. |
|
ਕੀ ਸਿੱਖ ਹਿੰਦੂ ਹਨ? ਅਤੇ ਲਵ ਕੁਛ ਦੀ ਔਲਾਦ ਹਨ?
(ਅਵਤਾਰ ਸਿੰਘ ਮਿਸ਼ਨਰੀ-510-432-5827)
ਇਹ ਲੇਖ ਸ੍ਰ. ਅਮਨਜੀਤ ਸਿੰਘ ਗਿੱਲ ਦੀ ਬੇਨਤੀ ਕਰਨ ਤੇ ਲਿਖਿਆ ਹੈ ਜਿਨ੍ਹਾਂ
ਨੇ 09-07-08 ਨੂੰ ਸਿੱਖ ਮਾਰਗ ਰਾਹੀਂ ਇਸ ਵਿਸ਼ੇ ਤੇ ਹੋਰ ਖੁੱਲੀ੍ਹ ਜਾਣਕਾਰੀ ਲੈਣ ਲਈ ਕਿਹਾ ਸੀ।
ਸੋ ਪਾਠਕ ਜਨੋ! ਪਹਿਲਾਂ ਤਾਂ
ਇਹ ਪੱਕੀ ਗੱਲ ਹੈ ਕਿ ਨਾ ਹੀ ਸਿੱਖ ਹਿੰਦੂ ਹਨ ਅਤੇ ਨਾਂ ਹੀ ਲਵ ਕੁਛ ਦੀ ਔਲਾਦ ਹਨ।
ਸਿੱਖ ਕੌਮ ਦੇ ਵਿਰੋਧੀ ਅਤੇ ਗੁਰਮਤਿ ਤੋਂ ਅਣਜਾਣ ਲੋਕ ਹੀ
ਸਿੱਖਾਂ ਨੂੰ ਹਿੰਦੂ ਕਹਿੰਦੇ ਤੇ ਲਿਖਦੇ ਹਨ ਜਦ ਕਿ ਗੁਰ ਫੁਰਮਾਨ ਹੈ ਕਿ
"ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਾਹ
ਰਾਮ ਕੇ ਪਿੰਡ ਪਰਾਨ॥ (ਗੁਰੂ ਗ੍ਰੰਥ-1136) ਆਓ
ਆਪਾਂ ਹੁਣ ਹਿੰਦੂ ਅਤੇ ਸਿੱਖ ਸ਼ਬਦਾਂ ਬਾਰੇ ਹੋਰ ਜਾਨਣ ਦੀ ਕੋਸ਼ਿਸ਼ ਕਰੀਏ।
ਹਿੰਦੂ-ਸੰਸਕ੍ਰਿਤ ਦਾ ਲਫਜ਼ ਹੈ ਅਤੇ ਅਰਥ ਹਨ ਸਿੰਧੂ ਭਾਵ ਸਿੰਧ ਨਦੀ ਦੇ ਆਸ
ਪਾਸ ਦਾ ਰਹਿਣ ਵਾਲਾ। ਮਹਾਂਨ
ਕੋਸ਼ ਲਿਖਦਾ ਹੈ ਕਿ ਉਹ ਪ੍ਰਾਚੀਨ ਲੋਕ ਜੋ ਆਰੀਆ
ਕਹਾਉਂਦੇ ਸੇ ਵਿਦੇਸ਼ੀਆਂ ਨੇ ਇੰਨ੍ਹਾਂ ਨੂੰ ਹਿੰਦੂ ਲਿਖਿਆ ਹੈ ਅਤੇ ਹੁਣ ਸਾਰੇ ਭਾਰਤ ਵਾਸੀਆਂ ਲਈ ਇਹ
ਸ਼ਬਦ ਵਰਤਿਆ ਜਾ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭ੍ਹਾ ਇਸ ਬਾਰੇ ਹੋਰ ਲਿਖਦੇ ਹਨ
"ਹਿੰਦੂ ਵੈਦਿਕ ਧਰਮ ਧਾਰਨ ਵਾਲਾ"
ਹੈ। ਅਤੇ ਆਪ ਜੀ ਕਹਿੰਦੇ ਹਨ ਕਿ ਹਿੰਦੂ ਸ਼ਬਦ ਦੀ
ਨਿਰਦੋਸ਼ ਵਿਆਖਿਆ ਅੱਜ ਤੱਕ ਕੋਈ ਨਹੀਂ ਕਰ ਸਕਿਆ ਇਸ ਲਈ ਸਾਡੀ ਸਮਰੱਥਾ ਤੋਂ ਵੀ ਬਾਹਰ ਹੈ ਪਰ ਵਿਸ਼ੇਸ਼
ਕਰਕੇ ਹਿੰਦੂ ਦਾ ਲਛਣ ਇਹ ਮੰਨਿਆਂ ਗਿਆ ਹੈ ਜੋ ਚਾਰ ਵਰਣ ਦੀ ਮਰਯਾਦਾ, ਵੇਦਾਂ ਨੂੰ ਧਰਮ ਪੁਸਤਕਾਂ
ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ। ਨੋਟ ਕਿਤਨਿਆਂ ਨੇ ਜੈਨੀਆਂ ਨੂੰ ਆਪਣੇ ਅੰਦਰ
ਰੱਖਣ ਲਈ ਕਰਮਾਂ ਦੇ ਮੰਨਣਵਾਲਾ ਅਤੇ ਮੁਰਦੇ ਜਲਾਉਣ ਵਾਲਾ ਆਦਿਕ ਵੀ ਹਿੰਦੂ ਦੇ ਲਛਣ ਲਿਖੇ ਹਨ।
ਅਰਬੀ ਫਾਰਸੀ ਦੇ ਕਵੀਆਂ ਨੇ ਚੋਰ ਗੁਲਾਂਮ ਅਤੇ ਕਾਲੇ ਲਈ ਵੀ ਹਿੰਦੂ ਸ਼ਬਦ ਵਰਤਿਆ ਹੈ, ਇਸੇ ਲਈ
ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ।
ਭਾਈ ਵੀਰ ਸਿੰਘ ਦੇ ਲਿਖੇ
ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼
ਅਨੁਸਾਰ-ਸਿੰਧੂ ਲਫਜ਼ ਦਾ ਪੱਛਮੀ ਲੋਕਾਂ ਨੇ ਹਿੰਦੂ ਬਣਾਇਆ, ਉਨ੍ਹਾਂ ਦੇ ਦੇਸ਼ ਤੋਂ ਦਰਿਆ ਸਿੰਧ ਦੇ
ਕਿਨਾਰੇ ਅਤੇ ਇਸ ਤੋਂ ਪਾਰ ਵੱਸਣ ਵਾਲੇ ਲੋਕ ਹਿੰਦੂ ਹਨ। ਹਿੰਦ ਦੇਸ਼ ਦੇ ਵਾਸੀ, ਉਹ ਲੋਕ ਜੋ
ਹਿੰਦੁਸਤਾਨ ਵਿੱਚ ਵਸਦੇ ਹਨ ਅਤੇ ਪੁਰਾਤਨ ਆਰੀਆ ਕੁਲ ਦੇ ਅਤੇ ਵੇਦ ਸ਼ਾਸਤ੍ਰ ਆਦਿਕ ਗ੍ਰੰਥਾਂ ਦੇ
ਪੈਰੋਕਾਰ ਹਨ, ਚਾਹੇ ਉਨ੍ਹਾਂ ਵਿੱਚ ਹੋਰ ਕੁਲਾਂ ਦੇ ਪਹਿਲੇ ਲੋਕ ਭੀ ਰਲ ਚੁੱਕੇ ਹਨ। ਪੱਛਮ ਵਲੋਂ ਜੋ
ਮੁਸਲਮਾਨ ਯਾ ਹੋਰ ਓਪਰੇ ਮੱਤਾਂ ਵਾਲੇ ਆਏ ਅਤੇ ਇੱਥੋਂ ਜੋ ਮੁਸਲਮਾਨ ਹੋ ਗਏ ਉਨ੍ਹਾਂ ਦੇ ਟਾਕਰੇ ਤੇ
ਹਿੰਦੂ ਹਨ ਜੋ ਇੱਥੋਂ ਦੇ ਰਹਿਣ ਵਾਲੇ ਸਨ। ਇਸ ਤੇ ਟਿਪਣੀ ਕਰਦੇ ਹਨ ਕਿ ਹਿੰਦੂ ਪਦ ਦੀ ਵਿਆਖਿਆ
ਹਿੰਦੂ ਆਪ ਨਹੀਂ ਕਰ ਸਕਦੇ। ਅਮਰੀਕਾ ਵਿੱਚ
ਹਿੰਦੂ
ਹਿੰਦਵਾਸੀ ਨੂੰ ਕਹਿੰਦੇ ਹਨ। ਪੱਛਮੀ ਫਾਰਸੀ ਲੋਕ ਭੀ ਹਿੰਦਵਾਸੀ ਅਰਥ ਵਿੱਚ ਵਰਤਦੇ ਰਹੇ ਹਨ। ਫਾਰਸੀ
ਲੁਗਾਤਾਂ ਵਿੱਚ ਹਿੰਦੂ ਪਦ ਦੇ ਅਰਥ ਗੁਲਾਮ, ਕਾਲਾ ਅਤੇ ਚੋਰ ਭੀ ਹਨ।
ਸਿੱਖ-ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 1. ਸੰਸਕ੍ਰਿਤ ਵਿੱਚ ਸਿੱਖ ਨੂੰ
ਸ਼ਿਸ਼, ਚੇਲਾ ਅਤੇ ਸ਼ਗਿਰਦ ਆਖਦੇ ਹਨ 2. ਗੁਰੂ ਨਾਨਕ ਜੀ ਦਾ ਅਨੁਗਾਮੀ, ਜਿਸ ਨੇ ਸਤਿਗੁਰੂ ਨਾਨਕ ਦੇਵ
ਜੀ ਦਾ ਸਿੱਖ ਧਰਮ ਧਾਰਨ ਕੀਤਾ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ
ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ- ਗੁਰੁ
ਸਤਿਗੁਰ ਕਾ ਜੋ ਸਿੱਖ ਅਖਾਏ.. ॥ (305) ਅਤੇ
ਆਪ ਛਡਿ ਸਦਾ ਰਹੈ ਪਰਣੈ ਗੁਰ
ਬਿਨ ਅਵਰੁ ਨ ਜਾਣੈ ਕੋਇ॥ ਕਹੈ ਨਾਨਕ ਸੁਣਹੁ ਸੰਤਹੁ ਸੋ ਸਿੱਖ ਸਨਮੁਖ ਹੋਇ॥ (920)
ਸਿੱਖ ਦਾ ਅਰਥ ਸਿਖਿਆ ਉਪਦੇਸ਼ ਅਤੇ ਸਿੱਖਣਵਾਲਾ ਵੀ ਹੈ।
ਭਾਈ ਵੀਰ ਸਿੰਘ ਅਨੁਸਾਰ-1 ਜੋ ਹੁਕਮ ਮੰਨੇ, ਚੇਲਾ, ਸ਼ਗਿਰਦ, ਸਿੱਖਣ ਵਾਲਾ 2
ਉਪਦੇਸ਼, ਸਿੱਖਿਆ ਮੱਤ 3 ਇੱਕ ਸੰਪ੍ਰਦਾ, ਮਜ਼ਹਬ ਯਾ ਧਰਮ ਜੋ ਗੁਰੂ ਨਾਨਕ ਦੇਵ ਜੀ ਤੋਂ ਚਲਿਆ, ਜਿਸ
ਦੇ 10 ਅਵਤਾਰ ਆਗੂ ਗੁਰੂ ਪਦ ਨਾਲ ਯਾਦ ਕੀਤੇ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ
ਧਰਮ ਪੁਸਤਕ ਹੈ ਅਤੇ ਧਰਮ ਅਵਿਲੰਬੀ ਸਿੱਖ ਕਹਿਲਾਂਦੇ ਹਨ। ਸਿੱਖ ਧਰਮ ਦਾ ਪੈਰੋਕਾਰ ਸਿੱਖ ਹੈ।
ਸਿੱਖ ਰਹਿਤ ਮਰਯਾਦਾ ਅਨੁਸਾਰ-ਜੋ ਇਸਤਰੀ ਜਾਂ ਪੁਰਖ, ਦਸ ਗੁਰੂ ਸਾਹਿਬਾਨ
(ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ
ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ
ਨਿਸਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
ਅਸਲ ਵਿੱਚ ਸਿੱਖ ਸਿਖਿਆਰਥੀ ਹੈ ਜੋ ਸਦਾ ਹੀ ਗੁਰੂ ਤੋਂ ਸਿੱਖਦਾ ਰਹਿੰਦਾ
ਹੈ। ਸਿੱਖ ਦੀ ਡੈਫੀਨੇਸ਼ਨ ਬਾਰੇ ਭੰਬਲਭੂਸਾ ਇੱਕ ਤਾਂ ਆਰੀਆ ਸਮਾਜੀਆਂ ਦਾ ਪਾਇਆ ਹੋਇਆ ਹੈ, ਦੂਸਰਾ
ਗੁਰੂ ਨਾਨਕ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਫਰਕ ਸਮਝਣ ਵਾਲਿਆਂ ਦਾ ਅਤੇ ਤੀਜਾ ਅਖੌਤੀ
ਸੰਪ੍ਰਦਾਈ ਭੇਖੀ ਸਾਧਾਂ ਅਤੇ ਅਖੌਤੀ ਵਿਦਵਾਨਾਂ ਦਾ ਜੋ ਖਾਹ ਮਖਾਹ ਅਖੌਤੀ ਦਸਮ ਗ੍ਰੰਥ ਨੂੰ ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਅਖੌਤੀ
ਦਸਮ ਗ੍ਰੰਥ ਵਿੱਚ ਹੀ ਸਿੱਖਾਂ ਨੂੰ ਲਵ ਕੁਛ ਦੀ ਉਲਾਦ ਦੱਸਿਆ ਗਿਆ ਹੈ ਜਦ ਕਿ ਗੁਰੂ ਨਾਨਕ ਦਾ
ਸਿਧਾਂਤ ਹੈ "ਨਾ ਹਮ ਹਿੰਦੂ
ਨਾਂ ਮੁਸਲਮਾਨ" (ਗੁਰੂ
ਗ੍ਰੰਥ) ਕਬੀਰ ਜੀ ਵੀ ਕਹਿੰਦੇ ਹਨ ਕਿ
"ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ
ਚਲੇ ਹਮ ਕਛੂ ਨਾ ਲੀਆ॥
(1159)
ਅਤੇ ਭਗਤ ਨਾਮਦੇਵ ਬੜੇ ਵਿਅੰਗ ਨਾਲ ਫੁਰਮਾਂਦੇ ਹਨ ਕਿ
"ਹਿੰਦੂ ਪੂਜੇ ਦੇਹੁਰਾ
ਮੁਸਲਮਾਨ ਮਸੀਤ॥ਨਾਮੇ ਸੋਈ ਸੇਵਿਆ ਜਿਹ ਦੇਹੁਰਾ ਨਾ ਮਸੀਤ॥
(875)
ਜੇ ਹਿੰਦੂਆਂ ਤੋਂ ਕਨਵਰਟ ਹੋਏ ਈਸਾਈ, ਮੁਸਲਮ ਅਤੇ ਹੋਰ,
ਹਿੰਦੂ ਨਹੀਂ ਹਨ ਤਾਂ ਗੁਰੂ ਨਾਨਕ ਦੇ ਸਿੱਖ ਕਿਵੇਂ ਹਿੰਦੂ ਹੋ ਸਕਦੇ ਹਨ?
ਹਰੇਕ ਧਰਮ ਦਾ ਆਪੋ ਆਪਣਾ ਰਹਿਬਰ ਅਤੇ ਗ੍ਰੰਥ ਹੁੰਦਾ ਹੈ ਜਿਵੇਂ ਯਹੂਦੀਆਂ
ਦਾ ਮੂਸਾ ਅਤੇ ਗ੍ਰੰਥ ਤੌਰੇਤ, ਈਸਾਈਆਂ ਦਾ ਈਸਾ ਅਤੇ ਗ੍ਰੰਥ ਬਾਈਬਲ, ਮੁਸਲਮਾਨਾਂ ਦਾ ਮੁਹੰਮਦ ਅਤੇ
ਗ੍ਰੰਥ ਕੁਰਾਨ ਆਦਿਕ ਅਤੇ ਇਵੇਂ ਹੀ ਸਿੱਖਾਂ ਦਾ ਰਹਿਬਰ ਗੁਰੂ ਨਾਨਕ ਅਤੇ ਗ੍ਰੰਥ-ਗੁਰੂ ਗ੍ਰੰਥ
ਸਾਹਿਬ। ਧਰਮ ਅਸਥਾਨ ਵੀ ਵੱਖਰੇ ਵੱਖਰੇ ਹਨ ਜਿਵੇਂ ਈਸਾਈਆਂ ਦਾ ਚਰਚ, ਮੁਸਲਮਾਨਾਂ ਦੀ ਮਸਜਿਦ,
ਹਿੰਦੂਆਂ ਦਾ ਮੰਦਿਰ, ਬੋਧੀਆਂ ਦੇ ਮੱਠ ਅਤੇ ਸਿੱਖਾਂ ਦੇ ਗੁਰਦੁਆਰੇ ਆਦਿਕ। ਕੇਂਦਰੀ ਅਸਥਾਨ
ਹਿੰਦੂਆਂ ਦੀ ਕਾਂਸ਼ੀ, ਮੁਸਲਮਾਨਾਂ ਦਾ ਮੱਕਾ, ਯਹੂਦੀਆਂ ਦਾ ਯੂਰੋਸ਼ਲਮ ਅਤੇ ਸਿੱਖਾਂ ਦਾ ਦਰਬਾਰ ਸਹਿਬ
ਅੰਮ੍ਰਿਤਸਰ।
ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਮੁਸਲਮਾਨ ਸੁਨਤ ਕਰਦਾ, ਲਵਾਂ ਕਟਦਾ ਅਤੇ
ਕਲਮਾਂ ਪੜ੍ਹਦਾ ਹੈ। ਈਸਾਈ ਬਪਤਸਮਾਂ ਲੈਂਦਾ ਅਤੇ ਗੱਲ ਵਿੱਚ ਕਰਾਸ ਲਟਕਾਉਂਦਾ ਹੈ। ਜੈਨੀ ਸਿਰ ਦੇ
ਵਾਲ ਪਟਾਉਂਦਾ ਅਤੇ ਮੂੰਹ ਤੇ ਪੱਟੀ ਬੰਨਦਾ ਹੈ। ਹਿੰਦੂ ਜਨੇਊ ਪਹਿੰਨਦਾ, ਧੋਤੀ ਬੰਨ੍ਹਦਾ ਅਤੇ ਮੱਥੇ
ਤੇ ਤਿਲਕ ਲਾਉਂਦਾ ਹੈ। ਹਿੰਦੂ ਗਾਇਤ੍ਰੀ ਮੰਤ੍ਰ, ਮੁਸਲਮ ਕਲਮਾ ਪੜ੍ਹਦਾ ਹੈ ਇਵੇਂ ਹੀ ਸਿੱਖ ਖੰਡੇ
ਦੀ ਪਾਹੁਲ ਲੈਂਦਾ, ਪੰਜ ਕਕਾਰ ਪਹਿਨਦਾ, ਮੂਲ ਮੰਤ੍ਰ ਭਾਵ ਜਪੁਜੀ ਸਾਹਿਬ ਅਤੇ ਗੁਰਬਾਣੀ ਦਾ ਪਾਠ
ਕਰਦਾ ਤੇ ਵਿਚਾਰਦਾ ਹੈ। ਹਿੰਦੂ ਬੋਦੀ ਰੱਖਦਾ ਅਤੇ ਵਾਲ ਕਟਦਾ ਹੈ ਪਰ ਸਿੱਖ ਦਸਤਾਰ ਸਜਾਉਂਦਾ ਅਤੇ
ਵਾਲ ਨਹੀਂ ਕਟਦਾ। ਸਿੱਖ ਕੜਾਹ ਪ੍ਰਸ਼ਾਦ ਵਰਤਾਉਂਦਾ ਅਤੇ ਹਿੰਦੂ ਹਲੂਆ ਚੂਰਮਾਂ ਆਦਿਕ ਵੰਡਦਾ ਹੈ।
ਹਿੰਦੂ ਭੋਗ ਲਵਾਉਂਦਾ ਸਿੱਖ ਪ੍ਰਵਾਣ ਹੋਣ ਦੀ ਅਰਦਾਸ ਕਰਦਾ ਹੈ।
(ਪਰ ਅੱਜ ਸਿੱਖਾਂ ਵਿੱਚ ਵੀ ਸੰਪ੍ਰਦਾਈ
ਡੇਰੇਦਾਰ ਸਾਧ ਸੰਤ ਅਤੇ ਓਥੋਂ ਪੜ੍ਹੇ ਗਿਆਨੀ ਹਿੰਦੂਆਂ ਦੀ ਨਕਲ ਕਰਦੇ ਲੰਗਰ ਅਤੇ ਕੜਾਹ ਪ੍ਰਸ਼ਾਦ
ਨੂੰ ਭੋਗ ਲਵਾ ਰਹੇ ਹਨ)
ਹਿੰਦੂ 33 ਕਰੋੜ ਦੇਵੀ ਦੇਵਤੇ ਮੰਨਦਾ ਅਤੇ ਮੂਰਤੀ ਪੂਜਕ ਹੈ, ਸਿੱਖ ਕਿਸੇ
ਵੀ ਕਲਪਿਤ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਅਤੇ ਇੱਕ ਅਕਾਲ ਦਾ ਪੁਜਾਰੀ ਹੈ। ਹਿੰਦੂਆਂ ਦੇ 68 ਤੀਰਥ
ਮੰਨੇ ਗਏ ਹਨ ਜਿੱਥੇ ਸ਼ੂਦਰ ਨਹਾ ਨਹੀਂ ਸਕਦਾ ਪਰ ਸਿੱਖਾਂ ਦੇ ਸਰੋਵਰਾਂ ਵਿੱਚ ਹਰੇਕ ਮਾਈ ਭਾਈ ਇਸ਼ਨਾਨ
ਕਰ ਸਕਦਾ ਹੈ। ਹਿੰਦੂ ਜਾਤ ਪਾਤ ਅਤੇ ਚਾਰ ਵਰਣ ਬ੍ਰਹਮਣ, ਖਤਰੀ, ਸ਼ੂਦ ਅਤੇ ਵੈਸ਼ ਮੰਨਦਾ ਹੈ ਪਰ
ਸਿੱਖਾਂ ਵਿੱਚ ਕੋਈ ਜਾਤ ਪਾਤ ਅਤੇ ਨਾਂ ਚਾਰ ਵਰਨ ਹਨ। ਹਿੰਦੂ ਵੇਦੀ ਬਾਲ ਕੇ ਸੱਤ ਲਾਵਾਂ ਲੈ ਕੇ
ਵਿਆਹ ਦੀ ਰਸਮ ਕਰਦਾ ਹੈ ਪਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾਂ ਲੈਂਦਾ, ਚਾਰ ਲਾਵਾਂ
ਦਾ ਪਾਠ ਸੁਣਦਾ ਅਨੰਦ ਕਾਰਜ ਕਰਾਉਂਦਾ ਹੈ। ਹਿੰਦੂ ਮ੍ਰਿਤਕ ਸਰੀਰ ਨੂੰ ਮੰਜੇ ਤੋਂ ਲਾਹ ਦਿੰਦਾ ਹੈ
ਪਰ ਸਿੱਖ ਐਸਾ ਨਹੀਂ ਕਰਦਾ। ਹਿੰਦੂ ਮੁਰਦੇ ਦੀਆਂ ਹੱਡੀਆਂ ਹਰਦੁਆਰ ਪਾ ਕੇ ਗਤੀ ਸਮਝਦਾ ਹੈ ਪਰ ਸਿੱਖ
ਜਲ ਪ੍ਰਵਾਹ ਕਰਕੇ ਜਾਂ ਧਰਤੀ ਵਿਖੇ ਦੱਬ ਕੇ ਰੱਬ ਦਾ ਭਾਣਾ ਮੰਨਦਾ ਹੈ। ਹਿੰਦੂ ਮ੍ਰਿਤਕ ਪ੍ਰਾਣੀ ਦੀ
ਕਲਿਆਣ ਲਈ ਗਰੜ ਪੁਰਾਣ ਦੀ ਕਥਾ ਬ੍ਰਾਹਮਣ ਕੋਲੋਂ ਕਰਾਉਂਦਾ ਹੈ। ਸਿੱਖ ਰੱਬੀ ਭਾਣਾ ਮੰਨਦਾ ਹੋਇਆ
ਗੁਰਬਾਣੀ ਦਾ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਹਿੰਦੂ ਸਾਰੀਆਂ ਰਸਮਾਂ ਅਤੇ ਕਰਮਕਾਂਡ
ਬ੍ਰਾਹਮਣ ਰਾਹੀਂ ਕਰਦਾ ਹੈ ਪਰ ਸਿੱਖ ਕਿਸੇ ਪੁਜਾਰੀ ਦੇ ਅੰਡਰ ਨਹੀਂ ਆਪਸ ਵਿੱਚ ਰਲ ਮਿਲ ਕੇ ਸੰਗਤੀ
ਰੂਪ ਵਿੱਚ ਕਾਰਜ ਕਰ ਲੈਦਾ ਹੈ।
(ਨੋਟ-ਅੱਜ ਗੁਰਬਾਣੀ ਸਿਧਾਂਤ ਤੋਂ
ਅਣਜਾਣ ਸਿੱਖ ਵੀ ਸਾਧਾਂ ਸੰਤਾਂ ਰੂਪੀ ਪੁਜਾਰੀਆਂ ਰਾਹੀਂ ਕਰਵਾ ਰਿਹਾ ਹੈ)
ਤਿਉਹਾਰ ਵੀ ਸਭ ਦੇ ਵੱਖੋ ਵੱਖਰੇ ਹਨ-ਹਿੰਦੂਆਂ ਦੀ ਦੀਵਾਲੀ, ਦਸ਼ਹਿਰਾ,
ਹੋਲੀ, ਰਾਮ ਨੌਮੀ, ਜਨਮ ਅਸ਼ਟਮੀ, ਮਸਿਆ, ਪੁੰਨਿਆਂ ਅਤੇ ਸੰਗ੍ਰਾਂਦ ਆਦਿਕ ਹਨ। ਸਿੱਖਾਂ ਵਿੱਚ
ਗੁਰੂਆਂ ਭਗਤਾਂ ਦੇ ਗੁਰ ਪੁਰਬ, ਸ਼ਹੀਦੀ ਦਿਹਾੜੇ, ਮੀਰੀ ਪੀਰੀ ਦਿਵਸ, ਖੰਡੇ ਦੀ ਪਾਹੁਲ ਵੈਸਾਖੀ ਅਤੇ
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਗੁਰਤਾ ਗੱਦੀ ਦਿਵਸ ਆਦਿਕ ਤਿਉਹਾਰ ਹਨ। ਹਿੰਦੂਆਂ ਦਾ
ਬਿਕ੍ਰਮੀ ਸੰਮਤ ਅਤੇ ਸਿੱਖਾਂ ਦਾ ਨਾਨਕਸ਼ਾਹੀ ਸੰਮਤ ਹੈ।
ਸਿੱਖ ਗੁਰਧਾਮਾਂ ਤੇ ਨਿਸ਼ਾਨ ਸਾਹਿਬ ਝਲਾਉਂਦਾ ਅਤੇ ਹਿੰਦੂ ਝੰਡੀਆਂ ਬੰਨ੍ਹਦਾ
ਹੈ। ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਹਿੰਦੂਆਂ ਦੀਆਂ ਝੰਡੀਆਂ ਦਾ ਲਾਲ। ਆਪਸ ਵਿੱਚ
ਮਿਲਣ (ਮੁਲਾਕਾਤ) ਵੇਲੇ ਹਿੰਦੂ ਰਾਮ ਰਾਮ ਅਤੇ ਨਮਸਤੇ ਆਦਿਕ, ਮੁਸਲਮ ਸਲਾਮ ਅਤੇ ਸਿੱਖ ਫਤਿਹ ਜਾਂ
ਸਤਿ ਸ੍ਰੀ ਅਕਾਲ ਬੁਲਾਉਂਦੇ ਹਨ। ਸਿੱਖ ਆਪਣੇ ਨਾਂ ਨਾਲ ਸਿੰਘ ਅਤੇ ਕੌਰ ਸ਼ਬਦ ਵਰਤੇ ਹਨ ਹਿੰਦੂ ਰਾਮ,
ਵਰਮਾ, ਸ਼ਰਮਾ, ਦੇਵ, ਦਾਸ ਆਦਿਕ। ਹਿੰਦੂ ਵੈਸ਼ਨੂੰ ਹੁੰਦੇ ਹਨ ਪਰ ਸਿੱਖ ਨਹੀਂ ਕਿਉਂਕਿ ਸਿੱਖ ਸਿੰਘ
ਭੋਜਨ ਛਕਣ ਵਿੱਚ ਭਰਮ ਨਹੀਂ ਕਰਦੇ ਇਸ ਲਈ ਬਹਾਦਰ ਹਨ। ਹਿੰਦੂ ਗਾਂ ਨੂੰ ਮਾਂ ਮੰਨਦੇ ਹਨ ਪਰ ਸਿੱਖ
ਪ੍ਰਮਾਤਮਾਂ ਨੂੰ ਹੀ ਆਪਣਾਂ ਮਾਂ ਬਾਪ ਕਹਿੰਦੇ ਹਨ। ਉਪ੍ਰੋਕਤ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ
ਸਿੱਖ ਹਿੰਦੂ ਨਹੀਂ ਹਨ। ਬਾਕੀ ਇਹ ਹਿੰਦੂ, ਮੁਸਲਮ, ਸਿੱਖ, ਈਸਾਈ ਆਦਿਕ ਮਨੌਤਾਂ ਤਾਂ ਅਖੌਤੀ
ਧਾਰਮਿਕ ਲੋਕਾਂ ਦੀਆਂ ਮੰਨੀਆਂ ਹੋਈਆਂ ਹਨ। ਗੁਰੂ ਅਤੇ ਭਗਤ ਸਾਹਿਬਾਨ ਇਨ੍ਹਾਂ ਮਨੌਤਾਂ ਨਾਲ ਸਹਿਮਤ
ਨਹੀਂ ਹਨ। ਗੁਰੂ ਜੀ ਤਾਂ ਕਹਿੰਦੇ ਹਨ ਕਿ ਸਾਡਾ ਸਭ ਦਾ ਮਾਤਾ ਪਿਤਾ ਇੱਕ ਹੈ ਅਸੀਂ ਸਾਰੇ ਉਸਦੇ ਹੀ
ਬੱਚੇ ਬੱਚੀਆਂ ਹਾਂ "ਏਕੁ
ਪਿਤਾ ਏਕਸ ਕੇ ਹਮ ਬਾਰਿਕ... ॥ (611) ਤੂੰ ਸਾਝਾ ਸਾਹਿਬ ਬਾਪੁ ਹਮਾਰਾ॥ (97) ਤੁਮ ਮਾਤ ਪਿਤਾ ਹਮ
ਬਾਰਿਕ ਤੇਰੇ॥ (268) ਅਵਲਿ ਅਲਾਹ ਨੂਰ ਉਪਾਇਆ ਕੁਦਰਤਿ ਕੇ ਸਭਿ ਬੰਦੇ॥ ਏਕ ਨੂਰ ਤੇ ਸਭਿ ਜਗੁ
ਉਪਜਿਆ ਕਉਣ ਭਲੇ ਕੋ ਮੰਦੇ॥ (1149) ਨਾ ਹਮ ਹਿੰਦੂ ਨਾਂ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥
(1136) (ਇਹ ਸਾਰੇ ਪ੍ਰਮਾਣ ਗੁਰੂ ਗ੍ਰੰਥ ਚੋਂ
ਹਨ)
ਹਾਂ ਹਿੰਦੁਸਤਾਨ ਵਿੱਚ ਰਹਿੰਦਾ ਸਿੱਖ ਹਿੰਦੁਸਤਾਨੀ ਤਾਂ ਹੋ ਸਕਦਾ ਹੈ ਪਰ
ਹਿੰਦੂ ਨਹੀਂ। ਪਾਕਿਸਤਾਨ ਵਿੱਚ ਰਹਿਣ ਵਾਲਾ ਸਿੱਖ ਪਾਕਿਸਤਾਨੀ ਨਾ ਕਿ ਮੁਸਲਮਾਨ। ਅਮਰੀਕਾ ਵਿੱਚ
ਰਹਿਣ ਵਾਲਾ ਸਿੱਖ ਅਮਰੀਕਨ ਨਾ ਕਿ ਈਸਾਈ। ਬਾਕੀ ਸ੍ਰ. ਅਮਨਜੀਤ ਸਿੰਘ ਗਿੱਲ ਨੇ ਕਿਹਾ ਸੀ ਕਿ ਭਾਈ
ਕਾਨ੍ਹ ਸਿੰਘ ਨ੍ਹਾਭਾ ਦੀ ਲਿਖੀ ਪੁਸਤਕ
"ਹਮ ਹਿੰਦੂ ਨਹੀਂ"
ਤੋਂ ਇਲਾਵਾ ਦੱਸੋ ਕਿ ਸਿੱਖ ਹਿੰਦੂ ਕਿਉਂ ਨਹੀਂ? ਸੋ ਅਸੀਂ
ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਸ ਬੰਦੇ ਦੀ ਤਸੱਲੀ
"ਹਮ ਹਿੰਦੂ ਨਹੀਂ"
ਅਤੇ ਗੁਰੂ ਜੀ ਦੇ ਸ਼ਪੱਸਟ ਲਿਖੇ ਵਾਕ ਕਿ
"ਨਾ ਹਮ ਹਿੰਦੂ ਨਾ ਮੁਸਲਮਾਨ" (1136)
ਪੜ੍ਹ ਕੇ ਜਾਂ ਵਿਚਾਰ ਕੇ ਨਹੀਂ ਹੋਈ ਉਸ ਦੀ ਹੋਰ
ਲੇਖਾਂ ਤੋਂ ਕਿਵੇਂ ਹੋਵੇਗੀ? ਜਰਾ ਇਧਰ ਵੀ ਧਿਆਨ ਕਰੋ ਅੱਜ ਮੁੱਖ ਤੌਰ ਤੇ ਆਰੀਆ ਸਮਾਜੀ ਅਤੇ ਅਖੌਤੀ
ਦਸਮ ਗ੍ਰੰਥ ਦੇ ਪੁਜਾਰੀ ਟਕਸਾਲੀ ਸੰਪ੍ਰਦਾਈ ਡੇਰੇਦਾਰ ਸਿੱਖਾਂ ਨੂੰ ਮੱਲੋ ਮੱਲੀ ਹਿੰਦੂ ਦਰਸਾ ਰਹੇ
ਹਨ। ਇਸ ਵਿੱਚ ਸਭ ਤੋਂ ਵੱਧ ਯੋਗਦਾਨ ਅਖੌਤੀ ਦਸਮ ਗ੍ਰੰਥ ਦਾ ਹੀ ਹੈ ਜਿਸ ਵਿੱਚ ਸਿੱਖਾਂ ਨੂੰ
ਲਵ ਕੁਛ
ਦੀ ਔਲਾਦ ਕਿਹਾ ਗਿਆ ਹੈ-ਜਿਸਨੂੰ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ
ਦਾ ਸ਼ਰੀਕ ਬਣਾ ਕੇ, ਗੁਰੂ ਦੀ ਸ਼ਰੇਆਮ ਘੋਰ ਨਿਰਾਦਰੀ ਕਰ ਰਹੇ ਹਨ।
ਅਖੀਰ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਸਿੱਖਾਂ ਦੀ ਹਿੰਦੂਆਂ ਨਾਲ ਕੋਈ
ਨਫਰਤ ਨਹੀਂ, ਅਸੀਂ ਹਿੰਦੂ, ਮੁਸਲਮ, ਈਸਾਈ, ਮੁਸਾਈ, ਬੋਧੀ ਜੈਨੀ ਸਭ ਦਾ ਬਣਦਾ ਸਤਿਕਾਰ ਕਰਦੇ ਹਾਂ
ਪਰ ਸਾਡੀ ਆਪਣੀ ਨਿਆਰੀ ਹੋਂਦ ਹੈ, ਅਸੀਂ ਗੁਰੂ ਦੇ ਸਿੱਖ ਹਾਂ ਨਾਂ ਕਿ ਕਿਸੇ ਦੇਵੀ ਦੇਵਤੇ ਦੇ
ਪੁਜਾਰੀ ਹਿੰਦੂ। ਹਾਂ ਇਨਸਾਨੀਅਤ ਤੌਰ ਤੇ ਅਸੀਂ ਸਾਰੇ ਸੰਸਾਰੀ ਇੱਕ ਹਾਂ ਪਰ ਖੇਤਰੀ, ਧਰਮ ਅਤੇ
ਕੌਮੀਅਤ ਤੌਰ ਤੇ ਸਾਡੀ ਵੱਖਰੀ ਹੋਂਦ ਹੈ ਕਿ ਅਸੀਂ ਸਿੱਖ ਹਾਂ ਹਿੰਦੂ ਨਹੀਂ। ਅਸੀਂ ਸਭ ਨਾਲ ਪਿਆਰ
ਕਰਦੇ ਹਾਂ ਨਫਰਤ ਨਹੀਂ, ਨਫਰਤ ਕੇਵਲ ਬੁਰਾਈਆਂ ਨਾਲ ਕਰਦੇ ਹਾਂ। ਅਸੀਂ ਜਬਰੀ ਕਿਸੇ ਦਾ ਧਰਮ ਨਹੀਂ
ਬਦਲਦੇ ਅਤੇ ਨਾਂ ਹੀ ਆਪਣਾ ਬਦਲਣ ਦੀ ਇਜ਼ਾਜਤ ਦਿੰਦੇ ਹਾਂ। ਅਸੀਂ ਭਾਰਤ ਵਿੱਚ ਰਹਿਣ ਵਾਲੇ ਭਾਰਤੀ
ਹਾਂ ਨਾਂ ਕਿ ਹਿੰਦੂ। ਆਓ ਹਿੰਦੂ ਸਿੱਖ ਦਾ ਝਗੜਾ ਛੱਡ ਕੇ ਇੱਕ ਪ੍ਰਮੇਸ਼ਰ ਦੇ ਬੱਚੇ ਬੱਚੀਆਂ ਹੁੰਦੇ
ਹੋਏ ਇੰਨਸਾਨੀਅਤ ਦਾ ਪੱਲਾ ਫੜ ਕੇ ਇੱਕ ਚੰਗੇ ਇਨਸਾਨ ਬਣੀਏਂ ਕਿਉਂਕਿ ਅਸੀਂ ਸਾਰੇ ਰੱਬ ਦੇ ਬੰਦੇ
ਹਾਂ।
|
. |