ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
--- ‘ਵਿਰਲੈ ਕਿਨੈ ਵੀਚਾਰਿਆ’
ਕੋਈ ਆਦਮੀ ਗੱਲ ਕਰ ਰਿਹਾ ਹੋਵੇ ਪਰ ਦੂਜਾ ਉਸ ਦੀ ਗੱਲ ਨੂੰ ਧਿਆਨ ਨਾਲ ਨਾ
ਸੁਣੇ ਤਾਂ ਪਹਿਲਾ ਆਦਮੀ ਝੱਟ ਕਹਿ ਦੇਵੇਗਾ ਕਿ ਤੂੰ ਮੇਰੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ।
ਜਿਹੜਾ ਵਿਦਿਆਰਥੀ ਅਧਿਆਪਕ ਦੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ ਉਹ ਅਕਸਰ ਫੇਲ੍ਹ ਹੀ ਹੋ ਜਾਂਦਾ
ਹੈ। ਮਰੀਜ਼ ਡਾਕਟਰ ਦੀ ਸਲਾਹ ਨੂੰ ਧਿਆਨ ਨਾਲ ਨਾ ਸੁਣੇ ਤਾਂ ਮਰੀਜ਼ ਦੇ ਰੋਗ ਵੱਧਣ ਦਾ ਖ਼ਤਰਾ ਬਣਿਆ
ਰਹੇਗਾ। ਗੁਰੂ ਨਾਨਕ ਸਾਹਿਬ ਜੀ ਸਿੱਧ ਗੋਸਟਿ ਵਿੱਚ ਗਿਆਨ ਤੇ ਧਿਆਨ ਨੂੰ ਗੁਰੂ ਤੇ ਚੇਲੇ ਦੇ ਰੂਪ
ਵਿੱਚ ਪੇਸ਼ ਕਰਦਿਆ ਸਪੱਸ਼ਟ ਕੀਤਾ ਹੈ ਕਿ ਮਨੁੱਖੀ ਮਾਨਸਿਕ ਵਿਕਾਸ ਦੀ ਤਰੱਕੀ ਗਿਆਨ ਤੇ ਧਿਆਨ ਹੀ ਹੈ।
ਸਬਦ
ਗੁਰੂ ਸੁਰਤਿ ਧੁਨਿ ਚੇਲਾ ॥
ਜਿਸ ਨੇ ਗਿਆਨ, ਧਿਆਨ ਤੇ ਵਿਚਾਰ ਨੂੰ ਸਮਝ ਲਿਆ ਹੈ, ਉਸ ਨੇ ਖ਼ੁਦਗ਼ਰਜ਼ੀ ਦੀ
ਅਗਨੀ ਨੂੰ ਮਿਟਾ ਲਿਆ ਹੈ।
"ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ" ॥
ਸਿੱਖੀ ਦਾ ਅਧਾਰ-ਸ਼ਿਲਾ ਆਤਮਿਕ ਗਿਆਨ, ਵੀਚਾਰ `ਤੇ ਅਧਾਰਤ ਕੀਤਾ ਗਿਆ ਹੈ।
ਜ਼ਿੰਦਗੀ ਦੀ ਰਾਤ ਨੂੰ ਸੁਹਾਵਣਾ ਕਰਨ ਲਈ ਇਹਨਾਂ ਦੋਨਾਂ ਦਾ ਹੋਣਾ ਲਾਜ਼ਮੀ ਕਰਾਰ ਕੀਤਾ ਗਿਆ ਹੈ।
"ਭਿੰਨੀ ਰੈਣਿ ਜਿਨਾ ਮਨਿ
ਭਾਉ" ॥ ਕਦੋਂ? ਜਦੋਂ
"ਸਿਖੀ ਸਿਖਿਆ ਗੁਰ ਵੀਚਾਰਿ"
`ਤੇ ਕੇਂਦਰਿਤ ਹੋਣ ਦਾ ਯਤਨ ਕੀਤਾ ਜਾਏਗਾ।
ਗੁਰੂ ਨਾਨਕ ਸਾਹਿਬ ਜੀ ਨੇ ਭਰਪੂਰ ਯਤਨਾਂ ਨਾਲ ਸਮਝਾਉਣ ਦਾ ਯਤਨ ਕੀਤਾ ਹੈ
ਕਿ ਸੰਸਾਰ ਕਰਮ-ਕਾਂਡ ਤੇ ਧਾਰਮਿਕ ਬਿਰਤੀ ਵਾਲੇ ਪੁਜਾਰੀ ਹੱਥੋਂ ਇਸ ਲਈ ਲੁਟਿਆ ਜਾ ਰਿਹਾ ਹੈ ਕਿ ਇਹ
ਆਤਮਿਕ ਗਿਆਨ ਨੂੰ ਪਾਸੇ ਰੱਖ ਬੈਠਾ ਹੈ। ਗੁਰ-ਵਾਕ ਹੈ,
"ਨਾਨਕ, ਮੁਸੈ ਗਿਆਨ ਵਿਹੂਣੀ ਖਾਇ ਗਿਆ
ਜਮਕਾਲੁ" ॥
ਸਾਰਾ ਗੁਰੂ ਗ੍ਰੰਥ ਗਿਆਨ ਦਾ ਅਥਾਹ ਸਾਗਰ ਹੈ ਪਰ ਅਸਾਂ ਇਸ ਦੀ ਵਿਚਾਰ ਤੇ
ਗਿਆਨ ਵਲ ਕਦੇ ਵੀ ਧਿਆਨ ਨਹੀਂ ਦਿੱਤਾ, ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਥੋਂ ਕੁ ਗੁਰੂ ਨਾਨਕ
ਸਾਹਿਬ ਜੀ ਨੇ ਸਾਨੂੰ ਚੁੱਕਿਆ ਸੀ ਅੱਜ ਫਿਰ ਓਥੇ ਕੁ ਹੀ ਪਹੁੰਚ ਗਏ ਹਾਂ। ਗੁਰੂ ਸਾਹਿਬ ਜੀ ਨੇ
ਜਦੋਂ ਲੁਕਾਈ ਨੂੰ ਉਪਦੇਸ਼ ਦੇਣਾ ਅਰੰਭ ਕੀਤਾ ਸੀ ਓਦੋਂ ਕੋਈ ਵੀ ਸਿੱਖ ਨਹੀਂ ਸੀ। ਭਰਮਾਂ ਦੇ ਜਾਲ਼
ਵਿੱਚ ਫਸੀ ਹੋਈ, ਕਰਮ-ਕਾਂਡ ਦੀ ਹਨੇਰੀ ਕੋਠੜੀ ਵਿੱਚ ਉਬਾਸੀਆਂ ਲੈ ਰਹੀ, ਗਿਆਨ ਤੋਂ ਅੰਨ੍ਹੀ ਪਰਜਾ
ਇੱਕ ਦੂਜੇ ਦਾ ਹੱਕ ਖੋਹ ਕੇ ਖਾ ਰਹੀ ਸੀ, ਰਾਜੇ ਇਨਸਾਫ਼ ਨੂੰ ਭੁੱਲ ਚੁੱਕੇ ਸਨ, ਕਾਜ਼ੀ ਵੱਡੀ ਲੈ ਕੇ
ਹੱਕ ਗਵਾ ਰਹੇ ਸਨ, ਓਦੋਂ ਗਿਆਨ, ਵਿਚਾਰ ਤੇ ਧਿਆਨ ਦੇ ਗੁਰ ਨੂੰ ਸਮਝ ਕੇ ਆਮ ਲੋਕ ਸਿੱਖ ਬਣੇ ਸਨ।
ਸਿੱਖ ਦਾ ਅਰਥ ਹੈ ਸਿੱਖਿਆ ਲੈਣ ਵਾਲਾ ਪਰ ਸੁਆਲ ਪੈਦਾ ਹੁੰਦਾ ਹੈ ਕਿ ਅਸੀਂ ਕਿੰਨੀ ਕੁ ਗੁਰੂ ਸਾਹਿਬ
ਜੀ ਦੀ ਸਿੱਖਿਆ ਨੂੰ ਲੈ ਲਿਆ ਹੈ? ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣ ਲਈ ਆਸਾ ਕੀ ਵਾਰ ਵਿਚੋਂ
ਇੱਕ ਪਉੜੀ ਲਈ ਹੈ:---
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀ ਜਗਤੁ ਨੇਤ੍ਰੀ ਨਿਹਾਲਿਆ ॥
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਸਤਿਗੁਰ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ ਪਾਰਿ ਉਤਾਰਿਆ ॥ ੧੩ ॥ ਪੰਨਾ ੪੭੦--
ਆਮ ਕਰਕੇ ਪਉੜੀ ਦੇ ਭਾਵ--ਅਰਥ ਨੂੰ ਸਮਝਣ ਲਈ ਅਖ਼ੀਰਲੀ ਤੁਕ ਦਾ ਅਧਾਰ ਮੰਨਿਆ
ਜਾਂਦਾ ਹੈ, ਇਸ ਲਈ "ਕਰਿ ਕਿਰਪਾ ਪਾਰਿ ਉਤਾਰਿਆ" ਤੋਂ ਮੁਰਾਦ ਹੈ ਗੁਰੂ ਜੀ ਦੀ ਕਿਰਪਾ ਸਦਕਾ ਸਾਡਾ
ਪਾਰ ਉਤਾਰਾ ਹੋ ਗਿਆ। ‘ਕਰਿ ਕਿਰਪਾ’ ਗੁਰੂ ਨੇ ਕਿਰਪਾ ਕੀਤੀ ਕਿ ‘ਪਾਰਿ ਉਤਾਰਿਆ’ ਅਸੀਂ ਸੰਸਾਰ
ਰੂਪੀ ਸਮੁੰਦਰ ਦੇ ਦੂਜੇ ਕੰਢੇ `ਤੇ ਲੱਗ ਗਏ। ‘ਕਿਰਪਾ’ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਹੈ ਕਿ
ਜਿਵੇਂ ਮੰਤ੍ਰ-ਮਾਰ ਕੇ ਅੱਖਾਂ ਮੀਚ ਕੇ ਕੋਈ ਦਰਿਆ ਦੇ ਦੂਜੇ ਪਾਸੇ ਲੱਗ ਜਾਏ। ਹੁਣ ਕਿਸੇ ਨੇ ਦਰਿਆ
ਜਾਂ ਨਦੀ ਪਾਰ ਕਰਨੀ ਹੋਵੇ ਤਾਂ ਉਸ ਨੂੰ ਕੋਈ-ਨਾ-ਕੋਈ ਜੁਗਤੀ ਤਾਂ ਵਰਤਣੀ ਹੀ ਪੈਂਣੀ ਹੈ। ਜੁਗਤੀ
ਦੀ ਸਮਝ ਆ ਜਾਣੀ ਹੀ ‘ਕਰਿ ਕਿਰਪਾ’ ਹੈ। ‘ਪਾਰਿ ਉਤਾਰਿਆ’ ਦੁਸਰੇ ਪਾਸੇ ਲੱਗ ਜਾਣਾ। ਸੰਸਾਰ ਨੂੰ
ਭਿਆਨਕ ਨਦੀਆਂ ਨਾਲ ਤੁਲਨਾਇਆ ਗਿਆ ਹੈ, ਜਿਸ ਵਿੱਚ ਨਿਦਾਇਤਾ (ਧੱਕਾ ਕਰਨ ਦੀ ਬਿਰਤੀ) , ਮੋਹ
(ਨਿਜੀ) ਸੁਆਰਥ, ਕ੍ਰੋਧ ਦਾ ਭਾਂਬੜ ਤੇ ਲਾਲਚ ਦਾ ਕਾਲ਼ਾ ਧੂੰਆਂ ਇਹਨਾਂ ਨਦੀਆਂ ਦਾ ਪਾਣੀ ਬਣ ਕੇ ਵਹਿ
ਰਿਹਾ ਹੈ ਜੋ ਮਨੁੱਖੀ ਜੀਵਨ ਦੀ ਖੇਤੀ ਨੂੰ ਝੁਲਸਾਅ ਕੇ ਰੱਖ ਰਿਹਾ ਹੈ ਤੇ ਜੋ ਵੀ ਇਹਨਾਂ ਨਦੀਆਂ
ਵਿੱਚ ਪੈ ਗਿਆ ਉਹ ਭੜਥਾ ਹੋ ਜਾਏਗਾ।
ਹੰਸੁ ਹੇਤੁ ਲੋਭੁ ਕੋਪੁ ਨਦੀਆ ਚਾਰੇ ਅਗਿ ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗ ॥
ਸਲੋਕ ਮ: ੧ ਪੰਨਾ ੧੪੭ –
ਮਨੁੱਖੀ ਜੀਵਨ ਵਿੱਚ ਇਹ ਚਾਰ ਨਦੀਆਂ ਬੇ-ਰੋਕ-ਟੋਕ ਵੱਗ ਰਹੀਆਂ ਹਨ ਪਰ
ਗੁਰ—ਗਿਆਨ ਨੂੰ ਆਪਣੀ ਸੋਚ ਦਾ ਹਿੱਸਾ ਬਣਾਇਆਂ ਇਹਨਾਂ ਨਦੀਆਂ ਨੂੰ ਪਾਰ ਕੀਤਾ ਜਾ ਸਕਦਾ ਹੈ। ‘ਕਰਿ
ਕਿਰਪਾ ਪਾਰਿ ਉਤਾਰਿਆ’ ਗੁਰ-ਗਿਆਨ ਨੂੰ ਸਮਝਿਆਂ ਸੰਸਾਰ ਦੇ ਵਿਕਾਰਾਂ ਤੋਂ ਮੁਕਤੀ ਹਾਸਲ ਹੋ ਸਕਦੀ
ਹੈ। ‘ਕਰਿ ਕਿਰਪਾ’ ਤੇ ‘ਸਤਿਗੁਰ ਵਿਟਹੁ ਵਾਰਿਆ’ ਗੁਰ-ਗਿਆਨ ਦਾ ਚਾਨਣ ਹੈ। ਇਸ ਚਾਨਣ ਵਿਚੋਂ
‘ਸਚਿਆਰ’ ਦਾ ਮਹੱਤਵ ਢੂੰਢਿਆ ਜਾ ਸਕਦਾ ਹੈ ਜੋ ‘ਜਿਤੁ ਮਿਲਿਐ ਖਸਮੁ ਸਮਾਲਿਆ’ ਸ਼ੁਭ ਗੁਣ ਸੰਭਾਲ੍ਹਣ
ਦਾ ਪਰਤੀਕ ਹੈ। ਮੈਂ ਆਪਣੇ ਸਤਿਗੁਰ ਤੋਂ ਸਦਕੇ ਜਾਂਵਾਂ ਜਿਸ ਦੇ ਮਿਲਣ ਨਾਲ ਖਸਮ ਦੀ ਸੰਭਾਲ ਹੁੰਦੀ
ਹੈ। ਪਰਮਾਤਮਾ ਦਾ ਕੋਈ ਵਜੂਦ ਨਹੀਂ ਹੈ ਫਿਰ ਰੱਬੀ ਗੁਣ ਜਾਂ ਉਸ ਦੀ ਸਦੀਵ-ਕਾਲ ਨਿਯਮਾਵਲੀ ਦੀ ਹੀ
ਸੰਭਾਲ਼ ਕਰਨੀ ਹੈ ਜੋ ਗੁਰੂ-ਗਿਆਨ ਵਿਚੋਂ ਮਿਲਦੀ ਹੈ।
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਸਾਡੀਆਂ ਅੱਖਾਂ ਨੂੰ ਕਈ ਪਰਕਾਰ ਦੀਆਂ ਬਿਮਾਰੀਆਂ ਹਨ ਜਿਸ ਨਾਲ
ਧੁੰਧਲਾ—ਧੁੰਧਲਾ ਦਿਸਣ ਲੱਗ ਪੈਂਦਾ ਹੈ ਤਾਂ ਅਸੀਂ ਡਾਕਟਰ ਪਾਸੋਂ ਦਵਾਈ ਲੈ ਆਉਂਦੇ ਹਾਂ। ਦਵਾਈ ਨੂੰ
ਅੱਖਾਂ ਵਿੱਚ ਪਾਇਆਂ ਸਾਫ਼ ਦਿਸਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਮਨ ਦੀ ਅੱਖ ਖ਼ਰਾਬ ਹੋ ਜਾਏ ਤਾਂ
ਜਿੱਥੇ ਜੀਵਨ ਵਿੱਚ ਵਿਗਾੜ ਪੈਦਾ ਹੁੰਦਾ ਹੈ ਓੱਥੇ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਜੀਵਨ ਵਿੱਚ ਵੀ
ਧੁੰਧਲਾਪਨ ਪੈਦਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦਾ ਸੁਰਮਾ ਅਜੇਹਾ ਹੈ ਜਿਸ ਨੂੰ
ਪਾਇਆਂ ਮਨੁੱਖ ਨੂੰ ਖ਼ੁਦ ਚਾਨਣ ਹੀ ਨਹੀਂ ਹੁੰਦਾ ਸਗੋਂ ਨਵੇਂ ਸਮਾਜ ਦੀ ਸਿਰਜਣਾ ਦਾ ਮੁੱਢ ਬੱਜਦਾ
ਹੈ। ਗਿਆਨ ਦੇ ਸੁਰਮੇ ਨਾਲ ਸੰਸਾਰ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ
ਗਿਆਨ ਹੀ ਹੈ ਜੋ ਸਾਰੇ ਸੰਸਾਰ ਨੂੰ ਪਿਆਰ ਕਲ਼ਾਵੇ ਵਿੱਚ ਲੈਂਦਾ ਹੈ।
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀ ਨੇਤ੍ਰੀ ਜਗਤੁ ਨਿਹਾਲਿਆ ॥
ਲੰਬਾ ਸਮਾਂ ਸਿੰਘਾਂ ਨੂੰ ਜੰਗਲ਼ਾਂ ਵਿੱਚ ਰਹਿਣਾ ਪਿਆ ਜਿਸ ਕਰਕੇ
ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਲੋਕਾਂ ਦੇ ਪਾਸ ਚਲਾ ਗਿਆ ਜੋ ਬ੍ਰਾਹਮਣੀ ਸੋਚ ਨਾਲੋਂ ਵੱਖ ਨਾ ਸਕੇ
ਤੇ ਉਹਨਾਂ ਨੇ ਉਸੇ ਸੋਚ ਵਿੱਚ ਹੀ ਸਿੱਖ ਸਿਧਾਂਤ ਨੂੰ ਪੇਸ਼ ਕੀਤਾ। ਗੁਰਬਾਣੀ ਵਰਤਮਾਨ ਜੀਵਨ ਨੂੰ
ਸੇਧ ਦੇ ਰਹੀ ਹੈ ਪਰ ਜੋ ਵਿਆਖਿਆ ਕੀਤੀ ਗਈ ਜਾਂ ਹੋ ਰਹੀ ਹੈ ਉਹ ਸਾਰੀ ਬ੍ਰਾਹਮਣੀ ਮਤ ਅਨੁਸਾਰ ਮਰਨ
ਤੋਂ ਬਾਅਦ ਦੀ ਹੋ ਰਹੀ ਹੈ। ਦਰਿਆ ਨੂੰ ਪਾਰ ਕਰਨ ਲਈ ਅਸੀਂ ਚੰਗੀ –ਭਲੀ ਬੇੜੀ `ਤੇ ਸਵਾਰ ਹਾਂ ਪਰ
ਕੋਲੋਂ ਦੀ ਛੋਟੀ ਜੇਹੀ ਬੇੜੀ ਲੰਘ ਰਹੀ ਹੋਵੇ ਅਸੀਂ ਛਾਲ ਮਾਰ ਉਸ ਵਿੱਚ ਸਵਾਰ ਹੋਣ ਦਾ ਯਤਨ ਕਰਾਂਗੇ
ਤਾਂ ਜ਼ਰੂਰ ਡੁੱਬਾਂਗੇ। ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਜੇ ਅਸੀਂ ਆਪਣੇ ਖਸਮ ਨੂੰ ਛੱਡ ਦਈਏ ਤਾਂ
ਸੰਸਾਰ ਦੇ ਵਿਕਾਰਾਂ ਵਿੱਚ ਡੁੱਬ ਜਾਂਵਾਂਗੇ।
ਖਸਮੁ ਛੋਡਿ ਦੂਜੈ ਲਗੈ ਡੁਬੈ ਸੇ ਵਣਜਾਰਿਆ ॥
ਗੁਰ-ੳਪਦੇਸ਼ ਦੇ ਗਿਆਨ ਅੰਜਨ ਵਿਚੋਂ ਹੀ ਖਸਮ ਦੀ ਪਰਾਪਤੀ ਹੈ, ਪਰ ਖਸਮ ਨੂੰ
ਛੱਡਣਾਂ ਗੁਰ-ਉਪਦੇਸ਼ ਵਲੋਂ ਕੰਡ ਮੋੜਨੀ ਹੈ ਤੇ ਵਿਕਾਰਾਂ ਰੂਪੀ ਸਮੁੰਦਰ ਤੇ ਕਰਮ-ਕਾਂਡਾਂ ਦੀ ਦਲਦਲ
ਵਿੱਚ ਫਸ ਕੇ ਰਹਿ ਜਾਂਵਾਂਗੇ। ਮੇਰੇ ਸਾਹਮਣੇ ਸਤੰਬਰ ੨੦੦੭ ਦਾ ਦੇਸ—ਪੰਜਾਬ ਪਿਆ ਹੈ ਜਿਸ ਵਿੱਚ
ਸਰਦਾਰ ਦਲਬੀਰ ਸਿੰਘ ਜੀ ਪ੍ਰਸਿੱਧ ਪੱਤ੍ਰਕਾਰ ਦਾ ਇੱਕ ਲੇਖ ਹੈ ਜਿਸ ਵਿੱਚ ਉਹਨਾਂ ਨੇ ਦੱਸਣਾ ਦਾ
ਯਤਨ ਕੀਤਾ ਹੈ ਕਿ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਕਰਮ-ਕਾਂਡ ਵਲ
ਨੂੰ ਖਿਸਕਦੀ ਜਾ ਰਹੀ ਹੈ। ਉਹ ਲਿਖਦੇ ਹਨ ਕਿ –
ਪੰਥ----ਬਣ ਗਿਆ ਇੱਕ ਵੱਖਰੀ ਕੌਮ
ਖਾਲਸੇ --- ਦੀ ਪਰਖ ਸੀਮਤ ਹੋ ਗਈ ਹੈ ਸਿਰਫ ਬਾਹਰਲੀ ਦਿੱਖ ਤੀਕ
ਸੰਤ----- ਹੋ ਗਏ ਚੋਲ਼ਿਆਂ ਵਾਲੇ ਘੋਗੜ ਕੰਨੇ
ਅਕਾਲੀ ਦਲ ----ਮਾਇਆ ਵਿੱਚ ਲੱਥ--ਪੱਥ ਭ੍ਰਿਸਟਾਚਾਰ ਦਾ ਰੂਪ
ਗੁਰਧਾਮ ਤੇ ਸਰੋਵਰ – ਸੁੱਖਣਾ ਦੀ ਪੂਰਤੀ
ਗ੍ਰੰਥ --- ਦੇ ਦੁਆਲੇ ਪੂਜਾ ਤੇ ਕਰਮ ਕਾਂਡ
ਅਕਾਲ ਤੱਖਤ----ਰਜਿਸਟਰਾਰ ਦਾ ਦਫ਼ਤਰ
ਭੇਟਾ ਤੇ ਚੜ੍ਹਾਵਾ--- ਰਿਸ਼ਵਤ
ਸਿਮਰਨ----ਸੱਚ ਤੇ ਸੋਝੀ ਨੂੰ ਤਾਲੇ
ਕੀਰਤਨ--- ਕੰਨਾਂ ਦਾ ਰਸ
ਕੱਥਾ---ਕਰਮਾਤੀ ਸਾਖੀਆਂ
ਉਪਰੋਕਤ ਤੱਥ ਕਿਉਂ ਪੇਸ਼ ਕਰਨੇ ਪਏ ਕਿਉਂਕਿ ਉਹਨਾਂ ਦੇ ਸਾਹਮਣੇ ਚਾਰ ਅਗਸਤ
ਸ਼ਨੀਚਰਵਾਰ ਨੂੰ ਖਾਲਸਾ ਐਕਸ਼ਨ ਕਮੇਟੀ ਬੇਅੰਤ ਸਿੰਘ ਕਤਲ ਕੇਸ ਨਾਲ ਸਬੰਧਿਤ ਸਿੰਘਾਂ ਦੀ ਚੜ੍ਹਦੀ ਕਲਾ
ਲਈ ਸਿਰੀ ਅਕਾਲ ਤੱਖਤ ਤੇ ਦਸ ਵਜੇ ਅਰਦਾਸ ਕਰਨੀ ਸੀ, ਓਸੇ ਦਿਨ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ
ਨੂੰ ਮਰਨ ਉਪਰੰਤ ‘ਪੰਥ’ ਰਤਨ ਦੀ ਉਪਾਧੀ ਦੇਣੀ ਸੀ। ਸਰਦਾਰ ਦਲਬੀਰ ਸਿੰਘ ਜੀ ਲਿਖਦੇ ਹਨ ਕਿ ਨੀਲੀਆਂ
ਪੱਗਾਂ, ਦੁਪੱਟੇ, ਵੱਡੇ-ਗਾਤਰਿਆਂ ਤੇ ਨਾਮ ਜਪਣ ਵਾਲੇ ਦੋ ਹਜ਼ਾਰ ਦੀ ਗਿਣਤੀ ਵਾਲੇ, ‘ਪੰਥ ਰਤਨ’ ਦੀ
ਉਪਾਧੀ ਮਿਲਦਿਆਂ ਹੀ ਇੱਕ ਦਮ ਉਠ ਕੇ ਚਲੇ ਗਏ। ਉਹਨਾਂ ਨੇ ਏਂਨੀ ਗੱਲ ਵੀ ਨਹੀਂ ਸੋਚੀ ਕਿ ਏਥੇ
ਸਿੱਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਦਾ ਸਮਾਗਮ ਵੀ ਰੱਖਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ
ਮੁਲਾਜ਼ਮਾਂ ਨੇ ਫਟਾ-ਫਟ ਸਪੀਕਰ ਤਾਂ ਉਤਾਰ ਲਏ ਪਰ ਚਾਨਣੀਆਂ ਨਾ ਉਤਾਰ ਸਕੇ। ਇਸ ਚੜ੍ਹਦੀ ਕਲਾ ਦੀ
ਅਰਦਾਸ ਲਈ ਸਿਰਫ ੧੫੦ ਸੌ ਦੇ ਕਰੀਬ ਹੀ ਸਿੱਖ ਰਹਿ ਗਏ। ਜੇ ਗੁਰਬਾਣੀ—ਗਿਆਨ--ਵੀਚਾਰ ਤੇ ਧਿਆਨ
ਉਹਨਾਂ ਪਾਸ ਹੁੰਦਾ ਤਾਂ ਉਹ ਜ਼ਰੂਰ ਆਪਣੇ ਭਰਾਵਾਂ ਨਾਲ ਸ਼ਾਮਲ ਹੁੰਦੇ।
ਸਤਿਗੁਰ ਜੀ ਦੀ ਬਾਣੀ ਤਾਂ ਅਥਾਹ ਸਮੁੰਦਰ ਹੈ ਇਸ ਵਿੱਚ ਧਿਆਨ ਨਾਲ ਵਿਚਾਰ
ਦੀਆਂ ਚੁੱਭੀਆਂ ਮਾਰਾਂਗੇ ਤਾਂ ਹੀ ਕੀਮਤੀ ਮੋਤੀਆਂ ਤੀਕ ਪਾਹੁੰਚ ਸਕਦੇ ਹਾਂ। ਗੁਰੂ ਕਹਿ ਰਹੇ ਹਨ—
ਇਕਾ ਬਾਣੀ ਇਕੁ ਗੁਰੁ ਇਕਾ ਸਬਦੁ ਵੀਚਾਰਿ ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
ਸਲੋਕ ਮ: ੩—ਪੰਨਾ ੬੪੬—
ਆਸਾ ਕੀ ਵਾਰ ਵਿੱਚ ਵੀ ਗੁਰੂ ਸਾਹਿਬ ਜੀ ਏਹੀ ਦ੍ਰਿੜ ਕਰਉਣਾ ਚਾਹੁੰਦੇ ਹਨ
ਕਿ ਸਤਿਗੁਰ ਦਾ ਗਿਅਨ ਸੀਮਾ ਰਹਿਤ ਹੈ ਪਰ ਇਸ ਦੀ ਵਿਚਾਰ ਵਿਰਲਿਆਂ ਨੇ ਕੀਤੀ ਹੈ, ਜਦੋਂ ਕਿਸੇ ਗੱਲ
ਦੀ ਵਿਚਾਰ ਹੀ ਨਹੀਂ ਕਰਨੀ ਤਾਂ ਓਦੋਂ ਜੀਵਨ ਵਿੱਚ ਬਦਲਾ ਕਿਵੇਂ ਆ ਸਕਦਾ ਹੈ?
ਸਤਿਗੁਰ ਹੈ ਬੋਹਿਥਾ ਵਿਰਲੈ ਕਿਨੈ ਵਿਚਾਰਿਆ ॥
ਗੁਰੂ ਨਾਨਕ ਸਾਹਿਬ ਜੀ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ ਸੌ ਵਾਰ ਬਲਿਹਾਰੀ
ਜਾਂਦੇ ਹਨ ਕਿਉਂਕਿ ਗੁਰੂ ਨੇ ਜ਼ਿੰਦਗੀ ਦੇ ਹਨੇਰਿਆਂ ਵਿੱਚ ਇੱਕ ਨਵਾਂ ਰਸਤਾ ਦਿਖਾਇਆ ਹੈ। ਕੀ ਗੁਰੂ
ਨਾਨਕ ਸਾਹਿਬ ਜੀ ਦਾ ਕੋਈ ਦੇਹ ਧਾਰੀ ਗੁਰੂ ਹੈ ਜਿਸ ਨੇ ਕੋਈ ਰਸਤਾ ਦਿਖਾਇਆ ਹੋਵੇ? ਗੁਰੂ ਨਾਨਕ
ਸਾਹਿਬ ਜੀ ਦਾ ਗੁਰੂ ਰੱਬੀ ਗਿਆਨ ਹੈ ਜੋ ਕਿ ਸਾਡਾ ਵੀ ਏਹੀ ਗੁਰੂ ਹੈ। ਆਪਣੇ ਮਨ ਦੇ ਤਲ਼ `ਤੇ ਸੋਚਣ
ਵਾਲਾ ਦੈਵੀ-ਗੁਣਾਂ ਦਾ ਮਾਲਕ ਹੋ ਜਾਂਦਾ ਹੈ ਜਦੋਂ ਗੁਰ-ਗਿਆਨ ਨਾਲ ਵਾਸਤਾ ਕਾਇਮ ਹੁੰਦਾ ਹੈ। ਆਸਾ
ਕੀ ਵਾਰ ਦਾ ਅਰੰਭਕ ਸਲੋਕ ਹੀ ਲੈ ਲੈਂਦੇ ਹਾਂ।
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥
ਇਸ ਲਈ ਸਾਰੀਆਂ ਵਿਚਾਰਾਂ ਨਾਲੋਂ ਇਹ ਉਤਮ ਵਿਚਾਰ ਹੈ ਕਿ ਜਿਸ ਨੇ ਵੀ ਆਪਣੇ
ਗੁਰੂ ਨਾਲ ਚਿੱਤ ਲਾਇਆ ਹੈ ਉਸ ਨੇ ਪਰਮਾਤਮਾ ਨੂੰ ਪਾ ਲਿਆ ਹੈ। ਇਸ ਵਿੱਚ ਦੋ ਰਾਇਆਂ ਨਹੀਂ ਹਨ ਕਿ
ਜੋ ਗੁਰੂ ਦਾ ਗਿਆਨ ਹੈ ਉਹ ਪਰਮਾਤਮਾ ਦਾ ਅੰਤਰ-ਆਤਮੇ ਦਾ ਸਰੂਪ ਹੈ। ਪਰਮਾਤਮਾ ਦੀ ਕੋਈ ਵੱਖ਼ਰੀ ਹੋਂਦ
ਨਹੀਂ ਹੈ ਜੋ ਜੰਗਲ਼ਾਂ ਵਿੱਚ ਬੈਠੀ ਹੋਵੇਗੀ।
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗ ਜੀਵਨੁ ਦਾਤਾ ਪਾਇਆ ॥
ਗਿਆਨ ਤੇ ਵਿਚਾਰ ਤੋਂ ਹੀਣਾਂ, ਹਰ ਵੇਲੇ ਕਰਿਝਦਾ ਰਹਿੰਦਾ ਹੈ।
"ਗਿਆਨ ਵਿਹੂਣਾ ਕਥਿ ਕਥਿ ਲੂਝੈ" ॥