. |
|
ੴਸਤਿਗੁਰਪ੍ਰਸਾਦਿ
ਕੌਮੀ ਭਵਿੱਖ ਅਤੇ ਸਿੱਖ ਨੌਜੁਆਨੀ
ਰਾਜਿੰਦਰ ਸਿੰਘ
(ਮੁਖ-ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
( 9876104726)
ਕਿਸੇ ਕੌਮ ਦਾ ਭਵਿੱਖ ਇਸ ਗੱਲ ਤੇ ਬਹੁਤ ਨਿਰਭਰ ਕਰਦਾ ਹੈ ਕਿ ਉਸ ਕੌਮ ਦੀ
ਨੌਜਵਾਨੀ ਕਿਤਨੀ ਸਿਖਿਅਤ, ਦੂਰਅੰਦੇਸ਼, ਜਿਮੇਂਵਾਰ ਅਤੇ ਨੇਮਬੱਧ ( disciplined)
ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ ਹੀ ਇਹ ਅਤਿ ਮਹੱਤਵ ਪੂਰਨ ਹੈ ਕਿ ਉਸ ਦੀ ਕੌਮ ਪ੍ਰਤੀ
ਵਚਨਬੱਧਤਾ ਕਿਤਨੀ ਹੈ।
ਅਜ ਜਿਸ ਵੇਲੇ ਸਿੱਖ ਕੌਮ ਪੂਰੀ ਤਰ੍ਹਾਂ ਦੁਸ਼ਮਨ ਸ਼ਕਤੀਆਂ ਦੇ ਘੇਰੇ ਵਿੱਚ
ਹੈ, ਹਰ ਹੀਲੇ ਸਿੱਖ ਕੌਮ ਨੂੰ ਨਾਸਤੋ ਨਾਬੂਦ ਕਰਨ ਦੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਹਨ, ਸਿੱਖੀ ਦੇ
ਅਨਮੋਲ ਸਿਧਾਂਤਾਂ ਵਿੱਚ ਰੌਲ-ਘਚੋਲਾ ਪਾ ਕੇ, ਇਸ ਨੂੰ ਬਿਪਰਵਾਦ ਦੇ ਗਹਿਰੇ ਖਾਰੇ ਸਮੁੰਦਰ ਵਿੱਚ
ਜਜ਼ਬ ਕਰਨ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ, ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੌਮੀ ਨੌਜਵਾਨੀ
ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਕੌਮੀ ਹਿੱਤਾਂ ਲਈ ਸੰਘਰਸ਼ਸ਼ੀਲ ਹੋਵੇ।
ਇਹ ਪਹਿਲੀ ਵਾਰ ਨਹੀਂ ਕਿ ਸਿੱਖ ਕੌਮ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ
ਕਰਨਾ ਪੈ ਰਿਹਾ ਹੋਵੇ। ਬਲਕਿ ਸਿੱਖ ਕੌਮ ਤਾਂ ਜਦੋਂ ਦੀ ਹੋਂਦ ਵਿੱਚ ਆਈ ਹੈ, ਇਸ ਨੂੰ ਲਗਾਤਾਰ
ਸੰਘਰਸ਼ ਵਿਚੋਂ ਲੰਘਣਾ ਪਿਆ ਹੈ। ਪਰ ਇੱਕ ਵੱਡਾ ਫਰਕ ਸੀ ਕਿ ਦੁਸ਼ਮਨ, ਦੁਸ਼ਮਨ ਬਣ ਕੇ ਸ੍ਹਾਮਣੇ ਮੈਦਾਨ
ਵਿੱਚ ਆਉਂਦਾ ਸੀ। ਅਗੋਂ ਆਪਣੇ ਸਤਿਗੁਰੂ ਦੇ ਬਖਸ਼ੇ ਆਦਰਸ਼ਾਂ, ਸ਼ਸਤਰਾਂ ਅਤੇ ਜਜ਼ਬੇ ਨਾਲ ਲੈਸ ਸਿੱਖ
ਕੌਮ ਉਨ੍ਹਾਂ ਨੂੰ ਮੂੰਹ ਤੋੜ ਜੁਆਬ ਦੇਂਦੀ। ਸਿੱਖ ਇਤਿਹਾਸ ਗੁਆਹ ਹੈ ਕਿ ਇਨ੍ਹਾਂ ਮੁਹਿੰਮਾਂ ਵਿੱਚ
ਬੱਚੇ ਤੋਂ ਬੁੱਢੇ ਤਕ ਸਭ ਨੇ ਆਪਣਾ ਢੁਕਵਾਂ ਯੋਗਦਾਨ ਪਾਇਆ, ਪਰ ਬਿਨਾਂ ਸ਼ੱਕ ਸਭ ਤੋਂ ਵੱਧ ਯੋਗਦਾਨ
ਸਿੱਖ ਨੌਜਵਾਨੀ ਦਾ ਰਿਹਾ। ਤਾਂਹੀ ਤਾਂ ਇਤਨੀ ਘੱਟ ਗਿਣਤੀ ਵਿੱਚ ਹੁੰਦਿਆਂ, ਇਤਨੇ ਤਾਕਤਵਰ ਦੁਸ਼ਮਨ
ਦੇ ਟਾਕਰੇ ਅਤੇ ਇਤਨੀਆਂ ਔਕੜਾਂ ਦੇ ਬਾਵਜੂਦ ਕੁੱਝ ਸਾਲਾਂ ਵਿੱਚ ਹੀ ਖਾਲਸਾ ਰਾਜ ਕਾਇਮ ਕਰ ਲਿਆ। ਪਰ
ਅਜ ਹਾਲਾਤ ਬਿਲਕੁਲ ਅਲੱਗ ਹਨ। ਅਜ ਦੁਸ਼ਮਨ, ਦੋਸਤ ਦਾ ਰੂਪ ਧਾਰਨ ਕਰਕੇ ਮੱਕਾਰੀ ਨਾਲ ਸਿੱਖ ਅਤੇ,
ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਿਹਾ ਹੈ। ਇਹ ਮੱਕਾਰੀ ਵਾਲਾ ਹਮਲਾ ਵੀ ਪਹਿਲੀ ਵਾਰ ਨਹੀਂ
ਹੋਇਆ। ਖਾਲਸਾ ਰਾਜ ਦੇ ਕਾਇਮ ਹੁੰਦਿਆਂ ਹੀ ਇਹ ਦੁਸ਼ਮਨ, ਖਾਲਸੇ ਦੀ ਧਰਮ ਨਿਰਪੱਖ ਸੋਚ ਨੂੰ ਪੌੜੀ
ਬਣਾਕੇ, ਦੋਸਤ ਬਣਕੇ, ਰਾਜਸੱਤਾ ਵਿੱਚ ਸ਼ਾਮਲ ਹੋ ਗਿਆ। ਖਾਲਸਾ ਫੌਜਾਂ ਤਾਂ ਆਪਣੀ ਜਾਨ ਤੇ ਖੇਡ ਕੇ
ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਵਧਾਉਣ ਵਿੱਚ ਲਗੀਆਂ ਰਹੀਆਂ, ਇਹ ਦੁਸ਼ਮਨ ਅੰਦਰੋਂ ਅੰਦਰੀ ਖਾਲਸਾ
ਰਾਜ ਦੇ ਪ੍ਰਤੱਖ ਦੁਸ਼ਮਨਾਂ ਨਾਲ ਮਿਲ ਕੇ ਰਾਜਸੱਤਾ ਨੂੰ ਖੋਖਲਾ ਕਰਨ ਵਿੱਚ ਲੱਗਾ ਰਿਹਾ, ਅਤੇ ਅੰਤ
ਇਸ ਦੀਆਂ ਸਾਜਿਸ਼ਾਂ ਜੋ ਰੰਗ ਲਿਆਈਆਂ ਉਹ ਕਿਸੇ ਤੋਂ ਲੁਕਿਆ ਨਹੀਂ। ਇਹ ਮਕਾਰੀ ਦਾ ਹਮਲਾ ਸਦਾ ਜਾਰੀ
ਰਿਹਾ ਹੈ। ਪਰ ਅੱਜ ਦੋ ਵੱਡੇ ਫਰਕ ਹਨ। ਪਹਿਲਾ ਤਾਂ ਇਹ ਕਿ ਸਦੀਆਂ ਦੀ ਗੁਲਾਮੀ ਤੋਂ ਬਾਅਦ ਅਜ ਇਹ
ਰਾਜਸੱਤਾ ਤੇ ਕਾਬਜ਼ ਹੈ। ਦੂਸਰਾ ਇਹ ਕਿ ਅੱਜ ਸਿੱਖ ਕੌਮ ਦੀ ਅਗਵਾਈ ਕੌਮੀ ਗਦਾਰਾਂ ਦੇ ਹੱਥ ਹੈ, ਜੋ
ਇਸ ਦੀ ਮਦਦ ਅਤੇ ਰਾਜਸੱਤਾ ਦੀ ਤਾਕਤ ਨਾਲ
ਗਿਆਨ ਵਿਹੂਣੀ
ਭੋਲੀ-ਭਾਲੀ ਸਿੱਖ ਕੌਮ ਨੂੰ ਗੁਮਰਾਹ ਕਰਕੇ ਆਪਣੇ ਆਪ ਨੂੰ
ਪੂਰੀ ਤਰ੍ਹਾਂ ਸਥਾਪਿਤ ਕਰ ਚੁਕੇ ਹਨ। ਅਜ ਇਨ੍ਹਾਂ ਗਦਾਰ ਸਿੱਖ ਆਗੂਆਂ ਦੇ ਸਾਧਨ ਅਤੇ ਸਮਰਥਾ ਅਸੀਮਤ
ਹੈ। ਫਿਰ ਜੇ ਵਾੜ ਹੀ ਖੇਤ ਨੂੰ ਖਾਣ ਲਗ ਪਏ ਤਾਂ ਬਚਾ ਕੌਣ ਸਕਦਾ ਹੈ।
ਇੱਕ ਮਿੱਤਰ ਦੀ ਸੁਣਾਈ ਹੋਈ ਇੱਕ ਬਹੁਤ ਪਿਆਰੀ ਗੱਲ ਯਾਦ ਆਈ। ਭਾਵੇਂ ਹੈ
ਤਾਂ ਕਹਾਣੀ ਪਰ ਸਿੱਖ ਕੌਮ ਦੇ ਅਜ ਦੇ ਹਾਲਾਤ ਬਿਆਨ ਕਰਨ ਲਈ ਬਹੁਤ ਢੁਕਵੀਂ ਹੈ। ਇੱਕ ਜੰਗਲ ਨੂੰ
ਵੱਢਣ ਦੀ ਤਿਆਰੀ ਹੋ ਰਹੀ ਸੀ, ਜੰਗਲ ਦੇ ਦਰੱਖਤਾਂ ਨੂੰ ਪਤਾ ਲੱਗਾ ਤਾਂ ਸਾਰੇ ਚਿੰਤਾ ਵਿੱਚ ਪੈ ਗਏ।
ਸਾਰਿਆਂ ਨੇ ਬਾਬਾ ਬੋਹੜ ਦੀ ਅਗਵਾਈ ਵਿੱਚ ਮੀਟਿਂਗ ਕੀਤੀ ਤਾਂ ਜੋ ਇਸ ਤੋਂ ਬਚਣ ਦੇ ਉਪਰਾਲੇ ਸੋਚੇ
ਜਾਣ। ਹਰ ਕਿਸੇ ਵਿੱਚ ਘਬਰਾਹਟ ਸੀ ਕਿ ਹੁਣ ਉਨ੍ਹਾਂ ਦਾ ਅੰਤ ਨੇੜੇ ਹੈ, ਪਰ ਬਾਬਾ ਬੋਹੜ ਬਿਲਕੁਲ
ਸਹਜ ਅਵਸਥਾ ਵਿੱਚ ਸੀ ਕਿ ਉਨ੍ਹਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਇੱਕ ਖਬਰਚੀ ਨੇ ਦੱਸਿਆ,
"ਬਾਬਾ ਜੀ ਸ਼ਾਇਦ ਤੁਹਾਨੂੰ ਪਤਾ ਨਹੀ, ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹਾਂ, ਭੱਠੀਆਂ ਲਗੀਆਂ
ਹੋਈਆਂ ਹਨ ਕੁਹਾੜੇ ਘੜੇ ਜਾ ਰਹੇ ਹਨ, ਬਸ ਕੁੱਝ ਸਮੇਂ ਵਿੱਚ ਹੀ ਇਹ ਕੁਹਾੜੇ ਚਲਨੇ ਸ਼ੁਰੂ ਹੋਣਗੇ
ਅਤੇ ਸਾਡਾ ਅੰਤ ਕਰ ਦੇਣਗੇ। "
ਬਾਬਾ ਬੋਹੜ ਫੇਰ ਬੜੇ ਠਰ੍ਹਮੇਂ ਨਾਲ ਬੋਲਿਆ, "ਐਵੇਂ ਘਬਰਾਈ ਜਾਂਦੇ ਹੋ,
ਇਨ੍ਹਾਂ ਕੁਹਾੜਿਆਂ ਨੂੰ ਚਲਾਉਣ ਲਈ ਦਸਤਿਆਂ ਦੀ ਲੋੜ ਹੈ, ਬਸ ਇੱਕ ਖਿਆਲ ਰਖਿਆ ਜੇ, ਤੁਹਾਡੇ ਵਿਚੋਂ
ਕੋਈ ਦਸਤਾ ਨਾ ਬਣਿਆ ਜੇ, ਫੇਰ ਇਹ ਕੁਹਾੜੇ ਤੁਹਾਡਾ ਕੁੱਝ ਵਿਗਾੜ ਨਹੀ ਸਕਦੇ। ਤੇ ਜੇ ਤੁਹਾਡੇ
ਵਿਚੋਂ ਕੋਈ ਦਸਤਾ ਬਣ ਗਿਆ ਤਾਂ ਫੇਰ ਕੋਈ ਬਚਾ ਨਹੀ ਸਕਦਾ। " ਅਜ ਸਿੱਖ ਕੌਮ ਦੀ ਹਾਲਤ ਇਹ ਹੈ ਕਿ
ਦਸਤਿਆਂ ਦੀ ਕਮੀ ਕੌਈ ਨਹੀ। ਪਰ ਵਧੇਰੇ ਦੁਖ ਦੀ ਗਲ ਹੈ ਕਿ ਸਿੱਖ ਕੌਮ ਇਨ੍ਹਾਂ ਸਿੱਖੀ ਭੇਸ ਵਿੱਚ
ਫਿਰਦੇ ਦੁਸ਼ਮਨਾਂ ਦੀ ਪਛਾਣ ਨਹੀਂ ਕਰ ਸਕੀ। ਇਨ੍ਹਾਂ ਦੀ ਸਹਾਇਤਾ ਨਾਲ ਦੁਸ਼ਮਨ ਵਧੇਰੇ ਜਲਦੀ ਕਾਮਯਾਬੀ
ਵਲ ਵਧ ਰਿਹਾ ਹੈ।
ਦੁਸ਼ਮਨ ਇਹ ਗੱਲ ਸਪਸ਼ਟ ਸਮਝਦਾ ਹੈ ਕਿ ਕਿਸੇ ਕੌਮ ਦਾ ਬੀਜ ਨਾਸ ਕਰਨ ਦਾ ਸਭ
ਤੋਂ ਯੋਗ ਤਰੀਕਾ ਹੈ ਕਿ ਉਸ ਦੀ ਨੌਜਵਾਨੀ ਖਤਮ ਕਰ ਦਿਓ। ਜਿਸ ਕੌਮ ਦੀ ਅਗਲੀ ਪੀੜੀ ਹੀ ਖਤਮ ਹੋ
ਗਈ, ਬੀਜ ਨਾਸ ਆਪੇ ਹੋ ਗਿਆ ਫਿਰ ਬਚਿਆ ਹੀ ਕੀ? ਇਸੇ ਸਕੀਮ ਤਹਿਤ ਪਿਛਲੇ ਸਮੇਂ ਵਿੱਚ ਸਿੱਖ
ਜਵਾਨੀ ਨੂੰ ਚੁਣ ਚੁਣ ਕੇ ਮਾਰਿਆ ਗਿਆ। ਰਹਿੰਦਿਆਂ ਖੁਹੰਦਿਆਂ ਨੂੰ ਹੁਣ ਮਕਾਰੀ ਭਰੀਆਂ ਨੀਤੀਆਂ ਨਾਲ
ਮੁਕਾਇਆ ਜਾ ਰਿਹਾ ਹੈ।
ਜਦੋਂ ਕਿਸੇ ਚੁਣੌਤੀ ਦਾ ਟਾਕਰਾ ਕਰਨਾ ਹੋਵੇ ਤਾਂ ਇਹ ਜਰੂਰੀ ਹੈ ਕਿ ਉਸ ਦੇ
ਹਰ ਪੱਖ ਨੂੰ ਵਿਚਾਰ ਅਤੇ ਸਮਝ ਲਿਆ ਜਾਵੇ। ਜਿਸ ਕੌਮ ਨੂੰ ਬਰਬਾਦ ਕਰਨਾ ਹੋਵੇ, ਉਸ ਦੀ ਜਵਾਨੀ
ਨੂੰ ਤਿੰਨ ਰੋਗ ਲਗਾ ਦਿਓ, ਉਹ ਕੌਮ ਕੁੱਝ ਸਮੇਂ ਬਾਅਦ ਆਪੇ ਹੀ ਬਰਬਾਦ ਹੋ ਜਾਵੇਗੀ। ਇਹ ਰੋਗ ਹਨ:
ਅਨਪੜ੍ਹਤਾ, ਨਸ਼ੇੜੀਪਨ ਅਤੇ ਵਿਹਲੜਪਨ। ਬਦਕਿਸਮਤੀ ਨਾਲ ਇਹ ਤਿੰਨੇ ਮਾਰੂ ਰੋਗ ਮੇਰੀ ਸਿੱਖ ਕੌਮ
ਨੂੰ ਪੂਰੇ ਜੋਰ ਨਾਲ ਚੰਬੜ ਗਏ ਹਨ, ਜਾਂ ਇੰਝ ਕਹਿ ਲਓ ਕਿ ਬੜੀ ਸਕੀਮ ਨਾਲ ਚੰਬੇੜ ਦਿਤੇ ਗਏ ਹਨ।
ਅਜ ਜਿਸ ਵੇਲੇ ਸਾਖਰਤਾ ਦਾ ਯੁਗ ਹੈ। ਦੁਨੀਆਂ ਵਿਦਿਅਕ ਅਤੇ ਵਿਗਿਆਨਕ ਖੋਜਾਂ
ਦੇ ਸਿਖਰ ਛੂਹ ਰਹੀ ਹੈ। ਸੰਸਾਰ ਦੀਆਂ ਪਛੜੀਆਂ ਤੋਂ ਪਛੜੀਆਂ ਕੌਮਾਂ ਵੀ ਇਸ ਵਿਦਿਅਕ ਇਨਕਲਾਬ ਪ੍ਰਤੀ
ਸੁਚੇਤ ਹਨ ਅਤੇ ਆਪਣੀ ਕੌਮ ਅਤੇ ਸਭਿਅਤਾ ਨੂੰ ਇਸ ਇਨਕਲਾਬ ਦਾ ਵੱਧ ਤੋਂ ਵੱਧ ਲਾਭ ਪਹੁੰਚਾਣ ਦੇ
ਉਪਰਾਲੇ ਕਰ ਰਹੀਆਂ ਹਨ। ਸੰਸਾਰ ਦੀ ਹਰ ਕੌਮ, ਸੂਬੇ ਅਤੇ ਦੇਸ਼ ਨੇ ੧੦੦% ਸਾਖਰਤਾ ਦੇ ਟੀਚੇ ਮਿੱਥੇ
ਹਨ। ਸਿਰਫ ਟੀਚੇ ਹੀ ਨਹੀ ਮਿੱਥੇ ਇਸ ਨੂੰ ਪੂਰਨ ਰੂਪ ਵਿੱਚ ਅਮਲੀ ਬਣਾ ਰਹੇ ਹਨ। ਸਿੱਖ ਕੌਮ ਇਸ
ਪੱਖੋਂ ਸਗੋਂ ਪਿਛੇ ਖਿਸਕ ਗਈ ਹੈ। ਸ਼ਾਇਦ ਪੰਜਾਬ ਸਰਕਾਰ ਦੇ ਸੂਬੇ ਬਾਰੇ ਸਰਕਾਰੀ ਅੰਕੜੇ ਕੁੱਝ ਹੋਰ
ਬੋਲਦੇ ਹੋਣ, ਪਰ ਇੱਕ ਤਾਂ ਇਨ੍ਹਾਂ ਦੀ ਸਚਾਈ ਬਾਰੇ ਕਈ ਸ਼ੰਕੇ ਹਨ ਦੂਸਰਾ ਸਿੱਖ ਕੌਮ ਬਾਰੇ ਸਚਾਈ
ਬਿਲਕੁਲ ਹੀ ਅਲੱਗ ਹੈ। ਗੱਲ ਤਾਂ ਵਾਕਿਆ ਹੀ ਹੈਰਾਨਗੀ ਵਾਲੀ ਹੈ ਕਿ ਇਕੋ ਸਿਖਿਆ ਪਰਨਾਲੀ ਵਿੱਚ ਭਲਾ
ਅਲੱਗ-ਅਲੱਗ ਕੌਮਾਂ ਵਾਸਤੇ ਅਲੱਗ-ਅਲੱਗ ਮਿਆਰ ਕਿਵੇਂ ਹੋ ਸਕਦੇ ਹਨ? ਜੇ ਇਸ ਦੀ ਸਚਾਈ ਨੂੰ ਵੇਖਣਾ
ਹੋਵੇ ਤਾਂ ਪੰਜਾਬ ਦੀ ਕਿਸੇ ਯੂਨੀਵਰਸਿਟੀ, ਪਰੋਫੈਸ਼ਨਲ ਕਾਲਜ ਜਾਂ ਉਚ ਤਕਨੀਕੀ ਸਿੱਖਿਆਂ ਕੇਂਦਰ ਦੇ
ਅੰਕੜੇ ਹਾਸਿਲ ਕਰ ਲਵੋ, ਸਚਾਈ ਆਪੇ ਸਾਹਮਣੇ ਆ ਜਾਵੇਗੀ। ਜਦਕਿ ਪਿਛਲੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ
ਵਿੱਚ ਸਿੱਖਾਂ ਦੀ ਗਿਣਤੀ ੫੬% ਤੋਂ ਉਤੇ ਹੈ, ਪਰ ਇਨ੍ਹਾਂ ਅਦਾਰਿਆਂ ਵਿੱਚ ਸਿਖ ਵਿਦਿਆਰਥੀਆਂ ਦੀ
ਗਿਣਤੀ ੨੦% ਤੋ ਉਪਰ ਨਹੀਂ। ਕੀ ਸਿੱਖਾਂ ਦਾ ਬੌਧਿਕ ਪੱਧਰ ( I
Q) ਦੂਜੀਆਂ ਕੌਮਾਂ ਨਾਲੋਂ ਘੱਟ ਹੈ? ਬਿਲਕੁਲ
ਨਹੀਂ। ਬਲਕਿ ਇਸ ਦੇ ਉਲਟ ਤਾਂ ਹੋ ਸਕਦਾ ਹੈ। ਅਜ ਵੀ ਦੇਸ਼ ਦੇ ਸਰਵਉਚ ਅਹੁਦਿਆਂ ਤੇ ਸੁਸ਼ੋਭਿਤ ਸਿੱਖ
ਸਖਸ਼ੀਅਤਾਂ ਇਸ ਗਲ ਦਾ ਪ੍ਰਤੱਖ ਪਰਮਾਣ ਹਨ।
ਇਹ ਸਭ ਕੁੱਝ ਸੁਭਾਵਕ ਨਹੀਂ ਹੋ ਰਿਹਾ, ਇੱਕ ਸੋਚੀ ਸਮਝੀ ਚਾਲ ਅਧੀਨ ਬੜੇ ਤਰੀਕੇ ਨਾਲ ਕੀਤਾ ਜਾ
ਰਿਹਾ ਹੈ, ਜਿਸ ਦੀ ਸਹਿਜੇ ਹੀ ਸਮਝ ਨਹੀਂ ਆਉਂਦੀ।
ਅਸਲ ਵਿੱਚ ਪੰਜਾਬ ਵਿੱਚ ਵੀ ਸਿੱਖਾਂ ਦੀ ਬਹੁਗਿਣਤੀ ਪਿੰਡਾਂ ਵਿੱਚ ਵਸਦੀ
ਹੈ। ਇਨ੍ਹਾਂ ਸਿੱਖ ਵਿਰੋਧੀ ਸ਼ਕਤੀਆਂ ਨੇ ਇਸੇ ਗੱਲ ਦਾ ਪੂਰਾ ਫਾਇਦਾ ਚੁਕ ਕੇ ਦਿਹਾਤੀ ਇਲਾਕਿਆਂ
ਵਿੱਚ ਵਿਦਿਅਕ ਪ੍ਰਨਾਲੀ ਦਾ ਭੱਠਾ ਹੀ ਬਿਠਾ ਦਿੱਤਾ ਹੈ। ਪਿੰਡਾਂ ਵਿੱਚ ਸਕੂਲ ਤਾਂ ਹਨ ਪਰ ਅਧਿਆਪਕ
ਨਹੀਂ, ਜੇ ਅਧਿਆਪਕ ਹਨ ਤਾਂ ਵਿਦਿਆ ਨਹੀਂ। ਬੇਸ਼ਕ ਇਸ ਨਾਲ ਕੁੱਝ ਗੈਰ ਸਿੱਖਾਂ ਨੂੰ ਵੀ ਨੁਕਸਾਨ ਹੋ
ਰਿਹਾ ਹੋਵੇ, ਪਰ ਕੀ ਫਰਕ ਪੈਂਦਾ ਹੈ? ਆਟੇ ਨਾਲ ਘੁਣ ਅਕਸਰ ਪੀਸਿਆ ਹੀ ਜਾਂਦਾ ਹੈ। ਉਂਜ ਵੀ ਜੋ
ਦੂਜੇ ਨੰਬਰ ਤੇ ਪਰਭਾਵਤ ਹਨ, ਉਹ ਦਲਿਤ ਪਰਿਵਾਰ ਹਨ। ਜੋ ਸਿੱਖ ਕੌਮ ਵਾਂਗ ਹੀ ਇਨ੍ਹਾਂ ਦੇ ਨਿਸ਼ਾਨੇ
ਤੇ ਹਨ। ਜੇ ਇਕਾ ਦੁਕਾ ਗਰੀਬ ਹੋਰ ਨਾਲ ਰਗੜੇ ਵੀ ਗਏ ਤਾਂ ਇਨ੍ਹਾਂ ਵਾਸਤੇ ਮਾਮੂਲੀ ਗਲ ਹੈ। ਹੋਰ
ਤਾਂ ਹੋਰ ਸਿੱਖ ਅਧਿਆਪਕ ਵੀ ਕੌਮ ਪ੍ਰਤੀ ਆਪਣੇ ਫਰਜ਼ ਤੋਂ ਜਾਗਰੂਕ ਨਹੀ। ਉਹ ਵੀ ਖੁਸ਼ ਹਨ ਕਿ ਚਲੋ
ਬਹੁਤੀ ਮਿਹਨਤ ਕੀਤੇ ਬਗੈਰ ਮੁਫਤ ਵਿੱਚ ਤਨਖਾਹ ਮਿਲ਼ੀ ਜਾਂਦੀ ਹੈ। ਨਾਲੇ ਸਗੋਂ ਜਿਹੜੇ ਵਿਰਲੇ
ਪਰਿਵਾਰ ਵਿੱਦਿਆ ਦੀ ਮਹੱਤਤਾ ਤੋ ਸੁਚੇਤ ਹਨ, ਉਹ ਆਪਣਾ ਪੇਟ ਕੱਟ ਕੇ ਇਨ੍ਹਾਂ ਅਧਿਆਪਕਾਂ ਨੂੰ
ਮੋਟੀਆਂ ਫੀਸਾਂ ਦੇ ਕੇ ਬੱਚਿਆਂ ਨੂੰ ਟਿਊਸ਼ਨਾਂ ਲੁਆ ਕੇ ਦੇਂਦੇ ਹਨ। ਪਿਛਲੇ ਦਿਨੀ ਮੇਰੇ ਇੱਕ
ਜਾਣਕਾਰ, ਜੋ ਚੰਡੀਗੜ੍ਹ ਦੇ ਨੇੜੇ ਪੰਜਾਬ ਦੇ ਇੱਕ ਸਕੂਲ ਵਿੱਚ ਮਿਡਲ ਸਕੂਲ ਦੇ ਮੁੱਖ ਅਧਿਆਪਕ ਹਨ
ਅਤੇ ਜਦੋਂ ਵੀ ਮਿਲਦੇ ਹਨ, ਪੰਥ ਦੇ ਮੌਜੂਦਾ ਹਾਲਾਤ ਪ੍ਰਤੀ ਕਾਫੀ ਦਰਦ ਜ਼ਾਹਿਰ ਕਰਦੇ ਹਨ, ਦੇ ਨਾਲ
ਗੱਲ ਹੋ ਰਹੀ ਸੀ, ਦੱਸਣ ਲਗੇ, "ਸਕੂਲ ਵਿੱਚ ਅਸੀਂ ਸੱਤ ਅਧਿਆਪਕ ਹਾਂ ਅਤੇ ਸੱਠ ਵਿਦਿਆਰਥੀ ਹਨ, ਬੜੀ
ਮੌਜ ਹੈ ਬਹੁਤਾ ਕੰਮ ਨਹੀਂ ਕਰਨਾ ਪੈਂਦਾ। " ਮੈਨੂੰ ਉਨ੍ਹਾਂ ਦੀ ਗੱਲ ਸੁਣਕੇ ਬਹੁਤ ਦੁੱਖ ਲੱਗਾ। ਮੈ
ਉਨ੍ਹਾਂ ਨੂੰ ਕਿਹਾ, "ਤੁਹਾਨੂੰ ਤਾਂ ਚਾਹੀਦਾ ਹੈ ਕਿ ਘਰੋ-ਘਰੀ ਜਾ ਕੇ ਵੀ ਬੱਚਿਆਂ ਨੂੰ ਪ੍ਰੇਰ ਕੇ
ਲਿਆਓ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਿਖਿਅਤ ਕਰੋ। " ਉਨ੍ਹਾਂ ਫੌਰਨ ਪਲਟੀ ਮਾਰੀ, "ਥੋੜ੍ਹੇ
ਬੱਚਿਆਂ ਨਾਲ ਪੜ੍ਹਾਈ ਚੰਗੀ ਹੋ ਜਾਂਦੀ ਹੈ। " ਹਰ ਕੋਈ ਆਪਣੇ ਸੁਆਰਥ ਵਿੱਚ ਫਸਿਆ ਹੈ। ਜੇ
ਪਿੰਡਾਂ ਦੇ ਸਕੂਲਾਂ ਵਿਚੋਂ ਮੁੱਢਲੀ ਸਿਖਿਆ ਦਾ ਹੀ ਇਹ ਹਾਲ ਹੈ ਤਾਂ ਅੱਜ ਦੇ ਮੁਕਾਬਲੇ ਦੇ ਯੁੱਗ
ਵਿੱਚ ਸਿੱਖ ਬੱਚਿਆ ਨੇ ਉਚ ਪੱਧਰੀ ਵਿਦਿਅਕ ਸੰਸਥਾਵਾਂ ਵਿੱਚ ਕਿਥੋਂ ਨਜ਼ਰ ਆਉਣਾ ਹੈ।
ਪੰਜਾਬ ਦੀਆਂ ਮੰਡੀਆਂ ਤੇ ਕਾਬਜ਼ ਬਾਣੀਆਂ ਸ਼੍ਰੇਣੀ ਬਹੁਤਾਤ ਪਿੰਡਾਂ ਦੇ ਨਾਲ ਲਗਦੇ ਕਸਬਿਆਂ ਵਿੱਚ
ਵਸਦੀ ਹੈ, ਜੋ ਵਿਦਿਆ ਦੀ ਮਹੱਤਤਾ ਪ੍ਰਤੀ ਪੂਰੀ ਤਰ੍ਹਾਂ ਸੁਚੇਤ, ਪਿੰਡਾਂ ਵਿੱਚ ਸਿਖਿਆ ਦੇ ਪੱਧਰ
ਬਾਰੇ ਪੂਰੀ ਤਰ੍ਹਾਂ ਜਾਣੂ ਅਤੇ ਮਾਇਕ ਪੱਖੋਂ ਪੂਰੀ ਤਰ੍ਹਾਂ ਸਮਰੱਥ ਹੈ। ਇਨ੍ਹਾਂ ਦੇ ਬੱਚੇ ਸ਼ਹਿਰਾਂ
ਵਿੱਚ ਉਚ ਪੱਧਰ ਦੀ ਵਿਦਿਆ ਪ੍ਰਾਪਤ ਕਰਦੇ ਹਨ। ਇਵੇਂ ਹੀ ਕੁੱਝ ਸਮਰੱਥ, ਸੁਚੇਤ ਦਿਹਾਤੀ ਸਿੱਖਾਂ ਦੇ
ਬੱਚੇ ਵੀ ਸ਼ਹਿਰਾਂ ਵਿੱਚ ਪੜ੍ਹਦੇ ਹਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜੀ ਹੈ। ਜਿਵੇਂ ਪਿੰਡਾਂ ਵਿੱਚ
ਕੁੱਝ ਗੈਰ ਸਿੱਖ ਇਸ ਸਾਜਸ਼ ਦੀ ਮਾਰ ਹੇਠ ਆ ਰਹੇ ਹਨ, ਉਵੇਂ ਸ਼ਹਿਰਾਂ ਵਿੱਚ ਵਸਦੇ ਸਿੱਖਾਂ ਨੂੰ
ਸ਼ਹਿਰਾਂ ਵਿਚਲੇ ਉਚੇ ਵਿਦਿਅਕ ਮਿਆਰ ਦਾ ਸੁਭਾਵਕ ਫਾਇਦਾ ਮਿਲ ਰਿਹਾ ਹੈ। ਪੰਜਾਬ ਦੇ ਪ੍ਰਸ਼ਾਸਨ ਤੇ
ਕਾਬਜ਼ ਲੌਬੀ, ਨੀਤੀਆਂ ਅਤੇ ਪ੍ਰੋਗਰਾਮ ਇਸ ਤਰ੍ਹਾਂ ਦੇ ਉਲੀਕਦੀ ਹੈ, ਜਿਸ ਨਾਲ ਉਚ ਪੱਧਰੀ ਵਿਦਿਆ
ਨੂੰ ਵਧੇਰੇ ਉਤਸਾਹਿਤ ਕੀਤਾ ਜਾ ਸਕੇ। ਸਰਕਾਰੀ ਖਜਾਨੇ ਚੋਂ ਵਧੇਰੇ ਫੰਡ ਉਚ ਪੱਧਰੀ ਸਿਖਿਆ ਲਈ ਨੀਯਤ
ਕੀਤੇ ਜਾਂਦੇ ਹਨ। ਸਭ ਤੋਂ ਵੱਡੀ ਗਲ ਹੈ, ਪੂਰੀ ਪ੍ਰਨਾਲੀ ਨੂੰ ਢਿੱਲਾ ਛੱਡ ਦਿਤਾ ਗਿਆ ਹੈ।
ਅਧਿਆਪਕਾਂ ਦੀ ਕਾਰਗੁਜਾਰੀ ਨੂੰ ਨਤੀਜਿਆਂ ਨਾਲ ਨਹੀ ਜੋੜਿਆ ਗਿਆ। ਮੈਂ ਉਚੇਰੀ ਸਿਖਿਆ ਦਾ ਵਿਰੋਧੀ
ਨਹੀਂ, ਪੱਕਾ ਹਮਾਇਤੀ ਹਾਂ, ਪਰ ਸੁਆਲ ਤਾਂ ਸੂਬੇ ਦੇ ਲੋਕਾਂ ਦੀ ਲੋੜ ਦਾ ਹੈ। ਜੇ ਸੂਬੇ ਦੀ
ਬਹੁਗਿਣਤੀ ਨੂੰ ਮੁਢਲੀ ਸਿਖਿਆ ਹੀ ਨਹੀਂ ਮਿਲ ਰਹੀ ਤਾਂ ਉਚੇਰੀ ਸਿਖਿਆ ਦੀ ਪ੍ਰਫੁਲਤਾ ਦਾ ਉਨ੍ਹਾਂ
ਨੂੰ ਕੀ ਲਾਭ? ਸਰਕਾਰ ਕੋਈ ਵੀ ਆ ਜਾਵੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਨੀਤੀਆਂ ਤਾਂ ਉਸੇ ਲੌਬੀ ਨੇ
ਘੜਨੀਆਂ ਹਨ। ਉਂਜ ਵੀ ਸਿਆਸੀ ਲੋਕਾਂ ਕੋਲ ਇਤਨਾ ਸੋਚਣ ਦਾ ਸਮਾਂ ਹੀ ਕਿਥੇ ਹੈ। ਉਨ੍ਹਾਂ ਨੂੰ ਤਾਂ
ਕੇਵਲ ਜਨਤਾ ਨੂੰ ਮੂਰਖ ਬਣਾਕੇ ਵੋਟ ਲੈਣ ਤਕ ਮਤਲਬ ਹੈ। ਵੈਸੇ ਵੀ ਸਿਆਸੀ ਆਗੂ ਤਾਂ ਇਹ ਸਮਝਦੇ ਹਨ
ਕਿ ਅਨਪੜ੍ਹ, ਗਵਾਰ ਜਨਤਾ ਹੀ ਉਨ੍ਹਾਂ ਦੀ ਚੰਗੀ ਵੋਟ ਬੈਂਕ ਹੈ। ਵਿਸ਼ੇਸ਼ ਤੌਰ ਤੇ ਅਕਾਲੀ ਆਗੂਆਂ ਨੂੰ
ਤਾਂ ਸਦਾ ਏਹੀ ਡਰ ਲਗਾ ਰਹਿੰਦਾ ਹੈ ਕਿ ਜੇ ਦਿਹਾਤੀ ਪੰਜਾਬੀ ਚੰਗਾ ਪੜ੍ਹ ਗਏ ਜਾਂ ਚੰਗੇ ਸਿੱਖ ਬਣ
ਗਏ ਤਾਂ ਉਨ੍ਹਾਂ ਦੀ ਰਾਜਗੱਦੀ ਖਤਰੇ ਵਿੱਚ ਪੈ ਜਾਵੇਗੀ, ਇਸੇ ਕਰਕੇ ਵਿਦਿਆ ਦੇ ਪੱਧਰ ਬਾਰੇ ਤਾਂ
ਇਨ੍ਹਾਂ ਨੇ ਕੀ ਸੋਚਣਾ ਹੈ? ਸਗੋਂ ਸਿੱਖੀ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਰਹੇ ਹਨ।
ਸਭ ਤੋਂ ਵੱਧ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਆਪ ਹੀ ਆਪਣੀ ਇਸ ਤਬਾਹੀ
ਬਾਰੇ ਸੁਚੇਤ ਨਹੀਂ। ਕੁੱਝ ਸਮਾਂ ਪਹਿਲੇ ਅਸੀਂ ਮਾਨਸਾ ਜ਼ਿਲੇ ਦੇ ਇੱਕ ਪਿੰਡ ਵਿੱਚ ਨੌਜਵਾਨ ਬੱਚਿਆਂ
ਦਾ ਇੱਕ ਕੈਂਪ ਕਰਨ ਵਾਸਤੇ ਗਏ। ਪਿੰਡ ਦੇ ਕੋਈ ੧੦ ਤੋਂ ੨੦ ਸਾਲ ਦੀ ਉਮਰ ਦੇ ੪੦-੪੫ ਬੱਚੇ ਇਕੱਠੇ
ਕੀਤੇ। ਪਹਿਲਾਂ ਤਾਂ ਇਤਨੇ ਬੱਚਿਆਂ ਚੋਂ ਸਿਰਫ ੬ ਕੇਸਾਧਾਰੀ। ਮੈਂ ਸੋਚਿਆ ਇਨ੍ਹਾਂ ਕੇਸਾਧਾਰੀ
ਬੱਚਿਆਂ ਤੋਂ ਹੀ ਸ਼ੁਰੂ ਕੀਤਾ ਜਾਵੇ, ਹੋ ਸਕਦਾ ਹੈ ਦੂਸਰਿਆਂ ਵਾਸਤੇ ਪ੍ਰੇਰਨਾ ਸਰੋਤ ਬਣ ਸਕਣ। ਮੈਂ
ਇੱਕ ੧੨-੧੩ ਸਾਲ ਦੇ ਬੱਚੇ ਨੂੰ ਬੜੇ ਪਿਆਰ ਨਾਲ ਪੁਛਿਆ,
"ਬੇਟਾ ਤੁਸੀਂ ਕਦੇ ਜਪੁਜੀ ਸਾਹਿਬ ਦਾ ਪਾਠ ਕਰਦੇ ਹੋ? "
ਉਸ ਬੱਚੇ ਨੇ ਬੜਾ ਹੀ ਭੈੜਾ ਜਿਹਾ ਮੂੰਹ ਬਣਾਕੇ ਕਿਹਾ, "ਮੈਂ ਕਿਤੇ ਗਿਆਨੀ
ਬਨਣੈ? "
ਮੇਰੀ ਆਤਮਾ ਹਿਲ ਗਈ। ਜੇ ਸਿੱਖ ਬਚਿਆਂ ਵਿੱਚ ਇਹ ਸੋਚ ਘਰ ਕਰ ਰਹੀ ਹੈ ਕਿ
ਪਾਠ ਮੰਤ੍ਰ ਹੈ ਅਤੇ ਇਸ ਨੂੰ ਪੜ੍ਹਨਾ ਪੁਜਾਰੀ ਦਾ ਕੰਮ ਹੈ ਤਾਂ ਫਿਰ ਸਿੱਖੀ ਦਾ ਕੀ ਭਵਿੱਖ ਹੈ?
ਫਿਰ ਗਲ ਹੈ ਵੀ ਤਾਂ ਠੀਕ। ਸਤਿਗੁਰ ਦੀ ਪਾਵਨ ਬਾਣੀ ਵੀ ਫੁਰਮਾਂਦੀ ਹੈ:
"ਗਿਆਨ ਵਿਹੂਣਾ ਕਥਿ ਕਥਿ ਲੂਝੈ" (ਮਹਲਾ ੧-ਪੰਨਾ ੪੬੬)
ਜਿਨ੍ਹਾਂ ਬੱਚਿਆਂ ਨੂੰ ਨਾ ਦੁਨਿਆਵੀ ਵਿਦਿਆ ਪ੍ਰਾਪਤ ਹੋਈ ਨਾ ਗੁਰਮਤਿ
ਉਨ੍ਹਾਂ ਕੋਲ ਪਹੁੰਚੀ, ਉਨ੍ਹਾਂ ਕੋਲੋਂ ਹੋਰ ਆਸ ਹੀ ਕੀ ਕੀਤੀ ਜਾ ਸਕਦੀ ਹੈ? ਉਂਜ ਵੀ ਇਸ ਸੋਚ
ਨੂੰ ਪਰਫੁਲਤ ਕਰਣ ਲਈ ਅਸੀਂ ਸਾਰੇ ਹੀ ਜਿਮੇਂਵਾਰ ਹਾਂ। ਮੈਂ ਇੱਕ ਦੂਸਰਾ ਬੱਚਾ, ਜਿਹੜਾ
ਤਕਰੀਬਨ ੧੭-੧੮ ਸਾਲ ਦਾ ਸੀ, ਨੂੰ ਪੁੱਛਿਆ,
"ਬੇਟਾ ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? "
ਉਹ ਬੋਲਿਆ, "ਹਟ ਲਿਆ। "
ਮੈਂ ਪੁੱਛਿਆ, "ਕਿਹੜੀ ਕਲਾਸ ਤੋਂ ਹਟ ਗਏ ਸੀ? "
ਉਸ ਜੁਆਬ ਦਿਤਾ, "ਓਂ ਤਾਂ ਛੇਵੀਂ ਤੋਂ ਹਟ ਲਿਆ ਥਾ। "
ਮੈਂ ਕਿਹਾ, "ਬੇਟਾ ਹਟ ਕਿਉਂ ਗਏ? ਪੜ੍ਹਨਾ ਚਾਹੀਦਾ ਸੀ। "
ਅਗੋਂ ਉਸ ਕਿਹਾ."ਕਿਆ ਕਰਨੈ ਪੜ੍ਹ ਕੇ? ਅਗੇ ਪਾੜ੍ਹਿਆਂ ਕਿਆ ਕਰ ਲਿਐ? "
ਦਿਲ ਕੰਬ ਗਿਆ, ਜੇ ਸਿੱਖ ਨੌਜਵਾਨੀ ਪੜ੍ਹਾਈ ਦੀ ਮਹਤੱਤਾ ਤੋਂ ਹੀ ਅਣਜਾਣ
ਹੈ, ਤਾਂ ਕੌਮੀ ਭਵਿਖ ਕੀ ਹੌਵੇਗਾ? ਸਾਫ ਸਪਸ਼ਟ ਹੈ ਕਿ ਦੁਸ਼ਮਨ ਆਪਣੇ ਮਕਸਦ ਵਿੱਚ ਪੂਰੀ ਤਰ੍ਹਾਂ
ਕਾਮਯਾਬ ਹੈ। ਪੰਜਾਬ ਵਿੱਚ ਨੌਜਵਾਨ ਬੱਚੇ ਆਪਸ ਵਿੱਚ ਇੱਕ ਦੂਸਰੇ ਨੂੰ ਮੋਬਾਇਲ ਸੁਨੇਹੇ ( SMS)ਭੇਜਦੇ
ਹਨ, ਕਿ ਜਿਆਦਾ ਪੜ੍ਹਨ ਦੀ ਕੀ ਲੋੜ ਹੈ, ਬਾਅਦ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਅਤੇ ਆਤਮਹੱਤਿਆਵਾਂ
ਕਰਨੀਆਂ ਪੈਂਦੀਆਂ ਹਨ। ਪਹਿਲਾਂ ਤਾਂ ਇਹ ਹੈ ਹੀ ਨਿਰਾ ਕੂੜ। ਸਚਾਈ ਤਾਂ ਇਹ ਹੈ ਕਿ, ਬਾਕੀ ਦੇਸ਼ ਦੀ
ਤਾਂ ਗਲ ਹੀ ਛੱਡ ਦੇਈਏ, ਪੰਜਾਬ ਵਿੱਚ ਸਥਾਪਤ ਕੁੱਝ ਸਨਅਤੀ ਇਕਾਈਆਂ, ਜਾਂ ਕੁੱਝ ਹੋਰ ਵੱਡੇ
ਅਦਾਰਿਆਂ ਨੂੰ ਸੂਬੇ ਵਿੱਚ ਯੋਗ ਕਾਮਿਆਂ ਦੀ ਲੋੜ ਹੁੰਦੀ ਹੈ ਤਾਂ ਚੰਗੇ ਅਹੁਦਿਆਂ ਵਾਸਤੇ ਵਿਰਲੇ ਹੀ
ਸਿੱਖ ਉਮੀਦਵਾਰ ਮਿਲਦੇ ਹਨ। ਫਿਰ ਜੇ ਕੁੱਝ ਸੱਚ ਵੀ ਹੋਵੇ ਤਾਂ ਕੀ ਪੜ੍ਹਾਈ ਸਿਰਫ ਨੌਕਰੀ ਵਾਸਤੇ ਹੀ
ਜਰੂਰੀ ਹੈ? ਕੋਈ ਬੜੀ ਹੀ ਖਤਰਨਾਕ ਅਤੇ ਗਹਿਰੀ ਖੇਡ ਖੇਡੀ ਜਾ ਰਹੀ ਹੈ ਸਿੱਖ ਨੌਜਵਾਨੀ ਦੇ
ਖਿਲਾਫ।
ਅਜ ਸਭ ਤੋਂ ਪਹਿਲੀ ਲੋੜ ਤਾਂ ਹੈ ਕਿ ਸਿੱਖ ਨੌਜਵਾਨੀ ਆਪਣੇ ਖਿਲਾਫ ਘੜੀ ਗਈ
ਸਾਜਿਸ਼ ਨੂੰ ਸਮਝੇ, ਅਤੇ ਇਸ ਦਾ ਮੂੰਹ ਤੋੜ ਜੁਆਬ ਦੇਵੇ। ਚਾਹੀਦਾ ਤਾਂ ਇਹ ਸੀ ਕਿ ਸਾਰੀ ਸਿੱਖ
ਕੌਮ ਇਸ ਸਾਜਸ਼ ਨੂੰ ਸਮਝਦੀ ਅਤੇ ਕੌਮੀ ਨੌਜਵਾਨੀ ਇਸ ਨੁੰ ਇੱਕ ਵੰਗਾਰ ਦੇ ਤੌਰ ਤੇ ਲੈਂਦੀ। ਉਚ
ਪੱਧਰੀ ਵਿਦਿਆ ਦੇ ਆਪਣੇ ਪ੍ਰਬੰਧ ਕੀਤੇ ਜਾਂਦੇ। ਬੇਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ
ਕੁੱਝ ਸਕੂਲ ਅਤੇ ਕਾਲਜ ਬਣਾਏ ਹਨ ਪਰ ਇੱਕ ਤਾਂ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, ਦੂਸਰਾ ਇਹ ਵੀ
ਬਹੁਤੇ ਅੰਦਰੂਨੀ ਦਿਹਾਤੀ ਇਲਾਕਿਆਂ ਵਿੱਚ ਨਹੀ ਬਣਾਏ ਗਏ, ਜਿਥੇ ਬਹੁਤੀ ਲੋੜ ਹੈ ਅਤੇ ਸਭ ਤੋਂ ਵੱਡੀ
ਗੱਲ, ਇਨ੍ਹਾਂ ਦਾ ਪੜ੍ਹਾਈ ਦਾ ਪੱਧਰ ਬਹੁਤ ਨੀਵਾਂ ਹੈ। ਬਹੁਤੇ ਅਧਿਆਪਕ ਜਥੇਦਾਰਾਂ ਦੇ ਸਿਫਾਰਸ਼ੀ
ਹਨ, ਜਿਨ੍ਹਾਂ ਦੀ ਕਾਬਲੀਅਤ ਅਤੇ ਕੌਮ ਪ੍ਰਤੀ ਨੇਕਨੀਤੀ ਦੋਨੋਂ ਸ਼ੱਕੀ ਹਨ। ਇਹ ਜਥੇਦਾਰ ਸਿਫਾਰਸ਼
ਕਰਦੇ ਇਹ ਵੀ ਨਹੀਂ ਵੇਖਦੇ ਕਿ ਜਿਨ੍ਹਾਂ ਦੀ ਖਾਲਸਾ ਸਕੂਲ ਵਿੱਚ ਲਗਣ ਲਈ ਸਿਫਾਰਸ਼ ਕਰ ਰਹੇ ਹਾਂ,
ਉਨ੍ਹਾਂ ਦੀ ਕਾਬਲੀਅਤ ਕਿਤਨੀ ਹੈ ਅਤੇ ਸਿੱਖੀ ਦੀ ਸੋਝੀ ਅਤੇ ਸਿੱਖੀ ਜਜ਼ਬਾ ਕਿਤਨਾ ਹੈ। ਨਤੀਜਾ ਇਹ
ਕਿ ਅਜ ਇਹ ਬਹੁਤੀਆਂ ਖਾਲਸਾ ਸੰਸਥਾਵਾਂ ਜਾਂ ਨਲਾਇਕ ਅਤੇ ਗੈਰ ਜਿਮੇਵਾਰ ਅਧਿਆਪਕਾਂ ਨਾਲ ਭਰੀਆਂ
ਪਈਆਂ ਹਨ ਤੇ ਜਾਂ ਕਾਮਰੇਡਾਂ ਨਾਲ। ਇਸ ਕਾਰਨ ਇਹ ਵੱਡੀ ਕਮੀ ਰਹੀ ਹੈ, ਕਿ ਇਕਾ–ਦੁਕਾ ਨੂੰ ਛੱਡ ਕੇ
ਇਨ੍ਹਾਂ ਸਕੂਲਾਂ ਕਾਲਜਾਂ ਵਿੱਚ ਨਾ ਵਿਦਿਆ ਦਾ ਪੱਧਰ ਲੋੜ ਅਤੇ ਸਮੇਂ ਅਨੁਸਾਰ ਹੈ ਅਤੇ ਨਾ ਹੀ
ਇਨ੍ਹਾਂ ਸੰਸਥਾਵਾਂ ਵਿੱਚ ਸਿੱਖ ਮਾਹੌਲ ਹੈ। ਨਤੀਜਾ ਇਹ ਕਿ ਅਜ ਇਨ੍ਹਾਂ ਸੰਸਥਾਵਾਂ ਵਿੱਚ ਪਤਿਤਪੁਣਾ
ਸਭ ਤੋਂ ਜਿਆਦਾ ਹੈ। ਕੁੱਝ ਗੁਰਦੁਆਰਾ ਕਮੇਟੀਆਂ ਨੇ ਵੀ ਵਿਦਿਅਕ ਸੰਸਥਾਵਾਂ ਖੋਲ੍ਹੀਆਂ ਹਨ, ਜੋ ਕਿ
ਇੱਕ ਚੰਗਾ ਰੁਝਾਨ ਹੈ ਪਰ ਇੱਕ ਤਾਂ ਇਹ ਵੀ ਬਹੁਤੇ ਸ਼ਹਿਰਾਂ ਵਿੱਚ ਜਾਂ ਵੱਡੇ ਕਸਬਿਆਂ ਵਿੱਚ ਹਨ,
ਦੂਸਰਾ ਵਿਰਲਿਆਂ ਨੁੰ ਛੱਡਕੇ ਬਾਕੀਆਂ ਵਿੱਚ ਪੜ੍ਹਾਈ ਦੇ ਪੱਧਰ ਦਾ ਉਹੋ ਹਾਲ ਹੈ। ਕੁੱਝ ਹੋਰ
ਸੰਸਥਾਵਾਂ ਅਤੇ ਨਿਜੀ ਸ਼ਖਸੀਅਤਾਂ ਨੇ ਵੀ ਗੁਰੁ ਪਾਤਿਸ਼ਾਹਾਂ ਦੇ ਨਾਂਅ ਤੇ ਜਾਂ ਖਾਲਸਾ ਨਾਂਅ ਤੇ
ਸਕੂਲ ਕਾਲਜ ਖੋਲੇ ਹਨ ਪਰ ਜਾਪਦਾ ਹੈ ਕਿ ਨਾਂਅ ਕੇਵਲ ਹੱਟੀ ਚੰਗੀ ਚਲਾਉਂਣ ਵਾਸਤੇ ਹੀ ਵਰਤੇ ਗਏ ਹਨ,
ਅਸਲ ਵਿੱਚ ਇਨ੍ਹਾਂ ਵਿਚੋਂ ਬਹੁਤੇ ਚੰਗੀ ਆਮਦਨ ਦਾ ਸਾਧਨ ਹੀ ਹਨ, ਇਸੇ ਲਈ ਵਧੇਰੇ ਸ਼ਹਿਰਾਂ ਵਿੱਚ ਹੀ
ਹਨ ਅਤੇ ਬਹੁਤ ਮਹਿੰਗੇ ਹਨ।
ਇਨ੍ਹਾਂ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਅਤੇ ਕੌਮੀ
ਆਗੂਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬਚਪਨ ਤੋਂ ਬੱਚਿਆਂ ਨੂੰ ਵਿਦਿਆ ਦੀ ਮਹਤੱਤਾ ਬਾਰੇ ਜਾਣੂ
ਕਰਵਾਉਣ ਅਤੇ ਉਨ੍ਹਾਂ ਅੰਦਰ ਚੰਗੀ ਅਤੇ ਉਚੇਰੀ ਵਿਦਿਆ ਪਰਾਪਤ ਕਰਨ ਦਾ ਚਾਅ ਪੈਦਾ ਕਰਨ। ਦੂਸਰੀ
ਜ਼ਿਮੇਂਵਾਰੀ ਕੌਮੀ ਆਗੂਆਂ, ਸਮਰਥ ਕੌਮੀ ਸਖਸ਼ੀਅਤਾਂ ਅਤੇ ਪੰਥ ਦਰਦੀਆਂ ਦੀ ਹੈ ਕਿ ਉਹ ਮੁਢਲੀ, ਉੱਚ
ਪੱਧਰੀ, ਸਸਤੀ ਵਿਦਿਆ ਦੇ ਸਾਧਨ ਮੁਹੱਈਆ ਕਰਾਉਣ ਪਰ ਸਭ ਤੋਂ ਵਧੇਰੇ ਜ਼ਿਮੇਵਾਰੀ ਕੌਮੀ ਨੌਜਵਾਨੀ
ਦੀ ਹੈ ਕਿ ਉਹ ਸਭ ਔਕੜਾਂ ਦੇ ਬਾਵਜੂਦ ਚੰਗੀ ਅਤੇ ਉਚੇਰੀ ਵਿਦਿਆ ਪ੍ਰਾਪਤ ਕਰਨ।
ਸਤਿਗੁਰੂ ਦੀ ਪਾਵਨ ਬਾਣੀ ਵੀ ਫੁਰਮਾਉਂਦੀ ਹੈ:
"ਵਿਦਿਆ ਵੀਚਾਰੀ ਤਾਂ ਪਰਉਪਕਾਰੀ।। " (ਆਸਾ ਮਹਲਾ ੧ –ਪੰਨਾ ੩੫੬)
"ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ।। " (ਪ੍ਰਭਾਤੀ ਮਹਲਾ ੧ –ਪੰਨਾ ੧੩੨੯)
ਅਜ ਇਹ ਸਾਡੀ ਕੌਮੀ ਅਤੇ ਨਿਜੀ ਲੋੜ ਹੈ ਕਿ ਸਿੱਖੀ ਸਰੂਪ ਵਿਚ, ਗੁਰਮਤਿ ਦੇ
ਧਾਰਨੀ, ਸਿੱਖ ਬੱਚੇ ਸਮਾਜ ਦੇ ਹਰ ਖੇਤਰ ਵਿੱਚ ਅਗੇ ਹੋਣ। ਸਿੱਖ ਬੱਚੇ
IAS, IPS, IFS
ਅਤੇ ਫੌਜੀ ਅਫਸਰ ਬਣਨ, ਡਾਕਟਰ ਅਤੇ ਇੰਜੀਨੀਅਰ ਬਣਨ, ਵਕੀਲ, ਜੱਜ ਅਤੇ ਪਤਰਕਾਰ ਬਣਨ, ਚੰਗੇ ਅਧਿਆਪਕ
ਅਤੇ ਪ੍ਰੋਫੈਸਰ ਬਣਨ, ਵੱਡੇ ਵਪਾਰੀ, ਕਾਰੋਬਾਰੀ ਅਤੇ ਕਾਰਖਾਨੇਦਾਰ ਬਣਨ। ਚੰਗੀ ਸਿਖਿਆ ਪ੍ਰਾਪਤ
ਕਰਕੇ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਨ, ਇਸ ਨਾਲ ਸਬੰਧਤ ਤਕਨੀਕੀ ਕਾਰਖਾਨੇ ਆਪਣੇ ਸੂਬੇ ਵਿੱਚ
ਲਾਉਣ। ਪਰਿਵਾਰਾਂ ਲਈ ਤਾਂ ਹੈ ਹੀ, ਕੌਮ ਵਾਸਤੇ ਵੀ ਉਹ ਸੁਭਾਗਾ ਸਮਾਂ ਹੋਵੇਗਾ।
ਇਸ ਦੇ ਨਾਲ ਹੀ ਜੋ ਇੱਕ ਹੋਰ ਅਤਿ ਮਾਰੂ ਰੋਗ ਸਿੱਖ ਕੌਮ ਨੂੰ ਚੰਬੇੜ ਦਿਤਾ
ਗਿਆ ਹੈ ਉਹ ਹੈ ਨਸ਼ੇੜੀਪੁਣਾ। ਵੈਸੇ ਤਾਂ ਪੰਜਾਬ ਵਾਸਤੇ ਇਹ ਕੋਈ ਨਵਾਂ ਰੋਗ ਨਹੀਂ। ਪੰਜਾਬ ਦੇ
ਪਿੰਡਾਂ ਵਿੱਚ ਤਾਂ ਇਸਨੇ ਕਦੋਂ ਦੀ ਬਰਬਾਦੀ ਸ਼ੁਰੂ ਕੀਤੀ ਹੋਈ ਹੈ। ਪਤਾ ਨਹੀਂ ਕਿਤਨੇ ਖਾਨਦਾਨ ਇਸ
ਨੇ ਤਹਿਸ-ਨਹਿਸ ਕਰ ਦਿਤੇ ਹਨ। ਪਰ ਅਜ ਤਾਂ ਇਹ ਬਿਮਾਰੀ ਸਭ ਹੱਦਾਂ ਬੰਨੇ ਪਾਰ ਕਰ ਗਈ ਹੈ। ਜਿਸ
ਤਰ੍ਹਾਂ ਪਿਛਲੇ ਕੁੱਝ ਸਾਲਾਂ ਵਿੱਚ ਪੰਜਾਬ ਵਿੱਚ ਇਸ ਨੇ ਆਪਣਾ ਸ਼ਿਕੰਜਾ ਕਸਿਆ ਹੈ ਅਤੇ ਸਰਕਾਰੀ
ਮਸ਼ੀਨਰੀ ਨੇ ਇਸ ਨੂੰ ਅਣਡਿੱਠ ਕੀਤਾ ਹੈ, ਸਪਸ਼ਟ ਜਾਪਦਾ ਹੈ ਕਿ ਇਹ ਵਾਧਾ ਸੁਭਾਵਕ ਨਹੀਂ ਹੋਇਆ। ਜਦੋਂ
ਬਰਤਾਨਵੀ ਚੀਨ ਨੂੰ ਕਾਬੂ ਕਰਨ ਵਿੱਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਵੀ ਇਹੀ ਖੇਡ ਖੇਡੀ ਸੀ। ਚੀਨ
ਵਿੱਚ ਧੱੜਾ ਧੱੜ ਅਫੀਮ ਸੁੱਟੀ। ਇਤਨੀ ਜੁਝਾਰੂ ਕੌਮ ਲੰਬੇ ਸਮੇਂ ਲਈ ਗੁਲਾਮ ਹੋ ਗਈ। ਮੈਨੂੰ ਚੰਗੀ
ਤਰ੍ਹਾਂ ਯਾਦ ਹੈ, ਸਾਡੇ ਨਿੱਕੇ ਹੁੰੰਿਦਆਂ ਜਦੋਂ ਚੀਨੀਆਂ ਬਾਰੇ ਗੱਲ ਹੁੰਦੀ ਉਨ੍ਹਾਂ ਨੂੰ ਅਕਸਰ
ਅਫੀਮਚੀ ਕਿਹਾ ਜਾਂਦਾ।
ਮੌਲਿਕ ਰੂਪ ਵਿੱਚ ਪੰਜਾਬ ਵਿੱਚ ਸ਼ਰਾਬ ਅਤੇ ਅਫੀਮ ਦਾ ਨਸ਼ਾ ਹੀ ਜਿਆਦਾ
ਪ੍ਰਚਲਤ ਸੀ, ਨਾਲ ਕੁੱਝ ਹੱਦ ਤਕ ਭੰਗ ਅਤੇ ਭੁੱਕੀ। ਸ਼ਰਾਬ ਤਾਂ ਕੁੱਝ ਲੋਕ ਘਰ ਕਢ ਲੈਂਦੇ ਸਨ, ਭੰਗ
ਅਤੇ ਭੁਕੀ ਸਹਜੇ ਹੀ ਖੇਤਾਂ ਵਿੱਚ ਉਗ ਜਾਂਦੀ ਸੀ। ਇਹ ਨਹੀਂ ਕਿ ਇਹ ਨਸ਼ੇ ਮਾਰੂ ਨਹੀਂ ਹਨ, ਪਰ ਜਿਸ
ਪੱਧਰ ਤੇ ਅਤੇ ਜਿਨ੍ਹਾਂ ਨਸ਼ਿਆਂ ਦਾ, ਹੜ੍ਹ ਅਜ ਪੰਜਾਬ ਵਿੱਚ ਵਿਸ਼ੇਸ਼ ਕਰਕੇ ਨੌਜਵਾਨੀ ਵਿੱਚ ਆਇਆ ਪਿਆ
ਹੈ, ਉਨ੍ਹਾਂ ਨੂੰ ਨਸ਼ੇ ਘਟ ਅਤੇ ਜ਼ਹਿਰ ਵਧੇਰੇ ਕਿਹਾ ਜਾ ਸਕਦਾ ਹੈ। ਬਰਾਉਨ ਸ਼ੁਗਰ, ਸਮੈਕ, ਕੋਕੀਨ,
ਹੀਰੋਇਨ, ਕਈ ਤਰ੍ਹਾਂ ਦੀਆਂ ਨਸ਼ਿਆਂ ਦੀਆਂ ਦੁਆਈਆਂ ਅਤੇ ਟੀਕੇ ਆਦਿ। ਪਹਿਲਾਂ ਤਾਂ ਇਹ ਨਸ਼ੇ ਜਿਸ ਨੂੰ
ਲੱਗ ਜਾਣ ਸੌਖੇ ਛੁਟਦੇ ਨਹੀ, ਫੇਰ ਐਸੇ ਨਸ਼ੇ ਜਿਨ੍ਹਾਂ ਨੂੰ ਇੱਕ ਵਾਰੀ ਸ਼ੁਰੂ ਕਰਨ ਤੋਂ ਬਾਅਦ ਇਨਸਾਨ
ਦੀ ਜ਼ਿੰਦਗੀ ਦੀ ਮਿਆਦ ਪੰਜ-ਸਤ ਸਾਲ ਹੀ ਰਹਿ ਜਾਂਦੀ ਹੈ, ਯਾ ਐਸੇ ਜੋ ਦੋ-ਤਿੰਨ ਸਾਲਾਂ ਵਿੱਚ ਹੀ
ਚੰਗੇ ਨੌਜਵਾਨ ਨੂੰ ਨਪੁੰਸਕ ਬਣਾ ਦੇਂਦੇ ਹਨ। ਸਭ ਤੋਂ ਵਧ ਚਿੰਤਾ ਦੀ ਗਲ ਇਹ ਹੈ ਕਿ ਇਹ ਸਭ ਇਤਨੇ
ਸੌਖੇ ਉਪਲਬਧ ਹਨ, ਜਿਵੇਂ ਕੋਈ ਆਮ ਚੀਜ਼ ਦੁਕਾਨਾਂ ਤੇ ਮਿਲਦੀ ਹੈ। ਇਹ ਪਿੰਡਾਂ ਦੀਆਂ ਬਹਿਕਾਂ ਤੋਂ
ਲੈਕੇ ਸਕੂਲਾਂ ਕਾਲਜਾਂ ਵਿੱਚ ਸਹਿਜੇ ਹੀ ਮਿਲ ਰਹੇ ਹਨ। ਹੋਰ ਤਾਂ ਹੋਰ ਲੜਕੀਆਂ ਵੀ ਇਨ੍ਹਾਂ ਮਾਰੂ
ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ, ਇਨ੍ਹਾਂ ਵਿੱਚ ਬਹੁਤਾਤ ਹੋਸਟਲਾਂ ਵਿੱਚ ਰਹਿਣ ਵਾਲੀਆਂ ਲੜਕੀਆਂ
ਦੀ ਹੈ। ਜਿਨ੍ਹਾਂ ਬੱਚੀਆਂ ਨੇ ਕੱਲ ਆਪਣੇ ਨਵੇਂ ਘਰ-ਸੰਸਾਰ ਵਸਾਉਂਣੇ ਹਨ, ਮਾਂਵਾਂ ਬਣਨਾ ਹੈ, ਜੇ
ਉਨ੍ਹਾਂ ਦੀ ਜੁਵਾਨੀ ਨਸ਼ਿਆਂ ਦੀ ਗੁਲਾਮ ਹੋ ਗਈ ਤਾਂ ਕੱਲ ਦੇ ਪਰਿਵਾਰਕ ਢਾਂਚੇ ਅਤੇ ਉਨ੍ਹਾਂ ਦੇ
ਕੁਖੋਂ ਜਨਮ ਲੈਣ ਵਾਲੀ ਸੰਤਾਨ ਦੇ ਭਵਿਖ ਦਾ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸ਼ਰਾਬ ਦਾ ਤਾਂ ਇਹ ਹਾਲ ਹੈ ਕਿ ਬਸ ਘਰੋਂ ਬਾਹਰ ਨਿਕਲਣ ਦੀ ਲੋੜ ਹੈ। ਹਰ ਗਲੀ
ਮੁੱਹਲੇ ਦੇ ਬਾਹਰ ਸ਼ਰਾਬ ਦਾ ਠੇਕਾ ਹੈ। ਅਜ ਪੰਜਾਬ ਸਰਕਾਰ ਦੀ ਕੁਲ ਆਮਦਨ ਦਾ ਤਕਰੀਬਨ ਚੌਥੇ ਹਿੱਸੇ
ਤੋਂ ਵਧੇਰੇ ਕੇਵਲ ਸ਼ਰਾਬ ਤੋਂ ਆ ਰਿਹਾ ਹੈ। ਪਿਛਲੀ ਵਾਰੀ ਅਕਾਲੀ-ਭਾਜਪਾ ਸਰਕਾਰ ਵਲੋਂ ਜਦੋਂ
ਕਿਸਾਨਾਂ ਨੂੰ ਬਿਜਲੀ-ਪਾਣੀ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਤਾਂ ਕਿਸੇ ਪੱਤਰਕਾਰ ਨੇ ਮੁੱਖ-ਮੰਤਰੀ
ਜੀ ਨੂੰ ਪੁੱਛਿਆ ਕਿ ਤੁਸੀਂ ਸਰਕਾਰੀ ਖਜਾਨੇ ਦਾ ਇਤਨਾ ਨੁਕਸਾਨ ਕਿਵੇਂ ਪੂਰਾ ਕਰੋਗੇ ਤਾਂ
ਮੁੱਖ-ਮੰਤਰੀ ਜੀ ਨੇ ਜੁਆਬ ਦਿਤਾ ਸੀ ਕਿ ਅਸੀਂ ਆਪਣੀ ਆਮਦਨ ਵਧਾਉਂਣ ਲਈ, ਸ਼ਰਾਬ ਦੇ ਹੋਰ ਠੇਕੇ
ਖੋਲਾਂਗੇ। ਇਸ ਤੋਂ ਹੀ ਸਪਸ਼ਟ ਪਤਾ ਲਗਦਾ ਹੈ ਕਿ ਸਮੇਂ ਦੀ ਸਰਕਾਰ ਸੂਬੇ ਦੇ ਲੋਕਾਂ ਪ੍ਰਤੀ ਕਿਤਨੀ
ਸੁਹਿਰਦ ਅਤੇ ਉਨ੍ਹਾਂ ਦੇ ਭਵਿੱਖ ਪ੍ਰਤੀ ਕਿਤਨੀ ਚਿੰਤਿਤ ਹੈ। ਬਲਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ
ਜਿਵੇਂ ਚੋਣਾਂ ਸਮੇਂ ਨਸ਼ੇ ਵੰਡੇ ਜਾਂਦੇ ਹਨ, ਉਸ ਨੇ ਤਾਂ ਬਿਲਕੁਲ ਹੀ ਬੇੜਾ ਡੋੱਬ ਦਿਤਾ ਹੈ। ਹੋਰ
ਤਾਂ ਹੋਰ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਇਨ੍ਹਾਂ ਦੀ ਖੁਲ੍ਹਕੇ ਵਰਤੋਂ ਅਤੇ ਵੰਡ ਕੀਤੀ
ਜਾਂਦੀ ਹੈ। ਜੋ ਲੋਕ ਨਸ਼ੇ ਵੰਡ ਕੇ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਜਿਤਦੇ ਹਨ, ਉਹ ਕਿਤਨੇ ਕੁ
ਧਰਮੀ ਹਨ ਅਤੇ ਕਿਹੋ ਜਿਹਾ ਧਰਮ ਪ੍ਰਚਾਰ ਕਰਨਗੇ, ਇਹ ਗਲ ਸਾਨੂੰ ਪਤਾ ਨਹੀਂ ਕਦੋਂ ਸਮਝ ਅਵੇਗੀ?
ਜਿਨ੍ਹਾਂ ਲੋਕਾਂ ਤੇ ਸਮਾਜ ਨੂੰ ਉੱਚਾ ਚੁਕਣ ਦੀ ਜਿਮੇਂਵਾਰੀ ਸੀ, ਉਹ ਹੀ ਅਜ ਸਮਾਜ ਦਾ ਸੱਭ ਤੋਂ
ਵੱਡਾ ਸੋਸ਼ਨ ਅਤੇ ਪਤਨ ਕਰਨ ਲੱਗੇ ਹੋਏ ਹਨ। ਕੇਵਲ ਆਪਣੇ ਛੋਟੇ-ਛੋਟੇ ਨਿਜੀ ਸਵਾਰਥਾਂ ਨੂੰ ਵੇਖਿਆ ਜਾ
ਰਿਹਾ ਹੈ। ਸ਼ਾਇਦ ਸਵਾਰਥ ਵਿੱਚ ਅੰਨ੍ਹੇ ਹੋਇਆਂ ਨੂੰ ਇਹ ਚੇਤਨਤਾ ਨਹੀਂ ਕਿ ਇਸ ਜੰਗਲ ਦੀ ਅੱਗ ਵਿੱਚ
ਉਨ੍ਹਾਂ ਦੇ ਆਪਣੇ ਪਰਿਵਾਰ ਵੀ ਝੁਲਸ ਜਾਣਗੇ। ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਪਈ ਹਰਾਮ ਦੀ ਕਮਾਈ
ਉਹ ਬਰੂਦ ਹੈ ਜਿਸਨੁੰ ਇਹ ਅੱਗ ਫੋਰਨ ਹੀ ਆਪਣੀ ਲਪੇਟ ਵਿੱਚ ਲੈ ਲਵੇਗੀ। ਇਸ ਤੋਂ ਨਾ ਭ੍ਰਿਸ਼ਟ
ਸਿਆਸਤਦਾਨਾਂ ਦੇ ਪਰਿਵਾਰ ਬਚ ਸਕਣਗੇ, ਨਾ ਭ੍ਰਿਸ਼ਟ ਅਤੇ ਗਲਤ ਨੀਤੀਆਂ ਘੜਨ ਵਾਲੀ ਅਫਸਰ ਸ਼ਾਹੀ ਦੇ
ਅਤੇ ਨਾ ਹੀ ਨਸ਼ਿਆਂ ਦੇ ਵਪਾਰੀਆਂ ਦੇ।
ਸਭ ਤੋਂ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਜ਼ਹਿਰ ਦੇ ਵਪਾਰੀ, ਜੋ ਖੁਲ੍ਹੇ ਆਮ
ਆਪਣਾ ਗੈਰ ਕਾਨੂੰਨੀ, ਅਤੇ ਗੈਰ ਇਖਲਾਕੀ ਧੰਦਾ ਚਲਾ ਰਹੇ ਹਨ, ਹਰ ਆਮ ਬੰਦੇ, ਇਥੋਂ ਤਕ ਕਿ ਛੋਟੇ
ਛੋਟੇ ਬੱਚਿਆਂ ਤੱਕ ਦੀ ਪਹੁੰਚ ਵਿੱਚ ਹਨ, ਪਰ ਉਹ ਪੁਲੀਸ ਨੁੰ ਨਜ਼ਰ ਨਹੀਂ ਆਉਂਦੇ। ਫਰਕ ਨੀਅਤ ਵਿੱਚ
ਹੈ। ਸੁੱਤੇ ਨੂੰ ਤਾਂ ਭਲਾ ਕੋਈ ਜਗਾਵੇ, ਮਚਲੇ ਨੂੰ ਕੌਣ ਜਗਾ ਸਕਦਾ ਹੈ? ਐਸਾ ਨਹੀਂ ਕਿ ਕੋਈ ਐਸੀ
ਨੀਤੀ ਜਾਂ ਪ੍ਰੋਗਰਾਮ ਐਲਾਨਿਆਂ ਗਿਆ ਹੈ ਕਿ ਨਸ਼ੇ ਵਧੇਰੇ ਵਧਾਉਂਣੇ ਹਨ ਜਾਂ ਨਸ਼ਿਆਂ ਦੇ ਵਪਾਰੀਆਂ
ਖਿਲਾਫ ਕਾਰਵਾਈ ਨਹੀਂ ਕਰਨੀ। ਬਸ ਸਿਰਫ ਪੁਲੀਸ ਅਤੇ ਪ੍ਰਸ਼ਾਸਨ ਨੂੰ ਢਿੱਲਾ ਛੱਡ ਦਿੱਤਾ ਗਿਆ ਹੈ।
ਪੰਜਾਬ ਦੀ, ਵਿਸ਼ੇਸ਼ ਕਰਕੇ ਸਿੱਖਾਂ ਦੀ ਬਰਬਾਦੀ ਕਰਨ ਲਈ ਇਤਨਾ ਹੀ ਕਾਫੀ ਹੈ। ਸਭ ਨੂੰ ਮੌਜ ਲਗੀ ਹੋਈ
ਹੈ। ਪੁਲੀਸ, ਨਸ਼ਿਆਂ ਦੇ ਵਪਾਰੀ ਅਤੇ ਸਿਆਸਤਦਾਨ ਰਲਕੇ ਖੂਬ ਪੈਸਾ ਕਮਾ ਰਹੇ ਹਨ। ਕਦੀ ਕਦੀ ਇਨ੍ਹਾਂ
ਪੁਲੀਸ ਵਾਲਿਆਂ ਤੋਂ ਲੁਕਾਕੇ, ਕੋਈ ਨਸ਼ਿਆਂ ਦੀ ਵੱਡੀ ਖੇਪ ਪੰਜਾਬ ਵਿਚੋਂ ਜਾਂ ਪੰਜਾਬ ਰਾਹੀਂ ਬਾਹਰ
ਜਾ ਰਹੀ ਹੋਵੇ, ਤਾਂ ਉਸ ਨੂੰ ਫੜਕੇ ਜਰੂਰ ਇਹ ਅਖਬਾਰਾਂ ਦੀਆਂ ਸੁਰਖੀਆਂ ਬਣਾ ਦੇਂਦੇ ਹਨ।
ਦੁੱਖ ਤਾਂ ਇਹ ਹੈ ਕਿ ਜਿਨ੍ਹਾਂ ਦਾ ਸਰਵਨਾਸ਼ ਹੋ ਰਿਹਾ ਹੈ, ਉਨ੍ਹਾਂ ਨੂੰ
ਹੋਸ਼ ਨਹੀਂ। ਕਈ ਮੁਰੱਬਿਆਂ ਦੇ ਮਾਲਕ, ਮਰਲਿਆਂ ਦੇ ਮਾਲਕ ਰਹਿ ਗਏ, ਕਈਆਂ ਦੀ ਨਸ਼ੇ ਕਰਕੇ ਕੀਤੇ
ਜੁਰਮਾਂ ਕਾਰਣ, ਸਾਰੀ-ਸਾਰੀ ਜਿੰਦਗੀ ਜੇਲ੍ਹਾਂ ਵਿੱਚ ਬਤੀਤ ਹੋ ਗਈ, ਕਈ ਫਾਹੇ ਲਗ ਗਏ, ਕਈ ਔਰਤਾਂ
ਵਿਧਵਾਵਾਂ ਹੋ ਗਈਆਂ, ਕਈ ਬੱਚੇ ਅਨਾਥ ਹੋ ਗਏ, ਪਰਿਵਾਰਾਂ ਦੇ ਪਰਿਵਾਰ ਰੁਲ ਗਏ, ਪਰ ਸਾਡੀ ਕੌਮ ਨੂੰ
ਹੋਸ਼ ਤਾਂ ਕੀ ਆਉਣੀ ਸੀ, ਇਹ ਨਸ਼ਿਆਂ ਦਾ ਦੌਰ ਕਈ ਗੁਣਾ ਵਧ ਗਿਆ ਹੈ। ਮੈਂ ਆਪਣੇ ਅੱਖੀਂ ਕਈ
ਮੂਰਖ ਬਾਪਾਂ ਨੂੰ, ਆਪਣੇ ਮਾਸੂਮ ਬਚਿਆਂ ਨੂੰ ਇਹ ਜ਼ਹਿਰ ਆਪ ਪੀਆਉਂਦੇ ਵੇਖਿਆ ਹੈ। ਫਿਰ ਉਹ ਬੜੇ ਮਾਣ
ਨਾਲ ਦਸਦੇ ਹਨ, "ਸ਼ੇਰ ਦਾ ਬੱਚਾ ਹੈ, ਦੋ ਪੈਗ ਚੱਕ ਜਾਂਦੈ ਹੁਣੀ। " ਕੀ ਆਖਾਂ ਉਸ ਸ਼ੇਰ ਦੇ ਬੱਚੇ ਦੇ
ਬਾਪ ਨੂੰ ਕਿ ਉਹ ਆਪ ਗਧਾ ਹੈ, ਮੂਰਖ, ਜਾਂ ਆਪਣੇ ਮਾਸੂਮ ਬੱਚੇ ਦਾ ਕਾਤਲ?
ਇੱਕ ਸਕੂਲ ਦੇ ਅਧਿਆਪਕ ਨੇ ਮੈਨੂੰ ਦੱਸਿਆ ਕਿ, ਉਸ ਨੂੰ ਸਕੂਲ ਦੇ ਇੱਕ ਬੱਚੇ
ਬਾਰੇ ਪਤਾ ਲਗਾ ਕਿ ਉਹ ਨਸ਼ਾ ਕਰਨ ਲਗ ਪਿਆ ਹੈ। ਉਸ ਨੇ ਬੱਚੇ ਨੂੰ ਵੀ ਸਮਝਾਉਂਣ ਦੀ ਕੋਸ਼ਿਸ਼ ਕੀਤੀ
ਅਤੇ ਨਾਲ ਹੀ ਉਸ ਦੇ ਘਰ ਦਾ ਪਤਾ ਕਰਕੇ, ਉਸ ਦੇ ਪਿਤਾ ਨੂੰ ਮਿਲਿਆ ਅਤੇ ਬੱਚੇ ਬਾਰੇ ਦਸਿਆ। ਸੁਣਕੇ
ਉਸ ਦਾ ਪਿਤਾ ਬੋਲਿਆ," ਇਸ ਦੀ ਕਿਸਮਤ ਹੀ ਮਾੜੀ ਹੈ। "ਅਧਿਆਪਕ ਹੈਰਾਨ ਹੋਕੇ ਬੋਲਿਆ, "ਕਿਸਮਤ ਨੂੰ
ਕਿਉਂ ਕੋਸਦੇ ਹੋ, ਗਲ ਤੇ ਆਪਣੇ ਕਰਮਾਂ ਦੀ ਹੈ, ਇਸ ਬੱਚੇ ਦੀ ਅਜੇ ਸ਼ੁਰੂਆਤ ਹੈ, ਸਿਆਣਪ ਨਾਲ ਇਸ
ਨੂੰ ਸੰਭਾਲੋ, ਸਮਝਾਓ, ਮਾੜੀ ਸੰਗਤ ਤੋਂ ਬਚਾਓ, ਲੋੜ ਪਵੇ ਤਾਂ ਕੁੱਝ ਕਰੜਾਈ ਵੀ ਵਰਤੋ, ਘਰ ਵਿੱਚ
ਇਸ ਨੂੰ ਚੰਗਾ ਮਹੌਲ ਦਿਓ। " ਸੁਣਕੇ ਪਿਤਾ ਬੋਲਿਆ, "ਮਾਸਟਰ ਜੀ ਗੱਲ ਤਾਂ ਥੋਡੀ ਜਮਾਂ ਠੀਕ ਐ।
ਇਨ੍ਹੂੰ ਤਾਂ ਮੈਂ ਜਮਾਂ ਸਮਝਾਊਂ, ਪਰ ਕਿਆ ਕਰਾਂ ਮੈਂ ਆਪ ਤਾਂ ਹੁਣ ਪੱਕਾ ਅਮਲੀ ਬਣ ਗਿਐ, ਮੈਂ ਤਾਂ
ਹੁਣ ਨਸ਼ੇ-ਪਤੇ ਬਿਨਾਂ ਰਹਿ ਨਹੀਂ ਸਕਦਾ। " ਜਿਥੇ ਇਹ ਹਾਲਾਤ ਹੋਣ ਉਥੇ ਆਉਂਣ ਵਾਲੀ ਨਸਲ ਦਾ ਕੀ
ਭੱਵਿਖ ਹੈ।
ਕਹਿੰਦੇ ਹਨ, ‘ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ` ਪਰ ਕਿਸੇ ਪੁਰਾਣੇ
ਸਮਿਆਂ ਦੀ ਗਲ ਜਾਪਦੀ ਹੈ। ਉਂਜ ਵੀ ਸਿੱਖ ਪੁਰਾਤਨ ਸਿੰਘਾਂ ਦੀਆਂ ਗਲਾਂ ਸੁਣ-ਸੁਣਾਕੇ ਹੀ ਖੁਸ਼ ਹੋ
ਲੈਂਦੇ ਹਨ। ਜੇ ਸਿੱਖਾਂ ਨੂੰ ਆਪਣੇ ਸਤਿਗੁਰੂ ਦੇ ਬਚਨਾਂ ਦਾ ਕੁੱਝ ਪਾਸ ਹੁੰਦਾ ਤਾਂ ਕੀ ਅਜ ਸਿੱਖ
ਕੌਮ ਦੀ ਇਹ ਹਾਲਤ ਹੁੰਦੀ। ਪਰ ਜੇ ਕਿਤੇ ਗੁਰਬਾਣੀ ਵਿਚਾਰ ਕੇ ਪੜ੍ਹੀ ਹੁੰਦੀ ਤਾਂ ਸ਼ਾਇਦ ਕੁੱਝ ਪਤਾ
ਲਗਦਾ, ਸਤਿਗੁਰੂ ਸਾਨੂੰ ਕੀ ਸਿਖਿਆ ਦੇਂਦੇ ਹਨ। ਅਜ ਦੇ ਹਾਲਾਤ ਵੇਖ ਕੇ ਤਾਂ ਜਾਪਦਾ ਹੈ ਕਿ ਸਿੱਖ
ਆਪਣੇ ਸਤਿਗੁਰੂ ਦੇ ਨਾਂ ਨੂੰ ਰੱਜਕੇ ਕਲੰਕਿਤ ਕਰ ਰਹੇ ਹਨ।
ਮੈਂ ਬਾਕੀ ਗਲਾਂ ਪਿਛੇ ਵੀ ਛੱਡ ਦਿਆਂ ਤਾਂ ਸਤਿਗੁਰੂ ਦੀ ਪਾਵਨ ਬਾਣੀ ਤਾਂ
ਸਾਨੂੰ ਨਸ਼ਿਆਂ ਦਾ ਪੂਰਨ ਤਿਆਗ ਕਰਨ ਦਾ ਹੁਕਮ ਬਖਸ਼ਦੀ ਹੈ,
"ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।। ਆਪਣਾ ਪਰਾਇਆ ਨ ਪਛਾਣਈ
ਖਸਮਹੁ ਧਕੇ ਖਾਇ।।
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।। ਝੂਠਾ ਮਦੁ ਮੂਲਿ ਨ ਪੀਚਈ ਜੇ
ਕਾ ਪਾਰਿ ਵਸਾਇ"।।
{ਸਲੋਕ ਮਃ ੩ -ਪੰਨਾ ੫੫੪}
ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ,
ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ
ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਕਦੇ ਨਹੀਂ ਪੀਣਾ ਚਾਹੀਦਾ।
" ਦੁਰਮਤਿ ਮਦੁ ਜੋ ਪੀਵਤੇ
ਬਿਖਲੀ ਪਤਿ ਕਮਲੀ।। ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ।। "
{ਆਸਾ ਮਹਲਾ ੫ -ਪੰਨਾ ੩੯੯}
ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ
ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ)
ਝੱਲੇ ਹੋ ਜਾਂਦੇ ਹਨ। ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿੱਚ ਮਸਤ
ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ।
ਸਤਿਗੁਰੂ ਦੇ ਇਤਨੇ ਸਪਸ਼ਟ ਹੁਕਮ ਹੁੰਦਿਆਂ ਅਜ ਹਾਲਤ ਇਹ ਹੈ ਕਿ ਦੁਨੀਆਂ
ਵਿੱਚ ਲੋਕ ਸਿੱਖਾਂ ਨੂੰ ਸ਼ਰਾਬੀਆਂ ਅਤੇ ਨਸ਼ੇੜੀਆਂ ਦੀ ਕੌਮ ਕਰਕੇ ਪਹਿਚਾਣਦੇ ਹਨ।
ਸਤਿਗੁਰੂ ਨਾਨਕ ਪਾਤਿਸ਼ਾਹ ਨੇ ਤਾਂ ਨਿਰਮਲ ਪੰਥ ਚਲਾਇਆ ਸੀ:
"ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ"।।
(1-45-4)
(ਭਾਈ ਗੁਰਦਾਸ ਜੀ)
ਅਸੀਂ ਗੁਰੂ ਦਾ ਅਤੇ ਗੁਰੂ ਦੇ ਨਿਰਮਲ ਪੰਥ ਦਾ ਚੰਗਾ ਨਾਂ ਰੌਸ਼ਨ ਕਰ ਰਹੇ
ਹਾਂ। ਇੱਕ ਪ੍ਰੇਮੀ ਸੱਜਨ ਮੇਰੇ ਕੋਲ ਆਪਣੇ ਬੇਟੇ ਦੇ ਵਿਆਹ ਦਾ ਸੱਦਾ ਲੈ ਕੇ ਆਏ। ਇੱਕ ਲਿਫਾਫਾ ਜਿਸ
ਵਿੱਚ ਪੰਜ-ਸੱਤ ਕਾਰਡ ਸਨ, ਮੇਰੇ ਅੱਗੇ ਰਖ ਦਿੱਤਾ, ਕਹਿਣ ਲਗੇ, "ਵੀਰ ਜੀ ਤੁਸੀ ਸਾਰੇ ਪ੍ਰੋਗਰਾਮਾਂ
ਵਿੱਚ ਜਰੂਰ ਆਉਣਾ ਹੈ, ਵਿਸ਼ੇਸ਼ ਕਰਕੇ ਸ਼ਨੀਵਾਰ ਸਵੇਰੇ ਅਸੀਂ ਘਰ ਅਖੰਡ-ਪਾਠ ਦਾ ਭੋਗ ਪਾਉਣਾ ਹੈ, ਉਸ
ਵਿੱਚ ਤੁਸੀਂ ਗੁਰਮਤਿ ਵਿਚਾਰਾਂ ਵੀ ਕਰਨੀਆਂ"।
ਫੇਰ ਇੱਕ ਦਮ ਪਤਾ ਨਹੀਂ ਕੀ ਖਿਆਲ ਆਇਆ, ਮੇਜ਼ ਤੇ ਪਿਆ ਕਾਰਡਾਂ ਦਾ ਲਿਫਾਫਾ
ਚੁਕਕੇ, ਉਨ੍ਹਾਂ ਵਿਚੋਂ ਇੱਕ ਕਾਰਡ ਕੱਢ ਲਿਆ ਅਤੇ ਹੀ-ਹੀ ਕਰਕੇ ਕਹਿਣ ਲੱਗੇ,
"ਇਹ ਤੁਹਾਡੇ ਮਤਲਬ ਦਾ ਨਹੀਂ"।
ਮੈਂ ਕਿਹਾ ਚਲੋ ਇਤਨਾਂ ਤਾਂ ਦਸ ਦਿਓ ਤੁਸੀ ਮੈਨੂੰ ਕਿਸ ਪ੍ਰੋਗਰਾਮ ਦੇ ਕਾਬਲ
ਨਹੀਂ ਸਮਝਿਆ। ਫੇਰ ਹੀ-ਹੀ ਕਰਕੇ ਕਹਿਣ ਲਗੇ," ਅਸਲ ਵਿੱਚ ਸ਼ਨੀਵਾਰ ਸ਼ਾਮ ਨੂੰ ਅਸੀਂ ਘਰ ਕਾਕਟੇਲ
(ਸ਼ਰਾਬ ਦੀ) ਪਾਰਟੀ ਰਖੀ ਹੈ। "
ਮੈਂ ਕਿਹਾ, "ਪਰ ਹੁਣੇ ਤਾਂ ਤੁਸੀਂ ਕਿਹਾ ਸੀ, ਸ਼ਨੀਵਾਰ ਸਵੇਰੇ ਘਰ
ਅਖੰਡ-ਪਾਠ ਦਾ ਭੋਗ ਪਾਉਣਾ ਹੈ"।
"ਜੀ, ਪਰ ਉਹ ਤਾਂ ਸਵੇਰੇ ਹੈ"।
ਮੈਂ ਪੁਛਿਆ, "ਤੁਹਾਨੂੰ ਸ਼ਰਮ ਨਾ ਆਵੇਗੀ, ਦੋ ਦਿਨ ਉਥੇ ਸਤਿਗੁਰੂ ਦੀ ਪਾਵਨ
ਬਾਣੀ ਪੜ੍ਹੀ ਜਾਵੇਗੀ, ਤੇ ਸ਼ਾਮ ਨੂੰ ਹੀ ਉਹ ਕੰਮ ਕਰੋਗੇ, ਜਿਸ ਤੋਂ ਸਤਿਗੁਰੂ ਦੋ ਦਿਨ ਸਾਨੂੰ
ਮਨ੍ਹਾਂ ਕਰਦੇ ਰਹੇ"।
ਅਗੋਂ ਬੋਲੇ, "ਵੀਰ ਜੀ ਕੀ ਕਰੀਏ, ਲੋਕਾਂ ਨੂੰ ਮੂੰਹ ਵਿਖਾਉਣਾ ਪੈਂਦਾ ਹੈ"।
ਮੈਂ ਪੁਛਿਆ, "ਕਦੇ ਇਹ ਵੀ ਖਿਆਲ ਆਇਆ ਹੈ ਕਿ, ਗੁਰੂ ਨੂੰ ਵੀ ਮੂੰਹ
ਵਿਖਾਉਣਾ ਹੈ? ਇਹ ਸਭ ਕੁੱਝ ਕਰਕੇ ਫੇਰ ਅਗਲੀ ਸਵੇਰੇ ਕਿਵੇਂ ਗੁਰੂ ਅਗੇ ਹਥ ਜੋੜ ਕੇ ਜਾ ਖਲੋਵੋਗੇ?
ਨਾਲੇ ਅਸੀਂ ਲੋਕਾਂ ਨੂੰ ਕੀ ਮੂੰਹ ਵਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਹੋ ਕੇ ਹਰ ਕੰਮ ਆਪਣੇ
ਗੁਰੂ ਦੇ ਹੁਕਮ ਦੇ ਉਲਟ ਕਰਦੇ ਹਾਂ"?
"ਤੁਹਾਡੀ ਗਲ ਤਾਂ ਠੀਕ ਹੈ ਵੀਰ ਜੀ! ਪਰ ਕੀ ਕਰੀਏ ਹਾਲਾਤ ਹੀ ਐਸੇ ਬਣ ਗਏ
ਹਨ। ", ਕਹਿੰਦੇ ਹੋਏ ਉਹ ਉਠ ਕੇ ਤੁਰ ਗਏ।
ਕਿਸ ਨੇ ਬਣਾਏ ਹਨ ਇਹ ਹਾਲਾਤ? ਨਾਲੇ ਜੇ ਬਣ ਹੀ ਗਏ ਹਨ ਤਾਂ ਠੀਕ ਕੌਣ
ਕਰੇਗਾ? ਕੀ ਸਾਡੀ ਕੌਮ ਦੇ ਗਲਤ ਹਾਲਾਤ ਨੂੰ ਠੀਕ ਕਰਨ ਲਈ ਕੋਈ ਬਾਹਰੋਂ ਆਵੇਗਾ? ਸਿੱਖ ਨੇ ਤਾਂ
ਗੁਰੂ ਦਾ ਅੰਬੈਸਡਰ (ਜੁਮੇਂਵਾਰ ਨੁਮਾਇਦਾ) ਬਣਕੇ ਗੁਰੂ ਦੀ ਦੱਸੀ ਉਤਮ ਜੀਵਨ ਜੁਗਤ ਦਾ ਸੰਦੇਸ਼
ਸਮੁਚੀ ਮਨੁੱਖਤਾ ਤਕ ਪਹੁੰਚਾਉਣਾ ਸੀ, ਅਸੀਂ ਆਪ ਹੀ ਨਹੀਂ ਅਪਣਾਇਆ। ਸਿੱਖ ਨੇ ਤਾਂ ਮਾਣ ਨਾਲ ਸੰਸਾਰ
ਨੂੰ ਦਸਣਾ ਸੀ ਕਿ ਦੁਨੀਆਂ ਦੇ ਲੋਕੋ ਵੇਖੋ, ਜਿਸ ਤੰਬਾਕੂ ਤੋਂ ਅਜ ਸੰਸਾਰ ਦੇ ਡਾਕਟਰ ਅਤੇ ਸਿਹਤ
ਵਿਗਿਆਨੀ ਤ੍ਰਾਹਿ-ਤ੍ਰਾਹਿ ਕਰ ਰਹੇ ਹਨ, ਜਿਸ ਨੂੰ ਕੈਂਸਰ ਜਿਹੇ ਮਾਰੂ ਰੋਗ ਦਾ ਸਭ ਤੋਂ ਵੱਡਾ ਜਨਮ
ਦਾਤਾ ਦਸਿਆ ਜਾ ਰਿਹਾ ਹੈ, ਅਤੇ ਮਨੁੱਖੀ ਸਮਾਜ ਨੂੰ ਇਸ ਤੋਂ ਮੁਕਤ ਕਰਾਉਣ ਲਈ ਹੋਕੇ ਦਿਤੇ ਜਾ ਰਹੇ
ਹਨ, ਸਾਡੇ ਸਤਿਗੁਰੂ ਨੇ ਸਦੀਆਂ ਪਹਿਲਾਂ ਸਾਡਾ ਇਸ ਤੋਂ ਖਹਿੜਾ ਛੁੜਵਾ ਦਿਤਾ ਸੀ। ਪਰ ਹੋ
ਬਿਲਕੁਲ ਇਸ ਦੇ ਉਲਟ ਰਿਹਾ ਹੈ। ਯੂ ਪੀ, ਬਿਹਾਰ ਆਦਿ ਸੂਬਿਆਂ ਵਿਚੋਂ ਰੋਜ਼ੀ–ਰੋਟੀ ਦੀ ਭਾਲ ਵਿੱਚ ਆਏ
ਕੁੱਝ ਮਜ਼ਦੂਰ ਇਸ ਤੰਬਾਕੂ ਰੂਪੀ ਮਹਾਮਾਰੀ ਨੂੰ ਵੱਡੇ ਪੱਧਰ ਤੇ ਸਾਡੇ ਪਿੰਡਾਂ ਵਿੱਚ ਲੈ ਆਏ।
ਚਾਹੀਦਾ ਤਾਂ ਇਹ ਸੀ ਕਿ ਅਸੀਂ ਉਨ੍ਹਾਂ ਨੂੰ ਵੀ ਕੁੱਝ ਸਮਝਾ ਕੇ ਅਤੇ ਜੇ ਲੋੜ ਪੈਂਦੀ ਤਾਂ ਕੁੱਝ
ਕਰੜਾਈ ਵਰਤ ਕੇ ਵੀ ਇਸ ਬਿਮਾਰੀ ਤੋਂ ਮੁਕਤ ਕਰਾ ਦੇਂਦੇ। ਉਨ੍ਹਾਂ ਦਾ ਵੀ ਭਲਾ ਹੋ ਜਾਂਦਾ। ਪਰ ਕਿਸੇ
ਕੀਮਤ ਤੇ ਵੀ ਇਸ ਨੂੰ ਆਪਣੇ ਪਿੰਡਾਂ ਵਿੱਚ ਨਾ ਵੜਨ ਦੇਂਦੇ। ਪਰ ਇਸ ਤੋਂ ਵੱਧ ਦੁਖਦਾਈ ਗਲ ਹੋਰ ਕੀ
ਹੋ ਸਕਦੀ ਹੈ, ਕਿ ਜਿਸ ਲਾਹਨਤ ਨੂੰ ਸਾਡੇ ਸਤਿਗੁਰੂ ਜੀ ਨੇ ਬਜਰ ਕੁਰਹਿਤ ਵਿੱਚ ਸ਼ਾਮਲ ਕੀਤਾ, ਉਹ
ਪਤਾ ਨਹੀ ਕਿਤਨੇ ਸਿੱਖ ਕਹਾਉਂਣ ਵਾਲਿਆਂ ਦੇ ਘਰਾਂ ਵਿੱਚ ਵੜ ਗਈ ਹੈ। ਜੇ ਇਸ ਦੇ ਅਸਰ ਦਾ ਇੱਕ ਛੋਟਾ
ਜਿਹਾ ਨਜ਼ਾਰਾ ਹੀ ਵੇਖਣਾ ਹੋਵੇ, ਤਾਂ ਆਪਣੇ ਇੱਕ 65-70
ਸਾਲ ਦੇ ਬਜ਼ੁਰਗ ਦੇ ਬਰਾਬਰ ਇੱਕ ਤੰਬਾਕੂ ਪੀਣ ਜਾਂ ਖਾਣ ਵਾਲਾ
45-50 ਸਾਲ ਦਾ
ਬੰਦਾ ਖੜਾ ਕਰਕੇ ਵੇਖ ਲਓ, ਉਹ 45-50
ਸਾਲ ਦਾ ਭਈਆ ਸਾਡੇ ਬਜ਼ੁਰਗ ਨਾਲੋਂ ਕਿਤੇ ਵਧੇਰੇ ਵਡੇਰੀ ਉਮਰ ਦਾ ਨਜਰ ਆਵੇਗਾ। ਫੇਰ ਇਹ ਤਾਂ ਇਤਨਾ
ਖਤਰਨਾਕ ਨਸ਼ਾ ਹੈ ਕਿ ਤੰਬਾਕੂ ਪੀਣ ਵਾਲੇ ਵਿਅਕਤੀ ਦੇ ਕੋਲ ਖੜੇ ਵਿਅਕਤੀ (passive
smoker) ਨੂੰ ਇਸ ਦਾ ਧੂਆਂ ਵਧੇਰੇ ਮਾਰੂ ਅਸਰ
ਕਰਦਾ ਹੈ। ਸਭ ਤੋਂ ਜਿਆਦਾ ਖਾਂਸੀ, ਬਲਗਮ, ਟੀ ਬੀ ਅਤੇ ਦਮੇਂ ਜਿਹੇ ਖਤਰਨਾਕ ਰੋਗ ਅਤੇ ਬਹੁਤੇ
ਕੈਂਸਰ ਜ਼ਿਆਦਾ ਤੌਰ ਤੇ ਇਸੇ ਕਾਰਣ ਹੁੰਦੇ ਹਨ।
ਜੇ ਬਿਮਾਰੀ ਹਦੋਂ ਵੱਧ ਜਾਵੇ ਤਾਂ ਡਾਕਟਰਾਂ ਨੂੰ ਅਕਸਰ ਵੱਡੇ-ਵੱਡੇ ਅਪਰੇਸ਼ਨ
ਕਰਨੇ ਪੈਂਦੇ ਹਨ। ਜੇ ਸਮਾਜ ਵੀ ਹਦੋਂ ਵੱਧ ਬਿਮਾਰ ਹੋ ਜਾਵੇ, ਤਾਂ ਉਸ ਨੂੰ ਨਰੋਆ ਕਰਨ ਵਾਸਤੇ ਵੀ
ਕੋਈ ਇਨਕਲਾਬੀ ਕਦਮ ਹੀ ਚੁਕਣੇ ਪੈਂਦੇ ਹਨ। ਅਜ ਜਿਸ ਤਰ੍ਹਾਂ ਨਸ਼ਿਆਂ ਦਾ ਇਹ ਮਾਰੂ ਰੋਗ ਸਿੱਖ ਕੌਮ
ਨੂੰ ਚੰਬੜ ਗਿਆ ਹੈ, ਇਸ ਦੇ ਖਿਲਾਫ ਵੀ ਇੱਕ ਇਨਕਲਾਬ ਖੜਾ ਕਰਨ ਦੀ ਲੋੜ ਹੈ ਅਤੇ ਇਹ ਇਨਕਲਾਬ ਕੇਵਲ
ਤੇ ਕੇਵਲ ਸਿੱਖ ਨੌਜਵਾਨੀ ਹੀ ਲਿਆ ਸਕਦੀ ਹੈ। ਉਂਜ ਵੀ ਸਭ ਤੋਂ ਵੱਧ ਦਾਅ ਤੇ ਸਿੱਖ ਨੌਜਵਾਨੀ ਦਾ
ਭਵਿਖ ਹੈ। ਕੇਵਲ ਸਿੱਖ ਨੌਜਵਾਨੀ ਦੀ ਮੌਜੂਦਾ ਨਸਲ ਦਾ ਹੀ ਨਹੀਂ, ਆਉਣ ਵਾਲੀਆਂ ਸਾਰੀਆਂ ਨਸਲਾਂ ਦਾ।
ਜਿਮੇਂਵਾਰ ਸਿੱਖ ਨੌਜਵਾਨੀ ਨੂੰ ਇਸ ਦੇ ਖਿਲਾਫ ਇੱਕ ਵੱਡੀ ਮੁਹਿੰਮ ਅਰੰਭਣੀ ਚਾਹੀਦੀ ਹੈ। ਆਪਣੇ
ਭੁਲੱੜ ਵੀਰਾਂ, ਭੈਣਾਂ ਨੂੰ ਇਹਨਾਂ ਨਸ਼ਿਆਂ ਦੇ ਮਾਰੂ ਅਸਰ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਜੋ
ਵੀਰ, ਭੈਣਾਂ ਭੁੱਲਕੇ ਨਸ਼ਿਆਂ ਦੀ ਦਲ-ਦਲ ਵਿੱਚ ਫਸ ਗਏ ਹਨ, ਉਨ੍ਹਾਂ ਨੂੰ ਸਮਝਾ ਕੇ ਡਾਕਟਰ ਕੋਲ ਲੈ
ਜਾਈਏ। ਜੋ ਲੁਕ ਛੁਪਕੇ ਨਸ਼ੇ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ, ਉਨ੍ਹਾਂ ਨਾਲ ਦੋਸਤੀ ਨਿਭਾਉਣ
ਦਾ ਇਹ ਜਿਆਦਾ ਯੋਗ ਤਰੀਕਾ ਹੋਵੇਗਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਬਾਰੇ ਫੌਰੀ ਜਾਣਕਾਰੀ
ਦਿੱਤੀ ਜਾਵੇ। ਉਨ੍ਹਾਂ ਦਾ ਭੇਤ ਛੁਪਾਕੇ ਅਸੀਂ ਉਨ੍ਹਾਂ ਨਾਲ ਦੋਸਤੀ ਨਹੀਂ ਦੁਸ਼ਮਨੀ ਕਮਾ ਰਹੇ
ਹੋਵਾਂਗੇ। ਆਪਣੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਨਸ਼ਿਆਂ ਦੇ ਮਾਰੂ ਅਸਰ ਬਾਰੇ ਸੈਮੀਨਾਰ
ਕਰਵਾਈਏ। ਨਸ਼ਾ ਛੁੜਾਊ ਡਾਕਟਰੀ ਟੀਮਾਂ ਦੇ ਕੈਂਪ ਲੁਆਈਏ। ਕੌਮੀ ਆਗੂਆਂ, ਜਥੇਬੰਦੀਆਂ ਅਤੇ ਪੰਥ ਦਰਦੀ
ਸ਼ਖਸੀਅਤਾਂ ਦਾ ਇਹ ਵਡੇਰਾ ਫਰਜ਼ ਬਣਦਾ ਹੈ ਕਿ ਉਹ ਨੌਜੁਆਨਾਂ ਨੂੰ ਇਸ ਵਿੱਚ ਭਰਪੂਰ ਸਹਿਯੋਗ ਦੇਣ।
ਨਸ਼ੇ ਕਿਵੇਂ ਲਗਦੇ ਹਨ? ਇਨ੍ਹਾਂ ਤੋਂ ਬਚਣ ਦਾ ਕੀ ਤਰੀਕਾ ਹੈ? ਜੇ ਲੱਗ ਜਾਣ ਤਾਂ ਫਿਰ ਕੀ ਉਪਾਅ ਹਨ?
ਬਾਰੇ ਵਧੀਆ ਸਾਹਿਤ ਉਨ੍ਹਾਂ ਨੂੰ ਉਪਲੱਬਧ ਕਰਾਉਣ। ਇਸ ਬਾਰੇ ਵਧੀਆ ਫਿਲਮਾਂ ਬਣਾਕੇ ਥਾਂ-ਥਾਂ
ਵਿਖਾਈਆਂ ਜਾਣ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਲੜ ਫੜ ਲਿਆ, ਗੁਰਬਾਣੀ
ਦੁਆਰਾ ਦਰਸਾਏ ਜੀਵਨ ਮਾਰਗ ਨੂੰ ਦ੍ਰਿੜਤਾ ਨਾਲ ਅਪਨਾ ਲਿਆ, ਤਾਂ ਇਹ ਕੰਮ ਬਹੁਤ ਔਖਾ ਨਹੀਂ ਹੋਵੇਗਾ।
ਇਸ ਨਾਲ ਜਿਥੇ ਸਿੱਖ ਨੌਜਵਾਨੀ ਦਾ ਭਵਿੱਖ ਸੌਰ ਜਾਵੇਗਾ ਉਥੇ ਕੌਮੀ ਭਵਿੱਖ ਵੀ ਉਜਲਾ ਹੋ ਜਾਵੇਗਾ।
ਤੀਸਰਾ ਅਤਿ ਮਾਰੂ ਰੋਗ ਹੈ ‘ਵਿਹਲੜਪੁਣਾ`। ਸਿੱਖ ਧਰਮ ਗ੍ਰਿਹਸਤ ਮਾਰਗ ਹੈ।
ਗ੍ਰਿਹਸਤ ਕਦੇ ਵੀ ਕਿਰਤ ਬਿਨਾਂ ਨਹੀਂ ਚਲ ਸਕਦੀ। ਕਿਉਂਕਿ ਗ੍ਰਿਹਸਤ ਦਾ ਮੁੱਖ ਅੰਗ ਹੈ ਪਰਿਵਾਰ ਦੀ
ਯੋਗ ਪਾਲਣਾ ਕਰਨੀ। ਇਸੇ ਵਾਸਤੇ ਗੁਰੂ ਨਾਨਕ ਪਾਤਿਸ਼ਾਹ ਨੇ ਮਨੁੱਖ ਮਾਤਰ ਨੂੰ ਜੋ ਜੀਵਨ ਜੁਗਤਿ ਬਖਸ਼ੀ
ਹੈ, ਉਸਦੇ ਤਿੰਨ ਮੁਢਲੇ ਗੁਣ ਹਨ: ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਵੰਡ ਕੇ ਤਾਂ ਉਹੀ
ਛਕੇਗਾ ਜੋ ਆਪ ਕਿਰਤੀ ਹੋਵੇਗਾ। ਇਥੇ ਨਾਮ ਜਪਣ ਦੀ ਗੱਲ ਬਾਅਦ ਵਿੱਚ ਕੀਤੀ ਹੈ, ਪਹਿਲਾਂ ਕਿਰਤ ਕਰਨ
ਦੀ ਹੈ। ਭਲਾ ਭੁੱਖਾ ਕੀ ਨਾਮ ਜਪੇਗਾ। ਭਗਤ ਕਬੀਰ ਜੀ ਵੀ ਫੁਰਮਾਂਦੇ ਹਨ:
"ਭੂਖੇ ਭਗਤਿ ਨ ਕੀਜੈ।। ਯਹ ਮਾਲਾ ਅਪਨੀ ਲੀਜੈ।। " {ਰਾਗੁ ਸੋਰਠਿ-ਪੰਨਾ
੬੫੬}
ਉਂਝ ਵੀ ਵਿਹਲੜ ਕਦੇ ਨਾਮੀ ਹੋ ਹੀ ਨਹੀਂ ਸਕਦਾ। ਜਿਹੜਾ ਆਪ ਦੂਸਰਿਆਂ ਦੇ
ਟੁਕੜਾਂ ਤੇ ਪਲਦਾ ਹੈ, ਆਲਸੀ ਅਤੇ ਹੱਡਹਰਾਮੀ ਹੈ, ਮਨੁਖੀ ਸਮਾਜ ਉਤੇ ਬੋਝ ਹੈ ਅਤੇ ਲੋਕਾਂ ਨਾਲ
ਠੱਗੀਆਂ ਕਰਕੇ ਪੇਟ ਪਾਲਦਾ ਹੈ, ਭਾਵੇਂ ਧਰਮ ਦੇ ਨਾਂਅ ਤੇ ਹੀ ਠੱਗੀਆਂ ਕਰ ਰਿਹਾ ਹੋਵੇ, ਉਹ ਕਦੇ
ਨਾਮੀ ਨਹੀਂ ਹੋ ਸਕਦਾ। ਹੈਰਾਨਗੀ ਦੀ ਗੱਲ ਹੈ ਕਿ ਅਜ ਐਸੇ ਕਈ ਵਿਹਲੜ ਠੱਗ, ਨਾਮ ਦੇਣ ਅਤੇ
ਨਾਮ-ਜਪਾਣ ਦੇ ਨਾਂਅ ਤੇ ਹੀ ਹੱਟੀਆਂ ਖੋਲੀ ਬੈਠੇ ਹਨ। ਗੁਰੂ ਨਾਨਕ ਪਾਤਿਸ਼ਾਹ ਨੇ ਧਰਮ ਪ੍ਰਚਾਰ
ਦੌਰਿਆਂ (ਉਦਾਸੀਆਂ) ਤੇ ਜਾਣ ਤੋਂ ਪਹਿਲਾਂ, ਨੌਕਰੀ ਕਰਕੇ ਇਤਨੀ ਕੁ ਦੌਲਤ ਇਕੱਠੀ ਕੀਤੀ, ਕਿ ਪਿਛੋਂ
ਪਰਿਵਾਰ ਦੀ ਪਾਲਣਾ ਵੀ ਹੋ ਸਕੇ ਅਤੇ ਆਪਣਾ ਸਫਰ ਖਰਚਾ ਵੀ ਕੀਤਾ ਜਾ ਸਕੇ। ਫੇਰ ਵਾਪਸ ਆਕੇ ਵੱਡੇਰੀ
ਉਮਰ ਹੁੰਦਿਆਂ ਵੀ ਕਰਤਾਰ ਪੁਰ ਵਿੱਚ ਖੇਤੀ ਕਰਦੇ ਰਹੇ। ਸਤਿਗੁਰੂ ਦੀ ਪਾਵਨ ਬਾਣੀ ਨੇ ਮਨੁਖੀ ਸਮਾਜ
ਨੂੰ ਇੱਕ ਸੰਪੂਰਨ ਜੀਵਨ ਜੁਗਤਿ ਬਖਸ਼ੀ ਹੈ। ਗੁਰਵਾਕ ਹਨ:
"ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ
ਮਿਲੁ ਨਾਨਕ ਉਤਰੀ ਚਿੰਤ।। "
{ਸਲੋਕੁ ਮਃ ੫ -ਪੰਨਾ ੫੨੨}
"ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ।। ਜਪਿ ਜਪਿ ਨਾਮੁ ਗੋਬਿੰਦ ਕਾ
ਪੂਰਨ ਬੀਚਾਰੁ।। "
{ਬਿਲਾਵਲੁ ਮਹਲਾ ੫ -ਪੰਨਾ ੮੧੫}
ਇਸੇ ਕਰਕੇ ਸਿੱਖ ਕੌਮ ਸਦਾ ਉਦਮੀਆਂ ਅਤੇ ਮਿਹਨਤਕਸ਼ਾਂ ਦੀ ਕੌਮ ਰਹੀ ਹੈ। ਤਾਂ
ਹੀ ਤਾਂ ਪੰਜਾਬ ਦੀ ਧਰਤੀ ਉਤੇ ਦੁੱਧ ਅਤੇ ਘਿਓ ਦੀਆਂ ਨਦੀਆਂ ਵਗਦੀਆਂ ਸਨ। ਸਿਰਫ ਪੰਜਾਬ ਵਿੱਚ ਹੀ
ਨਹੀਂ, ਸਿੱਖ ਜਿਥੇ ਵੀ ਚਲਾ ਗਿਆ, ਲਹਿਰ ਬਹਿਰ ਕਰ ਦਿਤੀ। ਜੇ ਰਾਜਸਥਾਨ ਦੇ ਮਾਰੂਥਲਾਂ ਵਿੱਚ ਪਹੁੰਚ
ਗਿਆ ਤਾਂ ਉਥੇ ਹਰਿਆਲੀ ਹੀ ਹਰਿਆਲੀ ਕਰ ਦਿੱਤੀ ਅਤੇ ਜੇ ਪਹਾੜਾਂ ਨਾਲ ਟਕਰਾਉਣਾ ਪਿਆ ਤਾਂ ਪਹਾੜ
ਝੁਕਣ ਲਈ ਮਜਬੂਰ ਹੋ ਗਏ, ਉਹ ਧਰਤੀ ਵੀ ਸੋਨਾ ਉਗਲਣ ਲੱਗ ਪਈ।
ਜੇ ਵਿਦੇਸ਼ਾਂ ਵਿੱਚ ਜਾ ਵਸੇ ਤਾਂ ਨਾ
ਸਿਰਫ ਆਪਣਾ ਆਰਥਿਕ ਵਿਕਾਸ ਕੀਤਾ ਸਗੋਂ ਉਸ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੀ ਸਹਿਯੋਗੀ ਬਣੇ ਅਤੇ ਉਸ
ਦੇ ਸਨਮਾਨਿਤ ਨਾਗਰਿਕ ਹੋਣ ਦਾ ਮਾਣ ਹਾਸਿਲ ਕੀਤਾ।
ਪਾਕਿਸਤਾਨੋਂ ਉੱਜੜ ਕੇ, ਘਰ ਬਾਰ ਲੁਟਾ ਕੇ, ਦੇਸ਼ ਦੇ ਕਿਸੇ
ਕੋਨੇ ਵਿੱਚ ਜਾ ਵੱਸੇ, ਛੋਟੇ ਛੋਟੇ ਕੰਮਾਂ ਤੋ, ਜ਼ਿਦਗੀ ਦੀ ਦੁਬਾਰਾ ਸ਼ੁਰੂਆਤ ਕਰਕੇ, ਦਿਨਾਂ ਵਿੱਚ
ਸਿਖਰਾਂ ਤੇ ਪਹੁੰਚਾ ਦਿੱਤਾ। ਮਿਹਨਤੀ ਆਦਮੀ ਦੀ ਸਿਹਤ ਵਧੀਆ ਹੋਣਾ ਸੁਭਾਵਕ ਹੈ। ਪੰਜਾਬੀਆਂ ਦੇ ਸਰੂ
ਵਰਗੇ ਕੱਦਾਂ, ਗੱਜ ਗੱਜ ਚੌੜੀਆਂ ਛਾਤੀਆਂ ਅਤੇ ਡਲਕਾਂ ਮਾਰਦੇ ਡੌਲਿਆਂ ਦੇ ਦੁਨੀਆਂ ਵਿੱਚ ਗੀਤ ਗਾਏ
ਜਾਂਦੇ ਹਨ।
ਮੇਰੇ ਇੱਕ ਮਾਸੀ ਜੀ ਅੰਮ੍ਰਿਤਸਰ ਦੇ ਨੇੜੇ ਇੱਕ ਨਗਰ ਵਿੱਚ ਰਹਿੰਦੇ ਸਨ।
ਜਦੋਂ ਕਿਤੇ ਮਸੇਰਾਂ ਨੇ ਸਾਡੇ ਆਉਣਾਂ ਯਾ ਆਪ ਉਥੇ ਜਾਣਾ, ਉਨ੍ਹਾਂ ਦੇ ਕੱਦ ਕਾਠ ਤੇ ਡੌਲੇ ਵੇਖ ਕੇ
ਹੈਰਾਨ ਰਹਿ ਜਾਣਾ। ਅਕਸਰ ਪੁਛਣਾ ਕਿਹੜੀ ਕਸਰਤ ਕਰਦੇ ਹੋ? ਅਸੀਂ ਤਾਂ ਬਥੇਰੇ ਡੰਡ ਪੇਲੀ ਦੇ ਨੇ,
ਤੁਹਾਡੇ ਵਰਗੀ ਸਿਹਤ ਨਹੀਂ ਬਣਦੀ। ਉਨ੍ਹਾਂ ਹਸ ਕੇ ਕਹਿਣਾ, ਕੋਈ ਵੀ ਨਹੀਂ। ਛੁਟੀਆਂ ਵਿੱਚ ਕੁੱਝ
ਦਿਨ ਉਨ੍ਹਾਂ ਕੋਲ ਜਾਕੇ ਰਹਿਣ ਦਾ ਮੌਕਾ ਮਿਲਿਆ ਤਾਂ ਗੱਲ ਸਮਝ ਲੱਗੀ। ਜਦੋਂ ਮੈਂ ਅਜੇ ਸੁੱਤਾ ਪਿਆ
ਹੁੰਦਾ, ਉਹ ਆਪ ਟੋਕਾ ਚਲਾ ਕੇ ਡੰਗਰਾਂ ਵਾਸਤੇ ਪੱਠੇ ਟੁਕ ਰਹੇ ਹੁੰਦੇ। ਮੂੰਹ ਹਨੇਰੇ ਹੀ ਖੇਤਾਂ ਦਾ
ਚੱਕਰ ਲਾ ਆਉਂਦੇ। ਉਤੋਂ ਫੇਰ ਘਰ ਦਾ ਦੁੱਧ, ਘਿਓ, ਦਹੀਂ ਤੇ ਲੱਸੀ। ਸਿਹਤ ਦਾ ਰਾਜ਼ ਤਾਂ ਪਤਾ ਲੱਗਾ,
ਇਕ ਹੋਰ ਬੜੀ ਹੈਰਾਨਗੀ ਹੋਈ। ਐਡੇ ਮੁਰੱਬਿਆਂ ਦੇ ਮਾਲਕ, ਘਰ ਅਤੇ ਖੇਤਾਂ ਵਿੱਚ ਕਈ ਕਾਮੇ, ਪਰ
ਡੰਗਰਾਂ ਲਈ ਆਪ ਪੱਠੇ ਵੱਢਦੇ ਨੇ। ਕਹਿਣ ਲੱਗੇ, ਭਾਈ ਸ਼ਹਿਰੀਆ, ਆਪਣੇ ਘਰ ਦਾ ਕੰਮ ਤਾਂ ਆਪ ਹੀ ਕਰਨਾ
ਚਾਹੀਦੈ।
ਅਜ ਤਾਂ ਇਹ ਗੱਲਾਂ ਜਿਵੇਂ ਕੋਈ ਕਹਾਣੀਆਂ ਜਾਪਦੀਆਂ ਨੇ। ਕੁੱਝ ਤਾਂ ਮਸ਼ੀਨੀ
ਯੁੱਗ ਨੇ ਹੱਲ, ਕੁਹਾੜੀਆਂ ਅਤੇ ਟੋਕੇ ਖੋਹ ਲਏ। ਉਂਜ ਵੀ ਮਿਹਨਤਕਸ਼ੀ ਤਾਂ ਜਿਵੇਂ ਪੰਜਾਬ ਵਿਚੋਂ
ਖੰਭ ਲਾਕੇ ਉੱਡ ਗਈ ਹੈ। ਅਜ ਪੰਜਾਬੀ ਜਿਮੀਂਦਾਰ ਨੂੰ ਇਸ ਗਲ ਦਾ ਮਾਣ ਨਹੀਂ ਕਿ ਉਹ ਆਪਣਾ ਕੰਮ
ਕਿਤਨੀ ਮੇਹਨਤ ਨਾਲ ਕਰਦਾ ਹੈ, ਮਾਣ ਇਸ ਗੱਲ ਦਾ ਹੈ ਕਿ ਉਸ ਨੇ ਕੰਮ ਕਰਨ ਲਈ ਭਈਏ ਕਿਤਨੇ ਰੱਖੇ ਹੋਏ
ਹਨ। ਵੱਡਿਆਂ ਦੀ ਤਾਂ ਗੱਲ ਹੀ ਛੱਡ ਦਿਓ, ਦੋ ਦੋ ਕਿਲਿਆਂ ਦੇ ਮਾਲਕ ਚਾਰ ਚਾਰ ਭਈਏ ਰੱਖੀ ਬੈਠੇ
ਹਨ। ਜਿਨ੍ਹਾਂ ਕੋਲ ਜਮੀਨਾਂ ਨਾਂਅ ਬਰਾਬਰ ਹੀ ਹਨ ਜਾਂ ਬਚੀਆਂ ਹੀ ਨਹੀਂ, ਉਹ ਵੀ ਦੂਸਰੇ ਕੋਲ ਕੰਮ
ਕਰਨ ਲਈ ਤਿਆਰ ਨਹੀਂ। ਕਿਉਂਕਿ ਇਹ ਕੰਮ ਤਾਂ ਭਈਏ ਦਾ ਹੈ ਤੇ ਉਹ ਭਈਆ ਥੋੜਾ ਹੈ? ਭਈਏ ਵਾਲਾ ਕੰਮ
ਕਰਨਾ, ਉਸ ਦੀ ਸ਼ਾਨ ( status)
ਦੇ ਵਿਰੁਧ ਹੈ। ਪੰਜਾਬ ਵਿੱਚ ਕਿਸੇ ਫੈਕਟਰੀ ਵਿੱਚ ਚਲੇ ਜਾਓ, ਮਾਲਕ ਤੋਂ ਬਾਅਦ ਸਿਰਫ ਭਈਏ ਹੀ ਨਜ਼ਰ
ਆਉਂਦੇ ਹਨ। ਸਿਰਫ ਮਜ਼ਦੂਰ ਹੀ ਨਹੀਂ, ਪੱਕੇ ਕਾਰੀਗਰਾਂ ਤੋਂ ਲੈਕੇ ਫੋਰਮੈਨਾਂ ਤਕ ਸਭ ਭਈਏ। ਸਿੱਖ
ਤਾਂ ਕਿਤੇ ਭਾਗਾਂ ਨਾਲ ਹੀ ਨਜਰ ਆਉਂਦਾ ਹੈ। ਕੁੱਝ ਸਿੱਖ ਕਾਰਖਾਨੇਦਾਰਾਂ ਨਾਲ ਗੱਲਬਾਤ ਹੋਈ।
ਉਨ੍ਹਾਂ ਦੇ ਤਜਰਬੇ ਚੌਂਕਾ ਦੇਣ ਵਾਲੇ ਸਨ। ਦਸਣ ਲੱਗੇ, ਪਹਿਲਾਂ ਤਾਂ ਸਿੱਖ, ਭਈਏ ਦੇ ਬਰਾਬਰ ਕੰਮ
ਕਰਨ ਨੂੰ ਹੀ ਤਿਆਰ ਨਹੀਂ, ਤੇ ਜੇ ਲੱਗ ਵੀ ਜਾਵੇ, ਭਈਏ ਜਿਤਨੀ ਮਿਹਨਤ ਕਰਦੇ ਹਨ, ਪੰਜਾਬੀ ਉਤਨੇ ਹੀ
ਹੱਡ ਹਰਾਮੀ ਹੋ ਗਏ ਹਨ। ਪਹਿਲਾਂ ਤਾਂ ਮਿਹਨਤ ਪੂਰੀ ਨਹੀਂ ਕਰਨੀ, ਉਤੋਂ ਯੂਨੀਅਨ ਬਾਜੀ ਅਤੇ ਕਨੂੰਨ
ਬਾਜੀ। ਕੁੱਝ ਇੱਕ ਨੇ ਤਾਂ ਇਥੋਂ ਤਕ ਕਹਿ ਦਿਤਾ, ਕਿ ਹੁਣ ਤਾਂ ਸਿੱਖ ਨੂੰ ਫੈਕਟਰੀ ਦੀ ਵਰਕਸ਼ਾਪ
ਅੰਦਰ ਵਾੜਨ ਤੋਂ ਡਰ ਲੱਗਦਾ ਹੈ। ਅਜ ਵਿਹਲਾ ਫਿਰਨਾ ਜਿਵੇਂ ਦਿਹਾਤੀ ਸਿੱਖ ਦਾ ਫੈਸ਼ਨ ਹੋ ਗਿਆ ਹੈ।
ਮੈਂ ਪਿੱਛੇ ਮਾਨਸਾ ਜਿਲੇ ਵਿੱਚ ਕੀਤੇ ਇੱਕ ਕੈਂਪ ਦੀ ਗੱਲ ਕੀਤੀ ਸੀ। ਉਥੇ ਇੱਕ ੧੭-੧੮ ਸਾਲ ਦੇ
ਗੱਭਰੂ ਨਾਲ ਹੋਈ ਗੱਲ-ਬਾਤ ਬਾਰੇ ਵੀ ਦੱਸਿਆ ਸੀ, ਜਿਸਨੇ ਦੱਸਿਆ ਸੀ ਕਿ ਉਸਨੇ ਪੜ੍ਹਾਈ ਛੇਵੀਂ ਕਲਾਸ
ਤੋਂ ਵਿੱਚੇ ਛੱਡ ਦਿਤੀ ਸੀ। ਉਥੇ ਗੱਲ ਮੈਂ ਕੁੱਝ ਅਧੂਰੀ ਛੱਡ ਦਿਤੀ ਸੀ। ਮੈਂ ਉਸ ਨੂੰ ਇਹ ਵੀ
ਪੁਛਿਆ ਸੀ,
"ਬੇਟਾ ਫੇਰ ਹੁਣ ਕੰਮ ਕੀ ਕਰਦੇ ਹੋ? "ੋ
"ਕੁਛ ਨਹੀਂ, ਕਿਆ ਕਰਨੈ"। ਉਸ ਜੁਆਬ ਦਿਤਾ।
ਮੈਂ ਕਿਹਾ, "ਫੇਰ ਵੀ ਸਾਰੀ ਦਿਹਾੜੀ ਕੁੱਝ ਤਾਂ ਕਰਦੇ ਹੀ ਹੋਵੋਗੇ? "
"ਬਸ ਪੈਲੀਆਂ ਨੂੰ ਗੇੜੀ ਲਾ ਆਈ ਦੀ ਹੈ"।
"ਉਥੇ ਵੀ ਕੁੱਝ ਕੰਮ ਤਾਂ ਕਰਦੇ ਹੋਵੋਗੇ? " ਮੈਂ ਫੇਰ ਪੁਛਿਆ।
"ਕੰਮ ਤਾਂ ਭਈਏ ਕਰਦੇ ਆ, ਆਪਾਂ ਤਾਂ ਬਸ ਗੇੜੀ ਲਾ ਆਈ ਦੀ ਹੈ"। ਇਹ ਉਸ ਦਾ
ਜੁਆਬ ਸੀ।
ਇੱਕ ਅੰਗਰੇਜ਼ੀ ਦੀ ਕਹਾਵਤ ਹੈ, ‘( An
empty mind is a devils workshop) ਇੱਕ
ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੈ। ` ਫੇਰ ਇਹੋ ਜਿਹੇ ਵਿਹਲੜਾਂ ਨੇ ਨਸ਼ੇੜੀ ਬਣਕੇ ਪੁਠੇ-ਸਿੱਧੇ ਕੰਮ
ਨਹੀਂ ਕਰਨੇ ਤਾਂ ਹੋਰ ਕੀ ਕਰਨਾ ਹੈ? ਅਜ ਤਾਂ ਬਥੇਰੇ ਦਿਹਾਤੀ ਸਿੱਖ ਸ਼ਰਾਬ ਨਾਲ ਜਾਂ ਹੋਰ ਨਸ਼ਿਆਂ
ਨਾਲ ਰੱਜ ਕੇ ਡਿਗਦੇ-ਢਹਿੰਦੇ ਹੀ ਘਰ ਪੁਜਦੇ ਹਨ। ਐਸਿਆਂ ਨੇ ਕਿਥੋਂ ਮੂੰਹ ਹਨੇਰੇ ਉਠ ਕੇ ਖੇਤਾਂ
ਵਿੱਚ ਜਾਣਾ ਹੈ। ਸਾਰੇ ਕੰਮ ਭਈਏ ਹੀ ਕਰਦੇ ਹਨ। ਖੇਤਾਂ ਵਿੱਚ ਕੰਮ ਕਰਨ ਤੋਂ ਇਲਾਵਾ ਹੋਰ ਜਿਹੜੇ
ਕੰਮ ਉਹ ਘਰਾਂ ਵਿੱਚ ਕਰਦੇ ਹਨ, ਉਹ ਇਥੇ ਲਿਖਦਿਆਂ ਮੈਨੂੰ ਸ਼ਰਮ ਆਉਂਦੀ ਹੈ।
ਬਹੁਤ ਪਹਿਲੇ ਸੁਣੀ ਇੱਕ ਕਹਾਣੀ ਯਾਦ ਆਉਂਦੀ ਹੈ। ਜੋ ਸੰਖੇਪ ਵਿੱਚ ਇਸ
ਤਰ੍ਹਾਂ ਹੈ। ਇੱਕ ਦੇਸ਼ ਦੇ ਲੋਕ ਬਹੁਤ ਮਿਹਨਤੀ ਸਨ। ਨਤੀਜਾ ਇਹ ਕਿ ਸਾਰਾ ਦੇਸ਼ ਬਹੁਤ ਖੁਸ਼ਹਾਲ ਸੀ।
ਲੋਕਾਂ ਦਾ ਸੁਹਣਾ ਖਾਣਾ-ਪੀਣਾ, ਪਹਿਨਣਾ ਅਤੇ ਤੰਦਰੁਸਤੀ। ਹਰ ਪਾਸੇ ਖੁਸ਼ੀਆਂ ਅਤੇ ਖੇੜੇ। ਬਸ ਦੇਸ਼
ਵਿੱਚ ਵੜਦਿਆਂ ਹੀ ਸੁਰਗਾਂ ਦਾ ਨਜ਼ਾਰਾ ਨਜ਼ਰ ਆਉਦਾ ਸੀ। ਉਸ ਦੇ ਨਾਲ ਹੀ ਇੱਕ ਦੇਸ਼ ਸੀ, ਜਿਸ ਦੇ ਲੋਕ
ਬਹੁਤ ਗਰੀਬ ਸਨ। ਉਨ੍ਹਾਂ ਫੈਸਲਾ ਕੀਤਾ, ਕਿਉਂ ਨਾ ਗਵਾਂਢੀ ਅਮੀਰ ਦੇਸ਼ ਤੋਂ ਕੁੱਝ ਰੋਜ਼ੀ-ਰੋਟੀ ਕਮਾ
ਲਿਆਈਏ। ਉਹ ਉਸ ਅਮੀਰ ਦੇਸ਼ ਵਿੱਚ ਆਕੇ ਲੋਕਾਂ ਦੇ ਘਰਾਂ, ਖੇਤਾਂ, ਫੈਕਟਰੀਆਂ ਵਿੱਚ ਛੋਟੀਆਂ ਛੋਟੀਆਂ
ਨੌਕਰੀਆਂ ਕਰਨ ਲਗੇ। ਉਨ੍ਹਾਂ ਨੇ ਇਤਨੀ ਮਿਹਨਤ ਕੀਤੀ ਕਿ ਮਾਲਕਾਂ ਨੂੰ ਕੁੱਝ ਕਰਨਾ ਹੀ ਨਾ ਪੈਂਦਾ।
ਹੌਲੀ ਹੌਲੀ ਉਹ ਵਿਹਲੇ ਮਾਲਕ ਐਯਾਸ਼ ਹੋਣ ਲੱਗ ਪਏ। ਕੰਮ ਕਾਜ ਭੁਲਕੇ ਦਿਨ ਰਾਤ ਮੌਜ ਮਸਤੀ ਵਿੱਚ ਮਸਤ
ਰਹਿੰਦੇ। ਕੁੱਝ ਦਹਾਕਿਆਂ ਬਾਅਦ ਉਹ ਬਾਹਰੋਂ ਆਏ ਪ੍ਰਵਾਸੀ ਕਾਮੇਂ ਉਸ ਦੇਸ਼ ਦੇ ਰਾਜੇ, ਧਨਾਡ ਅਤੇ
ਜਮੀਨਾਂ ਜਾਇਦਾਦਾਂ, ਫੈਕਟਰੀਆਂ ਦੇ ਮਾਲਕ ਬਣ ਗਏ ਅਤੇ ਉਸ ਦੇਸ਼ ਦੇ ਪੁਰਾਣੇ ਮਾਲਕ ਹੁਣ ਉਨ੍ਹਾਂ ਕੋਲ
ਛੋਟੇ ਛੋਟੇ ਕੰਮ ਕਰਨ ਲਈ ਮਜਬੂਰ ਸਨ।
ਇੰਜ ਜਾਪਦਾ ਹੈ ਜਿਵੇਂ ਕਿਸੇ ਦੂਰਅੰਦੇਸ਼ੀ ਵਿਦਵਾਨ ਨੇ ਇਹ ਕਹਾਣੀ ਪੰਜਾਬ
ਬਾਰੇ ਹੀ ਘੜੀ ਸੀ। ਕਿਉਂਕਿ ਇਸ ਦੇ ਸੱਚ ਹੋਣ ਦੇ ਚਿੰਨ੍ਹ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।
ਇੱਕ ਤਾਂ ਅਨਪੜ੍ਹ ਵਿਅਕਤੀ ਦੇ ਕੰਮ-ਕਾਰ ਕਰਨ ਦੀ ਸਮਰੱਥਾ ਦਾ ਦਾਇਰਾ ਸੀਮਿਤ
ਹੋ ਜਾਂਦਾ ਹੈ, ਦੂਸਰਾ ਅਨਪੜ੍ਹ ਵਿਅਕਤੀ ਅਕਸਰ ਅਗਿਆਨੀ ਅਤੇ ਅੰਧਵਿਸ਼ਵਾਸੀ ਹੁੰਦੇ ਹਨ, ਆਪਣੇ ਭਲੇ
ਬੁਰੇ ਦੀ ਸੋਝੀ ਸੀਮਿਤ ਹੋਣ ਕਾਰਨ ਨਸ਼ਿਆਂ ਅਤੇ ਵਹਿਮਾਂ-ਭਰਮਾਂ ਵਿੱਚ ਫਸਣ ਦੇ ਆਸਾਰ ਵਧੇਰੇ ਰਹਿੰਦੇ
ਹਨ। ਇੰਝ ਹੀ ਜਿਹੜਾ ਹਰ ਵੇਲੇ ਨਸ਼ੇ ਦੀ ਮਸਤੀ ਵਿੱਚ ਹੀ ਰਹੇਗਾ, ਉਸਨੇ ਪੜ੍ਹਾਈ ਕੀ ਕਰਨੀ ਹੈ ਅਤੇ
ਕੰਮ-ਕਾਜ ਕੀ ਕਰਨਾ ਹੈ? ਅਸਲ ਵਿੱਚ ਅਨਪੜ੍ਹਤਾ, ਨਿਸ਼ੇੜੀਪੁਣਾ ਅਤੇ ਵਿਹਲੜਪੁਣਾ ਸਕੇ ਭੈਣ-ਭਰਾ
ਹਨ। ਇਹਨਾਂ ਵਿਚੋਂ ਕੋਈ ਇੱਕ ਆ ਜਾਵੇ ਉਹ ਦੂਸਰੇ ਲਈ ਜਗ੍ਹਾ ਬਣਾ ਲੈਂਦਾ ਹੈ। ਵਿਸ਼ੇਸ਼ ਤੌਰ ਤੇ ਜਦੋਂ
ਮਹੌਲ ਐਸਾ ਬਣਿਆ ਹੋਵੇ ਫੇਰ ਤਾਂ ਇਹ ਛੂਤ ਦੇ ਰੋਗ ਨਾਲੋਂ ਵਧੇਰੇ ਛੇਤੀ ਫੈਲਦੇ ਹਨ। ਅਤੇ ਪੰਜਾਬ ਦੇ
ਦਿਹਾਤੀ ਇਲਾਕਿਆਂ ਵਿੱਚ ਇਹ ਮਹੌਲ ਪੂਰੀ ਤਰ੍ਹਾਂ ਬਣਾ ਦਿਤਾ ਗਿਆ ਹੈ। ਜਿਸ ਦਾ ਕੁੱਝ ਕੁਝ ਅਸਰ
ਹੁਣ ਸ਼ਹਿਰੀ ਇਲਾਕਿਆਂ ਵਿੱਚ ਵੀ ਨਜਰ ਆਉਣ ਲੱਗ ਪਿਆ ਹੈ। ਮਹੌਲ ਦਾ ਮਹੱਤਵ ਹੀ ਇਹ ਹੈ ਕਿ ਬਾਹਰੋਂ
ਕੋਈ ਕੁੱਝ ਕਰਦਾ ਨਜ਼ਰ ਨਹੀਂ ਆਉਂਦਾ, ਇੰਝ ਜਾਪਦਾ ਹੈ ਜਿਵੇਂ ਸਭ ਕੁੱਝ ਸੁਭਾਵਕ ਹੋਈ ਜਾ ਰਿਹਾ
ਹੋਵੇ।
ਇਸ ਤਰ੍ਹਾਂ ਇਹ ਪੰਜਾਬ ਸਮੱਸਿਆ ਦਾ ਸਥਾਈ ਹੱਲ ਲਭਿਆ ਜਾ ਰਿਹਾ ਹੈ। ਅਸਲ
ਵਿੱਚ ਇਹ ਪੰਜਾਬ ਸਮੱਸਿਆ ਨਹੀਂ, ਸਿੱਖ ਸਮੱਸਿਆ ਹੈ। ਕਿਉਂਕਿ ਪੰਜਾਬ ਦੀ ਧਰਤੀ, ਮਾਨਸਿਕਤਾ ਅਤੇ
ਵਿਰਾਸਤ ਦਾ ਮਾਲਕ ਕੇਵਲ ਸਿੱਖ ਹੈ। ਉਂਜ ਕਹਿਣ ਨੂੰ ਤਾਂ ਪੰਜਾਬ ਵਿੱਚ ਬਥੇਰੇ ਲੋਕ ਵਸਦੇ ਹਨ, ਇਸਦੇ
ਠੇਕੇਦਾਰ ਵੀ ਬਣਦੇ ਹਨ ਅਤੇ ਪੰਜਾਬੀਅਤ ਦੇ ਨਾਅਰੇ ਵੀ ਬਹੁਤ ਮਾਰੇ ਜਾਂਦੇ ਹਨ। ਪਰ ਇਨ੍ਹਾਂ ਲੋਕਾਂ
ਨੇ ਪੰਜਾਬ ਨੂੰ ਕਿਤਨਾ ਕੁ ਅਪਣਾਇਆ ਹੈ, ਇਹ ਇਸ ਗੱਲ ਤੋਂ ਹੀ ਸਪਸ਼ਟ ਹੈ ਕਿ ਹੋਰ ਤਾਂ ਹੋਰ, ਇਹ
ਆਪਣੀ ਮਾਂ ਬੋਲੀ ਤੋਂ ਹੀ ਮੁਨਕਰ ਹਨ। ਪੰਜਾਬ ਦੇ ਹੱਕਾਂ ਲਈ ਤਾਂ ਇਨ੍ਹਾਂ ਨੇ ਆਵਾਜ਼ ਕੀ ਬੁਲੰਦ
ਕਰਨੀ ਸੀ, ਸਗੋਂ ਜਦੋਂ ਵੀ ਸਿੱਖ ਪੰਜਾਬ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਦੇ ਹਨ, ਇਨ੍ਹਾਂ
ਪੰਜਾਬੀਅਤ ਦੇ ਅਲੰਬਰਦਾਰਾਂ ਦੀ ਵਫਾਦਾਰੀ ਸਦਾ ਦੂਜੀਆਂ ਧਿਰਾਂ ਨਾਲ ਹੁੰਦੀ ਹੈ। ਇਸ ਤਰ੍ਹਾਂ
ਪੰਜਾਬ ਦੀ ਅੱਣਖ ਦਾ ਵਾਰਸ ਸਿਰਫ ਸਿੱਖ ਹੈ। ਸੋ ਪੰਜਾਬ ਸਮੱਸਿਆ ਹੱਲ ਕਰਨਾ ਜਾਂ ਸਿੱਖ ਸਮੱਸਿਆ ਹੱਲ
ਕਰਨਾ ਇੱਕੋ ਗੱਲ ਹੈ।
ਸਿੱਖ ਸਮੱਸਿਆ ਨੂੰ ਹੱਲ ਕਰਨ ਦਾ ਸਹੀ ਤਰੀਕਾ ਤਾਂ ਇਹ ਸੀ ਕਿ ਸਿੱਖਾਂ ਦੀਆਂ
ਹੱਕੀ ਮੰਗਾਂ ਮੰਨ ਲਈਆਂ ਜਾਂਦੀਆਂ। ਪਰ ਭਾਰਤ ਦੀ ਰਾਜ ਸੱਤਾ ਤੇ ਅੱਜ ਇੱਕ ਫਿਰਕੂ, ਕੱਟੜਵਾਦੀ,
ਘੱਟਗਿਣਤੀਆਂ ਅਤੇ ਦਲਿਤ ਵਿਰੋਧੀ ਲਾਬੀ ਕਾਬਜ਼ ਹੋ ਚੁਕੀ ਹੈ। ਇਹ ਲਾਬੀ ਵੀ ਕੋਈ ਨਵੀਂ ਹੋਂਦ ਵਿੱਚ
ਨਹੀਂ ਆਈ, ਬਹੁਤ ਪੁਰਾਣੇ ਸਮਿਆਂ ਤੋਂ ਹੈ। ਪਰ ਇੱਕ ਵੱਡਾ ਫਰਕ ਹੈ ਕਿ ਅਜ ਇਹ ਰਾਜਸੱਤਾ ਤੇ ਕਾਬਜ਼
ਹੈ। ਤੇ ਸਿੱਖ ਇਸ ਲਾਬੀ ਦੇ ਨਿਸ਼ਾਨੇ ਤੇ ਪਹਿਲੇ ਨੰਬਰ ਤੇ ਹਨ, ਕਿਉਂਕਿ ਸਿੱਖ ਸਭ ਤੋਂ ਘਟ ਗਿਣਤੀ
ਵਿੱਚ ਹਨ ਅਤੇ ਸਭ ਤੋਂ ਅਣਖੀਲੇ ਹਨ। ਇਸ ਕਾਬਜ਼ ਲਾਬੀ ਨੇ ਜੋ ਗੈਰ ਇਖਲਾਕੀ, ਗੈਰ ਮਨੁੱਖੀ, ਗੈਰ
ਜਮਹੂਰੀ, ਸਾਜਸ਼ੀ ਅਤੇ ਮੁਜਰਮਾਨਾ ਹੱਲ ਲਭਿਆ ਹੈ, ਉਹ ਇਹ ਹੈ ਕਿ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ
ਹੀ ਮੁਕਾ ਦਿਤਾ ਜਾਵੇ। ‘ਨਾ ਰਹੇ ਬਾਂਸ, ਨਾ ਬਜੇ ਬਾਂਸੁਰੀ। ` ਨਾ ਹੱਕ ਮੰਗਣ ਵਾਲੇ ਰਹਿਣ, ਨਾ
ਸਮੱਸਿਆ ਖੜੀ ਹੋਵੇ। ਇਸੇ ਪਾਲਿਸੀ ਤਹਿਤ ਪਿਛਲੇ ਦਿਨਾਂ ਵਿੱਚ ਸਿੱਖ ਨੌਜਵਾਨੀ ਨੂੰ ਚੁਣ ਚੁਣ ਕੇ
ਮਾਰਿਆ ਗਿਆ। ਹੁਣ ਰਹਿੰਦਿਆ ਖੂਹੰਦਿਆ ਨੂੰ ਉਪਰਲੇ ਸਾਜਿਸ਼ੀ ਹਮਲੇ ਨਾਲ ਮੁਕਾਇਆ ਜਾ ਰਿਹਾ ਹੈ।
ਇਹ ਪਾਲਿਸੀ ਐਸੀ ਹੈ ਕਿ ਕਿਸੇ ਦੇ ਸਿਰ ਕੋਈ ਇਲਜ਼ਾਮ ਨਹੀਂ ਆਉਣਾ, ਨਾ ਕੌਮਾਂਤਰੀ ਪੱਧਰ ਤੇ ਕੋਈ
ਰੌਲਾ ਪੈਣਾ ਹੈ ਤੇ ਨਤੀਜੇ ਇਤਨੇ ਖਤਰਨਾਕ ਹਨ ਕਿ ਦਿਹਾਤੀ ਇਲਾਕਿਆਂ ਵਿੱਚ ਸਿੱਖ ਕੌਮ ਨਾ ਜਿਊਂਦਿਆਂ
ਵਿੱਚ ਰਹੇਗੀ ਨਾ ਮੋਇਆਂ ਵਿਚ। ਜੇ ਕੁੱਝ ਇੱਕ ਘਿਸ-ਘਿਸ ਕੇ ਜੀਊਂਦੇ ਵੀ ਰਹੇ ਤਾਂ ਇਹੋ ਜਿਹੇ
ਸਿੱਖ ਕਿਹੋ ਜਿਹੇ ਹੋਣਗੇ? ਇਸ ਪਾਲਿਸੀ ਤੇ ਕਿਸੇ ਸਰਕਾਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ,
ਕਿਉਂਕਿ ਕਿਸੇ ਵੀ ਰਾਜਨੀਤਿਕ ਦਲ ਦੀ ਸਰਕਾਰ ਆ ਜਾਵੇ, ਉਹ ਇਸ ਲਾਬੀ ਦੀਆਂ ਪਾਲਿਸੀਆਂ ਨੂੰ ਬਦਲਣ ਦੀ
ਜੁਅਰਤ ਨਹੀਂ ਕਰ ਸਕਦੀ। ਜੇ ਵੱਧ ਤੋਂ ਵੱਧ ਫਰਕ ਪਵੇਗਾ ਤਾਂ ਸਿਰਫ ਇਤਨਾ ਕਿ ਕਿਸੇ ਦੀ ਸਰਕਾਰ ਇਸ
ਨੂੰ ਸਰਗਰਮੀ ਨਾਲ ਲਾਗੂ ਕਰਵਾਏਗੀ ਅਤੇ ਕਿਸੇ ਦੀ ਸਰਕਾਰ ਇਸ ਨੂੰ ਅਣਡਿੱਠ ਕਰਕੇ ਲਾਗੂ ਹੋਣ
ਦੇਵੇਗੀ।
ਇਥੇ ਇੱਕ ਸੁਆਲ ਹੋਰ ਆਵੇਗਾ ਕਿ, ਜਿਵੇਂ ਮੈਂ ਆਪ ਹੀ ਉੱਪਰ ਲਿਖਿਆ ਹੈ ਇਹ
ਪਾਲਿਸੀ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਲਾਗੂ ਕੀਤੀ ਜਾ ਰਹੀ ਹੈ, ਜੇ ਨੀਅਤ ਸਿੱਖ ਕੌਮ ਨੂੰ
ਬਰਬਾਦ ਕਰਨ ਦੀ ਹੈ ਤਾਂ ਸਿੱਖ ਤਾਂ ਹੁਣ ਕੇਵਲ ਭਾਰਤ ਹੀ ਨਹੀਂ, ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ
ਹਨ। ਇਸ ਦਾ ਜੁਆਬ ਵੀ ਮੈਂ ਉਪਰਲੇ ਪੈਰੇ ਵਿੱਚ ਦੇ ਚੁਕਾ ਹਾਂ। ਇਸ ਨਾਲ ਪੰਜਾਬ ਜਾਂ ਸਿੱਖ ਸਮੱਸਿਆ
ਹਲ ਕੀਤੀ ਜਾ ਰਹੀ ਹੈ। ਦੁਸ਼ਮਨ ਸ਼ਕਤੀਆਂ ਬਿਲਕੁਲ ਸਪਸ਼ਟ ਹਨ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਜਾਂ
ਸਿੱਖ ਹੱਕਾਂ ਲਈ ਇਨਕਲਾਬੀ ਸੁਰਾਂ ਉਠਦੀਆਂ ਹਨ, ਇਹ ਸਭ ਤੋਂ ਜਿਆਦਾ ਪੰਜਾਬ ਦੇ ਪਿੰਡਾਂ ਤੋਂ
ਉਠਦੀਆਂ ਹਨ, ਇਸ ਵਾਸਤੇ ਪਹਿਲਾ ਨਿਸ਼ਾਨਾ ਪੰਜਾਬ ਦੇ ਦਿਹਾਤੀ ਇਲਾਕੇ ਹਨ। ਇਸ ਨਾਲ ਜਿਥੇ ਪੰਜਾਬ
ਵਿਚੋਂ ਇਨਕਲਾਬੀ ਸੁਰਾਂ ਉਠਣੀਆਂ ਬੰਦ ਹੋ ਜਾਣਗੀਆਂ, ਉਥੇ ਨਾਲ ਹੀ ਸਿੱਖੀ ਦਾ ਕੇਂਦਰ ਕਮਜ਼ੋਰ ਹੋ
ਜਾਵੇਗਾ, ਜਿਸ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖ ਪ੍ਰਭਾਵਤ ਹੋਣਗੇ। ਉਂਜ ਵੀ ਸਿੱਖ ਦੁਸ਼ਮਨ ਲਾਬੀ
ਨੂੰ ਜੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਤੋਂ ਕੋਈ ਮਾੜਾ-ਮੋਟਾ ਡਰ ਹੈ ਤਾਂ ਕੇਵਲ ਵਿਦੇਸ਼ਾਂ ਵਿੱਚ
ਵਸਦੇ ਸਿੱਖਾਂ ਤੋਂ ਹੈ, ਪਰ ਉਹ ਵੀ ਪੰਜਾਬ ਵਿੱਚਲੀ ਸਿੱਖ ਨੌਜਵਾਨੀ ਤੋਂ ਸਹਿਯੋਗ ਮਿਲਣ ਤੋਂ ਬਿਨਾਂ
ਸ਼ਾਇਦ ਬਹੁਤਾ ਕੁੱਝ ਨਹੀਂ ਕਰ ਸਕਦੇ। ਭਾਰਤ ਦੇ ਦੂਸਰੇ ਹਿਸਿਆਂ ਵਿੱਚ ਵਸਦੇ ਸਿੱਖ ਤਾਂ ਉਨ੍ਹਾਂ ਲਈ
‘ਘਰ ਦੀ ਮੁਰਗੀ` ਹਨ। ਇੱਕ ਤਾਂ ਬਹੁਗਿਣਤੀ ਦੇ ਸੁਭਾਵਕ ਪ੍ਰਭਾਵ ਕਾਰਨ ਸਿੱਖੀ ਸਰੂਪ ਵਿੱਚ ਹੁੰਦੇ
ਹੋਏ ਵੀ ਘੱਟੋ-ਘੱਟ ਅੱਧ ਪਚੱਧੇ ਤਾਂ ਬ੍ਰਾਹਮਣੀ ਰੀਤੀ ਰਿਵਾਜਾਂ ਵਿੱਚ ਫਸ ਹੀ ਚੁਕੇ ਹਨ। ਕਈ ਸਾਬਤ
ਸੂਰਤ, ਇਥੋਂ ਤੱਕ ਕੇ ਅੰਮ੍ਰਿਤਧਾਰੀ ਸਿੱਖ ਮਰਦਾਂ ਦੇ ਹੱਥਾਂ ਤੇ ਬਝੀਆਂ ਮੌਲੀਆਂ ਧਾਗੇ, ਗਲਿਆਂ
ਵਿੱਚ ਪਏ ਤਵੀਤ, ਹੱਥਾਂ ਦੀਆਂ ਉਂਗਲੀਆਂ ਵਿੱਚ ਪਈਆਂ ਭਾਂਤ-ਭਾਂਤ ਦੇ ਨਗਾਂ ਦੀਆਂ ਅੰਗੂਠੀਆਂ, ਨਾਲ
ਉਨ੍ਹਾਂ ਦੀਆਂ ਬੀਵੀਆਂ ਦੇ ਮੱਥੇ ਤੇ ਸੁਹਾਗ ਦਾ ਸਿੰਧੂਰ, ਗਲੇ ਵਿੱਚ ਮੰਗਲ ਸੂਤਰ, ਅਤੇ
ਤਰ੍ਹਾਂ-ਤਰ੍ਹਾਂ ਦੇ ਬ੍ਰਾਹਮਣੀ ਵਰਤ, ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਮੈਂ ਤਾਂ ਨੇਮ ਨਾਲ
ਗੁਰਦੁਆਰੇ ਜਾਣ ਵਾਲੇ ਕੁੱਝ ਸਿੱਖਾਂ ਦੇ ਘਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ
ਉਨ੍ਹਾਂ ਦੀ ਪੂਜਾ ਹੁੰਦੀ ਵੀ ਵੇਖੀ ਹੈ। ਇਹ ਅਲੱਗ ਗੱਲ ਹੈ ਕਿ ਉਹ ਆਪਣੀ ਤਸੱਲੀ ਵਾਸਤੇ, ਵਿੱਚ
ਗੁਰੂ ਪਾਤਿਸ਼ਾਹਾਂ ਦੀਆਂ ਮਨੋ-ਕਲਪਿਤ ਅਤੇ ਗੈਰ ਸਿਧਾਂਤਕ ਮੂਰਤੀਆਂ ਵੀ ਬਣਾਕੇ ਨਾਲ ਰੱਖ ਲੈਂਦੇ ਹਨ।
ਦੂਸਰਾ ਬਹੁਤ ਘੱਟ ਗਿਣਤੀ ਵਿੱਚ ਹੋਣ ਕਾਰਣ ਉਨ੍ਹਾਂ ਵਿੱਚ ਇੱਕ ਸਹਿਮ ਹੈ। ਵਿਸ਼ੇਸ਼ ਕਰ ਕੇ ਨਵੰਬਰ
੧੯੮੪ ਵਿੱਚ ਤਕਰੀਬਨ ਸਾਰੇ ਭਾਰਤ ਵਿੱਚ ਹੋਏ ਸਿੱਖ ਕਤਲੇ ਆਮ ਤੋਂ ਬਾਅਦ ਇਹ ਸਹਿਮ ਬਹੁਤ ਵੱਧ ਗਿਆ
ਹੈ। ਉਨ੍ਹਾਂ ਕੌਮੀ ਸਿੱਖ ਹਕਾਂ ਦੀ ਗੱਲ ਤਾਂ ਕੀ ਕਰਨੀ ਹੈ, ਬਲਕਿ ਜਦੋਂ ਕਿਤੇ ਪੰਜਾਬ ਵਿੱਚ ਕੋਈ
ਲਹਿਰ ਚਲਦੀ ਹੈ ਤਾਂ ਉਨ੍ਹਾਂ ਅੰਦਰ ਅਕਸਰ ਇੱਕ ਘਬਰਾਹਟ ਪੈਦਾ ਹੋ ਜਾਂਦੀ ਹੈ ਅਤੇ ਕੁੱਝ ਇੱਕ ਤਾਂ
ਬਹੁਗਿਣਤੀ ਨੂੰ ਖੁਸ਼ ਕਰਨ ਲਈ ਪੰਜਾਬ ਵਿਰੋਧੀ ਸਟੈਂਡ ਲੈਣ ਤੋਂ ਵੀ ਪਿੱਛੇ ਨਹੀਂ ਰਹਿੰਦੇ।
ਸਿਖ ਨੌਜਵਾਨੀ ਵਾਸਤੇ ਇਹ ਬਹੁਤ ਵੱਡੇ ਇਮਤਿਹਾਨ ਦਾ ਸਮਾਂ ਹੈ ਕਿ ਉਹ ਇਤਨੀ
ਵੱਡੀ ਸਾਜਿਸ਼ ਵਿਚੋਂ ਕਿਵੇਂ ਬੱਚ ਕੇ ਨਿਕਲਦੀ ਹੈ? ਅਜੇ ਤਕ ਦੇ ਹਾਲਾਤ ਤੋਂ ਤਾਂ ਇੰਜ ਜਾਪਦਾ ਹੈ ਕਿ
ਦੁਸ਼ਮਨ ਆਪਣੇ ਇਰਾਦਿਆਂ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ। ਇਸ ਦਾ ਇੱਕ ਕਾਰਨ ਇਹ ਵੀ ਹੋ
ਸਕਦਾ ਹੈ ਕਿ ਅਜੇ ਤੱਕ ਕੌਮ ਨੇ ਇਸ ਸਾਜਸ਼ ਨੂੰ ਸਮਝਿਆ ਹੀ ਨਹੀਂ। ਇਹੀ ਸਮਝਿਆ ਜਾ ਰਿਹਾ ਹੈ ਕਿ ਸਭ
ਕੁੱਝ ਸੁਭਾਵਕ ਹੀ ਹੋ ਰਿਹਾ ਹੈ। ਸਭ ਤੋਂ ਪਹਿਲਾਂ ਇਸ ਸਾਰੀ ਖੇਡ ਨੂੰ ਚੰਗੀ ਤਰ੍ਹਾਂ ਸਮਝ ਕੇ,
ਸਾਰੀ ਸਾਜਸ਼ ਨੂੰ ਨਾਕਾਮ ਕਰਨ ਲਈ ਇੱਕ ਇਨਕਲਾਬੀ ਲਹਿਰ ਬਨਾਉਣੀ ਪਵੇਗੀ। ਸਿੱਖ ਨੌਜਵਾਨੀ ਨੂੰ
ਇੱਕ ਪੱਕੇ ਇਰਾਦੇ ਨਾਲ ਇਨ੍ਹਾਂ ਤਿੰਨਾਂ ਮਹਾਮਾਰੀਆਂ ਖਿਲਾਫ ਜੂਝਣਾ ਪਵੇਗਾ। ਕੌਮ ਨੂੰ ਆਪਣੇ ਸਾਧਨ (Resources)
ਪੈਦਾ ਕਰਨੇ ਪੈਣਗੇ। ਪੰਥਕ ਜਥੇਬੰਦੀਆਂ ਨੂੰ ਬਾਕੀ ਸਭ ਪਾਸਿਉਂ ਧਿਆਨ ਹਟਾ ਕੇ ਸਿੱਖ ਨੌਜਵਾਨੀ ਨੂੰ
ਇਨ੍ਹਾਂ ਤਿਨ ਮਾਰੂ ਰੋਗਾਂ ਤੋ ਬਚਾਉਣ ਲਈ ਸਾਰਥਕ ਪ੍ਰੋਗਰਾਮ ਉਲੀਕਣੇ ਪੈਣਗੇ। ਗੁਰਮਤਿ ਪ੍ਰਚਾਰ ਦੇ
ਨਾਲ ਨਾਲ ਇਨ੍ਹਾਂ ਮਹਾਮਾਰੀਆਂ ਖਿਲਾਫ ਵੀ ਪ੍ਰਚਾਰ ਮੁਹਿੰਮ ਛੇੜਨੀ ਪਵੇਗੀ, ਤਾਂ ਕੌਮ ਬਚੇਗੀ। ਸਭ
ਤੋਂ ਵੱਡੀ ਗਲ ਸਿੱਖ ਨੌਜਵਾਨੀ ਨੂੰ ਬਹੁਤ ਜਿਮੇਂਵਾਰ ਅਤੇ ਚੇਤੰਨ ਹੋਣਾ ਪਵੇਗਾ। ਸੂਝਵਾਨ ਨੌਜਵਾਨਾਂ
ਨੂੰ ਆਪਣੇ ਆਪੇ ਤੋਂ ਵੀ ਅੱਗੇ ਨਿਕਲ ਕੇ ਆਪਣੇ ਕੁਰਾਹੇ ਪਏ ਭੁਲੱੜ ਵੀਰਾਂ ਨੂੰ ਸਮਝਾਉਣ ਅਤੇ
ਸੰਭਾਲਣ ਦੀ ਜਿੰਮੇਵਾਰੀ ਵੀ ਲੈਣੀ ਪਵੇਗੀ।
ਗੱਲ ਇਥੇ ਹੀ ਨਹੀਂ ਮੁਕਦੀ। ਪੂਰਾ ਚਕ੍ਰਵਿਊ ਰਚਿਆ ਗਿਆ ਹੈ, ਸਿੱਖ ਕੌਮ ਦੇ
ਦੁਆਲੇ। ਚਾਣਕਿਆ ਨੀਤੀ ਦੇ ਹਥਿਆਰ, ਸਾਮ,
ਦਾਮ, ਦੰਡ, ਭੇਦ, ਸਾਰੇ ਵਰਤੇ ਗਏ ਹਨ। ਸਿੱਖ ਕਿਸੇ ਵੀ ਤਰ੍ਹਾਂ ਬਚ ਕੇ ਨਾ ਨਿਕਲ ਸਕੇ। ਜੇ ਇੱਕ
ਘੇਰਾ ਤੋੜਨ ਵਿੱਚ ਕਾਮਯਾਬ ਹੋ ਵੀ ਜਾਵੇ ਤਾਂ ਦੂਸਰੇ ਵਿੱਚ ਫਸ ਜਾਵੇ। ਅਗਲਾ ਘੇਰਾ ਹੈ ਭਗਵਾ-ਕਰਨ
ਦਾ। ਅਸਲ ਵਿੱਚ ਹਿੰਦੂਤੱਵੀ ਸ਼ਕਤੀਆਂ ਨੂੰ ਡਰ ਸਿੱਖ ਦੇ ਸਰੂਪ ਤੋਂ ਨਹੀਂ, ਸਿੱਖੀ ਸਿਧਾਂਤ ਤੋਂ ਹੈ।
ਇਨ੍ਹਾਂ ਦਾ ਅਸਲ ਵੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨਾਲ ਹੈ। ਜਿਸ ਦਾ ਇਲਾਹੀ
ਗਿਆਨ ਬ੍ਰਾਹਮਣਵਾਦ ਦੇ ਕੂੜ ਪਾਜ, ਗੈਰ ਮਨੁੱਖੀ ਵਰਨਵੰਡ, ਵਿਖਾਵੇ ਦੇ ਧਰਮ-ਪਾਖੰਡ, ਪੂਜਾ ਤੇ
ਪੂਜਾਰੀਵਾਦ, ਮੰਤਰ ਸ਼ਕਤੀ ਤੇ ਮੰਤਰਜਾਪ ਅਤੇ ਕਰਮਕਾਂਡੀ ਸਾਜਸ਼ਾਂ ਨੂੰ ਨਾ ਸਿਰਫ ਨਕਾਰਦਾ ਹੈ ਬਲਕਿ
ਸਮਾਜ ਵਿੱਚ ਪੂਰੀ ਤਰ੍ਹਾਂ ਨੰਗਾ ਕਰਕੇ ਇਸ ਤੋਂ ਬਚਣ ਲਈ ਪ੍ਰੇਰਤ ਕਰਦਾ ਹੈ। ਬ੍ਰਾਹਮਣਵਾਦ ਨੂੰ ਡਰ
ਗੁਰੂ ਨਾਨਕ ਪਾਤਿਸ਼ਾਹ ਦੇ ਇੱਕ ਈਸ਼ਵਰੀਵਾਦ, ਮਨੁੱਖੀ ਬਰਾਬਰੀ, ਮਨੁਖੀ ਭਾਈਚਾਰੇ, ਨਿਰਮਲ ਅਮਲੀ
ਜੀਵਨ, ਸੱਚ ਧਰਮ ਅਤੇ ਸਰਬੱਤ ਦੇ ਭਲੇ ਦੇ ਫਲਸਫੇ ਤੋਂ ਹੈ ਜੋ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਤੋਂ ਪਰਗਟ ਹੁੰਦਾ ਹੈ। ਇਸ ਲਈ ਅਗਲੀ ਸਾਜਿਸ਼ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਨਾਲੋਂ ਤੋੜਨ ਦੀ ਹੈ।
ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਨਾਲ ਜੁੜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੁੰ ਮਨਣਾ ਅਤੇ ਸਤਿਗੁਰੂ ਨਾਲੋਂ ਟੁਟਣਾ ਕੀ ਹੈ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਫੁਰਮਾਉਂਦੀ ਹੈ:
"ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।। " (ਰਾਮਕਲੀ ਮਹਲਾ ੧ -ਪੰਨਾ ੮੭੮)
( ਹੇ
ਪ੍ਰਭੂ!) ਤੇਰੇ ਨਾਮ ਨਾਲ ਡੂੰਘੀ ਸਾਂਝ ਪਾਣੀ (ਭਾਵ ਤੇਰਾ ਹੁਕਮ ਮੰਨਣਾ) ਤੇਰੇ ਅੱਗੇ ਸਿਰ ਨਿਵਾਣਾ
ਹੈ।
" ਸਤਿਗੁਰ ਕੀ ਬਾਣੀ ਸਤਿ
ਸਰੂਪੁ ਹੈ ਗੁਰਬਾਣੀ ਬਣੀਐ।। " (ਗਉੜੀ ਕੀ ਵਾਰ ਮਹਲਾ ੪ –ਪੰਨਾਂ ੩੦੪)
ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ
ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ।
" ਗਾਵਿਆ ਸੁਣਿਆ ਤਿਨ ਕਾ
ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ।। "
(ਧਨਾਸਰੀ ਮਹਲਾ ੪-ਪੰਨਾ ੬੬੯)
ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ,
ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।
" ਸਤਿਗੁਰੁ ਜਿਨੀ ਨ ਸੇਵਿਓ
ਸਬਦਿ ਨ ਕੀਤੋ ਵੀਚਾਰੁ।। ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ।। "
(ਸਲੋਕ ਮਃ ੩ –ਪੰਨਾ ੮੮)
( ਮਨੁੱਖਾ
ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ
ਵਿਚਾਰ ਨਹੀਂ ਕੀਤੀ, (ਤੇ ਇਸ ਤਰ੍ਹਾਂ) ਹਿਰਦੇ ਵਿੱਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ
ਵਿੱਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।
" ਸਤਿਗੁਰ ਨੋ ਸਭੁ ਕੋ
ਵੇਖਦਾ ਜੇਤਾ ਜਗਤੁ ਸੰਸਾਰੁ।। ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।। "
(ਸਲੋਕੁ ਮਃ ੩ - ਪੰਨਾ ੫੯੪)
ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ
ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ
ਨਹੀਂ ਕਰਦਾ।
ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਕੋਈ ਮੰਤ੍ਰ ਨਹੀਂ ਜੀਵਨ
ਜੁਗਤਿ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ, ਸਤਿਗੁਰੂ ਜੀ ਦੀ ਪਾਵਨ ਬਾਣੀ
ਨਾਲ ਜੁੜਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਸਤਿਗੁਰੂ ਜੀ ਦਾ ਹੁਕਮ ਮੰਨਣਾ। ਆਪਣੇ
ਜੀਵਨ ਨੂੰ ਗੁਰਬਾਣੀ ਦੁਆਰਾ ਬਖਸ਼ੀ ਨਿਰਮਲ ਜੀਵਨ ਜੁਗਤਿ ਅਨੁਸਾਰ ਢਾਲਣਾ। ਅਤੇ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਨਾਲੋਂ ਟੁਟਣਾ ਹੈ, ਸਤਿਗੁਰੂ ਦੀ ਬਖਸ਼ੀ ਨਿਰਮਲ ਵਿਚਾਰਧਾਰਾ ਨਾਲੋਂ ਟੁਟਣਾ। ਕੇਵਲ
ਸਤਿਗੁਰੂ ਜੀ ਦੇ ਕਿਤਾਬੀ ਸਰੂਪ ਦੀ ਪੂਜਾ ਕਰਨ ਤਕ ਸੀਮਤ ਹੋ ਜਾਣਾ, ਗੁਰਬਾਣੀ ਨੂੰ ਬਿਨਾ ਵਿਚਾਰੇ,
ਸਮਝੇ, ਮੰਤਰ ਵਾਂਗ ਤੋਤਾ ਰਟਨੀ ਕਰਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਜਣ ਦੀ ਨਹੀਂ ਅਪਨਾਉਣ
ਦੀ ਚੀਜ਼ ਹੈ। ਸਿੱਖ ਨੇ ਕੇਵਲ ਆਪਣੇ ਜੀਵਨ ਨੂੰ ਹੀ ਨਹੀਂ, ਪੂਰੇ ਮਨੁੱਖੀ ਸਮਾਜ ਨੂੰ, ਇਨਸਾਨੀ
ਭਾਈਚਾਰੇ ਨੂੰ ਗੁਰਮਤਿ ਦੇ ਰੰਗ ਵਿੱਚ ਰੰਗਣਾ ਹੈ, ਜੋ ਗੁਰਬਾਣੀ ਨੂੰ ਆਪ ਪੜ੍ਹਕੇ, ਵਿਚਾਰੇ, ਸਮਝੇ
ਬਿਨਾ ਸੰਭਵ ਨਹੀਂ।
ਸੋ ਅਗਲਾ ਘੇਰਾ ਜੋ ਪੰਥ ਦੋਖੀ ਸ਼ਕਤੀਆਂ ਨੇ ਸਿੱਖੀ ਨੂੰ ਪਾਇਆ ਹੋਇਆ ਹੈ ਉਹ
ਹੈ ਸਿੱਖੀ ਦਾ ਸਨਾਤਨੀਕਰਨ ਜਾਂ ਭਗਵਾਕਰਨ ਕਰਨਾ। ਇਸ ਮਕਸਦ ਵਾਸਤੇ ਸਿੱਖੀ ਅੰਦਰ ਇੱਕ ਵੱਡਾ
ਜਾਲ ਵਿਛਾਇਆ ਗਿਆ ਹੈ। ਇਹ ਜੋ ਇਤਨੇ ਗੋਲ ਪੱਗਾਂ ਅਤੇ ਲੰਬੇ ਚੋਲਿਆਂ ਵਾਲੇ, ਆਪਣੇ ਆਪ ਨੂੰ ਸੰਤ,
ਸਾਧ, ਬਾਬਾ, ਬ੍ਰਹਮਗਿਆਨੀ, ਮਹਾਂਪੁਰਖ ਅਦਿ ਕਹਾਉਣ ਵਾਲੇ ਪਾਖੰਡੀ ਤੁਰੇ ਫਿਰਦੇ ਹਨ, ਇਹ ਸਭ ਇਹੀ
ਕੰਮ ਕਰ ਰਹੇ ਹਨ। ਅਸਲ ਵਿੱਚ ਇਹ ਸਭ ਜਾਣੇ-ਅਣਜਾਣੇ ਇਨ੍ਹਾਂ ਬਿਪਰਵਾਦੀ, ਪੰਥ ਦੋਖੀ ਸ਼ਕਤੀਆਂ ਦੇ
ਏਜੰਟ ਹਨ। ਪੰਥ ਦੋਖੀ ਸ਼ਕਤੀਆਂ ਨੇ ਸਿੱਖ ਕੌਮ ਨੂੰ ਬਰਬਾਦ ਕਰਨ ਲਈ ਦੋ ਬਹੁਤ ਵੱਡੇ ਕੰਮ ਇਨ੍ਹਾਂ
ਰਾਹੀਂ ਹੀ ਕਰਾਏ ਹਨ। ਪਹਿਲਾ ਹੈ ਸਿੱਖ ਕੌਮ ਨੂੰ ਵੰਡਣ ਦਾ ਅਤੇ ਵੰਡੀਆਂ ਪਾਕੇ ਕਮਜ਼ੋਰ ਕਰਨ ਦਾ।
ਅੱਜ ਇਨ੍ਹਾਂ ਨਿਰੰਕਾਰੀ, ਆਸ਼ੂਤੋਸ਼ੀਏ, ਝੂਠਾ ਸੌਦਾ, ਭਨਿਆਰਾ, ਬਿਆਸ ਵਾਲੇ, ਨਾਮਧਾਰੀਏ ਆਦਿ ਦੇ
ਡੇਰਿਆਂ ਤੇ ਜਾਣ ਵਾਲੇ ਬਹੁਤੇ ਸਿੱਖ ਹੀ ਹਨ। ਦੁਸ਼ਮਨ ਨੇ ਇਤਨਾ ਕਮਾਲ ਦਾ ਜਾਲ ਵਿਛਾਇਆ ਹੈ ਕਿ
ਪਹਿਲਾਂ ਤਾਂ ਜੋ ਡੇਰਿਆਂ ਦੇ ਹੋ ਗਏ ਉਹ ਸਿੱਖੀ ਪਖੋਂ ਜਿਉਂਦੇ ਹੀ ਮਰ ਗਏੇ, ਫੇਰ ਜੇ ਲੜਾਈ-ਝਗੜਾ
ਹੋਵੇ, ਜਿਸ ਪਾਸਿਓਂ ਵੀ ਮਰੇ ਸਿੱਖ ਹੀ ਮਰੇ। ਬਸ ਦੁਸ਼ਮਨ ਇਹੀ ਚਾਹੁੰਦਾ ਹੈ ਕਿ ਸਿੱਖ ਆਪਸ ਵਿੱਚ ਹੀ
ਲੜ ਲੜ ਕੇ ਮਰ ਜਾਣ। ਨਿਰੰਕਾਰੀ ਕਾਂਡ ਵਿੱਚ ਕੀ ਹੋਇਆ ਅਤੇ ਹੁਣ ਸੌਦਾ ਸਾਧ ਦੇ ਕੇਸ ਵਿੱਚ ਕੀ ਹੋ
ਰਿਹਾ ਹੈ? ਨਾਲੇ ਜੇ ਆਪਸ ਵਿੱਚ ਹੀ ਲੜਦੇ ਰਹਿਣਗੇ ਤਾਂ ਘੱਟੋ-ਘੱਟ ਅਸਲੀ ਦੁਸ਼ਮਨ ਵੱਲ ਤਾਂ ਧਿਆਨ
ਨਹੀਂ ਜਾਵੇਗਾ।
ਉੱਪਰ ਕੁੱਝ ਡੇਰਿਆਂ ਦੇ ਨਾਂ ਲਿਖਣ ਨਾਲ ਇੰਝ ਜਾਪਦਾ ਹੋਵੇਗਾ ਜਿਵੇਂ ਇਹੀ
ਸਭ ਪੰਥ ਦੋਖੀ ਹਨ ਅਤੇ ਬਾਕੀ ਸਭ ਬਾਬੇ ਪੰਥ ਦਰਦੀ ਅਤੇ ਗੁਰਮਤਿ ਦੇ ਧਾਰਨੀ। ਬਿਲਕੁਲ ਨਹੀਂ। ਬਸ
ਫਰਕ ਸਿਰਫ ਇਤਨਾ ਹੈ ਕਿ ਉਹ ਇਤਨੇ ਸਥਾਪਤ ਅਤੇ ਸ਼ਕਤੀਸ਼ਾਲੀ ਹੋ ਚੁੱਕੇ ਹਨ ਕਿ ਉਨ੍ਹਾਂ ਨੁੰ ਹੁਣ
ਆਪਣੀ ਹੱਟੀ ਚਲਾਉਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਰਹੀ। ਹੁਣ ਉਹ ਆਪ ਗੁਰੂ ਬਣ
ਬੈਠੇ ਹਨ ਅਤੇ ਉਹ ਖਾਲਸਾ ਪੰਥ ਦੇ ਮੁਕਾਬਲੇ ਆਪਣੇ ਅਲੱਗ ਪੰਥ ਚਲਾਈ ਬੈਠੇ ਹਨ ਅਤੇ ਇਹ ਅਜੇ ਆਪਣੇ
ਆਪ ਨੂੰ ਸਥਾਪਤ ਕਰ ਰਹੇ ਹਨ। ਕੰਮ ਇਹ ਵੀ ਉਤਨਾਂ ਹੀ ਖਤਰਨਾਕ ਕਰ ਰਹੇ ਹਨ।
ਪੰਥ ਦੋਖੀਆਂ ਦਾ ਦੂਸਰਾ ਵੱਡਾ ਕੰਮ ਕਿ ਸਿੱਖ ਸਿੱਖੀ ਸਰੂਪ ਵਿੱਚ ਰਹਿੰਦਾ
ਹੋਇਆ ਹੀ, ਕਰਮਾਂ ਕਰਕੇ ਬ੍ਰਾਹਮਣ ਬਣ ਜਾਏ, ਇਨ੍ਹਾਂ ਕੋਲੋਂ ਹੀ ਕਰਾਇਆ ਜਾ ਰਿਹਾ ਹੈ। ਅੱਜ
ਸਿੱਖ ਕੌਮ ਵਿੱਚ ਚੱਲ ਰਹੀਆਂ ਇਕੌਤਰੀਆਂ, ਗੁਰਧਾਮਾਂ ਦੇ ਦਰਸ਼ਨਾਂ ਦੇ ਨਾਂਅ ਤੇ ਕਰਾਈਆਂ ਜਾ ਰਹੀਆਂ
ਤੀਰਥ ਯਾਤਰਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਂਅ ਤੇ ਕਰਾਈ ਜਾ ਰਹੀ ਕੇਵਲ
ਬਾਹਰੀ ਸਰੂਪ ਦੀ ਪੂਜਾ, ਬ੍ਰਾਹਮਾਣਵਾਦ ਨਾਲੋਂ ਵੀ ਵੱਧ ਫੈਲਾਏ ਜਾ ਰਹੇ ਵਹਿਮ- ਭਰਮ, ਸੁੱਚ ਤੇ
ਪਵਿੱਤਰਤਾ ਦੇ ਨਾਂਅ ਤੇ ਭਿੱਟ ਆਦਿ ਅਨੇਕਾਂ ਕਰਮ ਇਨ੍ਹਾਂ ਦੀ ਦੇਣ ਹੈ। ਉਨ੍ਹਾਂ ਨੇ ਆਪਣੇ ਧਰਮ
ਗ੍ਰੰਥ ਤਿਆਰ ਕਰ ਲਏ ਹਨ, ਇਹ ਕੱਚੀਆਂ ਧਾਰਨਾਂ ਲਾ ਕੇ, ਮੰਨਤਾਂ ਮਨਾ ਕੇ, ਮੰਤਰ ਦੇ ਰੂਪ ਵਿੱਚ ਸ਼ਬਦ
ਦੇਕੇ, ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ, ਸਿੱਖਾਂ ਨੂੰ ਗੁਰਬਾਣੀ ਨਾਲੋਂ, ਗੁਰਬਾਣੀ ਦੇ ਇਲਾਹੀ
ਗਿਆਨ ਨਾਲੋਂ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਦੁਸ਼ਮਨ
ਸ਼ਕਤੀਆਂ ਨੇ ਪ੍ਰਚਾਰਕਾਂ ਦੇ ਰੂਪ ਵਿੱਚ ਕਈ ਆਪਣੇ ਏਜੰਟ ਸਿੱਖੀ ਵਿੱਚ ਵਾੜੇ ਹੋਏ ਹਨ ਜਾਂ ਸਿੱਖ
ਪ੍ਰਚਾਰਕ ਖਰੀਦੇ ਹੋਏ ਹਨ, ਜੋ ਇਹੀ ਕੰਮ ਕਰ ਰਹੇ ਹਨ। ਉਨ੍ਹਾਂ ਆਪਣਾ ਅਲੱਗ ਪੰਥ ਚਲਾ ਕੇ ਵੰਡੀਆਂ
ਪਾਈਆਂ ਹਨ, ਇਹ ਪੰਥ ਦੀ ਮਰਿਯਾਦਾ ਨਹੀਂ ਮੰਨਦੇ ਇਸ ਬਾਰੇ ਸ਼ੰਕੇ ਖੜੇ ਕਰਦੇ ਰਹਿੰਦੇ ਹਨ ਕਿ ਕਿਤੇ
ਸਿੱਖ ਕੌਮ ਇੱਕ ਮਰਿਯਾਦਾ ਦੇ ਸੂਤਰ ਵਿੱਚ ਨਾ ਪਰੋਈ ਜਾਵੇ ਅਤੇ ਪੰਥ ਏਕਤਾ ਵਲ ਨਾ ਵੱਧ ਪਵੇ। ਨਾਨਕ
ਸ਼ਾਹੀ ਕਲੰਡਰ ਇਨ੍ਹਾਂ ਨੂੰ ਪ੍ਰਵਾਨ ਨਹੀਂ ਕਿ ਕਿਤੇ ਸਿੱਖੀ ਦੀ ਅਲੱਗ ਪਹਿਚਾਨ ਨਾ ਸਥਾਪਤ ਹੋ ਜਾਵੇ,
ਇਹ ਬ੍ਰਾਹਮਣਵਾਦ ਦੇ ਚੁੰਗਲ ਚੋਂ ਨਿਕਲ ਨਾ ਜਾਵੇ।
ਅਜ ਸਿੱਖ ਕੌਮ ਵਿੱਚ ਬੜਾ ਰੋਸ ਹੈ ਕਿ ਝੂਠੇ ਸੌਦੇ ਵਾਲੇ ਸਾਧ ਨੇ ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਦੀ ਅਤੇ ਖੰਡੇ ਬਾਟੇ ਦੀ ਪਾਹੁਲ ਦੀ ਨਕਲ ਉਤਾਰੀ ਹੈ। ਇਹ ਸਿੱਖੀ ਦੇ
ਅਲੰਬਦਾਰ ਬਾਬੇ ਜੋ ਲੋਕਾਂ ਨੂੰ ਪਾਣੀ ਦੇ ਗਿਲਾਸਾਂ ਵਿੱਚ ਫੂਕਾਂ ਮਾਰਕੇ, ਅਖੰਡਪਾਠ ਦੇ ਕੋਲ ਕੁੰਭ
ਰੱਖਕੇ ਉਸ ਪਾਣੀ ਨੂੰ ਅੰਮ੍ਰਿਤ ਕਹਿਕੇ, ਥਾਂ-ਥਾਂ ਤੇ ਬਣਾਏ ਜਾ ਰਹੇ ਸਰੋਵਰਾਂ ਦੇ ਪਾਣੀ ਨੂੰ
ਅੰਮ੍ਰਿਤ ਕਹਿ ਕੇ, ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਅੱਗੇ ਪੈਰ ਧੋਣ ਵਾਲੇ ਪਾਣੀ ਨੂੰ ਅੰਮ੍ਰਿਤ
ਕਹਿਕੇ, ਆਪਣੇ ਪੈਰਾਂ ਨਾਲ ਪਾਣੀ ਨੂੰ ਛੁਹਾਕੇ, ਇਥੋਂ ਤਕ ਕੇ ਆਪਣੇ ਕਛਿਹਰੇ ਨਿਚੋੜ ਕੇ ਅੰਮ੍ਰਿਤ
ਵੰਡ ਰਹੇ ਹਨ, ਕੀ ਇਹ ਖੰਡੇ-ਬਾਟੇ ਦੀ ਪਾਵਨ ਪਾਹੁਲ ਦੀ ਬਰਾਬਰੀ ਨਹੀਂ, ਜਾਂ ਬੇਅਦਬੀ ਨਹੀਂ?
ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਦੀ ਨਕਲ ਤੇ ਆਪਣੇ ਆਪਣੇ ਪੰਜ ਪਿਆਰੇ ਸਾਜੇ ਹੋਏ ਹਨ।
ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂਅ ਨਹੀਂ ਲਿਖਣਾ ਚਾਹੁੰਦਾ ਸਾਂ ਕਿ ਕਿਤੇ ਇਹ ਨਾ ਜਾਪੇ ਕਿ ਇਹ
ਵੱਧ ਗੁਨਹਗਾਰ ਹੈ ਤੇ ਦੂਜੇ ਕੁੱਝ ਘੱਟ। ਪਰ ਹੁਣ ਮਜਬੂਰੀ ਆਣ ਬਣੀ ਹੈ। ਇੱਕ ਪ੍ਰਮਾਣ ਦਸਣਾ ਜ਼ਰੂਰੀ
ਜਾਪ ਰਿਹਾ ਹੈ। ਮਾਨ ਸਿੰਘ ਪਿਹੋਵੇ ਵਾਲੇ ਪਖੰਡੀ ਨੇ ਆਪਣੇ ਪੰਜ ਸੇਵਕਾਂ ਦੇ ਨਾਂਅ ਗੁਰੂ ਗੋਬਿੰਦ
ਸਿੰਘ ਪਾਤਿਸ਼ਾਹ ਦੇ ਸਾਜੇ ਪੰਜ ਪਿਆਰਿਆਂ ਦੇ ਨਾਂਅ ਤੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ,
ਮੋਹਕਮ ਸਿੰਘ ਅਤੇ ਸਾਹਿਬ ਸਿੰਘ ਰੱਖੇ ਹੋਏ ਹਨ। ਉਸ ਦਾ ਕਹਿਣਾ ਹੈ ਕਿ ਉਹ ਪੰਜੇ ਪਿੱਛਲੇ ਜਨਮ ਦੇ
ਅੱਸਲੀ ਪੰਜ ਪਿਆਰੇ ਹਨ। ਗਲ ਤਾਂ ਸਪਸ਼ਟ ਹੈ ਕਿ ਜੇ ਉਹ ਪਿੱਛਲੇ ਜਨਮ ਦੇ ਅਸਲੀ ਪੰਜ ਪਿਆਰੇ ਹੁਣ ਮਾਨ
ਸਿੰਘ ਪਿਹੋਵੇ ਵਾਲੇ ਦੇ ਸੇਵਕ ਹਨ, ਤਾਂ ਮਾਨ ਸਿੰਘ ਪਿਹੋਵੇ ਵਾਲਾ ਤਾਂ ਆਪੇ ਗੁਰੂ ਗੋਬਿੰਦ ਸਿੰਘ
ਹੋ ਗਿਆ। ਕੋਈ ਰੌਲਾ ਨਹੀਂ ਪਿਆ। ਕੋਈ ਆਵਾਜ਼ ਨਹੀਂ ਉਠੀ। ਕਿਉਂਕਿ ਉਸਨੇ ਤਾਂ ਸ੍ਰੀ ਗੁਰੂ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਕਹਿਣ ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ।
ਬਹੁਤ ਵੱਡਾ ਭਰਮਜਾਲ ਪਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਅਜ ‘ਸੰਤ
ਸਮਾਜ` ਬਣ ਗਿਆ ਹੈ, ਜਿਵੇਂ ਠੱਗਾਂ ਨੇ ਆਪਣੀ ਯੂਨੀਅਨ ਬਣਾ ਲਈ ਹੋਵੇ। ਸੌਦਾ ਸਾਧ ਦੇ
ਮੁਕਾਬਲੇ`ਚ ਇਹ ਸੰਤ ਸਮਾਜ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਹੈ। ਨਹੀਂ, ਅਸਲ ਵਿੱਚ ਇਹ ਸਿੱਖਾਂ ਨੂੰ
ਇਹ ਦੱਸ ਕੇ ਕਿ ਅਸੀਂ ਡੇਰੇਦਾਰ ਨਹੀਂ, ਅਸੀਂ ਤਾਂ ਕੌਮ ਦੇ ਪ੍ਰਚਾਰਕ ਹਾਂ। ਅਸੀਂ ਤਾਂ ਪੰਥ ਪਰਸਤ
ਹਾਂ। ਆਪਣੇ ਭਰਮਜਾਲ ਨੂੰ ਹੋਰ ਮਜਬੂਤ ਕਰਨ ਲੱਗੇ ਹੋਏ ਹਨ। ਜਦੋਂ ਕੋਈ ਵਾਰਦਾਤ ਹੋ ਜਾਵੇ, ਇਹ
ਫਟਾ-ਫੱਟ ਆਪਣਾ ਕੋਈ ਪ੍ਰੋਗਰਾਮ ਐਲਾਨ ਦੇਂਦੇ ਹਨ। ਭਾਵਨਾ ਦੇ ਵੇਗ ਵਿੱਚ ਵੱਗ ਰਹੀ ਕੌਮ ਪਿੱਛੇ ਤੁਰ
ਪੈਂਦੀ ਹੈ। ਬਗੈਰ ਸਚਾਈ ਜਾਣੇ, ਬਗੈਰ ਨਤੀਜੇ ਸੋਚੇ, ਬਗੈਰ ਇਨ੍ਹਾਂ ਦੇ ਪੁਰਾਣੇ ਕਰਮਾਂ ਅਤੇ
ਕਿਰਦਾਰ ਨੂੰ ਵਿਚਾਰੇ। ਅੱਬਲ ਤਾਂ ਇਹੋ ਜਿਹੇ ਭਾਵੁਕ ਵਿਸ਼ਿਆਂ ਤੇ ਸਾਰੇ ਆਗੂ ਆਪਣੀਆਂ ਰੋਟੀਆਂ
ਸੇਕਣਾ ਚਾਹੁੰਦੇ ਹਨ। ਕੋਈ ਉਲਟੀ ਸੁਰ ਵਿੱਚ ਬੋਲਕੇ ਆਪਣੀ ਸਾਖ ਕਮਜੋਰ ਨਹੀਂ ਕਰਨਾ ਚਾਹੁੰਦਾ। ਫੇਰ
ਜੇ ਕੋਈ ਸਿਰ ਸੜਿਆ ਕੌਮ ਨਾਲ ਇਤਨੀ ਬੇਵਫਾਈ ਬਰਦਾਸ਼ਤ ਨਾ ਕਰਦਾ ਹੋਇਆ ਬੋਲ ਹੀ ਪਵੇ, ਤਾਂ ਕਿਹਾ
ਜਾਂਦਾ ਹੈ, ਉਹ ਇਤਨੇ ਨਾਜ਼ੁਕ ਸਮੇਂ ਵਿੱਚ ਕੌਮ ਵਿੱਚ ਵੰਡੀਆਂ ਪਾਉਣਾ ਚਾਹੁੰਦਾ ਹੈ। ਉਸ ਨੂੰ ਪੰਥ
ਦੋਖੀ ਦਾ ਠੱਪਾ ਲਾ ਦਿੱਤਾ ਜਾਂਦਾ ਹੈ। ਕੌਮ ਦੀ ਮਾਨਸਿਕ ਬਲੈਕ ਮੇਲਿੰਗ ( sentimental
black mailing) ਹੋ ਰਹੀ ਹੈ।
ਇਹ ਪਖੰਡੀ ਬਾਬੇ ਜਿਤਨੇ ਮਜਬੂਤ ਹੋਣਗੇ, ਸਿੱਖੀ ਵਿੱਚ ਕਰਮਕਾਂਡ, ਮੰਤਰ
ਜਾਪ, ਤੀਰਥਾਂ ਦੇ ਦਰਸ਼ਨ ਇਸ਼ਨਾਨ, ਵਹਿਮ ਭਰਮ, ਲਗਨ, ਸ਼ਗਨ-ਅਪਸ਼ਗਨ, ਪੂਜਾ, ਤਪ-ਸਾਧਨੇ ਹਰ ਦਿਨ ਵੱਧਦੇ
ਜਾਣਗੇ ਅਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਵਿਚਾਰ ਧਾਰਾ ਤੋਂ ਬਹੁਤ ਦੂਰ ਹੋ ਜਾਵੇਗਾ। ਇਹੀ ਹੈ ਸਿੱਖੀ ਦਾ ਸਨਾਤਨੀਕਰਨ ਅਤੇ ਭਗਵਾਕਰਨ।
ਇਤਨਾ ਕੁੱਝ ਹੁੰਦਿਆਂ ਵੀ ਦੁਸ਼ਮਨ ਨੂੰ ਤਸੱਲੀ ਨਹੀਂ। ਹਰ ਵੇਲੇ ਇੱਕ ਵਹਿਮ
ਰਹਿੰਦਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਆਪਣੀ ਜਗ੍ਹਾ ਤੇ ਹੈ। ਕੁੱਝ ਸੂਝਵਾਨ, ਚੇਤੰਨ
ਸਿੱਖ ਤਾਂ ਸਤਿਗੁਰੂ ਦੇ ਅਸਲ ਫਲਸਫੇ ਨੂੰ ਵਿਚਾਰਦੇ, ਸਮਝਦੇ ਅਤੇ ਪ੍ਰਚਾਰਦੇ ਰਹਣਗੇ। ਆਖਿਰ ਇਹ
ਪੂਰਾ ਟਿੱਲ ਲਾ ਕੇ ਵੀ ਇੱਕ ਸ਼੍ਰੋਮਣੀ ਅਤੇ ਅਨਮੋਲ ਵਿਚਾਰਧਾਰਾ ਦਾ ਬੀਜ ਨਾਸ ਤਾਂ ਨਹੀਂ ਕਰ ਸਕਣਗੇ।
ਜਦ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਹਨ, ਗੁਰਮਤਿ ਵਿਚਾਰਧਾਰਾ ਸੁਰੱਖਿਅਤ ਹੈ। ਜਿਸ
ਦਿਨ ਲੋਕਾਈ ਨੇ ਇਸ ਨੂੰ ਸਮਝਨਾ, ਵਿਚਾਰਨਾ, ਅਪਨਾਉਣਾ ਸ਼ੁਰੂ ਕਰ ਦਿੱਤਾ, ਬ੍ਰਾਹਮਣਵਾਦੀ ਵਿਚਾਰਧਾਰਾ
ਦਾ ਕੀ ਬਣੇਗਾ? ਦੁਸ਼ਮਨ ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾ ਦੇਣਾ ਚਾਹੁੰਦਾ ਹੈ।
ਕਿਸੇ ਵੀ ਸ਼ਖਸੀਅਤ ਨੂੰ ਨੀਵਾਂ ਕਰਨ ਦਾ ਸਭ ਤੋਂ ਕਾਮਯਾਬ ਤਰੀਕਾ ਇਹ ਹੈ ਕਿ ਉਸ ਦੇ ਬਰਾਬਰ ਇੱਕ
ਦੂਸਰੀ ਸ਼ਖਸੀਅਤ ਖੜੀ ਕਰ ਦਿਓ, ਅਤੇ ਉਸ ਦੇ ਵਧੇਰੇ ਗੁਣ ਗਾਓ, ਪਹਿਲੀ ਸ਼ਖਸੀਅਤ ਆਪੇ ਹਰ ਦਿਨ ਕਮਜ਼ੋਰ
ਪੈਂਦੀ ਜਾਵੇਗੀ। ਹੋਰ ਨਹੀਂ ਤਾਂ ਘੱਟੋ- ਘੱਟ ਕਈਆਂ ਕੱਚੇ ਪਿਲਿਆਂ ਦੇ ਮਨਾਂ ਵਿੱਚ ਦੁਬਿਧਾ ਤਾਂ
ਖੜੀ ਹੋ ਹੀ ਜਾਵੇਗੀ।
ਕਿਸੇ ਕੌਮ ਦੇ ਫਲਸਫੇ ਅਤੇ ਇਤਿਹਾਸ ਦੀ ਪ੍ਰਮਾਣਿਕਤਾ ਬਾਰੇ ਸ਼ੰਕੇ ਖੜੇ ਕਰਨੇ
ਹੋਣ, ਉਸ ਦਾ ਸਭ ਤੋਂ ਯੋਗ ਤਰੀਕਾ ਹੈ, ਉਸ ਕੌਮ ਦੇ ਲਿਟਰੇਚਰ ਵਿੱਚ ਭੁਲੇਖਾਪਾਊ ਲਿਟਰੇਚਰ ਵਾੜ
ਦਿਓ। ਬਿਪਰਵਾਦੀ, ਪੰਥ ਦੋਖੀ ਸ਼ਕਤੀਆਂ ਨੇ ਇਹ ਕੰਮ ਵੱਡੇ ਪੱਧਰ ਤੇ ਕੀਤਾ ਹੈ। ਇਥੇ ਮੈਂ ਇਸ ਬਾਰੇ
ਬਹੁਤੇ ਵਿਸਥਾਰ ਨਾਲ ਤਾਂ ਨਹੀਂ ਦਸ ਸਕਾਂਗਾ, ਕਿਉਂਕਿ ਇਹ ਆਪਣੇ ਆਪ ਵਿੱਚ ਇੱਕ ਵੱਡਾ ਵਿਸ਼ਾ ਹੈ, ਪਰ
ਦੋ ਕਿਤਾਬਾਂ ਬਾਰੇ ਸੰਕੇਤਕ ਗੱਲ ਕਰਨਾ ਜ਼ਰੂਰੀ ਹੈ। ਪਹਿਲੀ ਹੈ ਗੁਰਬਿਲਾਸ ਪਾਤਿਸ਼ਾਹੀ ਛੇਵੀਂ। ਬੜੇ
ਹੀ ਲੁਭਾਵਣੇ, ਭਾਵੁਕ ਅਤੇ ਮਿੱਠੜੇ ਲਫਜ਼ਾਂ ਨਾਲ ਭਰਪੂਰ ਇੱਕ ਅਤਿ ਜ਼ਹਿਰੀਲੀ ਕਿਤਾਬ, ਜਿਸਨੂੰ ਭਾਵਨਾ
ਦੇ ਵੇਗ ਵਿੱਚ ਪੜ੍ਹ ਕੇ ਤਾਂ ਬਹੁਤ ਸੁਆਦ ਆਉਂਦਾ ਹੈ, ਪਰ ਜਦੋਂ ਹੀ ਪਾਰਖੂ ਦ੍ਰਿਸ਼ਟੀ ਨਾਲ ਵੇਖੀਏ
ਸਮਝ ਆਉਂਦੀ ਹੈ, ਕਿ ਕਿਵੇਂ ਗੁਰਮਤਿ ਸਿਧਾਂਤਾ ਨਾਲ ਖਿਲਵਾੜ ਕੀਤੀ ਗਈ ਹੈ, ਕਿਵੇਂ ਗੁਰੂ
ਪਾਤਿਸ਼ਾਹਾਂ ਅਤੇ ਪ੍ਰਮੁਖ ਸਿੱਖ ਸ਼ਖਸੀਅਤਾਂ ਦੇ ਉੱਚੇ, ਸੁੱਚੇ ਅਤੇ ਪਵਿੱਤਰ ਕਿਰਦਾਰ ਨੂੰ ਦਾਗਦਾਰ
ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਕੌਮ ਦੀ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ
ਕਿ ਅਜ ਸਾਡੀਆਂ ਮਰਿਆਦਾਵਾਂ ਦਾ ਮੁੱਖ ਆਧਾਰ ਇਹ ਕਿਤਾਬ ਹੈ। ਇਥੋਂ ਤਕ ਕੇ ਸ੍ਰੀ ਦਰਬਾਰ ਸਾਹਿਬ,
ਅੰਮ੍ਰਿਤਸਰ ਵਿੱਚ ਇਸੇ ਅਨੁਸਾਰ ਮਰਿਆਦਾ ਚਲਦੀ ਹੈ। ਸਿੱਖ ਕੌਮ ਦੁਆਰਾ ਕਾਫੀ ਹੱਦ ਤਕ ਇਸ ਦੀ
ਪਹਿਚਾਨ ਕਰ ਲਏ ਜਾਣ ਕਾਰਨ, ਇਹ ਪਿੱਛਲੇ ਕਾਫੀ ਸਮੇਂ ਇਹ ਕਿਤਾਬ ਗੁਆਚ ਜਿਹੀ ਗਈ ਸੀ, ਪਰ ਸ੍ਰੀ
ਅਕਾਲ ਤੱਖਤ ਸਾਹਿਬ ਦੇ ਹੁਣੇ-ਹੁਣੇ ਲਾਹੇ ਗਏ ਅਖੌਤੀ ਜਥੇਦਾਰ ਨੇ (ਜਥੇਦਾਰ ਬਨਣ ਤੋਂ ਪਹਿਲਾਂ) ਇਸ
ਦਾ ਮੁੜ ਸੰਪਾਦਨ ਕਰਕੇ, ਇਸ ਨੂੰ ਫੇਰ ਸਿੱਖ ਕੌਮ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਆਪ
ਵੇਦਾਂਤੀ ਜੀ ਹਨ, ਉਨ੍ਹਾਂ ਕੋਲੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ?
ਦੂਸਰੀ ਕਿਤਾਬ ਜਿਸ ਦੀ ਇਥੇ ਗੱਲ ਕਰਨੀ ਜ਼ਰੂਰੀ ਹੈ, ਉਹ ਹੈ ਅਖੌਤੀ ਦਸਮ
ਗ੍ਰੰਥ। ਇਸ ਕਿਤਾਬ ਦਾ ਨਾਂਅ ਪਹਿਲਾਂ ਬਚਿਤ੍ਰ ਨਾਟਕ ਸੀ। ਪਰ ਇਸ ਨਾਂਅ ਨਾਲ ਇਹ ਸਿੱਖਾਂ ਨੂੰ
ਬਹੁਤੇ ਭਰਮਜਾਲ ਵਿੱਚ ਫਸਾਉਣ ਵਿੱਚ ਬਹੁਤੀ ਕਾਮਯਾਬ ਨਾ ਹੋ ਸਕੀ। ਸੋ ਇਸਦੇ ਸੰਯੋਜਕਾਂ ਨੇ ਇਸ ਦਾ
ਨਾਂਅ ਬਦਲ ਕੇ ਦਸਮ ਗ੍ਰੰਥ ਰਖ ਦਿਤਾ ਤਾਂਕਿ ਇਸ ਨੂੰ ਦਸਮ ਪਾਤਿਸ਼ਾਹ ਦੀ ਬਾਣੀ ਕਹਿਕੇ ਪਰਚਾਰਿਆ ਜਾ
ਸਕੇ। ਇਸੇ ਕਿਤਾਬ ਨੂੰ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ
ਅਤੇ ਦੁਸ਼ਮਨ ਆਪਣੇ ਮਕਸਦ ਵਿੱਚ ਕਿਤਨਾ ਕਾਮਯਾਬ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਲਈਏ ਕਿ
ਸਿੱਖਾਂ ਦੇ ਪੰਜਾਬੋਂ ਬਾਹਰਲੇ ਦੋ ਤਖਤਾਂ (ਜਿਨ੍ਹਾਂ ਦਾ ਕੰਟਰੋਲ ਅਸਿੱਧੇ ਰੂਪ ਵਿੱਚ ਉਨ੍ਹਾਂ ਕੋਲ
ਹੀ ਹੈ) ਅਤੇ ਕੁੱਝ ਡੇਰਿਆਂ (ਜੋ ਇਨ੍ਹਾਂ ਦੇ ਹੀ ਪਾਲੇ ਹੋਏ ਹਨ) ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ
ਦੇ ਬਰਾਬਰ ਇਸ ਦਾ ਪ੍ਰਕਾਸ਼ ਕਰਵਾਇਆ ਜਾ ਚੁਕਾ ਹੈ। ਕਿਸ ਦਾ ਲਿਖਿਆ ਹੈ ਇਹ ਬਚਿਤ੍ਰ ਨਾਟਕ, ਕਦੋਂ
ਲਿਖਿਆ ਗਿਆ, ਇਸ ਵਿੱਚ ਕੀ ਹੈ? ਇਹ ਨਾ ਤਾਂ ਇਸ ਲੇਖ ਦਾ ਵਿਸ਼ਾ ਹੈ ਅਤੇ ਨਾ ਹੀ ਇਸ ਵਿਸ਼ੇ ਨੂੰ ਇਥੇ
ਵਿਚਾਰਨਾ ਸੰਭਵ ਹੈ। ਉਂਝ ਵੀ ਇਸ ਵਿਸ਼ੇ ਤੇ ਪਿਛਲੇ ਦਿਨੀ ਕੁੱਝ ਊਘੇ ਵਿਦਵਾਨਾਂ ਦੀਆਂ ਕਾਫੀ ਖੋਜ
ਭਰਪੂਰ ਕਿਤਾਬਾਂ ਅਤੇ ਲੇਖ ਸੰਗਤਾਂ ਵਿੱਚ ਆਏ ਹਨ, ਜਿਨ੍ਹਾਂ ਕਾਫੀ ਸੂਝਵਾਨ ਸੰਗਤਾਂ ਦੇ
ਭਰਮ-ਭੁਲੇਖੇ ਦੂਰ ਕੀਤੇ ਹਨ। ਮੈਂ ਤਾਂ ਜਿਸ ਅਤਿ ਦੁਖ ਦਾਈ ਗੱਲ ਬਾਰੇ ਸਿੱਖ ਕੌਮ ਨੂੰ ਜਾਗਰੂਕ
ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਇਸ ਬਾਰੇ ਤਾਂ ਕੋਈ ਸ਼ਕ ਨਹੀਂ ਕਿ ਸਾਡੇ ਸਤਿਗੁਰੂ ਕੇਵਲ ਤੇ
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸਾਨੂੰ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਆਪ ਅੰਤਮ ਆਦੇਸ਼ ਦਿੱਤਾ ਹੈ, "ਸਭ ਸਿੱਖਨ ਕੋ ਹੁਕਮ
ਹੈ ਗੁਰੂ ਮਾਨਿਓ ਗ੍ਰੰਥ"। ਫੇਰ ਕਿਸ ਹੱਕ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ
ਪ੍ਰਕਾਸ਼ ਕੀਤਾ ਜਾ ਰਿਹਾ ਹੈ, ਇਸ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ, ਅਤੇ ਇਸ ਵਿਚੋਂ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਵਾਕਰ ਅਤੇ ਬਰਾਬਰ ਹੁਕਮਨਾਮੇ ਲਏ ਜਾ ਰਹੇ ਹਨ?
ਸਿੱਖ ਕਿਸ ਹੁਕਮਨਾਮੇ ਤੇ ਸ਼ਰਧਾ
ਲਿਆਉਣ, ਆਪਣੇ ਸਤਿਗੁਰੂ ਦੇ ਜਾ ਇਸ ਕਿਤਾਬ ਦੇ? ਕੀ ਸਤਿਗੁਰੂ ਤੋਂ ਸਿਵਾ ਕਿਸੇ ਹੋਰ ਦਾ ਹੁਕਮਨਾਮਾ
ਹੋ ਸਕਦਾ ਹੈ?
ਇਹ ਕੌਣ ਲੋਕ ਹਨ ਜੋ ਇਹ ਸਭ ਕਰ ਅਤੇ ਕਰਵਾ ਰਹੇ ਹਨ ਅਤੇ ਕਿਉਂ? ਇਹ ਲੋਕ
ਕਿਤਨਾ ਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ
ਸਤਿਕਾਰ ਕਰਦੇ ਹਨ? ਇਹ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਆਖਰੀ ਆਦੇਸ਼ ਨੂੰ ਮੰਨਣ ਤੋਂ
ਇਨਕਾਰੀ ਹਨ? ਕਿਹੜੀ ਤਾਕਤ ਹੈ, ਇਨ੍ਹਾਂ ਪਿਛੇ?
ਬੇਸ਼ਕ ਕਾਫੀ ਭਾਵੁਕ ਕਿਸਮ ਦੇ ਅਗਿਆਨੀ, ਭੁਲੱੜ ਪਿਛਲੱਗ
ਕਿਸਮ ਦੇ ਸਿੱਖ ਵੀਰ ਵੀ ਹੋਣਗੇ, ਪਰ ਬਹੁਤੇ ਇਸ ਸੋਚ ਦੇ ਆਗੂਆਂ ਬਾਰੇ ਤਾਂ ਗਲ ਤਕਰੀਬਨ ਸਪਸ਼ਟ ਹੀ
ਹੈ। ਪਿਛਲੇ ਦਿਨੀ ਕੱਟੜ ਹਿੰਦੁਤਵੀ ਜਥੇਬੰਦੀਆਂ ਦਾ ਇੱਕ ਪਰਮੁਖ ਆਗੂ ਪੰਜਾਬ ਆਇਆ ਤਾਂ ਉਸਨੇ ਇਸ
ਅਖੌਤੀ ਦਸਮ ਗ੍ਰੰਥ ਵਿਚੋਂ ਕੁੱਝ ਪ੍ਰਮਾਣ ਦੇਕੇ ਸਿੱਖ ਕੌਮ ਬਾਰੇ ਕੁੱਝ ਭੁਲੇਖੇ ਪਾਉਣੇ ਚਾਹੇ। ਇੱਕ
ਪਤਰਕਾਰ ਨੇ ਉਸ ਨੂੰ ਪਛਿਆ ਕਿ ਸਿੱਖ ਤਾਂ ਦਸਮ ਗ੍ਰੰਥ ਨੂੰ ਮੰਨਦੇ ਨਹੀਂ, ਤਾਂ ਅਗੋਂ ਉਸ ਜੁਆਬ
ਦਿੱਤਾ, "ਵੋਹ ਮਾਨੇ ਯਾ ਨਾ ਮਾਨੇ ਹਮ ਤੋਂ ਮਾਨਤੇ ਹੈਂ। "
ਗੱਲ ਬੜੀ ਸਪਸ਼ਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕੀਤਾ ਜਾ
ਰਿਹਾ ਹੈ। ਪਹਿਲਾ ਪੜਾਅ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ। ਫਿਰ ਮਨਮਰਜ਼ੀ
ਹੋ ਜਾਵੇਗੀ, ਜਿਹੜੇ ਮਰਜ਼ੀ ਇੱਕ ਗ੍ਰੰਥ ਦਾ ਪ੍ਰਕਾਸ਼ ਕਰ ਲਵੋ, ਕਿਉਂਕਿ ਦੋਨੋ ਬਰਾਬਰ ਜੋ ਸਥਾਪਤ ਹੋ
ਜਾਣਗੇ। ਭੋਲੇ-ਭਾਲੇ ਸਿੱਖਾਂ ਨੂੰ ਕੀ ਫਰਕ ਪੈਣਾ ਹੈ। ਉਨ੍ਹਾਂ ਤਾਂ ਚੰਗੇ ਸਜੇ ਹੋਏ, ਕੀਮਤੀ
ਰੁਮਾਲਿਆਂ ਨਾਲ ਕੱਜੇ ਹੋਏ ਗ੍ਰੰਥ ਅਗੇ ਮੱਥਾ ਹੀ ਟੇਕਣਾ ਹੈ। ਪਰ ਮਾੜੀ ਮੋਟੀ ਸਮਝ ਰਖਣ ਵਾਲਿਆਂ
ਵਾਸਤੇ ਵੀ ਸਿਧਾਂਤਕ ਭਰਮ ਭੁਲੇਖੇ ਤਾਂ ਇਥੇ ਹੀ ਵੱਡੇ ਪੱਧਰ ਤੇ ਖੜੇ ਹੋ ਜਾਣਗੇ। ਸਿੱਖ ਉਸੇ
ਦੁਬਿਧਾ ਵਿੱਚ ਫਸ ਜਾਣਗੇ ਜਿਸ ਵਿਚੋਂ ਸਤਿਗੁਰੂ ਨੇ ਸਾਨੂੰ ਕਢਿਆ ਹੈ। ਹੌਲੀ ਹੌਲੀ ਸ੍ਰੀ ਗੁਰੂ
ਗ੍ਰੰਥ ਸਾਹਿਬ ਨੂੰ ਪਾਸੇ ਕਰ ਦਿਤਾ ਜਾਵੇਗਾ। ਇਕੋ ਗ੍ਰੰਥ ਰਹਿ ਜਾਵੇਗਾ, ਫੇਰ ਉਸ ਨੂੰ ਜੋ ਮਰਜੀ
ਨਾਂਅ ਦੇ ਦਿੱਤਾ ਜਾਵੇ। ਕਿਉਂਕਿ ਬਚਿਤ੍ਰ ਨਾਟਕ ਵੀ ਤਾਂ ਹੁਣ ਦਸਮ "ਗ੍ਰੰਥ" ਹੀ ਬਣਾ ਦਿਤਾ
ਗਿਆ ਹੈ ਨਾ। ਕਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕਦਰ ਬੇਦਾਵਾ ਦੇਈ ਬੈਠ ਹਨ ਕਿ ਹੁਣ
ਹੀ ਇਸ ਨੂੰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਲੱਗ ਪਏ ਹਨ। ਇਨਾਂ ਦੀਆਂ ਸਾਜਿਸ਼ਾਂ ਸਿਰੇ
ਚੜਦਿਆਂ ਹੀ ਸਭ ਮਸਲੇ ਹੱਲ ਹੋ ਜਾਣਗੇ। ਸਿੱਖ ਰਾਮ ਚੰਦਰ ਜੀ ਦੀ ਕੁਲ ਵਿਚੋਂ ਲਵ-ਕੁਸ਼ ਦੀ ਸਨਤਾਨ
ਸਥਾਪਤ ਹੋ ਜਾਣਗੇ। ਗੁਰੂ ਪਾਤਿਸ਼ਾਹਾਂ ਦੇ ਨਾਲ ਚੌਵੀ ਅਵਤਾਰਾਂ ਦੇ ਵੀ ਪੁਜਾਰੀ ਬਣ ਜਾਣਗੇ। ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਦੇਵੀ ਪੂਜਕ ਸਾਬਤ ਹੋ ਜਾਣਗੇ। ਗੁਰੂ ਪਾਤਿਸ਼ਾਹਾਂ ਦੀਆਂ ਮੂਰਤੀਆਂ ਹਿੰਦੂ
ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਿੱਚ ਲੱਗ ਜਾਣਗੀਆਂ। ਸਿੱਖ ਦੇ ਕਕਾਰ ਹਿੰਦੂ ਅਵਤਾਰਾਂ ਦੇ ਦਿਤੇ
ਜਨੇਊ ਸਥਾਪਤ ਹੋ ਜਾਣਗੇ। ਅਜ ਦੁਨੀਆਂ ਦੇ ਲੋਕ, ਹਿੰਦੂ ਦੇਵੀ-ਦੇਵਤਿਆਂ, ਅਵਤਾਰਾਂ ਦੇ ਆਚਰਣ ਬਾਰੇ
ਜੋ ਗੱਲਾਂ ਕਰਦੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਆਚਰਨ ਵੀ ਉਨ੍ਹਾਂ ਦੇ ਬਰਾਬਰ ਸਾਬਤ
ਹੋ ਜਾਵੇਗਾ।
ਬਹੁਤ ਤਕਲੀਫ ਹੋ ਰਹੀ ਹੋਵੇਗੀ, ਪੜ੍ਹਦੇ ਹੋਏ, ਕਿ ਕੀ ਬਕਵਾਸ ਲਿਖ ਰਿਹਾ
ਹੈ? ਸੁਭਾਵਕ ਹੈ। ਕਿਸੇ ਵੀ ਸੱਚੇ-ਸੁੱਚੇ ਸਿੱਖ ਦਾ ਮਨ ਇਸ ਸੋਚ ਨਾਲ ਹੀ ਦਹਿਲ ਜਾਂਦਾ ਹੈ। ਸੱਚਾਈ
ਤਾਂ ਇਹ ਹੈ ਕਿ ਮੈਨੂੰ ਆਪ ਇਹ ਸਭ ਲਿਖਦੇ ਹੋਏ ਪਸੀਨੇ ਛੁੱਟ ਰਹੇ ਹਨ। ਹੱਥ ਅਤੇ ਰੂਹ ਦੋਵੇਂ ਕੰਬ
ਰਹੇ ਹਨ। ਪਰ ਪੰਥ ਦਰਦੀਓ! ਭਾਵਨਾ ਦੇ ਵੇਗ ਚੋਂ ਬਾਹਰ ਆਕੇ ਸੋਚੋ, ਜਦੋਂ ਇਹ ਸੱਚ ਹੋ ਜਾਵੇਗਾ,
ਉਦੋਂ ਕੀ ਹੋਵੇਗਾ? ਕਬੂਤਰ ਦੇ ਅੱਖਾਂ ਮੀਟਿਆਂ ਬਿੱਲੀ ਚਲੀ ਤਾਂ ਨਹੀਂ ਜਾਂਦੀ। ਝਪੱਟਾ ਮਾਰ ਕੇ ਖਾ
ਜਾਂਦੀ ਹੈ। ਹਾਂ ਸ਼ਾਇਦ ਅਸੀਂ ਇਹ ਸਭ ਨਾ ਵੇਖੀਏ, ਕਿਉਂਕਿ ਪ੍ਰੋਗਰਾਮ ਹਫਤਿਆਂ, ਮਹੀਨਿਆਂ, ਸਾਲਾਂ
ਦੇ ਨਹੀਂ, ਸਦੀਆਂ ਦੇ ਹਨ। ਇਸ ਬਚਿਤ੍ਰ ਨਾਟਕ ਦੇ ਪਾਪ-ਬੀਜ ਨੂੰ ਸਿੱਖੀ ਦੀ ਫੁਲਵਾੜੀ ਵਿੱਚ ਦੱਬਿਆਂ
ਵੀ ਤਾਂ ਸਦੀਆਂ ਹੀ ਹੋ ਗਈਆਂ ਹਨ, ਜਿਸ ਦਾ ਜ਼ਹਿਰ ਫਲ ਹੁਣ ਪੱਕਣ ਤੇ ਆ ਗਿਆ ਹੈ। ਪਰ ਹੁਣ ਜਿਸ
ਰਫਤਾਰ ਨਾਲ ਦੁਸ਼ਮਨ ਕਾਮਯਾਬੀ ਵੱਲ ਵੱਧ ਰਿਹਾ ਹੈ, ਸਦੀਆਂ ਦੇ ਕੰਮ ਸ਼ਾਇਦ ਦਹਾਕਿਆਂ ਵਿੱਚ ਹੋ ਜਾਣ।
ਬਹੁਤ ਵੱਡੀਆਂ ਅਤੇ ਗੰਭੀਰ ਚੁਣੌਤੀਆਂ ਹਨ, ਨੌਜਵਾਨ ਸਿੱਖ ਪੀੜ੍ਹੀ ਅੱਗੇ।
ਇਨ੍ਹਾਂ ਪਖੰਡੀ ਬਾਬਿਆਂ ਦੇ ਭਰਮਜਾਲ ਨੂੰ ਤੋੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਸੱਚ
ਗਿਆਨ ਨੂੰ ਪਰਗਟ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਨੂੰ ਬਚਾਉਣਾ। ਸਤਿਗੁਰੂ ਜੀ ਦੇ
ਬਰਾਬਰ ਸਥਾਪਤ ਕੀਤੇ ਜਾ ਰਹੇ ਸ਼ਰੀਕ ਦਾ ਸੱਚ ਪਰਗਟ ਕਰਕੇ ਜਗਤ ਨੂੰ ਦਸਨਾ ਅਤੇ ਇਸ ਪਾਪ ਦੀ ਹੱਟੀ
ਚਲਾਉਣ ਵਾਲਿਆਂ ਦਾ ਮੂੰਹ ਕਾਲਾ ਕਰਨਾ। ਕਿਸੇ ਰੋਗ ਦਾ ਇਲਾਜ ਸ਼ੁਰੂ ਕਰਨ ਲਗਿਆਂ, ਪਹਿਲਾਂ ਉਸ
ਰੋਗ ਦੇ ਫੈਲਣ ਦੇ ਕਾਰਨਾਂ ਦਾ ਪਤਾ ਕਰ ਲੈਣਾ ਜਰੂਰੀ ਹੁੰਦਾ ਹੈ। ਦੁਸ਼ਮਨ ਤਾਂ ਆਪਣੀ ਜਗ੍ਹਾ ਤੇ
ਸਾਜਸ਼ਾਂ ਰਚਦਾ ਹੀ ਆ ਰਿਹਾ ਹੈ, ਪਰ ਅਜ ਇਹ ਸਾਜਸ਼ਾਂ ਇੱਕ ਦਮ ਇਤਨੀਆਂ ਕਾਮਯਾਬ ਕਿਵੇਂ ਹੋਣ ਲਗ
ਪਈਆਂ? ਮੂਲ ਕਾਰਨ ਹੈ ਅਗਿਆਨਤਾ। ਸਤਿਗੁਰੂ ਦੀ ਪਾਵਨ ਬਾਣੀ ਵੀ ਫੁਰਮਾੳਂਦੀ ਹੈ:
"ਗਿਆਨ ਹੀਣੰ ਅਗਿਆਨ ਪੂਜਾ।। ਅੰਧ ਵਰਤਾਵਾ ਭਾਉ ਦੂਜਾ।। " (ਮਹਲਾ ੧-ਪੰਨਾ
੧੩੧੨)
ਹੇ ਭਾਈ! ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ
ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ। ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ
ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ)
ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ।
ਭਾਈ ਗੁਰਦਾਸ ਜੀ ਲਿਖਦੇ ਹਨ:
"ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ।। " (੧ -੩੦-੩)
ਇਸ ਤੋਂ ਵੱਧ ਮੰਦਭਾਗੀ ਗਲ ਵੀ ਹੋਰ ਕੀ ਹੋ ਸਕਦੀ ਹੈ ਕਿ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਜਿਹਾ ਗਿਆਨ ਸਾਗਰ ਸਾਡੇ ਕੋਲ ਹੁੰਦਿਆਂ ਵੀ ਅਜ ਅਗਿਆਨਤਾ ਸਿੱਖ ਕੌਮ ਵਿੱਚ ਸਿਖਰਾਂ ਛੂਹ
ਰਹੀ ਹੈ। ਦੋ ਪ੍ਰਣ ਤਾਂ ਹਰ ਸਿੱਖ ਨੂੰ ਅਜ ਹੀ ਕਰਨੇ ਪੈਣਗੇ। ਪਹਿਲਾ ਕਿ ਅਸੀਂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਰੋਜ਼ ਨੇਮ ਨਾਲ ਜ਼ਰੂਰ ਪੜ੍ਹਨੀ ਹੈ ਅਤੇ ਦੂਸਰਾ ਕਿ ਜਿਤਨੀ ਬਾਣੀ ਪੜ੍ਹਨੀ
ਹੈ, ਸਮਝ ਕੇ, ਵਿਚਾਰ ਕੇ ਪੜ੍ਹਨੀ ਹੈ। ਵਿਚਾਰ ਕੇ ਬਾਣੀ ਪੜ੍ਹਾਂਗੇ ਤਾਂਹੀ ਪਤਾ ਲਗੇਗਾ, ਸਾਡੇ
ਕੋਲ ਕਿਤਨੇ ਰਤਨ ਪਦਾਰਥਾਂ ਨਾਲ ਭਰਪੂਰ ਕਿਡਾ ਅਲੌਕਿਕ, ਇਲਾਹੀ ਗਿਆਨ ਖਜਾਨਾ ਹੈ। ਤਾਂਹੀ ਪਤਾ
ਲਗੇਗਾ ਸਾਡੇ ਸਤਿਗੁਰੂ ਸਾਹਿਬਾਨ ਕਿਤਨੀਆਂ ਅਗੰਮੀ ਸ਼ਖਸੀਅਤਾਂ ਸਨ। ਤਾਂਹੀ ਪਤਾ ਲਗੇਗਾ ਅਸੀਂ ਆਪਣੇ
ਹਾਜ਼ਰਾ-ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਕਾਬਲਾ ਕਿਸ ਬਜਾਰੂ ਲਿਟਰੇਚਰ ਨਾਲ ਕਰ
ਰਹੇ ਹਾਂ। ਸਤਿਗੁਰੂ ਦੇ ਗਿਆਨ ਰਸ ਨਾਲ ਸਰੋਸਰ ਇਹ ਬਲਵਾਨ ਜੀਵਨ ਕਿਸੇ ਵੀ ਸਾਜਸ਼ ਅਤੇ ਸਾਜਸ਼ੀ ਦਾ
ਟਾਕਰਾ ਕਰਨ ਦੇ ਸਮਰੱਥ ਹੋਵੇਗਾ। ਜਦੋਂ ਸਤਿਗੁਰੂ ਦੀ ਬਖਸ਼ੀ ਗਿਆਨ ਖੜਗ ਫੜ ਕੇ ਮੈਦਾਨ ਵਿੱਚ
ਨਿਤਰਾਂਗੇ, ਕੋਈ ਦੁਸ਼ਮਨ ਅਗੇ ਟਿੱਕ ਨਹੀਂ ਸਕੇਗਾ।
ਬਸ ਇੱਕ ਆਖਰੀ ਗੱਲ ਹੋਰ ਸਾਂਝੀ ਕਰਨੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ
ਨਿਰਭਉ, ਨਿਰਵੈਰ ਦਾ ਸਿਧਾਂਤ ਦਿਤਾ। ਇਸੇ ਨੂੰ ਫਿਰ ਛੇਵੇਂ ਜਾਮੇ, ਸ੍ਰੀ ਗੁਰੂ ਹਰਿਗੋਬਿੰਦ
ਪਾਤਿਸ਼ਾਹ ਦੇ ਰੂਪ ਵਿੱਚ ਮੀਰੀ ਪੀਰੀ ਵਜੋਂ ਪਰਗਟ ਕੀਤਾ। ਸਤਿਗੁਰੂ ਨੇ ਇਹ ਸਪਸ਼ਟ ਕਰ ਦਿਤਾ ਕਿ
ਰਾਜਨੀਤੀ ਅਤੇ ਸ਼ਕਤੀ ਬਿਨਾਂ, ਧਰਮ ਕਦੇ ਸੁਰਖਿਅਤ ਨਹੀਂ ਰਹਿ ਸਕਦਾ। ਸੁਆਰਥੀ ਸਿੱਖ ਆਗੂਆਂ ਨੇ ਇਸ
ਸਿਧਾਂਤ ਦੀ ਗਲਤ ਵਿਆਖਿਆ
ਕਰਕੇ ਜਿਤਨੀ ਦੁਰਵਰਤੋਂ ਕੀਤੀ ਹੈ, ਉਹ ਬਿਆਨ ਤੋਂ
ਬਾਹਰ ਹੈ। ਇਹ ਇਸ ਗਲ ਦਾ ਵੱਡਾ ਢੰਡੋਰਾ ਪਿਟਦੇ ਹਨ ਕਿ ਸਿੱਖ ਸਿਧਾਂਤ ਵਿੱਚ ਧਰਮ ਅਤੇ ਰਾਜਨੀਤੀ
ਇਕੱਠੀ ਹੈ। ਪਰ ਰਾਜਨੀਤੀ ਵਰਤਣੀ ਸੀ ਧਰਮ ਦੀ ਰਖਿਆ ਅਤੇ ਪ੍ਰਫੁਲਤਾ ਲਈ। ਇਨ੍ਹਾਂ ਧਰਮ ਨੂੰ
ਕੇਵਲ ਆਪਣੀ ਰਾਜਸੀ ਹਵਸ ਪੂਰੀ ਕਰਨ ਦਾ ਸਾਧਨ ਬਣਾ ਲਿਆ। ਇਹ ਸਾਰਾ ਰੌਲਾ ਇਸ ਲਈ ਪਾਇਆ ਜਾਂਦਾ
ਹੈ, ਤਾਕਿ ਭੋਲੇ-ਭਾਲੇ ਸਿੱਖਾਂ ਨੂੰ ਧਰਮ ਦੇ ਨਾਂਅ ਤੇ ਮੂਰਖ ਬਣਾ ਕੇ ਉਨ੍ਹਾਂ ਦੀਆਂ ਵੋਟਾਂ
ਵਟੋਰੀਆਂ ਜਾ ਸਕਣ। ਰਾਜ ਸੱਤਾ ਦੀ ਭੁੱਖ ਵਿੱਚ ਇਨ੍ਹਾਂ ਦੇ ਜੀਵਨ ਵਿੱਚ ਇਤਨੀ ਗਿਰਾਵਟ ਆ ਚੁਕੀ ਹੈ
ਕਿ ਧਰਮ ਦੇ ਨਾਂਅ ਦੀ ਵਰਤੋਂ ਦੇ ਨਾਲ ਨਾਲ ਵੋਟਾਂ ਵਾਸਤੇ ਇਹ ਹਰ ਪਾਪ ਅਤੇ ਦੁਸ਼ਟ ਕਰਮ ਕਰਦੇ ਹਨ।
ਸਿੱਖੀ ਦੇ ਠੇਕੇਦਾਰ ਚੋਣਾਂ ਜਿਤਨ ਖਾਤਰ ਹਰ ਉਹ ਕਰਮ ਕਰਦੇ ਹਨ, ਜੋ ਸਿੱਖ ਸਿਧਾਂਤਾਂ ਦੇ ਬਿਲਕੁਲ
ਉਲਟ ਹਨ। ਨਸ਼ੇ ਵੰਡਣੇ, ਵੋਟਾਂ ਖਰੀਦਣੀਆ, ਗੁੰਡਾ ਗਰਦੀ ਕਰਨੀ ਤੇ ਹੋਰ ਐਸੇ ਕਰਮ ਜਿਨ੍ਹਾਂ ਨੂੰ
ਲਿਖਦਿਆਂ ਵੀ ਸ਼ਰਮ ਆਉਂਦੀ ਹੈ। ਹੋਰ ਤਾਂ ਹੋਰ ਇਨ੍ਹਾਂ ਨੇ ਗੁਰਦੁਆਰਾ ਚੋਣਾ ਨੂੰ ਵੀ ਇਸ ਗੰਦਗੀ ਤੋਂ
ਨਹੀਂ ਬਖਸ਼ਿਆ। ਜਦੋਂ ਚੋਣਾਂ ਆਉਂਦੀਆਂ ਨੇ ਸਿੱਖ ਆਗੂ ਕਹਾਉਣ ਵਾਲਿਆਂ ਦੁਆਰਾ ਸਿੱਖ ਸਿਧਾਂਤ ਮਿੱਟੀ
ਵਿੱਚ ਰੋਲੇ ਜਾਂਦੇ ਹਨ। ਸਿੱਖੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਹ ਸਿੱਖਾਂ ਵਿੱਚ ਕਿਤਨੇ ਹਰਮਨ
ਪਿਆਰੇ ਹਨ, ਇਹ ਇਸ ਗੱਲ ਤੋਂ ਹੀ ਸਪਸ਼ਟ ਹੈ ਕਿ ਸਿੱਖਾਂ ਦੀਆਂ ਵੋੱਟਾਂ ਲੈਣ ਵਾਸਤੇ ਇਨ੍ਹਾਂ ਨੂੰ ਇਹ
ਸਾਰੇ ਪਾਪ ਕਰਮ ਕਰਨੇ ਪੈਂਦੇ ਹਨ। ਪਰ ਕੀ ਫਰਕ ਪੈਂਦਾ ਹੈ, ਬਸ ਇੱਕ ਵਾਰੀ ਚੋਣਾਂ ਜਿਤ ਲਈਆਂ, ਫਿਰ
ਮੌਜਾਂ ਹੀ ਮੌਜਾਂ। ਗੱਲ ਵੀ ਤਾਂ ਠੀਕ ਹੈ, ਇਤਨਾ ਤਰੱਦਦ ਕਰਕੇ, ਇਤਨਾ ਖਰਚਾ ਕਰਕੇ ਰਾਜਸੱਤਾ ਹਾਸਲ
ਕੀਤੀ ਹੈ। ਹੁਣ ਤਾਂ ਸੂਬੇ ਅਤੇ ਜਨਤਾ ਨੂੰ ਲੁਟਣ ਦਾ ਹੱਕ ਮਿਲ ਗਿਆ ਹੈ। ਜਿਵੇਂ ਵੀ ਲੁਟਿਆ ਜਾ
ਸਕੇ। ਕੌਮ ਤਾਂ ਪਹਿਲਾਂ ਹੀ ਵਿਸਾਰੀ ਹੋਈ ਸੀ, ਹੁਣ ਕਾਹਦੀ ਯਾਦ ਆਉਣੀ ਹੈ। ਹਾਂ ਨਾਂਅ ਜਰੂਰ ਵੱਡੇ
ਵੱਡੇ ਰਖ ਲਏ ਜਾਂਦੇ ਹਨ, ਅਖੇ, ਮਾਹਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਹੈ। ਆਪਣੇ ਮੂੰਹ ਮੀਆਂ
ਮਿੱਠੂ। ਕਿਸੇ ਇਤਿਹਾਸਕ ਸਿੱਖ ਸ਼ਖਸੀਅਤ ਦਾ ਨਾਂ ਵੀ ਸਾਫ ਨਹੀਂ ਰਹਿਣ ਦੇਣਾ। ਕੋਈ ਪੁੱਛੇ, ਜਿਹੜੇ
ਇਤਨੇ ਭ੍ਰਿਸ਼ਟਾਚਾਰ ਦੇ ਕੇਸ ਬਣੇ ਹੋਏ ਹਨ, ਕੀ ਇਹ ਸਭ ਮਹਾਰਾਜਾ ਰਣਜੀਤ ਸਿੰਘ ਤੇ ਬਣੇ ਹੋਏ ਹਨ?
ਉਪਰਲੀ ਗੱਲਬਾਤ ਤੋਂ ਸਪਸ਼ਟ ਹੈ ਕਿ ਇਹ ਸਭ ਬਾਦਲਕਿਆਂ ਬਾਰੇ ਲਿਖਿਆ ਜਾ ਰਿਹਾ
ਹੈ। ਦੂਸਰਿਆਂ ਬਾਰੇ ਕੀ ਲਿਖਾਂ? ਕਹਿਣਗੇ, ਸਾਨੂੰ ਤਾਂ ਆਪਣਾ ਕਿਰਦਾਰ ਵਿਖਾਉਣ ਦਾ ਮੌਕਾ ਹੀ ਨਹੀਂ
ਮਿਲਿਆ। ਪਰ ਇੱਕ ਗੱਲ ਤਾਂ ਜ਼ਰੂਰ ਲਿਖ ਸਕਦਾ ਹਾਂ, ਜੋ ਆਪ ਤਜਰਬਾ ਕੀਤੀ ਹੈ। ਚੋਣਾ ਵਿੱਚ ਇਨ੍ਹਾਂ
ਦਾ ਕਿਰਦਾਰ ਵੀ ਉਹੀ ਹੈ, ਜੋ ਬਾਦਲਕਿਆਂ ਦਾ। ਪਿੱਛਲੀਆਂ ਕੁੱਝ ਚੋਣਾਂ ਵਿਚ, ਵਿਸ਼ੇਸ਼ ਕਰਕੇ
ਗੁਰਦੁਆਰਾ ਚੋਣਾਂ ਵਿੱਚ ਬੜੀ ਬੇਨਤੀ ਕੀਤੀ, ਘੱਟੋ-ਘੱਟ ਅਸੀਂ ਤਾਂ ਆਪਣਾ ਸਿੱਖ ਕਿਰਦਾਰ ਨਿਭਾਈਏ।
ਤਕਰੀਬਨ ਸਭ ਦਾ ਮਿਲਦਾ ਜੁਲਦਾ ਜੁਆਬ ਸੀ। ਚੋਣਾਂ ਵਿੱਚ ਇਹ ਸਭ ਕਰਨਾ ਪੈਂਦਾ ਹੈ। ਸਤਿਗੁਰੂ ਨੇ
ਪਾਪ ਦੇ ਖਿਲਾਫ ਧਰਮ ਦੀ ਖੜਗ ਲੈਕੇ ਜੰਗ ਕੀਤੀ ਸੀ, ਇਹ ਪਾਪ ਨੂੰ ਪਾਪ ਨਾਲ ਮਾਰਨਾ ਚਾਹੁੰਦੇ ਹਨ।
ਗੁਰੂ ਪਾਤਿਸ਼ਾਹ ਜਾਂ ਉਨ੍ਹਾਂ ਦੇ ਨਿਰਮਲ ਸਿਧਾਂਤਾਂ ਤੇ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ। ਇਸੇ
ਲਈ ਉਦੋਂ ਹੀ ਮੰਨ ਬਣਾ ਲਿਆ ਇਸ ਗੰਦ ਵਿਚੋਂ ਨਿਕਲ ਜਾਣਾ ਹੈ।
ਆਪਣੀ ਗੱਲ ਛੱਡ ਕੇ ਕੌਮ ਦੀ ਗੱਲ ਕਰਾਂ। ਸੱਚਾਈ ਤਾਂ ਇਹ ਹੈ ਕਿ ਅਜ ਕੌਮ ਦੀ
ਗੱਲ ਕਰਨ ਵਾਲਾ ਹੀ ਕੋਈ ਨਹੀਂ। ਅਜ ਤਾਂ ਆਪਣੇ ਇੱਕ ਨਿੱਜੀ ਹਿਤ ਤੋਂ ਕੌਮ ਦੇ ਸੈਂਕੜੇ ਹਿਤ ਰੋਜ਼
ਵਾਰੇ ਜਾਂਦੇ ਹਨ। ਹੁਣ ਤਾਂ ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਰਾਜਸੱਤਾ ਦੀ ਲਾਲਸਾ ਵਿੱਚ ਕੌਮ
ਅਤੇ ਸਿੱਖ ਸਿਧਾਂਤਾਂ ਦੇ ਸਭ ਤੋਂ ਵੱਡੇ ਦੁਸ਼ਮਨਾਂ ਨਾਲ ਹੀ ਪੱਕੀ ਭਿਆਲੀ ਪਾ ਲਈ ਹੈ। ਇੰਜ ਜਾਪਦਾ
ਹੈ ਜਿਵੇਂ ਸ਼ਿਕਾਰ ਆਪ ਸ਼ੇਰ ਦੀ ਮਾਂਦ ਵਿੱਚ ਚਲਾ ਗਿਆ ਹੋਵੇ। ਪਰ ਨਹੀਂ ਇਹ ਪ੍ਰਮਾਣ ਇਥੇ ਠੀਕ ਨਹੀਂ
ਢੁੱਕਦਾ। ਇਥੇ ਤਾਂ ਗੁਰੂ ਨਾਨਕ ਪਾਤਿਸ਼ਾਹ ਦੀਆਂ ਇਹ ਪੰਗਤੀਆਂ ਹੀ ਬਿਲਕੁਲ ਢੁਕਵੀਆਂ ਹਨ:
"ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜਿ੍ਹ੍ਹਆ ਨਾਉ।।
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।। " (ਮਃ ੧ –ਪੰਨਾ ੧੨੮੮)
ਬਿਲਕੁਲ ਜਿਵੇਂ ਸ਼ਿਕਾਰੀਆਂ ਦੇ ਪਾਲੇ ਹੋਏ ਹਿਰਨ ਅਤੇ ਬਾਜ ਆਪਣੇ ਮਾਲਕਾਂ
ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਇਸ਼ਾਰੇ ਤੇ ਆਪਣੇ ਸਾਥੀਆਂ ਦੇ ਝੁੰਡ ਵਿੱਚ ਜਾ ਰਲਦੇ ਹਨ ਅਤੇ ਆਪਣੇ
ਸਾਥੀਆਂ ਨੂੰ ਸ਼ਿਕਾਰੀ ਦੇ ਜਾਲ ਵਿੱਚ ਫਸਾ ਕੇ ਮਰਵਾ ਦੇਂਦੇ ਹਨ। ਇੰਜ ਆਪਣੀ ਕੌਮ ਦੀ ਬਰਬਾਦੀ ਦਾ
ਕਾਰਨ ਬਣਦੇ ਹਨ। ਇਹ ਅਜ ਦੇ ਸਿੱਖ ਕੌਮ ਦਾ ਆਗੂ ਹੋਣ ਦਾ ਦਾਅਵਾ ਭਰਨ ਵਾਲੇ ਵੀ ਪੰਥ-ਦੋਖੀ ਤਾਕਤਾਂ
ਦੇ ਸਿਕਦਾਰ (ਅਹਿਲਕਾਰ) ਹਨ ਜੋ ਆਪਣੇ ਇਨ੍ਹਾਂ ਆਕਾਵਾਂ ਨੂੰ ਖੁਸ਼ ਕਰਕੇ ਰਾਜਸੱਤਾ ਤੇ ਕਾਬਜ਼ ਰਹਿਣ
ਲਈ ਆਪਣੀ ਕੌਮ ਦਾ ਘਾਣ ਕਰਵਾ ਰਹੇ ਹਨ। ਇਨ੍ਹਾਂ ਤਹੱਈਆ ਕੀਤਾ ਹੋਇਆ ਹੈ ਕਿ ਨਾ ਸਿੱਖ ਰਹਿਣ ਦੇਣੇ
ਹਨ ਅਤੇ ਨਾ ਸਿੱਖੀ। ਐਵੇਂ ਤਾਂ ਨਹੀਂ ਅਜ ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ੮੦% ਤੋਂ ਵੱਧ
ਸਿੱਖਾਂ ਦੇ ਮੂੰਹ ਤੇ ਦਾੜ੍ਹੀ ਨਹੀਂ ਰਹੀ ਹੈ ਅਤੇ ਨਾ ਸਿਰ ਤੇ ਵਾਲ ਤੇ ਪੱਗ। ਉਹ ਵੀ ਵਧੇਰੇ
ਦਿਹਾਤੀ ਇਲਾਕਿਆਂ ਵਿੱਚ ਜਿਥੇ ਇਨ੍ਹਾਂ ਦਾ ਵਧੇਰੇ ਪ੍ਰਭਾਵ ਹੈ। ਅਸੀਂ ਅਕਸਰ ਇਹ ਕਹਿ ਕੇ ਤਸੱਲੀ
ਕਰ ਲੈਂਦੇ ਹਾਂ ਕਿ ਫਿਲਮਾਂ, ਟੀ ਵੀ ਅਤੇ ਪੱਛਮੀਂ ਪ੍ਰਭਾਵ ਨੇ ਇਹ ਜ਼ੁਲਮ ਢਾਇਆ ਹੈ। ਪਰ ਇਨ੍ਹਾਂ ਸਭ
ਚੀਜ਼ਾਂ ਦਾ ਇਤਨਾ ਮਾਰੂ ਪ੍ਰਭਾਵ ਕੇਵਲ ਪੰਜਾਬ ਤੇ ਹੀ ਕਿਉਂ ਪੈ ਰਿਹਾ ਹੈ, ਪੰਜਾਬ ਤੋਂ ਬਾਹਰ ਕਿਉਂ
ਨਹੀਂ ਪੈ ਰਿਹਾ? ਜਿਵੇਂ ਜਿਵੇਂ ਪੰਜਾਬ ਤੋਂ ਦੂਰ ਜਾਂਦੇ ਜਾਓ, ਕੋਈ ਵਿਰਲਾ ਹੀ ਪਤਿਤ ਸੂਰਤ
ਵਾਲਾ ਮਿਲਦਾ ਹੈ, ਉਹ ਵੀ ਆਮ ਤੌਰ ਤੇ ਜਿਸਦਾ ਪਿਛੋਕੜ ਪੰਜਾਬ ਨਾਲ ਹੋਵੇ। ਮੇਰੇ ਕਹਿਣ ਦਾ ਇਹ ਮਤਲਬ
ਬਿਲਕੁਲ ਨਹੀਂ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਅਸਰ ਨਹੀਂ। ਪੱਛਮੀਂ ਸਭਿਆਚਾਰ ਨੇ ਤਾਂ ਪੂਰੇ
ਪੂਰਬ-ਦਖੱਣ ਏਸ਼ੀਆ ਖੇਤਰ ਨੂੰ ਪ੍ਰਭਾਵਤ ਕੀਤਾ ਹੋਇਆ ਹੈ ਅਤੇ ਭਾਰਤ ਇਸ ਦੀ ਵਿਸ਼ੇਸ਼ ਮਾਰ ਥਲੇ ਹੈ।
ਭਾਰਤੀ ਫਿਲਮਾਂ, ਟੀ ਵੀ ਅਤੇ ਹੋਰ ਮੀਡੀਆ, ਸਿੱਖ ਬੱਚਿਆਂ ਨੂੰ ਗੁਮਰਾਹ ਕਰਨ, ਉਨ੍ਹਾਂ ਅੰਦਰ ਕੌਮੀ
ਹੀਨ ਭਾਵਨਾ ਪੈਦਾ ਕਰਨ ਅਤੇ ਸਿੱਖੀ ਵਿੱਚ ਸਿਧਾਂਤਕ ਰਲਗੱਡ ਕਰਨ ਵਾਸਤੇ ਪੂਰੀ ਸਾਜਸ਼ੀ ਵਿਓਂਤਬੰਦੀ
ਨਾਲ ਕੰਮ ਕਰ ਰਹੇ ਹਨ। ਪਰ ਪੰਜਾਬ ਵਿੱਚ ਇਹ ਬੇੜਾ ਡੋਬਣ ਦੀ ਜਿਮੇਂਵਾਰ ਸਿਰਫ ਤੇ ਸਿਰਫ ਅਕਾਲੀ
ਲੀਡਰਸ਼ਿਪ ਹੈ। ਇਨ੍ਹਾਂ ਨੇ ਬਹੁਤ ਤਰੀਕੇ ਨਾਲ ਪਤਿਤਪੁਣੇ ਨੂੰ ਉਤਸਾਹਤ ਕੀਤਾ, ਆਪਣੇ ਬੱਚਿਆਂ ਨੂੰ
ਪਤਿਤ ਮਾਡਲ ਬਣਾਕੇ ਪੇਸ਼ ਕੀਤਾ, ਸਾਬਤ ਸੂਰਤ ਸਿਖ ਨੌਜੁਆਨਾਂ ਤੇ ਇਤਨਾ ਜ਼ੁਲਮ ਢਾਹਿਆ ਅਤੇ ਢੁਆਇਆ ਕੇ
ਬਾਕੀ ਡਰਦੇ ਸਿਰ ਮੁਨਾ ਦੇਣ। ਆਪਣੇ ਰਾਜਕਾਲ ਵਿੱਚ ਸਿਰ ਮੁੰਨਿਆਂ ਨੂੰ ਨੌਕਰੀਆਂ ਦੇਕੇ, ਤਰੱਕੀਆਂ
ਦੇਕੇ, ਸਿਆਸੀ ਮਾਨਤਾ ਦੇਕੇ ਨਿਵਾਜਿਆ। ਸਭ ਕੁੱਝ ਇਤਨੀ ਵਿਓਂਤ ਬੰਦੀ ਨਾਲ ਕੀਤਾ ਹੈ ਕਿ ਬਹੁਤੇ
ਭੋਲੇ-ਭਾਲੇ ਸਿੱਖਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਉਹ ਕਦੋਂ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਹਨ।
ਬਹੁਤੇ ਤਾਂ ਸਿਰ ਮੂੰਹ ਮੁਨਾਕੇ ਅਜ ਵੀ ਇਹੀ ਖੁਸ਼ਫਹਿਮੀ ਪਾਲ ਰਹੇ ਹਨ, ਕਿ ਵਾਲਾਂ ਨਾਲ ਕੀ ਫਰਕ
ਪੈਂਦਾ ਹੈ? ਸਿੱਖੀ ਤਾਂ ਸਾਡੇ ਮਨ ਵਿੱਚ ਹੈ। ਕੌਣ ਸਮਝਾਵੇ? ਓਏ ਭੋਲਿਆ! ਜੇ ਮਨ ਵਿੱਚ ਸਿੱਖੀ ਬਚੀ
ਹੁੰਦੀ ਤਾਂ ਚੇਹਰੇ ਤੋਂ ਫੁਟ-ਫੁਟ ਪੈਂਦੀ। ਹਾਂ ਕੁੱਝ ਕਟੱੜਵਾਦਤਾ ਦੀਆਂ ਕਣੀਆਂ ਬਚੀਆਂ ਹੋ ਸਕਦੀਆਂ
ਹਨ, ਜਿਨ੍ਹਾਂ ਬਾਰੇ ਤੂੰ ਅੰਦਰ ਸਿੱਖੀ ਹੋਣ ਦਾ ਭਰਮ ਪਾਲ ਰਿਹਾ ਹੈਂ।
ਮੇਰੇ ਇੱਕ ਮਿੱਤਰ ਬੜੇ ਚੰਗੇ ਗੁਰਸਿੱਖ ਹਨ। ਉਨ੍ਹਾਂ ਦਾ ਕਾਰੋਬਾਰ ਪੰਜਾਬ
ਸਰਕਾਰ ਅਤੇ ਸਰਕਾਰੀ ਅਦਾਰਿਆਂ ਨਾਲ ਸੰਬਧਤ ਹੈ। ਇੱਕ ਵਾਕਿਆ ਦਸਣ ਲੱਗੇ ਕਿ ਕਿਸੇ ਪ੍ਰੋਗਰਾਮ ਦੇ
ਸਿਲਸਿਲੇ ਵਿੱਚ ਉਨ੍ਹਾਂ ਨੂੰ ਅਕਾਲੀ ਮੁਖਮੰਤਰੀ ਜੀ ਦੇ ਨੇੜੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ।
ਸੁਭਾਵਕ ਹੈ ਕਿ ਮੁਖਮੰਤਰੀ ਜੀ ਨੂੰ ਮਿਲਣ ਵਾਸਤੇ ਬਹੁਤ ਲੋਕ ਆ ਰਹੇ ਸਨ। ਜਿਹੜਾ ਵੀ ਕੋਈ
ਘੋਨਾ-ਮੋਨਾਂ ਆਵੇ, ਮੁਖਮੰਤਰੀ ਜੀ ਬੜੇ ਤਪਾਕ ਨਾਲ ਉਸ ਦਾ ਸੁਆਗਤ ਕਰਨ, "ਆਓ ਜੀ, ਸਰਦਾਰ ਸਾਹਿਬ
ਆਓ। "ਮੇਰੇ ਮਿੱਤਰ ਕਹਿੰਦੇ, ਥੋੜੀ ਦੇਰ ਬਾਅਦ ਮੈਂ ਸੋਚੀਂ ਪੈ ਗਿਆ ਕਿ ਜੇ ਇਹ ਘੋਨੇ ਸਰਦਾਰ ਸਾਹਿਬ
ਹਨ ਤਾਂ ਮੈਂ ਕੀ ਹਾਂ? ਕਿਆ ਸੁਹਣਾ ਤਰੀਕਾ ਹੈ ਪਤਿਤਪੁਣੇ ਨੂੰ ਉਤਸਾਹਿਤ ਕਰਨ ਦਾ? ਕਿਸ ਵਧੀਆ
ਤਰੀਕੇ ਨਾਲ ਉਸ ਨੂੰ ਮਹਿਸੂਸ ਵੀ ਨਹੀਂ ਹੋਣ ਦਿਤਾ ਕਿ ਉਹ ਸਿੱਖੀ ਨੂੰ ਬੇਦਾਵਾ ਦੇਈ ਬੈਠਾ ਹੈ ਬਲਕਿ
ਸਗੋਂ ਮਾਣ ਵਧਾਇਆ। ਜੇ ਉਸ ਨੂੰ ਭਈਆ ਜਾਂ ਘੱਟੋ-ਘੱਟ ਬਾਊ ਜੀ ਕਹਿਕੇ ਬੁਲਾਇਆ ਹੁੰਦਾ ਤਾਂ ਸ਼ਾਦਿੲ
ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ ਕੋਈ ਨਿੱਕੀ ਮੋਟੀ ਚੋਟ ਪੈਂਦੀ ਕਿ ਉਸਨੇ ਸਤਿਗੁਰੂ ਦੇ ਬਖਸ਼ੇ
ਦਸਤਾਰ ਰੂਪੀ ਤਾਜ ਨੂੰ ਤਜਕੇ ਕੀ ਕੁੱਝ ਗੁਆਇਆ ਹੈ। ਪਰ ਜਿਨ੍ਹਾਂ ਆਪ ਸਤਿਗੁਰੂ ਦੇ ਬਖਸ਼ੇ ਹੋਏ ਤਾਜ
ਉਤੇ ਮੁਕਟ ਬੰਨ ਲਏ ਹੋਣ, ਉਨ੍ਹਾਂ ਕੋਲੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ? ਇਨ੍ਹਾਂ ਫੈਸਲਾ ਕੀਤਾ
ਹੋਇਆ ਹੈ ਕਿ ਨਾ ਸਿੱਖੀ ਸਰੂਪ ਰਹਿਣ ਦੇਣਾ ਹੈ ਅਤੇ ਨਾ ਸਿਧਾਂਤ। ਇਸੇ ਕਰਕੇ ਮੱਥੇ ਤੇ ਤਿਲਕ ਲਵਾਏ
ਜਾਂਦੇ ਹਨ, ਹਵਨ ਕਰਾਏ ਜਾਂਦੇ, ਪੂਜਾ ਅਤੇ ਮੰਤਰ ਜਾਪ ਕਰਾਏ ਜਾਂਦੇ ਹਨ। ਅਗੋਂ ਇਨ੍ਹਾਂ ਦੇ ਚਮਚੇ
ਇਨ੍ਹਾਂ ਨੂੰ ਖੁਸ਼ ਕਰਨ ਲਈ ਅਤੇ ਵੱਡੇ ਮਾਲਕਾਂ ਦੇ ਨਜਰੀਂ ਚੜ੍ਹਨ ਲਈ, ਰਾਮਾਇਣ ਦੇ ੫੦੧ ਪਾਠ
ਕਰਾਉਂਦੇ ਹਨ। ਇਨ੍ਹਾਂ ਗੁਰਬਾਣੀ ਨਾ ਕਦੇ ਆਪ ਵਿਚਾਰ ਕੇ ਪੜ੍ਹੀ ਅਤੇ ਨਾਂ ਕਦੇ ਗੁਰਬਾਣੀ ਦੀ ਵਿਚਾਰ
ਸੁਣੀ ਪਰ ਇਨ੍ਹਾਂ ਨੂੰ ਬਾਪੂ ਆਸਾ ਰਾਮ ਦੇ ਵਖਿਆਨ ਚੋਂ ਬਹੁਤ ਰਸ ਆਉਂਦਾ ਹੈ। ਉਨ੍ਹਾਂ ਦੇ ਵਿੱਚ
ਬਹਿਕੇ ਬੜੀ ਬੇਸ਼ਰਮੀ ਅਤੇ ਮਾਣ ਨਾਲ ਕਹਿੰਦੇ ਹਨ, "ਮੈਂ ਤੋ ਬਾਪੂ ਜੀ ਕਾ ਅਨਨ ਭਗਤ ਹੂੰ। " ਫੇਰ
ਦਲੀਲਾਂ ਦਿਤੀਆਂ ਜਾਂਦੀਆਂ ਹਨ, ਰਾਜਸੱਤਾ ਦੇ ਪ੍ਰਮੁਖ ਨੂੰ ਇਹ ਸਭ ਕਰਨਾ ਪੈਂਦਾ ਹੈ। ਅਸੀਂ ਇਹ
ਤਾਂ ਨਹੀਂ ਕਹਿੰਦੇ, ਤੁਸੀਂ ਕਿਸੇ ਦੂਸਰੇ ਧਰਮ ਦਾ ਅਪਮਾਨ ਕਰੋ। ਉਨ੍ਹਾਂ ਦੇ ਧਰਮ ਪ੍ਰਤੀ ਕੋਈ
ਨਿੰਦਾ ਭਰੇ ਜਾਂ ਕੌੜੇ ਬੋਲ ਬੋਲੋ। ਮੁਖਮੰਤਰੀ ਹੋਣ ਨਾਤੇ ਹਰ ਕੌਮ ਦੇ ਪ੍ਰੋਗਰਾਮ ਵਿੱਚ ਜਾਓ, ਪੂਰਨ
ਸਤਿਕਾਰ ਕਰੋ, ਪਰ ਆਪਣੇ ਸਤਿਗੁਰੂ ਦੇ ਪਾਵਨ ਸਿਧਾਂਤ ਤਾਂ ਮਿੱਟੀ ਵਿੱਚ ਨਾ ਰੋਲੋ। ਜੇ ਗੁਰਮਤਿ
ਸਿਧਾਂਤਾਂ ਦਾ ਮਾਣ ਨਹੀਂ ਵੱਧਾ ਸਕਦੇ ਤਾਂ ਘਟੋ-ਘੱਟ ਘਾਣ ਨਾ ਕਰੋ।" ਮਨ ਹਰਾਮੀ, ਹੁਜਤਾਂ
ਢੇਰ। " ਪਰ, ਕਿਤੇ ਸਿੱਖਾਂ ਦਾ ਭਰਮਜਾਲ ਨਾ ਟੁਟ ਜਾਏ ਇਸ ਲਈ ਬਾਣੀ ਪੜ੍ਹਨ ਅਤੇ ਗੁਰਦੁਆਰੇ ਹਾਜਰੀ
ਭਰਨ ਦਾ ਪਖੰਡ ਵੀ ਨੇਮ ਨਾਲ ਕਰਦੇ ਰਹਿੰਦੇ ਹਨ;
"ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।। ਛੋਡੀਲੇ ਪਾਖੰਡਾ।। "
{ਸਲੋਕ ਮਃ ੧-ਪੰਨਾ ੪੭੧}
ਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ,
(ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ
ਰਹਿਤ ਤੂੰ ਰੱਖੀ ਹੋਈ ਹੈ। (ਇਹ) ਪਾਖੰਡ ਤੂੰ ਛੱਡ ਦੇਹ।
ਪਿਛਲੀਆਂ ਚੋਣਾ ਵਿੱਚ ਸਿੱਖਾਂ ਵਲੋਂ ਐਵੇਂ ਹਲਕਾ ਜਿਹਾ ਝਟਕਾ ਦੇ ਦਿਤਾ
ਗਿਆ। ਹੁਣ ਪਰਿਵਾਰ ਵਲੋਂ ਸਿੱਖ ਹੋਣ ਦੇ ਵਿਖਾਵੇ ਲਈ ਵੱਡੇ ਵੱਡੇ ਕੀਰਤਨ ਦਰਬਾਰ ਕਰਾਏ ਜਾ ਰਹੇ ਹਨ,
ਟੀ ਵੀ ਦੇ ਟਾਈਮ ਤੇ, ਦਰਬਾਰ ਸਾਹਿਬ ਅੰਦਰ ਬਹਿਕੇ ਕੀਰਤਨ ਸੁਣਿਆ ਜਾਂਦਾ ਹੈ।" ਖੁਦਾ ਭੀ ਖੁਸ਼ ਰਹੇ,
ਸ਼ੈਤਾਨ ਭੀ ਨਾਰਾਜ਼ ਨਾ ਹੋ। "
ਕਈ ਭੋਲੇ ਭਾਲੇ ਵੀਰ ਕਹਿੰਦੇ ਹਨ ਦਸੋ ਜੀ, ਉਹ ਭਲਾ ਸਿੱਖੀ ਦਾ ਬੁਰਾ ਕਿਉਂ
ਕਰਨਗੇ, ਉਨ੍ਹਾਂ ਦੀ ਤਾਂ ਸਾਰੀ ਸਿਆਸਤ ਹੀ ਸਿੱਖਾਂ ਦੇ ਸਿਰ ਤੇ ਖੜੀ ਹੈ। ਸਿੱਖ ਹੀ ਤਾਂ ਉਨ੍ਹਾਂ
ਦਾ ਵੋਟ ਬੈਂਕ ਹਨ। ਓ ਭਲਿਓ! ਕਿਹੜੇ ਸਿੱਖਾਂ ਦੀ ਗੱਲ ਕਰਦੇ ਹੋ, ਜਿਨ੍ਹਾਂ ਨੂੰ ਸਹਿਜੇ ਸਹਿਜੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਬਾਣੀ ਨਾਲੋਂ, ਗੁਰਮਤਿ ਦੇ ਅਨਮੋਲ ਸਿਧਾਂਤਾਂ ਨਾਲੋਂ ਤੋੜ
ਦਿਤਾ ਗਿਆ? ਸਿੱਖੀ ਦੇ ਪਾਵਨ ਸਰੂਪ, ਦਸਮ ਪਾਤਿਸ਼ਾਹ ਦੇ ਖੰਡੇ ਬਾਟੇ ਦੀ ਪਾਹੁਲ ਅਤੇ ਆਦਰਸ਼ਕ ਕਕਾਰਾਂ
ਨਾਲੋਂ ਪੱਕਾ ਤੋੜ-ਵਿਛੋੜਾ ਕਰਾ ਦਿੱਤਾ ਗਿਆ? ਜਿਹੜੇ ਅਜ ਬ੍ਰਾਹਮਣੀ ਰੀਤਾਂ ਅਤੇ ਕਰਮਕਾਂਡਾਂ ਨੂੰ
ਸਿੱਖ ਸਿਧਾਂਤ ਸਮਝ ਕੇ ਕਰੀ ਜਾ ਰਹੇ ਹਨ? ਉਨ੍ਹਾਂ ਵਿਚਾਰਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ
ਕਦੋਂ ਦੇ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖੀ ਤੋਂ ਬਹੁਤ ਦੂਰ, ਬਾਦਲ ਦੀ ਸਿੱਖੀ ਵਿੱਚ ਪਹੁੰਚ ਚੁਕੇ
ਹਨ, ਜਿਥੇ ਹਰ ਗਲ ਦੀ ਛੋਟ ਹੈ, ਕਿਸੇ ਮਰਿਯਾਦਾ ਦੇ ਬੰਧਨ ਨਹੀਂ। ਹਾਂ ਇੱਕ ਗਲ ਉਨ੍ਹਾਂ ਨੂੰ ਚੰਗੀ
ਤਰ੍ਹਾਂ ਪਤਾ ਹੈ ਕਿ ਅਸੀਂ ਪੰਥ ਦੇ ਨਾਲ ਹਾਂ ਅਤੇ ਵੋਟ ਪੰਥ ਨੂੰ ਪਾਉਣੀ ਹੈ। ਹਾਲਾਂਕਿ ਖਾਲਸਾ ਪੰਥ
ਉਨ੍ਹਾਂ ਕੋਲੋਂ ਕਦੋਂ ਦਾ ਗੁਆਚ ਚੁਕਾ ਹੈ ਅਤੇ ਉਸ ਦੀ ਜਗ੍ਹਾਂ ਬਾਦਲ ਪੰਥ ਲੈ ਚੁਕਾ ਹੈ।
ਇਨ੍ਹਾਂ ਆਗੂਆਂ ਨੂੰ ਇਹ ਗਲ ਬਹੁਤ ਫਿਟ ਬੈਠਦੀ ਹੈ। ਉਨ੍ਹਾਂ ਨੂੰ ਇਹੋ ਜਿਹੇ
ਸਿੱਖਾਂ ਦੀ ਹੀ ਲੋੜ ਹੈ। ਵੇਖਿਆ ਨਹੀਂ ਪੰਥ ਦਾ ਅਤੇ ਜਥੇਬੰਦੀ ਦਾ ਰੂਪ ਕਿਵੇਂ ਨਾਲ ਨਾਲ ਬਦਲ ਰਹੇ
ਹਨ। ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ, ਇਸ ਦਾ ਮੈਂਬਰ ਬਣਨ ਵਾਸਤੇ ਵੀ ਅੰਮ੍ਰਿਤਧਾਰੀ ਹੋਣਾ ਜਰੂਰੀ
ਸੀ। ਇਹ ਨਿਰੋਲ ਸਿੱਖ ਸਿਧਾਂਤਾਂ ਅਤੇ ਸਿੱਖ ਹੱਕਾਂ ਦੀ ਪਹਿਰੇਦਾਰ ਜਥੇਬੰਦੀ ਸੀ। ਫੇਰ ਜਿਵੇਂ ਹੀ
ਬਾਦਲ ਸਾਹਿਬ ਕਾਬਜ਼ ਹੋਏ, ਇਹ ਪੰਜਾਬੀ ਪਾਰਟੀ ਬਣ ਗਈ। ਹੁਣ ਰੋਜ਼ ਬਾਦਲ ਸਾਹਿਬ ਕੂਕਾਂ ਮਾਰਦੇ ਹਨ,
ਸਾਡੀ ਪਾਰਟੀ ਸੈਕੁਲਰ ਪਾਰਟੀ ਹੈ। ਜਿਸ ਪਾਰਟੀ ਦਾ ਮੈਂਬਰ ਬਣਨ ਵਾਸਤੇ ਵੀ ਕਦੇ ਖੰਡੇ-ਬਾਟੇ ਦੀ
ਪਾਹੁਲ ਛਕੇ ਹੋਣਾ ਜਰੂਰੀ ਸੀ, ਅਜ ਦਾੜ੍ਹੀ ਕੁਤਰੇ, ਸਿਰੋ ਰੋਡੇ, ਨਸ਼ੇੜੀ, ਸ਼ਰਾਬ-ਸ਼ਬਾਬ ਦੇ ਸ਼ੌਕੀਨ
ਇਥੋਂ ਤਕ ਕੇ ਸ਼ਰੇਆਮ ਤੰਬਾਕੂ ਪੀਣ ਵਾਲੇ ਉਸ ਦੇ ਕਈ ਪ੍ਰਮੁਖ ਮੈਂਬਰ, ਮਿਨਿਸਟਰ ਅਤੇ ਐਮ ਐਲ ਏ ਹਨ।
ਅਜ ਇਸ ਜਥੇਬੰਦੀ ਦਾ ਪ੍ਰਧਾਨ ਇੱਕ ਪਤਿਤ ਹੈ। ਲੋਕੀ ਕਹਿੰਦੇ ਹਨ ਪਤਿਤ ਤਾਂ ਨਹੀਂ ਬੇਅੰਮ੍ਰਿਤੀਆ
ਹੈ। ਕੀ ਕੇਵਲ ਕੇਸਾਂ ਦੀ ਬੇਅਦਬੀ ਕਰਨ ਨਾਲ ਹੀ ਪਤਿਤ ਹੁੰਦਾ ਹੈ? ਸਿੱਖ ਰਹਿਤ ਮਰਿਯਾਦਾ ਵਿੱਚ ਤਾਂ
ਚਾਰ ਬੱਜਰ ਕੁਰਹਿਤਾਂ ਹਨ, ਜਿਨ੍ਹਾਂ ਵਿਚੋਂ ਕੋਈ ਇੱਕ ਕਰਨ ਨਾਲ ਹੀ ਪਤਿਤ ਹੋ ਜਾਈਦਾ ਹੈ। ਇਥੇ ਤਾਂ
ਰੱਬ ਦੀ ਐਸੀ ਮਾਰ ਹੈ ਕਿ ਇੱਕ ਛੱਡ ਕੇ ਬਾਕੀ ਸਾਰੇ ਗੁਣ ਭਰਪੂਰ ਹਨ। ਹੋਰ ਤਾਂ ਹੋਰ ਇਨ੍ਹਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਹੀਂ ਬਖਸ਼ਿਆ। ਉਸਦੇ ਬਹੁਤੇ ਮੈਂਬਰਾ ਵਿੱਚ ਵੀ, ਇੱਕ
ਕੇਸਾਂ ਦੀ ਬੇਅਦਬੀ ਛੱਡਕੇ ਬਾਕੀ ਉਪਰਲੇ ਸਾਰੇ ਔਗੁਣ ਹਨ। ਕੇਸ ਵੀ ਤਾਂ ਕਰਕੇ ਬਚੇ ਹੋਏ ਹਨ ਕਿਉਂਕਿ
ਕਾਨੂੰਨੀ ਮਜਬੂਰੀ ਹੈ, ਨਹੀਂ ਤਾਂ ਪਤਾ ਨਹੀਂ ਉਥੇ ਵੀ ਕਦੋਂ ਦੇ ਘੋਨੇ ਵਾੜ ਦਿਤੇ ਹੁੰਦੇ।
ਪੰਜ੍ਹਾਵਿਆਂ ਵਿੱਚ ਸਿੱਖ ਨੌਜੁਆਂਨੀ ਵਿੱਚ ਕੁੱਝ ਨਿਘਾਰ ਆਉਂਦਾ ਮਹਿਸੂਸ ਹੋਇਆ ਤਾਂ ਸਿੱਖ ਆਗੂਆਂ
ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਂਅ ਦੀ ਨੌਜਵਾਨਾ ਦੀ ਜਥੇਬੰਦੀ ਖੜੀ ਕਰ ਦਿਤੀ। ਇਸ ਜਥੇਬੰਦੀ ਨੇ
ਸਿੱਖ ਨੌਜਵਾਨਾਂ ਵਿੱਚ ਇੱਕ ਨਵੀਂ ਜਾਗ੍ਰਿਤੀ ਪੈਦਾ ਕਰਕੇ, ਇਨਕਲਾਬੀ ਮੋੜ ਲਿਆਂਦਾ। ਇਸ ਜਥੇਬੰਦੀ
ਨੇ ਪਿਛਲੇ ਦਿਨਾਂ ਵਿੱਚ ਕੌਮ ਨੂੰ ਕਈ ਵਧੀਆ ਗੁਰਸਿੱਖ ਦਿਤੇ ਹਨ। ਇਹ ਅਲੱਗ ਗਲ ਹੈ ਕਿ ਅਜ ਇਹ
ਜਥੇਬੰਦੀ ਵੀ, ਇਨ੍ਹਾਂ ਸਿਆਸੀ ਭੁਖੜਾਂ ਦੀ ਸ਼ਿਕਾਰ ਹੋ ਚੁਕੀ ਹੈ। ਅਕਾਲੀ ਦਲ ਦੇ ਮੌਜੂਦਾ ਪ੍ਰਧਾਨ
ਨੇ ਹੁਣ ਕਈ ਟੁਕੜਿਆਂ ਵਿੱਚ ਵੰਡੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨੀਵਾਂ ਵਿਖਾਣ ਲਈ, ਆਪਣੀ
ਸਰਪਰਸਤੀ ਵਿੱਚ ਐਸ ਓ ਆਈ ( Students Organisation
of India) ਨਾਂ ਦੀ ਜਥੇਬੰਦੀ ਕਾਇਮ ਕੀਤੀ ਹੈ,
ਜਿਥੇ ਫੇਰ, ਹਰ ਤਰ੍ਹਾਂ ਦੀ ਖੁਲ ਹੈ। ਸਿੱਖੀ ਤਾਂ ਜਿਵੇਂ ਅਕਾਲੀ ਦਲ ਦੇ ਏਜੰਡੇ ਵਿਚੋਂ ਹੀ
ਗਾਇਬ ਹੋ ਗਈ ਹੈ।
ਪਿੱਛੇ ਜਿਹੇ ਕੁੱਝ ਆਸ ਬੱਝੀ, ਜਦੋਂ ਦਿੱਲ਼ੀ ਸਿੱਖ ਗੁਰਦੁਆਰਾ ਮੈਨੇਜਮੈਂਟ
ਕਮੇਟੀ ਦੀਆਂ ਚੋਣਾਂ ਵਿੱਚ ਬਾਦਲਕੇ ਹਾਰ ਗਏ। ਸੋਚਿਆ ਕੁੱਝ ਤਬਦੀਲੀ ਸ਼ੁਰੂ ਹੋਈ ਹੈ, ਕੁੱਝ ਤਾਂ
ਚੰਗੇ ਨਤੀਜੇ ਸਾਹਮਣੇ ਆਉਣਗੇ। ਪਹਿਲਾਂ ਤਾਂ ਅਹਿਸਾਸ ਵੀ ਇਹ ਕਰਾਇਆ ਗਿਆ ਕਿ ਇਹ ਕੁੱਝ ਨਿਰਪੱਖ
ਸਿਖਾਂ ਦੀ ਕਮੇਟੀ ਹੈ। ਨੇੜਿਓ ਵੇਖਿਆ ਤਾਂ ਪਤਾ ਲਗਾ ਕਿ ਟੋਹੜਾ ਸਾਹਿਬ ਦਾ ਧੱੜਾ ਹੈ, ਹੋਰ ਕੁੱਝ
ਨਹੀਂ। ਉਹ ਸ੍ਰ. ਗੁਰਚਰਨ ਸਿੰਘ ਟੋਹੜਾ ਜਿਨ੍ਹਾਂ ੨੬ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਕੇ
ਸਿੱਖੀ ਦੀ ਬਰਬਾਦੀ ਕੀਤੀ। ਇਸੇ ਗਲ ਲਈ ਉਨ੍ਹਾਂ ਨੂੰ ਮਰਨ ਬਾਅਦ "ਪੰਥ ਰਤਨ" ਦਾ ਖਿਤਾਬ ਵੀ ਦਿੱਤਾ
ਗਿਆ। ਇੱਕ ਕਮਾਲ ਤਾਂ ਦਿੱਲੀ ਵਾਲਿਆਂ ਕਰ ਵਿਖਾਈ, ਕੁੱਝ ਸਮੇਂ ਬਾਅਦ ਜਦੋਂ ਟੋਹੜਾ ਜੀ ਨੇ (ਪੰਥਕ
ਹਿਤ ਵਿਚ) ਮੁੱੜ ਬਾਦਲ ਸਾਹਿਬ ਨਾਲ ਭਾਈਵਾਲੀ ਪਾ ਲਈ ਤਾਂ ਦਿੱਲੀ ਕਮੇਟੀ ਵਾਲੇ ਨਾਲ ਨਹੀਂ ਗਏ। ਪਰ
ਕੁੱਝ ਹੀ ਦਿਨਾਂ ਬਾਅਦ ਇਹ ਸਿੱਧੇ ਕਾਂਗਰਸ ਦੀ ਝੋਲੀ ਵਿੱਚ ਪੈ ਗਏ। ਉਹ ਕਾਂਗਰਸ, ਜੋ ਅਜ ਭਾਰਤ
ਵਿੱਚ ਸਿੱਖਾਂ ਦੀ ਤਬਾਹੀ ਵਾਸਤੇ ਸਿੱਧੀ ਜਿਮੇਂਵਾਰ ਹੈ, ਜੋ ਸਿੱਖਾਂ ਨਾਲ ਅਜ਼ਾਦੀ ਤੋਂ ਪਹਿਲਾਂ
ਕੀਤੇ ਹਰ ਵਾਅਦੇ ਤੋ ਮੁਕਰੀ, ਜਿਸ ਨੇ ਸਿਖਾਂ ਦੀ ਹਰ ਜਾਇਜ਼ ਮੰਗ ਨੂੰ ਨਸਲੀ ਰੰਗਤ ਦੇ ਕੇ ਠੁਕਰਾਇਆ,
ਜਿਸ ਦੇ ਰਾਜ ਵਿੱਚ ੩੭ ਗੁਰਧਾਂਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ, ਸ੍ਰੀ ਦਰਬਾਰ ਸਾਹਿਬ
ਦਾ ਸੀਨਾਂ ਛਲਨੀ-ਛਲਨੀ ਕਰ ਦਿਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ ਕੀਤਾ ਗਿਆ, ਜਿਨ੍ਹਾਂ
ਸਾਰੇ ਭਾਰਤ ਵਿੱਚ ਸਿਖਾਂ ਦਾ ਸਰੇ-ਬਾਜ਼ਾਰ ਕਤਲੇ-ਆਮ ਕਰਾਇਆ। ਪਤਾ ਨਹੀਂ ਸਾਰੇ ਸਿੱਖ ਆਗੂ ਇਹ ਕਿਉਂ
ਸਮਝਦੇ ਹਨ ਕਿ ਉਨ੍ਹਾਂ ਦਾ ਕਿਸੇ ਨਾ ਕਿਸੇ ਪੰਥ ਦੋਖੀ ਸ਼ਕਤੀ ਨਾਲ ਭਿਆਲੀ ਪਾਉਣਾ ਜਰੂਰੀ ਹੈ? ਇੱਕ
ਸ਼ੇਰ ਦੀ ਮਾਂਦ ਵਿੱਚ ਵੜੇ ਹੋਏ ਹਨ ਤਾਂ ਦੂਸਰੇ ਬਘਿਆੜ ਦੀ। ਵੈਸੇ ਤਾਂ ਕਾਰਨ ਤਕਰੀਬਨ ਸਪਸ਼ਟ ਹੀ
ਹੈ," ਹਾਇ ਕੁਰਸੀ"। ਭਲਿਓ! ਜੇ ਰਾਜਨੀਤਿਕ ਕਾਰਨਾਂ ਕਰਕੇ ਸਾਂਝ ਪਾਉਣੀ ਵੀ ਹੈ ਤਾਂ ਸਿੱਖੀ ਦੇ
ਵੱਡੇ ਦੁਸ਼ਮਨਾ ਨਾਲ ਤਾਂ ਨਾ ਪਾਓ। ਇਥੇ ਤਾਂ ਬੜੇ ਮਾਣ ਨਾਲ ਐਲਾਨ ਕੀਤੇ ਜਾ ਰਹੇ ਹਨ, "ਜਨਮ ਜਨਮ ਕਾ
ਸਾਥ ਹੈ। "
ਬੜੀ ਅਹਿਮ ਚੁਣੌਤੀ ਹੈ ਸਿੱਖ ਨੌਜਵਾਨੀ ਅਗੇ ਕਿ ਇਨ੍ਹਾਂ ਸ਼ੇਰਾਂ ਬਘਿਆੜਾਂ
ਕੋਲੋਂ ਕੌਮ ਨੂੰ ਕਿਵੇਂ ਬਚਾਉਣਾ ਹੈ? ਇਹ ਆਪਣੇ ਆਪਣੇ ਤਰੀਕੇ ਨਾਲ ਸਿੱਖੀ ਨੂੰ ਨਿਗਲ ਜਾਣ ਲਈ
ਰ੍ਹਾਲਾਂ ਟੱਪਕਾ ਰਹੇ ਹਨ। ਅਜ ਲੋੜ ਹੈ ਕਿ ਸਿੱਖ ਨੌਜਵਾਨੀ ਆਪਣੇ ਵਿਚੋਂ ਇੱਕ ਨਵੀਂ ਲੀਡਰਸ਼ਿਪ
ਉਭਾਰੇ। ਐਸੀ ਲੀਡਰਸ਼ਿਪ ਜੋ ਪ੍ਰੂਰੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪਰਣਾਈ
ਹੋਵੇ। ਜੋ ਗੁਰਮਤਿ ਦੇ ਹਰ ਸਿਧਾਂਤ ਨੂੰ ਅਪਨਾਉਣਾ, ਆਪਣਾ ਆਦਰਸ਼ ਅਤੇ ਗੁਰਮਤਿ ਅਨੁਸਾਰ ਜੀਵਨ ਜੀਣ
ਨੂੰ ਆਪਣਾ ਮਕਸਦ ਸਮਝਦੀ ਹੋਵੇ। ਜੋ ਪੰਥ ਪਰਸਤ ਹੋਵੇ, ਕੌਮ ਵਾਸਤੇ ਆਪਣਾ ਜੀਵਨ ਕੁਰਬਾਨ ਕਰ ਦੇਵੇ।
ਦੂਰਅੰਦੇਸ਼ ਹੋਵੇ। ਕੌਮ ਖਿਲਾਫ ਘੜੀਆਂ ਜਾ ਰਹੀਆਂ ਗੁਪਤ ਸਾਜਸ਼ਾਂ ਨੂੰ ਸਮਝਣ ਦੇ ਸਮਰਥ ਹੋਵੇ। ਕਿਸੇ
ਕੌਮੀ ਪ੍ਰੋਗਰਾਮ ਨੂੰ ਉਲੀਕਣ ਲੱਗਿਆਂ, ਉਸ ਦੇ ਕੌਮ ਦੇ ਭਵਿੱਖ ਤੇ ਅਗਲੀਆਂ ਸਦੀਆਂ ਵਿੱਚ ਪੈਣ ਵਾਲੇ
ਹਰ ਪ੍ਰਭਾਵ ਨੂੰ ਪਹਿਲਾਂ ਵਿਚਾਰ ਲਵੇ। ਜੋ ਇੱਕ ਨਵੀਂ ਆਜ਼ਾਦ ਹਸਤੀ ਵਾਲੀ ਸਿੱਖ ਜਥੇਬੰਦੀ ਕਾਇਮ
ਕਰੇ। ਨੌਜਵਾਨ ਤਾਂ ਅਜ ਵੀ ਸਿਆਸਤ ਵਿੱਚ ਆ ਰਹੇ ਹਨ ਪਰ ਸਭ ਸਿਰਫ ਸਿਆਸਤ ਵਾਸਤੇ। ਸਭ ਦਾ
ਨਿਸ਼ਾਨਾ ਐਮ ਐਲ ਏ ਅਤੇ ਵਜੀਰੀ ਦੀਆਂ ਕੁਰਸੀਆਂ ਹਨ। ਕਿਸੇ ਦਾ ਵੀ ਮਕਸਦ ਪੰਥ ਨਹੀਂ। ਹਰ ਕੋਈ ਜਨਤਾ
ਵਿੱਚ ਵੱਡਾ ਆਗੂ ਬਣਕੇ ਉਭਰਨਾ ਚਾਹੁੰਦਾ ਹੈ। ਕੋਈ ਵਰਕਰ ਯਾ ਕੌਮ ਦਾ ਸੇਵਾਦਾਰ ਨਹੀਂ ਬਣਨਾ
ਚਾਹੂਦਾ। ਸਿੱਖ ਨੌਜਵਾਨੀ ਨੂੰ ਘੜੀ ( Watch)
ਕੋਲੋਂ ਸਿਖਿਆ ਲੈਣੀ ਚਾਹੀਦੀ ਹੈ। ਬਾਹਰੋਂ ਤਾਂ ਵੇਖਣ ਨੂੰ ਕੇਵਲ ਘੜੀ ਦਾ ਕੇਸ, ਡਾਇਲ ਅਤੇ ਸੂਈਆਂ
ਹੀ ਨਜ਼ਰ ਆਉਂਦੇ ਹਨ ਪਰ ਉਸ ਨੂੰ ਚਲਾਉਣ ਵਾਲੀ ਪਿੱਛੇ ਇੱਕ ਮਸ਼ੀਨਰੀ ਹੈ, ਜਿਸ ਵਿੱਚ ਛੋਟੇ ਛੋਟੇ
ਪੁਰਜੇ ਹਨ। ਇਹ ਸਭ ਪੁਰਜੇ ਅਤਿ ਮਹਤਵ ਪੂਰਨ ਹਨ। ਇਨ੍ਹਾਂ ਵਿਚੋਂ ਕੋਈ ਇੱਕ ਪੁਰਜਾ ਵੀ ਕੰਮ ਕਰਨਾ
ਬੰਦ ਕਰ ਦੇਵੇ, ਸਾਰੀ ਘੜੀ ਖੜੋ ਜਾਂਦੀ ਹੈ।
ਅਜ ਹਰ ਕੋਈ ਕੇਸ, ਡਾਇਲ ਜਾਂ ਸੂਈਆਂ
ਹੀ ਬਨਣਾ ਚਾਹੁੰਦਾ ਹੈ। ਪਰ ਜੇ ਸੱਚਮੁਚ ਕੌਮ ਦੀ ਸੇਵਾ ਕਰਣੀ ਹੈ ਤਾਂ
ਆਓ ਸਿੱਖੀ ਦੀ ਘੜੀ ਦੇ ਛੋਟੇ ਛੋਟੇ ਪੁਰਜੇ ਬਣ ਜਾਈਏ।
ਆਪਣਾ ਆਪ ਗਵਾ ਕੇ ਗ੍ਰੰਥ ਅਤੇ ਪੰਥ ਨੂੰ ਬਚਾ ਲਈਏ। ਮੇਰਾ ਇਹ ਮਤਲਬ ਬਿਲਕੁਲ ਨਹੀਂ ਕਿ ਚੋਣਾਂ
ਨਹੀਂ ਲੜਨੀਆਂ, ਐਮ ਐਲ ਏ, ਮਿਨਿਸਟਰ ਨਹੀਂ ਬਣਨਾ। ਪਰ ਮਿਸ਼ਨ ਇਕੋ ਹੋਣਾ ਚਾਹੀਦਾ ਹੈ, ਮੈਂ ਮਰ੍ਹਾਂ
ਪੰਥ ਜੀਵੇ। ਜੋ ਕੰਮ ਕਰੇਗਾ, ਪਹਿਚਾਣ ਸੁਭਾਵਕ ਬਣ ਜਾਵੇਗੀ। ਸਾਡਾ ਮਕਸਦ ਮਨਿਸਟਰੀ ਨਾ ਹੋਵੇ। ਜੇ
ਪ੍ਰਾਪਤ ਹੋ ਜਾਵੇ ਤਾਂ ਜਿਸ ਵਾਹਿਗੁਰੂ ਨੇ ਦਿੱਤੀ ਹੈ, ਉਸ ਦੀ ਬਖਸ਼ਿਸ਼ ਸਮਝ ਕੇ ਕੌਮ ਅਤੇ ਮਨੁਖਤਾ
ਦੇ ਭਲੇ ਲਈ ਵਰਤੀਏ। ਦੁਨੀਆਂ ਨੂੰ ਦਸ ਦਈਏ, ਸਿੱਖ ਕਿਰਦਾਰ ਕੀ ਹੁੰਦਾ ਹੈ।
ਕਈ ਵੀਰ ਕਹਿੰਦੇ ਹਨ ਅਸੀਂ ਵਿੱਚ ਵੜਕੇ ਤਬਦੀਲੀ ਲਿਆਵਾਂਗੇ। ਇਥੇ ਇੱਕ ਬਹੁਤ
ਪੁਰਾਣੀ ਗੱਲ ਯਾਦ ਆਉਂਦੀ ਹੈ। ਇੱਕ ਦਿਨ ਮੈਂ ਇੱਕ ਗੁਰਦੁਆਰਾ ਸਹਿਬ ਦੀ ਸਟੇਜ ਤੇ ਵਿਚਾਰਾਂ ਕਰ
ਰਿਹਾ ਸਾਂ, ਜਿਸ ਵਿੱਚ ਮੈਂ ਆਖਿਆ, ਚਿੱਕੜ ਨੂੰ ਬਾਹਰ ਬੈਠ ਕੇ ਸਾਫ ਨਹੀਂ ਕੀਤਾ ਜਾ ਸਕਦਾ, ਉਸ ਦੇ
ਵਿੱਚ ਵੜਨਾ ਪੈਂਦਾ ਹੈ। ਜਦੋਂ ਮੈਂ ਬਾਹਰ ਨਿਕਲਿਆ, ਇੱਕ ਸੱਜਣ ਮਿਲੇ, ਕਹਿਣ ਲੱਗੇ, ਤੁਹਾਡੇ ਵਿਚਾਰ
ਬਹੁਤ ਚੰਗੇ ਹਨ, ਪਰ ਖਿਆਲ ਰਖਣਾ, ਚਿੱਕੜ ਵਿੱਚ ਵੜ ਕੇ ਉਸ ਨੂੰ ਸਾਫ ਕਰ ਲਈਦਾ ਹੈ ਪਰ ਜੇ ਦਲਦਲ
ਵਿੱਚ ਫਸ ਜਾਈਏ ਉਸ ਵਿੱਚ ਡੁੱਬ ਜਾਈਦਾ ਹੈ। ਕਿਤੇ ਚਿਕੜ ਸਮਝ ਕੇ ਨਾ ਵੜ ਜਾਣਾ, ਇਹ ਦਲਦਲ ਹੈ।
ਮੈਨੂੰ ਤਾਂ ਇਹ ਗਲ ਸਮਝ ਲਗ ਗਈ ਪਰ ਹੋਰ ਪਤਾਂ ਨਹੀਂ ਕਿਤਨੇ ਵੀਰਾਂ ਨੂੰ ਮੈਂ ਜਾਣਦਾ ਹਾਂ,
ਜਿਨ੍ਹਾਂ ਕੋਲੋਂ ਬੜੀਆਂ ਆਸਾਂ ਸਨ,
ਪਰ ਆਪ ਉਨ੍ਹਾਂ ਨੂੰ ਇਸ ਦਲਦਲ ਵਿੱਚ
ਡੁਬਦੇ ਵੇਖਿਆ ਹੈ। ਅਜ ਉਨ੍ਹਾਂ ਦਾ ਉਹੋ ਹਾਲ ਹੈ
ਜੋ ਬਾਕੀਆਂ ਦਾ। ਉਂਜ ਉਨ੍ਹਾਂ ਕੋਲ ਦੇਣ ਲਈ ਬੜੀਆਂ ਸਪਸ਼ਟਤਾਵਾਂ ਹਨ। ਹਾਂ ਉਹ ਖੁਸ਼ ਬਹੁਤ ਹਨ ਕਿ
ਵੱਡੇ ਲੀਡਰ ਬਣ ਗਏ ਹਨ।
ਇੱਕ ਵਚਨਬੱਧ ਅਗਵਾਈ ਵਿਚ, ਗੁਰਮਤਿ ਸਿਧਾਂਤਾਂ, ਪੰਥਕ ਮਰਿਯਾਦਾ ਅਤੇ
ਪੂਰਨ ਪੰਥਕ ਹਿਤਾਂ ਨੂੰ ਪਰਨਾਈ ਹੋਈ, ਕਿਸੇ ਧੜੇਬੰਦੀ ਤੋਂ ਨਿਰਲੇਪ, ਪੰਥ ਦੀ ਆਜ਼ਾਦ ਹਸਤੀ ਦੀ
ਪ੍ਰਤੀਕ, ਇੱਕ ਨਵੀਂ ਜਥੇਬੰਦੀ ਦੀ ਸਥਾਪਨਾ ਅਜ ਸਿੱਖ ਕੌਮ ਦੀ ਵੱਡੀ ਲੋੜ ਹੈ। ਜਿਸ ਨੂੰ ਕੇਵਲ
ਸਿੱਖ ਨੌਜਵਾਨੀ ਹੀ ਪੂਰਾ ਕਰ ਸਕਦੀ ਹੈ।
ਕਈ ਵੀਰ ਆਖਣਗੇ, ਇਸ ਦੇ ਵਿੱਚ ਕੇਵਲ ਨੌਜਵਾਨੀ ਵਾਲੀ ਕਿਹੜੀ ਗਲ ਹੈ? ਇਹ
ਤਾਂ ਹਰ ਸਿੱਖ ਦਾ ਮਸਲਾ ਹੈ। ਜਿਹੜੇ ਆਪਣੀਆਂ ਉਮਰਾਂ ਹੰਡਾਈ ਬੈਠੇ ਨੇ, ਜਿਨ੍ਹਾਂ ਦੇ ਹਿਰਦੇ ਕਠੋਰ
ਹੋ ਚੁਕੇ ਨੇ, ਧਾਰਨਾਵਾਂ ਪਕੀਆਂ ਹੋ ਚੁਕੀਆਂ ਨੇ, ਜਿਨ੍ਹਾਂ ਦੇ ਜਜ਼ਬੇ ਉਨ੍ਹਾਂ ਦੇ ਹੱਡਾਂ ਵਾਂਗ
ਜਾਮ ਹੋ ਚੁਕੇ ਨੇ, ਉਨ੍ਹਾਂ ਕੀ ਇਨਕਲਾਬ ਲਿਆਉਣਾ ਹੈ? ਇਨਕਲਾਬ ਕੌਮਾਂ ਦੀਆਂ ਨੌਜਵਾਨੀਆਂ ਹੀ
ਲਿਆਇਆ ਕਰਦੀਆਂ ਨੇ, ਹਾਂ ਸਲਾਹ ਸੂਝਵਾਨਾਂ ਦੀ ਜਰੂਰ ਲਈ ਜਾਣੀ ਚਾਹੀਦੀ ਹੈ। ਬਿਲਕੁਲ ਆਪ ਮੁਹਾਰੇ
ਹੋਣਾ ਵੀ ਖਤਰਨਾਕ ਹੋ ਸਕਦਾ ਹੈ। ਮੇਰਾ ਪੂਰਾ ਵਿਸ਼ਵਾਸ ਹੈ ਕਿ ਸਿੱਖ ਨੌਜਵਾਨੀ ਐਸਾ ਕਰਨ ਦੇ ਸਮਰੱਥ
ਹੈ। ਮੇਰੇ ਇਸ ਵਿਸ਼ਵਾਸ ਦਾ ਅਧਾਰ ਇੱਕ ਆਖਰੀ ਗਲ ਸਾਂਝੀ ਕਰਕੇ ਇਸ ਲੇਖ ਨੂੰ ਖਤਮ ਕਰਨਾ
ਚਾਹੁੰਦਾ ਹਾਂ।
ਇਹ ਗਲ ਕੋਈ ਕਹਾਣੀ ਨਹੀਂ। ਇਹ ਸਾਡੇ ਬਜ਼ੁਰਗਾਂ ਦੇ ਸਾਹਮਣੇ ਵਾਪਰਿਆ, ਕੰਨੀਂ
ਸੁਿਣਆ ਅਤੇ ਅਖੀਂ ਡਿੱਠਾ ਵਾਕਿਆ ਹੈ। ਅੰਗਰੇਜ਼ਾਂ ਦੇ ਰਾਜ ਸਮੇਂ ਪਹਿਲੇ ਪਹਿਲੇ ਫੌਜ ਵਿੱਚ ਸਾਰੇ
ਕਮੀਸ਼ਨਡ ਅਫਸਰ ( Commissioned Officer)
ਕੇਵਲ ਅੰਗਰੇਜ਼ ਹੋਇਆ ਕਰਦੇ ਸਨ। ਭਾਰਤੀਆਂ ਨੂੰ ਕੇਵਲ ਸੂਬੇਦਾਰ ਤੱਕ ਲਾਇਆ ਜਾਂਦਾ ਸੀ। ਉਸ ਨੂੰ
ਸੂਬੇਦਾਰ ਸਾਹਿਬ ਕਿਹਾ ਜਾਂਦਾ ਸੀ। ਐਸੇ ਹੀ ਇੱਕ ਫੌਜੀ ਯੂਨਿਟ ਵਿੱਚ ਅਰਾਮ ਦਾ ਟਾਇਮ ਸੀ। ਇੱਕ
ਅੰਗਰੇਜ਼ ਅਫਸਰ ਆਪਣੇ ਖੇਮੇ ਚੋਂ ਬਾਹਰ ਆਇਆ, ਸਾਹਮਣੇ ਇੱਕ ਸਿੱਖ ਸਿਪਾਹੀ ਆਪਣਾ ਨਿਜੀ ਕੰਮ ਕਰ ਰਿਹਾ
ਸੀ। ਅੰਗਰੇਜ਼ ਅਫਸਰ ਨੇ ਉਸ ਸਿੱਖ ਸਿਪਾਹੀ ਨੂੰ ਆਵਾਜ਼ ਮਾਰੀ, ਸਰਦਾਰ ਸਾਹਿਬ ਇਧਰ ਆਣਾ। ਇਹ ਅਵਾਜ਼
ਯੂਨਿਟ ਦੇ ਸੂਬੇਦਾਰ, ਜੋ ਇੱਕ ਮੱਧ ਪੂਰਬੀ ਸੀ, ਨੇ ਵੀ ਸੁਣੀ। ਉਸ ਸੋਚਿਆ, ਸਰਦਾਰ ਸਾਹਿਬ ਕਿਹਾ
ਹੈ, ਅਵਾਜ਼ ਜ਼ਰੂਰ ਮੈਨੂੰ ਮਾਰੀ ਹੋਵੇਗੀ। ਦੋਵੇਂ ਅਫਸਰ ਵਲ ਦੌੜ ਪਏ ਅਤੇ ਜਾਕੇ ਸਲੂਟ ਮਾਰੀ। ਅਫਸਰ
ਨੇ ਸਿੱਖ ਸਿਪਾਹੀ ਨਾਲ ਗਲ ਕਰਨੀ ਸ਼ੁਰੂ ਕਰ ਦਿੱਤੀ। ਪੂਰਬੀਏ ਸੂਬੇਦਾਰ ਨੇ ਅਪਮਾਨਤ ਮਹਿਸੂਸ ਕੀਤਾ
ਅਤੇ ਕਿਹਾ, ਸਾਬ ਸਰਦਾਰ ਹਮ ਹੈਂ। ਭਾਵ ਇਸ ਯੂਨਿਟ ਦਾ ਸੂਬੇਦਾਰ ਮੈਂ ਹਾਂ ਅਤੇ ਸਰਦਾਰ ਸਾਹਿਬ
ਅਖਵਾਉਣ ਦਾ ਹੱਕ ਮੈਂਨੂੰ ਹੈ। ਅਗੋਂ ਅੰਗਰੇਜ਼ ਅਫਸਰ ਨੇ ਕਿਹਾ, ਓਏ ਤੁਮਕੋ ਸਰਦਾਰ ਹਮ ਨੇ ਬਣਾਇਆ
ਹੈ, ਹਮ ਜਬ ਚਾਹੇਂ ਤੁਮਾਰੀ ਸਰਦਾਰੀ ਛੀਨ ਸਕਤੇ ਹੈਂ, ਇਸਕੋ ਸਰਦਾਰ ਖੁਦਾ ਨੇ ਬਣਾਇਆ ਹੈ, ਇਸ ਕੀ
ਸਰਦਾਰੀ ਕੋਈ ਨਹੀਂ ਛੀਨ ਸਕਤਾ।
ਇਹੀ ਮੇਰਾ ਵਿਸ਼ਵਾਸ ਹੈ ਸਾਡੀ ਸਰਦਾਰੀ ਕੋਈ ਨਹੀਂ ਖੋਹ ਸਕਦਾ ਪਰ ਜੇ ਆਪ ਰੋਲ
ਦਿੱਤੀ ਤਾਂ ਬਚਾ ਕੋਈ ਨਹੀਂ ਸਕਦਾ। ਇਸ ਪੱਕੇ ਵਿਸ਼ਵਾਸ ਨਾਲ ਲੇਖ ਖਤਮ ਕਰਦਾ ਹਾਂ ਕਿ ਸਿੱਖ ਨੌਜਵਾਨੀ
ਜ਼ਰੂਰ ਆਪਣਾ ਫਰਜ਼ ਪਹਿਚਾਨੇਗੀ, ਇੱਕ ਨਵਾਂ ਇਨਕਲਾਬ ਆਵੇਗਾ ਅਤੇ "ਬੇਗਮਪੁਰਾ ਸਹਿਰ ਕੋ ਨਾਉ" ਅਤੇ
"ਹਲੇਮੀ ਰਾਜ" ਦਾ ਸੰਕਲਪ ਸਾਕਾਰ ਹੋਵੇਗਾ।
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
|
. |