ਪਦ ਅਰਥ:- ਜਪਿ – ਸਿਮਰ ਕੇ॥ ਲਾਲੁ – ਅਮੋਲਕ॥ ਤੂ ਜੀਵਹਿ – ਤੂ ਜੀਊਂਦਾ
ਰਹੇਂਗਾ, ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ॥ ਮਹਾਕਾਲੁ – ਭਿਆਨਕ ਆਤਮਕ ਮੌਤ ਦੇਣ ਵਾਲਾ ਦੇਵਤਾ॥ 1॥
ਰਹਾਉ॥ ਕੋਟਿ – ਕਰੋੜਾਂ॥ ਭ੍ਰਮਿ ਭ੍ਰਮਿ ਭ੍ਰਮਿ – ਮੁੜ ਮੁੜ ਭਟਕ ਭਟਕ ਕੇ॥ ਆਇਓ – ਤੂੰ (ਇਸ ਮਨੁਖਾ
ਜਨਮ ਵਿਚ) ਆਇਆ ਹੈਂ॥ ਵਡੈ ਭਾਗਿ – ਵੱਡੀ ਕਿਸਮਤ ਨਾਲ॥ ਪਾਇਓ – ਮਿਲਿਆ ਹੈ॥ ਸਾਧ ਸੰਗੁ – ਗੁਰੂ ਦਾ
ਸਾਥ॥ ਉਧਾਰੁ – ਜਨਮ ਮਰਣ ਦੇ ਗੇੜ ਤੋਂ ਛੁਟਕਾਰਾ॥ ਬਾਬਾ – ਹੇ ਭਾਈ॥ ਨਾਨਕੁ ਆਖੈ – ਨਾਨਕ ਦਸਦਾ
ਹੈ॥
ਅਰਥ:- ਹੇ ਭਾਈ! ਅਮੋਲਕ ਗੋਪਾਲ ਦਾ ਗੋਬਿੰਦ ਨਾਮ ਜਪ ਕੇ, ਰਾਮ ਦੇ ਨਾਮ ਦਾ
ਸਿਮਰਨ ਕਰਕੇ ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ; ਫਿਰ ਤੈਨੂੰ ਭਿਆਨਕ ਆਤਮਕ ਮੌਤ ਦੇਣ ਵਾਲਾ ਦੇਵਤਾ
ਮਹਾਕਾਲ ਖਾ ਨਹੀ ਸਕੇਗਾ॥ 1॥ ਰਹਾਉ॥
ਹੇ ਭਾਈ! ਕਰੋੜਾਂ ਜਨਮਾਂ ਦੀ ਮੁੜ ਮੁੜ ਭਟਕਣਾ ਤੋਂ ਬਾਦ ਹੁਣ ਤੂੰ ਇਸ
ਮਨੁਖਾ ਜਨਮ ਵਿੱਚ ਆਇਆ ਹੈਂ; ਤੇ ਇਥੇ ਵੱਡੀ ਕਿਸਮਤ ਨਾਲ ਤੈਨੂੰ ਗੁਰੂ ਦਾ ਸਾਥ ਮਿਲਿਆ ਹੈ॥ 1॥
ਹੇ ਭਾਈ! ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦਸਦਾ ਹੈ ਕਿ ਪੂਰੇ ਗੁਰੂ ਦੀ
ਸਰਨ ਪੈਣ ਤੋਂ ਬਿਨਾ ਜਨਮ ਮਰਣ ਦੇ ਗੇੜ ਤੋਂ ਛੁਟਕਾਰਾ ਨਹੀ ਹੋ ਸਕਦਾ॥ 2॥
ਵਿਆਖਿਆ:- ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਸਮੁਚੀ ਮਾਨਵ ਜਾਤਿ
ਨੂੰ ਮਨੁਖਾ ਜੀਵਨ ਸਾਰਥਕ ਕਰਣ ਦਾ ਮਾਰਗ ਦਸਦੀ ਹੈ। ਨਿਰਾਕਾਰ ਪਰਮਾਤਮਾ (ੴ ਸਤਿਨਾਮੁ) ਦਾ ਨਾਮ
ਪੂਰੀ ਸ਼ਰਧਾ ਭਾਵਨਾ ਨਾਲ ਜਪਿਆਂ ਹੀ ਮਨੁਖਾ ਜੀਵਨ ਦੀ ਮੰਜ਼ਿਲ ‘ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦੁ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧ ਸੰਗਤਿ ਭਜੁ ਕੇਵਲ
ਨਾਮੁ॥ ’ (ਅੰਕ 12), ਮਿਲਦੀ ਹੈ।
ਗੁਰਬਾਣੀ ਵਿੱਚ ਗੋਬਿੰਦ, ਗੋਪਾਲ, ਰਾਮ ਨਿਰਾਕਾਰ ਪਰਮਾਤਮਾ ਲਈ ਲਿਖੇ ਹਨ।
ਯਥਾ ਗੁਰਵਾਕ:-
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ॥ ਗੋਬਿੰਦ ਬਿਨੁ ਨਹੀ ਕੋਈ॥ (ਅੰਕ 485)
ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥
(ਅੰਕ 695)
ਅਸੁਰ ਸੰਘਾਰਣ ਰਾਮੁ ਹਮਾਰਾ॥ ਘਟਿ ਘਟਿ ਰਮਈਆ ਰਾਮੁ ਪਿਆਰਾ॥ (ਅੰਕ 1028)
ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ (ਸ਼ਿਵ ਪੁਰਾਣ ਮੁਤਾਬਿਕ ਜਿਸਦਾ ਵਿਨਾਸ਼ਕਾਰੀ
ਭਿਆਨਕ ਸਰੂਪ ਮਹਾਕਾਲ ਹੈ) ਅਤੇ ਸ਼ਿਵ ਦੀ ਸ਼ਕਤੀ ਦੇਵੀ ਪਾਰਵਤੀ (ਜਿਸਦਾ ਵਿਨਾਸ਼ਕਾਰੀ ਸਰੂਪ ਮਹਾਕਾਲੀ
ਅਥਵਾ ਕਾਲਕਾ, ਦੁਰਗਾ, ਭਵਾਨੀ, ਭਗਉਤੀ ਹੈ।) ਆਦਿਕ ਮੰਨਣ ਵਾਲਿਆਂ ਨੂੰ ਗੁਰਬਾਣੀ ਦਸਦੀ ਹੈ ਕਿ
ਨਿਰਾਕਾਰ ਪਰਮਾਤਮਾ ਦੇ ਇਹ ਸੇਵਕ ਹਨ।
ਸਿਵ ਸਕਤਿ ਆਪੁ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਇ॥ (ਅਨੰਦੁ, )
ਪੜੋ, ਗਉੜੀ ਸੁਖਮਨੀ ਮਹਲਾ 5॥ ਅਸ਼ਟਪਦੀ 21, ਸਲੋਕ॥ ਸਰਗੁਨ ਨਿਰਗੁਨ
ਨਿਰੰਕਾਰ … ਜਬ ਨਿਰਗੁਨ ਪ੍ਰਭ ਸਹਜ ਸੁਭਾਇ॥ ਤਬ ਸਿਵ ਸਕਤਿ ਕਹਹੁ ਕਿਤੁ ਠਾਇ॥ (291) ਅਰਥਾਤ, ਜਦੋਂ
ਪਰਮਾਤਮਾ ਸਿਰਫ਼ ਨਿਰਾਕਾਰ ਸਰੂਪ ਹੀ ਸੀ, ਸਰਗੁਨ (ਸਾਕਾਰ, ਸੰਸਾਰ-ਰਚਨਾ) ਨਹੀ ਸੀ, ਤਦੋਂ ਦਸੋ, ਸ਼ਿਵ
(ਮਹਾਕਾਲ) ਅਤੇ ਸ਼ਿਵ ਦੀ ਸ਼ਕਤੀ (ਕਾਲਿਕਾ, ਦੁਰਗਾ) ਕਿਥੇ ਸੀ? ਭਾਵ, ਹੋਂਦ ਵਿੱਚ ਹੀ ਨਹੀ ਸਨ।
ਸਿਵਾ ਸਕਤਿ ਸੰਬਾਦੰ॥ ਮਨ ਛੋਡਿ ਛੋਡਿ ਸਗਲ ਭੇਦੰ॥
ਸਿਮਰਿ ਸਿਮਰਿ ਗੋਬਿੰਦੰ॥ ਭਜੁ ਨਾਮਾ ਤਰਸਿ ਭਵ ਸਿੰਧੰ॥ (ਅੰਗ 873)
ਅਰਥਾਤ, ਹੇ ਮਨ! ਸ਼ਿਵ-ਪਾਰਵਤੀ (ਮਹਾਕਾਲ-ਕਾਲਕਾ) ਦੀਆਂ ਕਥਾ-ਕਹਾਣੀਆਂ ਦੇ
ਭੇਦ ਸਮਝਣੇ ਛੱਡ ਦੇ। ਹੇ ਨਾਮਦੇਵ! ਗੋਬਿੰਦ ਨੂੰ ਸਿਮਰ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾ।
ਜੋ ਮਨੁਖ ਸਰਬ-ਸ਼ਕਤੀਮਾਨ, ਨਿਰਭਉ ਹਸਤੀ (ੴ ਸਤਿਨਾਮੁ …) ਦਾ ਨਾਮ ਜਪਦਾ ਹੈ
ਉਸਨੂੰ ਮਹਾਕਾਲ ਵਰਗੀ ਛੋਟੀ ਹਸਤੀ ਜਾਂ ਧਰਮਰਾਜ ਜਾਂ ਜਮਦੂਤ ਤੋਂ ਡਰਣ ਦੀ ਲੋੜ ਨਹੀ; ਯਥਾ ਗੁਰਵਾਕ
ਅਫਰਿਓ ਜਮੁ ਮਾਰਿਆ ਨ ਜਾਈ॥ ਗੁਰ ਕੈ ਸਬਦੇ ਨੇੜਿ ਨ ਆਈ॥
ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੈ॥ (ਅੰਕ
1054) ਗੁਰ-ਸਬਦ (ਗੁਰ-ਮੰਤ੍ਰ), ਨਾਮ ਜਪਣ ਵਾਲਿਆਂ ਤੋਂ ਜਮ (ਮਹਾਕਾਲ) ਡਰ ਕੇ ਦੂਰ ਭਜ ਜਾਂਦਾ ਹੈ।
ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ॥ ਨਾਨਕ ਧਰਮ ਐਸੇ ਚਵਹਿ ਕੀਤੋ
ਭਵਨੁ ਪੁਨੀਤ॥ (1425) ਅਰਥਾਤ, ਧਰਮਰਾਜ ਵਰਗੇ ਨਾਮ ਜਪਣ ਵਾਲਿਆਂ ਨੂੰ ਆਖਦੇ ਹਨ, ਸਜਣੋ! ਤੁਹਾਡੇ
ਆਉਣ ਨਾਲ ਮੇਰਾ ਭਵਨ ਪਵਿੱਤਰ ਹੋ ਗਿਆ ਹੈ। ਸੋ, ਇਸ ਤਰਾਂ ਰਹਾਉ ਦੀਆਂ ਪੰਕਤੀਆਂ ਵਿੱਚ ਨਾਮ ਦੀ
ਮਹਿਮਾ ਸਮਝਾਈ ਹੈ।
ਸਤਿਗੁਰੂ ਜੀ ਅੱਗੇ ਸਮਝਾਂਦੇ ਹਨ, ਅਨੇਕਾਂ ਜਨਮਾਂ ਦੀ ਭਟਕਣਾਂ ਤੋਂ ਬਾਦ
ਮਨੁਖਾ ਜਨਮ ਮਿਲਿਆ ਹੈ ਸਾਧਸੰਗਤਿ ਵਿੱਚ ਜਾ ਕੇ ਸਿਮਰਨ-ਸੇਵਾ ਕਰਕੇ ਸਫ਼ਲਾ ਕਰੀਏ ਜੈਸਾ ਕਿ ਭਗਤ
ਰਵਿਦਾਸ ਜੀ ਫ਼ੁਰਮਾਂਦੇ ਹਨ:
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾ=ਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰੁ ਭਇਓ ਦਰਸਨੁ ਦੇਖੇ॥ (ਅੰਕ 694)
ਪਰਮਾਤਮਾ ਦੇ ਦਰਸਨ-ਦੀਦਾਰ
ਗੁਰੂ ਦੀ ਕਿਰਪਾ ਨਾਲ ਹੁੰਦੇ ਹਨ ਅਤੇ ਸਾਧ (ਗੁਰੂ) ਦੀ ਸੰਗਤਿ ਪਿਛਲੇ ਕੀਤੇ ਚੰਗੇ ਕਰਮਾਂ ਤੋਂ
ਉਪਜੇ ਸੰਸਕਾਰਾਂ ਅਰਥਾਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ:
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥ (ਅੰਕ 204)
ਨਾਮ-ਰਸ ਵਿੱਚ ਭਿੱਜੇ ਸੱਚੇ ਸੰਤ-ਗੁਰੂ ‘ਪੁਰਖੁ ਬੈਰਾਗੀ’ ਨਾਲ ਮਿਲਾਪ
ਹੋਇਆਂ ਜਨਮਾਂ-ਜਨਮਾਤਰਾਂ ਦਾ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਅਤੇ ਸੁਤੀ ਆਤਮਾ ਗਿਆਨਵਾਨ ਹੋ
ਕੇ ਜਾਗ ਜਾਂਦੀ ਹੈ।
ਅਖੀਰਲੇ ਅੰਤਰੇ ਵਿੱਚ ਸਤਿਗੁਰੂ ਜੀ ਚੇਤਾਵਨੀ ਦਿੰਦੇ ਹਨ ਕਿ ਹੇ ਭਾਈ! ਪੂਰੇ
ਗੁਰੂ ਦੇ ਚਰਨੀ ਲਗੀਂ। ਗੁਰਵਾਕ:- ਪੂਰੇ ਗੁਰ ਕਾ ਸੁਨਿ ਉਪਦੇਸੁ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ॥
ਅੰ: 295
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ॥ ਕਾਚੀ ਸਰਸਉਂ ਪੇਲਿ ਕੈ
ਨਾ ਖਲਿ ਭਈ ਨ ਤੇਲੁ॥ (ਅੰਕ 1377) ॥ ਗੁਰਬਾਣੀ ਸਾਨੂੰ ਪੂਰੇ ਗੁਰੂ ਅਰਥਾਤ ਸਤਿਗੁਰੂ ਦੀ ਪਹਿਚਾਨ
ਵੀ ਦਸਦੀ ਹੈ:
ਸਤਿਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸਕਾ ਨਾਉ॥
ਤਿਸਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥ (ਅੰ: 286)
ਭੁਲੇ ਮਾਰਗੁ ਜਿਨਹਿ ਬਤਾਇਆ॥ ਐਸਾ ਗੁਰੁ ਵਡਭਾਗੀ ਪਾਇਆ॥ (ਅੰਕ 803)
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥
ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ॥ (ਅੰ: 522)
ਪ੍ਰਭੂ ਨਾਲ ਅਭੇਦ ਬ੍ਰਹਮਗਿਆਨੀ, ਭੁਲਿਆਂ ਨੂੰ ਸਿੱਧਾ ਰਾਹ ਦਸਕੇ ਸੱਚ ਨਾਲ
ਜੋੜਨ ਵਾਲੇ, ਹਰ ਤਰ੍ਹਾਂ ਦੇ ਭਰਮ–ਕਿਲੇ ਤੋੜਨ ਵਾਲੇ, ਆਪ ਮੁਕਤ ਅਤੇ ਸਿਖ ਨੂੰ ਵੀ ਜੀਵਨ-ਮੁਕਤ ਕਰਣ
ਵਾਲੇ ਸਤਿਗੁਰੂ ਨਾਲ ਮਿਲਾਪ ਬੜੇ ਚੰਗੇ ਭਾਗਾਂ ਨਾਲ ਹੀ ਹੋ ਸਕਦਾ ਹੈ। ਸ਼ਰੀਰਧਾਰੀ ਕੋਈ ਵਿਰਲਾ ਹੀ
ਐਸਾ ਹੋ ਸਕਦਾ ਹੈ। ਭੱਟ ਭਿੱਖਾ ਜੀ ਵੀ ਗੁਰੂ ਭਾਲਦੇ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਸਰਨ ਵਿੱਚ
ਆਏ ਤਾਂ ਆਪਣੀ ਆਪ-ਬੀਤੀ ਇਉਂ ਬਿਆਨ ਕਰਦੇ ਹਨ:
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ ਸਨਿਆਸੀ ਤਪਸੀਅਹ ਮੁਖਹੁ ਏ
ਪੰਡਿਤ ਮਿਠੇ॥ ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥ ਕਹਤਿਅਹਿ ਕਹਤੀ ਸੁਣੀ ਰਹਤ ਕੋ ਖੁਸੀ
ਨ ਆਇਓ॥ ਹਰਿ ਨਾਮੁ ਛੋਡਿ ਦੂਜੈ ਲਗੇ ਤਿਨ= ਕੇ ਗੁਣ ਹਉ ਕਿਆ ਕਹਉ॥ ਗੁਰੁ ਦਯਿ ਮਿਲਾਯਉ ਭਿਖਿਆ ਜਿਵ
ਤੂ ਰਖਹਿ ਤਿਵ ਰਹਉ॥ (ਅੰਕ 1395)
ਅਜ ਦੇ ਸਮੇ ਅਸੀ ਟੈਲੀਵੀਜ਼ਨ ਤੇ ਨਿਤ ਵੇਖਦੇ ਹਾਂ ਕਿ ਅਖੌਤੀ ਸ਼ਰੀਰਧਾਰੀ
ਗੁਰੂ, ਸੰਤ, ਸਾਧ ਆਦਿਕ ਜੋ ਉਪਦੇਸ਼ ਦਿੰਦੇ ਹਨ ਉਸਨੂੰ ਆਪ ਨਹੀ ਕਮਾਉਂਦੇ; ਉਹਨਾਂ ਦੇ ਡੇਰਿਆਂ ਤੇ
ਬਹੁਤ ਕੁਕਰਮ ਵੀ ਹੋ ਰਹੇ ਹਨ। ਅਗਿਆਨੀ ਅਤੇ ਭੁਲੜ ਸਿਖ ਹੀ ਇਹਨਾਂ ਡੇਰਿਆਂ ਤੇ ਜਾਂਦੇ ਹਨ।
ਸਿਖ ਕੌਮ ਦੇ ਬੜੇ ਚੰਗੇ ਭਾਗ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਬਦ-ਗੁਰੂ
ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ। ਜਿਸਨੁੰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ-ਰੂਪ ਹੋ ਕੇ
ਬੈਠੇ 36 ਬ੍ਰਹਮਗਿਆਨੀ ਸਚ ਦਾ ਮਾਰਗ ਦ੍ਰਿੜ ਕਰਾ ਦੇਣ ਉਸ ਨੂੰ ਕਿਸੇ 37ਵੇਂ ਕੋਲ ਜਾਣ ਦੀ ਲੋੜ ਹੀ
ਨਹੀ।
ਉਪਰੋਕਤ ਵਿਚਾਰਾਧੀਨ ਸ਼ਬਦ ਦਾ ਤਤ-ਉਪਦੇਸ਼ ਇਹ ਹੈ ਕਿ ਜੇ ਮਨੁਖ ਪੂਰੇ ਗੁਰੂ
ਦੀ ਸ਼ਰਣ ਵਿੱਚ ਜਾ ਕੇ ਨਿਰਾਕਾਰ ਪਰਮਾਤਮਾ ੴ ਸਤਿਨਾਮੁ ਵਾਹਿਗੁਰੂ ਦਾ ਜਾਪ ਮਨ ਇਕਾਗਰ ਕਰਕੇ ਕਰੇ
ਤਾਂ ਮਹਾਕਾਲ ਵਰਗੇ ਮੌਤ ਦੇ ਦੇਵਤੇ ਤੋਂ ਡਰਣ ਦੀ ਲੋੜ ਨਹੀ।
ਪਰ ਜਿਹੜੇ ਸਿਖ ਮਹਾਕਾਲ (ਚੌਪਈ: ਹਮਰੀ ਕਰੋ ਹਾਥ ਦੇ ਰਛਾ॥ ………ਵਿਚ ਬਿਆਨ
ਕੀਤਾ ਇਸ਼ਟ ਕਾਲ, ਅਸਿਕੇਤ, ਅਸਿਧੁਜ, ਖੜਗਕੇਤ…) ਨੂੰ ਵਾਹਿਗੁਰੂ ਸਮਝਦੇ ਹਨ, ਉਹ ਬਹੁਤ ਵੱਡੇ ਭੁਲੜ
ਹਨ ਕਿਉਂਕਿ ਮਹਾਕਾਲ ਦਾ ਸਿਖ ਬਣਨ ਲਈ ਭੰਗ ਤੇ ਸ਼ਰਾਬ ਪੀਣੀ ਪੈਂਦੀ ਹੈ। ਪੜੋ ਜੀ: ਦਸਮ ਗ੍ਰੰਥ ਵਿੱਚ
ਚਰਿਤ੍ਰੋ ਪਾਖਯਾਨ ਨੰ: 266 ਦਾ ਆਖਰੀ ਦੋਹਰਾ:
ਇਹ ਛਲ ਸੋ ਮਿਸਰਹ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿਖ ਕਰਿ ਮਦਿਰਾ ਭਾਂਗ
ਪਿਵਾਇ॥
ਆਓ, ਐਸੇ ਭੁਲੜਾਂ ਲਈ ਅਰਦਾਸ ਕਰੀਏ,
ਹੇ ਵਾਹਿਗੁਰੂ ਜੀ! ਕਿਰਪਾ ਕਰੋ ਜੀ, ਭੁਲੜ ਸਿੱਖਾਂ ਨੂੰ ਅਨਮਤੀਏ ਗ੍ਰੰਥਾਂ
ਦੇ ਭਰਮਜਾਲ ਵਿਚੋਂ ਕੱਢੋ ਜੀ; ਪਾਖੰਡੀ ਸੰਤਾਂ, ਸਾਧਾਂ ਤੋਂ ਬਚਾਓ ਜੀ। ਸਿਰਫ਼ ਪੂਰਨ-ਗੁਰੂ
ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਹੀ ਜੋੜੋ ਜੀ।