਚਾਰ ਕਰਦੇ ਕਿ ਫਲਾਣੇ ਮਹਾਂਪੁਰਸ਼ਾਂ ਦੇ ਬਚਨ ਹਨ।
ਤਾਂਕਿ ਸਿੱਖਾਂ ਨੂੰ ਦੇਹਾਂ ਦੀ ਪੂਜਾ ਵਿੱਚ ਲਾਇਆ ਜਾ ਸਕੇ। ਪਰ ਅੱਜ ਸਾਨੂੰ ਸੱਚ ਪਹਿਚਾਨਣ ਦੀ ਸਖਤ
ਲੋੜ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾਗੱਦੀ ਦਿਵਸ ਮਨਾ ਰਹੇ ਹਾਂ,
ਜੇ ਸ਼ਬਦ ਗੁਰੂ ਨਾਲ ਜੁੜ ਨਾ ਸਕੇ ਤਾਂ ਇਸਦਾ ਕੋਈ ਵੀ ਲਾਭ ਨਹੀ ਹੋਵੇਗਾ।
ਕਿਉਂਕਿ ਅੱਜ ਦੇ ਤਾਂ ਇਹ ਹਾਲਾਤ ਹਨ ਕਿ ਜਿਸਨੂੰ ਪ੍ਰਸ਼ਾਦਾ ਪਾਣੀ ਨਹੀਂ
ਮਿਲਦਾ ਉਹ ਪਹਿਲਾਂ ਤਾਂ ਸੰਤ ਬਣਦਾ ਹੈ, ਫਿਰ 108, ਫਿਰ 1008, ਫਿਰ ਬ੍ਰਹਮਗਿਆਨੀ ਅਤੇ ਮਹਾਂਪੁਰਸ਼
ਬਣ ਜਾਂਦਾ ਹੈ। ਬਦਕਿਸਮਤੀ ਕੌਮ ਦੀ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸੰਤ, ਸਾਧ, ਬ੍ਰਹਮਗਿਆਨੀ ਦੀ
ਪਦਵੀ ਦੇਣੀ ਕਿਹਨੂੰ ਹੈ? ਇਤਿਹਾਸ ਵਿੱਚ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਗੁਰਬਾਣੀ ਵਿੱਚ ਸੰਤ
ਪਦ ਗੁਰੂ ਪ੍ਰਮਾਤਮਾ ਲਈ ਹੀ ਵਰਤਿਆ ਗਿਆ ਹੈ ਕਿਉਂਕਿ ਨਹੀਂ ਤਾਂ ਗੁਰੂ ਸਾਹਿਬ ਵੇਲੇ ਉਚੀ ਕਰਣੀ ਦੇ
ਮਾਲਿਕ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ
ਸਿੰਘ ਜੀ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ
ਗੁਰਸਿੱਖਾਂ ਨੂੰ ਸਿੱਖ ਸੰਗਤਾ ਜ਼ਰੂਰ ਸੰਤ ਪਦ ਨਾਲ ਯਾਦ ਕਰਦੀਆਂ, ਪਰ ਇਸ ਤਰ੍ਹਾਂ ਦੀ ਮਿਸਾਲ ਸਿੱਖ
ਇਤਿਹਾਸ ਵਿੱਚਣ ਕਿਧਰੇ ਨਹੀਂ ਮਿਲਦੀ। ਹੈਰਾਨਗੀ ਹੁੰਦੀ ਹੈ ਕਿ ਇਤਨੀ ਉਚ ਕਰਣੀ ਦੇ ਮਾਲਕ ਉਕਤ
ਗੁਰਸਿੱਖਾਂ ਨੂੰ ਜੇ ਸੰਤ ਕਹਾਉਣ ਦੀ ਲਾਲਸਾ ਨਹੀਂ ਫੁਰੀ ਤਾਂ ਅੱਜ ਇੱਕ ਆਮ ਸਧਾਰਣ ਜਿਹਾ ਬੰਦਾ
ਘਰੋਂ ਦੁਰਕਾਰਿਆ ਹੋਵੇ ਕਿਸੇ ਖਾਲੀ ਥਾਂ ਤੇ ਨਿਸ਼ਾਨ ਸਾਹਿਬ ਗੱਢ ਕੇ, ਚਾਰ ਇੱਟਾਂ ਰੱਖ ਕੇ ਆਪਣਾ
ਡੇਰਾ ਬਣਾ ਕੇ ਗੁਰਮਤਿ ਵਿਰੋਧੀਆਂ ਕਾਰਾਵਾਈਆਂ ਕਰਦਿਆਂ ਆਪਣੇ ਆਪ ਨੂੰ ਸੰਤ ਅਖਵਾਉਣ ਦਾ ਹੌਂਸਲਾ
ਕਿਵੇਂ ਕਰ ਲੈਂਦਾ ਹੈ। ਜਦ ਕਿ ਗੁਰਬਾਣੀ ਅਨੁਸਾਰ ਤਾਂ:
ਜਿਨਾਂ ਸਾਸਿ ਗਿਰਾਸਿ ਨ ਵਿਸਰੈ,
ਹਰਿ ਨਾਮਾ ਮਨਿ ਮੰਤੁ॥
ਧੰਨ ਸਿ ਸੇਈ ਨਾਨਕਾ, ਪੂਰਨ
ਸੋਈ ਸੰਤ॥
(ਗਉੜੀ ਕੀ ਵਾਰ, ਸਲੋਕ ਮ. 5, ਅੰਗ 319)
ਭਾਵ ਜ੍ਹਿੰਨਾਂ ਨੂੰ ਹਰ ਸੁਆਸ ਨਾਲ ਪ੍ਰਭੂ ਯਾਦ ਹੈ। ਜੋ ਦੁਨਿਆਵੀ ਮੋਹ
ਪਦਾਰਥਾਂ ਆਦਿ ਤੋਂ ਬਚੇ ਕੇਵਲ ਇੱਕ ਅਕਾਲ ਪੁਰਖ ਨਾਲ ਜੁੜੇ ਹਨ ਅਤੇ ਫਿਰ ਉਹਨਾਂ ਬਾਰੇ ਸਤਿਗੁਰੂ ਜੀ
ਫੁਰਮਾਣ ਕਰਦੇ ਹਨ: ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ
ਹਉ ਬਲਿਹਾਰੀ ਸੰਤਨ ਤੇਰੇ, ਜਿਨਿ ਕਾਮੁ ਕ੍ਰੋਧ, ਲੋਭ ਪੀਠਾ ਜੀਉ॥
(ਮਾਝ ਮਹਲਾ 5. ਅੰਗ 208)
ਕਿ ਮੈਂ ਤੇਰੇ ਉਹ ਸੰਤ ਜਿਨਾਂ ਨੇ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਨੂੰ
ਪੀਹ ਦਿੱਤਾ (ਨਾਸ ਕਰ ਦਿੱਤਾ) ਹੈ, ਉਹਨਾਂ ਤੋਂ ਕੁਰਬਾਣ ਜਾਂਦਾ ਹਾਂ।
ਪ੍ਰਥਮੇ ਮਨੁ ਪਰਬੋਧੈ ਆਪਨਾ, ਪਾਛੈ
ਅਵਰ ਰਿਝਾਵੈ॥
(ਆਸਾ ਮਹਲਾ 5, ਅੰਗ 381)
ਪਰ ਇੱਥੇ ਤਾਂ ਕੁੱਝ ਹੋਰ ਹੀ ਬਣਿਆ ਪਿਆ ਹੈ। ਸਟੇਜ ਤੋਂ ਕੂੜ ਸੁਇਨਾ, ਕੂੜੁ
ਰੂਪਾ, ਕੂੜ ਪਹਿਨਣਹਾਰ ਕਹਿਣ ਵਾਲੇ ਆਪ ਹੀ ਅਗਾਂਹ ਹੋ ਹੋ ਕੇ ਗਲੇ ਵਿੱਚ ਸੋਨੇ ਦੀਆਂ ਚੈਨਾਂ,
ਹੱਥਾਂ ਵਿੱਚ ਸੋਨੇ ਦੀਆਂ ਮੁਂਦਰੀਆਂ ਆਦਿ ਪਾਉਂ ਦੇ ਵੇਖੇ ਜਾ ਸਕਦੇ ਹਨ। ਏ. ਸੀ. ਗੱਡੀਆਂ. ਮਹਿੰਗੇ
ਡੇਰੇ, ਭਾਵ ਕਿ ਜਿੰਨੀ ਮਹਿੰਗੀ ਗੱਡੀ ਅਤੇ ਜਿੰਨਾ ਵੱਡਾ ਡੇਰਾ ਉਨਾਂ ਹੀ ਵੱਡਾ ਸੰਤ ਜਾਂ ਸਾਧ।
ਪੰਚਮ ਪਾਤਸ਼ਾਹ ਤਾਂ ਫੁਰਮਾਉਂਦੇ ਹਨ:
ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ॥
(ਗਉੜੀ ਸੁਖਮਨੀ ਮ 5, ਅੰਗ 274)
`ਤੇ ਇੱਥੇ ਨਿੱਤ ਕਿਸੇ ਨਾ ਕਿਸੇ ਡੇਰੇ ਵਿੱਚ ਕਿਸੇ ੳਬਲਾ ਦੇ ਬਲਾਤਕਾਰ ਦੀ
ਖਬਰ ਅਖਬਾਰ ਦੀ ਸੁਰਖੀ ਬਣੀ ਰਹਿੰਦੀ ਹੈ। ਡੇਰਿਆਂ ਵਿੱਚ ਲੜਕੀਆਂ ਨੂੰ ਦਾਸੀਆਂ ਦੇ ਰੂਪ ਵਿੱਚ
ਰੱਖਿਆ ਜਾ ਰਿਹਾ ਹੈ ਅਤੇ ਮਾਂ-ਬਾਪ ਆਪ ਹੀ ਲੜਕੀਆਂ ਨੂੰ ਸ਼ਰਦਾਂ ਵੱਸ ਇਹਨਾਂ ਡੇਰਿਆਂ ਨੂੰ ਅਰਪਣ ਕਰ
ਆਉਂਦੇ ਹਨ ਆਹ ਤਾਂ ਸਾਡੀ ਹਾਲਤ ਹੋਈ ਪਈ ਹੈ। ਇਹ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਪਰ ਆਪ ਸਭ ਕੁੱਝ
ਉਸਦੇ ਉਲਿਟ ਕਰਦੇ ਹਨ ਅਤੇ ਜਦ ਕੌਮ ਉਤੇ ਕੋਈ ਬਿਪਤਾ ਜਾਂ ਭੀੜ ਬਣ ਆਉਂਦੀ ਹੈ ਤਾਂ ਇਹ ਭੋਰਿਆਂ
ਵਿੱਚ ਜਾ ਵਛਦੇ ਹਨ, ਆ ਹੀ ਬਦਲਵੇ ਬਿਆਨ ਦੇਂਦੇ ਰਹਿੰਦੇ ਹਨ, ਅਤੇ ਸਿੱਖਾਂ ਨੂੰ ਦੋਫਾੜ ਕਰਨ ਵਿੱਚ
ਅਹਿਮ ਭੁਮਿਕਾ ਨਿਭਾਉਂਦੇ ਹਨ। ਅੱਜ ਦੀ ਹਾਲਤ ਤਾਂ ਇਹ ਬਣੀ ਪਈ ਹੈ:
ਅਵਰ ਉਪਦੇਸੈ, ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥
(ਗਉੜੀ ਸੁਖਮਨੀ ਮ. 5, ਅੰਗ 269)
ਭਾਵ ਲੋਕਾਂ ਨੂੰ ਉਪਦੇਸ਼ ਕਰਦਾ ਹੈ ਪਰ ਆਪ ਅਜੇ ਤੱਕ ਜਨਮ ਮਰਨ ਦੇ ਚੱਕਰਾਂ
ਵਿੱਚ ਖੱਪਦਾ ਪਿਆ ਹੈ। ਠੀਕ ਲਿਖਿਆ ਹੈ ਬਾਬਾ ਜੱਲਣ ਜੀ ਨੇ:
ਲੋਕ ਦਿਖਾਵਣ ਕਾਰਨੇ ਤੂੰ ਭੇਖ ਬਣਾਇਆ,
ਨਿਰ ਉਦਮ ਟੁੱਕੜਾ ਖਾਵਣਾ ਬਾਬਾ ਨਾਮ ਧਰਾਇਆ॥
ਤਾਂ ਹੀ ਤਾਂ ਸਤਿਗੁਰੂ ਜੀ ਪਾਵਣ ਫੁਰਮਾਣ ਕਰਦੇ ਹਨ:
ਭੇਖ ਦਿਖਾਵੈ, ਸਚੁ ਨ ਕਮਾਵੈ॥ ਕਹਤੋ ਮਹਲੀ, ਨਿਕਟ ਨ ਆਵੈ॥ 2॥
ਅਤੀਤੁ ਸਦਾਏ ਮਾਇਆ ਕਾ ਮਾਤਾ॥ ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ॥ 3॥
(ਸੂਹੀ ਮ. 5, ਅੰਗ 738)
ਭਾਵ ਕਿ ਭੇਖੀ ਮਨੁੱਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ ਭੇਖ, ਵਿਖਾ
ਰਿਹਾ ਹੈ, ਸਦਾ ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ। ਮੁੰਹੋਂ ਆਖਦਾ ਹੈ ਕਿ ਮੈਂ
ਪ੍ਰਭੂ ਦੀ ਹਜ਼ੂਰੀ ਵਿੱਚ ਪੁਜਿਆ ਹੋਇਆਂ ਹਾਂ, ਪਰ ਉਹ ਪ੍ਰਭੂ ਦੇ ਚਰਨਾਂ ਵਿੱਚ ਵੀ ਨਹੀਂ ਢੁਕਿਆ
ਹੁੰਦਾ। ਇਹ ਆਪਣੇ ਆਪ ਨੂੰ ਤਿਆਗੀ (ਅਤੀਤ) ਅਕਵਾਉਂਦਾ ਹੈ, ਪਰ ਮਾਇਆ ਦੀ ਲਾਲਸਾ ਵਿੱਚ ਮਸਤ ਰਹਿੰਦਾ
ਹੈ। ਇਸਦੇ ਮਨ ਵਿੱਚ ਪ੍ਰਭੂ ਚਰਨਾਂ ਦਾ ਪਿਆਰ ਨਹੀਂ, ਪਰ ਮੂੰਹੋਂ ਆਖਦਾ ਹੈ ਕਿ ਮੇਂ ਪ੍ਰਭੂ ਦੇ
ਪਿਆਰ ਵਿੱਚ ਰੰਗਿਆ ਹੋਇਆਂ ਹਾਂ।
ਖਾਲਸਾ ਜੀਉ! ਸਾਡੀ ਹੀ ਢਿੱਲ ਹੈ ਨਹੀਂ ਤਾਂ ਕਿਸੇ ਦੀ ਕੀ ਮਜ਼ਾਲ ਹੈ ਕਿ ਕੋਈ
ਸਿੱਖ ਹਵਾ ਵੱਲ ਵੀ ਵੇਖ ਸਕੇ ਇਹ ਅਖੌਤੀ ਸਾਧ ਸਾਰੇ ਦੇ ਸਾਰੇ ਹੀ ਖੁਫੀਆ ਏਜੰਸੀਆਂ ਦੇ ਪਾਲੇ ਹੋਏ
ਸਾਨ੍ਹ ਹਨ ਜੋ ਕੌਮ ਨੂੰ ਮੁੜ ਤੋਂ ਖਤਮ ਕਰਨ ਲਈ ਕੋਝੇ ਹੱਥਕੰਡੇ ਵਰਤ ਰਹੇ ਹਨ। ਨਹੀਂ ਤਾਂ ਭਈਆ
ਆਸ਼ੂਤੋਸ਼ ਦੀ ਕੀ ਹਿੰਮਤ ਹੈ ਕਿ ਪੰਜਾਬ ਵਿੱਚ ਸਿੱਖਾਂ ਨੂੰ ਲਲਕਾਰੇ ਮਾਰਦਾ ਫਿਰੇ, ਕੂੜਾ ਬਾਬਾ ਸੌਦਾ
ਸਾਧ ਗੁਰੂਆਂ ਦਾ ਰੂਪ ਧਾਰ ਭਾਰਤੀ ਸੁਰੱਖਿਆ ਹੇਠ ਬੇਗੁਨਾਹਾਂ ਸਿੱਖਾਂ ਦਾ ਸ਼ਰੇਆਮ ਕਤਲ ਕਰਦਾ ਫਿਰੇ,
ਕੋਈ ਭਨਿਆਰੀਆ ਮਾਹਾਰਾਜ ਦੇ ਪਾਵਣ ਸਰੂਪਾਂ ਨੂੰ ਸਾੜਣ ਦੀ ਗੁਸਤਾਖੀ ਕਰੇ, ਅੱਜ ਸਿਰਫ ਇਹੋ ਹੀ ਨਹੀਂ
ਇਸਤੋਂ ਵੀ ਵੱਧ ਖਤਰਨਾਕ ਸਾਡੇ ਅਖੌਤੀ ਲੀਡਰ ਬਣ ਚੁੱਕੇ ਹਨ ਜਿਨਾਂ ਨੇ ਗੁਰੂ ਦੇ ਸਿਧਾਂਤਾਂ ਨੂੰ
ਆਪਣੇ ਹੱਥੀਂ ਵੇਚਣਾ ਸ਼ੁਰੂ ਕਰ ਦਿੱਤਾ ਹੈ। ਅੱਜ ਜਾਗਰੂਕਤਾ ਦੀ ਲੌੜ ਹੈ ਕਿ ਅਸੀ ਗੁਰਬਾਣੀ ਅਤੇ ਤੱਤ
ਗੁਰਮਤਿ ਦਾ ਪ੍ਰਚਾਰ ਆਮ ਲੋਕਾਈ ਤੱਕ ਸਰਲ ਤਰੀਕੇ ਰਾਹੀਂ ਪੁੰਹਚਾਈਏ ਅਤੇ ਸਮੇਂ ਦੇ ਹਾਣੀ ਬਣੀਏ।
ਮੈਂ ਲੇਖ ਲਿਖ ਹੀ ਰਿਹਾ ਸੀ ਕਿ ਮੈਨੂੰ ਇੱਕ ਫੋਨ ਆ ਗਿਆ ਕਿ ਸ. ਸਾਹਿਬ ਫਲਾਣੀ ਤਰੀਕ ਨੂੰ ਅਸੀ ਇੱਕ
ਗੁਰਮਤਿ ਸਮਾਗਮ ਕਰਵਾ ਰਹੇ ਹਾਂ ਅਤੇ ਗੁਰਮਤਿ ਪ੍ਰਚਾਰ ਲਈ ਆਪ ਜੀ ਦਾ ਸਮਾਂ ਰੱਖਿਆ ਹੈ ਦਰਸ਼ਨ ਦੇਣ
ਦੀ ਕ੍ਰਿਪਾਲਤਾ ਕਰਨੀ ਅਤੇ ਨਾਲ ਹੀ ਹੁਕਮ ਕਰ ਦਿਤਾ ਕਿ ਉਥੇ ਫਲਾਣੇ ਸੰਤ ਪੁਜ ਰਹੇ ਹਨ ਇਸ ਲਈ ਸੰਤਾ
ਬਾਰੇ ਕੁੱਝ ਨਾ ਬੋਲਿਉ। ਕਿਉਂਕਿ ਉਹ ਉਹੋ ਜਿਹੇ ਸੰਤ ਨਹੀਂ ਸਗੋਂ ਬਹੁੱਤ ਕਰਣੀ ਵਾਲੇ ਹਨ, ਉਹ ਤਾਂ
ਬੈਠਦੇ ਵੀ ਬੋਰੀ ਤੇ ਹੀ ਹਨ। ਮਨ ਹੈਰਾਨ ਹੋ ਰਿਹਾ ਸੀ ਕਿ ਬੋਰੀ ਤੇ ਬੈਠਣ ਨਾਲ ਕਿਸੇ ਸੰਤ ਦੀ ਕੀ
ਮਹਾਨਤਾ ਹੋ ਸਕਦੀ ਹੈ? ਖੈਰ ਦੂਜੀ ਗੱਲ ਇਹ ਹੋਈ ਇੰਨੇ ਨੂੰ ਇੱਕ ਕੋਈ 8 ਕੁ ਸਾਲ ਦਾ ਬੱਚਾ, ਜਿਸਨੇ
ਸਿਰ ਉਤੇ ਪਟਕਾ ਬੰਨਿਆ ਹੋਇਆ ਸੀ ਅਤੇ ਕੇਸ ਬਾਹਰ ਨੂੰ ਨਿਕਲੇ ਹੋਏ ਸਨ, ਦੁਕਾਨ ਦਾ ਦਰਵਾਣਾ ਖੋਲ ਕੇ
ਅੰਦਰ ਆ ਗਿਆ ਅਤੇ ਹੱਥ ਵਿੱਚ ਫੜਿਆ ਹੋਇਆ ਡੋਲ ਮੇਰੇ ਅੱਗੇ ਕਰਕੇ ਸ਼ਨੀ ਦੇਵਤੇ ਦੇ ਨਾਮ ਹੇਠ ਭੀਖ
ਮੰਗ ਰਿਹਾ ਸੀ? ਮੈਂ ਸੋਚ ਰਿਹਾ ਸੀ ਕਿ ਕਾਸ਼ ਕੌਮ ਕਦੇ ਇਸ ਪਾਸੇ ਧਿਆਨ ਦੇ ਕੇ ਇਹਨਾਂ ਗਰੀਬ ਲੋਕਾਂ
ਨੂੰ ਗੁਰਬਾਣੀ ਸਮਝਾ ਕੇ ਕਿਰਤ ਕਰਨ ਵੱਲ ਪ੍ਰੇਰ ਸਕੇ, ਪਰ ਨਹੀਂ ਕਿਉਂਕਿ ਹਰ ਕੰਮ ਕਰਨ ਲਈ ਸਮਾਂ
ਚਾਹੀਦਾ ਹੈ ਇਹ ਤਾਂ ਪੈਸਾ ਸਾਧਾਂ ਦੇ ਡੇਰਿਆਂ, ਅਲੀਸ਼ਾਨ ਇਮਾਰਤਾਂ, ਲੰਗਰਾਂ, ਕੀਰਤਨ ਦਰਬਾਰਾਂ,
ਸੰਤ ਸਮਾਗਮਾਂ, ਸ਼ਤਾਬਦੀਆਂ ਮਨਾਉਣ ਵਿੱਚ ਹੀ ਰੁੱਝੀ ਹੋਈ ਹੈ ਇਸ ਪਾਸੇ ਕਿਸੇ ਵੀ ਸੰਤ, ਮਹਾਪੁਰਸ਼ ਦੀ
ਸੋਚ ਕਿੱਥੇ? ਚਲੋ ਗੁਰਬਾਣੀ ਦੇ ਪਾਵਨ ਬਚਨ ਹਨ
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥ (ਮਲਾਰ ਮ. 1, ਪੰਨਾ 1255)
ਕੋਈ ਤਾਂ ਮਰਜੀਵੜਾ ਉਠੇਗਾ ਜੋ ਇਸ ਪਾਸੇ ਵੱਲ ਧਿਆਨ ਦੇ ਕੇ ਕੁੱਝ ਕੌਮ ਦੇ ਉਸਾਰੂ ਹਿੱਤ ਬਾਰੇ
ਸੋਚੇਗਾ।
ਸੋ ਅੰਤ ਵਿੱਚ ਇਹੀ ਬੇਨਤੀ ਹੈ ਕਿ 300 ਸਾਲਾ ਸਤਾਬਦੀ ਮਨਾਉਣ ਵਾਲੇ ਗੁਰਸਿੱਖੋ, ਪਿਆਰਿਉ!
ਇਹਨਾਂ ਦਿੰਭੀਆ ਦਾ ਖਹਿੜਾ ਛੱਡ ਕੇ ਗੁਰਬਾਣੀ ਨਾਲ ਜੁੜੋ। ਗੁਰਬਾਣੀ ਆਪ ਪੜੋ, ਵੀਚਾਰੋ, ਸੁਣੋ ਅਤੇ
ਅਮਲ ਕਰ ਕੇ ਆਪਣਾ ਜੀਵਣ ਸਫਲ ਕਰੋ ਤਾਂ ਹੀ ਹੋ ਸਕਣੇ ਜੇ:
ਇਹ ਲੋਕ ਸੁਖੀਏ ਪਰਲੋਕ ਸੁਹੇਲੇ॥ ਨਾਨਕ ਹਰਿ ਪਭਿ ਆਪਹਿ ਮੇਲੇ॥
(ਗਉੜੀ ਸੁਖਮਨੀ ਮ. 5, ਪੰਨਾ 293)
*************
ਦਾਸਰਾ:
-ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੈਕਟਰ
ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 098150-24920