.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਖ਼ਾਲਸੇ ਦੀ ਵਿਸਾਖੀ

ਉੱਠ ਪੰਥ ਖਾਲਸਾ ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਕੀ।

ਜਹਾਂ ਹਰ ਕੋਈ ਅਪਨੇ ਦਾਉ ਪੇ ਹੈ, ਸੱਚ ਬਾਤ ਕਹੂੰ ਮਨ ਭਾਨੇ ਕੀ।

ਪਰਮ ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਉ ਪਿਆਰ ਸਹਿਤ ਗੁਰੂ ਫਤਹ ਨਾਲ ਸਾਂਝ ਪਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ। ਅੱਜ ਦੇ ਇਸ ਸ਼ੁਭ ਅਵਸਰ `ਤੇ ਮੇਰੇ ਬੋਲਣ ਦਾ ਵਿਸ਼ਾ ਹੈ ਖ਼ਾਲਸੇ ਦੀ ਵਿਸਾਖੀ। ਮੈਨੂੰ ਪੂਰਨ ਆਸ ਹੈ ਕਿ ਆਪ ਜੀ ਬਹੁਤ ਹੀ ਪਿਆਰ ਨਾਲ ਸੁਣੋਗੇ।

ਸਿੱਖ ਕੌਮ ਦੀ ਬਦ-ਕਿਸਮਤੀ ਜਾਂ ਅਣ-ਗਹਿਲੀ ਸਮਝੀ ਜਾਏ ਕਿ ਇਹ ਧਰਮ ਜਿਤਨਾ ਸਪਸ਼ੱਟ ਅਤੇ ਨਿਆਰਾ ਹੈ ਓਨਾ ਹੀ ਧੁੰਧਲਾ ਦੁਨੀਆਂ ਸਾਹਮਣੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ। ਕੁੱਝ ਸੁਆਰਥੀਆਂ ਨੇ ਇਸ ਨੂੰ ਗ਼ਲਤ ਰੰਗ ਵਿੱਚ ਪੇਸ਼ ਕੀਤਾ ਤੇ ਰਹਿੰਦੀ ਕਸਰ ਸਾਡੇ ਅਣਜਾਣ-ਪੁਣੇ ਨੇ ਪੂਰੀ ਕਰ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ, ‘ਸਿੱਖ ਧਰਮ’ ਦਾ ਝੰਡਾ ਗੱਡਦਿਆਂ ਹੋਇਆਂ ਆਖਿਆ ਕਿ ਇਹ ਨਾ ਤਾਂ ਕਿਸੇ ਗ਼ੂੜ ਫ਼ਿਲਾਸਫ਼ੀਆਂ ਨੂੰ ਘੋਖਣ ਦਾ ਧਰਮ ਹੈ ਤੇ ਨਾ ਹੀ ਇਹ ਦੁਨੀਆਂ ਨੂੰ ਰਗੜੇ ਲਾਉਣ ਵਾਲਾ ਕਰਮ-ਕਾਂਡੀ ਧਰਮ ਹੈ। ਸਮੁੱਚੀ ਮਾਨਵੱਤਾ ਨੂੰ ਅਦਰਸ਼ਕ ਜੀਵਨ ਜਾਚ ਸਿਖਾਉਣ ਲਈ, ਦੋ ਸੌ ਤੀਹ ਸਾਲ ਦਾ ਸਮਾਂ ਲੱਗਾ ਕੇ, ਖ਼ਾਲਸੇ ਨੂੰ ਵਿਸਾਖੀ ਵਾਲੇ ਦਿਨ ਦੁਨੀਆਂ ਸਾਮਹਣੇ ਪ੍ਰਗਟ ਕਰਕੇ ਦੱਸ ਦਿੱਤਾ ਕਿ ਬਦੀ ਛੱਡ ਕੇ ਭੱਜਣਾ ਨਹੀਂ ਸਗੋਂ ਟਾਕਰਾ ਕਰਨਾ ਹੈ, ਸਚਿਆਰ ਜਾਂ ਖਾਲਸਾ ਬਣਨ ਲਈ ਰੱਬੀ ਕਨੂੰਨ ਭਾਵ ਸ਼ਬਦ ਦੀ ਵਿਚਾਰਧਾਰਾ ਨੂੰ ਜੀਵਨ ਦਾ ਅਧਾਰ ਬਣਾਉਣਾ ਹੈ। ਜਿੰਨਾ ਨੇ ਸ਼ਬਦ ਨੂੰ ਧਿਆਨ ਨਾਲ ਸੁਣਿਆਂ, ਵੀਚਾਰਿਆ ਉਹਨਾਂ ਦੇ ਜੀਵਨ ਵਿੱਚ ਸਹਿਜ, ਸੰਤੋਖ ਤੇ ਧੀਰਜ ਵਰਗੀਆਂ ਸਚਾਈਆਂ ਨੇ ਜਨਮ ਲਿਆ ਤੇ ਉਹ ਹੀ ਖ਼ਾਲਸਾ ਕਹਿਲਾਇਆ। ਭੱਟਾਂ ਨੇ ਬੜਾ ਪਿਆਰਾ ਲਿਖਿਆ ਹੈ:--

ਕਚਹੁ ਕੰਚਨੁ ਭਇਅਉ, ਸਬਦੁ ਗੁਰ ਸ੍ਰਵਣਹਿ ਸੁਣਿਓ॥

ਖ਼ਾਲਸੇ ਦੀ ਵਿਸਾਖੀ ਹਰ ਸਾਲ ਇੱਕ ਤਬਦੀਲ਼ੀ ਦਾ ਸੰਕੇਤ ਦੇਂਦੀ ਹੈ ਕਿ ਸ਼ਬਦ ਨੂੰ ਸੁਣਨ ਨਾਲ ਕੱਚ ਤੋਂ ਸੋਨੇ ਦਾ ਸਫ਼ਰ ਪੂਰਾ ਕਰਨਾ ਹੈ। ਹਰ ਗੁਰਦੁਆਰੇ ਵਿੱਚ ਸ਼ੀਸ਼ੇ ਲੱਗੇ ਹੋਏ ਆਮ ਦੇਖੇ ਜਾ ਸਕਦੇ ਹਨ ਪਰ ਓੱਥੇ ਗੁਰਬਾਣੀ ਪਾਠ ਕੀਰਤਨ ਇਤਿਆਦਿਕ ਵੀ ਹੁੰਦਾ ਨਜ਼ਰ ਆਏਗਾ। ਕਦੇ ਵੀ ਸ਼ੀਸ਼ੇ ਸੋਨੇ ਦਾ ਰੂਪ ਨਹੀ ਹੋ ਸਕੇ। ਟੁੱਟਿਆ ਹੋਇਆ ਸ਼ੀਸ਼ਾ ਮਨੁੱਖ ਨੂੰ ਜ਼ਖ਼ਮੀ ਕਰਦਾ ਹੈ ਜਦ ਕਿ ਸੋਨੇ ਦਾ ਬਣਿਆ ਹੋਇਆ ਗਹਿਣਾ ਇੱਕ ਕੀਮਤ ਰੱਖਦਾ ਹੈ। ਗੁਰਦੁਆਰਿਆਂ ਵਿੱਚ ਲੜਾਈ ਝਗੜੇ ਕੱਚ ਦਾ ਰੂਪ ਕਰਕੇ ਹੀ ਇੱਕ ਦੂਜੇ ਨੂੰ ਜ਼ਖ਼ਮੀ ਕਰਦੇ ਹਨ। ਜੇ ਗੁਰ ਸ਼ਬਦ ਨੂੰ ਧਿਆਨ ਨਾਲ ਸੁਣਿਆ ਗਿਆ ਤਾਂ ਸਹਿਜ ਅਵਸਥਾ ਦਾ ਸੁਨਹਿਰੀ ਗਹਿਣਾ ਆ ਜਾਏਗਾ ਤੇ ਘਟੀਆ ਸ਼ਬਦਾਵਲੀ ਦਾ ਗੁਰਦੁਆਰੇ ਵਿੱਚ ਜ਼ਹਿਰ ਨਹੀਂ ਉਗ਼ਲ਼ਾਂਗੇ। ਨਾਮ ਜੱਪਣ ਨੂੰ ਮਾਲ਼ਾ ਵਿੱਚ ਰਲ਼-ਗੱਡ ਕਰਕੇ ਵੀ ਅਸੀਂ ਕ੍ਰੋਧ ਰੂਪੀ ਜ਼ਹਿਰ ਦਾ ਬੀਜ ਬੀਜ ਰਹੇ ਹਾਂ। ਸਿੱਖਾ! ਗੁਰੂ ਤੇ ਅੱਜ ਵੀ ਉੱਚੀ ਅਵਾਜ਼ ਵਿੱਚ ਕਹਿ ਰਿਹਾ ਈ ਕ੍ਰੋਧ ਤੇ ਨਫਰਤ ਨੂੰ ਅੰਮ੍ਰਿਤ ਵਿੱਚ ਤਬਦੀਲ ਕਰ, ਕਿਆ ਪਿਆਰਾ ਉਪਦੇਸ਼ ਹੈ ਸਾਡੇ ਵਾਸਤੇ।

ਬਿਖੁ ਤੇ ਅੰਮ੍ਰਿਤੁ ਹੁਯਉ, ਨਾਮੁ ਸਤਿਗੁਰ ਮੁਖਿ ਭਣਿਅਉ॥

ਆਪੇ ਲੰਗਰ ਤਿਆਰ ਕਰਕੇ ਆਪੇ ਹੀ ਛੱਕ ਲਿਆ ਤੇ ਕਹਿ ਦਿੱਤਾ ਅਸੀਂ ਵਿਸਾਖੀ ਮਨਾ ਲਈ ਹੈ ਪਰ ਸਾਡਿਆਂ ਸੁਭਾਵਾਂ ਵਿੱਚ ਰੰਚਕ ਮਾਤਰ ਵੀ ਤਬਦੀਲੀ ਨਹੀਂ ਆਈ ਕਿਉਂਕਿ ਅਸੀਂ ਕਦੇ ਵੀ ਸ਼ਬਦ ਦੀ ਵਿਚਾਰ ਵਲ ਤਵੱਜੋਂ ਨਹੀਂ ਦਿੱਤੀ। ਗੁਰੂ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ:---

ਲੋਹਉ ਹੋਯਉ ਲਾਲੁ, ਨਦਰਿ ਸਤਿਗੁਰੁ ਜਦਿ ਧਾਰੈ॥

ਪਾਹਣ ਮਾਣਕ ਕਰੈ, ਗਿਆਨੁ ਗੁਰ ਕਹਿਅਉ ਬੀਚਾਰੈ॥

ਲੋਹੇ ਤੋਂ ਕੀਮਤੀ ਲਾਲ ਤੇ ਪੱਥਰ ਤੋਂ ਮੋਤੀਆਂ ਦਾ ਖ਼ਜ਼ਾਨਾ ਹੋ ਜਾਂਦਾ ਹੈ ਓਦੋਂ ਜਦੋਂ ਸ਼ਬਦ ਦੀ ਵੀਚਾਰ ਨੂੰ ਮਿਲ ਬੈਠ ਕਿ ਵਿਚਾਰਦਾ ਹੈ। ਸੌ ਸਾਲ ਪੱਥਰ ਨੂੰ ਪਾਣੀ ਵਿੱਚ ਰੱਖਿਆਂ ਵੀ ਅੰਦਰੋਂ ਸੁੱਕੇ ਦਾ ਸੁੱਕਾ ਹੀ ਰਹਿੰਦਾ ਹੈ ਤੇ ਇੰਜ ਹੀ ਅਸੀਂ ਸਾਰੀ ਜ਼ਿੰਦਗੀ ਗੁਰਦੁਆਰੇ ਵਿੱਚ ਆ ਕੇ ਵੀ ਹੰਕਾਰ ਰੂਪੀ ਪੱਥਰ ਨੂੰ ਤਿਆਗਿਆ ਨਹੀਂ ਹੈ। ਖ਼ਾਲਸੇ ਦੀ ਵਿਸਾਖੀ ਇਹ ਲਲਕਾਰ ਕੇ ਕਹਿ ਰਹੀ ਹੈ ਸਿੱਖਾ ਗੁਰੂ ਗਿਆਨ ਨੂੰ ਵਿਚਾਰਨ ਤੋਂ ਬਿਨਾ ਤੇਰਾ ਹੰਕਾਰ ਦੂਰ ਨਹੀਂ ਹੋ ਸਕਦਾ।

ਦਲਿੱਦ੍ਰੀ ਮਨੁੱਖ ਮੈਲ਼ੀਆਂ-ਕੁਚੈਲੀਆਂ ਚਾਦਰਾਂ ਵਿੱਚ ਹੀ ਸੁੱਤੇ ਰਹਿਣ ਨੂੰ ਤਰਜੀਹ ਦੇਂਦਾ ਹੈ ਤੇ ਕਰਮ-ਕਾਂਡ ਦੀ ਦਲ਼-ਦਲ਼ ਵਿੱਚ ਫਸੇ ਰਹਿਣ ਨੂੰ ਆਪਣਾ ਪਰਮੋ-ਧਰਮ ਸਮਝੀ ਬੈਠਾ ਹੈ। ਜਿਸ ਕਿਰਤ, ਕੀਰਤਨ, ਪੰਗਤ—ਸੰਗਤ, ਸਾਦਗੀ –ਮਰਦਾਨਗੀ ਦਾ ਪਰਚਾਰ ਦੂਰ ਦੇਸ਼ਾਂ ਵਿੱਚ ਉਦਾਸੀ ਬਣ ਕੀਤਾ, ਓਸੇ ਹੀ ਭੇਖ ਉਦਾਸੀ ਉਤਾਰ ਕੇ ਕਰਤਾਰਪੁਰ ਦੀ ਲਿਬਾਰਟਰੀ ਵਿੱਚ ਘੜ ਦਰਸਾਇਆ ਤੇ ਅਨੰਦਪੁਰ ਦੀ ਧਰਤੀ ਤੇ ਇਸ ਨੂੰ ਪ੍ਰਗਟ ਕਰ ਦਿੱਤਾ। ਪਸ਼ੂ ਤੇ ਪ੍ਰੇਤ ਵਰਗੀ ਬਿਰਤੀ ਨੂੰ ਦੈਵੀ ਗੁਣਾਂ ਵਾਲੇ ਮਨੁੱਖਾਂ ਵਿੱਚ ਤਬਦੀਲ਼ ਕਰ ਦਿੱਤੀ। ਮਨੁੱਖ ਦੇ ਆਤਮਿਕ ਗੁਣਾਂ ਦੀ ਘਾੜਤ ਦਾ ਨਮੂਨਾ ਪੇਸ਼ ਕਰਦਿਆਂ ਕੈਸਾ ਸੁੰਦਰ ਫਰਮਾਇਆ ਹੈ।

ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ, ਦੁਖ ਦਰਿਦ੍ਰ ਤਿਨ ਕੇ ਗਇਅ॥

ਸਤਿਗੁਰੂ ਚਰਨ ਜਿਨ੍ਹ੍ਹ ਪਰਸਿਆ, ਸੇ ਪਸੁ ਪਰੇਤ ਸੁਰਿ ਨਰ ਭਇਅ॥ 2॥ 6॥

ਸਧਾਰਨ ਲੱਕੜ ਵਿੱਚ ਕੋਈ ਸੁਗੰਧੀ ਨਹੀਂ ਪਰ ਚੰਦਨ ਸੁਗੰਧੀ ਦੇਂਦਾ ਹੈ। ਹੁਣ ਦੇਖਣਾ ਹੈ ਕਿ ਕੀ ਵਿਸਾਖੀ ਮਨਾਉਂਦਿਆਂ ਸਾਡੇ ਵਿੱਚ ਚੰਦਨ ਵਰਗੀ ਸੁਗੰਧੀ ਆ ਗਈ ਹੈ? ਕੀ ਪਸ਼ੂਆਂ ਵਾਂਗ ਇੱਕ ਦੂਜੇ ਨੂੰ ਸਿੰਗ ਮਾਰਨਾ ਛੱਡ ਦਿੱਤਾ ਹੈ? ਯੂ. ਐਸੇ ਵਿੱਚ ਬੈਠਿਆ ਹੋਇਆ ਮਨੁੱਖ ਟਿਕਟਾਂ ਦੇ ਭਾਅ ਤੇ ਫਲਾਈਟਾਂ ਦੇ ਨੰਬਰ ਹੀ ਪੁੱਛੀ ਜਾਏ, ਕੀ ਉਹ ਦਿੱਲੀ ਪਹੁੰਚ ਜਾਏਗਾ? ਪਰ ਅਸੀਂ ਵੀ ਤਾਂ ਰਾਹ ਹੀ ਪੁੱਛਦੇ ਹਾਂ ਤੁਰਦੇ ਨਹੀਂ ਹਾਂ। ਸਤਿਗੁਰੂ ਚਰਨ ਜਿਨ ਪਰਸਿਆ ਭਾਵ ਜਿਹੜਾ ਗੁਰੂ ਦੇ ਦੱਸੇ ਮਾਰਗ ਉੱਤੇ ਤੁਰੇਗਾ ਉਹ ਹੀ ਸੰਪੂਰਨ ਖਾਲਸਾ ਬਣ ਸਕਦਾ ਹੈ।

ਖ਼ਾਲਸੇ ਦੀ ਵਿਸਾਖੀ ਹਰ ਸਾਲ ਇੱਕ ਨਵੀਂ ਕ੍ਰਾਂਤੀ ਦੀ ਯਾਦ ਦਿਵਾਉਂਦੀ ਹੈ ਪਰ ਅਸੀਂ ਰਸਮੀ ਤੌਰ ਤੇ ਖਾ ਲਿਆ, ਗੁਰ ਸਿਮਰ ਮਨਾਈ ਕਾਲਕਾ ਦਾ ਗਾਇਨ ਕਰਕੇ ਇੱਕ ਅਕਾਲ ਪੁਰਖ ਦੇ ਸਿਧਾਂਤ ਦੀ ਜੜ੍ਹੀਂ ਤੇਲ ਦੇ ਕੇ ਤੇ ਜੈਕਾਰ ਬੁਲਾ ਕੇ ਕਹਿ ਦਿੱਤਾ ਖਾਲਸਾ ਜੀ ਅਸੀਂ ਭਾਗਾਂ ਵਾਲੇ ਹਾਂ ਵਿਸਾਖੀ ਮਨਾ ਰਹੇ ਹਾਂ।

ਅਬ ਜ਼ੋਸ਼ੇ ਪੰਥ ਖ਼ਾਮੋਸ਼ ਨਾ ਰਹ, ਗੈਰੋਂ ਨੇ ਤੇਰਾ ਘਰ ਲੂਟ ਲਿਆ।

ਇੰਨ ਲੰਪਟ ਚੋਰ ਲੁਟੇਰੋਂ ਕੋ, ਤੁਝੇ ਖਸਮ ਹੈ ਰਾਹ ਪੈ ਲਾਨੇ ਕੀ।

ਆਪ ਸਾਰੀ ਸੰਗਤ ਦਾ ਹਾਰਦਿਕ ਧੰਨਵਾਦ ਹੈ ਜਿਹਨਾਂ ਨੇ ਬਹੁਤ ਹੀ ਪਿਆਰ ਨਾਲ ਗੁਰਮਤ ਵਿਚਾਰਾਂ ਨੂੰ ਸਰਵਣ ਕੀਤਾ ਹੈ ਭੁੱਲ ਚੁੱਕਾਂ ਦੀ ਖ਼ਿਮਾਂ ਮੰਗਦਾ ਹੋਇਆ ਫਤਹ ਬਲਾਉਂਦਾ ਹਾਂ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ॥




.