.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਆਉ ਧਰਮੀ ਬਣੀਐ

ਖਾਲਸੇ ਦਾ ਇਕੋ ਇੱਕ ਹਾਜ਼ਰਾ ਹਜ਼ੂਰ ਗੁਰੂ,

ਜਿਹਦੀ ਮਹਿਮਾ ਹੈ ਤਿੰਨਾਂ ਲੋਕਾਂ ਦੀ ਜ਼ਬਾਨ `ਤੇ।

ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ,

ਆਪ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਅਸਥਾਨ ਤੇ।

ਫੇਰ ਵੀ ਕਈ ਅੰਨ੍ਹੇ ਬੋਲ਼ੇ ਮੂਰਖਾਂ ਦੇ ਟੋਲੇ,

ਛੱਡ ਸ਼ਮਾਂ ਨੂੰ ਪਏ ਟੇਕਦੇ ਨੇ ਮੱਥੇ ਸ਼ਮਾਂਦਾਨ ਤੇ।

ਐਵੇਂ ਲੋਕੀਂ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ,

ਗੁਰੂ ਗ੍ਰੰਥ ਜੇਹਾ ਗੁਰੂ ਕਿਹੜਾ ਏ ਜਹਾਨ ਤੇ।

ਤਿੰਨ ਸੌ ਸਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਉ ਪਿਆਰ ਸਹਿਤ ਗੁਰੂ ਫਤਹ ਨਾਲ ਸਾਂਝ ਪਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ `ਤੇ ਮੇਰੇ ਬੋਲਣ ਦਾ ਵਿਸ਼ਾ ਹੈ-- ਆਉ ਅਸੀਂ ਧਰਮੀ ਬਣੀਏ ਤੇ ਇਸ ਲਈ ਅੱਜ ਇਸ ਵਿਚਾਰ ਨੂੰ ਸਮਝਣ ਲਈ ਜੋ ਮੈਂ ਸ਼ਬਦ ਲਿਆ ਹੈ ਉਹ ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਹੈ। ਇਸ ਸ਼ਬਦ ਰਾਂਹੀ ਅਸੀਂ ਇਹ ਦੇਖਣ ਦਾ ਯਤਨ ਕਰਾਂਗੇ, ਕੇ ਕੀ ਅਸੀਂ ਬਾਹਰੋਂ ਦਿਖਾਵੇ ਵਾਲਾ ਜੀਵਨ ਛੱਡ ਕੇ ਅੰਦਰੋਂ ਇੱਕ ਹੋ ਗਏ ਹਾਂ, ਕਿ ਜਾਂ ਐਵੇਂ ਅਸੀਂ ਸ਼ਤਾਬਦੀਆਂ `ਤੇ ਪੈਸੇ ਹੀ ਰੋੜ੍ਹ ਰਹੇ ਹਾਂ।

ਗੁਰੂ ਨਾਨਕ ਸਾਹਿਬ ਜੀ ਨੇ, ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿਚ, ਸਾਰੇ ਹੀ ਸੰਸਾਰ ਨੂੰ ਸੁਨੇਹਾਂ ਦੇਂਦਿਆਂ ਇਹ ਸਮਝਾਇਆ ਹੈ, ਕਿ ਐ ਮਨੁੱਖ ਤੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕਰ ਜੋ ਹਰ ਵੇਲੇ ਤੇਰਾ ਸਾਥ ਦੇਣ। ਮੰਨ ਲਓ ਕੋਈ ਵਿਦਿਆਰਥੀ ਉੱਚ ਵਿਦਿਆ ਪੜ੍ਹਨ ਲਈ ਘਰ ਤੋਂ ਦੂਰ ਗਿਆ ਹੈ, ਜੇ ਕਰ ਉਸ ਵਿਦਿਆਰਥੀ ਨੇ ਮਨ ਮਾਰ ਕੇ ਤਨ ਦੇਹੀ ਨਾਲ ਆਪਣੇ ਮਿਸ਼ਨ ਨੂੰ ਪੂਰਾ ਕੀਤਾ ਤਾਂ ਸਾਰੀ ਜ਼ਿੰਦਗੀ ਉਸ ਨੂੰ ਉਸ ਦੀ ਵਿਦਿਆ ਕੰਮ ਦੇਵੇਗੀ। ਜੇ ਉਸ ਨੇ ਮਿਹਨਤ ਨਹੀਂ ਕੀਤੀ ਤਾਂ ਸਾਰੀ ਜ਼ਿੰਦਗੀ ਸਵਾਏ ਪਛਤਾਵੇ ਦੇ ਉਸ ਕੋਲ ਹੋਰ ਕੁੱਝ ਵੀ ਨਹੀਂ ਹੈ। ਧਰਮ ਦੀ ਦੁਨੀਆਂ ਵਿੱਚ ਵੀ ਏਹੀ ਗੁਣ ਲਾਗੂ ਹੁੰਦਾ ਹੈ ਪਰ ਅਸੀਂ ਬਾਹਰੋਂ ਧਰਮੀ ਦਿਸਣਾ ਤਾਂ ਚਾਹੁੰਦੇ ਹਾਂ ਪਰ ਅੰਦਰੋਂ ਧਰਮੀ ਬਣਨ ਲਈ ਮਿਹਨਤ ਕਰਨ ਲਈ ਤਿਆਰ ਨਹੀਂ ਹੁੰਦੇ। ਚੰਗੇ ਗੁਣਾਂ ਦੀ ਗੱਲ ਕਰਦਿਆਂ ਰਹਾਉ ਦੀਆਂ ਤੁਕਾਂ ਵਿੱਚ ਸਪੱਸ਼ਟ ਵਿਚਾਰ ਹੈ ---

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ=॥

ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥ 1॥ ਰਹਾਉ॥

ਗੁਰੂ ਸਾਹਿਬ ਜੀ ਪਹਿਲੀ ਮਿਸਾਲ ਦੇਂਦਿਆਂ ਦੱਸ ਰਹੇ ਹਨ ਕਿ ਜਿਸ ਤਰ੍ਹਾਂ ਕਹੇਂ ਦਾ ਬਰਤਨ ਦੇਖਣ ਨੂੰ ਬਹੁਤ ਹੀ ਲਿਸ਼ਕਦਾ ਹੈ ਪਰ ਮਾਂਜਣ ਨਾਲ ਉਸ ਵਿਚੋਂ ਕਾਲਖ ਹੀ ਕਾਲਖ ਨਿਕਲਦੀ ਹੈ। ਕੁੱਝ ਏਸੇ ਤਰ੍ਹਾਂ ਹੀ ਅੱਜ ਦੇ ਤੇਜ਼ ਤਰਾਰ ਜ਼ਮਾਨੇ ਵਿੱਚ ਮਨੁੱਖ ਹਮੇਸ਼ਾਂ ਆਪਣੇ ਸੁਭਾਅ ਦੇ ਬਹਰਲੇ ਤਲ਼ ਤੇ ਲਿਸ਼ਕਿਆ ਪੁਸ਼ਕਿਆ ਪਿਆ ਹੈ ਪਰ ਅੰਦਰ ਇਸ ਦੇ ਵਿਕਾਰਾਂ ਦੀ ਮੈਲ਼ ਭਰੀ ਪਈ ਹੈ। ਅਖੌਤੀ ਧਰਮੀ ਹੋਣ ਦਾ ਭਰਮ ਪਾਲਦਿਆਂ ਧਾਰਮਿਕ ਅਸਥਾਨ ਤੇ ਬੈਠਾ ਹੀ ਈਰਖਾ ਨਿੰਦਿਆ ਦੇ ਭਾਂਬੜ ਬਾਲ ਕੇ ਅੰਦਰਲੀ ਕਾਲਖ ਨੂੰ ਬਾਹਰ ਕੱਢ ਰਿਹਾ ਹੁੰਦਾ ਹੈ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਕੇ ਸ਼ਾਇਦ ਇਹ ਸਮਝ ਲਿਆ ਹੈ ਕਿ ਸਾਡੀ ਜੂਠ ਉੱਤਰ ਜਾਏਗੀ --- ਨਹੀਂ ਕਾਲਖ ਬਰਕਰਾਰ ਹੈ ਕਿਉਂਕਿ ਸ਼ਬਦ ਵਿਚਾਰ ਨਹੀਂ ਹੈ --

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥

ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥ 1॥

ਤਿੰਨ ਸੌ ਸਾਲਾ ਸ਼ਤਾਬਦੀ ਮਨਾਉਂਦਿਆਂ ਹੋਇਆਂ ਗਰੂ ਸਾਹਿਬ ਜੀ ਤੀਜਾ ਸੁਨੇਹਾਂ ਦੇਂਦਿਆਂ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਦੇਖਣ ਨੂੰ ਮਕਾਨ ਬਾਹਰੋਂ ਬਹੁਤ ਹੀ ਸੋਹਣੇ ਲੱਗਦੇ ਹਨ ਪਰ ਅੰਦਰੋਂ ਖਾਲੀ ਤੇ ਢੱਠੇ ਹੋਏ ਹਨ ਜੋ ਰਹਿਣ ਦੇ ਕਾਬਲ ਨਹੀਂ ਹਨ। ਕੁੱਝ ਏਸੇ ਤਰ੍ਹਾਂ ਹੀ ਮਨੁੱਖੀ ਸੁਭਾਅ ਬਾਹਰੋਂ ਤੇ ਬੜਾ ਚੰਗਾ ਲੱਗਦਾ ਹੈ ਪਰ ਅੰਦਰਲਾ ਸੁਭਾ ਕ੍ਰੋਧ ਨਾਲ ਮੱਘ੍ਹਿਆ ਪਿਆ ਹੈ ---

ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥

ਢਠੀਆ ਕੰਮਿ ਨ ਆਵਨੀ= ਵਿਚਹੁ ਸਖਣੀਆਹਾ॥

ਸਾਡੇ ਵਲੋਂ ਧਰਮ ਦੇ ਨਾਂ `ਤੇ ਮਨਾਈਆਂ ਜਾਂਦੀਆਂ ਸ਼ਤਾਬਦੀਆਂ, ਕੀਰਤਨ ਦਰਬਾਰਾਂ ਦੀਆਂ ਭੀੜਾਂ, ਪਾਠਾਂ ਦੀਆਂ ਲੜੀਆਂ ਦੇ ਢੰਗ ਤਰਕਿਆਂ ਨੂੰ ਨਾ ਪਸੰਦ ਕਰਦਿਆਂ ਸਪੱਸ਼ਟ ਫਰਮਾਣ ਹੈ ਕਿ ਐ ਮਨੁੱਖ ਕਿਤੇ ਤੇਰੀ ਵੀ ਧਰਮ ਦੇ ਨਾਂ `ਤੇ ਭੱਜ ਦੌੜ ਉਸ ਬਗਲੇ ਵਰਗੀ ਤਾਂ ਹੁੰਦੀ ਜਾ ਰਹੀ ਜੋ ਹਮੇਸ਼ਾਂ ਹੀ ਆਪਣੇ ਸ਼ਿਕਾਰ ਦੀ ਭਾਲ ਵਿੱਚ ਹੋਵੇ। ਅੱਜ ਧਾਰਮਿਕ ਅਸਥਾਨਾਂ ਵਲ ਨਿਗ੍ਹਾਹ ਮਾਰਦੇ ਹਾਂ ਤਾਂ ਅਜੇਹੀਆਂ ਬਿਰਤੀਆਂ ਦੇ ਥੋਕ ਰੂਪ ਵਿੱਚ ਦਰਸ਼ਨ ਹੋ ਜਾਂਦੇ ਹਨ ---

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ=॥

ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ=॥

ਸਿੰਮਲ ਰੱਖ ਦੀ ਉਦਾਰਹਣ ਦੇਂਦਿਆ ਕਿਹਾ ਹੈ ਕਿ ਇਹ ਦਰੱਖਤ ਬਹੁਤ ਉੱਚਾ ਹੈ ਪਰ ਇਸ ਦੇ ਨਾ ਤਾਂ ਫੁੱਲ ਕੰਮ ਆਉਂਦੇ ਹਨ ਤੇ ਨਾ ਹੀ ਇਸ ਦੀ ਛਾਂ ਕਿਸੇ ਕੰਮ ਦੀ ਹੈ। ਇਹਨਾਂ ਤੁਕਾਂ ਵਿੱਚ ਸਮਾਜ ਦੇ ਉਸ ਵਰਗ ਦੀ ਮਾਨਸਿਕ ਦਸ਼ਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜੋ ਆਪਣੇ ਆਪ ਨੂੰ ਧਰਮ, ਸਮਾਜ ਤੇ ਰਾਜਨੀਤੀ ਵਿੱਚ ਬਹੁਤ ਉੱਚੇ ਦਿਸਦੇ ਹੋਣ ਪਰ ਸਿਧਾਂਤਿਕ ਤੌਰ ਤੇ ਉਹ ਕਿਸੇ ਵੀ ਕੰਮ ਨਾ ਆ ਸਕਦੇ ਹੋਣ, ਅਜੇਹੇ ਗੁਣ–ਹੀਣ ਲੋਕਾਂ ਨੂੰ ਸਿੰਮਲ ਦੇ ਦਰਖੱਤ ਦਾ ਨਾਂ ਦੇਣਾ ਚਾਹੀਦਾ ਹੈ –

ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ=॥

ਸੇ ਫਲ ਕੰਮਿ ਨ ਆਵਨੀ= ਤੇ ਗੁਣ ਮੈ ਤਨਿ ਹੰਨਿ=॥

ਜਿਸ ਮਨੁੱਖ ਦੀਆਂ ਦੋ ਅੱਖਾਂ ਨਾ ਹੋਣ ਤੇ ਉਸ ਨੇ ਸਿਰ `ਤੇ ਭਾਰ ਚੁੱਕਿਆ ਹੋਵੇ ਫਿਰ ਪਹਾੜੀ ਰਸਤੇ `ਤੇ ਤੁਰਿਆ ਜਾ ਰਿਹਾ ਹੋਵੇ ਕੁਦਰਤੀ ਗੱਲ ਹੈ ਕਿ ਅਜੇਹਾ ਮਨੁੱਖ ਪਹਾੜੀਆਂ ਦੀਆਂ ਖੱਡਾਂ ਵਿੱਚ ਜ਼ਰੂਰ ਡਿੱਗੇਗਾ। ਅਸਲ ਵਿੱਚ ਇਹ ਗੱਲ ਸਾਡੇ ਆਤਮਿਕ ਜੀਵਨ ਦੀ ਹੈ, ਅਸੀਂ ਵੱਖ ਵੱਖ ਕਰਮ-ਕਾਂਡਾਂ ਤੇ ਵਿਕਾਰਾਂ ਦਾ ਅਥਾਹ ਭਾਰ ਚੁੱਕਿਆ ਹੋਇਆ ਹੈ ਕੀ ਇੰਜ ਸਾਡਾ ਜੀਵਨ ਜਾਂ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ? ਅਸੀਂ ਇਹ ਸਮਝ ਲਿਆ ਹੈ ਕਿ ਤੀਰਥਾਂ `ਤੇ ਇਸ਼ਨਾਨ ਕਰਨ ਨਾਲ ਸਾਨੂੰ ਸਵਰਗ ਦੀ ਸੀਟ ਮਿਲ ਜਾਏਗੀ ਅਜੇਹੇ ਪਹਾੜੀ ਰਸਤੇ `ਤੇ ਤੁਰਨ ਵਾਲੇ ਨੂੰ ਸੁਚੇਤ ਕਰਦਿਆਂ ਕਿਹਾ ਹੈ ----

ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥

ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥

ਮਨੁੱਖ ਦੀ ਜ਼ਿੰਦਗੀ ਪਹਾੜੀ ਰਸਤੇ ਵਾਂਗ ਹੈ ਪਰ ਇਸ `ਤੇ ਤੁਰਨ ਲਈ ਆਪਣੀਆਂ ਚਲਾਕੀਆਂ, ਫੋਕੀਆਂ ਖ਼ੁਸ਼ਾਮਦਾਂ ਤੇ ਲੋਕ ਵਿਖਾਵੇ ਦੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਣੀਆਂ। ਮਨੁੱਖ ਧਰਮੀ ਹੋਣ ਦਾ ਨਾਟਕ ਕਰਦਿਆਂ ਆਪਣੀ ਖ਼ੁਸ਼ਾਮਦ ਕਰਾਉਣੀ ਚਾਹੁੰਦਾ ਹੈ ਤੇ ਏਸੇ ਨੂੰ ਉਹ ਆਪਣੀ ਵਡਿਆਈ ਸਮਝੀ ਬੈਠਾ ਹੈ ----

ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥

ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ॥

ਗੁਰੂ ਪਿਆਰੇ ਖਾਲਸਾ ਜੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ ਪਰ ਕੀ ਅਸੀਂ ਖਾਲਸਾ ਪੰਥ ਵਿੱਚ ਆਏ ਨਿਗ੍ਹਾਰ ਵਲ ਵੀ ਕਦੇ ਨਜ਼ਰ ਮਾਰਨ ਦਾ ਯਤਨ ਕਰਾਂਗੇ? ਜਿੰਨਾ ਧਰਮ ਦੇ ਨਾਂ `ਤੇ ਬੋਲ ਬਾਲਾ ਹੋ ਰਿਹਾ ਹੈ ਉਹਨੀਆਂ ਵੱਧ ਸਾਡੇ ਵਿੱਚ ਮਾਨਸਿਕ ਕੰਮਜ਼ੋਰੀਆਂ ਆ ਗਈਆਂ ਹਨ। ਈਰਖਾ, ਨਫਰਤ, ਨਿੰਦਿਆ ਤੇ ਲੋਕ ਦਿਖਾਵੇ ਵਾਲਾ ਜੀਵਨ ਸਾਡਾ ਹੋ ਗਿਆ ਹੈ ਅੱਜ ਸਾਨੂੰ ਲੋੜ ਸ਼ਬਦ ਗੁਰੂ ਦੀ ਵਿਚਾਰ-ਧਾਰਾ ਨੂੰ ਸਮਝਣ ਦੀ ਹੈ। ਸਿੱਖਾ ਤੈਨੂੰ ਇੱਕ ਵੰਗਾਰ ਈ ---

ਗ਼ਰ ਇਸ਼ਕ ਕਰਤਾ ਹੈ, ਤੋ ਇਸ਼ਕ ਕੀ ਤੋਹੀਨ ਨਾ ਕਰ,

ਯਾ ਤੋ ਬੇਹੋਸ਼ ਨਾ ਹੋ, ਹੋ ਤੋ ਫਿਰ ਹੋਸ਼ ਮੇਂ ਨਾ ਆ।




.